ਕੈਟੇਗਰੀ

ਤੁਹਾਡੀ ਰਾਇ



ਨਿਰਮਲ ਸਿੰਘ ਕੰਧਾਲਵੀ
ਵਾਹ ਜੀ ਵਾਹ! ਸਵੱਛ ਭਾਰਤ ਅਭਿਆਨ
ਵਾਹ ਜੀ ਵਾਹ! ਸਵੱਛ ਭਾਰਤ ਅਭਿਆਨ
Page Visitors: 2666

ਵਾਹ ਜੀ ਵਾਹ! ਸਵੱਛ ਭਾਰਤ ਅਭਿਆਨ
ਬੱਲੇ ਬੱਲੇ ਬਈ ਕਮਾਲ ਹੋ ਗਈ ਕਦੇ ਕੇਜਰੀਵਾਲ ਦੀ ਚੜ੍ਹਤ ਵੇਲੇ ਝਾੜੂ ਦੀ ਇਤਨੀ ਕਦਰ ਹੋਈ ਸੀ ਤੇ ਹੁਣ ਮੋਦੀ ਜੀ ਨੇ ਝਾੜੂ ਨੂੰ ਤਖ਼ਤ `ਤੇ ਬਿਠਾ ਦਿੱਤਾ ਹੈ। ਕਈ ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੇਜਰੀਵਾਲ ਦੇ ਹੱਥੋਂ ਝਾੜੂ ਖੋਹਣ ਲਈ ਹੀ ਸਾਰਾ ਕੁੱਝ ਕੀਤਾ ਹੈ। ਕੇਜਰੀਵਾਲ ਨੇ ਵੀ ਇਸ `ਤੇ ਟਿੱਪਣੀ ਕਰਦਿਆਂ ਮੋਦੀ ਜੀ ਨੂੰ ਸਲਾਹ ਦਿਤੀ ਹੈ ਕਿ ਕੂੜੇ ਕਰਕਟ ਦੀ ਸਫ਼ਾਈ ਦੇ ਨਾਲ਼ ਨਾਲ਼ ਉਹ ਭ੍ਰਿਸ਼ਟਾਚਾਰ, ਕੁਨਬਾਪਰਵਰੀ, ਜਮ੍ਹਾਂਖੋਰੀ ਅਤੇ ਸਮਾਜ ਵਿੱਚ ਫ਼ੈਲੇ ਹੋਰ ਕੋਹੜਾਂ ਦੀ ਸਫ਼ਾਈ ਵਲ ਵੀ ਧਿਆਨ ਦੇਣ। ਚਲੋ ਮੋਦੀ ਜੀ ਨੇ ਕਿਤਿਉਂ ਤਾਂ ਸ਼ੁਰੂ ਕੀਤਾ। ਮੀਡੀਆ `ਚ ਜਿੱਧਰ ਨਜ਼ਰ ਮਾਰੋ ਵੱਡੇ ਵੱਡੇ ਅਫ਼ਸਰ, ਸਿਆਸਤਦਾਨ, ਅਧਿਆਪਕ, ਪੁਲਿਸ ਅਫ਼ਸਰ ਗੱਲ ਕੀ ਹਰ ਕੋਈ ਹੱਥ ਵਿੱਚ ਝਾੜੂ ਫੜ ਕੇ ਸਫ਼ਾਈ ਕਰਨ ਦਾ ਦਾਅਵਾ ਕਰ ਰਿਹਾ ਹੈ। ਹਰ ਕੋਈ ਬੇਕਰਾਰ ਹੈ ਕਿ ਉਹਦੀ ਫੋਟੋ ਅਖ਼ਬਾਰ ਦਾ ਸ਼ਿੰਗਾਰ ਬਣੇ ਤੇ ਜੇ ਕਿਧਰੇ ਟੀ. ਵੀ. `ਤੇ ਆ ਜਾਵੇ ਤਾਂ ਬਹਿਜਾ ਬਹਿਜਾ ਹੋ ਜਾਵੇ। ਦਸਿਆ ਜਾਂਦਾ ਹੈ ਕਿ ਵੀਹ ਪੱਚੀ ਰੁਪਏ ਵਾਲ਼ਾ ਝਾੜੂ ਸੌ ਰੁਪਏ ਦਾ ਬਲੈਕ `ਚ ਵਿਕ ਰਿਹੈ।
ਕਦੇ ਸੋਚਿਆ ਸੀ ਕਿਸੇ ਨੇ ਕਿ ਕਦੇ ਭਾਰਤ ਵਿੱਚ ਝਾੜੂ ਵੀ ਬਲੈਕ `ਚ ਵਿਕੇਗਾ। ਜੈ ਮੋਦੀ ਮਹਾਰਾਜ ਜੀ ਦੀ। ਕਮ-ਅਜ਼-ਕਮ ਝਾੜੂ ਵੇਚਣ ਵਾਲਆਂ ਦੇ ਤਾਂ ‘ਅੱਛੇ ਦਿਨ’ ਆਏ। ਪਹਿਲਾਂ ਟਮਾਟਰ ਅਤੇ ਪਿਆਜ਼ ਦੇ ਵਿਉਪਾਰੀਆਂ ਦੇ ਆ ਚੁੱਕੇ ਐ। ਅਦਾਨੀਆਂ, ਅੰਬਾਨੀਆਂ ਦੇ ਤਾਂ ਚੋਣਾਂ ਦੇ ਨਤੀਜੇ ਤੋਂ ਝੱਟ ਮਗਰੋਂ ਹੀ ਅੱਛੇ ਦਿਨ ਆ ਗਏ ਸਨ ਜਦ ਸ਼ੇਅਰ ਬਾਜ਼ਾਰ `ਚ ਜਵਾਰ-ਭਾਟੇ ਵਰਗਾ ਉਛਾਲ ਲਿਆਂਦਾ ਗਿਆ ਸੀ ਤੇ ਉਹਨਾਂ ਨੇ ਮੋਟੀ ਮੋਟੀ ਮਲ਼ਾਈ ਉੱਪਰੋਂ ਲਾਹ ਲਈ ਸੀ। ਲੋਕ ਬੜੇ ਕਾਹਲੇ ਪੈ ਜਾਂਦੇ ਐ, ਬਈ ਆਪਣੀ ਵਾਰੀ ਦੀ ਉਡੀਕ ਕਰਨੀ ਸਿੱਖੋ। ਤੁਹਾਡੀ ਵਾਰੀ ਵੀ ਆਊਗੀ ਅੱਛੇ ਦਿਨਾਂ ਦੀ। ਸੁਣਿਆਂ ਨਹੀਂ ਤੁਸੀਂ ਕਿ ਸਬਰ ਦਾ ਫ਼ਲ ਮਿੱਠਾ ਹੁੰਦੈ। ਨਾਲ਼ੇ ਬਈ ਜਦੋਂ ਸਵੱਛ ਭਾਰਤ ਅਭਿਆਨ ਦਾ ਹੋਕਾ ਖ਼ੁਦ ਪ੍ਰਧਾਨ ਮੰਤਰੀ ਨੇ ਦਿਤਾ ਹੋਵੇ ਤੇ ਉਹ ਖ਼ੁਦ ਵੀ ਝਾੜੂ ਲਗਾ ਰਿਹਾ ਹੋਵੇ ਤਾਂ ਦੇਸ਼ ਦੇ ਬਾਕੀ ਲੋਕ ਖ਼ਾਸ ਕਰ ਸਿਆਸਤਦਾਨ ਅਤੇ ਸਰਕਾਰੀ ਅਮਲਾ-ਫ਼ੈਲਾ ਕਿਵੇਂ ਪਿੱਛੇ ਰਹੇ? ਹਾਥੀ ਕੇ ਪਾਓਂ ਮੇਂ ਸਭ ਕਾ ਪਾਓਂ। ਬੀਰਬਲ ਤੇ ਅਕਬਰ ਵਾਲ਼ੀ ਕਹਾਣੀ ਯਾਦ ਐ ਨਾ ਜਦੋਂ ਬੀਰਬਲ ਕਹਿੰਦੈ ਕਿ ਜਹਾਂ ਪਨਾਹ ਮੈਂ ਨੌਕਰ ਆਪ ਜੀ ਦਾ ਹਾਂ ਵਤਾਊਆਂ ਦਾ ਨਹੀਂ। ਸੋ ਇਹ ਹੁਕਮ ਦੇਸ਼ ਦੀ ਸਭ ਤੋਂ ਤਾਕਤਵਰ ਕੁਰਸੀ ਵਲੋਂ ਆਇਆ ਹੈ ਜੀ ਇਸ ਦੀ ਹੁਕਮ ਅਦੂਲੀ ਤੌਬਾ ਤੌਬਾ! ਵੈਸੇ ਵੀ ਝੋਲ਼ੀ ਚੁੱਕਣ ਦਾ ਜਿਤਨਾ ਰਿਵਾਜ਼ ਭਾਰਤ ਵਿੱਚ ਹੈ ਮੇਰੇ ਖ਼ਿਆਲ `ਚ ਹੋਰ ਕਿਧਰੇ ਨਹੀਂ। ਚਮਚੇ ਤਾਂ ਸਿਆਸਤਦਾਨਾਂ ਅਤੇ ਅਫ਼ਸਰਾਂ ਦੇ ਜੁੱਤਿਆਂ ਦੇ ਤਸਮੇਂ ਬੰਨ੍ਹਣ ਖੋਲ੍ਹਣ ਤੱਕ ਜਾਂਦੇ ਹਨ। ਖ਼ੈਰ, ਪ੍ਰਧਾਨ ਮੰਤਰੀ ਨੇ ਇਹ ਸਫ਼ਾਈ ਮੁਹਿੰਮ ਚਲਾ ਕੇ ਨੇਕ ਕਾਰਜ ਹੀ ਕੀਤਾ ਹੈ। ਪੱਛਮੀ ਦੇਸ਼ਾਂ ਦੇ ਲੋਕ ਜਦੋਂ ਭਾਰਤ ਵਿੱਚ ਘੁੰਮਣ ਫਿਰਨ ਲਈ ਜਾਂਦੇ ਹਨ ਤਾਂ ਹੋਰ ਸ਼ਿਕਾਇਤਾਂ ਦੇ ਨਾਲ਼ ਨਾਲ਼ ਸਾਫ਼-ਸਫ਼ਾਈ ਦੀ ਕਮੀ ਬਾਰੇ ਵੀ ਜ਼ਿਕਰ ਕਰਦੇ ਹਨ। ਮੋਦੀ ਜੀ ਦੀ ਕੂੜੇ ਕਰਕਟ ਦੀ ਸਫ਼ਾਈ ਦੇ ਨਾਲ਼ ਨਾਲ਼ ਕੁੱਝ ਵਿਚਾਰਵਾਨਾਂ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਉਹਨਾਂ ਸਿਆਸਤਦਾਨਾਂ ਦੇ ਸਿਰਾਂ ਨੂੰ ਵੀ ਸਾਫ਼ ਕਰਨ ਲਈ ਕਿਹਾ ਹੈ ਜਿਹੜੇ ਭਾਰਤ ਦੀਆਂ ਘੱਟ ਗਿਣਤੀਆਂ ਪ੍ਰਤੀ ਰੋਜ਼ ਹੀ ਅਟਪਟੇ ਬਿਆਨ ਦਿੰਦੇ ਰਹਿੰਦੇ ਹਨ ਵਿਸ਼ੇਸ਼ ਕਰ ਕੇ ਸੰਸਦ ਵਿੱਚ ਬੈਠੇ ਕੁੱਝ ਭਗਵਾਂਧਾਰੀ। ਕੀ ਮੋਦੀ ਸਾਹਿਬ ਇਹਨਾਂ ਭੱਦਰਪੁਰਸ਼ਾਂ ਦੇ ਮਨਾਂ `ਚੋਂ ਵੀ ਕੂੜਾ ਕਰਕਟ ਸਾਫ਼ ਕਰਨ ਦੀ ਹਿੰਮਤ ਕਰਨਗੇ?
ਬਾਹਰਲੀ ਸਫ਼ਾਈ ਦੀ ਗੱਲ ਕਰਦਿਆਂ ਆਉ ਵਿਚਾਰ ਕਰੀਏ ਕਿ ਕੀ ਹੱਥਾਂ ਵਿੱਚ ਝਾੜੂ ਫੜ ਕੇ ਫੋਟੋਆਂ ਖਿਚਵਾਉਣ ਵਾਲ਼ੇ ਲੋਕ ਇਸ ਮੁਹਿੰਮ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਗੇ? ਇਹੋ ਜਿਹੀਆਂ ਗੱਲਾਂ ਕੌਮੀ ਕਿਰਦਾਰ ਦਾ ਹਿੱਸਾ ਹੁੰਦੀਆਂ ਹਨ। ਸਕੂਲ `ਚ ਪੜ੍ਹਦਿਆਂ ਇੱਕ ਕਹਾਣੀ ਬਹੁਤ ਵਾਰੀ ਸੁਣਦੇ ਹੁੰਦੇ ਸਾਂ ਕਿ ਕਿਸੇ ਪੱਛਮੀ ਦੇਸ਼ ਦਾ ਪ੍ਰਧਾਨ ਮੰਤਰੀ ਕਾਰ ਵਿੱਚ ਜਾ ਰਿਹਾ ਸੀ। ਰਾਹ ਵਿੱਚ ਉਸਨੇ ਕਾਗਜ਼ ਦਾ ਟੁਕੜਾ ਪਿਆ ਦੇਖਿਆ। ਉਸਨੇ ਕਾਰ ਖੜ੍ਹੀ ਕਰ ਕੇ ਉਹ ਕਾਗਜ਼ ਦਾ ਟੁਕੜਾ ਚੁੱਕਿਆ ਤੇ ਕੂੜਾਦਾਨ ਵਿੱਚ ਸੁੱਟਿਆ। ਭਾਰਤ ਵਿੱਚ ਸਭ ਤੋਂ ਹੇਠਲੇ ਦਰਜੇ ਦੇ ਅਫ਼ਸਰ, ਕਲਰਕ ਵੀ ਆਪ ਪਾਣੀ ਦਾ ਗਿਲਾਸ ਭਰ ਕੇ ਨਹੀਂ ਪੀਂਦੇ, ਸਫ਼ਾਈ ਉਹਨਾਂ ਕੀ ਕਰਨੀ ਹੈ। ਸਾਡਾ ਭਾਰਤੀਆਂ ਦਾ ਕੌਮੀ ਕਿਰਦਾਰ ਹੈ ਕਿ ਆਪਣੇ ਘਰ ਦਾ ਕੂੜਾ ਅਸੀਂ ਗੁਆਂਢੀ ਦੇ ਘਰ ਮੂਹਰੇ ਧੱਕ ਦਿੰਦੇ ਹਾਂ। ਪਿੰਡਾਂ ਤੇ ਸ਼ਹਿਰਾਂ ਵਿੱਚ ਗੁਆਂਢੀਆਂ ਦੀਆਂ ਲੜਾਈਆਂ ਕਈ ਵਾਰੀ ਇਸੇ ਕਾਰਨ ਹੀ ਹੁੰਦੀਆਂ ਹਨ। ਕੇਲਾ ਖਾ ਕੇ ਛਿੱਲੜ ਰਾਹ ਵਿੱਚ ਸੁੱਟਦੇ ਹਾਂ। ਬੱਸਾਂ ਗੱਡੀਆਂ ਵਿੱਚ ਤੁਹਾਨੂੰ ਕੂੜਾ ਹੀ ਕੂੜਾ ਨਜ਼ਰ ਆਏਗਾ। ਸ਼ੁਰੂ ਤੋਂ ਹੀ ਬੱਚਿਆਂ ਵਿੱਚ ਸਾਫ਼-ਸਫ਼ਾਈ ਦੀ ਭਾਵਨਾ ਪੈਦਾ ਕਰ ਕੇ ਕੌਮੀ ਕਿਰਦਾਰ ਦੀ ਉਸਾਰੀ ਕੀਤੀ ਜਾ ਸਕਦੀ ਹੈ। ਉਹਨਾਂ ਦੇ ਆਲ਼ੇ ਦੁਆਲੇ ਇਹੋ ਜਿਹੇ ਰੋਲ ਮਾਡਲ ਹੋਣ ਫੇਰ ਹੀ ਉਹ ਇਸ ਕਿਰਦਾਰ ਦੇ ਧਾਰਨੀ ਬਣਨਗੇ। ਜੋ ਕੁੱਝ ਮਾਪੇ ਅਤੇ ਅਧਿਆਪਕ ਕਰਨਗੇ ਬੱਚਿਆਂ ਨੇ ਉਹੀ ਕੁੱਝ ਸਿੱਖਣਾ ਹੈ।
ਬੜੇ ਸਾਲ ਹੋਏ ਇੱਕ ਗੱਲ ਸੁਣੀ ਸੀ ਕਿ ਨਹਿਰੂ ਤੇ ਖ਼ਰੁਸ਼ਚੋਵ ਭਾਰਤ ਵਿੱਚ ਕਿਧਰੇ ਰੇਲ ਦਾ ਸਫ਼ਰ ਕਰ ਰਹੇ ਸਨ। ਸਵੇਰੇ ਸੂਰਜ ਦੇ ਚੜ੍ਹਾਅ ਨਾਲ ਖ਼ਰੁਸ਼ਚੋਵ ਨੇ ਸੂਰਜ ਦੇ ਦਰਸ਼ਨ ਕਰਨ ਲਈ ਜਦ ਖਿੜਕੀ ਖੋਲ੍ਹੀ ਤਾਂ ਰੇਲਵੇ ਲਾਈਨ ਦੇ ਨਾਲ਼ ਨਾਲ਼ ਦਾ ‘ਨਜ਼ਾਰਾ’ ਵੇਖ ਕੇ ਉਸ ਨੇ ਨਹਿਰੂ ਨੂੰ ਮਿਹਣਾ ਮਾਰਿਆ ਕਿ ਭਾਰਤ ਅਜੇ ਤੱਕ ਆਪਣੇ ਲੋਕਾਂ ਦੇ ਜੰਗਲ-ਪਾਣੀ ਜਾਣ ਦਾ ਇੰਤਜ਼ਾਮ ਵੀ ਨਹੀਂ ਕਰ ਸਕਿਆ। ਨਹਿਰੂ ਕੱਚਾ ਜਿਹਾ ਹੋ ਕੇ ਕਹਿਣ ਲੱਗਾ ਕਿ ਗੋਰੇ ਸਭ ਕੁੱਝ ਲੁੱਟ ਕੇ ਲੈ ਗਏ ਹਨ, ਹੁਣ ਹੌਲ਼ੀ ਹੌਲ਼ੀ ਸਭ ਠੀਕ ਕਰ ਦਿਆਂਗੇ ਜਿਵੇਂ ਅੱਜ ਕਲ ਬਾਦਲ ਕਹਿ ਰਹੇ ਹਨ ਕਿ ਮਨਮੋਹਨ ਸਿੰਘ ਦੀ ਯੂ. ਪੀ. ਏ. ਸਰਕਾਰ ਸਾਰਾ ਖ਼ਜ਼ਾਨਾ ਖ਼ਾਲੀ ਕਰ ਗਈ ਹੈ ਹਾਲਾਂ ਕਿ ਨਾ ਮੋਦੀ ਨੇ ਅਤੇ ਨਾ ਹੀ ਕੇਂਦਰ ਦੇ ਕਿਸੇ ਵਜ਼ੀਰ ਨੇ ਇਹ ਗੱਲ ਆਖੀ ਹੈ। ਬਾਦਲ ਇੰਜ ਕਹਿ ਰਹੇ ਹਨ ਜਿਵੇਂ ਕੇਂਦਰ ਦੇ ਖ਼ਜ਼ਾਨੇ ਦੀਆਂ ਚਾਬੀਆਂ ਇਹਨਾਂ ਦੇ ਕੋਲ਼ ਹੋਣ। ਸ਼ਾਇਦ ਜੇਤਲੀ ਵਲੋਂ ਪੈਸਿਆਂ ਨੂੰ ਠੁੱਠ ਵਿਖਾਏ ਜਾਣ ਤੋਂ ਬਾਅਦ ਆਪਣੀ ਨਾਕਾਮੀ ਨੂੰ ਇੰਜ ਕਹਿ ਕੇ ਲੁਕੋ ਰਹੇ ਹਨ।
ਚਲੋ ਖੈਰ! ਆਪਾਂ ਕਹਾਣੀ ਅੱਗੇ ਤੋਰੀਏ। ਕੁੱਝ ਸਾਲਾਂ ਬਾਅਦ ਨਹਿਰੂ ਰੂਸ ਦੇ ਦੌਰੇ `ਤੇ ਗਿਆ। ਇੱਕ ਦਿਨ ਨਹਿਰੂ ਤੇ ਖ਼ਰੁਸ਼ਚੋਵ ਕਾਰ ਵਿੱਚ ਕਿਧਰੇ ਜਾ ਰਹੇ ਸਨ ਕਿ ਨਹਿਰੂ ਦੀ ਨਿਗਾਹ ਖੇਤ ਵਿੱਚ ਬੈਠੇ ਬੰਦੇ `ਤੇ ਪਈ। ਨਹਿਰੂ ਨੂੰ ਮੌਕਾ ਮਿਲ ਗਿਆ ਬਦਲਾ ਲੈਣ ਦਾ, ਉਹਨੇ ਮਿਹਣਾ ਮਾਰਿਆ ਕੇ ਦੇਖ ਤੇਰੇ ਦੇਸ਼ ਵਿੱਚ ਵੀ ਤਾਂ ਲੋਕ ਖੇਤਾਂ `ਚ ਜੰਗਲ-ਪਾਣੀ ਬੈਠਦੇ ਹਨ। ਖ਼ਰੁਸ਼ਚੋਵ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਉਹ ਖੇਤ ਵਿੱਚ ਜੰਗਲ-ਪਾਣੀ ਬੈਠੇ ਬੰਦੇ ਦੇ ਗੋਲ਼ੀ ਮਾਰ ਕੇ ਆਵੇ। ਡਰਾਈਵਰ ਬਿਨਾਂ ਗੋਲ਼ੀ ਮਾਰਿਆਂ ਹੀ ਮੁੜ ਆਇਆ। ਖ਼ਰੁਸ਼ਚੋਵ ਨੇ ਪੁੱਛਿਆ ਤਾਂ ਕਹਿਣ ਲੱਗਾ “ਸਰ! ਗੋਲ਼ੀ ਮਾਰਿਆਂ ਆਪਣੇ ਡਿਪਲੋਮੈਟਿਕ ਸਬੰਧ ਖ਼ਰਾਬ ਹੋ ਜਾਣੇ ਆਂ” ਖ਼ਰੁਸ਼ਚੋਵ ਪੁੱਛਦੈ ਕਿ ਕੀ ਮਤਲਬ। ਡਰਾਈਵਰ ਕਹਿੰਦਾ, “ਸਰ! ਉਹ ਇੰਡੀਅਨ ਡਿਪਲੋਮੈਟ ਜੰਗਲ-ਪਾਣੀ ਬੈਠਾ ਸੀ”
ਇੱਥੇ ਪੱਛਮੀ ਦੇਸ਼ਾਂ ਵਿੱਚ ਵੀ ਜਿੱਥੇ ਜਿੱਥੇ ਦੇਸੀ ਵਸੋਂ ਜ਼ਿਆਦਾ ਵਸਦੀ ਐ ਉੱਥੇ ਦੇਖ ਲਉ ਸਾਫ਼-ਸਫ਼ਾਈ ਦਾ ਕੀ ਹਾਲ ਹੈ ਕਿਉਂਕਿ ਲੋਕ ਆਪਣੇ ਨਾਲ਼ ਹੀ ਉੱਥੋਂ ਦਾ ਕਿਰਦਾਰ ਲੈ ਕੇ ਆਏ ਹਨ। ਅੰਗਰੇਜ਼ੀ ਦੀ ਕਹਾਵਤ ਦੇ ਮੁਤਾਬਿਕ ਸਫ਼ਾਈ ਦਾ ਦਰਜਾ ਰੱਬ ਤੋਂ ਦੂਜੇ ਥਾਂ `ਤੇ ਹੈ। ਦੇਖਿਆ ਗਿਆ ਹੈ ਕਿ ਭਾਰਤ ਵਿੱਚ ਸਫ਼ਾਈ ਨਾਲੋਂ ਸੁੱਚ-ਭਿੱਟ ਨੂੰ ਵਧੇਰੇ ਮਹੱਤਤਾ ਦਿਤੀ ਜਾਂਦੀ ਹੈ। ਸਾਫ਼-ਸਫ਼ਾਈ ਦਾ ਚਿੱਪ ਭਾਰਤੀਆਂ ਨੂੰ ਪੱਕੇ ਤੌਰ `ਤੇ ਆਪਣੇ ਦਿਮਾਗ਼ ਦੇ ਕੰਪਿਊਟਰ `ਚ ਫਿੱਟ ਕਰਵਾਉਣਾ ਪਵੇਗਾ। ਰੇਲਵੇ ਸਟੇਸ਼ਨਾਂ, ਬਸ ਅੱਡਿਆਂ ਅਤੇ ਹੋਰ ਜੰਨਤਕ ਥਾਵਾਂ `ਤੇ ਕੂੜੇ ਵਾਲ਼ੇ ਡਰੰਮ ਰੱਖੇ ਹੋਣ ਦੇ ਬਾਵਜੂਦ ਵੀ ਲੋਕ ਉਹਨਾਂ ਵਿੱਚ ਕੂੜਾ ਨਹੀਂ ਪਾਉਂਦੇ। ਕੂੜੇ ਵਾਲ਼ੇ ਡਰੰਮ ਤੋਂ ਮੈਨੂੰ ਦਿੱਲੀ ਦਾ ਇੱਕ ਬੜਾ ਦਿਲਚਸਪ ਵਾਕਿਆ ਯਾਦ ਆ ਗਿਆ। ਦਿੱਲੀ ਮੈਟਰੋ ਅਤੇ ਮੈਟਰੋ ਦੇ ਸਟੇਸ਼ਨਾਂ ਦੀ ਸਾਫ਼-ਸਫ਼ਾਈ ਦੇਖ ਕੇ ਅਸੀਂ ਬੜੇ ਪ੍ਰਭਾਵਿਤ ਹੋਏ।
ਗੁਰਦੁਆਰਾ ਸੀਸ ਗੰਜ ਨੇੜਲੇ ਸਟੇਸ਼ਨ `ਤੇ ਉੱਤਰ ਕੇ ਜਦੋਂ ਬਾਹਰ ਨਿਕਲੇ ਤਾਂ ਸੜਕ ਕੰਢੇ ਬਣੇ ਮੰਦਰ `ਚ ਕਿਸੇ ਸ਼ਰਧਾਲੂ ਨੇ ਛੋਲੇ ਪੂੜੀਆਂ ਦਾ ਲੰਗਰ ਲਗਾਇਆ ਹੋਇਆ ਸੀ। ਲੋਕ ਖੜ੍ਹੇ ਖੜ੍ਹੇ ਹੀ ਛੋਲੇ ਪੂੜੀਆਂ ਦਾ ਆਨੰਦ ਲੈ ਰਹੇ ਸਨ। ਸਾਰੀ ਸੜਕ ਜੂਠੇ ਡੂਨਿਆਂ ਨਾਲ ਭਰੀ ਪਈ ਸੀ। ਬੜੀ ਮੁਸ਼ਕਿਲ ਨਾਲ ਪੈਰ ਬਚਾਅ ਬਚਾਅ ਕੇ ਲੰਘੇ ਤਾਂ ਆਟੋ ਰਿਕਸ਼ਾ ਵਾਲ਼ਾ ਇੱਕ ਸਰਦਾਰ ਸਵਾਰੀਆਂ ਦੇਖ ਕੇ ਪੁੱਛਣ ਲੱਗ ਪਿਆ ਕਿ ਅਸੀਂ ਕਿੱਥੇ ਜਾਣਾ ਸੀ। ਉਸ ਨੂੰ ਜਵਾਬ ਦੇਕੇ ਮੈਂ ਕਿਹਾ, “ਯਾਰ, ਜੇ ਲੰਗਰ ਲਗਾਉਣ ਵਾਲ਼ੇ ਇੱਕ ਦੋ ਖ਼ਾਲੀ ਡਰੰਮ ਵੀ ਏਥੇ ਰੱਖ ਦੇਣ ਤਾਂ ਏਨਾ ਗੰਦ ਤਾਂ ਨਾ ਪਵੇ”। ਆਟੋ ਰਿਕਸ਼ਾ ਵਾਲ਼ਾ ਬੋਲਿਆ, “ਤੇ ਸਰਦਾਰ ਜੀ ਤੁਸੀਂ ਕੀ ਸਮਝਦੇ ਹੋ ਲੋਕ ਫਿਰ ਜੂਠੇ ਡੂਨੇ ਡਰੰਮਾਂ `ਚ ਸੁੱਟਣਗੇ, ਕਦਾਚਿਤ ਨਹੀਂ। ਅਸੀਂ ਤਾਂ ਜਿੱਥੇ ਖਾਂਦੇ ਆਂ ਉੱਤੇ ਹੀ ਪੈਰਾਂ `ਚ ਡੂਨਾ ਸੁੱਟਣ ਦੇ ਆਦੀ ਆਂ, ਵਾਦੜੀਆਂ ਸਜਾਦੜੀਆਂ”
ਉਸ ਦੀ ਗੱਲ ਨੇ ਕੌਮੀ ਕਿਰਦਾਰ ਦੇ ਦਰਸ਼ਨ ਕਰਵਾ ਦਿਤੇ ਸਨ। ਜਿੱਥੇ ਝਾੜੂ ਫ਼ੜੀ ਵੱਡੇ ਵੱਡੇ ਬੰਦਿਆਂ ਦੀਆਂ ਤਸਵੀਰਾਂ ਨਾਲ਼ ਅਖ਼ਬਾਰਾਂ ਭਰੀਆਂ ਪਈਆਂ ਹਨ ਤੇ ਇਹਨਾਂ ‘ਸਫ਼ਾਈ’ ਕਰਨ ਵਾਲ਼ਿਆਂ ਦੇ ਸੋਹਿਲੇ ਗਾਏ ਜਾ ਰਹੇ ਹਨ ਉੱਥੇ ਕੁੱਝ ਸੱਜਣਾਂ ਨੇ ਇਹ ਖ਼ਦਸ਼ਾ ਵੀ ਪ੍ਰਗਟਾਇਆ ਹੈ ਕਿ ਇਹ ਅਭਿਆਨ ਡਰਾਮੇਬਾਜ਼ੀ ਤੋਂ ਵੱਧ ਕੁੱਝ ਪ੍ਰਾਪਤ ਨਹੀਂ ਕਰੇਗਾ। ਜੇ ਇਸ ਅਭਿਆਨ ਨੂੰ ਸਦੀਵੀ ਬਣਾਉਣਾ ਹੈ ਤਾਂ ਸਾਨੂੰ ਇਸ ਨੂੰ ਕੌਮੀ ਕਿਰਦਾਰ ਦਾ ਹਿੱਸਾ ਬਣਾ ਕੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਤਾਂ ਕਿ ਸਾਡੇ ਰੋਜ਼ਾਨਾ ਦੇ ਜੀਵਨ `ਚੋਂ ਇਸ ਦੀ ਝਲਕ ਮਿਲੇ।
ਨਿਰਮਲ ਸਿੰਘ ਕੰਧਾਲਵੀ

________________________________________

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.