ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
- * ਕੀਰਤਨ * -
- * ਕੀਰਤਨ * -
Page Visitors: 2639

 -  *  ਕੀਰਤਨ  *  -
 ਗੁਰੂ ਨਾਨਕ ਜੀ ਨੇ “ਸੋਦਰੁ ਰਾਗੁ ਆਸਾ ਮਹਲਾ 1” ਦਾ ਜੋ ਸਰੂਪ ਬਿਆਨ ਕੀਤਾ ਹੈ ਉਸ ਦੀ ਵਡਿਆਈ ਰਾਗ ਰਾਗਣੀਆਂ ਤੇ ਸਾਜ਼ ਸਾਜ਼ਿੰਦਿਆਂ ਤੋਂ ਸ਼ੁਰੂ ਕੀਤੀ ਹੈ ਕਿ ਹੇ ਅਕਾਲਪੁਰਖ !  ਉਹ ਦਰ ਤੇਰਾ ਕਿਹੋ ਜਿਹਾ ਹੈ, ਉਹ ਘਰ ਤੇਰਾ ਕਿਹੋ ਜਿਹਾ ਹੈ ਜਿਥੇ ਬੈਠ ਕੇ ਤੂੰ ਸਭ ਦੀ ਸੰਭਾਲ ਕਰਦਾ ਹੈਂ ਅਤੇ ਜਿਥੇ ਤੇਰੇ ਅਨੇਕਾਂ ਵਾਜੇ, ਅਨੇਕਾਂ ਨਾਦ ਤੇ ਕਿਤਨੇ ਹੀ ਤੇਰੇ ਵਜਾਉਣ ਵਾਲੇ ਹਨ। ਕਿੰਨੇ ਹੀ ਤੇਰੇ ਰਾਗ ਰਾਗਣੀਆਂ ਤੇ ਹੋਰ ਕਿੰਨੇ ਹੀ ਤੈਨੂੰ ਗਾਉਣ ਵਾਲੇ ਹਨ।
 ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥                                                 
 ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ॥                                                     
 ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ
॥---ਪੰਨਾ 8।
ਕੀਰਤਨ ਇੱਕ ਸਹੁਜ ਕਲਾ ਹੈ ਜੋ ਰਾਗਾਂ ਵਿਚ ਕੀਤਾ ਜਾਂਦਾ ਹੈ। ਰਾਗ ਵਿਚ ਗੁਰਬਾਣੀ ਦਾ ਸੁਰ ਤਾਲ ਨਾਲ ਕੀਤਾ ਅਲਾਪ ਅੰਦਰ ਦੀ ਤ੍ਰਿਸ਼ਨਾ ਬੁਝਾਂਦਾ ਹੈ ਅਤੇ ਸ਼ਾਂਤੀ ਬਖ਼ਸ਼ਦਾ ਹੈ।
“ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥”--ਪੰਨਾ 958।
ਗੁਰਬਾਣੀ (ਪ੍ਰਭੂ ਦੀ ਸਿਫ਼ਤਿ ਸਾਲਾਹ) ਜਦ ਰਾਗ ਵਿਚ ਗਾਈ ਜਾਂਦੀ ਹੈ ਤਾਂ ਇਹ ਕੀਰਤਨ ਕਹਿਲਾਂਦਾ ਹੈ।
ਕੀਰਤਨ ਕਿਸ ਦਾ ਕਰਨਾ ਹੈ ?
 ਕੀਰਤਨ ਸਿਰਜਨਹਾਰ (ਜੋ ਬੇਅੰਤ ਹੈ ਤੇ  ਜਿਸਦੀ ਕੀਰਤੀ ਮੁਕਦੀ ਹੀ ਨਹੀਂ) ਦੀ ਕੀਰਤੀ ਦਾ ਕਰਨਾ ਹੈ। ਕਿਸੇ ਮਨੁੱਖ ਦੀ ਉਸਤਤ, ਕਿਸੇ ਮੁਲਕ ਦੀ ਉਸਤਤ, ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਦੀ ਉਸਤਤ ਕੀਰਤਨ ਨਹੀਂ ਹੈ, ਇਹੋ ਜਿਹੀਆਂ ਉਸਤਤਾਂ ਨਾਲ ਮਨ ਢਹਿੰਦੀ ਕਲਾ ਵਿਚ ਜਾਂਦਾ ਹੈ।                                    ਕੀਰਤਨ ਕਰਨ ਵਾਲੇ ਨੂੰ ਕੀਰਤਨੀਆ ਆਖਦੇ ਹਨ।
 ਸਿਰਜਨਹਾਰ ਦਾ ਕੀਰਤਨ ਕਰਨ ਲਈ ਜਿਥੇ ਸਾਜ਼ ਸੁਰ ਤਾਲ ਵਿਚ ਹੋਣੇ ਜ਼ਰੂਰੀ ਹਨ ਉਥੇ ਕੀਰਤਨੀਏੇ ਦੀ ਜ਼ਿੰਦਗੀ ਦਾ ਸੁਰ ਤਾਲ ਵਿਚ ਹੋਣਾ ਵੀ ਬਹੁਤ ਜ਼ਰੂਰੀ ਹੈ। ਕੀਰਤਨੀਏ ਦੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨ ਤੇ ਬੁਧੀ ਦੀਆਂ ਸਤ ਸੁਰਾਂ ਜੇ ਤਾਲ ਵਿਚ ਹੋਣ ਤੇ ਕਰਤੇ ਦੀ ਉਸਤਤੀ ਸੁਰ ਤਾਲ ਵਿਚ ਗਾਏ ਤਾਂ ਇਹ ਅਡੋਲ ਕੀਰਤਨ ਸੁਣਣ ਨਾਲ ਜਨਮ-ਜਨਮਾਤਰਾਂ ਦੇ ਬੰਧਨ ਟੁੱਟ ਜਾਂਦੇ ਹਨ।
 “ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥”---- ਪੰਨਾ 747।
 ਕਾਮ ਸੁਰ ਵਿਚ ਹੋਵੇ ਤਾਂ ਸ਼ਰਮ ਹਯਾ ਦਾ ਚੋਲਾ ਪਹਿਨ ਕੇ ਸੀਮਾ ਵਿਚ ਰਹਿੰਦਾ ਹੈ। ਮੋਹ ਸੁਰ ਵਿਚ ਹੋਵੇ ਤਾਂ ਪ੍ਰੇਮ ਦਾ ਰੂਪ ਤੇ ਲੋਭ ਸੁਰ ਵਿਚ ਹੋਵੇ ਤਾਂ ਸੰਤੋਖ ਦਾ ਰੂਪ ਧਾਰਣ ਕਰ ਲੈਂਦਾ ਹੈ। ਹੰਕਾਰ ਸੁਰ ਵਿਚ ਹੋਵੇ ਤਾਂ ਸਵੈ-ਮਾਨ ਅਣਖ ਦੀ ਸ਼ਕਲ ਧਾਰਣ ਕਰ ਲੈਂਦਾ ਹੈ॥                                                                      ਅਡੋਲ ਕੀਰਤਨ ਕਰਨ ਵਾਲੇ ਕੀਰਤਨੀਏ ਨੂੰ ਗੁਰੂ ਅਰਜਨ ਸਾਹਿਬ ਨੇ ਭਲਾ ਕੀਰਤਨੀਆ ਆਖਿਆ ਹੈ
“ਭਲੋ ਭਲੋ ਰੇ ਕੀਰਤਨੀਆ॥ਰਾਮ ਰਮਾ ਰਾਮਾ ਗੁਨ ਗਾਉ॥”---ਪੰਨਾ 885।
ਜੀਵਨ ਦੀ ਹਰ ਕ੍ਰਿਤ ਸੁਰ ਵਿਚ ਹੋਵੇ ਤਾਂ ਕੀਰਤਨ ਦਾ ਜਨਮ ਹੁੰਦਾ ਹੈ। ਕੀਰਤਨ ਵਾਹਿਗੁਰੂ ਪ੍ਰਾਪਤੀ ਦਾ ਮੁੱਖ ਸਾਧਨ ਹੈ।
ਸੁਰਜਨ ਸਿੰਘ---+919041409041
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.