ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ
ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ
Page Visitors: 2578

ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ
ਸਿਰੀ ਰਾਗੁ ਮਹਲਾ 3  ( ਪੰਨਾ 32)
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ॥
ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ॥
ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ
॥1॥
ਜਿਸ ਸਤਿਗੁਰ ਦੀ ਸੇਵਾ ਕਰਕੇ ਮਨ ‘ਚੋਂ ਹਉਂ ਦੂਰ ਹੋ ਗਈ ਤੇ ਆਤਮ ਸੁਖ ਮਿਲਿਆ, ਉਹ ਗੁਰੂ ਧੰਨ ਹੈ, ਉਸ ਦੀ ਮਾਤਾ ਧੰਨ ਹੈ ਜਿਸ ਨੇ ਉਸ ਨੂੰ ਜਨਮ ਦਿਤਾ ਹੈ, ਤੇ ਧੰਨ ਹੈ ਉਸ ਦਾ ਸ੍ਰੇਸ਼ਟ ਪਿਤਾ। ਉਸ ਸਤਿਗੁਰੂ ਦੇ ਦੁਆਰੇ ਅਨੇਕਾਂ ਸੰਤ ਖੜੇ ਸੇਵਾ ਕਰ ਰਹੇ ਹਨ ਤੇ  ਗੁਣਾ ਦੀ ਨਿਧੀ ਵਾਹਗਿੁਰੂ ਨੂੰ ਪ੍ਰਾਪਤ ਕਰ ਰਹੇ ਹਨ।1।
ਮੇਰੇ ਮਨ ਗੁਰਮੁਖਿ ਧਿਆਇ ਹਰਿ ਸੋਇ॥
ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ
॥1॥ਰਹਾਉ॥
ਹੇ ਮੇਰੇ ਮਨ! ਗੁਰੂ ਦੇ ਦਿਤੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਧਿਆਉ। ਜਦ ਗੁਰੂ ਦਾ ਦਿਤਾ ਨਾਮ ਸਿਮਰਣ ਦਾ ਉਪਦੇਸ਼ ਮਨ ਵਿਚ ਵਸ ਜਾਵੇ ਤਾਂ ਮਨ ਤੇ ਤਨ ਨਿਰਮਲ ਹੋ ਜਾਂਦੇ ਹਨ।
ਹਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ॥
ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ॥
ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ
॥2॥
ਪ੍ਰਸ਼ਨ : ਜਦ ਮਨ ਤਨ ਨਿਰਮਲ ਹੋ ਗਿਆ ਤਾਂ ਕੀ ਵਾਹਿਗੁਰੂ ਮਿਲਾਪ ਆਪਣੇ ਕਿਸੇ ਹੋਰ ਸਾਧਨ ਨਾਲ ਵੀ ਹੋ ਸਕਦਾ ਹੈ ? ਉੱਤਰ: ਨਹੀਂ। ਵਾਹਿਗੁਰੂ ਕਿਰਪਾ ਕਰਕੇ ਆਪ ਹੀ ਜੀਵ ਦੇ ਹਿਰਦੇ ਵਿਚ ਆ ਗਿਆ ਤੇ ਸਹਜ ਸੁਭਾ ਹੀ ਆ ਮਿਲਿਆ। ਗੁਰੂ ਦੇ ਦਿਤੇ ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ ਤਾਂ ਉਹ ਆਪ ਹੀ ਆਪਣੇ ਰੰਗ ਵਿਚ ਰੰਗ ਲੈਂਦਾ ਹੈ। ਇਹ ਅਵਸਥਾ ਹੋ ਜਾਏ ਤਾਂ ਸਮਝੋ ਜੀਵ ਸੱਤ੍ਯ ਸਰੂਪ ਹੋਣ ਕਰਕੇ ਸੱਤ੍ਯ ਸਰੂਪ ਵਿਚ ਸਮਾ ਗਿਆ ਹੈ ਤੇ ਹੁਣ ਸਦਾ ਮਿਲਿਆ ਰਹੇਗਾ, ਕਦੀ ਵਿਛੁੜ ਨਹੀਂ ਜਾਏਗਾ।2।
ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ॥
ਚਿਰੀ ਵਿਛੁੰਨੇ ਮੇਲਿਅਨੁ ਸਤਿਗੁਰ ਪੰਨੈ ਪਾਇ॥
 ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ
॥3॥
ਹੁਣ ਦਿਸ ਪੈਂਦਾ ਹੈ ਕਿ ਜੋ ਕੁਛ ਕਰਣਾ ਹੁੰਦਾ ਹੈ ਉਹ ਵਾਹਿਗੁਰੂ ਆਪ ਹੀ ਕਰ ਰਿਹਾ ਹੈ, ਹੋਰ ਕੁਛ ਕੀਤਾ ਹੀ ਨਹੀਂ ਜਾ ਸਕਦਾ। ਚਿਰਾਂ ਦਿਆਂ ਵਿਛੁੜਿਆਂ ਨੂੰ ਸਤਿਗੁਰ ਦੇ ਪੰਨੇ ਪਾ ਕੇ ਆਪ ਹੀ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ। ਜੋ ਕਾਰ ਸਾਥੋਂ ਕਰਾਉਣੀ ਹੈ ਆਪੇ ਹੀ ਕਰਾਏਗਾ।3।
ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ॥
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ॥
ਨਾਨਕ ਆਪਿ ਮਿਲਾਇਨੁ ਪੂਰੇ ਸਬਦਿ ਅਪਾਰ
॥4॥16॥49॥
ਹੁਣ ਅਵਸਥਾ ਤੇ ਅਮਲ ਇਹ ਹੈ: ਮਨ ਤੇ ਤਨ ਵਾਹਿਗੁਰੂ ਪ੍ਰੇਮ ਵਿਚ ਰੰਗਿਆ ਹੋਇਆ ਹੈ। ਹਉਮੈ ਦਾ ਵਿਕਾਰ ਹੈ ਹੀ ਨਹੀਂ। ਵਾਹਿਗੁਰੂ ਦਾ ਨਿਰਭਉ ਕਰਨ ਵਾਲਾ ਨਾਮ ਦਿਨ ਰਾਤ ਹਿਰਦੇ ਵਿਚ ਵੱਸ ਰਿਹਾ ਹੈ।
 ਹੇ ਨਾਨਕ! ਵਾਹਿਗੁਰੂ ਨੇ ਆਪ ਪੂਰੇ ਤੇ ਪਾਰ ਰਹਿਤ ਸ਼ਬਦ ਦੁਆਰਾ ਸਾਨੂੰ ਆਪ ਆਪਣੇ ਨਾਲ ਮੇਲ ਰਖਿਆ ਹੈ।4।16।49।
ਵਿਆਖਿਆ: ਮਨ ਤਨ ਨਿਰਮਲ ਹੋ ਜਾਣਾ ਇੱਕ ਪ੍ਰਾਪਤੀ ਹੈ। ਵਾਹਿਗੁਰੂ ਨੇ ਜੀਵ ਨੂੰ ਆ ਮਿਲਣਾ ਜਾਂ ਨਾਲ ਮੇਲ ਲੈਣਾ ਉਸ ਤੋਂ ਉਪਰ ਦੀ ਲੀਲਾ ਹੈ। ਜੀਵ ਦਾ ਕੋਈ ਆਪਣਾ ਸਾਧਨ ਇਹ ਪ੍ਰਾਪਤੀ ਨਹੀਂ ਕਰ ਸਕਦਾ। ਇਸਤ੍ਰੀ ਦਾ ਮਨ ਤਨ ਕਰਕੇ ਪਤੀ ਪਰਾਇਣ ਹੋ ਜਾਣਾ ਖੂਬੀ ਹੈ, ਪਰ ਪਤੀ ਦਾ ਗਲ ਨਾਲ ਲਾਉਣਾ ਪਤੀ ਦੀ ਆਪਣੀ ਲੀਲਾ ਹੈ।ਉਹ,
 ‘ਬਾਹ ਪਕਰਿ ਪ੍ਰਿਅ ਸੇਜੈ ਆਨੀ’ (ਆਸਾ ਮ: 5 --372)
 ਦਾ ਚੋਜ ਉਸ ਦਾ ਆਪਣਾ ਸੁਤੰਤ੍ਰ ਚੋਜ ਹੈ। ਅੰਕ 2 ਵਿਚ ਏਸੇ ਲੀਲਾ ਵਲ ਇਸ਼ਾਰਾ ਹੈ ਕਿ ਆਪੇ ਕਿਰਪਾ ਕਰਕੇ ਸਾਡੇ ਅੰਦਰ ਆ ਗਿਆ, ਸਾਨੂੰ ਆਪਣੇ ਪ੍ਰੇਮ ਵਿਚ ਰੰਗ ਲਿਆ। ਸਾਡੀ ਸ਼ੁਧ ਆਤਮਾ ਨੂੰ ਆਪਣੇ ਸਰਬ ਵਿਆਪੀ ਸੱਤ੍ਯ ਸਰੂਪ ਵਿਚ ਲੈ ਗਿਆ। ਹੁਣ ਮਿਲਾਪ ਸਦੈਵੀ ਹੈ, ਵਿਛੁੜਨਾ ਨਹੀਂ ਹੋ ਸਕਦਾ।
ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ’ (ਗਉੜੀ ਮ: 5 ---249)।
 ਅੰਕ 3 ਵਿਚ ਦਸਿਆ ਹੈ ਕਿ ਵਾਹਿਗੁਰੂ ਨੇ ਸਤਿਗੁਰੂ ਦੇ ਪੰਨੇ ਪਾਕੇ ਸਾਨੂੰ ਮੇਲ ਲਿਆ ਹੈ। ਪੰਨਾ ਨਾਮ ਵਹੀ ਦੇ ਪਤ੍ਰੇ ਦਾ ਹੈ। ਜਿਨ੍ਹਾਂ ਦਾ ਇਤਬਾਰ ਸ਼ਾਹ ਦੇ ਘਰ ਹੋ ਜਾਵੇ ੳਨ੍ਹਾਂ ਦਾ ਨਾਉਂ ਵਹੀ ਤੇ ਚੜ੍ਹ ਜਾਂਦਾ ਹੈ, ਉਹ ਪੂਰੇ ਇਤਬਾਰੀ ਹੋ ਜਾਂਦੇ ਹਨ:
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਾਇਨੁ ਪੰਨੈ ਪਾਇ’ (ਬਿਲਾ: ਵਾਰ ਮ: 3--853)।
 ਅੰਕ 4 ਵਿਚ ਦਸਿਆ ਹੈ ਕਿ ਇਹ ਸਭ ਕੁਝ ਪਾ ਕੇ ਅਸੀਂ ਅਕ੍ਰੇ ਨਹੀਂ ਹੋ ਗਏ। ਅਸੀਂ
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ’ ਵਾਲੇ ‘ਭਗਤੀ ਰੰਗ’ ਵਿਚ ਖੇਲ ਰਹੇ ਹਾਂ। 
ਸੁਰਜਨ ਸਿੰਘ ----
--+919041409041
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.