ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਗੁਰਬਾਣੀ ਵਿਆਕਰਣ ?
ਗੁਰਬਾਣੀ ਵਿਆਕਰਣ ?
Page Visitors: 2803

  ਗੁਰਬਾਣੀ ਵਿਆਕਰਣ ?
ਕੁਝ ਵੈਬ ਸਾਈਟਾਂ ਤੇ ਕੁਝ ਦਿਨਾਂ ਤੋਂ ਗੁਰਬਾਣੀ ਵਿਆਕਰਣ ਤੇ ਚਲਦੀ ਚਰਚਾ ਮੈਂ ਪੜ੍ਹੀ ਹੈ।ਇਹ ਠੀਕ ਹੈ ਕਿ ਗੁਰਬਾਣੀ ਉਸ ਵਕਤ ਦੀ ਲੋਕ ਭਾਸ਼ਾ ਵਿੱਚ ਉਚਾਰੀ ਗਈ ਹੈ ਤੇ ਇਸ ਦੀ ਵਿਆਕਰਣ ਵੀ ਉਸ ਵੇਲੇ ਦੀ ਬੋਲੀ ਅਨੁਸਾਰ ਹੈ।ਬੋਲੀ ਇੱਕ ਰੱਬੀ ਦੇਣ ਹੇੈ ਅਤੇ ਇਸ ਦੀ ਵਿਆਕਰਣ ਇਸ ਵਿੱਚ ਹੀ ਲੁਪਤ ਹੁੰਦੀ ਹੈ। ਉਸ ਸਮੇਂ ਦੇ ਸਿੱਖ ਜਿਨ੍ਹਾਂ ਨੂੰ ਵਿਆਕਰਣ ਦਾ ਗਿਆਨ ਨਹੀਂ ਸੀ ਉਹ ਵੀ ਗੁਰਬਾਣੀ ਦੇ ਸਹੀ ਅਰਥ ਸਮਝ ਲੈਂਦੇ ਸਨ ਗੁਰਬਾਣੀ ਉਹਨਾਂ ਦੀ ਸਮਕਾਲੀ ਬੋਲੀ ਵਿੱਚ ਹੋਣ ਕਰਕੇ। ਇਹ ਵੀ ਸੱਚ ਹੈ ਕਿ ਉਸ ਸਮੇਂ ਦੇ ਸਿੱਖ ਸਾਡੇ ਨਾਲੋਂ ਜ਼ਿਆਦਾ ਗੁਰੂ ਉਪਦੇਸ਼ ਦੇ ਨੇੜੇ ਸਨ। ਗੁਰਬਾਣੀ ਸਮਝਣ ਲਈ ਉਹਨਾਂ ਦੀ ਇਹ ਖੂਬੀ ਉਹਨਾਂ ਦੀ ਸਹਾਇਤਾ ਕਰਦੀ ਸੀ। ਗੁਰਬਾਣੀ ਫ਼ਰਮਾੳਂਦੀ ਹੈ:-
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ਮ:1/935॥
ਇਸ ਰੱਬੀ ਵਲਵਲੇ, ਬਾਣੀ ਨੂੰ ਉਹੀ ਵਿਚਾਰ ਸਕਦਾ ਹੈ, ਉਹ ਹੀ ਅਨੁਭਵ ਕਰ ਸਕਦਾ ਹੈ ਜੋ ਗੁਰੂ ਮਹਾਂਪੁਰਖ ਵਿੱਚ ਲੀਨ ਹੈ। ਨਹੀਂ ਤਾਂ ਜਿਸ ਦੇ ਅੰਦਰ ਇਹ ਵਲਵਲਾ ਨਹੀਂ ੳੱਠਿਆ, ਇਹ ਲਹਰ ਨਹੀਂ ਚਲੀ, ਉਹ ਇਸ ਤਰੰਗ, ਇਸ ਵਲਵਲੇ ਦੀ ਸਾਰ ਕੀ ਜਾਣ ਸਕਦਾ ਹੈ? ਇਹ ਅਗਾਧਤਾ, ਇਹ ਡੂੰਘਾਈ ‘ਭਾਵਆਤਮਕ’ ਅੰਦਰਲੇ ਉੱਚੇ ਜਜ਼ਬੇ ਵਾਸਤੇ ਹੈ।                                                              
   ਵਿਆਕਰਣ ਦਾ ਸੰਬੰਧ ‘ਵਰਣਾਤਮਕ ਰੂਪ’ ਨਾਲ ਹੈ, ‘ਬੋਲੀ’ ਨਾਲ ਹੈ। ਗੁਰਬਾਣੀ ਦੇ ‘ਵਰਣਾਤਮਕ ਰੂਪ’ ਤੋਂ ਨਾਵਾਕਿਫ਼ ਸੱਜਣ ਹੀ ਗੁਰਬਾਣੀ ਦੀਆਂ ਲਗਾਂ/ਮਾਤ੍ਰਾਂ ਤੇ ਕਿੰਤੂ ਪ੍ਰੰਤੂ ਕਰਦੇ ਸੁਣੀਦੇ ਹਨ। ਅੱਜ ਦੀ ਬੋਲੀ/ਵਿਆਕਰਣ ਤੇ ਗੁਰਬਾਣੀ ਦੀ ਬੋਲੀ/ਵਿਆਕਰਣ ਵਿੱਚ ਭਿੰਨਤਾ ਹੈ। ਇਸ ਲਈ ਗੁਰਬਾਣੀ ਦੇ ਸਹੀ ਅਰਥ ਕਰਨ ਲਈ ਗੁਰਬਾਣੀ ਵਿਆਕਰਣ ਦੀ ਸਹਾਇਤਾ ਲੈਣੀ ਜ਼ਰੂਰੀ ਹੈ।
ਪਰ ਗੁਰਬਾਣੀ ਨੂੰ ਮੌਜੂਦਾ ਬੋਲੀ/ਵਿਆਕਰਣ ਦੇ ਅਨੁਸਾਰ ਲਿਖਣ ਦੀ ਪੈਰਵੀ ਕਰਨਾ ਗ਼ਲਤ ਹੈ। ਮਾਝੇ ਦੀ ਬੋਲੀ ਮਾਲਵੇ ਦੀ ਬੋਲੀ ਤੋਂ ਭਿੰਨ ਹੈ। ਕਲ ਮਾਝੇ ਵਾਲੇ ਕਹਿਣ ਕਿ ਅਸੀਂ ਆਪਣੀ ਬੋਲੀ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਲਿਖ ਲੈਂਦੇ ਹਨ ਅਤੇ ਮਾਲਵੇ ਵਾਲੇ ਕਹਿਣ ਕਿ ਅਸੀਂ ਆਪਣੀ ਬੋਲੀ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਲਿਖ ਲੈਂਦੇ ਹਾਂ ਤਾਂ ਇਸ ਹਰਕਤ ਨਾਲ ਸਿੱਖ ਜਗਤ ਵਿੱਚ ਜੋ ਖਲਬਲੀ (Turmoil) ਪੈਦਾ ਹੋਵੇਗੀ ਉਸਦਾ ਅੰਦਾਜ਼ਾ ਪਾਠਕ ਖ਼ੁਦ ਲਗਾ ਸਕਦੇ ਹਨ।                                                              
ਜਿਨ੍ਹਾਂ ਨਿਯਮਾਂ ਅਨੁਸਾਰ, ਜਿਨ੍ਹਾਂ ਹਿੱਜਿਆਂ (Spellings) ਨਾਲ ਪੰਚਮ ਅਤੇ ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕੀਤੀ ਹੈ, ਇਹ ਉਸੇ ਰੂਪ ਵਿੱਚ ਰਹਿਣੀ ਚਾਹੀਦੀ ਹੈ। ਇਸ ਵਿੱਚ ਰੱਦੋ ਬਦਲ ਕਰਨ ਦੀ ਕਿਸੇ ਨੂੰ ਵੀ ਖੁੱਲ ਨਹੀਂ ਹੈ।

ਸੁਰਜਨ ਸਿੰਘ---+919041409041, ਮੋਹਾਲੀ     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.