ਗੁਰ ਸਿੱਖੋ ਵੇਖੋ ! ਬੜੂ ਸਾਹਿਬ ਵਾਲਿਆਂ ਦੀ ਕਰਤੂਤ।
ਇਹ ਗੁਰੂ ਨਾਨਕ ਸਾਹਿਬ ਨੂੰ ਸਾਲਿਗਰਾਮ ਦਾ ਪੁਜਾਰੀ ਅਤੇ ਮਾਲਾ ਫੇਰਨ ਵਾਲਾ ਦਰਸਾ ਰਹੇ ਹਨ। ਕੀ ਇਹ ਆਪਣਿਆਂ ਵਿਦਿਆਰਥੀਆਂ ਨੂੰ ਇਹੋ ਤਾਲੀਮ ਦੇਂਦੇ ਹਨ ਜਿਸ ਨੂੰ ਇਹ ਗੁਰਮਤਿ ਪ੍ਰਚਾਰਦੇ ਹਨ ?
ਸੁਰਜਨ ਸਿੰਘ
.................................
ਸ. ਸੁਰਜਨ ਸਿੰਘ ਜੀ ਨੇ ਵਟਸਅਪ ਤੋਂ ਬੜੂ(ਸਾਹਿਬ) ਵਾਲਿਆਂ ਵਲੋਂ ਛਪੀ ਤਸਵੀਰ ਵੇਖ ਕੇ ਉਸ ਤੇ ਟਿੱਪਣੀ ਤਾਂ ਲਿਖ ਦਿੱਤੀ, ਪਰ ਮੈਂ ਸਮਝਦਾ ਹਾਂ ਕਿ ਇਸ ਨਾਲ ਆਮ ਪਾਠਕਾਂ ਦੇ ਪੱਲੇ ਗੱਲ ਪੈਣ ਨਹੀਂ ਲੱਗੀ, ਇਸ ਲਈ ਇਨ੍ਹਾਂ ਦੀ ਟਿੱਪਣੀ ਦਾ ਥੋੜਾ ਖੁਲਾਸਾ ਕਰਨ ਦੀ ਖੁਲ੍ਹ ਲੈ ਰਿਹਾ ਹਾਂ । ਪਰ ਹੁਣ ਮਸਲ੍ਹਾ ਇਹ ਪੈਦਾ ਹੁੰਦਾ ਹੈ ਕਿ ਦੋ-ਚਾਰ ਸਫਿਆਂ ਦੇ ਲੇਖ ਲਈ ਦੋ-ਚਾਰ ਲਾਈਨਾਂ ਲਿਖਣ ਨੂੰ ਤਾਂ ਟਿੱਪਣੀ ਕਿਹਾ ਜਾਂਦਾ ਹੈ, ਪਰ ਦੋ-ਚਾਰ ਲਾਈਨਾਂ ਦੀ ਟਿੱਪਣੀ ਲਈ ਦੋ-ਚਾਰ ਪੇਜ ਲਿਖਣ ਨੂੰ ਕੀ ਕਿਹਾ ਜਾਵੇਗਾ ? ਖੈਰ ਨਿਹੰਗਾਂ ਦੇ ਬੋਲਿਆਂ ਤੋਂ ਸੇਧ ਲੈਂਦੇ ਇਸ ਨੂੰ ਟਿੱਪਣਾ ਲਿਖਣ ਲੱਗਾ ਹਾਂ, ਪਰ ਇਕ ਗੱਲ ਦਾ ਖਿਆਲ ਰੱਖਣਾ, ਮੈਂ ਕੋਈ ਭਾਸ਼ਾ-ਵਗਿਆਨੀ ਨਹੀਂ ਹਾਂ, ਇਸ ਲਈ ਜੇ ਕੁਝ ਗਲਤ ਲੱਗੇ ਤਾਂ ਮੁਆਫ ਕਰ ਦੇਣਾ, ਪਰ ਹੇਠ ਲਿਖਿਆ ਟਿੱਪਣਾ ਜ਼ਰੂਰ ਧਿਆਨ ਨਾਲ ਪੜ੍ਹਨਾ।
ਟਿੱਪਣਾ:- ਵਟਸਅਪ ਤੇ ਪਈ ਇਕ ਫੋਟੌ, ਬੜੂ (ਸਾਹਿਬ) ਵਾਲਿਆਂ ਨਾਲ ਸਬੰਧਿਤ ਹੈ, ਜਿਸ ਵਿਚ ਗੁਰੂ ਨਾਨਕ ਜੀ ਦੀ ਫੋਟੋ ਦੇ ਨਾਲ ਕੁਝ ਚੀਜ਼ਾਂ ਵੀ ਰੱਖੀਆਂ ਹੋਈਆਂ ਹਨ , ਜਿਵੇਂ ਮਾਲਾ ਅਤੇ ਸਾਲਿਗਰਾਮ। ਅਮੂਮਨ ਬੰਦੇ ਦੇ ਨਾਲ ਪਈਆਂ ਚੀਜ਼ਾਂ ਉਸ ਦੀ ਵਰਤੋਂ ਨਾਲ ਸਬੰਧਿਤ ਹੁੰਦੀਆਂ ਹਨ । ਇਸ ਹਿਸਾਬ ਉਸ ਫੋਟੋ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਇਹ ਵਸਤਾਂ (ਮਾਲਾ ਅਤੇ ਸਾਲਿਗਰਾਮ)ਵੀ ਗੁਰੂ ਜੀ ਦੀ ਵਰਤੋਂ ਦੀਆਂ ਹਨ । ਆਉ ਜ਼ਰਾ ਵਿਚਾਰੀਏ ਕਿ ਇਹ ਚੀਜ਼ਾਂ ਗੁਰੂ ਨਾਨਕ ਜੀ ਦੇ ਕਿਸ ਕੰਮ ਆਉਂਦੀਆਂ ਹੋਣਗੀਆਂ ?
ਮਾਲਾ ਬਾਰੇ ਤਾਂ ਤਕਰੀਬਨ ਸਾਰੇ ਜਾਣਦੇ ਹੀ ਹਨ, ਕਿਉਂਕਿ ਆਮ ਲੋਕ ਇਸ ਨੂੰ ਧਾਰਮਿਕ ਵਿਅਕਤੀਆਂ (ਸੰਤਾਂ, ਮਹਾਂ-ਪੁਰਖਾਂ, ਬ੍ਰਹਮ-ਗਿਆਨੀਆਂ) ਦੇ ਹੱਥਾਂ ਵਿਚ ਵੇਖਦੇ ਹੀ ਰਹਿੰਦੇ ਹਨ, ਇਹ ਧਾਗੇ ਵਿਚ ਪਰੋਏ ਹੋਏ ਕੁਝ ਮਣਕੇ ਹੁੰਦੇ ਹਨ, ਇਸ ਦਾ ਇਕ ਰੂਪ ਸਿਮਰਨਾ ਵੀ ਹੈ, ਜਿਸ ਵਿਚ ਮਣਕੇ ਲੋਹੇ ਦੀ ਤਾਰ ਵਿਚ ਪਰੋਏ ਹੁੰਦੇ ਹਨ। ਇਨ੍ਹਾਂ ਮਣਕਿਆਂ ਦੀ ਗਿਣਤੀ ਨਿਸਚਿਤ ਹੁੰਦੀ ਹੈ। ਵੱਡੀ ਮਾਲਾ 108 ਮਣਕਿਆਂ ਦੀ ਹੁੰਦੀ ਹੈ । ਇਸ ਦੀ ਪੈਦਾਇਸ਼ ਬ੍ਰਾਹਮਣ ਦੇ ਘਰ ਦੀ ਹੈ, ਜਿੱਥੋਂ ਇਹ ਮੁਸਲਮਾਨ ਮੌਲਵੀਆਂ ਆਦਿ ਦੇ ਹੱਥ ਵਿਚ ਪਹੁੰਚੀ। ਇਹ ਕੁਝ ਈਸਾਈ ਪਾਦਰੀਆਂ ਦੇ ਹੱਥ ਦੀ ਸ਼ੋਭਾ ਵੀ ਵਧਾਉਂਦੀ ਹੈ। (ਫਿਰ ਭਲਾ ਸਿੱਖ ਧਾਰਮਿਕ ਵਿਅਕਤੀ ਕਿਉਂ ਪਿੱਛੇ ਰਹਿੰਦੇ ?) ਇਸ ਦੇ ਆਧਾਰ ਤੇ ਹੀ ਸਿੱਖ ਇਹ ਮੰਨਦੇ ਹਨ ਕਿ ਇਸ ਦੀ ਵਰਤੋਂ ਗੁਰੂ ਨਾਨਕ ਜੀ ਵੀ ਕਰਦੇ ਹੋਣਗੇ । ਕਲਾਕਾਰ ਸੋਭਾ ਸਿੰਘ ਨੇ ਤਾਂ ਇਸ ਬਾਰੇ ਸੋਨੇ ਤੇ ਸੁਹਾਗਾ ਫੇਰ ਦਿੱਤਾ, ਜਦੋਂ ਗੁਰੂ ਜੀ ਦੀ ਕਲਪਿਤ ਫੋਟੌ ਬਣਾ ਕੇ ਉਸ ਦੇ ਜੂੜੇ ਤੇ ਵੀ ਮਾਲਾ ਪਾ ਦਿੱਤੀ, ਗਲੇ ਵਿਚ ਵੀ ਮਾਲਾ ਪਾ ਦਿੱਤੀ ਅਤੇ ਹੱਥ ਵਿਚ ਵੀ ਮਾਲਾ ਫੜਾ ਦਿੱਤੀ । ਇਸ ਮਾਲਾ ਨੂੰ ਹੀ ਬੜੂ (ਸਾਹਿਬ) ਵਾਲਿਆਂ ਨੇ ਵੀ ਗੁਰੂ ਸਾੋਹਿਬ ਦੀ ਵਰਤੋਂ ਦੀ ਚੀਜ਼ ਵਜੋਂ ਵਿਖਾ ਦਿੱਤਾ ।
ਮਾਲਾ ਕਿਸ ਕੰਮ ਆਉਂਦੀ ਹੈ ?
ਇਸ ਮਾਲਾ ਦੇ ਇਕ-ਇਕ ਮਣਕੇ ਨੂੰ ਅੰਗੂਠੇ ਅਤੇ ਉਂਗਲੀ ਨਾਲ ਅਗਾਂਹ ਕਰਦਿਆਂ ਸੰਤ, ਮਹਾਂ-ਪੁਰਖ ਵਾਹਿਗੁਰੂ ਕਹਿੰਦੇ ਹਨ। ਮਾਲਾ ਦਾ ਚੱਕਰ ਪੂਰਾ ਹੋ ਜਾਣ ਤੇ ਪਤਾ ਲੱਗ ਜਾਂਦਾ ਹੈ ਕਿ ਮੈਂ ਏਨੀ ਵਾਰੀ ਵਾਹਿਗੁਰੂ ਕਹਿ ਲਿਆ ਹੈ, ਇਹ ਸਿਲਸਿਲਾ ਇਵੇਂ ਹੀ ਚਲਦਾ ਰਹਿੰਦਾ ਹੈ। ਕਿੰਨੀ ਵਾਰੀ ਵਾਹਿਗੁਰੂ ਕਹਿਣ ਨਾਲ ਕੀ ਫੱਲ ਮਿਲਦਾ ਹੈ ? ਇਹ ਤਾਂ ਮਹਾਂ ਪੁਰਖ ਹੀ ਜਾਨਣ, ਮੈਂ ਤਾਂ ਸਿਰਫ ਏਨਾ ਹੀ ਜਾਣਦਾ ਹਾਂ ਕਿ ਜੇ ਬੰਦਾ ਕੁਦਰਤ ਵਿਚੋਂ ਪ੍ਰਭੂ ਦੀ ਵਡਿਆਈ ਨੂੰ ਮਹਿਸੂਸ ਕਰਦਾ ਇਕ ਵਾਰ ਵੀ ਮਨੋਂ ਵਾਹ-ਗੁਰੂ ਕਹਿ ਦੇਵੇ ਤਾਂ ਉਸ ਵੇਲੇ ਉਹ ਪਰਮਾਤਮਾ ਦੇ ਬਹੁਤ ਨੇੜੇ ਹੁੰਦਾ ਹੈ। ਵਿਖਾਵੇ ਲਈ ਇਹ ਕੰਮ ਲੱਖਾਂ ਵਾਰੀ ਕਰਨ ਨਾਲ ਵੀ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ। ਗੁਰਬਾਣੀ ਗਿਣਤੀ ਮਿਣਤੀ ਦੇ ਕਿਸੇ ਕੰਮ ਨੂੰ ਮਾਨਤਾ ਨਹੀਂ ਦਿੰਦੀ। ਵੈਸੇ ਮਾਲਾ ਬਾਰੇ ਗੁਰੂ ਸਾਹਿਬ ਇਵੇਂ ਸੇਧ ਦਿੰਦੇ ਹਨ,
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥1॥ (1158)
ਕਬੀਰ ਜੀ ਕਹਿੰਦੇ ਹਨ ਕਿ ਲੋਕਾਂ ਨੇ ਤਾਂ ਰੱਬ ਨੂੰ ਖਿਲੌਨਾ ਸਮਝਿਆ ਹੋਇਆ ਹੈ, ਉਹ ਇਹੀ ਸਮਝਦੇ ਹਨ ਕਿ ਮੱਥੇ ਤੇ ਤਿਲਕ ਲੱਗਾ ਹੋਵੇ, ਹੱਥ ਵਿਚ ਮਾਲਾ ਫੜੀ ਹੋਵੇ ਅਤੇ ਪਹਿਰਾਵਾ ਧਾਰਮਿਕ ਵਿਅਕਤੀਆਂ ਵਾਲਾ ਹੋਵੇ, ਰੱਬ ਦੇ ਮਿਲਣ ਲਈ ਇਹੀ ਕਾਫੀ ਹੈ।
ਕੀ ਇਹ ਸੰਭਵ ਹੈ ਕਿ ਗੁਰੂ ਨਾਨਕ ਜੀ ਵੀ ਅਜਿਹਾ ਪਾਖੰਡ ਹੀ ਕਰਦੇ ਹੋਣਗੇ ?
ਸਾਲਿਗਰਾਮ ਕੀ ਹੈ ?
ਗੰਡਕੀ ਨਦੀ (ਜਿਸ ਨੂੰ ਅੱਜ ਗੰਡਕ ਕਿਹਾ ਜਾਂਦਾ ਹੈ) ਦੇ ਕਿਨਾਰੇ ਵੱਸਿਆ ਇਕ ਪਿੰਡ, ਜਿਸ ਦੇ ਆਸੇ-ਪਾਸੇ ਸਾਲ ਦਾ ਜੰਗਲ ਸੀ ਉਸ ਨੂੰ ਸਾਲ-ਗਿਰਾਮ ਕਿਹਾ ਜਾਂਦਾ ਹੈ। ਉਸ ਥਾਂ ਤੇ ਗੰਡਕੀ ਨਦੀ ਵਿਚੋਂ ਕੋਈ-ਕੋਈ ਗੋਲ ਪੱਥਰ ਨਿਕਲਦਾ ਹੈ, ਜਿਸ ਉਪਰ ਚਿੱਟਾ ਗੋਲ ਚੱਕਰ ਬਣਿਆ ਹੁੰਦਾ ਹੈ, ਉਸ ਪੱਥਰ ਨੂੰ ਬ੍ਰਾਹਮਣ ਵਿਸ਼ਨੂ ਦੀ ਮੂਰਤੀ ਮੰਨਦੇ, ਉਸ ਦੀ ਪੂਜਾ ਕਰਦੇ ਹਨ ਅਤੇ ਉਸ ਨੂੰ ਵੀ ਸਾਲਿਗਰਾਮ ਹੀ ਕਿਹਾ ਜਾਂਦਾ ਹੈ। ਤਾਂ ਕੀ ਮੰਨਿਆ ਜਾਵੇ ਕਿ ਅਕਾਲ ਦੇ ਪੁਜਾਰੀ ਗੁਰੂ ਸਾਹਿਬ ਪੱਥਰ-ਪੂਜ ਸਨ ? ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਇਵੇਂ ਸੇਧ ਦਿੰਦੇ ਹਨ ,
ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ ॥
ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥136॥ (1371)
ਕਬੀਰ ਜੀ ਕਹਿੰਦੇ ਹਨ , ਲੋਕ ਪੱਥਰ ਨੂੰ ਪਰਮੇਸ਼ਰ ਬਣਾ ਕੇ, ਉਸ ਪੱਥਰ ਦੀ ਹੀ ਪੂਜਾ ਕਰਦੇ ਰਹਿੰਦੇ ਹਨ। ਜੋ ਇਨ੍ਹਾਂ ਪੱਥਰਾਂ ਤੇ ਭਰੋਸਾ ਕਰਦੇ ਹਨ, ਇਨ੍ਹਾਂ ਆਸਰੇ ਹੀ ਭਵਜਲ ਤਰਨਾ ਚਾਹੁੰਦੇ ਹਨ, ਉਹ ਆਖਰ ਮੰਝਧਾਰ ਵਿਚ ਹੀ ਡੁੱਬ ਜਾਂਦੇ ਹਨ । ਇਸ ਬਾਰੇ ਗੁਰੂ ਨਾਨਕ ਜੀ ਆਪ ਇਵੇਂ ਸੇਧ ਦਿੰਦੇ ਹਨ ,
ਅੰਧੇ ਗੁੰਗੇ ਅੰਧ ਅੰਧਾਰੁ ॥
ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰ ॥2॥ (556)
ਗਿਆਨ ਪੱਖੋਂ ਅੰਨ੍ਹਿਆਂ ਅਤੇ ਗੂੰਗਿਆਂ ਲਈ ਹਨੇਰਾ ਘੁੱਪ ਬਣਿਆ ਪਿਆ ਹੈ, ਇਹ ਮੂਰਖ ਪੱਥਰ ਲੈ ਕੇ (ਪੱਥਰਾਂ ਦੇ ਹੀ ਰੱਬ ਬਣਾ ਕੇ) ਉਨ੍ਹਾਂ ਦੀ ਪੂਜਾ ਕਰ ਰਹੇ ਹਨ। ਜਦ ਇਹ ਪੱਥਰ ਆਪ ਹੀ ਡੁੱਬ ਜਾਂਦੇ ਹਨ, ਤਾਂ ਇਨ੍ਹਾਂ ਆਸਰੇ ਤੁਸੀਂ (ਭਵਜਲ ਵਿਚੋਂ) ਕਿਵੇਂ ਤਰ ਸਕਦੇ ਹੋ ?
ਅਜਿਹੀ ਹਾਲਤ ਵਿਚ ਕੀ ਗੁਰੂ ਨਾਨਕ ਜੀ ਤੋਂ ਵੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਪੱਥਰ ਪੂਜਾ ਦਾ ਕਰਮ-ਕਾਂਡ ਕਰਦੇ ਹੋਣਗੇ ? ਸਵਾਲ ਪੈਦਾ ਹੁੰਦਾ ਹੈ ਕਿ ਸੋਭਾ ਸਿੰਘ ਨੇ ਗੁਰੂ ਸਾਹਿਬ ਦੀ ਫੋਟੋ (ਕਾਲਪਨਿਕ) ਨਾਲ ਅਜਿਹਾ ਕੋਝਾ ਮਜ਼ਾਕ ਕਿਉਂ ਕੀਤਾ ? ਉਸ ਬਾਰੇ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਉਹ ਵਿਚਾਰਾ ਇਕ ਆਰਟਿਸਟ ਸੀ, ਕੋਈ ਧਰਮ-ਪਰਚਾਰਕ ਨਹੀਂ ਸੀ, ਉਸ ਨੇ ਆਪਣੇ ਵੇਲੇ ਸਿੱਖ ਪਰਚਾਰਕਾਂ ਨੂੰ ਜੈਸਾ ਕਰਦੇ ਵੇਖਿਆ, ਵੈਸੀ ਹੀ ਤਸਵੀਰ ਬਣਾ ਦਿੱਤੀ, ਸਿੱਖਾਂ ਨੇ ਅਗਿਆਨਤਾ ਵੱਸ, ਉਨ੍ਹਾਂ ਫੋਟੋਆਂ ਨੂੰ ਆਪਣੇ ਘਰਾਂ ਦਾ ਸ਼ੰਗਾਰ ਬਣਾ ਲਿਆ। ਪਰ ਸਿੱਖ ਪਰਚਾਰਕ ਸਿੱਖਾਂ ਨੂੰ ਕਿਉਂ ਕੁਰਾਹੇ ਪਾਉਂਦੇ ਰਹੇ ? ਭਗਤ ਧੰਨਾ ਜੀ ਤਾਂ ਆਪ ਲਿਖਦੇ ਹਨ ਕਿ,
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥4॥1॥ (487)
ਮੈਂ ਧੰਨੇ ਨੇ ਸੰਤ-ਜਨਾਂ (ਇਹ ਔਂਕੜ ਰਹਿਤ ਤੱਤੇ ਵਾਲਾ ਸੰਤ, ਬਹੁ-ਵਚਨ ਦਾ ਲਖਾਇਕ ਹੈ, ਅਰਥ ਹੈ ਬਹੁਤੇ ਸੰਤ, ਸਤ-ਸੰਗਤ) ਨੂੰ ਮਿਲ ਕੇ, ਉਨ੍ਹਾਂ ਦੀ ਸੰਗਤ ਵਿਚੋਂ, ਧਰਤੀ ਦੇ ਇਕੋ-ਇਕ ਆਸਰੇ, ਪ੍ਰਭੂ ਨੂੰ ਪਛਾਣ ਲਿਆ ਹੈ, ਉਸ ਵਿਚ ਹੀ ਲੀਨ ਹੋ ਗਿਆ ਹਾਂ ।
ਇਸ ਦੀ ਪ੍ਰੌੜ੍ਹਤਾ ਸਰੂਪ ਗੁਰੂ ਅਰਜਨ ਪਾਤਸ਼ਾਹ ਲਿਖਦੇ ਹਨ ਕਿ,
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੈ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥4॥2॥
ਭਗਤਾਂ ਦਾ ਰੱਬ ਨੂੰ ਮਿਲਣ ਦਾ ਢੰਗ ਸੁਣ ਕੇ ਧੰਨਾ ਵੀ ਭਗਤੀ ਵਿਚ ਜੁੜ ਗਿਆ, ਉਸ ਨੂੰ ਪ੍ਰਤੱਖ ਤੌਰ ਤੇ ਪ੍ਰਭੂ ਬਾਰੇ ਸੋਝੀ ਹੋ ਗਈ, ਇਵੇਂ ਧੰਨਾ ਵੱਡੇ ਭਾਗਾਂ ਵਾਲਾ ਹੋ ਗਿਆ ।
ਏਨਾ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਵਿਚੋਂ ਸੋਝੀ ਮਿਲਣ ਦੇ ਬਾਵਜੂਦ, ਅੱਜ ਵੀ ਸਿੱਖ ਪਰਚਾਰਕ ਧੰਨੇ ਪਿੱਛੇ ਬ੍ਰਾਹਮਣ ਵਲੋਂ ਦਿੱਤੇ ਵੱਟੇ (ਠਾਕੁਰ) ਚੁੱਕੀ ਫਿਰਦੇ ਹਨ। ਏਸੇ ਪਰਥਾ ਨੂੰ ਅਗਾਂਹ ਤੋਰਦੇ ਬੜੂ (ਸਾਹਿਬ) ਵਾਲੇ ਹਰ ਸਾਲ ਦੇ ਲੱਖਾਂ ਸਿੱਖ ਬੱਚਿਆਂ ਨੂੰ, ਇਹ ਸਭ ਸਿਖਿਆ ਦੇ ਕੇ, ਸਿੱਖੀ ਦੀ ਕੀ ਸੇਵਾ ਕਰ ਰਹੇ ਹਨ ? ਬੜੀ ਸਾਫ ਜਿਹੀ ਗੱਲ ਹੈ ਕਿ ਮਿੱਠੇ ਦੇ ਆਸਰੇ ਹੀ ਜੂਠਾ ਖਾਧਾ ਜਾਂਦਾ ਹੈ, ਜ਼ਹਰ ਦੇਣ ਲਈ ਉਸ ਨੂੰ ਖੰਡ ਵਿਚ ਹੀ ਲਪੇਟਿਆ ਜਾਂਦਾ ਹੈ।
ਪਰ ਅਸਲ ਗੱਲ ਤਾਂ ਇਹ ਹੈ ਕਿ ਸਿੱਖ ਕਦੋਂ ਸਮਝਣਗੇ ਕਿ ਸਾਨੂੰ ਖੰਡ ਵਿਚ ਲਪੇਟ ਕੇ ਜ਼ਹਰ ਦਿੱਤਾ ਜਾ ਰਿਹਾ ਹੈ ? ਜੋ ਸਾਨੂੰ ਹੌਲੀ-ਹੌਲੀ ਖਤਮ ਕਰ ਰਿਹਾ ਹੈ । ਇਹ ਤਦ ਹੀ ਸੰਭਵ ਹੈ, ਜਦ ਸਿੱਖ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਮਝਣ, ਤਦ ਹੀ ਉਹ ਜਾਣ ਸਕਣ-ਗੇ ਕਿ ਗੁਰਮਤਿ ਕੀ ਹੈ ? ਅਤੇ ਖੰਡ ਵਿਚ ਲਪੇਟੀ ਜ਼ਹਰ ਕੀ ਹੈ ?
ਅਮਰ ਜੀਤ ਸਿੰਘ ਚੰਦੀ
13-3-2015
ਸੁਰਜਨ ਸਿੰਘ
ਗੁਰ ਸਿੱਖੋ ਵੇਖੋ ! ਬੜੂ ਸਾਹਿਬ ਵਾਲਿਆਂ ਦੀ ਕਰਤੂਤ।
Page Visitors: 3552