ਕੈਟੇਗਰੀ

ਤੁਹਾਡੀ ਰਾਇ



ਦਰਸ਼ਨ ਸਿੰਘ (ਪ੍ਰੋ.)
ਪੰਥ ਦੇ ਨਾਮ ਖੁਲਾ ਪੱਤਰ
ਪੰਥ ਦੇ ਨਾਮ ਖੁਲਾ ਪੱਤਰ
Page Visitors: 2902

ਪੰਥਕ ਫੈਸਲੇ ਦੇ ਨਾਮ ਹੇਠ ਕੋਈ ਭੀ ਲਿਖਤ ਮੇਰੇ ਸਾਹਮਣੇ ਆਈ ਭਾਵੇਂ ਪੰਥ ਪਰਵਾਣਤ ਕਹੀ ਜਾਂਦੀ ਸਿਖ ਰਹਿਤ ਮਰਿਯਾਦਾ
ਜਾਂ ਕੁਝ ਹੋਰ ਮੈਂ ਹਮੇਸ਼ਾਂ ਸਨਮਾਨ ਦਿਤਾ ਹੈ। ਇਹ ਗੱਲ ਵੱਖਰੀ ਹੈ ਕਿ ਕਿਸੇ ਫੈਸਲੇ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖਿਆਂ ਜੇ
ਮੈਨੂੰ ਕੋਈ ਸ਼ੰਕਾ ਪੈਦਾ ਹੋਵੇ ਤਾਂ ਮੈਂ ਪੰਥ ਦੇ ਸਾਹਮਣੇ ਸਵਾਲ ਰੂਪ ਵਿਚ ਅਪਣਾ ਸ਼ੰਕਾ ਰੱਖਾਂ ਇਹ ਮੇਰਾ ਹੀ ਨਹੀਂ ਬਲਕਿ ਹਰ
ਇਕ ਸਿਖ ਦਾ ਹੱਕ ਹੈ ।
ਅੱਜ ਜਦੋਂ ਮੇਰੇ ਮਨ ਵਿਚ ਕੁਝ ਪੰਥਕ ਫੈਸਲਿਆਂ ਸਬੰਧੀ ਉਠੇ ਕੁੱਝ ਸਵਾਲ ਸ਼ੰਕਿਆਂ ਦੀ ਨਵਿਰਤੀ ਲਈ ਪੰਥ ਦੇ ਸਾਹਮਣੇ ਰੱਖਣ
ਲੱਗਾ ਤਾਂ ਮੇਰੇ ਸਾਹਮਣੇ ਇਕ ਹੋਰ ਨਵਾਂ ਸਵਾਲ ਖੜਾ ਹੋ ਗਿਆ ਕਿ ਤੂੰ ਕਿਸ ਪੰਥ ਨੂੰ ਮੁਖਾਤਿਬ ਕਰਕੇ ਇਹ ਸਵਾਲ ਕਰ ਰਿਹਾ
ਹੈ? ਪਹਿਲਾਂ ਉਸ ਪੰਥ ਦੀ ਨਿਸ਼ਾਨ ਦੇਹੀ ਅਤੇ ਉਸ ਪੰਥ ਦੇ ਅਡਰੈਸ ਦਾ ਤਾਂ ਪਤਾ ਕਰਾਂ, ਅੱਜ ਤਾਂ ਸਿਖੀ ਦੇ ਵੇਹੜੇ ਵਿਚ ਬਕਾਲੇ
ਦੀਆਂ ਬਾਈ ਮੰਜੀਆਂ ਵਾਂਗੂੰ ਵੱਖ ਵੱਖ ਪੰਥਾਂ ਦੀਆਂ ਲਾਈਨਾ ਲਗੀਆਂ ਹੋਈਆਂ ਨੇ। ਅੱਜ ਹਰ ਕੋਈ ਅਸਲ ਪੰਥ ਹੋਣ ਦਾ
ਦਾਵੇਦਾਰ ਹੈ। ਕਿਤੇ ਇਹ ਤੇਰੇ ਸਵਾਲ ਬਹੁਤੇ ਪੰਥਾਂ ਵਿਚ ਰੁਲ ਹੀ ਨਾ ਜਾਣ ।ਇਸ ਲਈ ਜਿਹੜਾ ਆਪਣੇ ਆਪ ਨੂੰ ਅਸਲ ਪੰਥ
ਸਮਝਦਾ ਹੈ ਅਤੇ ਪੰਥਕ ਫੈਸਲੇ ਕਰਨ ਦਾ ਅਧਿਕਾਰੀ ਸਮਝਦਾ ਹੈ ਉਹ ਮੇਰੀ ਮਦਦ ਕਰੇ। ਅਪਣਾ ਨਾਮ ਆਈ ਡੀ ਅਤੇ
ਅਡਰੈਸ ਮੈਨੂੰ ਜ਼ਰੂਰ ਭੇਜੇ ਅਤੇ ਮੇਰੇ ਮਨ ਦੇ ਸ਼ੰਕੇ ਨਵਿਰਤ ਕਰਨ ਵਿੱਚ ਮੇਰੀ ਸਹਾਇਤਾ ਕਰੇ।
ਉਦ੍ਹਾਰਣ ਵਜੋਂ ਜਿਵੇਂ ਸਿਖ ਰਹਿਤ ਮਰਿਯਾਦਾ ਵਿਚ ਸਿਖ ਲਈ ਹੇਠ ਲਿਖੇ ਫੈਸਲੇ ਸਪਸ਼ਟ ਹਨ ।
{ੳ} ਇਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ।
ਫੈਸਲਾ ਬਹੁਤ ਚੰਗਾ ਹੈ ਅਤੇ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ।
ਮਾਇਆ ਮੋਹੇ ਦੇਵੀ ਸਭਿ ਦੇਵਾ ॥ ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥ ਓਹੁ ਅਬਿਨਾਸੀ ਅਲਖ ਅਭੇਵਾ ॥2॥ {ਗੁਰਬਾਣੀ}
ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥ ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ
ਮਾਏ ॥ {ਗੁਰਬਾਣੀ}
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥4॥
{ਗੁਰਬਾਣੀ}
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥6॥
{ਗੁਰਬਾਣੀ}
ਪਰ ਉਸੇ ਹੀ ਸਿਖ ਰਹਿਤ ਮਰਿਯਾਦਾ ਵਿਚ ਜਿੱਥੇ ਪੰਥਕ ਫੈਸਲੇ ਦੇ ਨਾਮ ਹੇਠ ਅਰਦਾਸ ਲਿਖੀ ਗਈ ਹੈ ਉਸ ਦੇ ਅਰੰਭ ਵਿਚ
ਲਿਖੀ ਗਈ ਪਉੜੀ “ਸ੍ਰੀ ਭਗੌਤੀ ਜੀ ਸਹਾਇ ।ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10--ਪ੍ਰਿਥਮ ਭਗੌਤੀ ਸਿਮਰਿ ਕੈ ਗੁਰ
ਨਾਨਕ ਲਈਂ ਧਿਆਇ”।
ਮੈਂ ਤਾਂ ਸਮਝਦਾ ਸਾਂ ਗੁਰਬਾਣੀ ਵਿਚ ਆਏ ਭਗਉਤੀ ਲਫਜ਼ ਨੂੰ ਮੱਨਿਆਂ ਗਿਆ ਹੈ ਪਰ ਜਦੋਂ ਮੈਂ ਇਸ ਪਉੜੀ ਦੇ ਅਸਲ
ਟਿਕਾਣੇ ਤੇ ਪੁਜਦਾ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਬਚਿਤਰ ਨਾਟਕ ਵਿਚ ਇਸ ਪਉੜੀ ਦਾ ਹੈਡਿੰਗ ਅਤੇ ਅਰੰਭ ਇਸ ਪ੍ਰਕਾਰ ਹੈ।
“ਵਾਰ ਦੁਰਗਾ ਕੀ”
ੴ ਸਤਿਗੁਰ ਪ੍ਰਸਾਦਿ॥ ਸ੍ਰੀ ਭਗਉਤੀ ਜੀ ਸਹਾਇ॥ ਅਬ ਵਾਰ ਦੁਰਗਾ ਕੀ ਲਿਖਯਤੇ॥ ਪਾਤਸ਼ਾਹੀ 10॥
ਮੈਂ ਅਪਣੇ ਮਨ ਵਿਚ ਪੈਦਾ ਹੋਏ ਸ਼ੰਕੇ ਪੰਥਕ ਫੈਸਲੇ ਕਰਨ ਦੇ ਅਧਿਕਾਰੀ ਪੰਥ ਸਾਹਮਣੇ ਰੱਖਣਾ ਚਾਹੁਂਦਾ ਹਾਂ ।
ਕੀ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੁਰਗਾ {ਭਗੌਉਤੀ} ਦੇ ਉਪਾਸ਼ਕ ਸਨ? ਜਿਸ ਨੂੰ ਗੁਰ ਨਾਨਕ ਤੋਂ ਭੀ ਪਹਿਲੇ ਸਿਮਰਦੇ ਹਨ
।ਜੇ ਗੁਰੂ ਜੀ ਦੁਰਗਾ ਦੇ ਉਪਾਸ਼ਕ ਸਨ? ਤਾਂ ਪੰਥ ਨੇ ਸਿਖ ਰਹਿਤ ਮਰਿਯਾਦਾ ਵਿਚ ਇਹ ਕਿਉਂ ਲਿਖਿਆ? ਕਿ ਸਿਖ ਨੇ ਕਿਸੇ
ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ ਜੇ ਫਿਰ ਭੀ ਇਸ ਪਉੜੀ ਨੂੰ ਅਰਦਾਸ ਦਾ ਅੰਗ ਰੱਖਨਾ ਹੈ ਤਾਂ ਮੇਰਾ ਸ਼ੰਕਾ ਨਵਿਰਤ
ਕਰੋ ਤੇ ਮੈਨੂੰ ਸਮਝਾਓੁ ਕਿ ਇਹ ਪਉੜੀ ਕਿਥੋਂ ਆਈ ਹੈ? ਅਤੇ ਇਸ ਦਾ ਪਿਛੋਕੜ ਕੀ ਹੈ? ਮੈਂ ਪੰਥ ਦਾ ਧਨਵਾਦੀ ਹੋਵਾਂਗਾ।
ਅੱਜ ਦੇ ਸ਼੍ਰੋਮਣੀ ਕਮੇਟੀ ਦੇ ਭਾਈਵਾਲ ਸੰਤ ਸਮਾਜ, ਬਹੁਤੇ ਡੇਰੇਦਾਰ ਅਤੇ ਉਨ੍ਹਾਂ ਦੇ ਸ਼ਰਧਾਲੂ ਟਕਸਾਲ ਅਤੇ ਨਾਨਕਸਰ ਵਾਲੇ
ਭੀ ਅਪਣੀ ਰਹਿਰਾਸ ਵਿਚ ਦੇਵੀ ਦੁਰਗਾ {ਭਗਉਤੀ} ਦੀ ਉਪਾਸ਼ਨਾ ਕਰ ਰਹੇ ਦਿਸਦੇ ਹਨ ਜਦੋਂ ਉਹ ਇਹ ਪ੍ਹੜਦੇ ਹਨ।
“ਪ੍ਰਥਮ ਧਰਉਂ ਭਗਵਤ ਕੋ ਧਿਆਨਾ।ਬਹੁਰ ਕਰਉਂ ਕਵਿਤਾ ਬਿਧ ਨਾਨਾ”।
ਇਸਦਾ ਭਾਵ ਹੈ- ਕਿ ਮਂੈ ਪਹਿਲਾਂ ਭਗਵਤੀ ਦੇਵੀ ਦੁਰਗਾ ਦਾ ਧਿਆਨ ਧਰਦਾ ਹਾਂ ਉਸ ਤੋਂ ਬਾਅਦ ਹੀ ਕੋਈ ਕਾਵ ਰਚਨਾ
ਉਚਾਰਦਾ ਹਾਂ
“ਦੋਹਿਰਾ –ਨੇਤਰ ਤੁਂਗ ਕੇ ਚਰਨ ਤਰ ਸੁਤੱਦਰਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ ਰਘੁਵਰ ਕਥਾ ਪਰਸੰਗ”।
ਸਤਲੁਝ ਦੇ ਕੰਢੇ ਰਾਮ ਕਥਾ ਦਾ ਗ੍ਰੰਥ ਸ੍ਰੀ ਭਗਵਤੀ ਦੁਰਗਾ ਦੇਵੀ ਜੀ ਨੇ ਸੰਪੂਰਨ ਕੀਤਾ ਹੈ।
“ਦੋਹਿਰਾ -ਸਾਧ ਅਸਾਧ ਜਾਨਿਓ ਨਹੀ ਬਾਦ ਸੁਬਾਦ ਬੇਬਾਦ।ਗ੍ਰੰਥ ਸਗਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ”।
ਚੰਗੇ ਮੰਦੇ ਦੀ ਪਛਾਣ ਛੱਡ ਕੇ ਕਿਸੇ ਬਾਦ ਸੁਬਾਦ ਬਿਬਾਦ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਭਗਵਤੀ ਦੀ ਕਿਰਪਾ ਨਾਲ ਇਹ ਗ੍ਰੰਥ
ਸੰਪੂਰਨ ਕਰ ਲਿਆ।।
ਅਗਲੇ ਸਵਾਲ-ਸਿਖ ਰਹਿਤ ਮਰਿਯਾਦਾ ਵਿਚ ਹੇਠ ਲਿਖੇ ਫੈਸਲੇ ਭੀ ਹਨ।
{ਸ} ਧੁਪ ਜਾਂ ਦੀਵੇ ਮਚਾ ਕੇ ਆਰਤੀ ਕਰਣੀ ,ਭੋਗ ਲਾਉਣਾ ,ਜੋਤਾਂ ਜਗਾਣੀਆਂ, ਟੱਲ ਖੜਕਾਉਣੇ ,ਆਦਿ ਕਰਮ ਗੁਰਮਤਿ
ਅਨਸਾਰ ਨਹੀਂ।
ਮੂਲ ਮੰਤਰ-=ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਜੇ ਪੰਥਕ ਫੈਸਲੇ ਮੁਤਾਬਕ ਸਿਖ ਰਹਿਤ ਮਰੀਯਾਦਾ ਵਿਚ ਇਹ ਲਿਖਿਆ ਹੈ ਕਿ ਸਿਖ ਨੇ ਊਪਰ ਲਿਖੇ ਕਰਮ ਕਾਂਡੀ ਕੰਮ ਨਹੀਂ
ਕਰਨੇ ਅਤੇ ਮੂਲ ਮੰਤਰ ੴ ਤੋਂ ਗੁਰ ਪ੍ਰਸਾਦਿ ਤੱਕ ਹੀ ਪੜ੍ਹਨਾ ਹੈ ਜੋ ਬਿਲਕੁਲ ਠੀਕ ਫੈਸਲਾ ਹੈ ।
ਤਾਂ ਫਿਰ ਅੱਜ ਦੇ ਸ਼੍ਰੋਮਣੀ ਕਮੇਟੀ ਦੇ ਭਾਈਵਾਲ ਸੰਤ ਸਮਾਜ ,ਬਹੁਤੇ ਡੇਰੇਦਾਰ ਅਤੇ ਉਹਨਾ ਦੇ ਸ਼ਰਧਾਲੂ ਟਕਸਾਲ ਅਤੇ ਨਾਨਕ
ਸਰ ਵਾਲੇ ਭੀ ਅਪਣੀ ਰਹਿਰਾਸ ਵਿਚ ਦੇਵੀ ਦੁਰਗਾ{ਭਗਉਤੀ} ਦੀ ਉਪਾਸ਼ਨਾ ਕਰ ਰਹੇ ਦਿਸਦੇ ਹਨ ,ਕਿਤੇ ਜੋਤਾਂ ਜਗਾ ਕੇ
ਅਗਨੀ ਦੀ ਪੂਜਾ ਕੀਤੀ ਜਾ ਰਹੀ ਹੈ। ਹੁਣ ਤਾਂ ਤਖਤਾਂ ’ਤੇ ਭੀ ਪੰਥਕ ਫੈਸਲੇ ਦੇ ਉਲਟ ਦੀਵਿਆਂ ਵਾਲੀ ਆਰਤੀ , ਭੰਗ ਦਾ
ਭੋਗ ਲਵਾਕੇ ਸ਼ਿਵ ਜੀ ਦੀ ਪ੍ਰਤੀਕ ਭੰਗ ਦਾ ਪ੍ਰਸ਼ਾਦ ਵੰਡਣਾ, ਜਾਨਵਰਾਂ ਦੀ ਬਲੀ ਦੇਣੀ। ਹੁਣ ਤਾਂ ਹਜੂਰ ਸਾਹਿਬ ਭਿਆਣਕ ਰੂਪ
ਵਾਲੇ ਹਿੰਦੂ ਦੇਵਤੇ ਮਾਹਕਾਲ ਦੇ ਨਾਮ ਦਾ ਗੁਰਦੁਆਰਾ ਹੀ ਬਣਾ ਦਿਤਾ ਗਿਆ ਹੈ ਅਤੇ ਇਹ ਲੋਕ ਸਿਖ ਰਹਿਤ ਮਰਿਯਾਦਾ ਦੇ
ਉਲਟ ਮੂਲ ਮੰਤਰ -ਨਾਨਕ ਹੋਸੀ ਭੀ ਸੱਚ ਤੱਕ ਪੜ੍ਹਦੇ ਨੇ ਤਾਂ ਫਿਰ ਸਿਖ ਰਹਿਤ ਮਰਿਯਾਦਾ ਦੇ ਫੈਸਲੇ ਮੁਤਾਬਕ ਪੰਥ ਵਲੋਂ
ਇਹਨਾਂ ਨੂੰ ਸਿਖ ਕਿਵੇਂ ਮੰਨਿਆਂ ਜਾ ਰਿਹਾ ਹੈ?
ਜਦੋਂ ਕਿ ਗੁਰੂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਮੈ ਕਿਸੇ ਦੇਵੀ ਦੇਵਤੇ ਦੇ ਹੁਕਮ ਵਿਚ ਨਹੀਂ ਜੋ
ਕੁਝ ਬੋਲਦਾ ਹਾਂ ਇਕ ਅਕਾਲ ਪੁਰਕ ਦੇ ਹੁਕਮ ਵਿਚ ਬੋਲਾਇਆ ਬੋਲਦਾ ਹਾਂ ਇਸੇ ਲਈ ਮੈਨੁੰ ਬਾਣੀ ਨਿਰੰਕਾਰ ਜਾਪਦੀ ਹੈ।
ਏਕੋ ਕਰਤਾ ਆਪੇ ਆਪ ॥ ਹਰਿ ਕੇ ਭਗਤ ਜਾਣਹਿ ਪਰਤਾਪ ॥ ਨਾਵੈ ਕੀ ਪੈਜ ਰਖਦਾ ਆਇਆ ॥ ਨਾਨਕੁ ਬੋਲੈ ਤਿਸ ਕਾ
ਬੋਲਾਇਆ ॥4॥
ਤਿਲੰਗ ਮਹਲਾ 1 ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
ਸਲੋਕੁ ਮਃ 3 ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
ਜਹ ਅਬਿਗਤੁ ਭਗਤੁ ਤਹ ਆਪਿ ॥ ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥ ਦੁਹੂ ਪਾਖ ਕਾ ਆਪਹਿ ਧਨੀ ॥ ਉਨ ਕੀ ਸੋਭਾ
ਉਨਹੂ ਬਨੀ ॥ ਆਪਹਿ ਕਉਤਕ ਕਰੈ ਅਨਦ ਚੋਜ ॥ ਆਪਹਿ ਰਸ ਭੋਗਨ ਨਿਰਜੋਗ ॥ ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥
ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥ ਬੇਸੁਮਾਰ ਅਥਾਹ ਅਗਨਤ ਅਤੋਲੈ ॥ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥8॥
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥
ਪਿਆਰੇ ਪੰਥ ਜੀਓ ਪਹਿਲਾਂ ਮੇਰੇ ਇਹ ਸ਼ੰਕੇ ਨਵਿਰਤ ਕਰੋ ਜੀ ਫਿਰ ਕੁਝ ਹੋਰ ਬੇਨਤੀਆਂ ਕਰਾਂਗਾ ਜੀ।
ਦਰਸ਼ਨ ਸਿੰਘ ਖਾਲਸਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.