ਕੈਟੇਗਰੀ

ਤੁਹਾਡੀ ਰਾਇ



ਗੁਰਤੇਜ ਸਿੰਘ ( IAS )
ਸਰਬੱਤ ਖ਼ਾਲਸਾ ਦੇ ਵਿਚਾਰਨ ਲਈ ਮੁੱਦੇ – ਗੁਰਤੇਜ ਸਿੰਘ
ਸਰਬੱਤ ਖ਼ਾਲਸਾ ਦੇ ਵਿਚਾਰਨ ਲਈ ਮੁੱਦੇ – ਗੁਰਤੇਜ ਸਿੰਘ
Page Visitors: 2613

ਸਰਬੱਤ ਖ਼ਾਲਸਾ ਦੇ ਵਿਚਾਰਨ ਲਈ ਮੁੱਦੇ – ਗੁਰਤੇਜ ਸਿੰਘ
2 ਨਵੰਬਰ 2016 ਨੂੰ ਸਰਬੱਤ ਖ਼ਾਲਸਾ ਸਬੰਧੀ ਇੱਕ ਮੀਟਿੰਗ ਹੋਣੀ ਸੀ। 1 ਨਵੰਬਰ ਦੀ ਸ਼ਾਮ ਨੂੰ ਤਕਰੀਬਨ 8 ਵੱਜੇ ਭਾਈ ਮੇਜਰ ਸਿੰਘ ਦਾ ਹੁਕਮਨਾਮਾ ਟੈਲੀਫ਼ੋਨ ਉੱਤੇ ਸਾਦਰ ਹੋਇਆ ਕਿ ਕੱਲ੍ਹ 11 ਵਜੇ ਮੀਟਿੰਗ ਉੱਤੇ ਪਹੁੰਚੋ। ਕਾਰ ਚਾਲਕ ਇੱਕ ਦਿਨ ਦਾ ਕੰਮ ਨਬੇੜ ਕੇ ਜਾ ਚੁੱਕਾ ਸੀ। ਆਉਣ-ਜਾਣ ਦਾ ਸਮਾਂ 6 ਘੰਟੇ ਦਾ ਸੀ।
ਪਿੱਛੇ ਚੰਡੀਗੜ੍ਹ ਵਾਲੀ ਮੀਟਿੰਗ ਵਿੱਚ ਮੈਂ ਸ਼ਾਮਿਲ ਹੋਇਆ ਸਾਂ। ਚਾਰ ਘੰਟੇ ਦੀ ਮੀਟਿੰਗ ਸੀ, ਢਾਈ ਕੁ ਘੰਟੇ ਤਿਆਰੀ ਵਿੱਚ ਲੱਗ ਗਏ। ਸਮੇਂ ਸਿਰ ਲੰਗਰ ਹਾਲ ਪਹੁੰਚਣ ਦੀ ਪਾਬੰਦੀ ਕਾਰਣ, ਤਿੰਨ ਕੁ ਮਿੰਟ ਬੋਲਣ ਲਈ ਹਿੱਸੇ ਆਏ। ਪੰਜਵਾਂ ਕੁ ਹਿੱਸਾ ਗੱਲ ਕਹਿ ਸਕਿਆ। ਹਰ ਮੀਟਿੰਗ ਵਿੱਚ ਏਵੇਂ ਹੀ ਹੁੰਦਾ ਹੈ; ਇਹ ਜਾਣਦਾ ਹੋਇਆ ਹੀ ਗਿਆ ਸਾਂ।ਕੁੱਝ ਕਹਿਣ ਲਈ ਨਹੀਂ ਬਲਕਿ ਜਗਤਾਰ ਸਿੰਘ ਹਵਾਰਾ ਅਤੇ ਪੰਜ ਸਿੰਘਾਂ ਦਾ ਮਾਣ ਰੱਖਣ ਲਈ ਗਿਆ ਸਾਂ ਕਿਉਂਕਿ ਅੱਜ ਕੌਮ ਉਨ੍ਹਾਂ ਦਾ ਸਤਿਕਾਰ ਕਰਦੀ ਹੈ ਏਸ ਲਈ ਕੌਮ ਦੇ ਸਤਿਕਾਰ ਵਿੱਚ ਹਾਜ਼ਰੀ ਭਰਨੀ ਜ਼ਰੂਰੀ ਸੀ।
27 ਅਕਤੂਬਰ 2016 ਦੇ ਪੰਜਾਬੀ ਟ੍ਰਿਬਿਊਨ ਵਿੱਚ ਸਿਮਰਨਜੀਤ ਸਿੰਘ ਮਾਨ ਦਾ ‘ਰਘੂਕੁਲ ਰੀਤ‘ ਅਨੁਸਾਰ ਬਿਆਨ ਆਇਆ ਜਿਸ ਵਿੱਚ ਦਸ ਕੁ ਭਲ਼ੇ ਲੋਕਾਂ ਉੱਤੇ ਤੁਹਮਤ ਲਾਈ ਗਈ ਸੀ ਕਿ ਇਹ ਸਰਬੱਤ ਖ਼ਾਲਸਾ ਨੂੰ ਪਿੱਛੇ ਪਾ ਕੇ ਕੇਜਰੀਵਾਲ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਕਰ ਰਹੇ ਹਨ। ਸੁਣਿਆ ਹੈ ਕਿ ਮਾਨ ਦਲ ਦੀ ਵੈੱਬਸਾਈਟ ਉੱਤੇ ਮਾਨ ਨੇ ਇਹ ਵੀ ਆਖਿਆ ਸੀ ਕਿ ਇਹ ਸਾਰੇ ਆਰ.ਐਸ.ਐਸ. ਨਾਲ ਮਿਲੇ ਹੋਏ ਹਨ। ਕਿਸੇ ਵੱਡੇ ਨਸ਼ੇ ਦੀ ਲੋਰ ਵਿੱਚ ਜੱਥੇਦਾਰ ਨੰਦਗੜ੍ਹ ਵਰਗੇ ਆਗੂਆਂ ਉੱਤੇ ਇੱਕ ਨਾ-ਅਹਿਲ ਪੁਲਸੀਆ ਅਤੇ ਇੱਕ ਕੌਮੀ ਬੋਝ ਬਣਿਆ ਨਕਾਰਾ ਆਗੂ ਘਟੀਆ ਦੋਸ਼ ਆਇਦ ਕਰ ਰਿਹਾ ਸੀ। ਕੋਈ ਹੈਰਾਨੀ ਨਾ ਹੋਈ ਕਿਉਂਕਿ ਸਿੱਖ ਕੌਮ ਦੇ ਸੱਚੇ-ਸੁੱਚੇ ਪ੍ਰਚਾਰਕਾਂ ਉੱਤੇ ਮਾਨ ਏਸ ਤੋਂ ਵੀ ਘਟੀਆ ਦੋਸ਼ ਲਗਾ ਚੁੱਕਿਆ ਹੈ। ਵੱਡੀਆਂ ਹਸਤੀਆਂ ਨਾਲ ਮੇਰਾ ਨਾਂਅ ਵੀ ਲਿਖਿਆ ਹੋਇਆ ਸੀ।
ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਨੇ ਤਾਂ ਜੁਆਬੀ ਬਿਆਨ ਵਿੱਚ ਇਹ ਆਖ ਕੇ ਸਾਹ ਲਿਆ ਸੀ ‘ਕਿ ਇਹ ਕੇਵਲ ਇੱਕ ਦਿਮਾਗੀ ਤਵਾਜ਼ਨ ਗੁਆ ਚੁੱਕੇ ਮਨੁੱਖ ਦੀ ਬੜਬੜਾਹਟ ਹੈ’। ਮੈਂ ਇਹ ਨਹੀਂ ਦੁਹਰਾਉਣਾ ਚਾਹੁੰਦਾ ਕਿਉਂਕਿ ਮੈਨੂੰ ਮਾਨ ਦੀ ਦਿਮਾਗੀ ਸਿਹਤ ਬਾਰੇ ਪੁਖਤਾ ਜਾਣਕਾਰੀ ਨਹੀਂ।
ਪਰ ਮੇਰੇ ਕੋਲ ਇਕਬਾਲੀਆ ਬਿਆਨਾਂ ਰਾਹੀਂ ਤਸਦੀਕ ਕੀਤੇ ਮਾਨ ਦੇ ਕੇਂਦਰੀ ਸਰਕਾਰ ਦੇ ਏਜੰਟ ਹੋਣ ਬਾਰੇ ਪੁਖਤਾ ਸਬੂਤ ਹਨ। ਉਹ ਮੈਂ ਜ਼ਰੂਰ ਪੰਥ ਦੀ ਕਚਹਿਰੀ ਵਿੱਚ ਰੱਖਣਾ ਚਾਹੁੰਦਾ ਹਾਂ।
1. ਪਹਿਲਾ ਸਬੂਤ ਸ੍ਰ. ਮਾਨ ਦਾ ਭਾਰਤ ਦੇ ਚੀਫ਼ ਜਸਟਿਸ ਨੂੰ ਦਿੱਤਾ ਹਲਫ਼ੀਆ ਬਿਆਨ ਹੈ। ਇਸ ਵਿੱਚ ਮਾਨ ਕਹਿੰਦਾ ਹੈ ਕਿ ਮੇਰਾ ਪਰਿਵਾਰ ਕਈ ਪੁਸ਼ਤਾਂ ਤੋਂ ਸਰਕਾਰ ਦਾ ਪੱਕਾ ਵਫ਼ਾਦਾਰ ਰਿਹਾ ਹੈ। ਉਸ ਦਾ ਭਾਰਤ ਦੇ ਸੰਵਿਧਾਨ ਅਤੇ ਸ਼ਾਂਤਮਈ ਪਹੁੰਚ ਉੱਤੇ ਪੂਰਾ ਯਕੀਨ ਹੈ। ਰਿਹਾਅ ਹੋਣ ਲਈ ਤਰਲੇ ਕੱਢਦਾ ਉਹ ਕਹਿੰਦਾ ਹੈ ਕਿ ਮੈਂ ਆਪਣੇ (ਖਾੜਕੂ) ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਹਥਿਆਰ ਚੁੱਕਣੇ ਵਾਜਬ ਨਹੀਂ। ਉਹ ਕਹਿੰਦਾ ਹੈ ਕਿ ਮੈਨੂੰ ਬਹੁਤ ਗ਼ਲਤ ਸਮਝਿਆ ਗਿਆ ਹੈ। ਮੈਨੂੰ ਆਪਣਾ ਫ਼ਲਸਫ਼ਾ ਪ੍ਰਚਾਰਨ ਦਾ ਮੌਕਾ ਦਿੱਤਾ ਜਾਏ।
2. ਸ.ਸ. ਮਾਨ ਦਾ ਦੂਜਾ ਇਕਬਾਲੀਆ ਬਿਆਨ ਉਸਦੀ ਸ੍ਵੈ-ਜੀਵਨੀ ਹੈ ਜੋ ਉਸ ਨੇ ਆਪਣੀ ਬੇਟੀ ਦੇ ਮੂੰਹ ਵਿੱਚ ਪਾ ਕੇ ਲਿਖੀ ਹੈ। ਏਸ ਵਿੱਚ ਉਹ ਆਪਣੀ ਉਪਰੋਕਤ ਚਿੱਠੀ ਲਿਖਣ ਦੀ ਪ੍ਰੋੜ੍ਹਤਾ ਵੀ ਕਰਦਾ ਹੈ।
3. ਤੀਜਾ ਇਕਬਾਲੀਆ ਬਿਆਨ ਉਸ ਦੇ 1989 ਦੀ ਰਿਹਾਈ ਤੋਂ ਦੂਜੇ ਦਿਨ ਅਕਾਲ ਤਖ਼ਤ ਉੱਤੇ ਬੋਲਦਿਆਂ ਆਖੇ ਸ਼ਬਦ ਹਨ। ਉਹ ਆਖ ਰਿਹਾ ਸੀ, ‘ਭਾਰਤ ਦੇ ਸੰਵਿਧਾਨ ਅੰਦਰ ਹਰ ਉਹ ਤੱਥ ਹੈ ਜੋ ਸਿੱਖਾਂ ਨੂੰ ਸੰਤੁਸ਼ਟ ਕਰਨ ਲਈ ਕਾਫ਼ੀ ਹੈ। ਸਿੱਖਾਂ ਨੇ ਕਦੇ ਸੰਵਿਧਾਨ ਪੜਿਆ ਹੀ ਨਹੀਂ, ਏਸ ਲਈ ਨਹੀਂ ਜਾਣਦੇ। ਮੈਂ ਜੇਲ੍ਹ ਵਿੱਚ ਵਿਹਲ ਕਾਰਣ ਏਸ ਨੂੰ ਚੰਗੀ ਤਰ੍ਹਾਂ ਘੋਖਿਆ ਹੈ ਅਤੇ ਮੈਂ ਇਹ ਗੱਲ ਦਾਅਵੇ ਨਾਲ ਆਖ ਸਕਦਾ ਹਾਂ’।
4. ਚੌਥਾ ਬਿਆਨ ਹੈ ਜੋ ਮਾਨ ਦੀ ਰਿਹਾਈ ਵਾਲੇ ਹਫ਼ਤੇ ਛਪੀ ਇੱਲਸਟ੍ਰੇਟਡ ਵੀਕਲੀ ਨੂੰ ਦਿੱਤਾ ਗਿਆ ਸੀ। ਏਸ ਦਾ ਕੁਝ ਅੰਸ਼ ਉਲੱਥਾ ਕਰ ਕੇ ਸੰਤ-ਸਿਪਾਹੀ ਰਸਾਲੇ ਨੇ ਵੀ ਛਾਪਿਆ ਜੋ ਅੱਜ-ਕੱਲ੍ਹ ਸੋਸ਼ਲ ਮੀਡੀਆ ਉੱਤੇ ਚੱਕਰ ਲਾ ਰਿਹਾ ਹੈ। ਉਸ ਵਿੱਚ ਉਹ ਭਾਰਤੀ ਹੋਣ ਉੱਤੇ ਮਾਣ ਕਰਦਾ ਹੈ।
ਉਪਰੋਕਤ ਚਾਰੇ ਬਿਆਨ ਆਪਣੇ-ਆਪ ਵਿੱਚ ਕੋਈ ਅਹਿਮੀਅਤ ਨਹੀਂ ਰੱਖਦੇ ਪਰ ਉਸ ਦੇ ਖਾੜਕੂ, ਕ੍ਰਿਪਾਨ ਬਹਾਦਰ ਅਤੇ ਖ਼ਾਲਿਸਤਾਨੀ ਅਕਸ ਦੇ ਫ਼ੋਕੇ ਦਮਗ਼ਜ਼ਿਆਂ ਦੀ ਪੋਲ ਬਖ਼ੂਬੀ ਖੋਲ੍ਹ ਦਿੰਦੇ ਹਨ।
ਏਸ ਤੋਂ ਬਾਅਦ ਏਸ ਦੀਆਂ ਸਿਆਸੀ ਚਾਲਾਂ ਤਾਂ ਬਿਲਕੁਲ ਹੀ ਏਸ ਦੇ ਤਨ ਉੱਤੇ ਕਪੜਾ ਨਹੀਂ ਰਹਿਣ ਦਿੰਦੀਆਂ:-
1. 1989 ਵਿੱਚ ਚੁਣੀ ਪਾਰਲੀਮੈਂਟ ਵੀ.ਪੀ. ਸਿੰਘ ਦੇ ਪ੍ਰਧਾਨ ਮੰਤਰੀ ਹੋਣ ਕਾਰਣ ਵੱਡਾ ਮੌਕਾ ਪ੍ਰਦਾਨ ਕਰ ਰਹੀ ਸੀ। ਸਿੱਖਾਂ ਦੇ ਕਤਲੇਆਮ, ਦਰਬਾਰ ਸਾਹਿਬ ਉੱਤੇ ਹਮਲੇ, ਲਾਇਬ੍ਰੇਰੀ ਦੇ ਸਾੜੇ ਜਾਣ ਬਾਰੇ ਅਤੇ ਦਰਿਆਈ ਪਾਣੀਆਂ ਦੀ ਲੁੱਟ ਦੀ ਵਾਰਤਾ ਖੋਲ੍ਹ ਕੇ ਕਾਰਵਾਈ ਵਿੱਚ ਦਰਜ ਕਰਵਾਈ ਜਾ ਸਕਦੀ ਸੀ। ਪਰ ਸ.ਸ. ਮਾਨ ਨੇ ਰਿਹਾਈ ਦੀਆਂ ਸ਼ਰਤਾਂ ਅਨੁਸਾਰ ਮੌਨ ਧਾਰਨਾ ਸੀ। ਏਸ ਲਈ ਤਿੰਨ ਫੁੱਟੀ ਕ੍ਰਿਪਾਨ ਦਾ ਪਿੱਟਨਾ ਪਾਇਆ ਗਿਆ। ਏਸ ਕਾਰਵਾਈ ਨੂੰ ਵੀ ਕਿਸੇ ਪੱਖੋਂ ਜਾਇਜ਼ ਕਿਹਾ ਜਾ ਸਕਦਾ ਜੇ ਅਗਲੀ ਵਾਰ ਇਹ ਕ੍ਰਿਪਾਨ ਨੂੰ ਕਿੱਲੀ ਉੱਤੇ ਟੰਗ ਕੇ, ਜਾਤੀ ਮੁਫ਼ਾਦ ਲਈ ਪਾਰਲੀਮੈਂਟ ਵਿੱਚ ਨਾ ਗਿਆ ਹੁੰਦਾ। ਕ੍ਰਿਪਾਨ ਵਰਤ ਕੇ ਐਸੀ ਸਫਾਈ ਨਾਲ ਏਸ ਨੇ ਸਿੱਖ ਸਿਆਸਤ ਨੂੰ ਜ਼ਿਬ੍ਹਾ ਕੀਤਾ ਕਿ ਪ੍ਰਕਿਰਿਆ ਦੇ ਅਸਲ ਮੰਤਵ ਤੋਂ ਅਜੇ ਤੱਕ ਵੀ ਕਈ ਬੇਖ਼ਬਰ ਹਨ।
2. ਜਦੋਂ ਖਾੜਕੂ ਵਿਚਾਰਧਾਰਾ ਦੀ ਚੜ੍ਹਤ ਸੀ ਅਤੇ ਬੁਨਿਆਦੀ ਸੱਤਾ ਪਰਿਵਰਤਨ ਦੀ ਪੱਕੀ ਸੰਭਾਵਨਾ ਸੀ, ਉਦੋਂ ਨੂੰ ਸ.ਸ. ਮਾਨ ਨੇ ਚੋਣ ਬਾਈਕਾਟ ਕਰ ਕੇ ਸਿੱਖ ਸਿਆਸਤ ਨੂੰ ਡੂੰਘੇ ਅੰਨ੍ਹੇ ਖੂਹ ਵਿੱਚ ਧੱਕ ਦਿੱਤਾ ਜਿਸ ਵਿੱਚੋਂ ਨਿਕਲਣ ਲਈ ਇਹ ਅੱਜ ਤੱਕ ਯਤਨਸ਼ੀਲ ਹੈ।
3. ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਜਜ਼ਬੇ ਨੂੰ ਅਜੇ ਕੱਲ੍ਹ ਹੀ ਏਸ ਨੇ ਏਨੀਂ ਸਫ਼ਾਈ ਨਾਲ ਸਰਬੱਤ ਖ਼ਾਲਸਾ ਨਾਅਰੇ ਦੇ ਰੌਲ਼ੇ-ਗੌਲ਼ੇ ਵਿੱਚ ਖ਼ੁਰਦ-ਬੁਰਦ ਕਰ ਦਿੱਤਾ ਕਿ ਬੇਅਦਬੀ ਵਿਰੁੱਧ ਇੱਕ ਲਫ਼ਜ਼ੀ ਮਤਾ ਵੀ ਨਾ ਪਾਇਆ ਜਾ ਸਕਿਆ; ਨਾ ਹੀ ਅਸਲ ਦੋਸ਼ੀਆਂ ਵੱਲ ਉੰਗਲ ਚੁੱਕੀ ਜਾ ਸਕੀ।
4. ਸਿੱਖ ਪੰਥ ਦੀਆਂ ਅਜ਼ੀਮ ਧਾਰਮਿਕ ਸੰਸਥਾਵਾਂ, ਦੇਸ਼-ਵਿਦੇਸ਼ ਵਿੱਚ ਸਥਾਪਤ ਗੁਰਦੁਆਰਿਆਂ ਆਦਿ ਨੂੰ ਬਦਨਾਮ ਸਾਕਤ-ਮੱਤ ਦੇ ਪ੍ਰਮੁੱਖ ਸਥਾਨਾਂ ਵਿੱਚ ਤਬਦੀਲ ਕਰਨ ਲਈ ਚੱਲ ਰਹੀ ਅਜੋਕੀ ਚਾਲ ਨੂੰ ਸਮਝਣ ਲਈ ਅੱਜ ਗੰਭੀਰਤਾ ਧਾਰਣ ਦਾ ਵਕਤ ਹੈ। ਗੁਰੂ ਗ੍ਰੰਥ ਸਾਹਿਬ ਦੀ ਆਖੇਪ ਕੀਤੀ ਬੀੜ ਨੂੰ ਸ.ਸ. ਮਾਨ ਦੇ ਸਹਿਯੋਗੀ ਤਕਰੀਬਨ ਹਰ ਗੁਰਦੁਆਰੇ ਵਿੱਚ ਸਥਾਪਿਤ ਕਰ ਚੁੱਕੇ ਹਨ। ਕਿਸੇ ਨੇ ਘੋਖਣ ਦੀ ਤਕਲੀਫ਼ ਨਹੀਂ ਉਠਾਈ। ਕਈ ਗੁਰਦੁਆਰਿਆਂ ਉੱਤੇ ਸ.ਸ. ਮਾਨ ਅਤੇ ਹਰਨਾਮ ਸਿੰਘ ਧੰੁਮਾ ਦੇ ਪੈਰੋਕਾਰ ਕਬਜ਼ੇ ਕਰ ਚੁੱਕੇ ਹਨ। ਅੱਜ ਇਨ੍ਹਾਂ ਦੋਨਾਂ ਵੱਲੋਂ ਮਿਲੇ ਇਸ਼ਾਰੇ ਕਾਰਣ ਅਸਲੀ ਸਿੱਖ ਪ੍ਰਚਾਰਕਾਂ ਨੂੰ ਡਰਾ-ਧਮਕਾ ਕੇ, ਕੁੱਟ-ਮਾਰ ਕੇ, ਗੋਲ਼ੀਆਂ ਦੀਆਂ ਵਾਛੜਾਂ ਕਰ ਕੇ ਚੁੱਪ ਕਰਵਾਇਆ ਜਾ ਰਿਹਾ ਹੈ। ਭਾਈ ਦਰਸ਼ਨ ਸਿੰਘ ਵਰਗੇ ਮਹਾਨ ਪ੍ਰਚਾਰਕ ਏਸੇ ਨੀਤੀ ਅਧੀਨ ਛੇਕੇ ਜਾ ਚੁੱਕੇ ਹਨ। 'ਛਬੀਲਾਂ ਲਗਦੀਆਂ ਰਹਿਣਗੀਆਂ' ਦੇ ਮਨਹੂਸ ਸੁਨੇਹੇ ਦਿੱਤੇ ਜਾ ਰਹੇ ਹਨ। ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਸਰਕਾਰ-ਹਿੰਦ ਨਾਲ ਮਿਲੀਭੁਗਤ ਦੇ ਕ੍ਰਿਸ਼ਮੇ ਹਨ।
5. 'ਸੰਪੂਰਨਤਾ ਦਿਵਸ' ਵਰਗੇ ਨਵੇਂ ਗੁਰਪੁਰਬ ਕੌਮ ਨੂੰ ਪਰੋਸੇ ਜਾ ਚੁੱਕੇ ਹਨ। ਗੁਰੂ ਦਰਬਾਰ ਦੇ ਮੰਜੀ ਸਾਹਿਬ ਦੇ ਦੀਵਾਨ ਸਮੇਟੇ ਜਾ ਚੁੱਕੇ ਹਨ, ਨਿਸ਼ਾਨ ਸਾਹਿਬਾਂ ਅਤੇ ਸਿਰੋਪਿਆਂ ਦੇ ਰੰਗ ਕੇਸਰੀ ਤੋਂ ਭਗਵੇਂ ਕੀਤੇ ਜਾ ਚੁੱਕੇ ਹਨ, ਦੁਕਾਨਾਂ ਦੀ ਤਰਜ਼ ਉੱਤੇ ਗੁਰਦੁਆਰੇ ਖੋਲ੍ਹੇ ਜਾ ਰਹੇ ਹਨ। ਦਲਿਤ, ਜਿਨ੍ਹਾਂ ਦਾ ਗੁਰੂ ਵਿਰਾਸਤ ਉੱਤੇ ਪਹਿਲਾ ਹੱਕ ਸੀ ਹਿੰਦੂਤਵ ਦੇ ਆਦੇਸ਼ ਅਨੁਸਾਰ ਪੰਥ ਤੋਂ ਦੂਰ ਧੱਕੇ ਜਾ ਚੁੱਕੇ ਹਨ। ਨਾਨਕਸ਼ਾਹੀ ਕੈਲੰਡਰ ਦੀ ਰੂਹ ਭ੍ਰਸ਼ਟ ਕਰ ਕੇ ਉਸ ਦੇ ਕਲਬੂਤ ਵਿੱਚ ਹਿੰਦੂਤਵ ਜੜਿਆ ਜਾ ਚੁੱਕਾ ਹੈ।
6. ਘਾਤਕ ਕੂੜ-ਪ੍ਰਚਾਰ ਜ਼ੋਰਾਂ ਉੱਤੇ ਹੈ ਅਤੇ ਬਲ ਦੇ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਦਮਦਮੇ ਸਾਹਿਬ ਦਸ਼ਮੇਸ਼ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਬੀੜ ਵਿੱਚ ਚੜ੍ਹਾਈ ਸੀ। ਹਾਲਾਂਕਿ ਭਾਈ ਹਰਦਾਸ ਵਾਲੀ ਬੀੜ ਸਮੇਤ ਅਨੇਕਾਂ ਅਕੱਟ ਪ੍ਰਮਾਣ ਹਨ ਕਿ ਨੌਵੇਂ ਪਾਤਸ਼ਾਹ ਖੁਦ ਹੀ ਅਪਾਰ ਕਿਰਪਾ ਕਰ ਕੇ ਆਪਣੀ ਬਾਣੀ ਗੁਰੂ ਗ੍ਰੰਥ ਵਿੱਚ ਸ਼ਾਮਿਲ ਕਰ ਗਏ ਸਨ। ਆਖਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਤਾਂ ਮਾਨਵਤਾ ਦੇ ਗ੍ਰੰਥ ਹਨ ਖ਼ਾਲਸੇ ਦਾ ਗ੍ਰੰਥ ਤਾਂ ਤ੍ਰਿਆ ਚਰਿਤ੍ਰ ਵਾਲਾ, ਚੌਵੀ ਅਵਤਾਰ ਵਾਲਾ ਬਚਿਤ੍ਰ ਨਾਟਕ ਗ੍ਰੰਥ ਹੈ।
ਉਪਰੋਕਤ ਦੀ ਰੌਸ਼ਨੀ ਵਿੱਚ ਜਾਪਦਾ ਹੈ ਕਿ ਜਿਹੜਾ ਸਿੱਖ ਇਕੱਠ ਉਪਰੋਕਤ ਗੰਭੀਰ ਵਿਸ਼ਿਆਂ ਨੂੰ ਵਿਚਾਰ ਕੇ ਸਮਾਧਾਨ ਦੇ ਤੌਰ-ਤਰੀਕੇ ਸਾਰਥਕ ਮਤਿਆਂ ਰਾਹੀਂ ਈਜ਼ਾਦ ਨਹੀਂ ਕਰਦਾ ਉਸ ਨੂੰ ਕਦਾਚਿਤ ਸਰਬੱਤ ਖ਼ਾਲਸਾ ਨਹੀਂ ਕਿਹਾ ਜਾ ਸਕਦਾ। ਪੁਰਾਤਨ ਰਵਾਇਤ ਅਨੁਸਾਰ ਸਰਬੱਤ ਖ਼ਾਲਸਾ ਕਰਨ ਤੋਂ ਪਹਿਲਾਂ ਮਸੰਦਾਂ ਨੂੰ ਸੋਧਣਾ, ਰਾਮਰਾਈਆਂ, ਧੀਰਮੱਲੀਆਂ ਨੂੰ ਛੇਕਣਾ ਜ਼ਰੂਰੀ ਹੈ। ਅਬਦਾਲੀ ਦੇ ਹਮ-ਰਕਾਬ ਹਰਿਭਗਤ ਨਿਰੰਜਣੀਆ, ਕਰਮਾ ਛੀਨਾ, ਰਾਮਾ ਰੰਧਾਵਾ ਕੌਮ ਨੂੰ ਇੱਕ ਕਦਮ ਵੀ ਅੱਗੇ ਨਹੀਂ ਵਧਣ ਦੇਣਗੇ। ਜੇ ਤੇਜਾ ਸਿੰਘ, ਲਾਲ ਸਿੰਘ, ਗੁਲਾਬ ਸਿੰਘ ਆਗੂ ਰਹਿਣਗੇ ਤਾਂ ਸਰਬੱਤ ਖਾਲਸੇ ਕੱਖਾਂ ਵਾਂਗ ਰੁੱਲ ਜਾਣਗੇ, ਕੌਮ “ਇਕ ਸਰਦਾਰ ਬਾਝੋਂ ਜਿੱਤ ਕੇ ਅੰਤ ਨੂੰ” ਹਾਰਦੀ ਰਹੇਗੀ।
ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.