ਕੈਟੇਗਰੀ

ਤੁਹਾਡੀ ਰਾਇ



ਗੁਰਤੇਜ ਸਿੰਘ ( IAS )
ਬੁੱਤ , ਸਰਦਾਰ ਦੇ ਸਰਦਾਰ , ਦਾ ਲੱਗੇ ਜਾਂ ਸਿਰਦਾਰ ਦਾ ?
ਬੁੱਤ , ਸਰਦਾਰ ਦੇ ਸਰਦਾਰ , ਦਾ ਲੱਗੇ ਜਾਂ ਸਿਰਦਾਰ ਦਾ ?
Page Visitors: 2856

ਬੁੱਤ , ਸਰਦਾਰ ਦੇ ਸਰਦਾਰ , ਦਾ ਲੱਗੇ ਜਾਂ ਸਿਰਦਾਰ ਦਾ ?
ਗੁਰਤੇਜ ਸਿੰਘ
ਪਿੱਛੇ ਜਿਹੇ ਚੋਣ ਪ੍ਰਚਾਰ ਆਰੰਭ ਕਰਨ ਲਈ ਬੀ.ਜੇ.ਪੀ. ਦਾ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਪੰਜਾਬ ਆਇਆ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਨੂੰ ‘ਸਰਦਾਰ’ ਲਕਬ ਨਾਲ ਸੰਬੋਧਨ ਕੀਤਾ। ਗੁਜਰਾਤ ਵਿੱਚ ਉਹ ਸਾਬਕਾ ਗ੍ਰਹਿਮੰਤਰੀ ਸਰਦਾਰ ਵਲਭ ਭਾਈ ਪਟੇਲ ਦਾ ਬਹੁਤ ਵੱਡਾ ਬੁੱਤ ਲਾਉਣਾ ਚਾਹੁੰਦਾ ਹੈ ਅਤੇ ਉਸ ਲਈ ਮੁਲਕ ਦੇ ਸਾਰੇ ਪਿੰਡਾਂ ਤੋਂ ਮਿੱਟੀ ਅਤੇ ਜ਼ਰਾਇਤੀ ਸੰਦ ਇਕੱਠੇ ਕਰ ਰਿਹਾ ਹੈ ਜਿਨ੍ਹਾਂ ਨੂੰ ਢਾਲ ਕੇ ਬੁਤ ਬਣਾਇਆ ਜਾਣਾ ਹੈ। ਮੋਦੀ ਨੂੰ ਘੱਟੋ-ਘੱਟ ਪੰਦਰਾਂ ਕਰੋੜ ਹਿੰਦ ਦੇ ਲੋਕ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲਾ ਜਾਣਦੇ ਹਨ।
ਅੱਜ ਕਲ੍ਹ ਸਾਹਮਣੇ ਆ ਰਹੇ ਤੱਥ ਬਾਦਲ ਨੂੰ ਸਿੱਖਾਂ ਦੇ ਕਤਲੇਆਮ ਅਤੇ ਅਨੇਕਾਂ ਗੁਰਦ੍ਵਾਰਿਆਂ ਦੇ ਢਾਉਣ ਅਤੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲਿਆਂ ਦਾ ਮਦਦਗਾਰ ਪੁਕਾਰ-ਪੁਕਾਰ ਕੇ ਆਖ ਰਹੇ ਹਨ। ਵੱਲਭ ਭਾਈ ਪਟੇਲ ਨੂੰ ਵੀ ਮੋਦੀ ਵਾਂਗ ਹੀ ਹੈਦਰਾਬਾਦ ਦੇ ਹਜ਼ਾਰਾਂ ਮੁਸਲਮਾਨਾਂ ਦਾ ਕਾਤਲ ਜਾਣਿਆ ਜਾਂਦਾ ਹੈ। ਉਸ ਨੇ ਦਿੱਲੀ ਅਤੇ ਪੰਜਾਬ ਵਿੱਚ ਵੀ ਅਨੇਕਾਂ ਸਿੱਖ ਅਤੇ ਮੁਸਲਮਾਨ ਕਤਲ ਕਰਵਾਏ ਸਨ। ਪਟੇਲ ਉਸ ਕਾਂਗਰਸ ਦਾ ਮੈਂਬਰ ਸੀ ਜਿਸ ਪਾਰਟੀ ਨੂੰ ਸਭ ਤੋਂ ਵੱਧ ਬਾਦਲ ਅਤੇ ਉਸ ਤੋਂ ਥੋੜਾ ਘੱਟ ਮੋਦੀ ਪਾਣੀ ਪੀ-ਪੀ ਭੰਡ ਰਹੇ ਹਨ। ਉਸ ਨੇ ਭਾਰਤ ਦਾ ਗ੍ਰਹਿ ਮੰਤਰੀ ਹੁੰਦਿਆਂ ਰਾਸ਼ਟ੍ਰੀਆ ਸਵੈਮ ਸੇਵਕ ਸੰਘ (ਰਸਸ) ਉੱਤੇ ਪਾਬੰਦੀ ਲਾਈ ਸੀ ਅਤੇ ਉਸ ਦੀ ਵਿਚਾਰਧਾਰਾ ਨੂੰ ਭੰਡਿਆ ਸੀ। ਮੋਦੀ ਰਸਸ ਦਾ ਪ੍ਰਚਾਰਕ ਰਿਹਾ ਹੈ ਅਤੇ ਉਸ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ। ਪਤਾ ਨਹੀਂ ਇਹਨਾਂ ਨੇ ਅਨੇਕਾਂ ਕਤਲੇਆਮਾਂ ਲਈ ਜ਼ਿੰਮੇਵਾਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੇ ਕਲੱਬ ਵਿੱਚ ਕਿਉਂ ਸ਼ਾਮਲ ਨਹੀਂ ਕੀਤਾ! ਜਦੋਂ ਕਿ ਪਟੇਲ ਨਾਲ ਏਹੋ ਸਾਂਝ ਵੱਧ ਚੜ੍ਹ ਕੇ ਪਾਲ ਰਹੇ ਹਨ।
ਸ਼ਾਇਦ ਇਸ ਲਈ ਕਿ ਉਸ ਨੇ ਪਟੇਲ, ਮੋਦੀ ਅਤੇ ਬਾਦਲ ਤੋਂ ਵੀ ਵੱਧ ਸਫ਼ਾਈ ਨਾਲ ਕਤਲੇਆਮ ਕਰਵਾਏ ਸਨ। ਬਾਬਰ, ਹਲਾਗੂ, ਚੰਗੇਜ਼ ਖ਼ਾਨ, ਇਦੀ ਅਮੀਨ, ਹਿਟਲਰ, ਸਟੈਲਿਨ, ਮਾਓ ਆਦਿ ਨੂੰ ਵੀ ਏਸੇ ਗੱਲੋਂ ਸ਼ਾਇਦ ਬਾਹਰ ਰੱਖਿਆ ਗਿਆ ਹੈ। ਖ਼ੈਰ! ਇਹ ਇਹਨਾਂ ਦਾ ਅੰਦਰੂਨੀ ਮਸਲਾ ਹੈ ਅਤੇ ਕਲੱਬ ਦੇ ਨੇਮਾਂ ਉਪਨੇਮਾਂ ਉੱਤੇ ਨਿਰਭਰ ਹੈ। ‘ਸਰਦਾਰ’ ਮੋਦੀ ਦਾ ਜ਼ਿਕਰ ਏਨਾਂ ਹੀ ਕਾਫ਼ੀ, ਪਰ ‘ਸਰਦਾਰ’ ਦੇ ਸਰਦਾਰ ਬਾਰੇ ਵਾਕਫ਼ੀਅਤ ਹਾਸਲ ਕਰਨਾ ਜ਼ਰੂਰੀ ਹੈ ਕਿਉਂਕਿ ਉਸ ਦੀ ਵਿਚਾਰਧਾਰਾ, ਬੰਦੇ ਖਾਣੀ ਨੀਤੀ ਉੱਤੇ ਹਿੰਦ ਦਾ ਤਖ਼ਤ ਡਾਹੁਣ ਦਾ ਵੱਡਾ ਯਤਨ ਆਰੰਭ ਵੀ ਹੋ ਚੁੱਕਿਆ ਹੈ।
ਵੱਲਭ ਭਾਈ ਪਟੇਲ ਸਥਾਈ ਬਹੁਗਿਣਤੀ ਸੱਭਿਆਚਾਰ ਦਾ ਪ੍ਰਤੀਕ ਬਣ ਕੇ ਉੱਭਰਨਾ ਚਾਹੁੰਦਾ ਸੀ। ਸਥਾਈ ਸਭਿਆਚਾਰਕ ਬਹੁਗਿਣਤੀ (ਸਸਬਹੁ) ਉਸ ਵੇਲੇ ਦੇ ਪ੍ਰਮੁੱਖ ਆਗੂਆਂ ਦੀ ਸਮਝ ਮੁਤਾਬਕ ਬਾਕੀ ਧਰਮਾਂ ਲਈ ਨਫ਼ਰਤ ਦੀ ਪ੍ਰਤੀਕ ਸੀ। ਦੋ ਹਜ਼ਾਰ ਸਾਲਾਂ ਬਾਅਦ ਹੋਈ ਸਿਆਸੀ ਚੜ੍ਹਤ ਕਾਰਣ ਬਾਕੀ ਸਾਰੇ ਸੱਭਿਆਚਾਰ ਅਤੇ ਜਨ-ਸਮੂਹ ਇਸ ਨੂੰ ਕੀੜੇ-ਮਕੌੜੇ ਜਾਪਦੇ ਸਨ। ਆਪਣੇ ਥੋੜੇ ਜਿਹੇ ਸਮੇਂ ਵਿੱਚ ਵੱਲਭ ਭਾਈ ਪਟੇਲ ਨੇ ਜੰਮੂ (1947) ਅਤੇ ਹੈਦਰਾਬਾਦ (1948) ਵਿੱਚ ਮੁਸਲਮਾਨਾਂ ਦਾ ਭਾਰੀ ਕਤਲੇਆਮ ਕਰਵਾਇਆ। ਦਿੱਲੀ ਅਤੇ ਪੰਜਾਬ ਵਿੱਚ ਅਜਿਹੇ ਕਤਲਾਂ ਨੂੰ ਹੱਲਾ ਸ਼ੇਰੀ ਦਿੱਤੀ ਅਤੇ ਹਥਿਆਰ ਮੁਹੱਈਆ ਕਰਵਾਏ। ਸਰਕਾਰ ਵੱਲੋਂ ਥਾਪੀ ਸੁੰਦਰਲਾਲ ਕਮੇਟੀ ਦਾ ਅਨੁਮਾਨ ਸੀ ਕਿ ਹੈਦਰਾਬਾਦ ਵਿੱਚ 27000 ਤੋਂ ਲੈ ਕੇ 40,000 ਲੋਕ ਮਾਰੇ ਗਏ ਸਨ। ਪਟੇਲ ਹੈਦਰਾਬਾਦ ਨੂੰ ‘ਭਾਰਤ ਦੇ ਦਿਲ ਦਾ ਨਾਸੂਰ’ ਆਖਦਾ ਸੀ ਅਤੇ ਇਸ ਦੇ ਸਾਂਝੇ ਸੱਭਿਆਚਾਰ ਨੂੰ ਖ਼ਤਮ ਕਰਨ ਦਾ ਚਾਹਵਾਨ ਸੀ।
ਦਿੱਲੀ ਦੇ ਮੁਸਲਮਾਨਾਂ ਦਾ ਨੁਕਸਾਨ ਕਰਨ ਲਈ ਪਟੇਲ ਨੇ ਧਾਰਨਾ ਬਣਾਈ ਕਿ ਇਹ ਪਾਕਿਸਤਾਨ ਪੱਖੀ ਹਨ ਅਤੇ ਹਥਿਆਰਾਂ ਨਾਲ ਸਰਕਾਰ ਪਲਟਣਾ ਚਾਹੁੰਦੇ ਹਨ। ਪਾਰਲਾਮੈਂਟ ਦੀ ਅਨੈਕਸੀ ਵਿੱਚ ‘ਮੁਸਲਮਾਨਾ ਕੋਲੋਂ ਬਰਾਮਦ ਕੀਤੇ’ ਹਥਿਆਰਾਂ ਦੀ ਨੁਮਾਇਸ਼ ਲਗਾਈ ਗਈ। ਮਾਊਂਟ ਬੈਟਨ ਨੂੰ ਵਿਖਾਉਣ ਵਾਸਤੇ ਪਟੇਲ ਆਪ ਆਇਆ। ਉੱਥੇ ਕੁਝ ਛੁਰੀਆਂ, ਤਲਵਾਰਾਂ, ਖੇਤੀ ਬਾੜੀ ਦੇ ਸੰਦ ਅਤੇ ਘਰਾਂ ਵਿੱਚ ਸਬਜ਼ੀ-ਮੀਟ ਆਦਿ ਕੱਟਣ ਵਾਲੇ ਚਾਕੂ, ਦਾਤ ਰੱਖੇ ਹੋਏ ਸਨ। ਇੱਕ ਜ਼ਰ-ਖਾਧੀ ਆਲੂ ਕੱਟਣ ਵਾਲੀ ਛੁਰੀ ਨੂੰ ਹੱਥ ਵਿੱਚ ਲੈ ਕੇ ਮਾਊਂਟ ਬੈਟਨ ਨੇ ਆਖਿਆ ਕਿ ਜੇ ਮੁਸਲਮਾਨ ਸਮਝਦੇ ਹਨ ਕਿ ਏਹੋ ਜਿਹੇ ਹਥਿਆਰਾਂ ਨਾਲ ਇਹ ਰਾਜ ਪਲਟਾ ਲਿਆ ਸਕਦੇ ਹਨ ਤਾਂ ਇਹ ਸਿਆਸੀ ਅਨਾੜੀ ਹੀ ਹਨ?
ਸਿੱਖ ਸੱਭਿਆਚਾਰ ਅਤੇ ਸਿੱਖਾਂ ਵਾਸਤੇ ਉਸ ਦੇ ਵਿਚਾਰ ਏਨੇਂ ਹੀ ਮਾਰੂ ਸਨ। ਸੰਵਿਧਾਨ ਘਾੜਨੀ ਸਭਾ ਵਿੱਚ ਜਦੋਂ ਸਿੱਖਾਂ ਨੇ ਹੋਏ ਸਮਝੌਤੇ, ਕੀਤੇ ਗੰਭੀਰ ਵਾਅਦਿਆ ਅਤੇ ਇੰਡੀਆ ਇੰਡੀਪੈਂਡਸ ਕਾਨੂੰਨ ਅਨੁਸਾਰ ਵੱਖਰੇ ਚੋਣ ਹਲਕੇ ਅਤੇ ਕਾਂਗਰਸ ਦੀ ਆਦਿ ਤੋਂ ਚੱਲੀ ਆ ਰਹੀ ਨੀਤੀ ਅਨੁਸਾਰ ਪੰਜਾਬੀ ਸੂਬੇ ਦੀ ਮੰਗ ਕੀਤੀ ਤਾਂ ਪਟੇਲ ਸੜ ਬਲ਼ ਕੇ ਕੋਲਾ ਹੋ ਗਿਆ। ਘੱਟ ਗਿਣਤੀਆਂ ਦੇ ਅਧਿਕਾਰ, ਸਲਾਹਕਾਰ ਕਮੇਟੀ ਰਾਹੀਂ, ਸੰਵਿਧਾਨ ਘਾੜਨੀ ਸਭਾ ਪਹਿਲਾਂ ਹੀ (ਅਗਸਤ 1947 ਵਿੱਚ) ਪ੍ਰਵਾਨ ਕਰ ਚੁੱਕੀ ਸੀ। ਇਹਨਾਂ ਨੂੰ ਸੰਵਿਧਾਨ ਦੇ ਖਰੜੇ ਵਿੱਚ ਚੌਧਵੇਂ ਹਿੱਸੇ ਵਜੋਂ ਦਰਜ ਕੀਤਾ ਜਾ ਚੁੱਕਾ ਸੀ। ਪਟੇਲ ਨੇ ਇਹਨਾਂ ਨੂੰ ਖਾਰਜ ਕਰਨ ਵਾਸਤੇ ਸਫ਼ਲ ਯਤਨ ਕੀਤਾ। ਬਹਿਸ ਦੌਰਾਨ ਸਿੱਖ ਨੁਮਾਇੰਦਿਆਂ ਨੇ ਕਾਇਮ ਰੱਖਣ ਦੀ ਵਕਾਲਤ ਕੀਤੀ ਤਾਂ ਪਟੇਲ ਨੇ ਸਲਾਹਕਾਰ ਕਮੇਟੀ ਦੀ ਰਪਟ ਜੋ ਮਈ 11, 1949 ਨੂੰ ਵਿਧਾਨ ਘਾੜਨੀ ਸਭਾ ਵਿੱਚ ਪੇਸ਼ ਕੀਤੀ ਗਈ, ਵਿੱਚ ਲਿਖਵਾਇਆ ਕਿ ‘ਸਿੱਖਾਂ ਦੀਆਂ ਮੰਗਾਂ ਮੂਲ ਰੂਪ ਵਿੱਚ ਮੁਸਲਮ ਲੀਗ ਦੀ ਪਾਕਿਸਤਾਨ ਦੀ ਮੰਗ ਨਾਲ ਮੇਲ ਖਾਂਦੀਆਂ ਹਨ ਜਿਨ੍ਹਾਂ ਦਾ ਮੁਲਕ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਹੋਇਆ ਹੈ।’ ਇਹ ਆਰੰਭ ਸੀ ਸਿੱਖਾਂ ਨੂੰ ‘ਵੱਖਵਾਦੀ, ਪਾਕਿਸਤਾਨ ਪੱਖੀ, ਦੇਸ਼ ਵਿਰੋਧੀ’ ਪ੍ਰਚਾਰਨ ਦਾ ਜੋ ਅੱਜ ਤੱਕ ਬਾ-ਦਸਤੂਰ ਜਾਰੀ ਹੈ।
1947 ਤੋਂ ਤੁਰੰਤ ਬਾਅਦ ਪੰਜਾਬ ਦਾ ਸੁਹਿਰਦ ਹਿੰਦੂ, ਸਿੱਖਾਂ ਦੀ ਸੇਵਾ ਦੀ ਕਦਰ ਕਰਦਿਆਂ, ਸਿੱਖਾਂ ਨਾਲ ਝਗੜਨਾ ਨਹੀਂ ਸੀ ਚਾਹੁੰਦਾ। ਪੰਜਾਬ ਅਸੰਬਲੀ ਦੇ ਹਿੰਦੂ ਮੈਂਬਰਾਂ ਨੇ ਮਤਾ ਪਾ ਕੇ ਸਿਫ਼ਾਰਸ਼ ਕੀਤੀ ਕਿ ਸਿੱਖਾਂ ਨੂੰ ਬਣਦੇ ਸਿਆਸੀ ਹੱਕ ਦੇ ਕੇ ਸੰਤੁਸ਼ਟ ਕੀਤਾ ਜਾਵੇ। ਇਵੇਂ ਹੀ ਇਸ ਧਾਰਨਾ ਦੀ ਪੁਸ਼ਟੀ ਹਿਤ ਮਸ਼ਾਹੂਰ ਪੱਤਰਕਾਰ ਦੁਰਗਾਦਾਸ ਸਮੇਤ ਹਿੰਦੂ ਵਫਦ ਨਹਿਰੂ ਨੂੰ ਮਿਲਿਆ। ਇਸੇ ਸਦਭਾਵਨਾ ਅਧੀਨ ਉਸ ਵੇਲੇ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗੋ ਨੇ ਪਟੇਲ ਨੂੰ ਪ੍ਰੇਰਨਾ ਦਿੱਤੀ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਮੰਨ ਲਈਆਂ ਜਾਣ। ਪਟੇਲ ਨੇ ਇੱਕ ਬਹੁਤ ਜ਼ਹਿਰੀਲਾ ਧਮਕੀ-ਭਰਿਆ ਪੱਤਰ 8 ਜੂਨ 1950 ਨੂੰ ਲਿਖਿਆ। ਭਾਰਗੋ ਨੂੰ ਤਾੜਨਾ ਕੀਤੀ ਕਿ ਜੇ ਉਸ ਨੇ ਇਹ ਰਵੱਈਆ ਜਾਰੀ ਰੱਖਿਆ ਤਾਂ ਉਸ ਦਾ ਮੁੱਖ ਮੰਤਰੀ ਪਦ ’ਤੇ ਬਣਿਆ ਰਹਿਣਾ ਮੁਸ਼ਕਲ ਹੋ ਜਾਵੇਗਾ। ਉਸ ਵਿਚਾਰੇ ਨੇ ਡਰ ਨਾਲ ਕੰਬਦਿਆਂ 21 ਜੂਨ 1950 ਨੂੰ ਮੁਆਫ਼ੀਨਾਮਾ ਲਿਖ ਕੇ ਖਹਿੜਾ ਛੁਡਾਇਆ। ਕੇਂਦਰੀ ਸਰਕਾਰ ਦੇ ਇਸ ਵਤੀਰੇ ਨੇ ਪੰਜਾਬ ਅਤੇ ਪੰਜਾਬ ਦੇ ਨਿਰਪੱਖ ਸੁਹਿਰਦ ਹਿੰਦੂ ਦਾ ਭਵਿੱਖ ਤਬਾਹ ਕਰ ਕੇ ਸਿਆਸੀ ਸੱਤਾ ਦਾ ਸਮਤੋਲ ਜ਼ਹਿਰੀ ਫ਼ਿਰਕੂ ਜਨੂੰਨੀ ਆਰੀਆ ਸਮਾਜੀਆਂ ਦੇ ਹੱਥ ਦੇ ਦਿੱਤਾ। ਇਉਂ ਪੰਜਾਬ ਦੇ ਵਿਹੜੇ ਵਿੱਚ ਸਦਾ ਲਈ ਸੇਹ ਦਾ ਤੱਕਲਾ ਗੱਡਿਆ ਗਿਆ। ਜਿਸ ਦਾ ਨਤੀਜਾ ਲੱਖਾਂ ਅਣਆਈ ਮੌਤਾਂ ਅਤੇ ਪੰਜਾਬ ਦੀ ਤਬਾਹੀ ਵਿੱਚ ਨਿਕਲਿਆ ਹੈ।
ਉਹਨੀਂ ਦਿਨੀਂ ਏਸੇ ਤਰ੍ਹਾਂ ਇਸ ਦੇ ਗੁਰੂ ਮੋਹਨਦਾਸ ਕਰਮਚੰਦ ਗਾਂਧੀ ਨੇ ਸਿੱਖਾਂ ਨੂੰ ‘ਅੱਤਵਾਦੀ, ਹਿੰਸਕ, ਉਜੱਡ’ ਪ੍ਰਚਾਰਨ ਦੀ ਮੁਹਿੰਮ ਆਪਣੀਆਂ ਪ੍ਰਾਰਥਨਾ ਸਭਾਵਾਂ ਵਿੱਚ ਪੂਰੇ ਜੋਬਨ ਉੱਤੇ ਚਲਾਈ ਹੋਈ ਸੀ। ਇਹ ਨੱਥੂ ਰਾਮ ਗੌਡਸੇ ਵੱਲੋਂ ਇਸ ਨੂੰ ਅਗਾਂਹ ਤੋਰਨ ਦੇ ਦਿਨ ਤੱਕ ਜਾਰੀ ਰਹੀ। ਕਿਨ੍ਹਾਂ ਥਾਵਾਂ ਉੱਤੇ ਅੱਜ ਵੀ ਜਾਰੀ ਹੈ ਅਤੇ ਅਨੇਕਾਂ ਦਿਲਾਂ ਨੂੰ ਲੂਹ ਚੁੱਕੀ ਹੈ। ਇਉਂ ਗੁਰੂ-ਚੇਲੇ ਨੇ ਰਲ਼ ਕੇ ਸਿੱਖਾਂ ਦੀ ਅਤੇ ਮੁਲਕ ਦੀ ਬਰਬਾਦੀ ਦਾ ਗਾਡੀ ਰਾਹ ਪ੍ਰਪੱਕ ਕੀਤਾ। ਸੱਚ ਹੈ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ।
ਮਹਾਰਾਜਾ ਪਟਿਆਲਾ ਓਦੋਂ ਚੇਂਬਰ ਔਵ ਪ੍ਰਿੰਸਿਸ ਦਾ ਪ੍ਰਧਾਨ (ਚਾਂਸਲਰ) ਸੀ। ਪਟੇਲ ਨੇ ਏਸ ਰਾਹੀਂ ਕਈ ਰਾਜਿਆਂ ਨੂੰ ਪ੍ਰੇਰ ਕੇ ਭਾਰਤੀ ਸੰਘ ਵਿੱਚ ਲਿਆਉਣਾ ਸੀ। ਇਸ ਲਈ ਯਾਦਵਿੰਦਰ ਸਿੰਘ ਨੂੰ ਖ਼ੂਬ ਵਡਿਆਇਆ ਗਿਆ। ਉਸ ਨੂੰ ਸਾਰੇ ਪੰਜਾਬ ਦੀਆਂ ਰਿਆਸਤਾਂ ਦਾ ਸਾਂਝਾ ਰਾਜਪ੍ਰਮੁੱਖ ਬਣਾਇਆ ਗਿਆ। ਪੈਪਸੂ ਦਾ ਉਦਘਾਟਨ ਕਰਨ ਆਏ ਪਟੇਲ ਨੇ ਅਜਿਹੇ ਰਾਜੇ ਦੀ ਪਰਜਾ ਬਣ ਕੇ ਰਹਿਣ ਦੀ ਆਪਣੀ ਖਾਹਸ਼ ਹਲੇਮੀ ਅਤੇ ਪੂਰਣ ਮੀਸਣੇਪਣ ਨਾਲ ਪੇਸ਼ ਕੀਤੀ। ਪਰ ਜਦੋਂ ਕੰਮ ਹੋ ਗਿਆ, ਰਿਆਸਤਾਂ ਜ਼ਜ਼ਬ ਕਰ ਲਈਆਂ ਗਈਆਂ ਤਾਂ ਇਸੇ ਪਟੇਲ ਨੇ ਅਤਿ ਖਰ੍ਹਵੇਪਣ ਨਾਲ ਪੈਪਸੂ ਦੇ ਸੁਲਾਕੁਲ ਸਿੱਖ ਖਾਸੇ ਨੂੰ ਮੇਟਣ ਲਈ ਸਿੱਖ ਅਹਿਲਕਾਰਾਂ ਨੂੰ ਬਰਖਾਸਤ ਕਰ ਕੇ ਇਥੇ ਘਟੀਆ ਫ਼ਿਰਕੂ ਜ਼ਿਹਨੀਅਤ ਵਾਲੇ ਅਫ਼ਸਰ ਨਿਯੁਕਤ ਕੀਤੇ ਜਿਨ੍ਹਾਂ ਨੇ ਬੇ-ਰਹਿਮੀ ਨਾਲ ਸਿੱਖ ਕਦਰਾਂ-ਕੀਮਤਾਂ ਅਤੇ ਸਿੱਖ ਦਿੱਖ ਵਾਲੇ ਅਹਿਲਕਾਰਾਂ ਦਾ ਵਿਆਪਕ ਘਾਣ ਕੀਤਾ। ਗਿਆਨ ਸਿੰਘ ਰਾੜੇਵਾਲਾ ਦੀ ਬਹੁਗਿਣਤੀ ਨੂੰ ਵਿਸਾਰ ਕੇ ਕਾਂਗਰਸ ਦੀ ਸਰਕਾਰ ਬਣਵਾਈ ਗਈ ਜੋ ਬਜਟ ਪੇਸ਼ ਕਰਨ ਸਮੇਂ ਹੀ ਮੂੰਹ ਦੇ ਭਾਰ ਡਿੱਗ ਪਈ। ਅਕਾਲੀਆਂ ਨੂੰ ਸੱਤਾ ਤੋਂ ਪਾਸੇ ਰੱਖਣ ਦੇ ਯਤਨ ਦੀ ਨਾ-ਕਾਮਯਾਬੀ ਤੋਂ ਖਿਝ ਕੇ ਪਟੇਲ ਨੇ ਘਟੀਆ ਹਰਬਾ ਵਰਤਦਿਆਂ, ਗਿਆਨ ਸਿੰਘ ਰਾੜੇਵਾਲਾ ਮੰਤਰੀ ਮੰਡਲ ਨੂੰ ਬਰਖ਼ਾਸਤ ਕਰ ਕੇ ਇੱਥੇ ‘ਗਵਰਨਰੀ’ ਰਾਜ ਲਗਾ ਦਿੱਤਾ। ਟ੍ਰੈਵਨਕੋਰ-ਕੋਚੀਨ ਤੋਂ ਬਾਅਦ ਨਵੇਂ ਇੰਤਜਾਮ ਅਧੀਨ ਪਹਿਲਾ ਗਵਰਨਰੀ ਰਾਜ ਪੰਜਾਬ ਵਿੱਚ ਹੀ ਲਾਗੂ ਹੋਇਆ। ਇਸ ਉੱਤੇ ਟਿੱਪਣੀ ਕਰਦਿਆਂ ਉਸ ਵੇਲੇ ਦੇ ਭਾਰਤ ਸਰਕਾਰ ਦੇ ਕਾਨੂੰਨ ਮੰਤਰੀ ਡਾਕਟਰ ਅੰਬੇਡਕਰ ਨੇ ਆਖਿਆ ਸੀ, ‘‘ਇਹ ਸੰਵਿਧਾਨ ਨਾਲ ਬਲਾਤਕਾਰ ਹੈ।’’ ਅਕਾਲੀ ਸਰਕਾਰਾਂ ਨੂੰ ਬਹਾਨੇ ਘੜ ਕੇ ਬਰਖਾਸਤ ਕਰਨ ਦਾ ਇਹ ਮਨਹੂਸ ਅਮਲ ਪੰਜਾਬ ਵਿੱਚ 1980 ਤੱਕ ਜਾਰੀ ਰਿਹਾ। ਇਹੋ ਵਤੀਰਾ ਕਈ ਪੁਆੜਿਆਂ, ਕਤਲੇਆਮਾਂ, ਮੋਰਚਿਆਂ ਦੀ ਅਸਲ ਜੜ੍ਹ ਬਣਿਆ ਅਤੇ ਆਨੰਦਪੁਰ ਸਾਹਿਬ ਦੇ ਮਤੇ ਦਾ ਮੂਲ ਕਾਰਣ।
ਗੁਰੂ-ਚੇਲੇ ਦੇ ਸਿੱਖ ਵਿਰੋਧੀ ਰਵੱਈਏ ਨੇ ਸਿੱਖੀ ਅਤੇ ਸਿੱਖਾਂ ਦੀ ਹੋਂਦ ਨੂੰ ਹੀ ਖ਼ਤਰੇ ਵਿੱਚ ਪਾ ਦਿੱਤਾ ਸੀ। ਮਹਾਰਾਜਾ ਪਟਿਆਲਾ ਨੇ ਗ੍ਰਹਿਮੰਤਰੀ ਪਟੇਲ ਨੂੰ ਇਸ ਰਾਹ ਤੋਂ ਹੋੜਨ ਲਈ ਕਈ ਪੱਤਰ ਲਿਖੇ ਜਿਨ੍ਹਾਂ ਵਿੱਚ 5 ਸਤੰਬਰ 1947, 13 ਸਤੰਬਰ 1947 ਅਤੇ 2 ਨਵੰਬਰ 1947 ਦੇ ਪੱਤਰ ਖ਼ਾਸ ਹਨ। ਉਸ ਨੇ ਲਿਖਿਆ, ‘ਸੰਪੂਰਣ ਯੋਜਨਾ-ਬੱਧ ਢੰਗ ਨਾਲ ਸਿੱਖਾਂ ਵਿਰੁੱਧ ਅਮਰੀਕਾ, ਇੰਗਲੈਂਡ ਆਦਿ ਵਿੱਚ ਭੰਡੀ-ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਉੱਤੇ ਕਤਲੇਆਮ ਦਾ ਦੋਸ਼ ਮੜਿ੍ਹਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਦਾ ਤਾਂ ਆਪਣਾ ਹੀ ਘਾਣ ਹੋਇਆ ਹੈ।.... ਸਰਕਾਰ ਨੇ ਉਹਨਾਂ ਨੂੰ ਸੁਰੱਖਿਆ ਦੇਣੀ ਸੀ.... ਉਲਟੇ... ।
ਹੁਣ ਆਮ ਸਿੱਖਾਂ ਨੂੰ ਯਕੀਨ ਹੋ ਗਿਆ ਹੈ ਕਿ ਮਸਲਾ ਸਿਆਸੀ ਸੱਤਾ ਗੁਆਉਣ ਤੱਕ ਸੀਮਤ ਨਹੀਂ। ਇਸ ਨਵੇਂ ਨਿਜ਼ਾਮ ਵਿੱਚ ਉਹਨਾਂ ਨੂੰ ਆਪਣੀ ਹੋਂਦ ਹੀ ਖਤਰੇ ਵਿੱਚ ਪਈ ਜਾਪਦੀ ਹੈ।.....’।
ਜ਼ਾਹਰ ਹੈ ਕਿ 15 ਦਸੰਬਰ 1950 ਨੂੰ ਹੋਈ ਪਟੇਲ ਦੀ ਮੌਤ ਤੱਕ ਇਸ ਮਨੋਬਿਰਤੀ ਨੂੰ ਕੁਈ ਮੋੜ ਨਾ ਪਿਆ ਅਤੇ ਨਾ ਹੀ ਬਾਅਦ ਵਿੱਚ ਗੇਂਦ ਭੂੰਜੇ ਡਿੱਗਣ ਦਿੱਤੀ ਗਈ!
ਨਕਲੀ ਸਰਦਾਰਾਂ ਦੀ ਗੱਲ ਕਰਦਿਆਂ-ਕਰਦਿਆਂ ਜ਼ੁਬਾਨ ਪੱਕਣ ਤੱਕ ਦੀ ਨੌਬਤ ਆ ਗਈ ਹੈ।
ਹੁਣ ਏਸ ਵਿਚਾਰੀ ਨੂੰ ਕੁਝ ਰਾਹਤ ਦੇਣ ਲਈ ਅਸਲੀ ਸਿਰਦਾਰ ਦਾ ਜ਼ਿਕਰ ਕਰੀਏ। ਸਿੱਖੀ ਦੇ ਸਦੀਵੀ ਸੱਚ ਨਾਲ ਪ੍ਰਣਾਏ ਸਿਰਦਾਰ ਕਪੂਰ ਸਿੰਘ ਨੇ ਸਿੱਖ-ਵਿਰੋਧੀ ਮਾਨਸਿਕਤਾ ਵਿੱਚੋਂ ਪੈਦਾ ਹੋਣ ਵਾਲੇ ਚੰਦਰੇ ਮਨਸੂਬਿਆਂ ਨੂੰ ਤੁਰੰਤ ਭਾਂਪ ਲਿਆ ਸੀ। ਆਪਣੀ ਜਗਤ-ਪ੍ਰਸਿੱਧ ਸਾਚੀ ਸਾਖੀ ਵਿੱਚ ਉਹਨਾਂ ਨੇ ਇਸ ਦੀਆਂ ਕਈ ਪਰਤਾਂ ਨੂੰ ਦਿਨ ਦੇ ਚਾਨਣੇ ਵਿੱਚ ਲਿਆਂਦਾ ਹੈ। ਉਹਨਾਂ ਨੇ ਇੱਕ ਗਸ਼ਤੀ ਪੱਤਰ ਦਾ ਹਵਾਲਾ ਦਿੱਤਾ ਹੈ ਜਿਸ ਰਾਹੀਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੂੰ ਇੱਕ ਗਸ਼ਤੀ ਪੱਤਰ ਲਿਖ ਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਸੀ। ਉਸ ਨੂੰ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰਨ ਲਈ ਆਖਿਆ ਤਾਂ ਕਿ ਸਿੱਖਾਂ ਨਾਲ ਸਖ਼ਤੀ ਕੀਤੀ ਜਾ ਸਕੇ। ਇਸ ਪੱਤਰ ਦਾ ਅੰਤਮ ਤਰਕ ਸਿੱਖੀ ਦੇ ਖ਼ਾਤਮੇ ਉੱਤੇ ਜਾ ਕੇ ਨਿੱਬੜਦਾ ਹੈ। ਖ਼ਾਸ ਤੌਰ ਉੱਤੇ ਓਦੋਂ ਜਦੋਂ ਇਹ ਧਾਰਨਾ ਸਰਕਾਰਾਂ ਦੀ ਮਨਸ਼ਾ ਬਣ ਜਾਵੇ। ਤੋਪਾਂ, ਟੈਕ ਦਰਬਾਰਾਂ ਨੂੰ ਢਾਹੁਣ ਲਈ ਅਕਸਮਾਤ ਹੀ ਗ਼ੈਬ ਵਿੱਚੋਂ ਪ੍ਰਗਟ ਨਹੀਂ ਹੋ ਜਾਂਦੇ। ਕਤਲੋਗਾਰਤ, ਅੱਗਾਂ, ਬਲਾਤਕਾਰਾਂ ਦੇ ਬੀਜ ਏਨੇਂ ਹੀ ਸੂਖਮ ਹੁੰਦੇ ਹਨ। ਸਾਡੀ ਪੀੜੀ ਦੀ ਬਦਕਿਸਮਤੀ ਹੈ ਕਿ ਸਾਨੂੰ ਆਪਣੇ ਜੀਵਨ ਵਿੱਚ ਇਹਨਾਂ ਨੂੰ ਬੋਹੜ ਬਣਿਆ ਦੇਖਣਾ ਪਿਆ। ਸਾਡੇ ਸਿਰਦਾਰ ਨੇ ਅਜਿਹੀ ਫ਼ਸਲ ਦੇ ਬੀਜ ਵੇਖਦਿਆਂ ਹੀ ‘ਸ਼ਹਿਨਸ਼ਾਹੀ’ ਤਿਆਗ ਕੇ ਫ਼ਕੀਰੀ ਧਾਰ ਲਈ ਸੀ। ਉਹ ਇੱਕ ਪਲ਼ ਵਿੱਚ ਆ ਕੇ ਆਪਣੀ ਕੌਮ ਨਾਲ ਮੈਦਾਨ ਵਿੱਚ ਡਟ ਗਿਆ ਸੀ। ਦੂਜੇ ਪਾਸੇ ਸਰਦਾਰ ਦਾ ਸਰਦਾਰ ਅਤੇ ਇਹਨਾਂ ਦੇ ਝੋਲੀ ਚੁੱਕ ਕੇਹੇ ਹਨ ਜੋ ਸਾਰਾ ਇਤਿਹਾਸ ਸਾਹਮਣੇ ਖੁੱਲਾ ਪਿਆ ਵੇਖ ਕੇ ਵੀ ਸਬਕ ਨਹੀਂ ਸਿੱਖਦੇ?
ਨਫ਼ਰਤਾਂ ਦੇ ਵਣਜਾਰੇ, ਵੱਡੀ ਨਫ਼ਰਤ ਦੇ ਵੱਡੇ ਵਣਜਾਰੇ ਦਾ 600 ਫੁੱਟ ਉੱਚਾ ਬੁੱਤ ਲਾਉਣ ਚੱਲੇ ਹਨ। ਅਜੇ ਹਿੰਦ ਦੇ ਇੱਕ ਤਬਕੇ ਨੇ ਕੇਵਲ 63 ਸਾਲ ਹੀ ਆਜ਼ਾਦ ਫ਼ਿਜ਼ਾ ਵਿੱਚ ਸਾਹ ਲਿਆ ਹੈ। ਕੀ ਇਹ ਅਜਿਹੀਆਂ ਕਰਤੂਤਾਂ ਰਾਹੀਂ ਕਿਤੇ ਇੱਕ ਤਬਕੇ ਤੱਕ ਸੀਮਤ ਆਜ਼ਾਦੀ ਕਬਰ ਤਾਂ ਨਹੀਂ ਪੁੱਟਣ ਜਾ ਰਹੇ?
ਪਟੇਲ ਨੂੰ ਦੇਸ਼ ਦੀ ਏਕਤਾ ਅਖੰਡਤਾ ਦਾ ਆ¦ਬਰਦਾਰ ਮੰਨਿਆ ਜਾ ਰਿਹਾ ਹੈ। ਉਸ ਸਮੇਂ ਦੇ ਨਿਰਪੱਖ ਦਸਤਾਵੇਜ਼ਾਂ ਤੋਂ ਸਪਸ਼ਟ ਹੈ ਕਿ ਹਜ਼ਾਰਾਂ ਸਾਲਾਂ ਤੋਂ ਅਖੰਡ ਚੱਲੇ ਆਉਂਦੇ ਉਪ-ਦ੍ਵੀਪ ਨੂੰ ਖੰਡ-ਖੰਡ ਕਰਨ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਸਭ ਤੋਂ ਵੱਡ ਯੋਗਦਾਨ ਪਟੇਲ ਦਾ ਹੀ ਸੀ। ਮੁਨਸ਼ੀ, ਮੌਲਾਨਾ ਆਜ਼ਾਦ ਅਤੇ ਵੇਵਲ ਮੁਸਲਮਾਨਾਂ ਨੂੰ ਪਾਕਿਸਤਾਨ ਵਿੱਚ ਧੱਕਣ ਲਈ ਇਹਨਾਂ ਤਿੰਨਾਂ ਨੂੰ ਹੀ ਦੋਸ਼ੀ ਦੱਸਦੇ ਹਨ। ਕਾਨੂੰਨਦਾਨ ਸੀਰਵਾਈ ਅਤੇ ਅਨੇਕਾਂ ਹੋਰ ਇਤਿਹਾਸਕਾਰ ਏਸ ਸੱਚ ਨੂੰ ਉਜਾਗਰ ਕਰ ਚੁੱਕੇ ਹਨ। ਪਰ ਇਹਨਾਂ ਸਰਦਾਰਾਂ ਦੇ ਪੈਰੋਕਾਰ ਪਤਾ ਨਹੀਂ ਕਿਹੜੀ ਪਸ਼ਤੋ ਬੋਲਦੇ ਹਨ ਜਿਸ ਵਿੱਚ ਮੁਲਕ ਨੂੰ ਕਈ ਟੁਕੜਿਆਂ ਵਿੱਚ ਵੰਡਣ ਵਾਲੇ ਨੂੰ ਏਕਤਾ ਅਖੰਡਤਾ ਦਾ ਅਵਤਾਰ ਆਖਿਆ ਜਾਂਦਾ ਹੈ। ਪਠਾਣ ਨੇ ‘ਬ੍ਰਹਮਚਾਰੀ’ ਲਫਜ਼ ਦਾ ਅਰਥ ਸੁਣ ਕੇ ਆਖਿਆ ਸੀ, ‘ਬੋਲੀ ਬੋਲੀ ਦਾ ਫਰਕ ਹੈ’।
ਕਿਸੇ ਆਪਣੇ ਲੋਕਾਂ ਦੇ ਲਹੂ ਉੱਤੇ ਸਿੰਘਾਸਣ ਡਾਹੁਣ ਵਾਲੇ ਲਈ ਨਫ਼ਰਤ ਤਹਿਤ ਦੋ-ਚਾਰ ਹਜ਼ਾਰ ਨਿਰਦੋਸ਼ ਮੁਸਲਮਾਨਾਂ ਨੂੰ ਸਟੇਟ ਦੀ ਸ਼ਕਤੀ ਨਾਲ ਕਤਲ ਕਰ ਦੇਣ ਵਾਲਾ ਸਰਦਾਰ ਹੈ। ਕਿਸੇ ਮਹਿਜ਼ ਦੋ ਚਾਰ-ਹ²ਜ਼ਾਰ ਮੁਸਲਮਾਨਾਂ ਦਾ ਕਤਲ ਕਰਨ ਵਾਲੇ ਲਈ 40 ਹ²ਜ਼ਾਰ ਨਿਹੱਥੇ ਮੁਸਲਮਾਨਾਂ ਦਾ ਸਰਕਾਰ ਦੀ ਸ਼ਕਤੀ ਨਾਲ ਕਤਲ ਕਰਨ ਵਾਲਾ ਸਰਦਾਰ ਹੈ ਜਿਸਦਾ 600 ਫੁੱਟ ਉੱਚਾ ਬੁੱਤ ਲੱਗਣਾ ਚਾਹੀਦਾ ਹੈ। ਨੀਲੇ ਘੋੜੇ ਵਾਲੇ ਦੀ ਸੱਥ ਵਿੱਚ ਅਸੀਂ ਉਸ ਨੂੰ ‘ਸਿਰਦਾਰ’ ਆਖਦੇ ਹਾਂ ਜਿਸ ਦਾ ਵਜੂਦ ਪਿਆਰ ਦਾ ਮੁਜੱਸਮਾ ਹੋਵੇ ਅਤੇ ਜੋ ਆਪਣੇ ਲੋਕਾਂ ਨੂੰ ਮਾਰੂ ਹਮਲੇ ਤੋਂ ਬਚਾਉਣ ਲਈ ਆਪਣਾ ਸਰਵਤਰ ਵਾਰ ਦੇਵੇ। ਕਮੀਨੇ, ਸ਼ਿਖੰਡੀ ਹਮਲਾਵਰ ਜ਼ਹਿਰੀ ਤੀਰਾਂ ਤੋਂ ਨਿਰਦੋਸ਼, ਨਿਹੱਥੇ ਲੋਕਾਂ ਦਾ ਬਚਾਅ ਕਰਨ ਲਈ ਆਪਣੀ 56 ਇੰਚ ਦੀ ਛਾਤੀ ਡਾਹ ਕੇ ਨੰਗੇ ਧੜ ਪੈਂਤੜਾ ਮੱਲ ਲਵੇ। ਸਾਰੀ ਉਮਰ ਉਸ ਪੈਂਤੜੇ ਉੱਤੇ ਅਡਿੱਗ ਰਹੇ। ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਨ ਹੈ, ‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ’’।
ਪਠਾਣ ਸੱਚ ਕਹਿੰਦਾ ਸੀ ‘ਬੋਲੀ ਬੋਲੀ ਦਾ ਫ਼ਰਕ ਹੈ।’
ਜੇ ‘ਸਰਦਾਰ’ ਦੇ ਮੋਢਿਆਂ ਉੱਤੇ ਸਰਦਾਰ ਖੜ੍ਹ ਜਾਵੇ ਤਾਂ ਵੀ ਦੋਨੋਂ ਮਿਲ ਕੇ ਸਿਰਦਾਰ ਦੇ ਗਿੱਟੇ ਤੱਕ ਨਾ ਅਪੜਨ। ਪਰ ਕੀ ਸਿਰਦਾਰ ਕਪੂਰ ਸਿੰਘ ਦਾ 600 ਫੁੱਟ ਦਾ ਬੁੱਤ ਲੱਗਣਾ ਚਾਹੀਦਾ ਹੈ? ਨਹੀਂ ਲੱਗਣਾ ਚਾਹੀਦਾ! ਸਿਰਦਾਰ ਵਰਗੇ ਲੱਖਾਂ ਸਿਰਦਾਰ ਤਾਂ ਕਲਗ਼ੀਧਰ ਦੇ ਨੀਲੇ ਦੇ ਮਹਿਜ਼ ਸਾਈਸ ਹਨ, ਮਹਿਜ ਘਾਹੀ ਹਨ। 600 ਫੁੱਟ ਦਾ ਬੁੱਤ ਸਾਹਿਬਾਂ ਦੇ ਦਰਬਾਰ ਵਿੱਚਕਾਰ ਆਪਣੇ ਹਾਣੀਆਂ ਵਿੱਚ ਬੈਠੇ ਸਿਰਦਾਰ ਲਈ ਸੰਗ, ਸ਼ਰਮਸਾਰੀ ਦਾ ਸਵੱਬ ਬਣ ਜਾਵੇਗਾ! ਭੱਠ ਪਵੇ ਸੋਨਾ ਜਿਹੜਾ ਕੰਨ ਖਾਵੇ !

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.