ਕੈਟੇਗਰੀ

ਤੁਹਾਡੀ ਰਾਇ



ਗੁਰਤੇਜ ਸਿੰਘ ( IAS )
ਨਵਾਂ ਨਾਅਰਾ, “ਧਰਮ-ਨਿਰਪੱਖਤਾ ਨੂੰ ਸੰਵਿਧਾਨ-ਨਿਕਾਲਾ, ਘੱਟ ਗਿਣਤੀਆਂ ਨੂੰ ਦੇਸ਼ ਨਿਕਾਲਾ”
ਨਵਾਂ ਨਾਅਰਾ, “ਧਰਮ-ਨਿਰਪੱਖਤਾ ਨੂੰ ਸੰਵਿਧਾਨ-ਨਿਕਾਲਾ, ਘੱਟ ਗਿਣਤੀਆਂ ਨੂੰ ਦੇਸ਼ ਨਿਕਾਲਾ”
Page Visitors: 2660

ਨਵਾਂ ਨਾਅਰਾ, “ਧਰਮ-ਨਿਰਪੱਖਤਾ ਨੂੰ ਸੰਵਿਧਾਨ-ਨਿਕਾਲਾ, ਘੱਟ ਗਿਣਤੀਆਂ ਨੂੰ ਦੇਸ਼ ਨਿਕਾਲਾ”
ਲੋਕ-ਸੰਪਰਕ ਮਹਿਕਮਾ ਅੱਜਕੱਲ੍ਹ ਹਰ ਸੰਸਥਾ, ਹਰ ਸਰਕਾਰ ਦਾ ਅਹਿਮ ਅੰਗ ਹੈ। ਏਸ ਦਾ ਕੰਮ ਹੁੰਦਾ ਹੈ ਰਾਈ ਦੇ ਪਹਾੜ ਬਣਾਉਣਾ ਅਰਥਾਤ ਆਪਣੀ ਸਰਕਾਰ ਦੇ ਗੁਣਗਾਨ ਕਰਨਾ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਪੰਜਾਬ ਵਿਚਲੇ ਮਨੁੱਖੀ ਅਧਿਕਾਰ ਹਨਨ ਉੱਤੇ ਚਰਚਾ ਸੀ। ਸ਼ੁਰੂਆਤ ਇਹਨਾ ਮਰਾਸੀਆਂ ਨਾਲ ਹੀ ਹੋਈ। ਆਖਣ ਲੱਗੇ ਹਿੰਦੋਸਤਾਨ ਵਿੱਚ ਧਰਮ-ਨਿਰਪੱਖ ਸੰਵਿਧਾਨ ਹੈ, ਚੁਣੀ ਹੋਈ ਸਰਕਾਰ ਹੈ, ਆਜ਼ਾਦ ਪ੍ਰੈੱਸ ਹੈ, ਨਿਰਪੱਖ ਨਿਆਂਪਾਲਿਕਾ ਹੈ, ਜਬ੍ਹੇ ਵਾਲੇ ਮਨੁੱਖੀ ਅਧਿਕਾਰ ਸੰਗਠਨ ਹਨ, ਅਮਨਪਸੰਦ ਬਹੁਗਿਣਤੀ ਹੈ ਜੋ ਧੱਕਾ ਕਰਨ ਹੀ ਨਹੀਂ ਜਾਣਦੀ – ਸਭ ਅੱਛਾ ਹੈ। ਪੰਜਾਬ ਵਿੱਚ ਕੁਝ ਕਾਨੂੰਨ ਹੱਥ ਵਿੱਚ ਲੈਣ ਵਾਲੇ ਲੋਕ ਹਨ, ਉਹਨਾਂ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾ ਰਿਹਾ ਹੈ।
ਦੂਜੇ ਪੱਖ ਦੀ ਵਾਰੀ ਆਈ ਤਾਂ ਉਹਨਾਂ ਇੱਕ ਚੁਟਕਲੇ ਨਾਲ ਆਪਣੀ ਗੱਲ ਸ਼ੁਰੂ ਕੀਤੀ।
“ਤਾਜ਼ਾ ਮਰੇ ਦੀ ਆਤਮਾ ਰੱਬ ਕੋਲ ਪੇਸ਼ ਕੀਤੀ। ਧਰਮਰਾਜ ਨੇ ਆਖਿਆ ਏਸ ਦੇ ਪੁੰਨ, ਪਾਪ ਤਕਰੀਬਨ ਬਰਾਬਰ ਹਨ। ਇਹ ਸੁਰਗ ਵੀ ਜਾ ਸਕਦਾ ਹੈ ਤੇ ਨਰਕ ਵੀ। ਓਸ ਆਖਿਆ ਪਹਿਲਾਂ ਥੋੜ੍ਹੀ ਜਿਹੀ ਝਲਕ ਵਿਖਾ ਦਿਉ। ਰੱਬ ਦੀ ਪ੍ਰਵਾਨਗੀ ਉਪਰੰਤ ਓਸ ਨੂੰ ਪਹਿਲਾਂ ਨਰਕ ਦੀ ਝਾਕੀ ਵਿਖਾਈ ਗਈ। ਫੁੱਲ-ਬੂਟੇ, ਫਲ਼ਾਂ ਨਾਲ ਲੱਦੇ ਬਾਗ, ਰੂੰ ਨਾਲੋਂ ਨਰਮ ਬੱਦਲਾਂ ਦੇ ਗਦੈਲਿਆਂ ਉੱਤੇ ਸਜੀਆਂ ਰੰਗਾ ਰੰਗ ਮਹਿਫ਼ਲਾਂ, ਲੋਹੜੇ ਦੇ ਨਖ਼ਰੇ ਵਾਲੀਆਂ ਨਾਚੀਆਂ……ਆਦਿ-ਆਦਿ। ਸੁਰਗ ਵੀ ਵਿਖਾਇਆ ਗਿਆ। ਸਾਧੂ-ਮਹਾਤਮਾ ਸਮਾਧੀਆਂ ਵਿੱਚ ਲੀਨ, ਧਾਰਮਕ ਰਸਮਾਂ, ਬੇਨਤੀਆਂ, ਅਰਦਾਸਾਂ ਵਿੱਚ ਜੁੜੇ ਲੋਕ, ਤਿਆਰ ਕੀਤੇ ਜਾ ਰਹੇ ਸਾਦਾ ਖਾਣੇ ਆਦਿ-ਆਦਿ।
ਵਾਪਸ ਆ ਕੇ ਓਸ ਨੇ ਫ਼ੈਸਲਾ ਦੱਸਿਆ,‘ਨਰਕ ਹੀ ਠੀਕ ਰਹੂ।’ ਆਖਦਿਆਂ ਸਾਰ ਨਰਕ ਦੀ ਕੰਧ ਪਾੜ ਕੇ ਇੱਕ ਛੁਰੀਆਂ ਵਰਗੇ ਨਹੁੰਆਂ ਵਾਲਾ ਭੀਮਕਾਯ ਹੱਥ ਨਿਕਲਿਆ ਅਤੇ ਓਸ ਨੇ ਝਪਟ ਕੇ ਆਤਮਾ ਨੂੰ ਫੜ ਕੇ ਨੇੜੇ ਤਪਦੇ ਤੇਲ ਦੇ ਕੜਾਹੇ ਵਿੱਚ ਸੁੱਟ ਦਿੱਤਾ। ਉਹ ਪਿੱਟਿਆ,‘ਮੇਰੇ ਨਾਲ ਧੋਖਾ ਹੋਇਆ ਹੈ। ਮੈਨੂੰ ਵਿਖਾਇਆ ਕੁਝ ਹੋਰ ਹੀ ਸੀ।’ ਰੱਬ ਜੀ ਮੋਹਣੀ ਰੂਪ ਹੋ ਅਦਾ ਨਾਲ ਮੁਸਕਰਾਏ ਅਤੇ ਬੋਲੇ,‘ਅੱਛਾ ਉਹ? ਉਹ ਤਾਂ ਸਾਡਾ ਲੋਕ ਸੰਪਰਕ ਵਿਭਾਗ ਸੀ।’ ਏਸੇ ਨਾਲ ਕੰਧ ਦਾ ਪਾੜ ਬੰਦ ਹੋ ਗਿਆ।”
ਓਬਾਮਾ ਵਿਚਾਰਾ ਓਸ ਮੁਲਕ ਦਾ ਸੀ ਜਿੱਥੇ ਕਹਿਣੀ-ਕਰਨੀ ਦਾ ਫ਼ਰਕ ਮਿਟਾਉਣ ਲਈ ਸਰਕਾਰਾਂ ਲਗਾਤਾਰ ਜੂਝਦੀਆਂ ਰਹਿੰਦੀਆਂ ਹਨ, ਜਿੱਥੇ ਕਾਨੂੰਨ ਦੇ ਫ਼ੀਤੇ ਲਾ-ਲਾ ਕੇ ਗੁਨਾਹ ਨਾਪੇ ਜਾਂਦੇ ਹਨ। ਜਿੰਨੀ ਦੇਰ ਓਸ ਨੇ ਅੰਦਰ ਝਾਕਣ ਦੀ ਕੋਸ਼ਿਸ਼ ਨਾ ਕੀਤੀ ਉਹ ਵਧੀਆ ਸੁਖਾਵੇਂ ਬੋਲ ਬੋਲਦਾ ਰਿਹਾ ਅਤੇ ਭਾਰਤੀ ਮੀਡੀਆ ਦਾ, ਬਹੁਗਿਣਤੀ ਲੋਕਾਂ ਦਾ ਚਹੇਤਾ ਬਣਿਆ। ਫੁੱਲਾਂ ਨਾਲ ਓਸ ਨੂੰ ਲੱਦਿਆ ਗਿਆ। ਜਾਣ ਲੱਗਿਆਂ ਓਸ ਦੇ ਮੂੰਹ ਵਿੱਚੋਂ ਬੇਬਸ ਹੋ ਕੇ ਸੱਚ ਨਿਕਲ ਗਿਆ। ਓਸ ਆਖਿਆ ਜੇ ਧਰਮ-ਨਿਰਪੱਖ ਸੰਵਿਧਾਨ ਨੂੰ ਲਾਗੂ ਨਹੀਂ ਕਰੋਗੇ ਤਾਂ ਤੁਹਾਡਾ ਮੁਲਕ ਟੋਟੇ-ਟੋਟੇ ਹੋ ਜਾਵੇਗਾ।
ਸੱਚ ਬਹੁਤ ਕੌੜਾ, ਕਾਲ਼ਾ, ਕੁਸੈਲਾ ਸੀ। ਹੁਣ ਓਬਾਮਾ ਨੂੰ ਅਤੇ ਨਾਲ ਹੀ ਵਿਚਾਰੀ ਮਿਸ਼ੈਲ ਨੂੰ ਘਰ-ਘਰ ਛੱਜ ਵਿੱਚ ਪਾ ਕੇ ਛੱਟਿਆ ਜਾ ਰਿਹਾ ਹੈ। ਓਸ ਦਾ ਹੁਲੀਆ ਵਿਗਾੜਨ ਵਾਲਿਆਂ ਦੀ ਤਰਕੀਬ ਹੈ ਕਿ ਕਿਉਂ ਨਾ ਏਸ ਸੰਵਿਧਾਨ ਦੇ ਚਿਹਰੇ ਉੱਤੇ ਨਸ਼ਤਰ ਮਾਰ ਕੇ ਵਿੱਚੋਂ “ਧਰਮ ਨਿਰਪੱਖ” ਸ਼ਬਦ ਹੀ ਕੱਢ ਦਿੱਤਾ ਜਾਵੇ। ਆਖ਼ਰ ਕਈ ਨਾਮੁਰਾਦ ਬਿਮਾਰੀਆਂ ਦਾ ਇਲਾਜ ਵੀ ਇਵੇਂ ਹੀ ਹੁੰਦਾ ਹੈ! ਭਾਰਤ ਦੇ ਸਾਰੇ ਨਿੱਕਰਾਂ, ਤਿਲਕਾਂ ਵਾਲੇ ਜਾਂਬਾਜ਼ ਸ਼ਿਵ ਸੈਨਾ ਦੀ ਏਸ ਤਜਵੀਜ਼ ਉੱਤੇ ਪਹਿਰਾ ਦੇਣ ਲਈ ਡਾਂਗਾਂ ਨੂੰ ਤੇਲ ਨਾਲ ਲਿਸ਼ਕਾ ਰਹੇ ਹਨ। ਹੁਣ ‘ਧਰਮ-ਨਿਰਪੱਖ’ ਲਫ਼ਜ਼ ਦੀ ਖ਼ੈਰ ਨਹੀਂ – ਜਾਂ ਤਾਂ ਏਸ ਨੂੰ ਸੰਵਿਧਾਨ-ਨਿਕਾਲਾ ਮਿਲੇਗਾ ਜਾਂ ਚੁੱਪ-ਚੁਪੀਤੇ ਘਟ ਗਿਣਤੀਆਂ ਨੂੰ ਦੇਸ਼-ਨਿਕਾਲਾ।
ਸਿੱਖ ਕਿਸੇ ਭੁਲੇਖੇ ਵਿੱਚ ਨਾ ਰਹਿਣ। ਓਪਰੀ ਅਪਣੱਤ ਮਹਿਜ਼ ਧ੍ਰਿਤਰਾਸ਼ਟਰ ਦੀ ਜੱਫੀ ਹੈ। ‘ਕੱਛ ਕੜਾ ਕ੍ਰਿਪਾਨ, ਧੱਕ ਦਿਆਂਗੇ ਪਾਕਿਸਤਾਨ’ ਦੇ ਨਾਅਰੇ ਤਾਂ ਕਈ ਵਾਰ ਲੱਗ ਚੁੱਕੇ ਹਨ। ਕੀ ਹੁਣ ਕਮਰਕੱਸੇ ਕਰਨ ਦਾ ਸਮਾਂ ਆ ਗਿਆ ਹੈ?
ਗੁਰਤੇਜ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.