ਧੜਿਆਂ ਤੋਂ ਨਿਰਲੇਪ ਸਿੱਖ ਕੀ ਕਰਨ? – ਗੁਰਤੇਜ ਸਿੰਘ
ਕੌਮ ਦੀ ਸਿਆਸੀ ਅਤੇ ਧਾਰਮਕ ਹੋਂਦ ਉੱਤੇ ਧਾੜੇ ਪੈ ਚੁੱਕੇ ਹਨ ਅਤੇ ਕੌਮ-ਵਿਰੋਧੀ ਤਾਕਤਾਂ ਇਹਨਾਂ ਖੇਤਰਾਂ ਉੱਤੇ ਕਾਬਜ਼ ਹੋ ਚੁੱਕੀਆਂ ਹਨ। ਸਿੱਖ ਸਮਾਜ ਏਸ ਕਬਜ਼ੇ ਦਾ ਅਸਰ ਤਾਂ ਕਬੂਲ ਚੁੱਕਿਆ ਹੈ ਪਰ ਅਜੇ ਤੱਕ ਓਸ ਨੇ ਦੁਸ਼ਮਣ ਦੇ ਸਾਹਮਣੇ ਗੋਡੇ ਨਹੀਂ ਟੇਕੇ। ਹੁਣ ਆਪਣੇ ਅਵੇਸਲੇਪਣ ਵਿੱਚ ਗਵਾਈ ਤਾਕਤ ਨੂੰ ਦੁਬਾਰਾ ਹਾਸਲ ਕਰਨ ਲਈ ਸਿੱਖ ਸਮਾਜ ਨੂੰ ਆਪਣੇ ਸਥਾਨਕ ਆਗੂ ਉਸਾਰਨ ਲਈ ਇੱਕ ਮਹਾਂ-ਯਤਨ ਕਰਨਾ ਚਾਹੀਦਾ ਹੈ। ਕਈ ਸੋਚਵਾਨਾਂ ਦਾ ਵਿਚਾਰ ਹੈ ਕਿ ਹੇਠ ਲਿਖੇ ਮਤਿਆਂ ਉੱਤੇ ਭਰਪੂਰ ਵਿਚਾਰ-ਵਟਾਂਦਰਾ ਕਰ ਕੇ, ਅਮਲ ਕਰ ਕੇ, ਜੇ ਲੋਕ ਆਪਣੇ ਈਮਾਨਦਾਰ ਸਥਾਨਕ ਆਗੂ ਉਸਾਰ ਲੈਣ ਤਾਂ ਉਹ ਆਪਣਾ ਅਤੇ ਪੰਜਾਬ ਦਾ ਭਵਿੱਖ ਮਹਿਫ਼ੂਜ਼ ਕਰਨ ਵੱਲ ਵੱਡੀ ਪੁਲਾਂਘ ਪੁੱਟ ਸਕਦੇ ਹਨ। ਆਪਣੀ ਹੋਣੀ ਦੀਆਂ ਵਾਗਾਂ ਦੁਸ਼ਮਣਾਂ, ਗੱਦਾਰਾਂ ਅਤੇ ਦਿਸ਼ਾਹੀਣ ਆਗੂਆਂ ਕੋਲੋਂ ਖੋਹ ਕੇ ਆਪਣੇ ਹੱਥ ਜਲਦੀ ਲੈ ਸਕਦੇ ਹਨ।
(1)
ਬਾਦਲ ਦਲ (ਪੰਜਾਬੀ ਪਾਰਟੀ) ਰਾਹੀਂ ਰਾਸ਼ਟਰੀਯ ਸਵਯੰ ਸੇਵਕ ਸੰਘ (RSS) ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਕੀਤਾ ਜਾ ਰਿਹਾ ਘਾਣ ਅਤੇ ਏਸ ਮਕਸਦ ਦੇ ਰਾਹ ਵਿੱਚ ਰੋੜਾ ਬਣੇ ਕੌਮੀ ਭਾਵਨਾ ਤੋਂ ਪ੍ਰੇਰਿਤ ਬਲਵੰਤ ਸਿੰਘ ਨੰਦਗੜ੍ਹ ਦੀ ਬਰਖਾਸਤਗੀ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਬਾਦਲ ਦਲ ਦੇ ਆਗੂ ਅਤੇ ਸਿੱਖ ਜਗਤ ਦੇ ਧਾਰਮਕ ਆਗੂ ਸਮਝੇ ਜਾਂਦੇ ਗੁਰਦੁਆਰਿਆਂ ਦੇ ਅਹੁਦੇਦਾਰ ਮੁਕੰਮਲ ਤੌਰ ਉੱਤੇ ਰ.ਸ.ਸ. ਦੀ ਗ੍ਰਿਫ਼ਤ ਵਿੱਚ ਹਨ। ਰ.ਸ.ਸ ਆਪਣੇ-ਆਪ ਨੂੰ 800 ਸਾਲ ਬਾਅਦ ਰਾਜਸੀ ਸੱਤਾ ਦੀ ਸੰਚਾਲਕ ਬਣੀ ਦੱਸਦੀ ਹੈ। ਅਨੇਕਾਂ ਹਾਲ ਦੀਆਂ ਘਟਨਾਵਾਂ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਸਿੱਖੀ ਅਤੇ ਸਿੱਖਾਂ ਦਾ ਵਿਆਪਕ ਘਾਣ ਹੋਵੇਗਾ। ਪਹਿਲਾਂ ਵਾਂਙੂੰ ਹੀ ਬਾਦਲ ਦਲ ਯੋਗ ਮੌਕੇ ਸਿਰਜ ਕੇ, ਕੌਮੀ ਜਜ਼ਬਾਤਾਂ ਨੂੰ ਭੜਕਾ ਕੇ ਘੱਟ-ਗਿਣਤੀਆਂ ਅਤੇ ਸਰਕਾਰਾਂ ਨਾਲ ਭਿੜਾਏਗਾ। ਇਹੀ ਵਿਧੀ ਵਰਤ ਕੇ ਇਹ ਕੌਮ ਦੇ ਕਈ ਪੂਰਾਂ ਦਾ ਕਤਲੇਆਮ ਕਈ ਵਾਰ ਕਰਵਾ ਚੁੱਕਾ ਹੈ। ਅਸੀਂ ਸਿੱਖ ਕੌਮ ਨੂੰ ਅਤੇ ਖ਼ਾਸ ਕਰ ਸਿੱਖ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸੇ ਵੀ ਚੁੱਕ ਵਿੱਚ ਆ ਕੇ ਜਜ਼ਬਾਤੀ ਕਦਮ ਨਾ ਚੁੱਕਣ। ਇਹ ਵੇਲਾ ਆਪਣੇ-ਆਪ ਨੂੰ ਜਥੇਬੰਦ ਕਰ ਕੇ ਅਗਲੇ ਹਥਿਆਰ-ਰਹਿਤ ਯੁੱਧ ਲਈ ਤਿਆਰੀ ਕਰਨ ਦਾ ਹੈ। ਨੌਜਵਾਨ ਦਸ-ਦਸ, ਪੰਦਰਾਂ-ਪੰਦਰਾਂ ਦੇ ਜਥੇ ਹਰ ਗਲ਼ੀ-ਮੁਹੱਲੇ, ਪਿੰਡ ਵਿੱਚ ਬਣਾ ਕੇ ਆਪੋ-ਆਪਣੇ ਗੁਆਂਢ ਦੇ ਗੁਰਦੁਆਰਿਆਂ ਵਿੱਚ 2003 ਦੇ ਸਰਬ ਪ੍ਰਵਾਣਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ-ਦਿਹਾੜੇ ਮਨਾਉਣ ਨੂੰ ਯਕੀਨੀ ਬਣਾਉਣ।
(2)
ਏਸ ਮੁੱਦੇ ਉੱਤੇ ਵਿਚਾਰ ਕਰਨ ਲਈ ਇਕੱਤਰ ਹੋਏ ਪੰਥ-ਦਰਦੀਆਂ ਨੂੰ ਜਾਪਦਾ ਹੈ ਕਿ ਧਾਰਾ 25-ਬੀ ਨੂੰ ਖ਼ਤਮ ਕਰਵਾਉਣਾ ਕੌਮ ਲਈ ਜ਼ਰੂਰੀ ਹੈ। ਇਹ ਕਿਸੇ ਸੰਕੇਤਕ ਕਾਰਵਾਈ ਰਾਹੀਂ ਕਰ ਸਕਣਾ ਬਿਲਕੁਲ ਨਾਮੁਮਕਿਨ ਹੈ। ਬਲਵੰਤ ਸਿੰਘ ਨੰਦਗੜ੍ਹ ਜੀ ਦੇ ਏਸ ਸਬੰਧ ਵਿੱਚ ਦਿੱਤੇ ਸੁਝਾਅ ਦਾ ਮਾਣ ਰੱਖਦਿਆਂ ਵੀ ਠੋਸ ਕਾਰਵਾਈ ਲਈ ਲਾਮਬੰਦ ਹੋਣਾ ਅਤੇ ਕੌਮੀ ਜਥੇਬੰਦੀ ਨੂੰ ਮਜਬੂਤ ਕਰਨਾ ਹੋਰ ਵੀ ਜ਼ਰੂਰੀ ਹੈ। ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਵੀ ਏਹੋ ਤਰੀਕਾ ਵਰਤ ਕੇ ਹੋ ਸਕਦੀ ਹੈ। ਪੰਥਕ ਮੁੱਦਿਆਂ ਨੂੰ ਪ੍ਰਣਾਈਆਂ ਜਥੇਬੰਦੀਆਂ ਨੂੰ ਲੋਕ-ਲਹਿਰ ਉਸਾਰਨ ਲਈ ਮਜਬੂਤ ਕਰਨਾ ਅੱਜ ਦਾ ਪੰਥਕ ਕੰਮ ਹੈ।
ਜਿੱਥੇ ਅਸੀਂ ਸਾਰੀ ਸੰਗਤ ਨੂੰ ਤੁਰੰਤ ਲਾਮਬੰਦ ਹੋਣ ਦੀ ਬੇਨਤੀ ਕਰਦੇ ਹਾਂ ਓਥੇ ਆਪਣੇ ਵਿੱਚ ਲੁਕ ਬੈਠੇ ਦੁਸ਼ਮਣ ਦੇ ਹਮਾਇਤੀਆਂ ਦੀ, ਜਿਨ੍ਹਾਂ ਨੇ ਪਿਛਲੇ ਸਮਿਆਂ ਵਿੱਚ ਪ੍ਰਤੱਖ ਤੌਰ ਉੱਤੇ ਗੁਰਦੁਆਰਾ ਚੋਣਾਂ ਅਤੇ ਸਿਆਸਤ ਵਿੱਚ ਬਾਦਲ ਦਲ ਨੂੰ ਸਥਾਪਤ ਹੋਣ ਵਿੱਚ ਸਹਾਇਤਾ ਕੀਤੀ ਹੈ, ਦੀ ਨਿਸ਼ਾਨਦੇਹੀ ਕਰਨ ਦੀ ਬੇਨਤੀ ਵੀ ਕਰਦੇ ਹਾਂ। ਪੰਥਕ ਜਥੇਬੰਦੀ ਦੇ ਹੋਂਦ ਵਿੱਚ ਆਉਣ ਦੇ ਰਾਹ ਵਿੱਚ ਵੱਡਾ ਅੜਿੱਕਾ ਸਾਬਤ ਹੋ ਰਹੇ ਧੜਿਆਂ ਦੇ ਆਪੇ ਬਣੇ ਪ੍ਰਧਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਕੌਮ ਉੱਤੇ ਰਹਿਮ ਕਰ ਕੇ ਆਪਣੀਆਂ ਲੰਮਾ ਸਮਾਂ ਕੀਤੀਆਂ ਨਿਸਫਲ਼ ਸੇਵਾਵਾਂ, ਜਿਨ੍ਹਾਂ ਦਾ ਅਗਲੇ ਸਮਿਆਂ ਵਿੱਚ ਵੀ ਬਾਂਝ ਰਹਿਣਾ ਯਕੀਨੀ ਹੈ, ਨੂੰ ਸਮੇਟ ਕੇ ਕੌਮੀ ਕਾਫ਼ਲੇ ਦੇ ਸਨਮਾਨਯੋਗ ਸਦਸਯ ਬਣਨ ਦੀ ਕਿਰਪਾਲਤਾ ਕਰਨ।
ਅਸੀਂ ਸਾਰੇ ਪੰਥ-ਦਰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਤੋਂ ਹੀ ਸਰਬ-ਸਾਂਝਾ ਕੌਮੀ ਕਾਫ਼ਲਾ ਸਿਰਜਣ ਲਈ ਕਾਰਵਾਈਆਂ ਆਰੰਭ ਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਉੱਜਲ ਕੌਮੀ ਭਵਿੱਖ ਵਿੱਚ ਬਣਦਾ-ਸਰਦਾ ਯੋਗਦਾਨ ਪਾਉਣ ਦੀ ਖੇਚਲ ਕਰਨ।
(3)
ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਦਲ ਅਤੇ ਪੰਜਾਬੀ ਪਾਰਟੀ ਦਾ ਅਵਤਾਰ ਧਾਰਿਆ ਹੈ ਅਤੇ ਸਿੱਖ ਦੁਸ਼ਮਣ ਜਮਾਤਾਂ ਨਾਲ ਸਾਂਝ ਪਾਈ ਹੈ, ਏਸ ਦੇ ਆਗੂ ਸਿੱਖ ਧਰਮ ਨੂੰ ਵਿਰੋਧੀਆਂ ਦੀ ਸ਼ਹਿ ਉੱਤੇ ਮਲੀਆਮੇਟ ਕਰਨ ਲਈ ਅਨੇਕਾਂ ਕੁਕਰਮ ਕਰਵਾ ਚੁੱਕੇ ਹਨ। ਖ਼ਾਸ ਤੌਰ ਉੱਤੇ ਸਿੱਖ ਧਰਮ ਪ੍ਰਤੀ ਸੁਹਿਰਦ ਧਾਰਮਕ ਆਗੂਆਂ ਦਾ ਬਾਰ-ਬਾਰ ਘਾਣ ਕੀਤਾ ਜਾ ਚੁੱਕਾ ਹੈ। ਭਾਈ ਰਣਜੀਤ ਸਿੰਘ, ਭਾਈ ਜੋਗਿੰਦਰ ਸਿੰਘ ਵੇਦਾਂਤੀ, ਭਾਈ ਦਰਸ਼ਨ ਸਿੰਘ, ਭਾਈ ਪਰਮਜੀਤ ਸਿੰਘ ਸਰਨਾ, ਭਾਈ ਜਗਦੀਸ਼ ਸਿੰਘ ਝੀਂਡਾ, ਭਾਈ ਦੀਦਾਰ ਸਿੰਘ ਨਲਵੀ ਅਤੇ ਹੁਣ ਭਾਈ ਬਲਵੰਤ ਸਿੰਘ ਨੰਦਗੜ੍ਹ ਨੂੰ ਨੁਕਸਾਨ ਪਹੁੰਚਾਉਣ ਲਈ ਸਫ਼ਲ ਯਤਨ ਹੋ ਚੁੱਕੇ ਹਨ। ਹੁਣ ਸਪਸ਼ਟ ਹੋ ਚੁੱਕਾ ਹੈ ਕਿ ਕੇਵਲ ਉਹ ਮਨੁੱਖ ਹੀ ਸਿੱਖ ਧਾਰਮਕ ਅਹੁਦਿਆਂ ਉੱਤੇ ਕਾਇਮ ਰਹਿ ਸਕਦੇ ਹਨ ਜਿਹੜੇ ਏਸ ਪੰਜਾਬੀ ਪਾਰਟੀ ਅਤੇ ਏਸ ਦੇ ਆਕਾ ਰਾਸ਼ਟਰੀਯ ਸਵਯੰ ਸੇਵਕ ਸੰਘ ਦੀ ਸਾਜ਼ਿਸ਼ ਅਨੁਸਾਰ ਸਿੱਖ ਧਰਮ ਅਤੇ ਪੰਥ ਦੀ ਪਿੱਠ ਵਿੱਚ ਛੁਰਾ ਖੋਭਣ ਵਾਲੇ ਹੋਣ। ਅਸੀਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ, ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਬਾਦਲ ਦਲ ਵੱਲੋਂ ਪ੍ਰਵਾਣਤ ਸਭ ਮਨੁੱਖਾਂ, ਜਿਹੜੇ ਸਿੱਖ ਧਾਰਮਕ ਅਹੁਦਿਆਂ ਉੱਤੇ ਅੱਜ ਬੈਠੇ ਹਨ, ਨੂੰ ਇੱਕ ਵਾਢਿਉਂ ਰੱਦ ਕਰ ਦੇਣ ਅਤੇ ਸਰਬੱਤ ਖ਼ਾਲਸਾ ਦੁਆਰਾ ਸਥਾਪਤ ਕਰਨ ਤੋਂ ਬਿਨਾ ਕਿਸੇ ਵੀ ਧਾਰਮਕ ਆਗੂ ਨੂੰ ਮਾਨਤਾ ਨਾ ਦੇਣ। ਅਸੀਂ ਬਾਦਲ ਦਲ ਤੋਂ ਮੰਗ ਕਰਦੇ ਹਾਂ ਕਿ ਉਹ ਸਿੱਖ ਧਾਰਮਕ ਅਤੇ ਸਿਆਸੀ ਖੇਤਰ ਵਿੱਚ ਦਖਲਅੰਦਾਜ਼ੀ ਤੋਂ ਬਾਜ਼ ਆਉਣ, ਮਸੰਦ-ਬਿਰਤੀ ਦਾ ਤਿਆਗ ਕਰ ਕੇ ਪੰਜਾਬੀ ਪਾਰਟੀ ਦੀ ਆਪਣੀ ਅਸਲ ਔਕਾਤ ਅਨੁਸਾਰ ਆਪਣਾ ਕੰਮ-ਕਾਜ ਕਰਨ।
ਗੁਰਤੇਜ ਸਿੰਘ ( IAS )
ਧੜਿਆਂ ਤੋਂ ਨਿਰਲੇਪ ਸਿੱਖ ਕੀ ਕਰਨ? – ਗੁਰਤੇਜ ਸਿੰਘ
Page Visitors: 2804