ਕੈਟੇਗਰੀ

ਤੁਹਾਡੀ ਰਾਇ



ਜਸਵੰਤ ਸਿੰਘ ਅਜੀਤ
ਧਾਰਮਕ ਸਿੱਖ ਸੰਸਥਾਵਾਂ ਵੀ ਭਰਿਸ਼ਟਾਚਾਰ ਤੋਂ ਮੁਕਤ ਕਿਉਂ ਨਹੀਂ?
ਧਾਰਮਕ ਸਿੱਖ ਸੰਸਥਾਵਾਂ ਵੀ ਭਰਿਸ਼ਟਾਚਾਰ ਤੋਂ ਮੁਕਤ ਕਿਉਂ ਨਹੀਂ?
Page Visitors: 2783

ਧਾਰਮਕ ਸਿੱਖ ਸੰਸਥਾਵਾਂ ਵੀ ਭਰਿਸ਼ਟਾਚਾਰ ਤੋਂ ਮੁਕਤ ਕਿਉਂ ਨਹੀਂ?
ਬੀਤੇ ਕਾਫੀ ਸਮੇਂ ਤੋਂ ਇਹ ਚਰਚਾ ਆਮ ਸੁਣਨ ਵਿੱਚ ਆਉਂਦੀ ਚਲੀ ਆ ਰਹੀ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਲਗਾਤਾਰ ਕੌੜੀ ਵੇਲ ਵਾਂਗ ਵਧਦਾ ਜਾ ਰਿਹਾ ਹੈਲੱਖ ਜਤਨ ਕਰਨ ਦੇ ਬਾਵਜੂਦ ਵੀ ਉਹ ਠਲ੍ਹਣ ਦਾ ਨਾਂ ਨਹੀਂ ਲੈ ਰਿਹਾਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਕੋਈ ਛੋਟੀ ਜਾਂ ਵੱਡੀ ਸਿੰਘ ਸਭਾ, ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹੀ ਸੰਸਥਾ ਬਚੀ ਹੋਵੇ, ਜਿਸ ਵਿੱਚ ਭਰਿਸ਼ਟਾਚਾਰ ਨਾ ਹੋ ਰਿਹਾ ਹੋਵੇ ਭਾਵੇਂ ਕਿਸੇ ਵਿੱਚ ਘਟ ਹੋ ਰਿਹਾ ਹੋਵੇ ਤੇ ਭਾਵੇਂ ਵੱਧ, ਪਰ ਇਨ੍ਹਾਂ ਸਾਰੀਆਂ ਸੰਸਥਾਵਾਂ ਵਿੱਚ ਭਰਿਸ਼ਟਾਚਰ ਹੋ ਜ਼ਰੂਰ ਰਿਹਾ ਹੈਕਿਸੇ ਵੀ ਸੰਸਥਾ ਵਿੱਚ ਭਰਿਸ਼ਟਾਚਾਰ ਦਾ ਘਟ ਜਾਂ ਵੱਧ ਹੋਣਾ, ਉਸਦੀ ਆਰਥਕ ਸਥਿਤੀ ਅਤੇ ਰਾਜਨੀਤੀ ਵਿੱਚ ਪੈਂਠ ਪੁਰ ਅਧਾਰਤ ਹੁੰਦਾ ਹੈ
ਜੇ ਸਿੱਖ ਇਤਿਹਾਸ ਵਲ ਝਾਤ ਮਾਰੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਸਿੱਖ ਧਾਰਮਕ ਸੰਸਥਾਵਾਂ, ਅਰਥਾਤ ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਦੀ ਨੀਂਹ ਇੱਕ ਤਾਂ ਉਸੇ ਸਮੇਂ ਰੱਖ ਦਿੱਤੀ ਗਈ ਸੀ, ਜਦੋਂ ਮਹਾਰਾਜਾ ਰਣਜੀਤ ਸਿੰਘ ਇਤਿਹਾਸਕ ਗੁਰਦੁਆਰਿਆਂ ਦੇ ਨਾਲ ਜਗੀਰਾਂ ਲੁਆਈਆਂ, ਹਾਲਾਂਕਿ ਉਸਦਾ ਅਜਿਹਾ ਕਰਨ ਦਾ ਉਦੇਸ਼ ਇਹ ਸੀ ਕਿ ਇਨ੍ਹਾਂ ਜਗੀਰਾਂ ਦੀ ਆਮਦਨ ਨਾਲ ਸਿੱਖ ਧਰਮ ਦੇ ਪ੍ਰਚਾਰ-ਪਸਾਰ ਦੀ ਲਹਿਰ ਨਿਰਵਿਘਨ ਚਲਦੀ ਰਹੇ, ਦੂਸਰਾ ਉਸ ਸਮੇਂ ਜਦੋਂ ਇਨ੍ਹਾਂ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਚੋਣ ਰਾਜਨੀਤੀ ਅਧਾਰਤ ਲੋਕਤਾਂਤ੍ਰਿਕ ਢੰਗ ਨਾਲ ਕੀਤੇ ਜਾਣ ਦਾ ਪ੍ਰਾਵਧਾਨ ਨਿਸ਼ਚਿਤ ਕੀਤਾ ਗਿਆਇਸਦਾ ਕਾਰਣ ਇਹ ਹੈ ਕਿ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਿੱਖਾਂ ਦੀਆਂ ਪ੍ਰਤੀਨਿਧੀ ਜਥੇਬੰਦੀਆਂ ਸਵੀਕਾਰੀਆਂ ਜਾਂਦੀਆਂ ਹਨ, ਉਥੇ ਹੀ ਸਿੰਘ ਸਭਾਵਾਂ ਆਪੋ-ਆਪਣੇ ਇਲਾਕੇ ਦੇ ਸਿੱਖਾਂ ਦੀਆਂ ਪ੍ਰਤੀਨਿਧੀ ਜਥੇਬੰਦੀਆਂ ਮੰਨੀਆਂ ਜਾਂਦੀਆਂ ਹਨ
ਹਰ ਕੋਈ ਜਾਣਦਾ ਹੈ ਕਿ ਇੱਕ ਲੋਕਤਾਂਤ੍ਰਿਕ ਦੇਸ਼ ਵਿੱਚ ਵੋਟਾਂ, ਅਰਥਾਤ ਵੋਟਰਾਂ ਦੀ ਬਹੁਤ ਮਹਤੱਤਾ ਹੁੰਦੀ ਹੈ, ਜਿਸ ਕਾਰਣ ਲੋਕਤਾਂਤਿਕ ਸੰਸਥਾਵਾਂ, ਜਿਵੇਂ ਨਗਰ ਨਿਗਮ, ਵਿਧਾਨ ਸਭਾ, ਲੋਕਸਭਾ ਆਦਿ ਦੇ ਮੈਂਬਰ ਬਣਨ ਦੇ ਇਛੁੱਕ ਵਿਅਕਤੀ, ਇਨ੍ਹਾਂ ਧਾਰਮਕ ਸੰਸਥਾਵਾਂ ਦੇ ਮੁੱਖੀਆਂ, ਜੋ ਕਿ ਇਕ ਵਿਸ਼ੇਸ਼ ਵੋਟ-ਬੈਂਕ ਪੁਰ ਪ੍ਰਭਾਵ ਰਖਦੇ ਹਨ, ਨਾਲ ਨੇੜਤਾ ਬਣਾਈ ਰਖਣ ਵਿੱਚ ਹੀ ਆਪਣੇ ਹਿਤ ਸੁਰਖਿਅਤ ਸਮਝਦੇ ਹਨਜਿਤਨੀ ਵੱਡੀ ਸੰਸਥਾ ਹੋਵੇ, ਉਸਦੇ ਮੁੱਖੀਆਂ ਦੀ ਉਤਨੀ ਹੀ ਵਧੇਰੇ ਰਾਜਨੀਤੀ ਵਿੱਚ ਪੈਂਠ ਮੰਨੀ ਜਾਂਦੀ ਹੈਇਸੇ ਕਾਰਣ ਸਮਰਥਾ-ਸ਼ਕਤੀ ਰਖਣ ਵਾਲੇ ਵਿਅਕਤੀ, ਇਨ੍ਹਾਂ ਸੰਸਥਾਵਾਂ ਦੇ ਅਹੁਦੇਦਾਰ ਬਣਨ ਲਈ ਕੁਝ ਵੀ ਕਰ ਗੁਜ਼ਰਨ ਲਈ ਤਿਆਰ ਰਹਿੰਦੇ ਹਨਇਸ ਉਦੇਸ਼ ਦੀ ਪੂਰਤੀ ਲਈ, ਉਨ੍ਹਾਂ ਨੂੰ ਮੈਂਬਰਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਅਤੇ ਮੈਂਬਰ ਆਪਣਾ ਸਹਿਯੋਗ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨਅਜਿਹਾ ਮੌਕਾ ਆਉਣ ਤੇ ਉਹ ਭੁਲ ਜਾਂਦੇ ਹਨ ਕਿ ਉਹ ਇਕ ਅਜਿਹੀ ਧਾਰਮਕ ਸੰਸਥਾ ਵਿੱਚ ਕੌਮ ਦੀ ਪ੍ਰਤੀਨਿਧਤਾ ਕਰ ਰਹੇ ਹਨ, ਜਿਸਦੇ ਸਿਰ ਤੇ ਕੌਮ ਦੀਆਂ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਦੀ ਜ਼ਿਮੇਂਦਾਰੀ ਹੈਉਨ੍ਹਾਂ ਦਾ ਆਚਰਣ ਸਬੰਧਤ ਸੰਸਥਾ ਪ੍ਰਤੀ ਵਿਸ਼ਵਾਸ ਅਤੇ ਸਾਖ਼ ਨੂੰ ਪ੍ਰਭਾਵਤ ਕਰ ਸਕਦਾ ਹੈ
ਸਿੱਖ ਧਰਮ ਅਤੇ ਰਾਜਨੀਤੀ ਦਾ ਲੋਕਤੰਤਰ : ਆਮ ਤੌਰ ਤੇ ਸਿੱਖ ਧਰਮ ਵਿੱਚ ਪ੍ਰਵਾਨਤ ਅਤੇ ਰਾਜਨੀਤੀ ਵਿੱਚ ਪ੍ਰਵਾਨਤ ਲੋਕਤੰਤਰ ਨੰੂੰ ਤਕੜੀ ਦੇ ਇਕੋ ਪਾਲੇ ਵਿੱਚ ਤੋਲਿਆ ਜਾਣ ਲਗਾ ਹੈ, ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਦੋਹਾਂ ਦੇ ਲੋਕਤੰਤਰ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੈਜਿਥੇ ਰਾਜਨੈਤਿਕ ਲੋਕਤੰਤਰ ਵਿੱਚ ਬਹੁਮਤ ਅਧਾਰਤ ਫੈਸਲਿਆਂ ਨੂੰ ਮਾਨਤਾ ਪ੍ਰਾਪਤ ਹੁੰਦੀ ਹੈ, ਉਥੇ ਸਿੱਖ ਧਰਮ ਵਿੱਚ ਬਹੁਮਤ ਦੇ ਫੈਸਲਿਆਂ ਨੂੰ ਨਹੀਂ, ਸਗੋਂ ਸਰਬ-ਸੰਮਤ ਫੈਸਲਿਆਂ ਨੂੰ ਹੀ ਮਾਨਤਾ ਦਿਤੀ ਜਾਂਦੀ ਹੈ
ਗੁਰੂ ਨਾਨਕ ਜੀ ਨੇ ਸਿੱਖੀ ਦੀ ਨੀਂਹ 'ਪੰਚ ਪਰਵਾਣ ਪੰਚ ਪਰਧਾਨੁ' ਦੇ ਆਦਰਸ਼ ਪੁਰ ਰਖੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਖ਼ਾਲਸੇ (ਸੰਤ-ਸਿਪਾਹੀ) ਦੀ ਸਿਰਜਨਾ ਨੂੰ ਸੰਪੂਰਨਤਾ ਦੇ ਕੇ, ਉਸਨੂੰ ਮਜ਼ਬੂਤੀ ਬਖ਼ਸ਼ ਦਿਤੀਫਿਰ ਪੰਜ ਪਿਆਰਿਆਂ ਨੇ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਸ਼ਕਤੀ ਨੂੰ ਨਿਜੀ ਹਥਾਂ ਵਿੱਚ ਕੇਂਦ੍ਰਿਤ ਕਰੀ ਰਖਣ ਦੀ ਬਜਾਏ 'ਸਰਬਤ ਖਾਲਸੇ' ਨੂੰ ਸੌਂਪ ਦਿਤਾ
ਸਿੱਖ ਇਤਿਹਾਸ ਗੁਆਹ ਹੈ ਕਿ ਜਿਸ ਸਮੇਂ ਸਿੱਖ ਜੀਵਨ-ਸੰਘਰਸ਼ ਵਿੱਚ ਜੁਟੇ ਹੋਏ ਸਨ ਅਤੇ ਜਬਰ-ਜ਼ੁਲਮ ਹਥੋਂ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਜਾਨਾਂ ਹੂਲ ਰਹੇ ਸਨ ਤਾਂ 'ਸਰਬਤ ਖ਼ਾਲਸਾ' ਹੀ ਉਨ੍ਹਾਂ ਦਾ ਮਾਰਗ-ਦਰਸ਼ਨ ਕਰਿਆ ਕਰਦਾ ਸੀਜਦੋਂ ਕਦੀ ਉਨ੍ਹਾਂ ਦੇ ਸਿਰ ਤੇ ਸੰਕਟ ਦੇ ਪਹਾੜ ਟੁੱਟਦੇ ਜਾਂ ਕੋਈ ਗੰਭੀਰ ਸਮੱਸਿਆ ਉਨ੍ਹਾਂ ਨੂੰ ਘੇਰ ਲੈਂਦੀ ਤਾਂ ਉਹ ਅਕਾਲ ਤਖ਼ਤ ਤੇ 'ਸਰਬਤ ਖਾਲਸਾ' ਸਦ ਸਿਰ ਜੋੜ ਬੈਠਦੇਇਸ 'ਸਰਬਤ ਖਾਲਸਾ' ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਹੋਣ ਲਈ ਸਦਿਆ ਜਾਂਦਾ ਸੀਪੈਦਾ ਹੋਈ ਸਮੱਸਿਆ ਅਤੇ ਸੰਕਟ ਬਾਰੇ ਹਰ ਕਿਸੇ ਨੂੰ ਆਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕਰਨ ਦਾ ਮੌਕਾ ਦਿਤਾ ਜਾਂਦਾਹਰ ਇਕ ਦੇ ਵਿਚਾਰਾਂ ਨੂੰ, ਭਾਵੇਂ ਉਹ ਕਿਸੇ ਦੇ ਕਿਤਨੇ ਹੀ ਵਿਰੁਧ ਕਿਉਂ ਨਾ ਹੋਣ, ਬੜੇ ਹੀ ਠਰ੍ਹਮੇਂ ਨਾਲ ਸੁਣਿਆ ਜਾਂਦਾਜਿਸ ਵੀ ਧਿਰ ਦੇ ਵਿਰੁਧ ਵਿਚਾਰ ਆਉਂਦੇ, ਉਸਨੂੰ ਆਪਣਾ ਪੱਖ ਪੇਸ਼ ਕਰਨ ਦਾ ਪੂਰਾ-ਪੂਰਾ ਮੌਕਾ ਦਿਤਾ ਜਾਂਦਾਅੰਤਿਮ ਫੈਸਲਾ ਸਰਬ ਸੰਮਤੀ ਨਾਲ ਹੀ ਕੀਤਾ ਅਤੇ ਪ੍ਰਵਾਨ ਕੀਤਾ ਜਾਂਦਾ ਸੀ
ਅਜ ਸਿੱਖੀ ਵਿਚੋਂ ਪ੍ਰਵਾਨਤ ਰਹੇ 'ਸਰਬਤ ਖ਼ਾਲਸਾ' ਦੀ ਸਾਰਥਕਤਾ ਖ਼ਤਮ ਹੋ ਕੇ ਰਹਿ ਗਈ ਹੋਈ ਹੈਇਸਦਾ ਕਾਰਣ ਇਹ ਹੈ ਕਿ ਕੌਮ ਵਿਚੋਂ ਸਹਿਣਸ਼ੀਲਤਾ ਦਾ ਜਜ਼ਬਾ ਮੁੱਕ ਗਿਆ ਹੋਇਆ ਹੈ ਆਪਣੀ ਅਲੋਚਨਾ ਸੁਣਨ ਦੀ ਸਮਰਥਾ ਕਿਸੇ ਵਿੱਚ ਵੀ ਨਹੀਂ ਰਹਿ ਗਈ ਹੋਈਹਰ ਕੋਈ ਆਪਣੀ ਹੀ ਸੋਚ ਦੂਜਿਆਂ ਪੁਰ ਠੋਸਣਾ ਚਾਹੁੰਦਾ ਹੈਅਜ 'ਸਰਬਤ ਖ਼ਾਲਸਾ' ਦੇ ਨਾਂ ਤੇ ਆਪਣੇ ਸਮਰਥਕਾਂ ਦੀ ਭੀੜ ਇਕੱਠੀ ਕਰ ਜੈਕਾਰੇ ਲਵਾ ਮਰਜ਼ੀ ਦੇ ਫੈਸਲੇ ਕਰ ਅਤੇ ਕਰਵਾ ਲਏ ਜਾਂਦੇ ਹਨ, ਫਿਰ ਉਨ੍ਹਾਂ ਨੂੰ 'ਸਰਬਤ ਖ਼ਾਲਸਾ' ਦੇ ਫੈਸਲੇ ਕਰਾਰ ਦੇ, ਦੂਜਿਆਂ ਤੇ ਠੋਸਣ ਦੇ ਜਤਨ ਕੀਤੇ ਜਾਂਦੇ ਹਨਜਦਕਿ ਸੱਚਾਈ ਇਹ ਹੁੰਦੀ ਹੈ ਕਿ ਕਥਤ 'ਸਰਬਤ ਖ਼ਾਲਸਾ' ਵਿੱਚ ਵਿਰੋਧੀਆਂ ਨੂੰ ਸਦਿਆ ਹੀ ਨਹੀਂ ਗਿਆ ਹੁੰਦਾ, ਜੇ ਕੋਈ ਭੁਲ-ਭੁਲੇਖੇ ਆ ਵੀ ਗਿਆ ਹੋਵੇ ਤਾਂ ਉਸ ਨਾਲ ਅਜਿਹੀ 'ਬਾਬ' ਕੀਤੀ ਜਾਂਦੀ ਹੈ ਕਿ ਉਹ ਜੀਵਨ ਭਰ ਯਾਦ ਰਖੇ
ਅਪਨਾਇਆ ਲੋਕਤੰਤਰ: ਅਜ ਜਿਸ ਰਾਜਨੈਤਿਕ ਲੋਕਤੰਤਰ ਦੇ ਆਧਾਰ ਤੇ ਸਿੱਖ-ਧਾਰਮਕ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਚੋਣ ਹੁੰਦੀ ਹੈ, ਉਸ ਵਿੱਚ ਭਰਿਸ਼ਟਾਚਾਰ ਦਾ ਬੋਲਬਾਲਾ ਹੋਣਾ ਸੁਭਾਵਕ ਹੀ ਹੈਇਸਦਾ ਕਾਰਣ, ਜਿਵੇਂ ਕਿ ਉਪਰ ਬਿਆਨ ਕੀਤਾ ਗਿਆ ਹੈ, ਰਾਜਨੈਤਿਕ ਖੇਤਰ ਵਿੱਚ ਆਪਣਾ ਪ੍ਰਭਾਵ ਕਾਇਮ ਕਰਨ ਲਈ ਸਮਰਥਾਵਾਨ ਵਿਅਕਤੀ, ਧਾਰਮਕ-ਜਥੇਬੰਦੀਆਂ ਦੇ ਅਹੁਦੇਦਾਰ ਬਣਨ ਲਈ ਹਰ ਹੱਥਕੰਡਾ ਅਪਨਾਉਣ ਨੂੰ ਤਿਆਰ ਹੁੰਦੇ ਹਨਇਸਦੇ ਲਈ ਉਨ੍ਹਾਂ ਨੂੰ ਮੈਂਬਰਾਂ ਦੀਆਂ ਵਫਾਦਾਰੀਆਂ ਵੀ ਖ੍ਰੀਦਣੀਆਂ ਪੈਂਦੀਆਂ ਹਨ ਅਤੇ ਅਜਿਹੇ ਮੌਕੇ ਤੇ ਮੈਂਬਰ ਵੀ ਆਪਣੀ ਵਫਾਦਾਰੀ ਦਾ ਵੱਧ ਤੋਂ ਵੱਧ ਮੁੱਲ ਵਸੂਲ ਕਰਨਾ ਚਾਹੁੰਦੇ ਹਨ
ਧਰਮ ਬਨਾਮ ਰਾਜਨੀਤੀ: ਇਸਦੇ ਨਾਲ ਇਹ ਗਲ ਵੀ ਧਿਆਨ ਵਿਚ ਰਖਣ ਵਾਲੀ ਹੈ ਕਿ ਜਿਹੜੀਆਂ ਜਥੇਬੰਦੀਆਂ ਦੇ ਆਗੂ ਰਾਜਨੀਤੀ ਵਿੱਚ ਸਰਗਰਮ ਰਹਿ ਰਾਜਸੀ ਸੱਤਾ ਦੇ ਗਲਿਆਰਿਆਂ ਤਕ ਪੁਜਣ ਦੀ ਲਾਲਸਾ ਰਖਦੇ ਹਨ, ਉਨ੍ਹਾਂ ਤੋਂ ਇਹ ਆਸ ਰਖਣੀ ਕਿ ਉਹ ਧਾਰਮਕ ਮਾਨਤਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਜਾਂ ਰਖਣ ਪ੍ਰਤੀ ਇਮਾਨਦਾਰ ਹੋਣਗੀਆਂ, ਆਪਣੇ ਆਪਨੂੰ ਧੋਖੇ ਵਿੱਚ ਰਖਣ ਦੇ ਤੁਲ ਹੈਇਸਦਾ ਕਾਰਣ ਇਹ ਹੈ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਦੇਸ਼ ਦੀਆਂ ਲੋਕਤਾਂਤ੍ਰਿਕ ਰਾਜਸੀ ਸੰਸਥਾਵਾਂ, ਜਿਵੇਂ ਕਿ ਵਿਧਾਨ ਸਭਾ, ਲੋਕਸਭਾ, ਨਗਰ ਨਿਗਮ ਆਦਿ ਦੀਆਂ ਚੋਣਾਂ ਲੜਨ ਲਈ, ਜਥੇਬੰਦੀਆਂ ਦਾ ਆਪਣੇ ਆਪ ਨੂੰ ਧਰਮ-ਨਿਰਪੇਖ ਐਲਾਨਣਾ ਬਹੁਤ ਜ਼ਰੂਰੀ ਹੈ
ਹਰ ਕੋਈ ਜਾਣਦਾ ਹੈ ਕਿ ਲੋਕਤੰਤਰ ਵਿਚ ਧਰਮ-ਨਿਰਪੇਖ ਰਾਜਸੀ ਪਾਰਟੀਆਂ ਅਤੇ ਉਨਾਂ੍ਹ ਦੇ ਆਗੂਆਂ ਦਾ ਕਿਸੇ ਵਿਸ਼ੇਸ਼ ਧਰਮ ਪ੍ਰਤੀ ਕੋਈ ਹੇਜ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ, ਆਪਣੇ ਚੇਹਰੇ ਤੇ ਧਰਮ-ਨਿਰਪੇਖਤਾ ਦਾ ਮੁਖੌਟਾ ਲਾ, ਆਪਣੇ-ਆਪਨੂੰ ਧਾਰਮਕ ਮਾਨਤਾਵਾਂ ਦੀਆਂ ਵਲਗਣਾਂ ਤੋਂ ਆਜ਼ਾਦ ਕਰਵਾ ਲਿਆ ਹੁੰਦਾ ਹੈਜਦਕਿ ਸੱਚਾਈ ਇਹ ਹੈ ਕਿ ਉਹ ਰਾਜਨੈਤਿਕ ਸਵਾਰਥ ਦੀ ਪੂਰਤੀ ਲਈ ਧਰਮ ਵਿੱਚ ਮੂੰਹ ਮਾਰਨਾ ਅਤੇ ਧਰਮ ਵਿੱਚ ਵਿਸ਼ਵਾਸ ਰਖਣ ਵਾਲਿਆਂ ਦੇ ਵੋਟ-ਬੈਂਕ ਪੁਰ ਦਬਦਬਾ ਬਣਾਈ ਰਖਣ ਦੀ ਇੱਛਾ ਦਾ ਤਿਆਗ ਕਰਨਾ ਨਹੀਂ ਚਾਹੁੰਦੇ
ਇਸਦਾ ਕਾਰਣ ਇਹ ਹੈ, ਕਿ ਲੋਕਤੰਤਰ ਵਿਚ ਧਰਮ ਦੀਆਂ ਮਾਨਤਾਵਾਂ ਨਾਲੋਂ ਵੋਟਾਂ ਅਤੇ ਵੋਟਰਾਂ ਦੀ ਮਹਤਤਾ ਵਧੇਰੇ ਹੁੰਦੀ ਹੈ, ਜਿਨ੍ਹਾਂ ਦੀ ਖਾਤਰ ਰਾਜਸੀ ਆਗੂ ਆਪਣੇ, ਨਿਜੀ ਧਾਰਮਕ ਵਿਸ਼ਵਾਸ ਦੇ ਵਿਰੁਧ ਕੁਝ ਵੀ ਕਰਨ ਲਈ ਤਿਆਰ ਹੋ ਸਕਦੇ ਹਨਜੇ ਉਹ ਅਜਿਹਾ ਕਰਦੇ ਵੀ ਹਨ ਤਾਂ ਕਿਸੇ ਨੂੰ ਕੋਈ ਹਕ ਨਹੀਂ, ਕਿ ਉਨਾਂ ਵਲ ਉਂਗਲ ਕਰ ਸਕੇ, ਕਿਉਂਕਿ ਉਹ ਆਪਣੇ ਵਿਧਾਨ ਅਨੁਸਾਰ, ਇਕ ਤਾਂ ਉਹ ਕਿਸੇ ਧਰਮ ਵਿਸ਼ੇਸ਼ ਨਾਲ ਜਾਂ ਧਾਰਮਕ ਮਾਨਤਾਵਾਂ ਨਾਲ ਬਝੇ ਨਹੀਂ ਹੁੰਦੇ, ਦੂਜਾ ਉਨ੍ਹਾਂ ਲਈ ਅਜਿਹਾ ਕਰਨਾ ਕੇਵਲ ਮਜਬੂਰੀ ਹੀ ਨਹੀਂ ਹੁੰਦਾ, ਸਗੋਂ ਜ਼ਰੂਰੀ ਵੀ ਹੁੰਦਾ ਹੈ, ਕਿਉਂਕਿ ਅਜਿਹਾ ਕਰਦਿਆਂ ਰਹਿਣਾ ਹੀ ਉਨ੍ਹਾਂ ਦੇ ਰਾਜਸੀ ਹਿਤ ਵਿਚ ਹੁੰਦਾ ਹੈਭਾਵੇਂ ਅਜਿਹਾ ਕਰਦਿਆਂ ਉਨ੍ਹਾਂ ਨੂੰ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਬਹੁਮੁਲੀ ਕੀਮਤ ਹੀ ਕਿਉਂ ਨਾ ਚੁਕਾਣੀ ਪਵੇ
ਅਤੇ ਅੰਤ ਵਿੱਚ:  ਜੇ ਕਿਸੇ ਫਿਰਕੇ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਨ ਦੀਆਂ ਦਾਅਵੇਦਾਰ ਪਾਰਟੀਆਂ ਦੇ ਮੁਖੀਆਂ ਨੇ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਅਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬਧ ਰਹਿਣਾ ਹੈ, ਤਾਂ ਉਨ੍ਹਾਂ ਨੂੰ ਰਾਜ-ਸੱਤਾ ਦੀ ਲਾਲਸਾ ਦਾ ਤਿਆਗ ਕਰਨਾ ਹੀ ਹੋਵੇਗਾ ਅਤੇ ਇਸਦੀ ਆਸ ਤੁਸੀਂ ਕਿਸੇ ਵੀ ਅਜਿਹੀ ਜਥੇਬੰਦੀ ਮੁਖੀਆਂ ਪਾਸੋਂ ਨਹੀਂ ਰਖ ਸਕਦੇ, ਜੋ ਸਿਧੇ ਜਾਂ ਟੇਢੇ ਢੰਗ ਨਾਲ ਸੱਤਾ ਦੇ ਗਲਿਆਰਿਆਂ ਤਕ ਪੁਜਣਾ ਚਾਹੁੰਦੇ ਹਨ
-ਜਸਵੰਤ ਸਿੰਘ ਅਜੀਤ
 98689 17731

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.