ਕੈਟੇਗਰੀ

ਤੁਹਾਡੀ ਰਾਇ



ਜਸਵੰਤ ਸਿੰਘ ਅਜੀਤ
ਸੁਆਲ ਭਾਰਤ ਵਿੱਚ ਵਧੀ ਫਿਰਕੂ ਹਿੰਸਾ ਦਾ
ਸੁਆਲ ਭਾਰਤ ਵਿੱਚ ਵਧੀ ਫਿਰਕੂ ਹਿੰਸਾ ਦਾ
Page Visitors: 2602

ਸੁਆਲ ਭਾਰਤ ਵਿੱਚ ਵਧੀ ਫਿਰਕੂ ਹਿੰਸਾ ਦਾ
ਇਨ੍ਹਾਂ ਦਿਨਾਂ ਵਿੱਚ ਹੀ ਆਈਆਂ ਖਬਰਾਂ ਅਨੁਸਾਰ ਲੰਦਨ ਵਿੱਚ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿੱਚ ਅੰਤ੍ਰਰਾਸ਼ਟਰੀ ਮਨੁਖੀ ਅਧਿਕਾਰਾਂ ਨਾਲ ਸੰਬੰਧਤ ਸੰਸਥਾ ‘ਐਮਨੇਸਟੀ ਇੰਟਰਨੈਸ਼ਨਲ’ ਨੇ ਕਿਹਾ ਹੈ ਕਿ ਭਾਰਤ ਵਿੱਚ ਮਈ 2014 ਦੀਆਂ ਲੋਕਸਭਾ ਦੀਆਂ ਆਮ ਚੋਣਾਂ ਦੌਰਾਨ ਅਤੇ ਉਸਤੋਂ ਬਾਅਦ ਨਵੀਂ ਸਰਕਾਰ ਅਧੀਨ ਫਿਰਕੂ ਹਿੰਸਾ ਵੱਧੀ ਹੈ। ਇਸ ਸੰਸਥਾ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ‘ਭੋਂ ਪ੍ਰਾਪਤੀ ਬਿਲ’ (ਭੂਮੀ ਅਧਿਗ੍ਰਹਿਣ ਬਿਲ) ਨਾਲ ਹਜ਼ਾਰਾਂ ਭਾਰਤੀਆਂ ਪੁਰ ਜਬਰਨ ਬੇਦਖਲੀ ਦੀ ਤਲਵਾਰ ਲਟਕਣ ਲਗੀ ਹੈ।
ਦਸਿਆ ਜਾਂਦਾ ਹੈ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਗਣਤੰਤਰ ਦਿਵਸ ਸਮਾਗਮਾਂ ਵਿੱਚ ਹਿਸਾ ਲੈਣ ਤੋਂ ਬਾਅਦ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਵੀ ਚਿਤਾਵਨੀ ਦਿੱਤੀ ਸੀ ਕਿ ਭਾਰਤ ਦੀ ਏਕਤਾ-ਅਖੰਡਤਾ ਦੀ ਰਖਿਆ ਲਈ ਦੇਸ਼ ਵੱਧ ਰਹੀ ਫਿਰਕੂ ਸੋਚ ਪੁਰ ਲਗਾਮ ਲਾਈ ਜਾਣੀ ਜ਼ਰੂਰੀ ਹੈ। ਉਸ ਸਮੇਂ ਦੇਸ਼ ਵਿੱਚ ਕਾਫੀ ਹੰਗਾਮਾਂ ਬਰਪਾ ਹੋਇਆ ਸੀ ਤੇ ਬਰਾਕ ਓਬਾਮਾ ਨੂੰ ਇਹ ਸਲਾਹ ਤਕ ਵੀ ਦੇ ਦਿਤੀ ਗਈ ਕਿ ਉਹ ਆਪਣਾ ਘਰ (ਦੇਸ਼) ਸੰਭਾਲਣ।
ਜਦਕਿ ਸੋਚਣ ਵਾਲੀ ਗਲ ਇਹ ਹੈ ਕਿ ਆਖਿਰ ਉਹ ਕਿਹੜੇ ਕਾਰਣ ਹਨ, ਜਿਨ੍ਹਾਂ ਕਰਕੇ ਪਹਿਲਾਂ ਬਰਾਕ ਓਬਾਮਾ ਤੇ ਫਿਰ ਐਮਨੇਸਟੀ ਇੰਟਰਨੈਸ਼ਨਲ ਨੂੰ ਦੇਸ਼ ਵਿੱਚ ਵੱਧ ਰਹੀ ਹਿੰਸਾ ਪੁਰ ਟਿੱਪਣੀ ਕਰਨ ਤੇ ਮਜਬੂਰ ਹੋਣਾ ਪਿਆ। ਇਨ੍ਹਾਂ ਟਿੱਪਣੀਆਂ ਪੁਰ ਸੁਆਲ ਉਠਾਣ ਵਾਲਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਬਰਾਕ ਓਬਾਮਾ ਦੀ ਭਾਰਤ ਫੇਰੀ ਦੌਰਾਨ ਹੀ ਦਿੱਲੀ ਦੇ ਇੱਕ ਚਰਚ ਪੁਰ ਹਮਲਾ ਹੋਇਆ ਸੀ, ਜਿਸਨੂੰ ਚੋਰਾਂ ਦੀ ਕਾਰਵਾਈ ਕਹਿ ਕੇ ਛੁਪਾਣ ਦੀ ਕੌਸ਼ਿਸ਼ ਕੀਤੀ ਗਈ। ਜਦਕਿ ਇਸ ਘਟਨਾ ਦੀ ਖਬਰ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ‘ਦਿੱਲੀ ਵਿੱਚ ਚਰਚਾਂ ਪੁਰ ਇਹ ਪੰਜਵਾਂ ਹਮਲਾ ਹੋਇਆ ਹੈ, ਜਦਕਿ ਦਿੱਲੀ ਵਿੱਚ ਪਚਵਿੰਜਾ ਚਰਚ ਹਨ’। ਇਸਦਾ ਮਤਲਬ ਕੀ ਕਢਿਆ ਗਿਆ ਹੋਵੇਗਾ, ਇਹ ਸਮਝਣਾ ਮੁਸ਼ਕਿਲ ਨਹੀਂ। ਜ਼ਰੂਰੀ ਹੈ ਕਿ ਭਾਰਤ ਵਿਚਲੇ ਅਮਰੀਕੀ ਰਾਜਦੂਤ ਨੇ ਇਹ ਖਬਰ ਓਬਾਮਾ ਦੇ ਨੋਟਿਸ ਵਿੱਚ ਜ਼ਰੂਰ ਲਿਆਂਦੀ ਹੋਵੇਗੀ ਤੇ ਉਸੇ ਖਬਰ ਕਾਰਣ ਹੀ ਓਬਾਮਾ, ਭਾਰਤ ਨੂੰ ਫਿਰਕੂ ਸੋਚ ਨੂੰ ਲਗਾਮ ਲਾਣ ਦੀ ਸਲਾਹ ਦੇਣ ਤੇ ਮਜਬੂਰ ਹੋ ਗਏ ਸਨ।
ਇਸੇ ਚਰਚਾ ਦੌਰਾਨ ਬੀਤੇ ਸਮੇਂ ਵਿੱਚ ਆਰਐਸਐਸ ਦੇ ਆਗੂਆਂ ਦੇ ਜੋ ਬਿਆਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਜੋ ਖਬਰਾਂ ਆ ਰਹੀਆਂ ਹਨ, ਉਹ ਵੀ ਘਟ ਚਿੰਤਾ ਦਾ ਵਿਸ਼ਾ ਨਹੀਂ ਹਨ। ਦਸਿਆ ਗਿਆ ਹੈ ਕਿ ਬੀਤੇ ਵਰ੍ਹੇ ਮਹਾਰਾਸ਼ਟਰਾ ਅਤੇ ਹਰਿਆਣਾ ਵਿਧਾਨ ਸਭਾਵਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਬਿਨਾ ਪਹਿਲਾਂ ਮਿਥੇ ਪ੍ਰੋਗਰਾਮ ਦੇ ਲਖਨਊ ਪੁਜੇ ਤੇ ਸਿੱਧਿਆਂ ਆਰਐਸਐਸ ਦੇ ਸਰਸੰਘਚਾਲਕ ਮੋਹਨ ਭਾਗਵਤ ਅਤੇ ਸੰਘ ਦੇ ਦੂਸਰੇ ਰਾਸ਼ਟਰੀ ਮੁਖੀਆਂ ਨਾਲ ਜਾ ਮੁਲਾਕਾਤ ਕੀਤੀ, ਉਨ੍ਹਾਂ ਨਾਲ ਸੰਘ ਵਲੋਂ ਭਾਜਪਾ ਵਿੱਚ ਭੇਜੇ ਗਏ ਰਾਮ ਮਾਧਵ ਵੀ ਸਨ। ਦਸਿਆ ਗਿਆ ਕਿ ਸੰਘ ਦੇ ਉੱਚ ਨੇਤਾਵਾਂ ਨਾਲ ਅਮਿਤ ਸ਼ਾਹ ਦੀ ਇਹ ਮੁਲਾਕਾਤ, ਜੋ ਲਗਭਗ ਚਾਰ ਘੰਟੇ ਚਲੀ, ਵਿੱਚ ਸਰਕਾਰ ਅਤੇ ਸੰਘ ਵਿੱਚਕਾਰ ਚੰਗਾ ਤਾਲਮੇਲ ਬਣਾਈ ਰਖਣ ਸਮੇਤ ਕਈ ਸਾਂਝੇ ਮੁੱਿਦਆਂ ਪੁਰ ਵਿਚਾਰ ਕੀਤੀ ਗਈ। ਇਸ ਮੁਲਾਕਾਤ ਤੋਂ ਬਾਅਦ ਦਸਿਆ ਗਿਆ ਕਿ ਆਰਐਸਐਸ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ ਪੰਜ ਵਰ੍ਹੇ ਹੀ ਨਹੀਂ, ਸਗੋਂ ਪੰਦ੍ਰਾਂਹ ਵਰ੍ਹੇ ਦੀ ਯੋਜਨਾ ਪੁਰ ਕੰਮ ਕਰ ਰਿਹਾ ਹੈ। ਸੰਘ ਚਾਹੁੰਦਾ ਹੈ ਕਿ ਨਰੇਂਦਰ ਮੋਦੀ ਚੋਣ-ਦਰ-ਚੋਣ ਜਿੱਤ ਪੰਦ੍ਰਾਂਹ ਵਰ੍ਹੇ ਚੁਨੌਤੀ-ਹੀਨ ਸ਼ਾਸਨ ਕਰਨ।
ਦੇਸ਼ ਵਿੱਚ ਕੋਈ ਘਟ ਗਿਣਤੀ ਨਹੀਂ: ਇਨ੍ਹਾਂ ਦਿਨਾਂ ਵਿੱਚ ਹੀ ਇਹ ਖਬਰਾਂ ਵੀ ਆਈਆਂ ਕਿ ਸੰਘ ਦੇ ਮੁਖੀ ਮੋਹਨ ਭਾਗਵਤ ਤੋਂ ਬਾਅਦ ਸੰਘ ਦੇ ਇੱਕ ਹੋਰ ਕੌਮੀ ਪ੍ਰਚਾਰਕ ਤੇ ਮੁਖੀ ਮਨਮੋਹਨ ਵੈਧਯਾ ਨੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਕਿਹਾ ਕਿ ਭਾਰਤ ਵਿੱਚ ਕੋਈ ਘਟ-ਗਿਣਤੀ ਨਹੀਂ ਹੈ। ਕਿਸੇ ਦਾ ਧਰਮ ਜਾਤੀ ਅਲਗ ਹੋ ਸਕਦੇ ਹਨ, ਪਰ ਭਾਰਤ ਵਿੱਚ ਰਹਿਣ ਵਾਲੇ ਸਾਰੇ ਸੰਸਕ੍ਰਿਤਕ ਰੂਪ ਵਿੱਚ ਇੱਕ ਹਨ ਅਤੇ ਹਿੰਦੂ ਹਨ। ਇਤਨਾ ਹੀ ਨਹੀਂ ਗੋਆ ਦੇ ਸਹਿਕਾਰਤਾ ਮੰਤਰੀ ਦੀਪਕ ਧਵਲੀਕਰ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਰੂਪ ਵਿੱਚ ਵਿਕਸਤ ਕਰਨਗੇ। ਉਨ੍ਹਾਂ ਚੋਣਾਂ ਵਿੱਚ ਭਾਜਪਾ ਦੀ ਹੋਈ ਜਿੱਤ ਪੁਰ ਨਰੇਂਦਰ ਮੋਦੀ ਨੂੰ ਧੰਨਵਾਦ ਦੇਣ ਦੇ ਪ੍ਰਸਤਾਵ ਪੁਰ ਬੋਲਦਿਆਂ ਗੋਆ ਵਿਧਾਨ ਸਭਾ ਵਿੱਚ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਹਿੰਦੂ ਰਾਸ਼ਟਰ ਦੇ ਰੂਪ ਵਿੱਚ ਵਿਕਸਤ ਹੋਵੇਗਾ। ਮੈਂਨੂੰ ਲਗਦਾ ਹੈ ਕਿ ਪ੍ਰਧਾਨ ਮੰਤਰੀ ਇਸ ਦਸ਼ਾ ਵਿੱਚ ਕੰਮ ਕਰਨਗੇ।
ਪਿਛਲੇ ਦਿਨੀਂ ਇਹ ਦਾਅਵਾ ਵੀ ਕੀਤਾ ਜਾਂਦਾ ਰਿਹਾ ਕਿ ਸੰਘ ਦੇ ਮੁੱਖੀਆਂ, ਮੋਹਨ ਭਾਗਵਤ, ਮਨਮੋਹਨ ਵੈਧਯਾ ਆਦਿ ਵਲੋਂ ਹਿੰਦੂਤਵ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਭਾਜਪਾ-ਵਿਰੋਧੀ ਦਲ ਭਾਵੇਂ ਭੁੜਕੇ ਹੋਣ, ਪਰ ਪਾਰਟੀ (ਭਾਜਪਾ) ਮੁਖੀ ਇਸਨੂੰ ਸਹੀ ਕਰਾਰ ਦਿੰਦੇ ਰਹੇ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਬਿਆਨ ਨਾਲ ਧਰੂਵੀਕਰਨ ਹੋਣ ਦੇ ਜੋ ਆਸਾਰ ਬਣੇ ਹਨ, ਉਨ੍ਹਾਂ ਦਾ ਲਾਭ ਉਨ੍ਹਾਂ ਨੂੰ ਵਿਧਾਨ ਸਭਾਵਾਂ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਮਿਲ ਸਕਦਾ ਹੈ।
ਗਲ ਰਾਮ ਮੰਦਿਰ ਦੀ: ਸੰਘ ਦੇ ਇੱਕ ਹੋਰ ਮੁੱਖੀ ਸੁਰੇਸ਼ ਜੋਸ਼ੀ ਨੇ ਕਿਹਾ ਕਿ ਭਾਜਪਾ ਨੇ ਅਪਣੇ ਚੋਣ ਮਨੋਰਥ ਪਤ੍ਰ ਵਿੱਚ ਰਾਮ ਮੰਦਿਰ ਮੁੱਦੇ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੂੰ ਆਸ ਹੈ ਕਿ ਕੇਂਦਰ ਸਰਕਾਰ ਰਾਮ ਮੰਦਿਰ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਇਗੀ, ਕਿਉਂਕਿ ਹਿੰਦੂ ਸਮਾਜ ਚਾਹੁੰਦਾ ਹੈ ਕਿ ਅਯੋਧਿਆ ਵਿੱਚ ਰਾਮ ਮੰਦਿਰ ਬਣੇ। ਉਨ੍ਹਾਂ ਕਿਹਾ ਕਿ ਇਹ ਮੰਨ ਲੈਣਾ ਚਾਹੀਦਾ ਹੈ ਕਿ ਅਯੁਧਿਆ ਵਿੱਚ ਰਾਮ ਮੰਦਿਰ ਹੈ। ਉਸਨੂੰ ਵੱਡਾ ਅਤੇ ਵਿਸ਼ਾਲ ਬਣਾਏ ਜਾਣ ਦੀ ਲੋੜ ਹੈ। ਸੰਘ ਵਲੋਂ ਇਹ ਵੀ ਕਿਹਾ ਗਿਆ, ਕਿ ਰਾਮ ਮੰਦਿਰ ਬਣਾਏ ਜਾਣ ਦਾ ਮੁੱਦਾ, ਕਿਉਂਕਿ ਪਹਿਲਾਂ ਹੀ ਭਾਜਪਾ ਦੇ ਚੋਣ ਮਨੋਰਥ ਪਤ੍ਰ ਵਿੱਚ ਸ਼ਾਮਲ ਹੈ ਅਤੇ ਕੇਂਦਰ ਸਰਕਾਰ ਪਾਸ ਰਾਮ ਮੰਦਿਰ ਬਣਾਉਣ ਲਈ ਸੰਨ-2019 ਤਕ ਦਾ ਸਮਾਂ ਹੈ। ਇਸ ਕਰਕੇ ਉਹ ਰਾਮ ਮੰਦਿਰ ਦੇ ਮੁੱਦੇ ਤੇ ਮੋਦੀ ਸਰਕਾਰ ਪੁਰ ਫਿਲਹਾਲ ਕੋਈ ਦਬਾਉ ਨਹੀਂ ਬਣਾਇਗਾ। ਇਸਦੀ ਬਜਾਏ ਉਹ ਸਰਕਾਰ ਨੂੰ ਸਮਾਂ ਦੇਵੇਗਾ।
ਮੋਦੀ ਅਤੇ ਸੰਘ ਦੇ ਰਿਸ਼ਤੇ: ਇਨ੍ਹਾਂ ਦਿਨਾਂ ਵਿੱਚ ਹੀ ਬੀਬੀਸੀ ਦੇ ਇੱਕ ਜਰਨਲਿਸਟ ਰਾਜੇਸ਼ ਜੋਸ਼ੀ ਨੇ ਕਿਹਾ ਹੈ ਕਿ ਐਨਡੀਏ ਦੀ ਸੰਨ-2004 ਵਿੱਚ ਹੋਈ ਹਾਰ ਤੋਂ ਬਾਅਦ ਰਾਸ਼ਟਰੀਆ ਸੇਵਕ ਸੰਘ ਪੂਰੇ ਦਸ ਵਰ੍ਹੇ ਰਾਜਨੈਤਿਕ ਬੀਆਬਾਨ ਵਿੱਚ ਰਿਹਾ। ਪਰ ਸੰਨ-2014 ਦੀਆਂ ਲੋਕਸਭਾ ਚੋਣਾਂ ਵਿੱਚ ਉਸਦੇ ਸਭ ਤੋਂ ਯੋਗ ਸਵੈਸੇਵਕ ਅਤੇ ਸਾਬਕਾ ਪ੍ਰਚਾਰਕ ਨਰੇਂਦਰ ਮੋਦੀ ਦੀ ਅਦੁਤੀ ਜਿੱਤ ਦੇ ਬਾਅਦ ਤੋਂ ਸੱਤਾ ਦਾ ਕੁੰਡਾ ਇੱਕ ਵਾਰ ਫਿਰ ਸੰਘ ਦੀ ਪਹੁੰਚ ਅਤੇ ਪ੍ਰਭਾਵ ਦੇ ਦਾਇਰੇ ਵਿੱਚ ਆ ਗਿਆ ਹੈ। ਪਰ ਇਸ ਵਾਰ ਸੰਘ ਨੇ ਇਸ ਕੁੰਡੇ ਨੂੰ ਆਪਣੇ ਹੱਥਾਂ ਵਿੱਚ ਲਪਕਣ ਵਿੱਚ ਜਲਦਬਾਜ਼ੀ ਨਹੀਂ ਵਿਖਾਈ। ਕਿਉਂਕਿ ਸੰਘ ਨੇ ਸੱਤਾ ਲਪਕਣ ਵਿੱਚ ਜਲਦਬਾਜ਼ੀ ਸੰਨ-1998 ਵਿੱਚ ਉਸ ਸਮੇਂ ਵਿਖਾਈ ਸੀ, ਜਦੋਂ ਉਸਦੇ ਇੱਕ ਹੋਰ ਪੁਰਾਣੇ ਸਵੈਸੇਵਕ ਅਟਲ ਬਿਹਾਰੀ ਵਾਜਪਈ ਨੇ ਸਹਿਯੋਗੀ ਪਾਰਟੀਆਂ ਦੀ ਮਦਦ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕੀ ਸੀ। ਇਸ ਜਲਦਬਾਜ਼ੀ ਦੇ ਕਾਰਣ ਸੰਘ ਅਤੇ ਵਾਜਪਈ ਸਰਕਾਰ ਵਿੱਚ ਲਗਭਗ ਰੋਜ਼ ਹੀ ਵਿਵਾਦ-ਝਗੜਾ, ਘਰ ਵਿੱਚ ਹੀ ਨਹੀਂ ਸੜਕਾਂ ਪੁਰ ਅਤੇ ਖੁਲ੍ਹੇ ਮੈਦਾਨ ਵਿੱਚ ਵੀ, ਹੁੰਦਾ ਰਹਿੰਦਾ ਸੀ। ਇੱਕ ਪਾਸੇ ਸੰਘ ਦੇ ਸੀਨੀਅਰ ਵਿਚਾਰਕ ਅਤੇ ਭਾਰਤੀ ਮਜ਼ਦੂਰ ਸੰਘ ਦੇ ਸੰਸਥਾਪਕ ਦੱਤੋਪੰਤ ਠੇਂਗੜੀ, ਵਾਜਪਈ ਮੰਤਰੀ ਮੰਡਲ ਵਿੱਚ ਖਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਨੂੰ ਖੁਲ੍ਹੀ ਸਭਾ ਵਿੱਚ ‘ਅਪਰਾਧੀ’ ਗਰਦਾਨਦੇ ਰਹੇ ਸਨ ਅਤੇ ਦੂਸਰੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਜਿਹੇ ਸੰਗਠਨਾਂ ਨੇ ਵਾਜਪਈ ਲਈ ਚੈਨ ਨਾਲ ਸਰਕਾਰ ਚਲਾਣਾ ਵੀ ਮੁਸਕਿਲ ਕਰ ਦਿੱਤਾ ਹੋਇਆ ਸੀ। ਸੰਘ ਦੇ ਅੰਦਰ ਪਹੁੰਚ ਰਖਣ ਵਾਲੇ ਲੋਕੀ ਕਹਿੰਦੇ ਹਨ ਕਿ ਆਰਐਸਐਸ ਵਲੋਂ ਨਰੇਂਦਰ ਮੋਦੀ ਨੂੰ ਫਿਲਹਾਲ ਕੋਈ ਚੁਨੌਤੀ ਨਹੀਂ ਮਿਲੇਗੀ, ਕਿਉਂਕਿ ਪਿਛਲੀ ਵਾਰ ਨਾਲੋਂ ਸੰਘ ਕਾਫੀ ਸੁਘੜ-ਸਿਆਣਾ ਹੋ ਗਿਆ ਹੋਇਆ ਹੈ। ਉਸਦੇ ਆਗੂਆਂ ਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਹੋ ਚੁਕਾ ਹੈ ਕਿ ਜਿਸ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਉਸਦੇ ਸਵੈ ਸੇਵਕ ਜੀ-ਜਾਨ ਲਾ ਦਿੰਦੇ ਹਨ, ਉਸੇ ਦੀ ਕਬਰ ਖੋਦਣਾ ਆਪਣੇ ਲਈ ਬੀਆਬਾਨ ਜੰਗਲ ਦਾ ਟਿਕਟ ਕਟਾਣ ਵਾਂਗ ਹੋਵੇਗਾ।
ਭਾਜਪਾ ਬਨਾਮ ਦਿੱਲੀ: ਦਸਿਆ ਜਾਂਦਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੋਈ ਹਾਰ ਪੁਰ ਭਾਜਪਾ ਅਤੇ ਕੇਂਦਰ ਸਰਕਾਰ ਵਲੋਂ ਆਪੋ-ਆਪਣੇ ਤਰੀਕੇ ਘੋਖ ਕੀਤੀ ਜਾ ਰਹੀ ਹੈ। ਕੇਂਦਰੀ ਸਰਕਾਰ ਦੇ ਇੱਕ ਮੰਤਰੀ ਅਨੁਸਾਰ ਹਲਵਾਈ ਕਈ ਵਾਰ ਚੰਗਾ ਖਾਣਾ ਬਣਾਉਣ ਦੇ ਚਕਰ ਵਿੱਚ ਬਹੁਤਾ ਮਸਾਲਾ ਪਾ ਦਿੰਦਾ ਹੈ, ਇਹੀ ਹਾਲ ਦਿੱਲੀ ਵਿੱਚ ਭਾਜਪਾ ਦਾ ਹੋਇਆ ਹੈ। ਭਾਜਪਾ ਦੇ ਚੋਟੀ ਦੇ ਨੀਤੀ-ਘਾੜਿਆਂ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲੋੜ ਤੋਂ ਕਿਤੇ ਵੱਧ ਤਾਕਤ ਝੌਂਕ ਦਿੱਤੀ। ਜਿਸ ਨਾਲ ਲਗਣ ਲਗਾ ਕਿ ਅਸੀਂ ਡਰ ਗਏ ਹਾਂ। ਭਾਜਪਾ ਦੇ ਇੱਕ ਹੋਰ ਨੇਤਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਹੋਈ ਹਾਰ ਦੇ ਬਾਅਦ ਪਾਰਟੀ ਵਿੱਚ ਕਈ ਨੇਤਾਵਾਂ ਲਈ ਸੰਬੋਧਨ ਦਾ ਤਰੀਕਾ ਵੀ ਸ਼ਾਇਦ ਬਦਲ ਜਾਏ। ਉਨ੍ਹਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ‘ਸਭ ਤੋਂ ਸਫਲ ਪ੍ਰਧਾਨ’ ਕਹਿ ਕੇ ਸੰਬੋਧਿਤ ਕਰਦੇ ਰਹੇ ਹਨ। ਪ੍ਰਧਾਨ ਮੰਤਰੀ ਦਾ ਇਹ ਸੰਬੋਧਨ ਕਈ ਨੇਤਾਵਾਂ ਨੂੰ ਚੁਭਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਨਾਂ ਲੈਣਾ ਜ਼ਰੂਰੀ ਨਹੀਂ, ਸਮਝਦਾਰਾਂ ਨੂੰ ਇਸ਼ਾਰਾ ਹੀ ਕਾਫੀ ਹੈ।
…ਅਤੇ ਅੰਤ ਵਿੱਚ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਵੇਂ ਭਾਜਪਾ ਹਾਰ ਗਈ ਹੋਵੇ, ਪ੍ਰੰਤੂ ਇੱਕ ਜਗ੍ਹਾ ਅਜਿਹੀ ਵੀ ਰਹੀ, ਜਿਥੇ ਉਸਨੂੰ 100 ਪ੍ਰਤੀਸ਼ਤ ਵੋਟਾਂ ਮਿਲੀਆਂ। ਇਹ ਜਗ੍ਹਾ ਹੈ, ਆਰਐਸਐਸ ਦਾ ਦਿੱਲੀ ਦਫਤਰ-ਕਮ-ਨਿਵਾਸ ਕੇਸ਼ਵਕੁੰਜ। ਮਤਦਾਨ ਦੇ ਦਿਨ ਇਥੇ ਸੰਘ ਦੇ ਸਾਰੇ ਰਜਿਸਟਰਡ ਸਵੈ ਸੇਵਕਾਂ ਨੇ ਮਤਦਾਨ ਕੀਤਾ। ਮਤਲਬ ਇਹ ਕਿ ਇਥੇ ਸਾਰੇ ਬਟਨ ਕਮਲ ਦੇ ਹੀ ਦਬਣੇ ਸਨ ਅਤੇ ਦਬੇ ਵੀ। ਹਾਲਾਂਕਿ ਬਾਅਦ ਵਿੱਚ ਸੰਘ ਦੇ ਕਈ ਅਹੁਦੇਦਾਰ ਇਹ ਜਾਣਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਰਹੇ ਕਿ ਆਖਿਰ ਇਸ ਸੀਟ ਪੁਰ ਭਾਜਪਾ ਦੇ ਉਮੀਦਵਾਰ ਦਾ ਨਾਂ ਕੀ ਹੈ?
ਜਸਵੰਤ ਸਿੰਘ ‘ਅਜੀਤ’

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.