ਕੈਟੇਗਰੀ

ਤੁਹਾਡੀ ਰਾਇ



ਆਰ.ਐਸ.ਸੋਢੀ (ਜਸਟਿਸ)
ਅਕਾਲੀ ਲੀਡਰਸ਼ਿਪ ਪਰਿਵਾਰਵਾਦ ਦੇ ਮੋਹ ਵਿੱਚ ਪੈ
ਅਕਾਲੀ ਲੀਡਰਸ਼ਿਪ ਪਰਿਵਾਰਵਾਦ ਦੇ ਮੋਹ ਵਿੱਚ ਪੈ
Page Visitors: 2830

 

ਅਕਾਲੀ ਲੀਡਰਸ਼ਿਪ ਪਰਿਵਾਰਵਾਦ ਦੇ ਮੋਹ ਵਿੱਚ ਪੈ ,
ਅਤੇ ਸੱਤਾ ਲਾਲਸਾ ਦਾ ਸ਼ਿਕਾਰ ਹੋ ਕੇ ਕੁਰਾਹੇ ਪੈ ਗਈ ਹੋਈ ਹੈ -ਜਸਟਿਸ ਆਰ ਐਸ ਸੋਢੀ   Apr 25,2013
ਨਵੀਂ ਦਿੱਲੀ : ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਇਕ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਅੱਜ ਦੀ ਅਕਾਲੀ ਲੀਡਰਸ਼ਿਪ ਪਰਿਵਾਰਵਾਦ ਦੇ ਮੋਹ ਵਿੱਚ ਪੈ ਅਤੇ ਸੱਤਾ ਲਾਲਸਾ ਦਾ ਸ਼ਿਕਾਰ ਹੋ ਉਨ੍ਹਾਂ ਮੂਲ ਆਦਰਸ਼ਾਂ ਤੋਂ ਭਟਕ ਕੇ ਕੁਰਾਹੇ ਪੈ ਗਈ ਹੋਈ ਹੈ, ਜਿਨ੍ਹਾਂ ਆਦਰਸ਼ਾਂ ਨੂੰ ਮੁਖ ਰਖ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਅੱਜ ਸਿੱਖੀ ਅਤੇ ਸਿੱਖਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਸਦੇ ਲਈ ਪੂਰੀ ਤਰ੍ਹਾਂ ਅੱਜ ਦੀ ਉਹ ਅਕਾਲੀ ਲੀਡਰਸ਼ਿਪ ਹੀ ਜ਼ਿਮੇਂਦਾਰ ਹੈ, ਜਿਸਨੇ ਉਨ੍ਹਾਂ ਸਮਰਪਿਤ ਅਤੇ ਟਕਸਾਲੀ ਅਕਾਲੀ ਆਗੂਆਂ ਦੀ ਕੁਰਬਾਨੀਆਂ ਨੂੰ ਬਿਲਕੁਲ ਹੀ ਭੁਲਾ ਦਿੱਤਾ ਹੈ, ਜਿਨ੍ਹਾਂ ਦਲ ਦੇ ਮੂਲ ਆਦਰਸ਼ਾਂ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਅਥਾਹ ਕੁਰਬਾਨੀਆਂ ਕੀਤੀਆਂ ਹਨ।
ਜਸਟਿਸ ਆਰ ਐਸ ਸੋਢੀ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਅੱਜ ਵੀ ਕੌਮ ਪਾਸ ਅਜਿਹੀ ਸੀਨੀਅਰ ਅਤੇ ਟਕਸਾਲੀ ਨਿਸੁਆਰਥ ਲੀਡਰਸ਼ਿਪ ਹੈ, ਜੋ ਸੁਚਜੀ ਸੇਧ ਦੇ ਪੰਥ ਨੂੰ ਵਰਤਮਾਨ ਸੰਕਟ ਅਤੇ ਦੁਰਦਸ਼ਾ ਵਿਚੋਂ ਉਭਾਰ ਸਕਦੀ ਹੈ, ਪਰ ਅਫਸੋਸ ਦੀ ਗਲ ਇਹ ਹੈ ਕਿ ਅੱਜ ਦੀ ਅਕਾਲੀ ਦਲ ਤੇ ਕਾਬਜ਼ ਲੀਡਰਸ਼ਿਪ ਨੇ ਨਿਜ ਸੁਆਰਥ ਅਧੀਨ ਉਸਨੂੰ ਵੀ ਕਿਨਾਰੇ ਕਰ ਅਨਜਾਣ ਗਲੀਆਂ ਵਿੱਚ ਧਕ ਦਿੱਤਾ ਹੋਇਆ ਹੈ। ਜਸਟਿਸ ਸੋਢੀ ਨੇ ਕਿਹਾ ਕਿ ਅੱਜ ਜੋ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਪੁਰ ਕਾਬਜ਼ ਹੈ, ਉਸ ਵਿੱਚ ਨਾ ਤਾਂ ਪੰਥ-ਪ੍ਰਸਤੀ ਦੀ ਭਾਵਨਾ ਹੈ ਅਤੇ ਨਾ ਹੀ ਪੰਥ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕੁਰਬਾਨੀ ਕਰ ਸਕਣ ਦਾ ਜਜ਼ਬਾ। ਉਹ ਸੁਆਰਥ-ਗ੍ਰਸੀ ਹੀ ਨਹੀਂ, ਸਗੋਂ ਸੱਤਾ ਲਾਲਸਾ ਦੀ ਸ਼ਿਕਾਰ ਵੀ ਹੈ।
ਉਨ੍ਹਾਂ ਕਿਹਾ ਕਿ ਇਸ ਲੀਡਰਸ਼ਿਪ ਨੇ ਸਮੁਚੀਆਂ ਪੰਥਕ ਪਰੰਪਰਾਵਾਂ ਅਤੇ ਧਾਰਮਕ ਮਾਨਤਾਵਾਂ-ਮਰਿਆਦਾਵਾਂ ਨੂੰ ਛਿੱਕੇ ਤੇ ਟੰਗ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਅੱਜ ਦਾ ਸਿੱਖ ਨੌਜਵਾਨ ਸੁਚਜੀ ਸੇਧ ਨਾ ਮਿਲਣ ਕਾਰਣ ਬਹੁਮੁਲੇ ਪੰਥਕ ਵਿਰਸੇ ਤੋਂ ਅਨਜਾਣ ਹੋ ਭਟਕ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗਲ ਦੀ ਹੈ ਕਿ ਇਕ ਲੰਬਾ ਸੰਤਾਪ ਭੋਗਣ ਤੋਂ ਬਾਅਦ ਵੀ ਅੱਜ ਦੀ ਅਕਾਲੀ ਲੀਡਰਸ਼ਿਪ ਨੇ ਕੁਝ ਨਹੀਂ ਸਿਖਿਆ ਤੇ ਨਾ ਹੀ ਕੌਮੀ ਪਨੀਰੀ ਨੂੰ ਸੰਭਾਲਣ ਪ੍ਰਤੀ ਆਪਣੀ ਜ਼ਿਮੇਂਦਾਰੀ ਨੂੰ ਸਮਝਿਆ ਹੈ। ਜਸਟਿਸ ਆਰ ਐਸ ਸੋਢੀ ਨੇ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇ ਇਹੀ ਸਥਿਤੀ ਹੋਰ ਸਮਾਂ ਜਾਰੀ ਰਹੀ ਤਾਂ ਉਹ ਸਮਾਂ ਦੂਰ ਨਹੀਂ. ਜਦੋਂ ਸਿੱਖੀ ਗੁਰਦੁਆਰਿਆਂ ਦੀ ਚਾਰ ਦੀਵਾਰੀ ਅਤੇ ਲੋਕ ਕਹਾਣੀਆਂ ਤਕ ਹੀ ਸਿਮਟ ਕੇ ਰਹਿ ਜਾਇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.