ਕੈਟੇਗਰੀ

ਤੁਹਾਡੀ ਰਾਇ



ਤਰਲੋਚਨ ਸਿੰਘ ਦੁਪਾਲਪੁਰ
ਸ੍ਰੀ ਦਰਬਾਰ ਸਾਹਿਬ ਵਿਚ ਹੋਈ ਵਿਤਕਰੇ ਬਾਜੀ ਦਾ ‘ਵਰਲਡ ਸਿਖ ਫੈਡਰੇਸ਼ਨ’ਨੇ ਲਿਆ ਸਖਤ ਨੋਟਿਸ!-
ਸ੍ਰੀ ਦਰਬਾਰ ਸਾਹਿਬ ਵਿਚ ਹੋਈ ਵਿਤਕਰੇ ਬਾਜੀ ਦਾ ‘ਵਰਲਡ ਸਿਖ ਫੈਡਰੇਸ਼ਨ’ਨੇ ਲਿਆ ਸਖਤ ਨੋਟਿਸ!-
Page Visitors: 2713

ਸ੍ਰੀ ਦਰਬਾਰ ਸਾਹਿਬ ਵਿਚ ਹੋਈ ਵਿਤਕਰੇ ਬਾਜੀ ਦਾ ‘ਵਰਲਡ ਸਿਖ ਫੈਡਰੇਸ਼ਨ’ਨੇ ਲਿਆ ਸਖਤ ਨੋਟਿਸ!-
ਸ਼੍ਰੋਮਣੀ ਕਮੇਟੀ ਨੇ ‘ਰਾਣਾ-ਰੰਕ ਬਰਾਬਰੀ’ਵਾਲ਼ੀ ਸਿਖ ਪ੍ਰੰਪਰਾ ਦੀ ਕੀਤੀ ਘੋਰ ਉਲੰਘਣਾ!!-‘ਸਿਫਤੀ ਦੇ ਘਰ’ ਨੂੰ ਬਾਦਲ ਪ੍ਰਵਾਰ ਦਾ ‘ਬਾਲਾ ਸਰ’ ਨਾ ਬਣਾਉ ਮੱਕੜ ਜੀ!!!
ਸੈਨਹੋਜ਼ੇ(ਤਰਲੋਚਨ ਸਿੰਘ ‘ਦੁਪਾਲ ਪੁਰ’)-ਮਨੁੱਖ ਮਾਤਰ ਦੇ ਸਰਬ ਸਾਂਝੇ ਅਸਥਾਨ ਅਤੇ ਸਿਖੀ ਦੇ ਮੱਕੇ ਵਜੋਂ ਜਾਣੇ ਜਾਂਦੇ ਸ੍ਰੀ ਦਰਬਾਰ ਸਹਿਬ ਵਿਖੇ,ਬੀਤੇ ਦਿਨੀ ਪ੍ਰਬੰਧਕਾਂ ਵਲੋਂ ਕੀਤੀ ਗਈ ਵਿਤਕਰੇ ਬਾਜੀ ਅਤੇ ਨੰਗੇ ਚਿੱਟੇ ਪੱਖਪਾਤ ਦਾ ਵਰਲਡ ਸਿਖ ਫੈਡਰੇਸ਼ਨ ਨੇ ਗੰਭੀਰ ਨੋਟਿਸ ਲਿਆ ਹੈ।ਵਿਸ਼ਵ ਭਰ ਵਿਚ ਫੈਲੀ ਹੋਈ ਜਾਗਰੂਕ ਸਮਝੀ ਜਾਂਦੀ ਇਸ ਸਿਖ ਜਥੇਬੰਦੀ ਵਲੋਂ ਜਾਰੀ ਕੀਤੇ ਗਏ ਇਕ ਲਿਖਤੀ ਬਿਆਨ ਵਿਚ ਦੋਸ਼ ਲਾਇਆ ਗਿਆ ਹੈ ਕਿ ਬੀਤੇ ਦਿਨੀ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਦੇ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ,ਜਦੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ,ਤਦ ਸਿਖ ਰਵਾਇਤਾਂ ਨੂੰ ਪਾਸੇ ਸੁਟਦਿਆਂ,ਉਨਾਂ ਦਾ ‘ਵਿਸ਼ੇਸ਼ ਸਤਿਕਾਰ’ ਕੀਤਾ ਗਿਆ।ਰਾਗੀ ਸਿੰਘਾਂ ਪਿੱਛੇ ਕੀਰਤਨ ਵਿੱਚ ਲੀਨ ਹੋਏ ਬੈਠੇ ਸ਼ਰਧਾਲੂਆਂ ਨੂੰ ਅਚਾਨਕ ਜ਼ਬਰਦਸਤੀ ਉਠਾਲ਼ ਕੇ,ਉਥੇ ਸ੍ਰੀ ਜੇਤਲੀ ਨੂੰ ਬਿਠਾਇਆ ਗਿਆ।
ਇਥੇ ਹੀ ਬਸ ਨਹੀਂ ਸਗੋਂ ਉਸਦੀ ਹਾਜ਼ਰੀ ਨੂੰ ਮੁੱਖ ਰਖਦਿਆਂ,ਰਾਗੀ ਸਿੰਘਾਂ ਨੂੰ ਉਚੇਚੀ ਹਿਦਾਇਤ ਦੇ ਕੇ ਜੇਤਲੀ ਦੀ ਜਿੱਤ ਦੀ ‘ਕਾਮਨਾ’ ਵਜੋਂ ‘ਪੂਤਾ ਮਾਤਾ ਕੀ ਆਸੀਸ’ ਵਾਲ਼ੇ ਸ਼ਬਦ ਦਾ ਗਾਇਨ ‘ਕਰਵਾਇਆ’ ਗਿਆ!
ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲ਼ੀ ਇਕ ਔਰਤ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇ ਕੇ ਖੁਸ਼ੀ ਵਿਚ ਚੜਗ੍ਹਿਲੀਆਂ ਪਾਉਣ ਵਾਲ਼ਿਆਂ ਨੂੰ ਗੁਰੂ ਘਰੋਂ ‘ਅਸੀਸਾਂ’ਦਿਵਾਈਆਂ ਗਈਆਂ!!                        
     ਇਸ ਬਿਆਨ ਵਿਚ ਕੈਲੇਫੋਰਨੀਆਂ ਦੇ ‘ਪੰਜਾਬੀ ਰੇਡੀਉ-ਯੂ.ਐਸ.ਏ.’ ਨੂੰ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿੱਤੀ ਗਈ ਇਕ ਇੰਟਰਵਿਊ ਦੇ ਹਵਾਲੇ ਨਾਲ,ਸ਼ੀ ਜੇਤਲੀ ਦੇ ਪਿਛੋਕੜ ਬਾਰੇ ਦੱਸਿਆ ਗਿਆ ਹੈ ਕਿ ਉਹ ਸ਼ੇਰੇ ਪੰਜਾਬ ਦੇ ਰਾਜ ਭਾਗ ਨੂੰ ਨੇਸਤੋ-ਨਾਬੂਦ ਕਰਨ ਵਾਲ਼ੇ ਜੰਮੂ ਦੇ ਡੋਗਰਿਆਂ ਦੇ ਖਾਨਦਾਨ ਨਾਲ਼ ਸਬੰਧਿਤ ਹਨ।
ਇਸੇ ਸ਼੍ਰੀ ਜੇਤਲੀ ਨੇ ਸੰਨ 78 ਵਾਲ਼ੇ ਨਕਲੀ ਨਿਰੰਕਾਰੀ-ਕਤਲ ਕਾਂਡ ਵਿਚ ਨਿਰੰਕਾਰੀਆਂ ਦੇ ਵਕੀਲ ਵਜੋਂ,ਭਾਈ ਰਣਜੀਤ ਸਿੰਘ ਵਿਰੁੱਧ ਸੁਪਰੀਮ ਕੋਰਟ ਵਿਚ ਕੇਸ ਲੜਿਆ ਸੀ।
   ਵਰਲਡ ਸਿਖ ਫੈਡਰੇਸ਼ਨ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਛਿਆ ਗਿਆ ਹੈ ਕਿ ਉਹ ਉਕਤ ਇਤਿਹਾਸਕ ਸੱਚਾਈਆਂ ਦੇ ਨਾਲ ਨਾਲ ਸਾਹਮਣੇ ਦਿਖਾਈ ਦੇ ਰਹੇ ਇਸ ਪੱਖ ਨੂੰ ਵੀ ਕਿਉਂ ਨਜ਼ਰ ਅੰਦਾਜ਼ ਕਰ ਰਹੀ ਹੈ ? ਕਿ ਅਜ ਕਲ ਸ਼੍ਰੀ ਜੇਤਲੀ ਨੇ,ਓਸ ਹਰਬੰਸ ਲਾਲ ਖੰਨੇ ਦੀ ‘ਯਾਦਗਾਰ’ ਵਿਚ ਆਪਣਾ ਚੋਣ ਦਫਤਰ ਖੋਲ੍ਹਿਆ ਹੋਇਆ ਹੈ,ਜਿਸ ‘ਖੰਨੇ’ਨੇ ਸ੍ਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ,ਇਸ ਪਵਿਤਰ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਚਿਰਾਂ ਤੋਂ ਲੱਗੀ ਹੋਈ ਤਸਵੀਰ ਭੰਨ ਦਿੱਤੀ ਸੀ ਅਤੇ ਸਿਗਰਟ ਬੀੜੀ ‘ਸ਼ਾਨ ਨਾਲ ਪੀਆਂ ਗੇ’ ਦੇ ਭੜਕਾਊ ਨਾਹਰੇ ਲਾ ਕੇ, ਸਿਖ ਜਜ਼ਬਾਤਾਂ ਖਿੱਲੀ ਉਡਾਈ ਸੀ।
ਇਸ ਹਕੀਕਤ ਤੋਂ ਵੀ ਕਿਉਂ ਅੱਖਾਂ ਮੀਟੀਆਂ ਜਾ ਰਹੀਆਂ ਨੇ ਕਿ ਸ਼੍ਰੀ ਜੇਤਲੀ ਉਸੇ ‘ਭਾਜਪਾ’ ਦੇ ਉਮੀਦਵਾਰ ਹਨ,ਜੋ ਸ੍ਰੀ ਦਰਬਾਰ ਸਾਹਿਬ ‘ਤੇ ਕਰਵਾਏ ਫੌਜੀ ਹਮਲੇ ਦਾ ‘ਸਿਹਰਾ’ ਐਲਾਨੀਆਂ ਆਪਣੇ ਸਿਰ ਬੰਨ੍ਹਦੀ ਹੈ ਅਤੇ ਇਸ ਦਰਿੰਦਗੀ ਭਰੇ ਸਾਕੇ ਮੌਕੇ,ਉਸ ਨੇ ਲੱਡੂ ਵੰਡਦਿਆਂ ਬਾਘੀਆਂ ਪਾਈਆਂ ਸਨ।
    ਇਸ ਦੇ ਉਲਟ ਆਮ ਆਦਮੀ ਦੀ ਬਾਂਹ ਫੜਨ ਵਾਲ਼ੇ ਅਤੇ ਭ੍ਰਿਸ਼ਟਾਚਾਰ ਨਾਲ ਨੰਗੇ ਧੜ ਜੂਝ ਰਹੇ ਸ਼੍ਰੀ ਅਰਵਿੰਦ ਕੇਜਰੀਵਾਲ਼ ਦੀ, ਸ੍ਰੀ ਦਰਬਾਰ ਸਾਹਿਬ ਫੇਰੀ ਮੌਕੇ ਕੀਰਤਨ-ਪ੍ਰਸਾਰਣ ਹੀ ਬੰਦ ਕਰ ਦਿੱਤਾ ਗਿਆ! ਨਾ ਹੀ ਉਸ ਨੂੰ ਰਵਾਇਤ ਮੁਤਾਬਿਕ ਸਿਰੋਪਾ ਦਿੱਤਾ ਗਿਆ!! ਚੌਂਹ ਦਰਵਾਜਿਆਂ ਵਾਲ਼ੇ ਇਸ ਪਾਵਨ ਅਸਥਾਨ ‘ਤੇ ਉਕਤ ਵਿਤਕਰੇ ਬਾਜੀਆਂ ਕਰਕੇ ਸ਼੍ਰੋਮਣੀ ਕਮੇਟੀ ਮਹੰਤਾਂ ਨੂੰ ਵੀ ‘ਮਾਤ ਪਾਉਂਦੀ’ ਜਾਪ ਰਹੀ ਹੈ।ਉਹ ਗੁਰੂ ਸਾਹਿਬਾਨ ਵਲੋਂ ਸਾਜੇ ਹੋਏ ਇਸ ‘ਸਿਫਤੀ ਦੇ ਘਰ’ ਨੂੰ ਬਾਦਲ ਪ੍ਰਵਾਰ ਦਾ ‘ਬਾਲਾ ਸਰ’ ਬਣਾਉਣ ਤੇ ਤੁਲੀ ਹੋਈ ਹੈ।
          ਇਸ ਜਥੇਬੰਦੀ ਦੇ ਉਤਰੀ ਅਮਰੀਕਾ ਜ਼ੋਨ ਦੇ ਸਰਗਰਮ ਮੈਂਬਰਾਂ,ਭਾਈ ਜਗਪਾਲ ਸਿੰਘ-ਸ਼ੌਕੀਨ ਸਿੰਘ ‘ਚੁਪ ਕੀਤੀ’-ਹਰਜੀਤ ਸਿੰਘ ਬੋਥਲ-ਅਜੈਬ ਸਿੰਘ,ਸਤਪਾਲ ਸਿੰਘ ਪੁਰੇਵਾਲ਼,ਜੋਗਾ ਸਿੰਘ ,ਹਰਨੇਕ ਸਿੰਘ,ਹਰਜੀਤ ਸਿੰਘ(ਸਿਆਟਲ ਨਿਵਾਸੀ),ਡਾ.ਗੁਰਮੀਤ ਸਿੰਘ‘ਬਰਸਾਲ’,ਹਰਦੀਪ ਸਿੰਘ ਲਵਿੰਗਸਟਨ,ਬਲਵਿੰਦਰ ਸਿੰਘ ਬਾਲਟੀਮੋਰ,ਹਰਦੀਪ ਸਿੰਘ ਮਾਣਕ ਰਾਏ,ਗੁਰਵਿੰਦਰ ਸਿੰਘ ਟਰੇਸੀ ,ਬੀਬੀ ਰਾਜਵੀਰ ਕੌਰ ਢੀਂਡਸਾ,ਹਰਮਿੰਦਰ ਸਿੰਘ ਸੇਖਾ ਅਤੇ ਕੁਲਜੀਤ ਸਿੰਘ ਫਰਿਜ਼ਨੋ ਦੇ ਦਸਖਤਾਂ ਹੇਠ ਜ੍ਹਾਰੀ ਹੋਏ ਇਸ ਬਿਆਨ ਦੇ ਅਖੀਰ ਵਿਚ,ਕੌਮੀ ਨਿਰਾਸ਼ਤਾ ਉਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਹੈ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਅਤੇ ਖਾਲੜਾ ਮਿਸ਼ਨ ਜਥੇਬੰਦੀ ਤੋਂ ਇਲਾਵਾ ਹੋਰ ਕਿਸੇ ਵੀ ਸਿਖ ਸੰਸਥਾ ਨੇ ਉਕਤ ਧੌਂਸ ਭਰੀ ਵਿਤਕਰੇ ਬਾਜੀ ਦਾ ਨੋਟਿਸ ਹੀ ਨਹੀ ਲਿਆ! ‘ਤਖਤਾਂ ਵਾਲ਼ੇ ਸਿੰਘ ਸਾਹਿਬਾਨ’ ਅਤੇ ਸੰਤ ਸਮਾਜ ਵਾਲ਼ੇ ‘ਬਾਬੇ ਜੀ’ ਵੀ ਸਭ ਕੁਝ ਦੇਖਦਿਆਂ ਹੋਇਆਂ ‘ਖਾਮੋਸ਼’ ਬੈਠੇ ਹਨ! ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰਾਂ ਦੀ ਤਾਂ ਗੱਲ ਹੀ ਕੀ ਕਰਨੀ ਹੋਈ ,ਜੋ ਸਿਆਸੀ ਚਾਹਤਾਂ ਕਾਰਨ‘ਗੁੰਗੇ ਤੋਤੇ’ ਬਣੇ ਹੋਏ ਨੇ। ਬਿਆਨ ਦੀ ਸਮਾਪਤੀ,ਸਮੁੱਚੇ ਸਿਖ ਜਗਤ ਨੂੰ ਇਸ ਮਾਰਮਿਕ ਅਪੀਲ ਨਾਲ ਕੀਤੀ ਗਈ ਹੈ ਕਿ ਪਸਰੀ ਹੋਈ ਅਜਿਹੀ ‘ਖਤਰਨਾਕ ਚੁੱਪ’ ਕੌਮ ਦੇ ਭਵਿੱਖ ਲਈ ਬੇਹੱਦ ਖਤਰਨਾਕ ਸਾਬਤ ਹੋਵੇ ਗੀ।ਇਸ ਸਜਿਸ਼ੀ ਖੜੋਤ ਨੂੰ ਤੋੜਨਾ ਹਰ ਇਕ ਸਿਖ ਦਾ ਮੁਢਲਾ ਕੌਮੀ ਫਰਜ਼ ਹੈ।

(ਮੱਕੜ ਜੀ
           ਗੁਰ ਫਤਿਹ
  ਆਪਣੀ ਔਕਾਤ ਵਿਚ ਰਹਿਣਾ ਹੀ ਚੰਗਾ ਹੁੰਦਾ ਹੈ । ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਹੀ ਰਹਿਣ ਦਿਉ , ਆਪਣੀ ਬਪੌਤੀ ਜਗੀਰ ਨਾ ਬਣਾਉ । ਦਿਨ ਬਦਲਦਿਆਂ ਦੇਰ ਨਹੀਂ ਲਗਦੀ । ਪਰਮਾਤਮਾ ਨੇ ਸਿੱਖਾਂ ਨੂੰ ਸੁਮੱਤ ਬਖਸ਼ੀ ਤਾਂ ਦੋ ਸਾਲ ਦੇ ਵਿਚ-ਵਿਚ ਤੁਹਾਡੇ ਕੋਲੋਂ ਦਰਬਾਰ ਸਾਹਿਬ ਦੀ ਇਸ ਬੇਅਦਬੀ ਦਾ ਹਿਸਾਬ ਸੰਗਤ ਲੈ ਲਵੇਗੀ ।
                                          ਅਮਰ ਜੀਤ ਸਿੰਘ ਚੰਦੀ
                                              20-4-2014

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.