ਅਖੌਤੀ ਦਮਦਮੀ ਟਕਸਾਲ ਦੇ ਪਿਛੋਕੜ ਦਾ ਸੱਚ ! (ਭਾਗ ਪਹਿਲਾ)
ਡਾ. ਹਰਜਿੰਦਰ ਸਿੰਘ ਦਿਲਗੀਰ
ਚੌਕ ਮਹਿਤਾ ਡੇਰਾ ਦਾ ਪਿਛੋਕੜ
ਚੌਕ ਮਹਿਤਾ ਡੇਰੇ ਵਾਲੇ ਆਪਣੇ ਆਪ ਨੂੰ ‘ਦਮਦਮੀ ਟਕਸਾਲ’ ਕਹਿੰਦੇ ਹਨ। ਮਹਿਤਾ ਚੌਕ ਵਿਚ ਕਾਇਮ ਮੌਜੂਦਾ ਡੇਰੇ ਨੂੰ ਬਣਾਉਣ ਵਾਲੇ ਗਿਆਨੀ ਕਰਤਾਰ ਸਿੰਘ (ਜਨਮ 1932, ਪੁੱਤਰ ਚੰਦਾ ਸਿੰਘ, ਵਾਸੀ ਪੁਰਾਣੇ ਭੂਰੇ/ ਭੂਰਾ ਕੋਹਨਾ) ਸਨ। ਉਹ ਗਿਆਨੀ ਗੁਰਬਚਨ ਸਿੰਘ (ਜਨਮ 1902, ਪੁੱਤਰ ਰੂੜ ਸਿੰਘ, ਵਾਸੀ ਅਖਾੜਾ, ਜ਼ਿਲ੍ਹਾ ਲੁਧਿਆਣਾ) ਦੇ ਚੇਲੇ ਸਨ। ਗਿਆਨੀ ਗੁਰਬਚਨ ਸਿੰਘ ਅੱਗੋਂ ਗਿਆਨੀ ਸੁੰਦਰ ਸਿੰਘ (ਜਨਮ 1883, ਪੁੱਤਰ ਖ਼ਜ਼ਾਨ ਸਿੰਘ, ਵਾਸੀ ਭਿੰਡਰ ਕਲਾਂ, ਜ਼ਿਲ੍ਹਾ ਫ਼ੀਰੋਜ਼ਪੁਰ) ਦੇ ਚੇਲੇ ਸਨ, ਜੋ ਪਿੰਡ ਭਿੰਡਰਾਂਵਾਲਾ ਦੇ ਰਹਿਣ ਵਾਲੇ ਸਨ, ਜਿਸ ਕਰ ਕੇ ਉਹ ਭਿੰਡਰਾਂਵਾਲੇ ਵਜੋਂ ਵੀ ਜਾਣ ਲਗ ਪਏ ਸਨ। ਗਿਆਨੀ ਸੁੰਦਰ ਸਿੰਘ ਇਕ ਆਮ ਕਿਰਸਾਨ ਤੇ ਪਰਚਾਰਕ ਸਨ; ਉਨ੍ਹਾਂ ਦਾ ਕਿਸੇ ਹੋਰ ਡੇਰੇ ਜਾਂ ਅਖੌਤੀ ਸੰਪਰਦਾ ਨਾਲ ਕੋਈ ਸਬੰਧ ਨਹੀਂ ਸੀ; ਹਾਂ ਉਹ ਕਦੇ ਕਦੇ ਗਿਆਨੀ ਬਿਸ਼ਨ ਸਿੰਘ ਮੁਰਾਲਾ ਕੋਲ ਜਾਇਆ ਜ਼ਰੂਰ ਕਰਦੇ ਸਨ। ਹੌਲੀ-ਹੌਲੀ ਉਨ੍ਹਾਂ ਦਾ ਪਿੰਡ ਭਿੰਡਰਾਂ ਵਾਲਾ ਘਰ ਇਕ ਨਿੱਕਾ ਡੇਰਾ ਬਣ ਗਿਆ ਸੀ। ਗਿਆਨੀ ਸੁੰਦਰ ਸਿੰਘ ਦਾ ਚੇਲਾ ਗਿਆਨੀ ਗੁਰਬਚਨ ਸਿੰਘ ਸੀ। ਗੁਰਬਚਨ ਸਿੰਘ ਆਪਣੇ ਵਿਆਹ (1920) ਤੋਂ 4-5 ਸਾਲ ਬਾਅਦ ਗਿਆਨੀ ਸੁੰਦਰ ਸਿੰਘ ਦੇ ਡੇਰੇ’ਤੇ ਪਿੰਡ ਭਿੰਡਰ ਕਲਾਂ ਵਿਚ ਆ ਗਿਆ।
ਸੁੰਦਰ ਸਿੰਘ ਦੀ ਮੌਤ, 47 ਸਾਲ ਦੀ ਉਮਰ ਵਿਚ, 15 ਫ਼ਰਵਰੀ 1930 ਦੇ ਦਿਨ ਹੋਈ ਤੇ ਇਸ ਮਗਰੋਂ ਭਿੰਡਰ ਕਲਾਂ ਦਾ ਡੇਰਾ ਉਸ ਨੇ ਸੰਭਾਲ ਲਿਆ। 1930 ਤਕ ਭਿੰਡਰਾਂ ਡੇਰੇ ਦਾ ਨਾਂ ‘ਭਿੰਡਰਾਂ ਜਥਾ’ ਵੀ ਨਹੀਂ ਸੀ; ਇਹ ਸਿਰਫ਼ ਇਕ ਡੇਰਾ ਸੀ; ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ “ਜਥਾ ਭਿੰਡਰਾਂ” ਬਣਾ ਕੇ ਪਰਚਾਰ ਦੌਰੇ ਸ਼ੁਰੂ ਕਰ ਦਿੱਤੇ। ਜਦ ਗਿਆਨੀ ਗੁਰਬਚਨ ਸਿੰਘ ਨੇ (28 ਜੂਨ 1969 ਦੇ ਦਿਨ) ਚੜ੍ਹਾਈ ਕੀਤੀ ਤਾਂ ਉਨ੍ਹਾਂ ਪਿੱਛੋਂ ਡੇਰੇ ਅਤੇ ‘ਗੱਦੀ’ ਦਾ ਝਗੜਾ ਹੋਇਆ। ਗਿਆਨੀ ਗੁਰਬਚਨ ਸਿੰਘ ਦਾ ਪਰਵਾਰ ਇਹ ਗੱਦੀ ਗਿਆਨੀ ਕਰਤਾਰ ਸਿੰਘ (ਜੋ ਕਿ ਇਕ ਸਾਬਕਾ ਪਟਵਾਰੀ ਸਨ) ਭੂਰਾ ਕੋਹਨਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਰਹਿਣ ਵਾਲੇ ਸਨ, ਨੂੰ ਇਸ ਕਰ ਕੇ ਨਹੀਂ ਦੇਣੀ ਚਾਹੁੰਦਾ ਸੀ ਕਿਉਂਕਿ ਉਹ ਮਾਝੇ ਦੇ ਸਨ (ਹਰਦੀਪ ਸਿੰਘ ਡਿਬਡਿਬਾ ਨੇ ਆਪਣੀ ਕਿਤਾਬ ‘ਸਾਕਾ ਨੀਲਾ ਤਾਰਾ ਤੋਂ ਬਾਅਦ…’ ਵਿਚ ਇਸ ਦੀ ਚੋਖੀ ਤਫ਼ਸੀਲ ਦਿੱਤੀ ਹੋਈ ਹੈ)।
ਗਿਆਨੀ ਗੁਰਬਚਨ ਸਿੰਘ ਦਾ ਪਰਵਾਰ ਗੱਦੀ ਆਪਣੇ ਇਲਾਕੇ, ਮਾਲਵੇ, ਵਿਚ ਹੀ ਰਖਣੀ ਚਾਹੁੰਦਾ ਸੀ ਤੇ ਇਸ ਕਰ ਕੇ ਉਨ੍ਹਾਂ ਨੇ ਮੋਹਣ ਸਿੰਘ ਨੂੰ ਗੱਦੀ ਦੇ ਦਿੱਤੀ। ਦੂਜੇ ਪਾਸੇ ਗਿਆਨੀ ਕਰਤਾਰ ਸਿੰਘ ਨੇ ਚੌਕ ਮਹਿਤਾ ਵਿਚ ਜ਼ਮੀਨ ਲੈ ਕੇ ਆਪਣਾ ਡੇਰਾ ਬਣਾ ਲਿਆ ਤੇ ਇਸ ਦਾ ਨਾਂ ‘ਜਥਾ ਭਿੰਡਰਾਂ-ਮਹਿਤਾ’ ਰੱਖ ਲਿਆ। ਉਹ 21 ਅਗਸਤ 1977 ਦੇ ਦਿਨ ਇਕ ਐਕਸੀਡੈਂਟ ਵਿਚ ਚੜ੍ਹਾਈ ਕਰ ਗਏ। ਉਨ੍ਹਾਂ ਜਾਣ ਤੋਂ ਪਹਿਲਾਂ ਆਪਣੇ ਜਥੇ ਨੂੰ ਅਖੌਤੀ ‘ਦਮਦਮੀ ਟਕਸਾਲ’ ਕਹਿਣਾ ਸ਼ੁਰੂ ਕਰ ਦਿੱਤਾ ਸੀ।
ਗਿਆਨੀ ਕਰਤਾਰ ਸਿੰਘ ਦਾ ਵਾਰਸ ਬਾਬਾ ਜਰਨੈਲ ਸਿੰਘ (ਪੁੱਤਰ ਜੋਗਿੰਦਰ ਸਿੰਘ, ਵਾਸੀ ਰੋਡੇ) ਸੀ, ਜੋ 6 ਜੂਨ 1984 ਦੇ ਦਿਨ ਸ਼ਹੀਦ ਹੋ ਗਿਆ। ਉਸ ਮਗਰੋਂ ਠਾਕਰ ਸਿੰਘ (ਮੌਤ 24 ਦਸੰਬਰ 2004) ਇਸ ਡੇਰੇ ਦਾ ਮੁਖੀ ਬਣਿਆ ਜੋ 20 ਸਾਲ ਝੂਠ ਬੋਲਦਾ ਰਿਹਾ (ਉਹ ਵੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ) ਕਿ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ ਤੇ ਜਿਊਂਦੇ ਹਨ। ਠਾਕਰ ਸਿੰਘ ਮਗਰੋਂ ਹਰਨਾਮ ਸਿੰਘ ਧੁੰਮਾ ਇਸ ਡੇਰੇ ਦਾ ਮੁਖੀ ਬਣਿਆ।
ਅਖੌਤੀ ਦਮਦਮੀ ਟਕਸਾਲ ਦੇ ਪਿਛੋਕੜ ਦਾ ਸੱਚ
ਜਿਨ੍ਹਾਂ ਪੁਰਾਣੇ ਸਾਧਾਂ ਦਾ ਨਾਂ ਭਿੰਡਰਾਂ-ਮਹਿਤਾ ਜਥੇ ਵਾਲੇ ‘ਆਪਣੇ ਮੋਢੀ’ ਕਹਿ ਕੇ ਵਰਤਦੇ ਹਨ ਉਨ੍ਹਾਂ ਨੇ ਵੀ ‘ਦਮਦਮੀ ਟਕਸਾਲ’ ਤਾਂ ਕੀ ਖ਼ਾਲੀ ‘ਟਕਸਾਲ’ ਲਫ਼ਜ਼ ਵੀ ਕਦੇ ਨਹੀਂ ਵਰਤਿਆ ਸੀ; ਮਿਸਾਲ ਵਜੋਂ ਇਸ ਜੱਥੇ ਦੀਆਂ ਆਪਣੀਆਂ ਲਿਖਤਾਂ ਮੁਤਾਬਿਕ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਤੋਂ ਪਹਿਲਾਂ ਇਨ੍ਹਾਂ ਦੀ ਲੜੀ ਇਹ ਹੈ: ਗਿਆਨੀ ਸੁੰਦਰ ਸਿੰਘ, ਬਿਸ਼ਨ ਸਿੰਘ ਮੁਰਾਲਾ, ਹਰਨਾਮ ਸਿੰਘ ਬੇਦੀ, ਗਿਆਨੀ ਭਗਵਾਨ ਸਿੰਘ, ਗਿਆਨੀ ਦਯਾ ਸਿੰਘ, ਗਿਆਨੀ ਸੰਤ ਸਿੰਘ, ਗਿਆਨੀ ਗੁਰਦਾਸ ਸਿੰਘ, ਗਿਆਨੀ ਸੂਰਤ ਸਿੰਘ, ਬਾਬਾ ਗੁਰਬਖ਼ਸ਼ ਸਿੰਘ, ਬਾਬਾ ਦੀਪ ਸਿੰਘ/ਭਾਈ ਮਨੀ ਸਿੰਘ।
ਇਨ੍ਹਾਂ ਵਿਚੋਂ ਬਾਬਾ ਗੁਰਬਖ਼ਸ ਸਿੰਘ ਸ਼ਹੀਦਾਂ ਮਿਸਲ ਦੇ ਆਗੂ ਸਨ ਅਤੇ ਉਹ ਦਰਬਾਰ ਸਾਹਿਬ ਵਿਚ ਪਹਿਲੀ ਦਸੰਬਰ 1764 ਦੇ ਦਿਨ ਅਹਿਮਦ ਸ਼ਾਹ ਦੁਰਾਨੀ ਅਤੇ ਨਾਸਿਰ ਖ਼ਾਨ ਬਲੋਚ ਦੀ ਸਾਂਝੀ ਦੀ ਫ਼ੌਜ ਨਾਲ ਲੜਦੇ ਸ਼ਹੀਦ ਹੋਏ ਸਨ; ਇਨ੍ਹਾਂ ਨੂੰ ਇਸ ਜਥੇ ਵਾਲਿਆਂ ਜ਼ਬਰਦਸਤੀ ਖ਼ੁਦ ਨਾਲ ਜੋੜ ਲਿਆ ਹੈ। ਬਾਬਾ ਗੁਰਬਖ਼ਸ਼ ਸਿੰਘ ਤੋਂ ਮਗਰੋਂ ਇਹ ਗਿਆਨੀ ਸੂਰਤ ਸਿੰਘ ਨੂੰ ਉਨ੍ਹਾਂ ਦਾ ਚੇਲਾ ਬਣਾ ਕੇ ਪੇਸ਼ ਕਰਦੇ ਹਨ। ਸੂਰਤ ਸਿੰਘ ਨਿਰਮਲਾ ਝੰਗ ਜ਼ਿਲ੍ਹੇ ਵਿਚ ਚਨਿਓਟ ਦੇ ਰਾਮ ਚੰਦ ਦਾ ਪੁੱਤਰ ਸੀ ਤੇ ਬਨਾਰਸ ਦੇ ਪੰਡਤਾਂ ਤੋਂ ਪੜ੍ਹ ਕੇ ਆਇਆ ਸੀ। (ਇਸ ਜਥੇ ਵਾਲੇ ਸੂਰਤ ਸਿੰਘ ਨੂੰ ਭਾਈ ਮਨੀ ਸਿੰਘ ਅਤੇ ਬਾਬਾ ਗੁਰਬਖ਼ਸ਼ ਸਿੰਘ ਦਾ ਚੇਲਾ ਦਸਦੇ ਹਨ। ਇਹ ਨਿਰਾ ਝੂਠ ਹੈ। ਭਾਈ ਮਨੀ ਸਿੰਘ 24 ਜੂਨ 1734 (ਅਤੇ ਬਾਬਾ ਗੁਰਬਖ਼ਸ਼ ਸਿੰਘ 1 ਦਸੰਬਰ 1764) ਦੇ ਦਿਨ ਸ਼ਹੀਦ ਹੋਏ ਸਨ; ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਵੇਲੇ ਤਕ ਤਾਂ ਇਹ ਜੰਮਿਆ ਹੀ ਨਹੀਂ ਸੀ। ਦਰਅਸਲ ਇਹ ਇਕ ਨਿਰਮਲਾ ਪੁਜਾਰੀ ਸੀ। ਇਸ ਨੇ 1780 ਦੇ ਕਰੀਬ ਅੰਮ੍ਰਿਤਸਰ ਦੇ ਇਕ ਬੁੰਗੇ ਵਿਚ ਪੱਕੇ ਡੇਰੇ ਲਾ ਲਏ ਸਨ। ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਰਚਨਾ ‘ਭਗਤ ਰਤਨਾਵਲੀ’, ਜਿਸ ਨੂੰ ‘ਸਿੱਖਾਂ ਦੀ ਭਗਤਮਾਲਾ’ ਵੀ ਕਹਿੰਦੇ ਹਨ (ਤੇ ਪ੍ਰੇਮ ਰਤਨਾਵਲੀ ਵੀ) ਇਸੇ ਦੀ ਲਿਖੀ ਹੋਈ ਹੈ।
ਇਹ ਸੂਰਤ ਸਿੰਘ ਤੋਂ ਮਗਰੋਂ ਗੁਰਦਾਸ ਸਿੰਘ (1773-1790) ਤੇ ਉਸ ਦੇ ਭਰਾ ਗਿਆਨੀ ਸੰਤ ਸਿੰਘ (1778-1832) ਨੂੰ ਉਸ ਦੇ ਵਾਰਸ ਤੇ ਆਪਣੇ ਜਥੇ ਦੇ ਮੁਖੀ ਦਸਦੇ ਹਨ। ਗੁਰਦਾਸ ਸਿੰਘ ਇਸ ਸੂਰਤ ਸਿੰਘ ਦਾ ਵੱਡਾ ਤੇ ਸੰਤ ਸਿੰਘ ਸਭ ਤੋਂ ਛੋਟਾ ਪੁੱਤਰ ਸੀ। ਸੰਤ ਸਿੰਘ ਨਿਰਮਲਾ ਸੀ ਤੇ ਦਿਲੋਂ ਪੂਰਾ ਹਿੰਦੂ ਸੀ ਅਤੇ ਉਸ ਦੇ ਘਰ ਦੇ ਮੁਖ ਗੇਟ ‘ਤੇ ਤਾਂ ਹਿੰਦੂ ਦੇਵਤੇ ਗਣੇਸ਼ ਦਾ ਬੁੱਤ ਵੀ ਲੱਗਾ ਹੋਇਆ ਸੀ। ਸੰਤ ਸਿੰਘ ਨਿਰਮਲਾ ਤੋਂ ਮਗਰੋਂ ਇਹ ਜਥਾ ਦਯਾ ਸਿੰਘ ਨੂੰ ਆਪਣਾ ਅਗਲਾ ਮੁਖੀ ਕਹਿੰਦਾ ਹੈ। ਜਦ ਕਿ ਤਵਾਰੀਖ਼ ਦਸਦੀ ਹੈ ਕਿ ਸੰਤ ਸਿੰਘ ਗਿਆਨੀ ਦਾ ਵਾਰਸ ਉਸ ਦਾ ਪੁੱਤਰ ਗੁਰਮੁਖ ਸਿੰਘ ਸੀ ਜਿਸ ਨੂੰ ਹੀਰਾ ਸਿੰਘ ਡੋਗਰੇ ਨੇ ਸੰਧਾਵਾਲੀਆਂ ਦਾ ਸਾਥ ਦੇਣ ਕਾਰਨ 1843 ਦੇ ਅਖ਼ੀਰ ਵਿਚ ਮਰਵਾ ਦਿੱਤਾ ਸੀ। ‘ਗੁਰਬਿਲਾਸ ਪਾਤਸਾਹੀ ਛੇਵੀਂ’ (ਜਿਸ ਨੂੰ ਸੋਹਨ ਕਵੀ ਦੀ ਲਿਖਤ ਕਹਿ ਕੇ ਪਰਚਾਰਿਆ ਜਾਂਦਾ ਹੈ) ਉਹ ਇਸ ਗੁਰਮੁਖ ਸਿੰਘ (ਜੋ ਅਕਾਲ ਤਖ਼ਤ ਦਾ ਪੁਜਾਰੀ ਸੀ) ਅਤੇ ਉਸ ਦੇ ਸਾਥੀ ਦਰਬਾਰਾ ਸਿੰਘ (ਜੋ ਦਰਬਾਰ ਸਾਹਿਬ ਦਾ ਪੁਜਾਰੀ ਸੀ) ਨੇ 1835-40 ਦੇ ਵਿਚਕਾਰ ਲਿਖਿਆ ਸੀ। ਸੋ ਇਸ ਵੇਲੇ ਤਕ ਇਹ ਬਨਾਰਸ ਦੇ ਨਿਰਮਲਿਆਂ (ਸੂਰਤ ਸਿੰਘ, ਸੰਤ ਸਿੰਘ ਤੇ ਗੁਰਮੁਖ ਸਿੰਘ) ਦਾ ਇਕ ਗਰੁਪ ਸੀ ਜਿਹੜੇ ਦਰਬਾਰ ਸਾਹਿਬ ਦੇ ਪੁਜਾਰੀ ਸਨ। ਗੁਰਮੁਖ ਸਿੰਘ ਦਾ ਪੁੱਤਰ ਪ੍ਰਦੁਮਣ ਸਿੰਘ (ਮੌਤ 20 ਨਵੰਬਰ 1877) ਵੀ ਪੁਜਾਰੀ ਵਾਲਾ ਕੰਮ ਕਰਦਾ ਰਿਹਾ ਸੀ।
ਸੰਤ ਸਿੰਘ ਗਿਆਨੀ ਤੋਂ ਮਗਰੋਂ ਭਿੰਡਰਾਂ-ਮਹਿਤਾ ਜਥੇ ਵਾਲੇ ਆਪਣੇ ਜਥੇ ਨੂੰ ਦਯਾ ਸਿੰਘ (ਦਯਾ ਸਿੰਘ ਦੇ ਪੁੱਤਰ ਨੂੰ ਇਕ ਕਤਲ ਕੇਸ ਵਿਚ ਫ਼ਾਂਸੀ ਦੀ ਸਜ਼ਾ ਹੋਈ ਸੀ), ਭਗਵਾਨ ਸਿੰਘ (ਮਜੀਠ ਬੁੰਗੇ ਵਾਲਾ), ਹਰਨਾਮ ਸਿੰਘ ਬੇਦੀ (ਡੇਰਾ ਬਾਬਾ ਜੋਗਾ ਸਿੰਘ) ਤੇ ਬਿਸ਼ਨ ਸਿੰਘ ਮੁਰਾਲਾ (1852-1905) ਨਾਲ ਜੋੜ ਦੇਂਦੇ ਹਨ। ਇਨ੍ਹਾਂ ਚਾਰਾਂ ਦਾ ਭਿੰਡਰਾਂ-ਮਹਿਤਾ ਜਥੇ ਨਾਲ ਕੋਈ ਸਬੰਧ ਨਹੀਂ ਸੀ; ਅਤੇ, ਦਰਅਸਲ ਇਸ ਵੇਲੇ ਤਕ ਇਹ ਕੋਈ ਜਥਾ ਹੀ ਨਹੀਂ ਸੀ। ਹਕੀਕਤ ਇਹ ਹੈ ਕਿ ਗਿਆਨੀ ਸੁੰਦਰ ਸਿੰਘ ਭਿੰਡਰਾਂ ਕੁਝ ਸਮਾਂ ਬਿਸ਼ਨ ਸਿੰਘ ਮੁਰਾਲਾ ਦੇ ਡੇਰੇ ‘ਤੇ ਸੇਵਾ ਜ਼ਰੂਰ ਕਰਦੇ ਰਹੇ ਸੀ; ਪਰ ਬਿਸ਼ਨ ਸਿੰਘ (ਮੌਤ 1907) ਨੇ ਆਪਣਾ ਵਾਰਿਸ ਪ੍ਰੇਮ ਸਿੰਘ ਮੁਰਾਲਾ ਨੂੰ ਬਣਾਇਆ ਸੀ ਤੇ ਉਹ ਉਸ ਆਪਣਾ ਸਾਰਾ ਜੀਵਨ (ਮੌਤ 1950) ਉਸ ਮੁਰਾਲਾ ਡੇਰੇ ਦੇ ਮੁਖੀ ਰਹੇ ਸਨ।
ਉਪਰ ਦੇ ਸਾਰੇ ਨੁਕਤਿਆਂ ਤੋਂ ਸਪਸ਼ਟ ਹੁੰਦਾ ਹੈ ਕਿ 1977 ਤੋਂ ਪਹਿਲਾਂ ਲਫ਼ਜ਼ ‘ਦਮਦਮੀ ਟਕਸਾਲ’ ਦਾ ਕੋਈ ਵਜੂਦ ਨਹੀਂ ਸੀ। ਫਿਰ ਇਹ ਹੋਂਦ ਵਿਚ ਕਿਵੇਂ ਆਇਆ? ਜਿਵੇਂ ਉਪਰ ਜ਼ਿਕਰ ਕੀਤਾ ਹੈ ਕਿ ਜੱਥਾ ਭਿੰਡਰਾਂ-ਮਹਿਤਾ (ਗਿਆਨੀ ਕਰਤਾਰ ਸਿੰਘ) ਅਤੇ ਜੱਥਾ ਭਿੰਡਰਾਂ (ਗਿਆਨੀ ਮੋਹਨ ਸਿੰਘ) ਦੇ ਵੱਖ ਵੱਖ ਵਜੂਦ ਚਲ ਰਹੇ ਸਨ ਤੇ ਮਾਲਵੇ ਤੇ ਮਾਝੇ ਦਾ ਸਵਾਲ ਪੂਰੀ ਤਰ੍ਹਾਂ ਕਾਇਮ ਸੀ। ਗਿਆਨੀ ਮੋਹਨ ਸਿੰਘ ਆਪਣੀ ਪੁਜ਼ੀਸ਼ਨ ਤੋਂ ਸੰਤੁਸ਼ਟ ਸਨ, ਪਰ ਗਿਆਨੀ ਕਰਤਾਰ ਸਿੰਘ ਆਪਣੇ ਜੱਥੇ ਦਾ ਫੈਲਾਅ ਕਰਨਾ ਚਾਹੁੰਦੇ ਸਨ ਤਾਂ ਜੋ ਉਨ੍ਹਾਂ ਦੀ ਸਿੱਖੀ ਸੇਵਕੀ ਵਿਚ ਵਾਧਾ ਹੋਵੇ। ਇਸ ਕਰ ਕੇ ਉਨ੍ਹਾਂ ਨੇ ਆਪਣੇ ਜੱਥੇ ਨੂੰ ਬਾਬਾ ਦੀਪ ਨਾਲ ਅਤੇ ਇਸ ਨੂੰ ‘ਦਮਦਮੀ ਟਕਸਾਲ’ ਕਹਿਣਾ ਸ਼ੁਰੂ ਕਰ ਦਿੱਤਾ ਜੋੜਿਆ (ਪਹਿਲਾਂ ਇਨ੍ਹਾਂ ਨੇ ਆਪਣੇ ਜੱਥੇ/ਅਖੌਤੀ ਟਕਸਾਲ ਨੂੰ ਭਾਈ ਮਨੀ ਸਿੰਘ ਨਾਲ ਜੋੜਿਆ ਸੀ)ਙ ਕਿਉਂਕਿ ਬਾਬਾ ਦੀਪ ਸਿੰਘ ਵੀ ਮਾਝੇ ਦੇ ਪਿੰਡ ਪਹੂ ਵਿੰਡ ਦੇ ਸਨ; ਇਸ ਕਰ ਕੇ ਗਿਆਨੀ ਕਰਤਾਰ ਸਿੰਘ ਜੀ ਨੇ ਇਸ ਅਖੌਤੀ ਟਕਸਾਲ ਨੂੰ ਭਾਈ ਮਨੀ ਸਿੰਘ ਤੋਂ ਵੀ ਅੱਗੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਕੇ ਇਸ ਦਾ ਪਰਚਾਰ ਕਰਨਾ ਸ਼ੁਰੂ ਕਰ ਦਿੱਤਾ।
(ਚਲਦਾ)
ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਅਖੌਤੀ ਦਮਦਮੀ ਟਕਸਾਲ ਦੇ ਪਿਛੋਕੜ ਦਾ ਸੱਚ ! (ਭਾਗ ਪਹਿਲਾ)
Page Visitors: 2884