ਭਾਈ ਜੀਵਨ ਸਿੰਘ (ਜੈਤਾ)
ਡਾ. ਹਰਜਿੰਦਰ ਸਿੰਘ ਦਿਲਗੀਰ
ਭਾਈ ਜੀਵਨ ਸਿੰਘ ਨੇ 6 ਦਸੰਬਰ 1705 ਦੇ ਦਿਨ ਨੂੰ ਪਿੰਡ ਝੱਖੀਆਂ ਦੀ ਜੂਹ ਵਿਚ (ਸਰਸਾ ਨਦੀ ਦੇ ਕੰਢੇ ਦੇ ਨੇੜੇ) ਸ਼ਹੀਦੀ ਜਾਮ ਪੀਤਾ ਸੀ ।
ਭਾਈ ਜੀਵਨ ਸਿੰਘ ਭਾਈ ਆਗਿਆ ਦੇ ਪੁੱਤਰ ਤੇ ਭਾਈ ਦੁੱਲਾ ਦੇ ਪੋਤੇ ਸਨ । ਆਪ ਰੰਘਰੇਟਾ ਨਾਂ ਦੀ ਇਕ ਅਖੌਤੀ ਪਛੜੀ ਜਾਤੀ ਨਾਲ ਸਬੰਧ ਰੱਖਦੇ ਸਨ । ਆਪ ਦੇ ਵੱਡੇ-ਵਡੇਰੇ ਦਿਲਵਾਲੀ ਮੁਹੱਲੇ ਦਿੱਲੀ ਵਿਚ ਰਿਹਾ ਕਰਦੇ ਸਨ । ਜਦੋਂ 11 ਨਵੰਬਰ 1675 ਦੇ ਦਿਨ ਗੁਰੂ ਤੇਗ਼ ਬਹਾਦਰ ਸਾਹਿਬ ਦਿੱਲੀ ਵਿਚ ਸ਼ਹੀਦ ਕਰ ਦਿੱਤੇ ਗਏ ਤਾਂ ਭਾਈ ਜੈਤਾ ਆਪਣੇ ਤਿੰਨ ਸਾਥੀਆਂ ਨਾਲ ਰਲ ਕੇ ਗੁਰੂ ਸਾਹਿਬ ਦਾ ਸੀਸ ਚਾਂਦਨੀ ਚੌਂਕ ’ਚੋਂ ਚੁੱਕ ਕੇ ਲਿਆਏ ਸਨ ਅਤੇ ਅਨੰਦਪੁਰ ਸਾਹਿਬ ਲਿਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇ ਦਿੱਤਾ ਸੀ । ਇਸ ’ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ “ਗੁਰੂ ਦਾ ਬੇਟਾ” (ਆਪਣਾ ਬੇਟਾ ਨਹੀਂ, ਬਲਕਿ ਗੁਰੂ ਤੇਗ਼ ਬਹਾਦਰ ਸਾਹਿਬ ਦਾ ਬੇਟਾ, ਜੋ ਆਪਣੇ ਪਿਤਾ ਦਾ ਸੀਸ ਲੈ ਕੇ ਆਇਆ ਸੀ) ਆਖ ਕੇ ਨਿਵਾਜਿਆ ਸੀ।
ਮਗਰੋਂ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਵਰਗੇ ਗਪੌੜੀ ਕਵੀਆਂ ਨੇ ਇਸ ਨੂੰ 'ਰੰਘਰੇਟਾ, ਗੁਰੂ ਦਾ ਬੇਟਾ' ਬਣਾ ਦਿੱਤਾ।
ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫ਼ੌਜ ਬਣਾਈ ਤਾਂ ਭਾਈ ਜੈਤਾ ਵੀ ਉਸ ਵਿਚ ਸ਼ਾਮਿਲ ਹੋਏ । ਭਾਈ ਜੈਤਾ ਨੇ ਸ਼ਸਤਰ ਚਲਾਉਣ ਦੀ ਸਿਖਲਾਈ ਲੈਣ ਵਿਚ ਬੜੀ ਦਿਲਚਸਪੀ ਦਿਖਾਈ । ਬੜੀ ਛੇਤੀ ਉਹ ਸ਼ਸਤਰ ਚਲਾਉਣ ਵਿਚ ਮਾਹਿਰ ਹੋ ਗਏ । ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪਰਗਟ ਕੀਤਾ ਤਾਂ ਆਪ ਅੰਮ੍ਰਿਤ ਛਕ ਕੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣ ਗਏ । ਆਪ ਦਾ ਗੁਰੂ ਸਾਹਿਬ ਨਾਲ ਏਨਾ ਪਿਆਰ ਸੀ ਕਿ ਆਪ ਇਸ ਤੋਂ ਮਗਰੋਂ ਅਨੰਦਪੁਰ ਸਾਹਿਬ ਵਿਚ ਹੀ ਰਹਿਣ ਲੱਗ ਪਏ । ਅਨੰਦਪੁਰ ਸਾਹਿਬ ’ਤੇ ਹੋਏ ਹਮਲਿਆਂ ਵਿਚ ਆਪ ਨੇ ਬਹਾਦਰੀ ਦੇ ਖ਼ੂਬ ਜੌਹਰ ਦਿਖਾਏ ਅਤੇ ਬਹੁਤ ਸਾਰੇ ਹਮਲਾਵਰ ਪਹਾੜੀਆਂ ਅਤੇ ਮੁਗ਼ਲਾਂ ਨੂੰ ਮੌਤ ਦੇ ਘਾਟ ਉਤਾਰਿਆ ।
5-6 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਭਾਈ ਜੀਵਨ ਸਿੰਘ ਵੀ ਉਨ੍ਹਾਂ 40 ਸਿੰਘਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅੰਗ-ਸੰਗ ਰਹਿਣ ਦਾ ਫ਼ੈਸਲਾ ਕੀਤਾ ਸੀ । ਅਨੰਦਪੁਰ ਸਾਹਿਬ ਤੋਂ ਨਿਕਲ ਕੇ ਜਦੋਂ ਕਾਫ਼ਲਾ ਕੀਰਤਪੁਰ ਤੋਂ ਅੱਗੇ ਸਰਸਾ ਨਦੀ ਦੇ ਨੇੜੇ ਪੁੱਜਾ ਤਾਂ ਪਹਾੜੀ ਫ਼ੌਜਾਂ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ । ਭਾਈ ਜੀਵਨ ਸਿੰਘ ਅਤੇ ਉਨ੍ਹਾਂ ਦੇ ਇਕ ਸੌ ਸਾਥੀਆਂ ਨੂੰ ਗੁਰੂ ਸਾਹਿਬ ਨੇ ਪਿੰਡ ਝੱਖੀਆਂ ਦੀ ਜੂਹ ਵਿਚ ਮੋਰਚੇ ਲਾਉਣ ਵਾਸਤੇ ਤਾਇਨਾਤ ਕਰ ਦਿੱਤਾ । ਇਸ ਮੌਕੇ ’ਤੇ ਬੜੀ ਜ਼ਬਰਦਸਤ ਲੜਾਈ ਹੋਈ । ਸਾਰੇ ਸਿੰਘਾਂ ਨੇ ਹਮਲਾਵਰ ਸਿਪਾਹੀਆਂ ਦਾ ਡੱਟ ਕੇ ਮੁਕਾਬਲਾ ਕੀਤਾ । ਇਕ-ਇਕ ਸਿੰਘ ਨੇ ਕਈ ਕਈ ਪਹਾੜੀਆਂ ਨੂੰ ਮੌਤ ਦੇ ਘਾਟ ਉਤਾਰਿਆ । ਭਾਈ ਜੀਵਨ ਸਿੰਘ, ਜੋ ਬੜੇ ਜ਼ਬਰਦਸਤ ਤੀਰ-ਅੰਦਾਜ਼ ਸਨ, ਨੇ ਤੀਰਾਂ ਦਾ ਮੀਂਹ ਵਰ੍ਹਾ ਦਿੱਤਾ । ਇਸ ਮੌਕੇ ’ਤੇ ਅਚਾਨਕ ਇਕ ਗੋਲੀ ਭਾਈ ਜੀਵਨ ਸਿੰਘ ਦੇ ਮੱਥੇ ਵਿਚ ਆ ਕੇ ਵੱਜੀ ਅਤੇ ਉਨ੍ਹਾਂ ਨੇ ਉਸ ਵੇਲੇ “ਵਾਹਿਗੁਰੂ ਜੀ ਦੀ ਫ਼ਤਹਿ” ਆਖ ਕੇ ਸ਼ਹੀਦੀ ਜਾਮ ਪੀ ਲਿਆ । ਸ਼ਾਮ ਤੱਕ ਇਹ ਲੜਾਈ ਚਲਦੀ ਰਹੀ ਅਤੇ ਇਹ ਸਾਰੇ ਸੌ ਦੇ ਸੌ ਸਿੰਘ, ਇਕ ਸਿੰਘਣੀ ਬੀਬੀ ਭਿੱਖਾਂ ਪਤਨੀ ਭਾਈ ਆਲਿਮ ਸਿੰਘ ਨੱਚਣਾ (ਤੇ ਬੇਟੀ ਭਾਈ ਬਜਰ ਸਿੰਘ) ਸਮੇਤ, ਸ਼ਹੀਦੀਆਂ ਪਾ ਗਏ । ਇਹ ਸਾਰੀਆਂ ਸ਼ਹੀਦੀਆਂ 6 ਦਸੰਬਰ 1705 ਦੇ ਦਿਨ ਸਵੇਰ ਵੇਲੇ ਹੋਈਆਂ ਸਨ ।
ਭਾਈ ਜੀਵਨ ਸਿੰਘ ਦੀ ਸ਼ਹੀਦੀ ਦਾ ਜ਼ਿਕਰ ਭੱਟ ਵਹੀ ਮੁਲਤਾਨੀ ਸਿੰਧੀ ਵਿਚ ਇੰਞ ਮਿਲਦਾ ਹੈ :
“ਜੀਵਨ ਸਿੰਘ ਬੇਟਾ ਆਗਿਆ ਕਾ, ਪੋਤਾ ਦੁੱਲੇ ਕਾ...ਬਾਸੀ ਦਿੱਲੀ, ਮੁਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੋ ਗੈਲ ਲੈ, ਸੰਮਤ ਸਤਰਾਂ ਸੈ ਬਾਸਠ, ਪੋਖ ਮਾਸੇ ਸੁਦੀ ਦੂਜ, ਵੀਰਵਾਰ ਕੇ ਦਿਹੁੰ, ਸਰਸਾ ਨਦੀ ਕੇ ਤੀਰ ਰਾਜਾ ਅਜਮੇਰ ਚੰਦ, ਬੇਟਾ ਭੀਮ ਚੰਦ ਕਾ....ਰਾਣੇ ਕੀ ਫ਼ੌਜ ਦਸ ਘਰੀ ਜੂਝ ਕੇ ਮਰਾ । ਆਗੇ ਗੁਰੂ ਭਾਣੇ ਕਾ ਖਾਬਿੰਦ । ਗੁਰੂ ਕੀ ਗਤ ਗੁਰੂ ਜਾਣੇ । ਗੁਰੂ ਗੁਰੂ ਜਪਨਾ ਜਨਮ ਸਉਰੈਗਾ ।” (ਭੱਟ ਵਹੀ ਮੁਲਤਾਨੀ ਸਿੰਧੀ)
ਇਸ ਇੰਦਰਾਜ ਤੋਂ ਪਤਾ ਲਗਦਾ ਹੈ ਕਿ ਭਾਈ ਜੀਵਨ ਸਿੰਘ 10 ਘੜੀਆਂ, ਯਾਨਿ 240 ਮਿੰਟ (4 ਘੰਟੇ) ਜੂਝਦੇ ਰਹੇ ਸਨ । ਇਸ ਤੋਂ ਪਤਾ ਲੱਗਦਾ ਹੈ ਕਿ ਭਾਈ ਜੀਵਨ ਸਿੰਘ ਵਿਚ ਬੇਹੱਦ ਜ਼ੋਰ ਸੀ । ਜੇ ਉਸ ਵੇਲੇ ਉਨ੍ਹਾਂ ਨੂੰ ਗੋਲੀ ਨਾ ਵੱਜਦੀ ਤਾਂ ਪਤਾ ਨਹੀਂ ਉਹ ਕਿੰਨੇ ਘੰਟੇ ਹੋਰ ਤਲਵਾਰ ਵਾਹੁੰਦੇ ਰਹਿੰਦੇ ! ਆਫ਼ਰੀਨ !!
ਭਾਈ ਜੀਵਨ ਸਿੰਘ ਦਾ ਜ਼ਿਕਰ ਪੰਜਾਬੀ ਵਾਰਾਂ ਵਿਚ ਬੜੇ ਅਦਬ ਨਾਲ ਆਇਆ ਹੈ:
ਜੀਵਨ ਸਿੰਘ ਰੰਘਰੇਟੜੋ, ਰਣ ਮਹਿ ਪਵੈ ਨਿਸੰਗ ।
ਮੂਹੋ ਮੁਹ ਤਲਵਾਰਾਂ ਖਾਧੀਆਂ, ਟੁਕ ਮੂਲ ਨ ਮੋੜੈ ਅੰਗ ।2।
(ਪੰਜਾਬੀ ਵਾਰਾਂ, ਪਿਆਰਾ ਸਿੰਘ ਪਦਮ, ਸਫ਼ਾ 283)
ਤ੍ਵਾਰੀਖ਼ ਵਿਚ ਭਾਈ ਜੀਵਨ ਸਿੰਘ ਦੇ ਇਕ ਬੇਟੇ ਭਾਈ ਸੂਰਤ ਸਿੰਘ ਦਾ ਜ਼ਿਕਰ ਵੀ ਆਉਂਦਾ ਹੈ ਜੋ 1706 ਵਿਚ ਦਿੱਲੀ ਤੋਂ ਤਲਵੰਡੀ ਸਾਬੋ ਗਿਆ ਸੀ ਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਨ।
ਕਿਤਾਬ 'ਗੁਰੂ ਦੇ ਸ਼ੇਰ' ਵਿਚੋਂ
ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਭਾਈ ਜੀਵਨ ਸਿੰਘ (ਜੈਤਾ)
Page Visitors: 2764