ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਪਾਲ ਸਿੰਘ ਪੁਰੇਵਾਲ ਜੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਦੇ ਕੈਲੰਡਰ ਸਬੰਧੀ (ਭਾਗ 2)
ਪਾਲ ਸਿੰਘ ਪੁਰੇਵਾਲ ਜੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਦੇ ਕੈਲੰਡਰ ਸਬੰਧੀ (ਭਾਗ 2)
Page Visitors: 2909

ਪਾਲ ਸਿੰਘ ਪੁਰੇਵਾਲ ਜੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਦੇ ਕੈਲੰਡਰ ਸਬੰਧੀ   (ਭਾਗ 2)
7. ਮੇਰਾ ਸਤਵਾਂ ਸਵਾਲ ਇਹ ਸੀ ਕਿ “ਬਿਕਰਮੀ ਕੈਲੰਡਰ ਨੂੰ ਬ੍ਰਾਹਮਣ ਪੁਜਾਰੀ ਨਹੀਂ ਬਣਾਉਂਦੇ”।
ਸੋ, ਇਨ੍ਹਾਂ ਨੇ ਇਸ ਦਾ ਜਵਾਬ ਦੇਣ ਵੇਲੇ ਇਹ ਮੰਨ ਲਿਆ ਹੈ ਕਿ ਕੇਂਬਰਿਜ ਯੂਨੀਵਰਸਿਟੀ ਨੇ ਵੀ 2300 ਸਾਲ ਤਕ ਦਾ ਬਿਕਰਮੀ ਕੈਲੰਡਰ ਛਾਪਿਆ ਹੈ ਤੇ ਉਹ ਬ੍ਰਾਹਮਣ ਨਹੀਂ ਹਨ।
ਇਨ੍ਹਾਂ ਨੇ ਇਸ ਦਾ ਨਵਾਂ ਜਵਾਬ ਇਹ ਦਿੱਤਾ ਹੈ ਕਿ ਭਾਵੇਂ ਕੇਂਬਰਿਜ ਯੂਨੀਵਰਸਿਟੀ ਨੇ 2300 ਸੰਨ ਤਕ ਦੀਆਂ ਤਾਰੀਖ਼ਾਂ ਦੇ ਦਿੱਤੀਆਂ ਹਨ ਤਾਂ ਵੀ ਭਾਰਤ ਵਿਚ ਤਾਂ ਇਸ ਨੂੰ ਬ੍ਰਾਹਮਣ ਬਣਾਉਂਦੇ ਹਨ।
ਇਨ੍ਹਾਂ ਨੇ ਕਿਸੇ ਬ੍ਰਾਹਮਣ ਜਾਂ ਬ੍ਰਾਹਮਣ ਸਭਾ ਦਾ ਨਾਂ ਨਹੀਨ ਦਿੱਤਾ ਜੋ ਬਿਰਕਮੀ ਦੀਆਂ ਤਾਰੀਖ਼ਾਂ ਬਣਾਉਣਂਦੇ ਹਨ ਿਜਿਸ ਨੂੰ ਵੀ ਇਸ ਦਾ ਤਰੀਕਾ ਪਤਾ ਹੈ ਉਹ ਬਣ ਸਕਦਾ ਹੈ; ਉਹ ਭਾਵੇਂ ਬ੍ਰਾਹਮਣ ਹੋਵੇ ਜਾਂ ਜੱਟ, ਦਲਿਤ ਹੋਵੇ ਜਾਂ ਗੋਰਾ ਜਾਂ ਕਾਲਾ।ਦਰਅਸਲ ਜਵਾਬ ਨਾ ਅਹੁੜਨ ਕਰ ਕੇ ਐਧਰ ਉਧਰ ਦੀਆਂ ਮਾਰ ਰਹੇ ਹਨ।
8. ਮੇਰਾ ਅਠਵਾਂ ਸਵਾਲ ਇਹ ਸੀ ਕਿ ਜੇ ਬਾਕੀ ਧਰਮਾਂ ਵਿਚ ਚੰਨ ‘ਤੇ ਅਧਰਾਤ ਦਿਨ ਦਿਹਾੜੇ ਮਨਾਏ ਜਾਂਦੇ ਹਨ ਤਾਂ ਸਿੱਖਾਂ ਨੂੰ ਚੰਨ ਦੇ ਅਧਾਰ ‘ਤੇ ਦਿਨ ਮਨਉਣ ਨਾਲ ਕੀ ਫ਼ਰਕ ਪੈਦਾ ਹੈ?
ਇਸ ਦਾ ਜਵਾਬ ਦਿੱਤਾ ਗਿਆ ਹੈ ਕਿ “ਦਿਨ ਦਿਹਾੜੇ ਪੱਕੇ ਹੋਣ ਕਾਰਣ ਜਲਦੀ ਹੀ ਸਭ ਨੂੰ ਯਾਦ ਹੋ ਸਕਦੇ ਹਨ”।
ਸੋ, ਜੇ ਇਨ੍ਹਾਂ ਦੀ ਦਲੀਲ ਮੰਨ ਲਈ ਜਾਵੇ ਤਾਂ ਫਿਰ ਨਵੇਂ ਕੈਲੰਡਰ ਦੀ ਕੋਈ ਲੋੜ ਨਹੀਂ ਹੈ; ਸਿਰਫ਼ ਗੁਰਪੁਰਬਾਂ ਦੀਆਂ ਪੱਕੀਆਂ ਤਾਰੀਖ਼ਾਂ ਨੀਅਤ ਕਰ ਲੈਣ ਨਾਲ ਹੀ ਮਸਲਾ ਹੱਲ ਹੋ ਸਕਦਾ ਹੈ। ਮੈਂ ਤਾਂ ਖ਼ੁਦ ਕਹਿੰਦਾ ਹਾਂ ਕਿ ਤਾਰੀਖ਼ਾਂ ਪੱਕੀਆਂ ਨੀਅਤ ਕਰ ਲਈਆਂ ਜਾਣ।
ਇਨ੍ਹਾਂ ਨੇ ਇਸ ਹਿੱਸੇ ਦਾ ਨਵਾਂ ਜਵਾਬ ਦਿੱਤਾ ਹੈ ਕਿ ਤੁਸੀਂ ਗੁਰਪੁਰਬਾਂ ਦੀਆਂ ਤਾਰੀਖ਼ਾਂ ਪੱਕੀਆਂ ਚਾਹੁੰਦੇ ਹੋ ਪਰ ਪੁਰੇਵਾਲੀ ਕੈਲਡਰ ਨਾਲ ਨਹੀਂ। ਇਹੀ ਆਰ.ਐਸ.ਐਸ. ਤੇ ਸਾਧ ਲਾਣਾ ਕਹਿੰਦਾ ਹੈ।
ਮੇਰਾ ਨੁਕਤਾ ਸੀ ਕਿ ਤਾਰੀਖ਼ਾਂ ਤਵਾਰੀਖ਼ ਮੁਤਾਬਿਕ ਗਰੈਗੋਰੀਅਨ ਨਾਲ ਪੱਕੀਆਂ ਕਰਨੀਆਂ ਹਨ। ਇਸ ਵਾਸਤੇ ਇਕ ਨਵੇਂ ਕੈਲੰਡਰ ਦੀ ਕੋਈ ਲੋੜ ਨਹੀਂ। ਦਰਅਸਲ ਜਵਾਬ ਨਾ ਅਹੁੜਨ ਕਰ ਕੇ ਐਧਰ ਉਧਰ ਦੀਆਂ ਮਾਰ ਰਹੇ ਹਨ ਤੇ ਫ਼ਤਵੇ ਲਾ ਰਹੇ ਹਨ।
9. ਮੇਰਾ ਨੌਵਾਂ ਸਵਾਲ ਇਹ ਸੀ ਕਿ  “ਇਹ ਕਹਿ ਰਹੇ ਹਨ ਕਿ ਕੈਲੰਡਰ ਦਾ ਮੁੱਦਾਅ ਇਤਿਹਾਸ ਨਹੀਂ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਹੈ ਤੇ ਮੇਰਾ ਸਵਾਲ ਸੀ ਕਿ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਸਿੱਖ ਫ਼ਲਸਫ਼ੇ ਨਾਲ ਕੀ ਸਬੰਧ ਹੈ?”
ਇਨ੍ਹਾਂ ਦਾ ਜਵਾਬ ਹੈ ਕਿ “ਕੈਲੰਡਰ ਦਾ ਸਿੱਧਾ ਸਿੱਖ ਫ਼ਲਸਫ਼ੇ ਨਾਲ ਕੋਈ ਸਬੰਧ ਨਹੀਂ ਹੁੰਦਾ ਹਾਂ ਸਿੱਖ ਇਤਿਹਾਸਕ ਦਿਹਾੜਿਆਂ ਦੀ ਨਿਸ਼ਾਨ ਦੇਹੀ ਜਰੂਰ ਕੈਲੰਡਰ ਨਾਲ ਕੀਤੀ ਜਾਂਦੀ ਹੈ।”
ਇਹ ਜਵਾਬ ਦੇ ਕੇ ਇਹ ਆਪ ਮੰਨ ਗਏ ਹਨ ਕਿ “ਕੈਲੰਡਰ ਦਾ ਫ਼ਲਸਫ਼ੇ ਨਾਲ ਕੋਈ ਸਬੰਧ ਨਹੀਂ ਹੁੰਦਾ”। ਦੂਜਾ, ਇਹ “ਇਤਿਹਾਸਕ ਦਿਹਾੜਿਆਂ ਦੀ ਨਿਸ਼ਾਨ ਦੇਹੀ” ਦੀ ਗੱਲ ਕਰਦੇ ਹਨ; ਉਹ ਨਿਸ਼ਾਨ ਦੇਹੀ ਤਾਂ ਇਤਿਹਾਸਕਾਰ ਕਰਦੇ ਹਨ ਨਾ ਕਿ ਕੈਲੰਡਰ ਵਾਲੇ।
ਇਨ੍ਹਾਂ ਨੇ ਇਸ ਹਿੱਸੇ ਦਾ ਨਵਾਂ ਜਵਾਬ ਦਿੱਤਾ ਹੈ ਕਿ “ਇਤਿਹਾਸਕਾਰ ਬਣੇ ਬਣਾਏ ਕੈਲੰਡਰ ਨਾਲ ਦਿਹਾੜਿਆਂ ਦੀ ਨਿਸ਼ਾਨ ਦੇਹੀ ਕਰਦੇ ਹਨ, ਕੈਲੰਡਰ ਬਣਾਉਂਦੇ ਨਹੀਂ ਹਨ”
ਮੇਰਾ ਤਾਂ ਨੁਕਤਾ ਸੀ ਕਿ ਸਿੱਖ ਫ਼ਲਸਫ਼ੇ ਮੁਤਾਬਿਕ ਨਵੇਂ ਕੈਲੰਡਰ ਦੀ ਕੋਈ ਜ਼ਰੂਰਤ ਨਹੀਂ ਤੇ ਮੈਂ ਫ਼ਲਸਫ਼ੇ ਦੀ ਗੱਲ ਇਨ੍ਹਾਂ ਵੱਲੋਂ ਉਠਾਏ ਨੁਕਤੇ ਦੇ ਜਵਾਬ ਵਿਚ ਕਹੀ ਸੀ।
(ਅ)ਮੇਰਾ ਦੁਜਾ ਨੁਕਤਾ ਇਹ ਸੀ ਕਿ ਇਸ ਕੈਲੰਡਰ ਵਾਸਤੇ ਸ਼੍ਰੋਮਣੀ ਕਮੇਟੀ ਨੇ ਜਿਹੜੀ ਕਮੇਟੀ ਡਾ: ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਬਣਾਈ ਸੀ ਕੀ ਉਸ ਵਿਚ ਇਕ ਵੀ ਬੰਦਾ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਜਾਣੂ ਸੀ?)। ਇਨ੍ਹਾਂ ਨੇ ਮੰਨ ਲਿਆ ਹੈ ਕਿ ਕੈਲੰਡਰ ਬਣਾਉਣ ਵਾਲੀ ਕਮੇਟੀ ਵਿਚ ਕੋਈ ਵੀ ਕੈਲੰਡਰ ਦਾ ਮਾਹਿਰ ਨਹੀਂ ਸੀ।
ਇਨ੍ਹਾਂ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ; ਕਿਉਂ ਕਿ ਇਹ ਇਨ੍ਹਾਂ ਦੇ ਹੀ ਖ਼ਿਲਾਫ਼ ਜਾਂਦੀ ਹੈ।
ਇਨ੍ਹਾਂ ਨੇ ਇਸ ਹਿੱਸੇ ਦਾ ਨਵਾਂ ਜਵਾਬ ਦਿੱਤਾ ਹੈ ਕਿ  “ਇਸ ਦੀ ਜ਼ਿੰਮੇਵਾਰੀ ਪੁਰੇਵਾਲ ਦੀ ਨਹੀਂ ਸ਼੍ਰੋਮਣੀ ਕਮੇਟੀ ਦੀ ਸੀ। ਸਾਡੀ ਜਾਣਕਾਰੀ ਅਨੁਸਾਰ ਉਸ ਵਿਚ ਸਭ ਤਰ੍ਹਾਂ ਦੇ ਵਿਦਵਾਨ ਸਨ।
ਵਾਹ! ਕਮਾਲ ਦਾ ਨਵਾਂ ਜਵਾਬ ਹੈ। ਮੈਂ ਤਾਂ ਇਹ ਸਵਾਲ ਇਨ੍ਹਾਂ ਤੋਂ ਇਸ ਕਰ ਕੇ ਪੁੱਛਿਆ ਸੀ ਕਿ ਇਨ੍ਹਾਂ ਨੇ ਕਿਹਾ ਸੀ ਕਿ” ਕੈਲੰਡਰ ਦਾ ਮੁੱਦਾਅ ਇਤਿਹਾਸ ਨਹੀਂ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਹੈ”  ਹੁਣ ਨਵਾਂ ਜਵਾਬ ਇਹ ਦੇ ਰਹੇ ਹਨ ਕਿ
(1)ਇਹ ਕਮੇਟੀ ਪੁਰੇਵਾਲ ਨੇ ਨਹੀਂ ਬਣਾਈ ਸੀ। ਇਸ ਕਰ ਕੇ ਇਸ ਵਿਚ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਕੋਈ ਵਿਦਵਾਨ ਨਾ ਹੋਣ ਦਾ ਦੋਸ਼ ਪੁਰੇਵਾਲ ‘ਤੇ ਨਹੀਂ ਬਲਕਿ ਸ਼੍ਰੋਮਣੀ ਕਮੇਟੀ ‘ਤੇ ਹੈ। ਪਰ, ਉਸ ਵਿਚ ਸਭ ਤਰ੍ਹਾਂ ਦੇ ਵਿਦਵਾਨ ਸਨ।ਇਹ ਕਹਿ ਕੇ ਇਹ ਮੰਨ ਹਏ ਹਨ ਕਿ ਇਸ ਕਮੇਟੀ ਵਿਚ ਕੈਲੰਡਰ ਦਾ ਮਾਹਿਰ ਕੋਈ ਨਹੀਂ ਸੀ। “ਸਭ ਤਰ੍ਹਾਂ ਦੇ ਵਿਦਵਾਨ ਪਰ ਕੈਲੰਡਰ ਦੇ ਨਹੀਂ ਸਨ”
(2) ਦੂਜਾ ਇਨ੍ਹਾਂ ਨੇ ਆਪਣੇ ਸਾੜੇ ਦਾ ਮੁਜ਼ਾਹਰਾ ਕਰਦਿਆਂ ਕਿਹਾ ਹੈ ਕਿ “ਜੇ ਸ਼੍ਰੋਣੀ ਕਮੇਟੀ ਨੇ ਤੁਹਾਨੂੰ ਯੋਗ ਨਾ ਸਮਝਦੇ ਹੋਏ, ਉਸ ਕਮੇਟੀ ਦਾ ਮੈਂਬਰ ਨਹੀਂ ਬਣਾਇਆ ਤਾਂ ਇਸ ਵਿਚ ਕਿਸੇ ਹੋਰ ਦਾ ਕੀ ਦੋਸ਼?”
ਵਾਹ! ਸਾੜੇ ਨਾਲ ਭਰੇ ਨਿੰਦਕੋ! ਵਾਹ! ਜਦ ਇਹ ਕਮੇਟੀ ਬਣੀ ਸੀ ਤਾਂ ਉਦੋਂ ਮੈਂ ਨਾਰਵੇ ਵਿਚ ਸੀ ਤੇ ਉਦੋਂ ਤਕ ਤਾਂ ਮੈਨੂੰ ਇੰਡੀਆ ਆਉਣ ਵਾਸਤੇ ਬਲੈਕ ਲਿਸਟ ਕੀਤਾ ਹੋਇਆ ਸੀ । ਪਰ ਜਦ ਮੈਂ ਬਲੈਕ ਲਿਸਟ ਚੋਂ ਨਿਕਲਿਆ ਤਾਂ ਮੈਂਬਰ ਨਾ ਹੋਣ ਦੇ ਬਾਵਜੂਦ ਹਰ ਮੀਟਿੰਗ ਵਿਚ ਬੁਲਾਇਆ ਜਾਂਦਾ ਰਿਹਾ ਸੀ ਤੇ 29 ਮਾਰਚ 2003 ਦੀ ਮੀਟਿੰਗ ਵਿਚ ਮੈਂ ਇਸ ਨੂੰ ਬਿਲਕੁਲ ਰੱਦ ਕੀਤਾ ਸੀ। ਇਹ 5 ਅਪ੍ਰੈਲ ਦੀ ਟਾਈਮਜ਼ ਆਫ਼ ਇੰਡੀਆ ਵਿਚ ਛਪਿਆ ਵੀ ਸੀ।
10. ਮੇਰਾ ਦਸਵਾਂ ਸਵਾਲ ਇਹ ਸੀ ਕਿ : ਇਕ ਹੋਰ ਬਹਾਨਾ ਇਹ ਲਾਇਆ ਜਾ ਰਿਹਾ ਹੈ ਕਿ ਪੰਜ ਸਤ ਸੌ ਸਾਲ ਮਗਰੋਂ ਵਿਸਾਖੀ ਕਦੇ ਜੂਨ ਤੇ ਕਦੇ ਜੁਲਾਈ ਤੇ ਫਿਰ ਕਦੇ ਦਸੰਬਰ ਵਿਚ ਵੀ ਆ ਸਕਦੀ ਹੈ... ਕੁਝ ਸੌ/ਹਜ਼ਾਰ ਸਾਲ ਮਗਰੋਂ ਦਿਨ 26 ਘੰਟੇ ਦਾ ਤੇ ਫਿਰ 30 ਘੰਟੇ ਦਾ ਹੋ ਜਾਵੇਗਾ ਅਤੇ ਸਾਲ 350 ਦਿਨ ਦਾ ਤੇ ਫਿਰ ਕਦੇ 300 ਦਿਨ ਦਾ ਰਹਿ ਜਾਵੇਗਾ। ਫ਼ਿਰ, ਉਦੋਂ ਸਾਰੇ ਕੈਲੰਡਰ ਫੇਲ੍ਹ ਹੋ ਜਾਣਗੇ। ਪੁਰੇਵਾਲ ਦਾ ਕੈਲੰਡਰ ਵੀ ਫੇਲ੍ਹ ਹੋ ਜਾਵੇਗਾ। ਧਰਤੀ ਦੀ ਹਾਲਤ, ਗਤੀ, ਚਾਲ, ਭਵਿੱਖ ਬਾਰੇ ਕੋਈ ਸ਼ਖ਼ਸ ਪੇਸ਼ੀਨਗੋਈ (ਭਵਿੱਖਬਾਣੀ) ਨਹੀਂ ਕਰ ਸਕਦਾ।”
ਮੇਰੇ ਇਸ ਨੁਕਤੇ ਕਿ “ਪੁਰੇਵਾਲ ਦਾ ਕੈਲੰਡਰ ਵੀ ਫੇਲ੍ਹ ਹੋ ਜਾਵੇਗਾ” ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।ਇਸ ਦਾ ਜਵਾਬ ਦੇਣ ਦੀ ਜਗਹ ਗਰੈਗੋਰੀਅਨ ਕੈਲੰਡਰ ਦਾ ਇਤਿਹਾਸ ਦੇ ਦਿੱਤਾ ਹੈ। ਸੋ ਇਨ੍ਹਾਂ ਕੋਲ ਇਸ ਨੁਕਤੇ ਦਾ ਵੀ ਕੋਈ ਜਵਾਬ ਨਹੀਂ ਕਿ ਦੁਨੀਆਂ ਦਾ ਕੋਈ ਕੈਲੰਡਰ ਵੀ ਸਦੀਵੀ ਨਹੀਂ ਹੋ ਸਕਦਾ।
11. ਮੇਰਾ ਯਾਰ੍ਹਵਾਂ ਸਵਾਲ ਇਹ ਸੀ ਕਿ : “ਮਿੰਟਾਂ, ਸਕਿੰਟਾਂ, ਮਹੂਰਤ, ਸਮਾਂ, ਘੜੀ, ਪਲ ਦੀ ਸਿੱਖੀ ਵਿਚ ਕੋਈ ਅਹਮੀਅਤ ਨਹੀਂ। ਫਿਰ ਜੇ ਵਿਸਾਖ ਦਸੰਬਰ ਵਿਚ ਆਵੇਗੀ ਤਾਂ ਇਸ ਨਾਲ ਸਿੱਖੀ ਫ਼ਿਲਾਸਫ਼ੀ ਨੂੰ ਕੀ ਫ਼ਰਕ ਪਵੇਗਾ?ਫਿਰ, ਕੀ ਪੁਰੇਵਾਲ ਜੀ ਦੱਸਣਗੇ ਕਿ ਜੇ ਵਿਸਾਖ ਗਰਮੀਆਂ ਵਿਚ ਨਾ ਆਵੇ ਤੇ ਸਰਦੀਆਂ ਵਿਚ ਆਵੇ ਤਾਂ ਕੀ ਇਸ ਨਾਲ ਸਿੱਖ ਫ਼ਿਲਾਸਫ਼ੀ ਨੂੰ ਕੋਈ ਫ਼ਰਕ ਪੈਂਦਾ ਹੈ ਜਾਂ ਗੁਰਬਾਣੀ ਦੀ ਕੋਈ ਤੁਕ ਝੂਠੀ ਪੈ ਜਾਂਦੀ ਹੈ?”
ਇਨ੍ਹਾਂ ਦਾ ਜਵਾਬ ਹੈ ਕਿ: “ਕੈਲੰਡਰ ਵਿਚ ਆ ਰਹੇ ਬਾਰਹ ਮਾਹਾਂ ਦੇ ਮੌਸਮ ਘਟੋ ਘਟ ਜਿਥੇ ਗੁਰਬਾਣੀ ਰਚੀ ਹੈ ਅਨੁਸਾਰੀ ਹੋਣੇ ਚਾਹੀਦੇ ਹਨ”।
ਵਾਹ! ਮੇਰਾ ਸਵਾਲ ਇਹ ਸੀ ਕਿ “ਜੇ ਵਿਸਾਖ ਦਸੰਬਰ ਵਿਚ ਆਵੇਗੀ ਤਾਂ ਇਸ ਨਾਲ ਸਿੱਖੀ ਫ਼ਿਲਾਸਫ਼ੀ ਨੂੰ ਕੀ ਫ਼ਰਕ ਪਵੇਗਾ?” ਕੀ ਇਹ ਮੇਰੇ ਸਵਾਲ ਦਾ ਜਾਵਬ ਹੈ? ਨਹੀਂ। ਇਨ੍ਹਾਂ ਕੋਲ ਇਸ ਦਾ ਵੀ ਕੋਈ ਜਵਾਬ ਨਹੀਂ ਹੈ।
12. ਮੇਰਾ ਬਾਰ੍ਹਵਾਂ ਸਵਾਲ ਇਹ ਸੀ ਕਿ ਤੁਸੀ ਦਾਅਵਾ ਕਰਦੇ ਹੋ ਕਿ ਇਹ ਕੈਲੰਡਰ “ਸਿੱਖਾਂ ਦੀ ਵਖਰੀ ਪਛਾਣ” ਦਾ ਚਿੰਨ੍ਹ ਹੈ।
ਇਨ੍ਹਾਂ ਦਾ ਜਵਾਬ ਹੈ ਕਿ “ਇਹ ਕੈਲੰਡਰ ਅਜੋਕੇ ਸਭ ਕੈਲੰਡਰਾਂ ਤੋਂ ਵਧੀਆ ਏਸੇ ਗੱਲੋਂ ਹੈ ਕਿ ਇਸ ਵਿਚ ਸਾਲ ਦੀ ਲੰਬਾਈ ਰੱਤੀ ਸਾਲ ਦੀ ਲੰਬਾਈ ਦੇ ਸਭ ਤੋਂ ਨਜਦੀਕ ਹੈ”...ਦੁਨੀਆਂ ਵਿਚ ਸਭ ਕੌਮਾਂ ਦੇ ਆਪਣੇ ਕੈਲੰਡਰ ਹਨ ਅਗਰ ਸਿੱਖਾਂ ਨੇ ਆਪਣਾ ਕੈਲੰਡਰ ਨਾਨਕ ਸਾਹਿਬ ਦੇ ਨਾਂ ‘ਤੇ ਬਣਾ ਲਿਆ ਤਾਂ ਤੁਹਾਨੂੰ ਕੀ ਇਤਰਾਜ ਹੈ”
ਵਾਹ! ਮੇਰਾ ਸਵਾਲ ਸੀ ਕਿ “ਇਹ ਕੈਲੰਡਰ ‘ਸਿੱਖਾਂ ਦੀ ਵਖਰੀ ਪਛਾਣ’ ਦਾ ਚਿੰਨ੍ਹ ਕਿਵੇਂ ਹੈ?” ਇਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ।ਮੈਂ ਤਾਂ ਸਮਝਦਾ ਹਾਂ ਕਿ ਸਿੱਖਾਂ ਦੀ ਅਡਰੀ ਪਛਾਣ ਉਨ੍ਹਾਂ ਦੇ ਕੇਸ-ਦਾੜ੍ਹੀ-ਮੁੱਛਾਂ, ਦਸਤਾਰ, ਗੁਰਦੁਆਰਿਆਂ, ਗੁਰੂ ਗ੍ਰੰਥ ਸਾਹਿਬ, ਸਿੱਖ ਤਵਾਰੀਖ਼ ਕਰ ਕੇ ਹੈ; ਨਾ ਕਿ ਪੁਰੇਵਾਲ ਜੀ ਦੇ ਕੈਲੰਡਰ ਕਰ ਕੇ।
13. ਮੇਰਾ ਤੇਰ੍ਹਵਾਂ ਸਵਾਲ ਇਹ ਸੀ ਕਿ “ਗਰੈਗੋਰੀਅਨ (ਤੇ ਪਹਿਲਾਂ ਜੂਲੀਅਨ ਵੀ) – ਜੋ ਅਜ ਸਾਰੀ ਦੁਨੀਆਂ ਦਾ ਸਾਂਝਾ ਕੈਲੰਡਰ ਹੈ (ਭਾਵੇਂ ਇਸ ਨੂੰ ਬਣਾਉਣ ਵਾਲਾ ਇਕ ਇਸਾਈ ਪਾਦਰੀ ਸੀ, ਪਰ, ਇਹ ਈਸਾਈ ਕੈਲੰਡਰ ਨਹੀਂ ਹੈ). (ਅ). ਹਿਜਰੀ (ਮੁਸਲਮਾਨਾਂ ਦਾ, ਜੋ ਉਹ ਸਿਰਫ਼ ਰੋਜ਼ਿਆਂ ਅਤੇ ਈਦ ਦੇ ਦਿਨ ਕੱਢਣ ਵਾਸਤੇ ਵਰਤਦੇ ਹਨ) (ੲ). ਬਿਕਰਮੀ (ਜੋ ਸਾਊਥ ਏਸ਼ੀਆ ਵਿਚ ਸਾਂਝਾ ਚੰਨ ਕੈਲੰਡਰ ਹੈ; ਇਹ ਹਿੰਦੂਆਂ ਦਾ ਕੈਲੰਡਰ ਨਹੀਂ ਹੈ ਤੇ ਹਿੰਦੂ ਧਰਮ ਤੋਂ ਕਈ ਸਦੀਆਂ ਪਹਿਲਾਂ ਦਾ ਚਲ ਰਿਹਾ ਹੈ). (ਸ). ਸਾਕਾ/ਸ਼ਕ ਕੈਲੰਡਰ (ਜੋ ਭਾਰਤ ਸਰਕਾਰ ਨੇ 1957 ਵਿਚ ਤਿਆਰ ਕਰਵਾਇਆ ਸੀ ਪਰ ਅਮਲੀ ਤੌਰ ‘ਤੇ ਇਹ ਵੀ ਕਿਤੇ ਵੀ ਲਾਗੂ ਨਹੀਂ ਹੁੰਦਾ) (ਹ). ਚੀਨੀਆਂ ਦਾ ਵੀ ਇਕ ਕੈਲੰਡਰ ਹੈ (ਪਰ ਉਹ ਧਾਰਮਿਕ ਕੈਲੰਡਰ ਨਹੀਂ ਹੈ; ਉਂਞ ਉਹ ਵਰਤਦੇ ਸਿਰਫ਼ ਗਰੈਗੋਰੀਅਨ ਕੈਲੰਡਰ ਹੀ ਹਨ)। ਦੁਨੀਆਂ ਦੇ 200 ਮੁਲਕ ਅਜਿਹੇ ਹਨ ਜਿਨ੍ਹਾਂ ਦਾ ਆਪਣਾ ਕਦੇ ਵੀ ਕੋਈ ਕੇੈਲੰਡਰ ਹੀ ਨਹੀਂ ਸੀ।ਬੁਧ ਧਰਮ (ਜੋ ਦੁਨੀਆਂ ਦਾ ਚੌਥਾ ਵੱਡਾ ਧਰਮ ਹੈ), ਜੈਨ ਧਰਮ, ਯਹੂਦੀ (ਜੋ ਸਾਰੀ ਦੁਨੀਆਂ ‘ਤੇ ਅਸਿੱਧੀ ਹਕੂਮਤ ਕਰ ਰਹੇ ਹਨ ਅਤੇ ਦੁਨੀਆਂ ਦੀਆਂ ਸਾਰੀਆਂ ਮਹਾਨ ਕਾਢਾਂ ਉਨ੍ਹਾਂ ਨੇ ਕੱਢੀਆਂ ਹਨ), ਪਾਰਸੀ, ਕਨਫ਼ਿਊਸ਼ੀਅਸ ਧਰਮ ਵਾਲੇ ਅਤੇ ਹੋਰ ਦਰਜਨਾਂ ਧਰਮ ਹਨ ਜਿਨ੍ਹਾਂ ਦਾ ਆਪਣਾ ਕੋਈ ਕੈਲੰਡਰ ਨਹੀਂ ਹੈ। ਕੀ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਦੀ ਕੋਈ ਪਛਾਣ ਹੀ ਨਹੀਂ ਹੈ?
ਇਨ੍ਹਾਂ ਨੇ ਜਵਾਬ ਦਿੱਤਾ ਹੈ ਕਿ “ਈਸਵੀ ਤੋਂ ਈਸਾ ਯਾਦ ਆਉਂਦਾ ਹੈ, ਬਿਕਰਮੀ ਤੋਂ ਬਿਕਰਮਾਦਿੱਤ, ਜਿਹਰੀ ਤੋਂ ਹਜਰਤ ਮੁਹੰਮਦ ਸਾਹਿਬ। ਅਗਰ ਨਾਨਕਸ਼ਾਹੀ ਤੋਂ ਗੁਰੁ ਨਾਨਕ ਸਾਹਿਬ ਦਾ ਨਾਮ ਲਿਆ ਜਾਵੇ ਅਤੇ ਸਾਰੇ ਸੰਸਾਰ ਵਿਚ ਇਹ ਨਾਮ ਹੋ ਜਾਵੇ ਤਾਂ ਤੁਹਾਨੂੰ ਕੀ ਇਤਰਾਜ਼ ਹੈ?”
ਵਾਹ! ਕਮਾਲ ਦਾ ਜਵਾਬ ਅਤੇ ਕਮਾਲ ਦੀੇ ਦਲੀਲ ਹੈ। ਪਹਿਲੀ ਗੱਲ ਤਾਂ ਗਰੈਗੋਰੀਅਨ ਕੈਲੰਡਰ ਨੂੰ ਗ਼ੈਰ ਇਸਾਈ ਵੀ ਮੰਨਦੇ ਹਨ ਤੇ ਉਹ ਇਸ ਨੂੰ ਈਸਵੀ ਨਹੀਂ ਕਹਿੰਦੇ ਤੇ ਇਸ ਤੋਂ ਈਸਾ ਯਾਦ ਨਹੀਂ ਆਉਂਦਾ। ਦੂਜਾ ਬਿਕਰਮਾਦਿੱਤ ਤੋਂ 120 ਕਰੋੜ ਵਿਚੋਂ .0001% ਨੂੰ ਵੀ ਰਾਜਾ ਬਿਕਰਮਾਦਿੱਤ ਯਾਦ ਨਹੀਂ ਆਉਂਦਾ ਹੋਵੇਗਾ। ਤੀਜਾ, ਕਮਾਲ ਦੀ ਗੱਲ ਕਹੀ ਹੈ ਇਸ ਕੈਲੰਡਰ ਤੋਂ ਹੀ ਗੁਰੁ ਨਾਨਕ ਸਾਹਿਬ ਦਾ ਨਾਂ ਕਾਇਮ ਹੋਵੇਗਾ ਅਤੇ ਓ !ਹੋ!! ਇਹ ਕੈਲੰਡਰ ਨਾ ਹੋਇਆ ਤਾਂ ਕਿਸੇ ਨੂੰ ਗੁਰੁ ਨਾਨਾਕ ਸਾਹਿਬ ਦਾ ਨਾਂ ਯਾਦ ਨਹੀਂ ਆਉਣਾ। ਲੋਕ ਗੁਰੁ ਨਾਨਕ ਸਾਹਿਬ ਨੂੰ ਭੁੱਲ ਜਾਣਗੇ। ਹਥ! ਇਹ ਕੈਲੰਡਰ ਹੋਇਆਂ ਤਾਂ ਸਾਰੀ ਦੁਨੀਆਂ ਵਿਚ ਸਿੱਖੀ ਦਾ ਪ੍ਰਚਾਰ ਹੋ ਜਾਵੇਗਾ। ਵਾਹ!
14. ਮੇਰਾ ਚੌਧ੍ਹਵਾਂ ਸਵਾਲ ਇਹ ਸੀ: “ਪੁਰੇਵਾਲ ਜੀ ਦੇ ਕੈਲੰਡਰ ਬਾਰੇ ਤਾਂ ਕਿਸੇ ਗ਼ੈਰ-ਸਿੱਖ ਨੂੰ ਸ਼ਾਇਦ ਹੀ ਪਤਾ ਹੋਵੇ। ਬਹੁਤੇ ਸਿੱਖਾਂ ਨੇ ਇਸ ਦਾ ਨਾਂ ਤਾਂ ਸਣਿਆ ਹੋਵੇਗਾ, ਪਰ, ਮੇਰਾ ਖ਼ਿਆਲ ਹੈ ਕਿ ਢਾਈ ਕਰੋੜ ਸਿੱਖਾਂ ਵਿਚੋਂ ਢਾਈ ਸੌ ਸਿੱਖ ਵੀ ਅਜਿਹੇ ਨਹੀਂ ਹੋਣਗੇ ਜੋ ਇਸ ਬਾਰੇ ਕੋਈ ਗੱਲ ਕਰ ਸਕਦੇ ਹੋਣ ਜਾਂ ਇਸ ਸਬੰਧੀ ਕਿਸੇ ਸਵਾਲ ਦਾ ਜ਼ਰਾ-ਮਾਸਾ ਵੀ ਜਵਾਬ ਦੱਸ ਸਕਦੇ ਹੋਣ।”
ਇਸ ਦਾ ਜਵਾਬ ਇਹ ਹੈ (ੳ)“ਮਾਰਚ 2003 ਤੋਂ ਮਾਰਚ 2013 ਤਕ ਸਾਰੀ ਦੁਨੀਆਂ ਦੇ ਦਿੱਖਾਂ ਨੇ ਆਪਣੇ ਧਾਰਮਿਕ ਦਿਨ ਇਸੇ ਕੈਲੰਡਰ ਮੁਤਾਬਕ ਮਨਾਏ ਸਨ”
ਮੇਰਾ ਸਵਾਲ ਸੀ ਕਿ ਪੁਰੇਵਾਲ ਦੇ ਕੈਲੰਡਰ ਬਾਰੇ ਤਾਂ ਕਿਸੇ ਗ਼ੈਰ-ਸਿੱਖ ਨੂੰ ਸ਼ਾਇਦ ਹੀ ਪਤਾ ਹੋਵੇ” ਇਹ ਇਸ ਦਾ ਜਵਾਬ ਨਹੀਂ ਹੈ।
(ਅ) ਇਨ੍ਹਾਂ ਦੀ ਦਲੀਲ ਹੈ ਕਿ “ਅਗਰ ਲੋਕਾਂ ਨੂੰ ਨਾਨਕਸ਼ਾਹੀ ਵਾਰੇ ਅਜੇ ਪਤਾ ਨਹੀਂ ਤਾਂ ਕਿੰਨੇ ਕੂ ਲੋਕ ਹੋਣਗੇ ਜੋ ਚੰਦਰ ਬਿਕਰਮੀ ਦੀਆਂ ਤਿਥਾਂ ਆਪ ਕੱਢ ਸਕਦੇ ਹਨ?”
ਮੇਰਾ ਸਵਾਲ ਤਾਂ ਇਹ ਸੀ ਕਿ “ਢਾਈ ਕਰੋੜ ਸਿੱਖਾਂ ਵਿਚੋਂ ਢਾਈ ਸੌ ਸਿੱਖ ਵੀ ਅਜਿਹੇ ਨਹੀਂ ਹੋਣਗੇ ਜੋ ਇਸ ਬਾਰੇ ਕੋਈ ਗੱਲ ਕਰ ਸਕਦੇ ਹੋਣ ਜਾਂ ਇਸ ਸਬੰਧੀ ਕਿਸੇ ਸਵਾਲ ਦਾ ਜ਼ਰਾ-ਮਾਸਾ ਵੀ ਜਵਾਬ ਦੱਸ ਸਕਦੇ ਹੋਣ।” ਮੈਂ ਬਿਕਰਮੀ ਜਾਣਨ ਵਾਲਿਆਂ ਬਾਰੇ ਨਹੀਂ ਪੁੱਛਿਆ ਸੀ। ਖ਼ੈਰ ਇਹ ਸਾਬਿਤ ਹੁੰਦਾ ਹੈ ਕਿ ਇਨ੍ਹਾਂ ਨੇ ਮੰਨ ਲਿਆ ਹੈ ਕਿ “ਢਾਈ ਕਰੋੜ ਸਿੱਖਾਂ ਵਿਚੋਂ ਢਾਈ ਸੌ ਸਿੱਖ ਵੀ ਅਜਿਹੇ ਨਹੀਂ ਹੋਣਗੇ ਜੋ ਇਸ ਬਾਰੇ ਕੋਈ ਗੱਲ ਕਰ ਸਕਦੇ ਹੋਣ ਜਾਂ ਇਸ ਸਬੰਧੀ ਕਿਸੇ ਸਵਾਲ ਦਾ ਜ਼ਰਾ-ਮਾਸਾ ਵੀ ਜਵਾਬ ਦੱਸ ਸਕਦੇ ਹੋਣ।”ਸੋ, ਇਨ੍ਹਾਂ ਕੋਲ ਮੇਰੇ ਇਸ ਸਵਾਲ ਦਾ ਵੀ ਜਵਾਬ ਨਹੀਂ ਹੈ।
15. ਮੇਰਾ ਪੰਦਰਵਾਂ ਸਵਾਲ ਇਹ ਸੀ: “ਸ਼ਾਇਦ ਇਕ ਵੀ ਸਿੱਖ ਇਸ ਕੈਲੰਡਰ ਮੁਤਾਬਿਕ ਆਪਣੇ ਘਰ ਦੇ ਸਮਾਗਮ ਨਹੀਂ ਮਨਾਉਂਦਾ ਹੋਵੇਗਾ। ਕੋਈ ਸਿੱਖ ਪਰਵਾਰ ਵੀ ਆਪਣੇ ਘਰ ਵਿਚ ਸ਼ਾਦੀ, ਮੰਗਣੀ, ਜਨਮ ਦਿਨ, ‘ਅਖੰਡ’ ਪਾਠ, ਕੀਰਤਨ, ਚੱਠ ਵਗ਼ੈਰਾ (ਇਹ ਸਾਰੀਆਂ ਦੀਆਂ ਸਾਰੀਆਂ ਰਸਮਾਂ ਮੈਂ ਗੁਰਮਤਿ ਦੀਆਂ ਰਸਮਾਂ ਨਹੀਂ ਮੰਨੀਆਂ) ਮਨਾਉਣ ਸਮੇਂ ਕਾਰਡ ਜਾਂ ਸੁਨੇਹੇ ਵਿਚ ਇਹ ਨਹੀਂ ਲਿਖਦਾ ਕਿ ਅਸੀਂ ਸ਼ਾਦੀ/ਜਨਮ ਦਿਨ ‘ਫਲਾਣੀ ਵਿਸਾਖ’ ਜਾਂ ‘ਫਲਾਣੀ ਮਾਘ’ ਨੂੰ ਮਨਾ ਰਹੇ ਹਾਂ।”
ਇਹ ਇਸ ਗੱਲ ਨੂੰ ਰੱਦ ਨਹੀਂ ਕਰ ਸਕੇ ਕਿ ਸਿੱਖ ਇਨ੍ਹਾਂ ਦੇ ਕੈਲੰਡਰ ਨੂੰ ਆਮ ਜ਼ਿੰਦਗੀ ਵਿਚ ਹਰਗਿਜ਼ ਨਹੀਂ ਵਰਤਦੇ। ਸੋ ਇਹ ਕੈਲੰਡਰ ਸਿਰਫ਼ ਦੀਵਾਰ ‘ਤੇ ਲਟਕਿਆ ਇਕ “ਡੈਕੋਰੇਸ਼ਨ ਪੀਸ” ਹੀ ਹੈ।
16. ਮੇਰਾ ਸੋਲ੍ਹਵਾਂ ਸਵਾਲ ਇਹ ਸੀ: “ਪੁਰੇਵਾਲ ਜੀ ਦੇ ਕੈਲੰਡਰ ਨਾਲ ਲੋਕ ਕੁਝ ਸਮਾਂ ਸੰਗਰਾਂਦਾਂ ਜ਼ਰੂਰ ਮਨਾਉਂਦੇ ਰਹੇ ਸਨ। ਪਰ ‘ਸਿੱਖ ਰਹਿਤ ਮਰਿਆਦਾ’ ਮੁਤਾਬਿਕ ਸੰਗਰਾਂਦ ਮਨਾਉਣਾ ਤਾਂ ਗੁਰਮਤਿ ਨਹੀਂ ਬਲਕਿ ਮਨਮਤਿ ਹੈ; ਇਸ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ।...ਯਾਨਿ ਪੁਰੇਵਾਲ ਜੀ ਦਾ ਕੈਲੰਡਰ ਸਿੱਖਾਂ ਵਿਚ ਸੰਗਰਾਂਦ ਨੂੰ ਪੱਕਿਆਂ ਕਰਨ ਵਾਸਤੇ ਤਿਆਰ ਕੀਤਾ ਗਿਆ ਹੈ।”
ਇਸ ਦਾ ਜਵਾਬ ਇਹ ਦਿੱਤਾ ਗਿਆ ਹੈ ਕਿ: “ਇਸ ਦਾ ਜਵਾਬ 3 ਨੰਬਰ ਸਵਾਲ ਵਿਚ ਦਿੱਤਾ ਜਾ ਚੁਕਾ ਹੈ।” ਇਹ ਹੋਰ ਲਿਖਦੇ ਹਨ ਕਿ “ਜੈ ਤੁਸੀਂ ਕੈਲੰਡਰ ਦੀ ਭੁਮਿਕਾ ਪੜ੍ਹੀ ਹੁੰਦੀ ਤਾਂ ਸੰਗਰਾਂਦ ਦਾ ਅਰਥ ਪਤਾ ਲਗ ਜਾਂਦਾ।“
ਵਾਹ! ਕਮਾਲ ਦਾ ਜਵਾਬ ਹੈ! ਪੁਰੇਵਾਲ ਨੇ “ਸੰਗਰਾਂਦ” ਦੇ ਆਪਣੇ ਅਰਥ ਕੱਢ ਲਏ ਤਾਂ ਜੋ ਕੋਲ ਇਸ ਨੂੰ “ਸਿੱਖਾਂ ਦੀ ਸੰਗਰਾਂਦ” ਮੰਨ ਲੈਣ ‘ਤੇ ਪੰਥ ਵਿਚ ਇਹ ਪੱਕਾ ਕਰਮ ਕਾਂਡ ਕਾਇਮ ਹੋ ਸਕੇ। ਪਰ ਉਹ ਆਪਣੇ ‘ਜਵਾਬ’ ਵਿਚ ਇਹ ਤਾਂ ਮੰਨਦਾ ਹੈ ਉਸ ਨੇ ਸੰਗਰਾਂਦ, ਮੱਸਿਆ ਅਤੇ ਪੂਰਨਮਾਸੀ ਜਾਣ ਬੁਝ ਕੇ ਦਿੱਤੇ ਹਨ ਅਤੇ ਸ਼ਾਇਦ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਇਸ ਤੋਂ ਬਿਨਾ ਕੈਲੰਡਰ ਅਧੂਰਾ ਹੈ (ਅਤੇ ਸੰਗਰਾਂਦ, ਮੱਸਿਆ ਅਤੇ ਪੂਰਨਮਾਸੀ ਪੰਥ ਵਾਸਤੇ ਜ਼ਰੂਰੀ ਹਨ)। ਇਹੀ ਤਾਂ ਮੈਂ ਦੋਸ਼ ਲਾਇਆ ਸੀ ਕਿ ਉਹ ਸੰਗਰਾਂਦ, ਮੱਸਿਆ ਅਤੇ ਪੂਰਨਮਾਸੀ ਨੂੰ ਕਾਇਮ ਕਰਨਾ ਚਾਹੁੰਦਾ ਹੈ।
17. ਇਸ ਸਵਾਲ ਦੇ ਤਿੰਨ ਹਿੱਸੇ ਸਨ:
(ੳ) ਮੇਰਾ ਸਾਵਲ ਸੀ ਕਿ “ਕੀ ਇੰਞ (ਚੰਨ ਦੇ ਕੈਲੰਡਰ ਮੁਤਾਬਿਕ) ਦਿਨ ਮਨਾਉਣਾ ਕੌਮ ਵਾਸਤੇ ਬੜੀ ਵੱਡੀ ਮੁਸੀਬਤ ਹੈ? ਕੀ ਇਸ ਨਾਲ ਸਿੱਖ ਫ਼ਿਲਾਸਫ਼ੀ ਤਬਾਹ ਹੋ ਰਹੀ ਹੈ? ਕੀ ਇਹ ਗੁਰੂ ਜੀ ਦੀ ਬੇਅਦਬੀ ਹੈ? ਕੀ ਇਸ ਨਾਲ ਸਿੱਖੀ ਦਾ ਪ੍ਰਚਾਰ ਘਟ ਜਾਂਦਾ ਹੈ? ਕੀ ਇਸ ਤਰ੍ਹਾਂ ਮਨਾਏ ਪੁਰਬ ਦੀ ਰੂਹਾਨੀ, ਸਮਾਜਿਕ ਜਾਂ ਧਾਰਮਿਕ ਕੀਮਤ ਘਟ ਜਾਂਦੀ ਹੈ? ਕੀ ਇਸ ਨਾਲ ਸ਼ੁਭ ਤੇ ਅਸ਼ੁਭ ਦਾ ਚੱਕਰ ਪੈ ਜਾਂਦਾ ਹੈ? ਕੀ ਇਸ ਨਾਲ ਸ਼ਾਸਤਰ, ਜੋਤਿਸ਼, ਤਿਥ ਸ਼ਾਸਤਰ ਨੂੰ ਕੋਈ ਫ਼ਰਕ ਪੈਂਦਾ ਹੈ? ਕਿਸੇ ਖ਼ਾਸ ਦਿਨ ‘ਤੇ ਗੁਰਪੁਰਬ ਮਨਾਉਣ ਦਾ ਭਰਮ ਸਿੱਖੀ ਅਸੂਲ਼ਾਂ ਦੇ ਉਲਟ ਹੈ।”
ਇਨ੍ਹਾਂ ਦਾ ਜਵਾਬ ਹੈ ਕਿ “ਅਗਰ ਤਰੀਕਾਂ ਫਿਕਸ ਹੋ ਜਾਣ ਤਾਂ ਤੁਹਾਨੂੰ ਕੀ ਸਮੱਸਿਆ ਹੈ!
ਵਾਹ! ਮੈਂ ਵੀ ਤਾਂ ਇਹੀ ਕਹਿ ਰਿਹਾ ਹਾਂ ਕਿ ਤਾਰੀਖ਼ਾਂ ਪੱਕੀਆਂ ਕਰ ਲੈਣੀਆਂ ਚਾਹੀਦੀਆਂ ਹਨ। ਉਹ ਮਨਾਉਣੀਆਂ ਤਾਂ ਰੈਗੋਰੀਅਨ ਕੈਲੰਡਰ ਮੁਤਾਬਿਕ ਹਨ ਤਾਂ ਇਕ ਨਵੇਂ ਕੈਲੰਡਰ ਦੀ ਕੀ ਲੋੜ ਹੈ?
ਇਨ੍ਹਾਂ ਦੂਜਾ ਨੁਕਤਾ ਇਹ ਲਿਖਿਆ ਹੈ ਕਿ ਕਿਤਾਬਾਂ ਵਿਚ ਗੁਰੁ ਜੀ ਦਾ ਜਾਨਮ 22 ਦਸੰਬਰ ਨਹੀਂ ਬਲਕਿ 23 ਪੋਹ ਲਿਖਿਆ ਹੈ।
ਵਾਹ! ਇਹ ਵੀ ਕਿੰਨੀ ਖ਼ੂਬਸੂਰਤ ਗੱਪ ਹੈ। 90% ਕਿਤਾਬਾਂ ਵਿਚ ਸਿਰਫ਼ ਕੌਮਾਂਤਰੀ ਕੈਲੰਡਰ (ੳਦੋਂ ਜੂਲੀਅਨ ਤੇ ਹੁਣ ਗਰੈਗੋਰੀਅਨ) ਕੈਲੰਡਰ ਮੁਤਾਬਿਕ ਦਸੰਬਰ ਹੀ ਲਿਖਿਆ ਹੈ; ਸਿਰਫ਼ ਕੁਝ ਕੂ ਕਿਤਾਬਾਂ ਵਿਚ ਇਸ ਦੇ ਨਾਲ ਬਿਕਰਮੀ ਦੀ ਤਾਰੀਖ਼ ਪੋਹ ਸੁਦੀ ਸਤਵੀ ਲਿਖੀ ਹੈ। ਸ਼ਾਇਦ 1% ਕਿਤਾਬ ਵਿਚ 23 ਪੋਹ ਲਿਖੀ ਹੋਵੇਗੀ।
(ਅ)ਇਸ ਨੁਕਤੇ ਵਿਚ ਮੇਰਾ ਦੂਜਾ ਸਵਾਲ ਇਹ ਸੀ ਕਿ: “ਮੁਸਲਮਾਨ ਵੀ ਆਪਣੇ ਸਾਰੇ ਧਾਰਮਿਕ ਦਿਨ ਚੰਨ ਦੇ ਕੈਲੰਡਰ ਦੇ ਹਿਸਾਬ ਨਾ ਮਨਾਉਂਦੇ ਹਨ। ਉਨ੍ਹਾਂ ਦੀ ਈਦ ਕਈ ਵਾਰ ਸਾਲ ਵਿਚ ਦੋ ਵਾਰ ਆਉਂਦੀ ਹੈ; ਫਿਰ ਇਹ ਕਦੀ ਦਸੰਬਰ ਦੀਆਂ ਠੰਡਾਂ ਵਿਚ ਆ ਜਾਂਦੀ ਹੈ ਤੇ ਕਦੇ ਜੂਨ ਦੀ ਤਪਦੀ ਧੁੱਪ ਵਿਚ। ਇਸਾਈਆਂ ਦਾ ਗੁੱਡ ਫ਼ਰਾਈ-ਡੇਅ ਹਰ ਸਾਲ ਵੱਖ ਵੱਖ ਤਾਰੀਖ਼ ‘ਤੇ ਆਉਂਦਾ ਹੈ; ਯਹੂਦੀਆਂ, ਬੋਧੀਆਂ, ਜੈਨੀਆਂ, ਪਾਰਸੀਆਂਥ, ਸਭ ਦੇ ਧਾਰਮਿਕ ਦਿਨ ਹਰ ਸਾਲ ਵਖ-ਵੱਖ ਤਾਰੀਖ਼ਾਂ ‘ਤੇ ਆਉਂਦੇ ਹਨ।ਉਨ੍ਹਾਂ ਵਿਚਾਰਿਆਂ ਨੂੰ ਤਾਂ ਕਦੇ ਕੋਈ ਮੁਸੀਬਤ ਨਹੀਂ ਪਈ।”
ਇਸ ਦਾ ਜਵਾਬ ਇਹ ਦਿੱਤਾ ਗਿਆ ਹੈ ਕਿ “ਤੁਸੀਂ ਵਾਰ ਵਾਰ ਹਰ ਸਾਲ ਬਦਲ ਰਹੀਆਂ ਤਰੀਕਾਂ ਵਾਲੇ ਕੈਲੰਡਰ ਦੀ ਵਕਾਲਤ ਕਿਉਂ ਕਰਦੇ ਹੋ। ਜੇ ਸਿੱਖਾਂ ਦਾ ਵਖਰਾ ਕੈਲੰਡਰ ਹੋਵੇ ਅਤੇ ਉਸ ਦੀਆਂ ਤਰੀਕਾਂ ਫਿਕਸ ਹੋਣ ਤਾਂ ਤੁਹਾਨੂੰ ਇਤਰਾਜ਼ ਕਿਉਂ ਹੈ?”
ਇਹ ਮੇਰੇ ਸਵਾਲ ਦਾ ਜਵਾਬ ਨਹੀਂ ਹੈ। ਯਾਨਿ ਇਨ੍ਹਾਂ ਕੋਲ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ।
(ੲ) ਇਸ ਨੁਕਤੇ ਵਿਚ ਮੇਰਾ ਦੂਜਾ ਸਵਾਲ ਇਹ ਸੀ ਕਿ: “ਇਹ ਸਵਾਲ ਕਿ ਸਿੱਖ ਚੰਨ ਦਾ ਕੈਲੰਡਰ ਮੰਨਣ ਕਿ ਸੂਰਜ ਦਾ। ਓ! ਭਾਈ ਇਸ ਦਾ ਧਰਮ ਜਾਂ ਫ਼ਿਲਾਸਫ਼ੀ ਨਾਲ ਕੀ ਸਬੰਧ ਹੈ? ਕੀ ਸੂਰਜ ਦੇ ਹਿਸਾਬ ਨਾਲ ਮੰਤਰ ਪੜ੍ਹਨੇ ਹਨ? ਕੀ ਕੈਲੰਡਰ ਦਾ ਮਸਲਾ ਇਕ ਨਵੇਂ ਕਰਮ ਕਾਂਡ ਨੂੰ ਉਤਸਾਹਤ ਕਰਨਾ ਨਹੀਂ ਹੈ?”
ਇਸ ਦਾ ਜਵਾਬ ਇਨ੍ਹਾਂ ਨੇ ਇਹ ਦਿੱਤਾ ਹੈ ਕਿ “ਸਵਾਲ...ਰੁਤੀ ਸਾਲ ਦੇ ਬਰਾਬਰ ਵਾਲਾ, ਘਟ ਤੋਂ ਘਟ ਊਣਤਾਈਆਂ ਵਾਲਾ, ਲੰਮੇ ਸਮੇਂ ਤਕ ਸ਼ੁੱਧ ਰੂਪ ਵਿਚ ਮਿਣਤੀ ਦੇਣ ਵਾਲਾ ਕੈਲੰਡਰ ਵਰਤਣ ਦਾ ਹੈ...” ਅਤੇ “ਅੱਜ ਅੰਤਰਰਾਸ਼ਟਰੀ ਤੌਰ ‘ਤੇ 354 ਦਿਨਾਂ ਜਾਂ 365 ਦਿਨਾਂ ਵਾਲੇ ਸਾਲ ਚ ਕਿਹੜਾ ਜਿਆਦਾ ਢੁਕਵਾ ਹੈ?”
ਮੇਰਾ ਸਵਾਲ ਇਹ ਸੀ ਕਿ ਕੌਮਾਂਤਰੀ ਕੈਲੰਡਰ “ਗਰੈਗੋਰੀਅਨ ਕੈਲੰਡਰ” ਹੀ ਸਹੀ ਹੈ ਅਤੇ ਸਾਰੀ ਦੁਨੀਆਂ ਵਿਚ, ਸਣੇ 100% ਸਿੱਖ ਘਰਾਂ ਤੇ ਅਦਾਰਿਆਂ ਵਿਚ ਇਹੀ ਵਰਤਿਆ ਜਾਂਦਾ ਹੈ। ਸਿਰਫ਼ ਗੁਰਪੁਰਬਾਂ ਦੀਆਂ ਤਾਰੀਖ਼ਾਂ ਪੱਕੀਆਂ ਕਰਨ ਤੋਂ ਇਲਾਵਾ ਕਿਸੇ ਕੈਲੰਡਰ ਦਾ ਕੋਈ ਰੋਲ ਨਹੀਂ। ਸੋ ਤਾਰੀਖ਼ਾਂ ਪੱਕੀਆਂ ਕਰ ਲਈਆਂ ਜਾਣੀਆਂ ਚਾਹੀਦੀਆਂ ਹਨ। ਇਕ ਕਾਗ਼ਜ਼ੀ ਸਜਾਵਟੀ ਕੈਲੰਡਰ ਦੀ ਕੀ ਲੋੜ ਹੈ?
18. ਮੇਰਾ  ਅਠਾਰਵਾਂ ਸਵਾਲ ਇਹ ਸੀ ਕਿ: “ਇਸ ਸੂਰਜੀ ਕੈਲੰਡਰ ਦੀ ਵਰਤੋਂ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਕੱਢਣ ਵਾਸਤੇ ਹੀ ਕੀਤੀ ਗਈ ਹੈ;  ਗੁਰੁ ਨਾਨਕ ਸਾਹਿਬ ਦਾ ਜਨਮ ਦਿਨ, ਦੀਵਾਲੀ (ਅਖੌਤੀ ਬੰਦੀ ਛੋੜ ਦਿਨ), ਹੋਲਾ ਮਹੱਲਾ, ਇਹ ਸਾਰੇ ਤਾਂ ਪੁਰੇਵਾਲ ਦੇ ਕੈਲੰਡਰ ਵਿਚ ਵੀ ਚੰਨ ਦੇ ਕੈਲੰਡਰ ਦੇ ਹਿਸਾਬ ਨਾਲ ਹੀ ਰਹੇ ਹਨ!”
ਇਸ ਦਾ ਜਵਾਬ ਇਹ ਦਿੱਤਾ ਹੈ ਕਿ “ਆਰ.ਐਸ.ਐਸ. ਨੇ ਜਥੇਦਾਰਾਂ, ਅਕਾਲੀਆਂ ਤੇ ਪ੍ਰਧਾਨਾਂ ਰਾਹੀਂ ਚੰਦਰ ਵਾਲੇ ਆਪਣੀ ਕੁਚਾਲ ਨਾਲ ਕਿੰਝ ਐਡ ਕੀਤੇ ਹਨ ਹੁਣ ਤਾਂ ਸਭ ਜਾਣ ਗਏ ਹਨ।”
ਇਹ ਕੋਰਾ ਝੂਠ ਤੇ ਬਹਾਨਾ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਬਾਰੇ ਤਾਂ ਇਹ ਲੋਕ ਬਹਾਨਾ ਲਾ ਸਕਦੇ ਹੋ ਕਿ ਉਨ੍ਹਾਂ ਨੇ ਗੁਰੁ ਨਾਨਕ ਸਾਹਿਬ ਦਾ ਜਨਮ ਦਿਨ, ਦੀਵਾਲੀ (ਅਖੌਤੀ ਬੰਦੀ ਛੋੜ ਦਿਨ), ਹੋਲਾ ਮਹੱਲਾ ਨੂੰ ਚੰਨ ਦੇ ਕੈਲੰਡਰ ਮੁਤਾਬਿਕ ਰੱਖਣ ਵਾਸਤੇ ਵਾਸਤੇ ਜ਼ੋਰ ਪਾਇਆ। ਪਰ ਪੁਰੇਵਾਲ ਜੀ ਪਰਮਜੀਤ ਸਿੰਘ ਸਰਨਾ ਜੀ ਦੀ ਪ੍ਰਧਾਨਗੀ ਵੇਲੇ ਦੀ ਦਿੱਲੀ ਗੁਰਦੁਆਰਾ ਕਮੇਟੀ ਅਤੇ ਵਿਦੇਸ਼ਾਂ ਵਿਚ ਆਪਣੇ ‘ਚੇਲਿਆਂ’ ਵਾਸਤੇ ਬਣਾਏ ਕੈਲੰਡਰਾਂ ਵਿਚ ਸੂਰਜੀ ਤਾਰੀਖ਼ਾਂ ਦੇ ਸਕਦੇ ਸੀ। ਪਰ, ਇਨ੍ਹਾਂ ਨੇੀਂ ਇਹ ਨਹੀਂ ਕੀਤਾ (ਇਹ ਹੁਣ ਵੀ ਅਜਿਹਾ ਕਦੇ ਨਹੀਂ ਕਰਨਗੇ)। ਇਸ ਕਰ ਕੇ ਇਨ੍ਹਾਂ ਦੀ ਇਹ ਦਲੀਲ ਵੀ ਥੋਥੀ ਦਲੀਲ ਹੈ।
19. ਮੇਰਾ ਅਠਾਰਵਾਂ ਸਵਾਲ ਇਹ ਸੀ ਕਿ: “ਪੁਰੇਵਾਲ ਜੀ ਦੇ ਕੈਲੰਡਰ ਨੂੰ ਲਾਗੂ ਕਰਨ ਵਾਸਤੇ ਜ਼ਿਦ ਕੌਣ ਕਰਦਾ ਹੈ? (ੳ) ਉਹ ਜਿਨ੍ਹਾਂ ਨੂੰ ਭੁਲੇਖਾ ਪਾ ਦਿੱਤਾ ਗਿਆ ਹੈ ਕਿ ਬਿਕਰਮੀ ਕੈਲੰਡਰ ਹਿੰਦੂਆਂ/ਬ੍ਰਾਹਮਣਾਂ ਦਾ ਹੈ। (ਅ) ਜੋ ਸ਼੍ਰੋਮਣੀ ਕਮੇਟੀ ਦਾ ਹਰ ਗੱਲ ਵਿਚ ਵਿਰੋਧ ਕਰਨਾ ਚਾਹੁੰਦੇ ਹਨ।(ੲ) ਇਸ ਕੈਲੰਡਰ ਵਾਸਤੇ ਸਭ ਤੋਂ ਵਧ ਜ਼ਿਦ ਉਹ ਵੀ ਕਰ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਇਸ ਦੀ ਹਿਮਾਇਤ ਵਾਸਤੇ ਜ਼ੋਰ ਲਾਇਆ ਸੀ ਤੇ ਹੁਣ ਉਹ ਇਸ ਨੂੰ ‘ਅੜੀ’ ਦਾ ਸਵਾਲ ਬਣਾਈ ਬੈਠੇ ਹਨ।
ਇਨ੍ਹਾਂ ਦਾ ਜਵਾਬ ਹੈ: (ੳ)“ਕੀ ਬਿਕਰਮਾਦਿੱਤ ਹਿੰਦੂ ਰਾਜਾ ਨਹੀਂ ਸੀ?...ਕੀ ਉਜੈਨ ਦਾ ਮੰਦਰ ਹਿੰਦੂ ਮੰਦਰ/ਤੀਰਥ ਨਹੀਂ ਜਿਸ ‘ਤੇ ਸੂਰਜ ਦੀ ਕਿਰਨ ਪੈਣ ਨਾਲ ਬਿਕਰਮੀ ਕੈਲੰਡਰ ਦਾ ਸੁਰਜ ਉਦੈ ਮੰਨਿਆ ਜਾਂਦਾ ਹੈ?” (ਅ) ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਉਹ ਹਨ ਜੋ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਝਾਕ ਵਿਚ, ਹਰ ਗੱਲ ਦੀ ਹਿਮਾਇਤ ਕਰਨਾ ਚਾਹੁੰਦੇ ਹਨ। (ੲ) ਤੁਸੀਂ ਕੈਲੰਡਰੀਕਲ ਵਿਗਿਆਨ ਦੀ ਭੁਮੀਕਾ ਵੀ ਨਹੀਂ ਜਾਣਦੇ। ਤੁਹਾਡੇ ਸਵਾਲਾਂ ਵਿਚ ਇਕ ਵੀ ਟੈਕਨੀਕਲ ਨੁਕਤਾ ਨਹੀਂ ਹੈ...”
ਇਨ੍ਹਾਂ ਦੇ (ੳ) ਦਾ ਜਵਾਬ ਹੈ: ਬਿਕਰਮਾਜੀਤ ਵੇਲੇ ਹਿੰਦੂ ਧਰਮ ਮੌਜੂਦ ਹੀ ਨਹੀਂ ਸੀ। ਬਿਕਰਮਾਜੀਤ/ ਬਿਕਰਮਾਦਿੱਤ ਹਿੰਦੂ ਰਾਜਾ ਨਹੀਂ ਸੀ।ਸਿਰਫ਼ ਆਰ.ਐਸ.ਐਸ. ਵਾਲੇ ਅਤੇ ਮੂਲਵਾਦੀ ਹਿੰਦੂ ਹੀ ਉਸ ਨੂੰ ਹਿੰਦੂ ਮੰਨਦੇ ਹਨ। ਬਿਕਰਮਾਜੀਤ ਵੇਲੇ ਬੁਧ ਧਰਮ, ਜੈਨ ਧਰਮ ਤਾਂ ਮੌਜੂਦ ਸਨ; ਅਤੇ ਕੁਝ ਲੋਕ ਸ਼ਿਵ, ਵਿਸ਼ਨੂੰ, ਸੂਰਜ, ਦੁਰਗਾ ਵਗ਼ੈਰਾ ਦੀ ਪੂਜਾ ਕਰਦੇ ਸਨ। ਇਹ ਹਿੰਦੂ ਧਰਮ ਨਹੀਂ ਸੀ। ਉਦੋਂ ਰਾਮ ਤੇ ਕ੍ਰਿਸ਼ਨ ਦੀ ਵੀ ਕੋਈ ਗੱਲ ਨਹੀਂ ਸੀ। ਰਾਮ ਤੇ ਸੀਤਾ ਨੂੰ ਤਾਂ ਤੁਲਸੀ ਦਾਸ ਨੇ ਕਾਇਮ ਕੀਤਾ ਸੀ। ਇਸ ਸਾਰੇ ਟੋਲਿਆਂ ਨੂੰ ਹਿੰਦੂ ਧਰਮ ਦਾ ਨਾਂ ਸਵਾਮੀ ਵਿਵੇਕਾਨੰਦ ਦੀ ਲਹਿਰ ਨੇ ਦਿੱਤਾ ਸੀ।ਸਾਰੇ ਇਤਿਹਾਸਕਾਰ ਇਸ ਤੱਥ ਨੂੰ ਮੰਨਦੇ ਹਨ। ਜਾਂ ਤਾਂ ਤੁਸੀਂ ਇਤਿਹਾਸ ਤੋਂ ਵਾਕਿਫ਼ ਨਹੀਂ ਹੋ ਜਾਂ ਫਿਰ ਆਰ.ਐਸ.ਐਸ. ਵਾਲੇ ਅਤੇ ਮੂਲਵਾਦੀ ਹਿੰਦੂ ਸੋਚ ਦੇ ਨਾਲ ਇਕ ਰਾਏ ਹੋ।
ਦੂਜਾ, ਇਹ ਕਹਿੰਦੇ ਹਨ ਕਿ ਉਜੈਨ ਦੇ ਮੰਦਰ ‘ਤੇ ਸੂਰਜ ਦੀ ਕਿਰਨ ਪੈਣ ਨਾਲ ਬਿਕਰਮੀ ਕੈਲੰਡਰ ਦਾ ਉਦੈ ਮੰਨਿਆ ਜਾਂਦਾ ਹੈ। ਇਹ ਵੀ ‘ਮਹਾਂ ਗੱਪ’ ਹੈ। ਜਦ ਬਿਕਰਮੀ ਕੈਲੰਡਰ ਬਣਿਆ ਤਾਂ ਉਦੋਂ ਪਹਿਲੀ ਗੱਲ ਤਾਂ ਹਿੰਦੂ ਧਰਮ ਹੀ ਮੌਜੂਦ ਨਹੀਂ ਸੀ; ਦੂਜਾ ਉਜੈਨ ਵਿਚ  ਬਣੇ ਹਿੰਦੂ ਮੰਦਰਾਂ ਵਿਚੋਂ ਕੋਈ ਵੀ 200 ਸਾਲ ਪੁਰਾਣਾ ਨਹੀਂ ਹੈ। ਰਾਜਾ ਬਿਕਰਮ ਵੇਲੇ ਇਹ ਪਹਿਲਾਂ ਅਵੰਤੀ ਰਾਜ ਦਾ ਹਿੱਸਾ ਸੀ; ਉਸ ਵੇਲੇ ਅਵੰਤੀ, ਵਤਸ, ਕੋਸ਼ਾਲ ਅਤੇ ਮਗਧ ਚਾਰ ਮੁਖ ਦੇਸ਼ ਸਨ। ਫਿਰ ਇਸ ‘ਤੇ ਮੌਰੀਆ ਖ਼ਾਨਦਾਨ ਦਾ ਕਬਜ਼ਾ ਹੋ ੋਗਆ ਸੀ। ਯਾਨਿ ਇਹ ਇਕ ਬੋਧੀ ਸ਼ਹਿਰ ਸੀ। ਉਜੈਨ ਦੇ ਮੰਦਰ ‘ਤੇ ਸੂਰਜ ਦੀ ਕਿਰਨ ਪੈਣ ਨਾਲ ਬਿਕਰਮੀ ਕੈਲੰਡਰ ਦਾ ਉਦੈ ਮੰਨਿਆ ਜਾਣਾ ਇਕ ਹੋਰ ਪੱਖੋਂ ਵੀ ਗੱਪ ਹੈ। ਦਿਨ ਦੀ ਸੂਰਜ ਦੀ ਕਿਰਨ ਤਾਂ ਉਜੈਨ ਦੇ ਦੁਆਲੇ ਹਜ਼ਾਰਾਂ ਮੀਲਾਂ ਤਕ ਇਕੋ ਦਿਨ ਹੀ ਪੈਂਦੀ ਹੈ ਕਿਤੇ 2-4 ਮਿੰਟ ਪਹਿਲਾਂ ਤੇ ਕਿਤੇ 5-10-20 ਮਿੰਟ ਬਾਅਦ। ਸਾਰੇ ਇੰਡੀਅਨ ਸਬ ਕੰਟੀਨੈਂਟ ਵਿਚ ਸੁਰਜ ਚੜ੍ਹਨ  ਦੇ ਸਮੇਂ ਵਿਚ ਕੁਝ ਮਿੰਟਾਂ ਦਾ ਫ਼ਰਕ ਤਾਂ ਹੋਵੇਗਾ ਪਰ ਇਕ ਦਿਨ ਦਾ ਨਹੀਂ; ਸੋ ਸਾਰੀਆਂ ਜਗਹ ‘ਤੇ ਇਕੋ ਤਾਰੀਖ਼ ਹੁੰਦੀ ਹੈ।
(ਅ) ਇਸ ਵਿਚ ਮੇਰਾ ਦੂਜਾ ਨੁਕਤਾ ਸੀ ਕਿ “ਇਸ ਕੈਲੰਡਰ ਦੇ ਹਿਮਾਇਤੀ ਉਹ ਵੀ ਹਨ ਜੋ ਸ਼੍ਰੋਮਣੀ ਕਮੇਟੀ ਦਾ ਹਰ ਗੱਲ ਵਿਚ ਵਿਰੋਧ ਕਰਨਾ ਚਾਹੁੰਦੇ ਹਨ।”
ਇਸ ਦਾ ਜਵਾਬ ਇਹ ਦਿੱਤਾ ਗਿਆ ਹੈ ਕਿ “ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਉਹ ਹਨ ਜੋ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਝਾਕ ਵਿਚ, ਹਰ ਗੱਲ ਦੀ ਹਿਮਾਇਤ ਕਰਨਾ ਚਾਹੁੰਦੇ ਹਨ।
ਇਨ੍ਹਾਂ ਦੀ ਇਹ ਯਭ੍ਹਲੀ ਵੀ ਜਵਾਬ ਤੋਂ ਭੱਜਣ ਵਾਲੀ ਗੱਲ ਹੈ। ਮੈਂ ਇਸ ਕੈਲੰਡਰ ਨੂੰ ਰੱਦ ਕਰਦਾ ਹਾਂ। ਮੈਂ ਤਾਂ “ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਝਾਕ ਵਿਚ” ਨਹੀਂ ਬੈਠਾ ਹੋਇਆ। ਮੈਂ ਵਿਦੇਸ਼ੀ ਸ਼ਹਿਰੀ ਹਾਂ; ਮੈਂ ਕਾਨੂੰਨੀ ਤੋਰ ‘ਤੇ ਕੋਈ ਚੋਣ (ਐਮ.ਐਲ਼.ਏ, ਜਾਂ ਸ਼੍ਰੋਮਣ ਕਮੇਟੀ) ਨਹੀਂ ਲੜ ਸਕਦਾ; ਉਮਰ ਦੇ ਸਿਹਾਬ ਨਾਲ ਮੈਂ ਕੋਈ ਨੌਕਰੀ ਵੀ ਨਹੀਂ ਲੈ ਸਕਦਾ। ਮੈਨੂੰ ਸ਼੍ਰੋਮਣੀ ਕਮੇਟੀ ਤੋਂ ਕੋਈ ਕਿਤਾਬ ਛਪਵਾਉਣ ਦੀ ਵੀ ਲੋੜ ਨਹੀਂ। ਮੇਰੀਆਂ 50 ਤੋਂ ਵਧ ਕਿਤਾਬਾਂ ਛਪ ਚੁਕੀਆਂ ਹਨ। ਸੋ, ਇਹ ਦੋਸ਼ ਮੇਰੇ ‘ਤੇ ਤਾਂ ਢੁਕਦਾ ਨਹੀਂ। ਹਾਂ, ਉਲਟਾ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਕਿ “ਇਸ ਕੈਲੰਡਰ ਦੇ ਹਿਮਾਇਤੀ ਉਹ ਵੀ ਹਨ ਜੋ ਸ਼੍ਰੋਮਣੀ ਕਮੇਟੀ ਦਾ ਹਰ ਗੱਲ ਵਿਚ ਵਿਰੋਧ ਕਰਨਾ ਚਾਹੁੰਦੇ ਹਨ।”
(ੲ) ਇਸ ਵਿਚ ਮੇਰਾ ਤੀਜਾ ਨੁਕਤਾ ਸੀ ਕਿ “ਇਸ ਕੈਲੰਡਰ ਵਾਸਤੇ ਸਭ ਤੋਂ ਵਧ ਜ਼ਿਦ ਉਹ ਵੀ ਕਰ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਇਸ ਦੀ ਹਿਮਾਇਤ ਵਾਸਤੇ ਜ਼ੋਰ ਲਾਇਆ ਸੀ ਤੇ ਹੁਣ ਉਹ ਇਸ ਨੂੰ ‘ਅੜੀ’ ਦਾ ਸਵਾਲ ਬਣਾਈ ਬੈਠੇ ਹਨ।”
ਇਨ੍ਹਾਂ ਨੇ ਇਸ ਦਾ ਜਵਾਬ ਇਹ ਦਿੱਤਾ ਹੈ ਕਿ “ਤੁਸੀਂ ਕੈਲੰਡਰੀਕਲ ਵਿਗਿਆਨ ਦੀ ਭੁਮੀਕਾ ਵੀ ਨਹੀਂ ਜਾਣਦੇ। ਤੁਹਾਡੇ ਸਵਾਲਾਂ ਵਿਚ ਇਕ ਵੀ ਟੈਕਨੀਕਲ ਨੁਕਤਾ ਨਹੀਂ ਹੈ...”
ਵਾਹ! ਮੈਂ ਕਦ ਕਿਹਾ ਹੈ ਕਿ ਮੈਂ ਇਸ ਨੂੰ “ਟੈਕਨੀਕਲ ਨੁਕਤਿਆਂ”  ਦੇ ਪੱਖ ਤੋਂ ਰੱਦ ਕਰ ਰਿਹਾ ਹਾਂ। ਮੈਂ ਤਾਂ ਸਿੱਖੀ ਅਸੂਲਾਂ ਮੁਤਾਬਿਕ ਇਸ ਨੂੰ ਰੱਦ ਕਰ ਰਿਹਾ ਹਾਂ। ਇਸ ਕੈਲੰਡਰ ਦਾ ਸਿੱਖੀ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ।
ਪੁਰੇਵਾਲ ਜੀ ਦੇ ਕੈਲੰਡਰ ਵਿਚ ਹੋਲਾ ਮਹਲਾ ਇਕ ਸਾਲ ਵਿਚ ਦੋ ਵਾਰ ਅਤੇ ਅਗਲੇ ਸਾਲ ਵਿਚ ਬਿਲਕੁਲ ਹੀ ਨਹੀਂ
ਇਕ ਸੱਜਣ ਸ. ਹਰਕਰਮਜੀਤ ਸਿੰਘ ਢਿੱਲੋਂ ਨੇ ਪੁਰੇਵਾਲ ਜੀ ਦੇ (ਅਖੌਤੀ ਨਾਨਕਸ਼ਾਹੀ) ਕੈਲੰਡਰ ਦੀ ਇਕ ਹੋਰ ਕਮਾਲ ਦਾ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੇ ਗੁਰੂ ਗੋਬੰਦ ਸਿੰਘ ਸਾਹਿਬ ਦੇ ਪਰਬ ਦੇ ਇਸ ਸਾਲ ਵਿਚ ਦੋ ਵਾਰ ਆਉਣ ਦਾ ਤਾਂ ਰੱਜ ਕੇ ਰੌਲਾ ਪਾਇਆ ਹੈ ਪਰ ਉਨ੍ਹਾਂ ਦੇ ਆਪਣੇ ਬਣਾਏ ਕੈਲੰਡਰ ਵਿਚ ਸੰਮਤ 546 ਵਿਚ ਹੋਲਾ ਮਹੱਲਾ ਦੋ ਵਾਰ (17 ਮਾਰਚ 2014 ਅਤੇ 6 ਮਾਰਚ 2015) ਆਉਂਦਾ ਹੈ ਅਤੇ ਸੰਮਤ 547 ਵਿਚ ਬਿਲਕੁਲ ਨਹੀਂ ਆਉਂਦਾ।
ਗੁਰੁ ਸਾਹਿਬਾਨ ਅਤੇ ਬਿਕਰਮੀ ਕੈਲੰਡਰ ਅਤੇ ਥਿਤਾਂ
ਗੁਰੁ ਸਾਹਿਬ ਨੇ ਬਿਕਰਮੀ ਸੰਮਤ ਵਾਲੇ ਕੈਲੰਡਰ ਨੂੰ ਖ਼ੁਦ ਕਬੂਲ ਕੀਤਾ ਸੀ ਇਸੇ ਕਰ ਕੇ ਉਨ੍ਹਾਂ ਨੇ ਉਸ ਕੈਲੰਡਰ ਦੇ ਅਦਾਰ ‘ਤੇ ਬਾਰਹ ਮਾਹ ਲਿਖਿਆ ਸੀ। ਗੁਰੁ ਨਾਨਕ ਸਾਹਿਬ ਅਤੇ ਗੁਰੁ ਅਰਜਨ ਸਾਹਿਬ ਨੇ ਤਾਂ ਥਿਤੀਆਂ ਵਾਲਾ ਕੈਲੰਡਰ ਵੀ ਕਬੂਲ ਕੀਤਾ ਸੀ। ਉਨ੍ਹਾਂ ਨੇ ਥਿਤੀ ਕਾਵਿ ਰੂਪ ਵਿਚ ਇਸ ਦਾ ਬਿਆਨ ਵੀ ਕੀਤਾ ਹੈ। ਗੁਰੁ ਗ੍ਰੰਥ ਸਾਹਿਬ ਵਿਚ ਥਿਤੀਆਂ ਵਾਲੇ 3 ਕੈਲੰਡਰ ਹਨ:
1.ਥਿਤੀ ਗੁਰੁ ਨਾਨਕ ਸਾਹਿਬ ਬਿਲਾਵਲ ਰਾਗ ਵਿਚ (ਸਫ਼ਾ 838-39)
2.ਥਿਤੀ ਗੁਰੁ ਅਰਜਨ ਸਾਹਿਬ ਗਉੜੀ ਰਾਗ ਵਿਚ (ਸਫ਼ਾ 296)
3.ਥਿਤੀ ਕਬੀਰ ਗਉੜੀ ਰਾਗ ਵਿਚ (ਸਫ਼ਾ 343)
ਫਿਰ ਗੁਰੁ ਗ੍ਰੰਥ ਸਾਹਿਬ ਵਿਚ ਥਿਤੀਆਂ ਦਾ ਕਈ ਜਗਹ ਸਿੱਧਾ ਜ਼ਿਕਰ ਵੀ ਆਉਂਦਾ ਹੈ:
ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ, ਧਰਤੀ ਥਾਪਿ ਰਖੀ ਧਰਮਸਾਲ
॥( ਜਪੁਜੀ ਸਾਹਿਬ)
(ਅਰਥ): ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ- ਇਹਨਾਂ ਸਾਰਿਆਂ ਦੇ ਇਕੱਠ ਵਿਚ (ਵਾਹਿਗੁਰੂ ਨੇ ) ਧਰਤੀ ਨੂੰ ‘ਧਰਮ ਕਮਾਉਣ’ ਦਾ ਥਾਂ ਬਣਾ ਕੇ ਟਿਕਾ ਦਿੱਤਾ ਹੈ।
ਵਿਸੁਏ ਚਸਿਆ ਘੜੀਆ ਪਹਰਾ, ਥਿਤੀ ਵਾਰੀ ਮਾਹੁ ਹੋਆ॥
ਸੂਰਜੁ ਏਕੋ ਰੁਤਿ ਅਨੇਕ॥ ਨਾਨਕ, ਕਰਤੇ ਕੇ ਕੇਤੇ ਵੇਸ
॥ {ਸਫ਼ਾ 12}
(ਅਰਥ): ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਵਗ਼ੈਰਾ) ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਮੌਸਮ ਤੇ ਸਮੇਂ ਵਖ ਵਖ ਰੂਪ ਹਨ); ਗੁਰੂ ਨਾਨਕ ਜੀ ਕਹਿੰਦੇ ਹਨ ਕਿ ਤਿਵੇਂ ਹੀ ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ ।
ਥਿਤੀ ਵਾਰ ਸਭਿ ਸਬਦਿ ਸੁਹਾਏ॥ ਸਤਿਗੁਰੁ ਸੇਵੇ ਤਾ ਫਲੁ ਪਾਏ॥
ਥਿਤੀ ਵਾਰ ਸਭਿ ਆਵਹਿ ਜਾਹਿ॥ ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ
॥ (ਸਫ਼ਾ 838-39)
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥ (ਸਫ਼ਾ 1109)।
ਗੁਰੁ ਅਮਰ ਦਾਸ ਸਾਹਿਬ ਕਹਿੰਦੇ ਹਨ:
ਨਿਰੰਕਾਰਿ ਆਕਾਰੁ ਉਪਾਇਆ॥ ਮਾਇਆ ਮੋਹੁ ਹੁਕਮਿ ਬਣਾਇਆ॥
ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ॥ ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ॥
ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ॥ ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ
॥ (ਸਫ਼ਾ 1066)
(ਅਰਥ): ਨਿਰੰਕਾਰ ਨੇ (ਆਪਣੇ ਆਪ ਤੋਂ) ਇਹ ਦਿੱਸਦਾ ਜਗਤ ਪੈਦਾ ਕੀਤਾ, ਮਾਇਆ ਦਾ ਮੋਹ ਭੀ ਉਸ ਨੇ ਆਪਣੇ ਹੁਕਮ ਵਿਚ ਹੀ ਬਣਾ ਦਿੱਤਾ। ਕਰਤਾਰ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ। ਉਸ ਨੇ ਮਾਇਆ ਤੋਂ ਤ੍ਰੈਗੁਣੀ ਜੀਵ ਪੈਦਾ ਕੀਤੇ, ਬ੍ਰਹਮਾ ਨੂੰ ਉਸ ਨੇ ਚਾਰੇ ਵੇਦ ਰਚਣ ਲਈ ਹੁਕਮ ਕੀਤਾ। ਵਰ੍ਹੇ ਮਹੀਨੇ ਵਾਰ ਥਿੱਤਾਂ (ਵਗ਼ੈਰਾ) ਬਣਾ ਕੇ ਇਸ ਜਗਤ ਵਿਚ (ਸਮੇਂ ਵਗ਼ੈਰਾ ਦੀ) ਸੂਝ ਭੀ ਉਹ ਵਾਹਿਗੁਰੂ ਹੀ ਪੈਦਾ ਕਰਨ ਵਾਲਾ ਹੈ।
ਅਖ਼ੀਰ ‘ਤੇ ਇਕ ਗੱਲ ਕਹਿਣੀ ਚਾਹਵਾਂਗਾ ਕਿ ਪਾਲ ਸਿੰਘ ਪੁਰੇਵਾਲ ਜੀ ਨੂੰ ਇਕ ਸਿਹਰਾ ਜ਼ਰੂਰ ਜਾਵੇਗਾ ਕਿ ਉਸ ਨੇ ਇਕ ਬੇਮਾਅਨਾ ਜਹੀ ਚੀਜ਼ ਨਾਲ ਕੌਮ ਵਿਚ ਫੁੱਟ ਪਾਉਣ ਵਿਚ ‘ਮਹਾਨ ਰੋਲ’ ਅਦਾ ਕੀਤਾ। ਇਸ ਕਰ ਕੇ ਉਸ ਨੂੰ “ਪੰਥ ਰਤਨ ਫ਼ਖ਼ਰੇ ਕੌਮ” ਦਾ ਖ਼ਿਤਾਬ ਦਿੱਤਾ ਜਾਣਾ ਚਾਹੀਦਾ ਹੈ। ਸਿੱਖਾਂ ਨੂੰ ਇਸ ਦੰਭੀ ਕੈਲੰਡਰ ਨੂੰ ਭੁੱਲ ਜਾਣਾ ਚਾਹੀਦਾ ਹੈ ਅਤੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਕੌਮਾਂਤਰੀ ਕੈਲੰਡਰ ਦੇ ਮੁਤਾਬਿਕ ਮਿੱਥ ਕੇ ਸਦਾ ਵਾਸਤੇ ਪੱਕੀਆਂ ਕਰ ਲੈਣੀਆਂ ਚਾਹੀਦੀਆਂ ਹਨ ।
ਡਾ. ਹਰਜਿੰਦਰ ਸਿੰਘ ਦਿਲਗੀਰ 

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.