ਕੈਟੇਗਰੀ

ਤੁਹਾਡੀ ਰਾਇ



ਅਨਭੋਲ ਸਿੰਘ
ਗਲ ਧੰਦੇ ਤਕ ਵੀ ਬਣੀ ਰਹਿੰਦੀ…ਪਰ ..
ਗਲ ਧੰਦੇ ਤਕ ਵੀ ਬਣੀ ਰਹਿੰਦੀ…ਪਰ ..
Page Visitors: 2919

                        ਗਲ ਧੰਦੇ ਤਕ ਵੀ ਬਣੀ ਰਹਿੰਦੀ…ਪਰ .....
ਅਨਭੋਲਸਿੰਘ ਦੀਵਾਨਾ 98762 04624  
ਅੱਜ ਤੋਂ ਦੋ ਹਫਤੇ ਪਹਿਲਾਂ ਅਸੀਂ ਇਕ ਸੰਪਾਦਕੀ ਲੇਖ ਲਿਖਿਆਂ ਸੀ ‘ਧਰਮ ਅਤੇ ਮਨੁੱਖੀ ਲੁੱਟ’। ਬਹੁਤ ਸਾਰੇ ਵੀਰਾਂ ਦਾ ਇਹ ਰੀਐਕਸਨ ਸੀ ਕਿ ਅੱਜ ਧਰਮ ਨੂੰ ਬਹੁਤੇ ਲੋਕਾਂ ਨੇ ਧੰਦਾ ਹੀ ਬਣਾ ਲਿਆ ਹੈ।ਇਸ ਕਰਕੇ ਹੀ ਧਰਮ ਗਿਰਾਵਟ ਵੱਲ ਜਾ ਰਿhw ਹੈ।ਪਰ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਸਾਡਾ ਮੰਨਣਾ ਹੈ ਕਿ ਜੇਕਰ ਗੱਲ ਧੰਦੇ ਤੱਕ ਵੀ ਬਣੀ ਰਹਿੰਦੀ ਤਾਂ ਸਾਇਦ ਸਾਡੀ ਕੌਮ ਵਿਚ ਅੱਜ ਵਰਗੀ ਗਿਰਾਵਟ ਦੇਖਣ ਨੂੰ ਨਾ ਮਿਲਦੀ।
ਸਾਡਾ ਤਾਂ ਇਹ ਮੰਨਣਾ ਹੈ ਕਿ ਅੱਜ ਗੱਲ ਧੰਦੇ ਤੋਂ ਵੀ ਬਹੁਤ ਹੇਠਾਂ ਵੱਲ ਚਲੀ ਗਈ ਹੈ, ਕਿਉਂਕਿ ਧੰਦੇ ਦੇ ਵੀ ਕੋਈ ਨਿਯਮ ਹੁੰਦੇ ਹਨ। ਕਹਿਣ ਤੋਂ ਭਾਵ ਕਿ ਉਤਪਾਦਕ ਤੋਂ ਕੋਈ ਵਸਤੂ ਲੈਕੇ, ਬਿਲਕੁਲ ਠੀਕ ਤਰੀਕੇ ਨਾਲ, ਆਪਣਾ ਯੋਗ ਮੁਨਾਫਾ ਲੈਕੇ, ਸ਼ੁੱਧ ਰੂਪ ਵਿਚ ਖੱਪਤਕਾਰ ਤੱਕ ਪਹੁੰਚਦੀ ਕਰ ਦੇਣੀ, ਇਕ ਈਮਾਨਦਾਰ ਧੰਦੇ ਦੀ ਮੂੰਹ ਬੋਲਦੀ ਤਸਵੀਰ ਹੈ।
ਧੰਦੇ ਦੀ ਸਭ ਤੋਂ ਵੱਡੀ ਕਮਜੋਰੀ ਹੁੰਦੀ ਹੈ, ਮੁਨਾਫਾਖੋਰੀ। ਧੰਦੇ ਵਿਚ ਮੁਨਾਫਾਖੋਰੀ ਰੁਚੀਆਂ ਹੀ ਮਨੁੱਖ ਨੂੰ ਬੇਈਮਾਨ ਬਣਾਉਦੀਆਂ ਹਨ। ਵਸਤੂਆਂ ਵਿਚ ਮੁਲਾਵਟਖੋਰੀ ਦੀ ਜਨਮਦਾਤਾ ਵੀ, ਧੰਦੇ ਵਿਚਲੀ ਇਹ ਮੁਨਾਫਾਖੋਰੀ ਰੁਚੀ ਹੀ ਹੈ।
ਅੱਜ ਸਭ ਤੋਂ ਵੱਡਾ ਦੁਖਾਂਤ ਹੀ ਸਾਡੀ ਕੌਮ ਨਾਲ ਇਹ ਵਾਪਰ ਰਿਹਾ ਹੈ ਕਿ ਅੱਜ ਗੁਰੂ ਨਾਨਕ ਦੇ ਨਿਰਮਲ ਪੰਥ ਨੂੰ ਪ੍ਰਣਾਏ ਹੋਏ ਕੁੱਝ ਵੀਰਾਂ ਨੂੰ ਛੱਡ ਕਿ, ਸਾਡੇ ਧਾਰਮਿਕ ਰਹਿਬਰਾਂ ਦੀ ਵੱਡੀ ਗਿਣਤੀ ਧਰਮ ਨੂੰ ਸਿਰਫ ਧੰਦੇ ਦਾ ਰੂਪ ਹੀ ਨਹੀਂ ਦੇ ਰਹੀ ਸਗੋਂ ਉਹਨਾਂ ਵਿਚ ਧੰਦੇ ਦੀਆਂ ਵੱਧ ਤੋਂ ਵੱਧ ਮੁਨਾਫਾ ਕਮਾਉਣ ਵਾਲੀਆਂ ਕਮਜੋਰੀਆਂ ਵੀ ਪਰਵੇਸ਼ ਕਰ ਚੁਕੀਆਂ ਹਨ। ਉਦਾਹਰਨ ਦੇ ਤੌਰ ‘ਤੇ ਜਿਸ ਤਰ੍ਹਾਂ ਕੋਈ ਮੁਨਾਫਾਖੋਰੀ ਰੁਚੀਆਂ ਵਿਚ ਗੜੁਚ ਧੰਦੇਬਾਜ ਆਦਮੀ ਦੁੱਧ ਜਿਹੇ ਪੌਸਟਿਕ ਆਹਾਰ ਵਿੱਚ ਯੂਰੀਆ ਜਾਂ ਕਾਸਟਿਕ ਸੋਡਾ ਆਦਿ ਮਿਲਾ ਦਿੰਦਾ ਹੈ ਤੇ ਉਹ ਦੁੱਧ ਜਿਸ ਨੇ ਚੰਗੇ ਪੋਸਣ ਦਾ ਕੰਮ ਕਰਕੇ ਸੇਹਤ ਨੂੰ ਸਵੱਸਥ ਬਣਾੳਣਾ ਸੀ, ਪਰ ਉਹੀ ਸੇਹਤ ਦਾ ਖਾਉ ਬਣ ਜਾਂਦਾ ਹੈ, ਠੀਕ ਇਸੇ ਤਰ੍ਹਾਂ ਹੀ ਅੱਜ ਧਾਰਮਿਕ ਖੇਤਰ ਵਿਚ ਵਿਚਰ ਰਹੇ ਧੰਦੇਬਾਜਾਂ ਵੱਲੋਂ, ਗੁਰੂ ਨਾਨਕ ਦੇ ਨਿਰਮਲ ਪੰਥ ਦੇ ਦੁੱਧ ਰੂਪੀ ਸਿਧਾਂਤ ਵਿਚ, ਪਾਖੰਡ ਅਤੇ ਆਪਣੀ ਮਨਮੱਤ ਦੀ ਜ਼ਹਿਰ ਇਸ ਕਦਰ ਮਲਾਈ ਜਾਂਦੀ ਹੈ, ਕਿ ਜਿਸ ਸਿਧਾਂਤਕ ਤੌਰ ‘ਤੇ ਲਬਰੇਜ ਪ੍ਰਚਾਰ ਰੂਪੀ ਪੌਸਟਿਕ ਆਹਾਰ ਨੂੰ ਚੱਖਣ ਤੋਂ ਬਾਅਦ ਸਿੱਖ ਨੇ ਆਤਮਿਕ ਰੂਪ ਵਿਚ ਬਲਵਾਨ ਹੋਣਾ ਸੀ ਅਤੇ ਕੌਮ ਦੀ ਸਿਹਤ ਵੀ ਸਵੱਸਥ ਬਣਨੀ ਸੀ, ਪਰ ਅੱਜ ਪਾਖੰਡੀ ਅਤੇ ਮਨਮੱਤ ਮਿਲ ਗੋਭਾ ਪ੍ਰਚਾਰ ਨਾਲ ਜਿਥੇ ਸਿੱਖ ਆਤਮਿਕ ਤੌਰ ‘ਤੇ ਕਮਜੋਰ ਹੋ ਰਿਹਾ ਹੈ ਉਥੇ ਕੌਮ ਦੀ ਆਤਮਿਕ ਸਿਹਤ ਵੀ ਦਿਨੋ ਦਿਨ ਵਿਗੜਦੀ ਜਾ ਰਹੀ ਹੈ।
ਜਿਸ ਸਿੱਖ ਨੇ ਸਰਬੱਤ ਦਾ ਭਲਾ ਮੰਗਣਾ ਸੀ ਅੱਜ ਉਹ ਸਿੱਖ ਆਪਣੇ ਆਪ ਤੱਕ ਹੀ ਸੀਮਤ ਹੋ ਰਿਹਾ ਹੈ। ਜਿਸ ਸਿੱਖ ਨੇ ਗੁਰੂ ਦੇ ਸਨਮੁੱਖ ਮੱਥਾ ਟੇਕ ਕਿ ਗੁਰੂ ਦੇ ਹੁਕਮ ਵਿਚ ਸਮਰਪਣ ਹੋਣਾ ਸੀ, ਅੱਜ ਉਹ ਗੁਰੂ ਦੇ ਸਾਹਮਣੇ ਸਿਰਫ ਆਪਣੀ ਪੁਰਾਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਉਲਾਂਭੇ ਅਤੇ ਨਵੀਆਂ ਮੰਗਾ ਦੀ ਲਿਸਟ ਸਣਾਉਣ ਹੀ ਪਹੁੰਚਦਾ ਹੈ। ਦਰਅਸਲ ਇਸ ਵਿਚ ਉਸ ਦਾ ਕਸੂਰ ਕੋਈ ਨਹੀਂ ਕਿਉਂਕਿ ਬਹੁਤੀ ਵਾਰ ਸਿੱਖ ਨੂੰ ਗੁਰੂ ਦੇ ਦੁਨਿਆਵੀ ਸੁੱਖਾਂ ਦਾ ਖਜਾਨਾ ਹੋਣ ਦੀ ਗੱਲ ਹੀ ਦੱਸੀ ਜਾਂਦੀ ਹੈ ਤੇ ਗੁਰੂ ਦੇ ਆਤਮਿਕ ਸੁੱਖਾਂ ਦਾ ਖਜਾਨਾ ਹੋਣ ਦੀ ਗੱਲ ਬਹੁਤੀ ਵਾਰ ਸਿੱਖ ਤੱਕ ਪਹੁੰਚਦੀ ਹੀ ਨਹੀਂ ਕੀਤੀ ਜਾਂਦੀ। ਜਿਹੜਾ ਸਿੱਖ ਧਰਮ ਗੁਰੂ ਬਾਬੇ ਨੇ ਬਹੁਤ ਹੀ ਸੌਖਾ ਅਤੇ ਸਿਧਾ ਪੱਧਰਾ ਬਣਾਇਆ ਸੀ ਅੱਜ ਧੰਦੇਬਾਜਾਂ ਵੱਲੋਂ ਉਸ ਨੂੰ ਬਹੁਤ ਹੀ ਔਖਾ ਤੇ ਜਟਿਲ ਬਣਾ ਕਿ ਸੰਗਤ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਨਤੀਜਨ ਸਿੱਖ ਅਤੇ ਗੁਰੂ ਦਰਮਿਆਨ ਦੂਰੀ ਵੱਧ ਗਈ ਹੈ। ਸਿੱਖ ਅਤੇ ਗੁਰੂ ਵਿਚਕਾਰ ਵਿਚੋਲਿਆਂ ਦੀਆਂ ਧਾੜਾਂ ਦੀਆਂ ਧਾੜਾਂ ਪੈਦਾ ਹੋ ਗਈਆਂ ਹਨ। ਜਿਹੜੀਆਂ ਆਏ ਦਿਨ ਗੁਰੂ ਸਿਧਾਂਤ ਦੀ ਥਾਂ ਆਪਣਾ ਹੀ ਤੰਦੂਆਂ ਜਾਲ ਮਜਬੂਤ ਕਰ ਰਹੀਆਂ ਹਨ। ਇਸ ਲਈ ਅਸੀਂ ਸਮਝਦੇ ਹਾਂ ਕਿ ਅਸਲ ਵਿਚ ਇਹਨਾਂ ਮਿਲਾਵਟ ਖੋਰਾਂ ਤੋਂ ਬਚਣਾ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਸਾਡਾ ਮੰਨਣਾ ਹੈ ਕਿ ਉਹ ਵੀਰ ਵੀ ਧੰਨਤਾ ਦੇ ਯੋਗ ਹਨ ਜਿਹੜੇ ਵੀਰਾਂ ਨੇ ਬੇਸ਼ੱਕ ਧਰਮ ਪ੍ਰਚਾਰ ਨੂੰ  ਆਪਣਾ ਰੋਟੀ-ਰੋਜੀ ਦਾ ਸਾਧਨ ਬਣਾ ਲਿਆ ਹੈ, ਪਰ ਘੱਟ ਤੋਂ ਘੱਟ ਸੰਗਤ ਤੱਕ ਗੱਲ ਤਾਂ ਠੀਕ ਤਰੀਕੇ ਨਾਲ ਗੁਰੂ ਸਿਧਾਂਤ ਦੀ ਪਹੁੰਚਦੀ ਕਰ ਰਹੇ ਹਨ। ਅਸੀਂ ਉਹਨਾਂ ਦੀ ਇਮਾਨਦਾਰੀ ਨੂੰ ਹਮੇਸ਼ਾਂ ਸਿਜਦਾ ਕਰਦੇ ਹਾਂ। ਸਾਡਾ ਉਹਨਾਂ ਵੀਰਾਂ ਅੱਗੇ ਹਮੇਸ਼ਾਂ ਸਿਰ ਝੁਕਦਾ ਹੈ, ਜਿਹੜੇ ਨਾਮ ਦੀ ਕਮਾਈ ਕਰਦਿਆਂ ਦੂਸਰਿਆਂ ਨੂੰ ਗੁਰੂ ਸਿਧਾਂਤ ਨਾਲ ਜੋੜਦੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.