ਕੈਟੇਗਰੀ

ਤੁਹਾਡੀ ਰਾਇ



ਅਨਭੋਲ ਸਿੰਘ
ਗੁਰਦੁਅਰਿਆ ਵਿਚੋ ਸਿਧਾਂਤ ਨੂੰ No Entry ਕਹਿਣ ਵਾਲਿਆਂ ਤੋ ਪੰਥ ਸੁਚੇਤ ਹੋਵੇ।
ਗੁਰਦੁਅਰਿਆ ਵਿਚੋ ਸਿਧਾਂਤ ਨੂੰ No Entry ਕਹਿਣ ਵਾਲਿਆਂ ਤੋ ਪੰਥ ਸੁਚੇਤ ਹੋਵੇ।
Page Visitors: 2951

ਗੁਰਦੁਅਰਿਆ ਵਿਚੋ ਸਿਧਾਂਤ ਨੂੰ No Entry ਕਹਿਣ ਵਾਲਿਆਂ ਤੋ ਪੰਥ ਸੁਚੇਤ ਹੋਵੇ।
ਭਾਈ ਗੁਰਦਾਸ ਜੀ ਨੇ ਸਾਨੂੰ ‘ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ’ ਦੀ ਗੱਲ ਕਹੀ ਸੀ ਤਾਂ ਇਸ ਦਾ ਭਾਵ ਸੀ ਕਿ ਸਿੱਖ ਦਾ ਘਰ ਧਰਮ ਦੀ ਪਾਠਸਾਲਾ ਹੋਵੇ। ਜਿਥੋ ਮਨੁੱਖ ਧਰਮ ਦੀ ਸਿਖਿਆਂ ਦਾ ਉਪਦੇਸ, ਸੰਦੇਸ ਲੈ ਕੇ ਆਪਣਾ ਅਚਾਰ,ਵਿਹਾਰ ਧਰਮ ਦੇ ਅਨੁਕੂਲ ਕਰ ਸਕੇ।ਧਰਮ ਮਨੁੱਖ ਦੀਆਂ ਗੱਲਾ ਵਿਚੋ ਹੀ ਨਹੀ ਬਲਕਿ ਉਸ ਦੀ ਕਹਿਣੀ ਕਰਣੀ ਵਿਚੋ ਵੀ ਡੁੱਲ-ਡੁੱਲ ਪੈਂਦਾ ਹੋਵੇ।ਜਾਂ ਇਹ ਕਹਿ ਲਵੋ ਕੇ ਭਾਈ ਸਾਹਿਬ ਨੇ ਸਾਨੂੰ ਸਾਡੇ ਰੈਣ ਬਸੇਰੇ ਘਰ ਵੀ ਇਹੋ ਜਿਹੇ ਬਣਾਉਣ ਦਾ ਸੰਦੇਸ ਦਿੱਤਾ ਸੀ ਕੇ ਜਿਥੇ ਗੁਰੂ ਦਾ ਸਿਧਾਂਤ ਪ੍ਰਪੱਕ ਹੋਵੇ।ਕਹਿਣ ਦਾ ਭਾਵ ਕੇ ਸਾਡੇ ਘਰ ਵੀ ਗੁਰੂਘਰਾਂ ਵਰਗੇ ਹੁੰਦੇ, ਪਰ ਅਫਸੋਸ!ਕੇ ਅਸੀ ਘਰ ਤਾਂ ਕੀ ਗੁਰੂਘਰਾਂ ਵਰਗੇ ਬਣਾਉਣੇ ਸੀ। ਅਸੀ ਤਾਂ ਬਹੁਤੇ ਥਾਂਈ ਗੁਰੂਘਰਾਂ ਨੂੰ ਵੀ ਘਰਾਂ ਵਰਗੇ ਬਣਾ ਦਿੱਤਾ ਹੈ।ਤੇ ਘਰ ਵੀ ਇਸ ਤਰਾਂ ਦੇ, ਕੇ ਜਿਥੇ ਈਰਖਾ ਦੀ ਬੌ ਮਾਰਦੀ ਹੋਵੇ।ਜਿਥੋ ਨਫਰਤ ਦੀ ਸੜਿਆਂਦ ਆਉਦੀ ਹੋਵੇ।ਉਥੇ ਗੁਰੂ ਦਾ ਸਿਧਾਂਤ ਤਾਂ ਕੀ ਕੇ ਜਿਥੇ ਦੇ ਚੌਦਰੀਆਂ ਨੂੰ ਸਧਾਰਨ ਦੁਨਿਆਵੀ ਗੁਣਾ ਦੀ ਵੀ ਜਾਂਚ ਨਾ ਹੋਵੇ।ਜਾਂ ਇਹ ਕਹਿ ਲਵੋ ਕੇ ਜਿਨ੍ਹਾਂ ਨੇ ਗੁਰੂ ਦੇ ਸਿਧਾਂਤ ਨੂੰ ਗੁਰੂਘਰ ਵਿਚ ਆਉਣ ਤੇ ਪਾਬੰਦੀ ਲਾ ਰੱਖੀ ਹੋਵੇ।
ਅਸੀ ਸਮਝ ਦੇ ਹਾਂ ਕੇ ਗੁਰੂ ਦੇ ਸਿਧਾਂਤ ਤੋ ਪਾਸਾ ਵੱਟਣ ਦਾ ਭਾਵ ਗੁਰੂ ਤੋ ਬੇ-ਮੁੱਖ ਹੋਣਾ ਹੈ। ਗੁਰੂ ਤੋ ਬੇ-ਮੁੱਖ ਅਜਿਹੇ ਬੰਦਿਆ ਦੇ ਨਾਵਾਂ ਨਾਲ ਅਗੇਤਰ ਪਛੇਤਰ ਲਗਾ ਕੇ ਜਾਂ ਸਰਧਾ ਵੱਸ ਉਹਨਾਂ ਦੇ ਨਾਂਵਾ ਨਾਲ ਬਿਨ ਸਿਰ ਪੈਰ ਤੋ ਅਮਰਬੇਲ ਕਰਾਮਾਤੀ ਕਹਾਣੀਆ ਜੋੜ ਕੇ ਉਹਨਾਂ ਨੂੰ ਮਹਾਂਪੁਰਸ ਕਹਿਣਾ ਜਾਂ ਮਹਾਂਪੁਰਸ ਹੋਣ ਦੀਆਂ ਉਪਾਦੀਆਂ ਦੇਣਈਆ,ਮਹਾਂਪੁਰਸ ਤਾਂ ਕੀ ਪੁਰਸ ਸਬਦ ਨਾਲ ਵੀ ਘੋਰ ਬੇ-ਇਨਸਾਫੀ ਹੋਵੇਗੀ।
ਅਸੀ ਕਿਸੇ ਦੇ ਮਹਾਂਪੁਰਸ ਹੋਣ ਦੀ ਗੱਲ ਨੂੰ ਉਸ ਸਖਸ ਦੇ ਸਰਧਾਲੂਆਂ ਦੀ ਗਿਣਤੀ ਜਾਂ ਪ੍ਰਪਰਟੀ ਦੇ ਫੈਲ-ਫੈਲਾਊ ਨਾਲ ਦੇਖਣ ਦੀ ਭੁੱਲ ਨੂੰ ਛੱਡ ਕੇ ਉਸ ਦੀ ਗੁਰੂ ਦੇ ਸਿਧਾਂਤ ਵਿਚ ਪ੍ਰਪੱਕਤਾ ਦੇਖੀਏ ਤਾਂ ਹੀ ‘ਮਹਾਂਪੁਰਸ’ ਸਬਦ ਨਾਲ ਇਨਸਾਫ ਕਰ ਸਕਾਂਗੇ।ਗੁਰੂ ਸਿਧਾਂਤ ਤੋ ਸੱਖਣੇ ਜਾਂ ਕੱਚਿਆਂ ਪਿਲਿਆਂ ਨੂੰ,ਜਿਹਨਾਂ ਦੇ ਅੰਦਰ ਅਜੇ ਜਾਤੀ ਦਾ ਅਭਿਮਾਨ ਕੁਟ-ਕੁਟ ਕੇ ਭਰਿਆ ਹੋਇਆ ਹੈ। ਜਿਨ੍ਹਾਂ ਨੂੰ ਬੰਦਾ ਅਜੇ ਬੰਦਾ ਵੀ ਦਿਖਾਈ ਨਹੀ ਦਿੰਦਾ ਉਹਨਾਂ ਨੂੰ ਭਾਈ ਘਨ੍ਹਈਆ ਦੀ ਤਰਾਂ ਬੰਦੇ ਵਿਚੋ ਪ੍ਰਮਾਤਮਾਂ ਕਿਵੇ ਦੀਖਾਈ ਪਵੇਗਾ?ਗੁਰੂ ਸਾਹਿਬ ਦੇ ਇਹਨਾਂ ਬਚਨਾਂ ਕੇ ‘ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਉ ਪੁਕਾਰਿ॥’ ਨੂੰ ਸੁਣਨ ਤੋ ਅਸਮਰੱਥ ਬੋਲੇ,ਇਸ ਬਚਨ ਤੇ ਚੱਲਣ ਤੋ ਲੂਲੇ ਬੰਦੇ ਆਪਣੇ ਆਪ ਨੂੰ ਸੰਤ ਹੋਣ ਦਾ ਦਾਅਵਾ ਕਿਸ ਮੂੰਹ ਨਾਲ ਕਰਦੇ ਹਨ?ਇਹ ਗੱਲ ਅਜੇ ਹੋਰ ਵੀ ਗਹਿਰੀ ਵੀਚਾਰ ਦੀ ਮੰਗ ਕਰਦੀ ਹੈ।ਖੈਰ ਮੈ ਗੱਲ ਕਰ ਰਿਹਾ ਸੀ ਸਿਧਾਂਤ ਤੋ ਮੁਨਕਰ ਹੋਣ ਵਾਲੇ ਬੰਦਿਆਂ ਦੀ ਕੇ ਅਜਿਹੇ ਆਦਮੀਆਂ ਤੋ ਪੰਥ ਨੂੰ ਸੁਚੇਤ ਹੋਣ ਦੀ ਅੱਜ ਅਤੀ ਲੋੜ ਹੈ।
ਗੁਰੂ ਦੇ ਸਿਧਾਂਤ ਨੂੰ ਤਿਲਾਜਲੀ ਦੇਣ ਦੀ ਘਟਨਾ ਪਿਛਲੇ ਦਿਨੀ ਪਿੰਡ ਲਹਿਰਾਖਾਨਾ ਵਿਖੇ ਉਸ ਸਮੇਂ ਵਾਪਰੀ ਜਦੋ ਉਥੇ ਸਾਡੇ ਗਰੀਬ ਸਿੱਖ ਭਰਾਵਾ ਨੂੰ ਗੁਰੂਘਰ ਵਿਚੋ ਲੰਗਰ ਬਣਾਉਣ ਤੋ ਰੋਕ ਦਿੱਤਾ।ਪਿੰਡ ਲਹਿਰਾਖਾਨਾ ਵਿਖੇ ਦਲਿਤ ਭਾਈਚਾਰੇ ਨਾਲ ਵਿਤਕਰੇ ਦੀ ਵਾਪਰੀ ਘਟਨਾ ਨੂੰ ਅਸੀ ਕੋਈ ਅਚਨਚੇਤ ਵਾਪਰੀ ਘਟਨਾ ਨਹੀ ਕਹਿ ਸਕਦੇ ਕਿਉਕਿ ਬਹੁਤ ਹੀ ਲੰਬੇ ਸਮੇਂ ਤੋ ਅੰਦਰ ਖਾਤੇ ਅਜਿਹੀਆਂ ਘਟਨਾਂਵਾ ਵਾਪਰ ਰਹੀਆਂ ਸਨ ਜਿਨ੍ਹਾਂ ਦੀਆਂ ਅਵਾਜਾ ਅਕਸਰ ਉੱਠ ਕੇ ਅੰਦਰੇ ਅੰਦਰ ਦਬ ਜਾਂਦੀਆਂ ਸਨ ਜਾਂ ਇਹ ਕਹਿ ਲਵੋ ਕੇ ਇਕ ਪਾਸੇ ‘ਤਕੜੇ ਦੇ ਛੱਤੀ ਵੀਹੀਂ ਸੌ’ ਹੁੰਦੇ ਸੀ ਅਤੇ ਦੂਜੇ ਪਾਸੇ ਗਰੀਬ ਕਿਰਤੀ ਲੋਕ ਸਮੇਂ ਅਤੇ ਸਾਧਨਾ ਦੀ ਘਾਟ ਕਾਰਨ ‘ਦੜ ਵੱਟ ਜਮਾਨਾ ਕੱਟ ਭਲੇ ਦਿਨ ਆਉਣਗੇ’ਦੀ ਆਸ ਤੇ ਚੱਲਦਿਆ ਚੁਪ ਕਰ ਜਾਂਦੇ ਸੀ ਜਾਂ ਉਹਨਾਂ ਨੂੰ ਧੌਂਸ ਨਾਲ ਚੁਪ ਕਰਵਾ ਦਿੱਤਾ ਜਾਂਦਾ ਸੀ।ਪਰ ਲਹਿਰੇ ਖਾਨੇ ਦੇ ਕਿਰਤੀ ਇਸ ਗੱਲੋ ਵਧਾਈ ਦੇ ਹੱਕਦਾਰ ਹਨ ਕੇ ਉਹਨਾਂ ਸਿੱਖੀ ਸਿਧਾਂਤਾ ਨਾਲ ਹੁੰਦੇ ਇਸ ਖਿਲਵਾੜ ਨੂੰ ਜੱਗ ਜਾਹਰ ਕੀਤਾ ਅਤੇ ਆਪੇ ਬਣੇ ਧਰਮ ਦੇ ਠੇਕੇਦਾਰਾ ਖਿਲਾਫ ਹਿੱਕ ਤਾਣ ਕੇ ਸਿੱਖੀ ਦੇ ਅਸਲ ਵਾਰਸ ਹੋਣ ਦਾ ਸਬੂਤ ਦਿੱਤਾ।
ਤੇ ਹੁਣ ਕੌਮ ਦਾ ਫਰਜ ਬਣਦਾ ਹੈ ਕੇ ਉਹਨਾਂ ਵੀਰਾਂ ਦੇ ਹੱਕ ਵਿਚ ਡੱਟ ਕੇ ਖਲੋਵੇ।ਇਸ ਗੱਲ ਨੂੰ ਸਿਰਫ ਲਹਿਰਾਖਾਨਾ ਤੱਕ ਹੀ ਸੀਮਤ ਰੱਖਣਾ ਵੀ ਕੌਮ ਦੀ ਭੁੱਲ ਹੋਵੇਗੀ ਕਿਉਕਿ ਅਜਿਹੀ ਕਰਤੂਤਾ ਦੇ ਮਾਲਕਾਂ ਦਾ ਮੱਕੜੀ ਜਾਲ ਪੂਰੀ ਕੌਮ ਵਿਚ ਵਿਸਿਆ ਹੋਇਆ ਹੈ ਤੇ ਵਕਤ ਹੁਣ ਇਸ ਗੱਲ ਦੀ ਮੰਗ ਕਰਦਾ ਹੈ ਕੇ ਸਿੱਖੀ ਦੇ ਪੂਰੇ ਖੇਤ ਵਿਚੋ ਅਜਿਹੇ ਨਦੀਨਾ ਨੂੰ ਚੁਗਿਆ ਜਾਵੇ।
ਇਹ ਵੀ ਇਕ ਸਚਾਈ ਹੈ ਕੇ ਅਜਿਹੇ ਲੋਕਾ ਦੇ ਕਾਰਨ ਕੌਮ ਪਹਿਲਾ ਹੀ ਬਹੁਤ ਨੁਕਸਾਨ ਉਠਾ ਚੁਕੀ ਹੈ।ਇਸ ਸਚਾਈ ਤੋ ਮੂੰਹ ਨਹੀ ਮੋੜਿਆਂ ਜਾ ਸਕਦਾ ਕੇ ਦਲਿਤ ਵਰਗ ਵਿਚੋ ਇਕ ਬਹੁਤ ਵੱਡਾ ਹਿਸਾ ਡੇਰਾ ਸਰਸਾ ਅਤੇ ਡੇਰਾ ਭਨਿਆਰਾ ਨਾਲ ਜੁੜ ਚੁਕਾ ਹੈ।ਦੁਆਬੇ ਵਿਚ ਈਸਾਈਅਤ ਵੀ ਸਿੱਖ ਦਲਿਤ ਭਾਈਚਾਰੇ ਵਿਚ ਤੇਜੀ ਨਾਲ ਫੈਲ ਰਹੀ ਹੈ।ਜਿਥੇ ਦਲਿਤ ਸਮਾਜ ਦੇ ਸਿੱਖੀ ਤੋ ਦੂਰ ਹੋ ਕੇ ਡੇਰਾ ਸਰਸਾ,ਡੇਰਾ ਭਨਿਆਰਾ ਜਾਂ ਈਸਾਈਅਤ ਨਾਲ ਜੁੜਨ ਦੇ ਹੋਰ ਕਈ ਕਾਰਨ ਹਨ ਉਥੇ ਸਿੱਖੀ ਵਿਚ ਜਾਤ ਪਾਤ ਦਾ ਵਿਤਕਰਾ ਕਰਨ ਵਾਲੇ ਪੈਦਾ ਹੋ ਚੁਕੇ ਨਦੀਨਾਂ ਦੀਆ ਕਰਤੂਤਾ ਵੀ ਕਿਤੇ ਨਾ ਕਿਤੇ ਜੁਮੇਵਾਰ ਹਨ।ਡੇਰਾ ਬੱਲਾ ਨਾਲ ਪਈਆ ਤਰੇੜਾ ਦੇ ਸਬੰਧ ਵਿਚ ਵੀ ਲਹਿਰਾਖਾਨਾ ਜਹੀਆ ਘਟਨਾਂਵਾਂ  ਵਿਸਲੇਸਣ ਦੀ ਮੰਗ ਕਰਦੀਆਂ ਹਨ।ਹੁਣ ਸਾਨੂੰ ਸਦ ਜਾਗਤ ਅੱਖ ਨਾਲ ਇਹ ਵੀ ਦੇਖਣ ਦੀ ਜਰੂਰਤ ਹੈ ਕੇ ਲਹਿਰਾਖਾਨਾ ਦੀ ਘਟਨਾ ਕਿਧਰੇ ਉਹਨਾਂ ਸਿਦਕਬਾਨ ਗਰੀਬ ਸਿੱਖਾਂ ਨੂੰ ਸਿੱਖੀ ਤੋ ਦੂਰ ਲਿਜਾਣ ਦੀ ਕੋਈ ਨਵੀ ਵਿਉਤ-ਬੰਦੀ ਤੇ ਨਹੀ ਜਿਹੜੇ ਅੱਜ ਵੀ ਗੁਰੂ ਦੇ ਬਾਗ ਦੀ ਗੁਲਸਨ ਬਣੇ ਹੋਏ ਹਨ।
ਇਥੇ ਅਸੀ ਇਹ ਕਹਿਣਾ ਵੀ ਜਰੂਰੀ ਸਮਝਦੇ ਹਾਂ ਕੇ ਜਾਤ ਪਾਤ ਦਾ ਵਿਤਕਰਾਂ ਕਰਨ ਵਾਲੇ ਨਦੀਨਾਂ ਨੂੰ ਗੁਰੂ ਦੇ ਸਿੱਖ ਜਾਂ ਕਿਸੇ ਪਹੁੰਚੇ ਮਹਾਂ ਪੁਰਸ ਦੇ ਸਰਧਾਲੂ ਜਾਂ ਕਿਸੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੀ ਸੰਸਥਾ ਦੇ ਪੈਰੋਕਾਰ ਕਹਿਣ ਨਾਲੋ ਅਜਿਹੇ ਬੰਦਿਆ ਲਈ ਘੱਟ ਗਿਣਤੀ ਸਿੱਖ ਕੌਮ ਨੂੰ ਹਾਸੀਏ ਤੱਕ ਪਹੁੰਚਾਉਣ ਲਈ ਕੰਮ ਕਰ ਰਹੀਆਂ ਤਕਤਾਂ ਦੇ ਮੋਹਰੇ ਕਹਿਣਾ ਜਿਆਦਾ ਠੀਕ ਰਹੇਗਾ।ਤੇ ਅਜਿਹੇ ਮੋਹਰੇ ਸਾਡੇ ਇਸ ਭਾਈਚਾਰੇ ਵਿਚ ਆਪਣੀਆਂ ਕਰਤੂਤਾ ਕਾਰਨ ਹੋਰ ਬੇਗਾਨਗੀ ਭਰਨ,ਸਾਨੂੰ ਸਮਾਂ ਰਹਿੰਦੇ ਹੀ ਸੁਚੇਤ ਹੋਣ ਦੀ ਲੋੜ ਹੈ।
ਇਥੇ ਅਸੀ ਇਹ ਵੀ ਸਮਝਦੇ ਹਾਂ ਕੇ ਇਸ ਮਸਲੇ ਤੇ ਗੁਰੂ ਘਰ ਨਾਲ ਜੁੜੀਆ ਸਾਰੀਆ ਧਿਰਾਂ ਨੂੰ ਇਕ ਹੋ ਕੇ ਪਹਿਰਾ ਦੇਣਾ ਚਾਹੀਦਾ ਹੈ।ਅਸੀ ਇਹ ਵੀ ਆਸ ਕਰਦੇ ਹਾਂ ਕੇ ਸੰਗਤ ਇਸ ਮਸਲੇ ਤੇ ਆਪਣੇ ਵੀਚਾਰ ਵੀ ਜਰੂਰ ਸਾਡੇ ਨਾਲ ਸਾਝੇ ਕਰੇਗੀ।ਤਾਂ ਕੇ ਇਸ ਮਸਲੇ ਸਬੰਧੀ ਅੱਗੇ ਸੋਚਿਆ ਜਾ ਸਕੇ।
-ਅਨਭੋਲ ਸਿੰਘ ਦੀਵਾਨਾ
  98762-04624

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.