ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਸਿਡਨੀ ਆਸਟਰੇਲੀਆ
ਸਿੱਖਾਂ `ਚ ਏਕਤਾ ਜ਼ਰੂਰੀ!
ਸਿੱਖਾਂ `ਚ ਏਕਤਾ ਜ਼ਰੂਰੀ!
Page Visitors: 2983

                                ਸਿੱਖਾਂ `ਚ ਏਕਤਾ ਜ਼ਰੂਰੀ!
ਸਾਰੇ ਸੰਸਾਰ ਵਿਖੇ ਜਿੱਥੇ ਜਿੱਥੇ ਸਿੱਖ ਰਹਿੰਦੇ ਹਨ, “ਗੁਰੂ ਗਰੰਥ ਸਾਹਿਬ” ਦੀ ਹਜ਼ੂਰੀ ਵਿੱਚ ਸਵੇਰੇ-ਸ਼ਾਮ ਅਰਦਾਸਿ ਦੇ ਅਖੀਰ ਇਹ ਦੋਹਰਾ ਪੜ੍ਹਿਆ ਜਾਂਦਾ ਹੈ: “ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ। ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”।
ਇਵੇਂ ਹੀ, ਗੁਰਬਾਣੀ ਦਾ ਉਪਦੇਸ਼ ਹੈ:
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ”॥ (ਗੁਰੂ ਗਰੰਥ ਸਾਹਿਬ ਪੰਨਾ ੬੪੬)।
ਹਰ ਰੋਜ਼ ਹਜ਼ਾਰਾਂ ਹੀ ਅਖੰਡ ਪਾਠ ਹੁੰਦੇ ਹਨ ਅਤੇ ਹਰੇਕ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਅਤੇ ਕਥਾ ਦੁਆਰਾ ਸੰਗਤਾਂ ਨੂੰ ਗੁਰਬਾਣੀ ਬਾਰੇ ਸਿਖਿਆ ਸਾਂਝੀ ਕੀਤੀ ਜਾਂਦੀ ਹੈ, ਪਰ ਫਿਰ ਭੀ ਆਮ ਸਿੱਖ ਦਾ ਜੀਵਨ ਗੁਰੂ ਓਪਦੇਸ਼ਾਂ ਅਨੁਸਾਰ ਦੇਖਣ ਵਿੱਚ ਨਹੀਂ ਆਉਂਦਾ। ਇਸ ਦਾ ਇੱਕ ਹੀ ਕਾਰਣ ਨਜ਼ਰ ਆਉਂਦਾ ਹੈ ਕਿ ਸਿੱਖ ਗੁਰਬਾਣੀ ਨੂੰ ਆਪ ਨਹੀਂ ਪੜ੍ਹਦੇ ਅਤੇ ਨਾ ਹੀ ਸਮਝ ਕੇ ਉਸ ਅਨੁਸਾਰ ਅਮਲ ਕਰਦੇ ਹਨ। ਇਸ ਲਈ, ਸਾਡੀ ਜ਼ਿੰਦਗੀ ਦਾ ਇੱਕ ਹੀ ਨਜ਼ਰੀਆ ਨਹੀਂ ਬਣ ਸਕਿਆ! ਅਸੀਂ ਅਲਗ ਅਲਗ ਧੜਿਆਂ, ਪਾਰਟੀਆਂ, ਜਥੇਬੰਦੀਆਂ ਵਿੱਚ ਵੰਡੇ ਹੋਏ ਹਨ, ਜਿਸ ਸਦਕਾ ਸਾਰੀ ਸਿੱਖ ਕੌਮ ਪਨਾਹਗੀਰਾਂ ਵਾਂਗ ਧੱਕੇ ਖਾਂਦੀ ਫਿਰਦੀ ਹੈ। ਦਾਸਰੇ ਦੀ ਬੇਨਤੀ ਹੈ ਕਿ ਆਓ ਹੇਠ ਲਿਖੇ ਸ਼ਬਦਾਂ ਦੀ ਵੀਚਾਰ ਸਾਂਝੀ ਕਰਕੇ, ਇਕੱਠੇ ਹੋ ਜਾਈਏ ਅਤੇ ਇੱਕ “ਗੁਰੂ ਗਰੰਥ ਸਾਹਿਬ” ਦੇ ਸਿਧਾਂਤਾਂ ਨੂੰ ਗ੍ਰਹਿਣ ਕਰਕੇ, ਆਪਣਾ ਆਪਣਾ ਜੀਵਨ ਸਫਲਾ ਕਰੀਏ ਜਿਸ ਦੁਆਰਾ ਸਾਰੀ ਸਿੱਖ ਕੌਮ ਭੀ ਚੜ੍ਹਦੀ ਕਲਾ ਵਿੱਚ ਵਿਚਰ ਸਕੇਗੀ।
ਗੁਰੂ ਗਰੰਥ ਸਾਹਿਬ - ਪੰਨਾ ੩੬੬॥ ਰਾਗੁ ਆਸਾ ਘਰੁ ੨ ਮਹਲਾ ੪॥
ਕਿਸਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ॥
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ॥
ਹਮਾਰਾ ਧੜਾ ਹਰਿ ਰਹਿਆ ਸਮਾਈ॥
੧॥
ਅਰਥ: ਕਿਸੇ ਪ੍ਰਾਣੀ ਨੇ ਆਪਣੇ ਮਿੱਤਰ, ਪੁੱਤਰ ਅਤੇ ਭਰਾ ਨਾਲ ਸਾਥ ਗੰਢਿਆ ਹੋਇਆ ਹੈ। ਕਿਸੇ ਨੇ ਆਪਣੇ ਸੱਕੇ ਕੁੜਮ ਅਤੇ ਜਵਾਈ ਨਾਲ ਧੜਾ ਬਣਾਇਆ ਹੋਇਆ ਹੈ। ਕਿਸੇ ਨੇ ਆਪਣੇ ਮਤਲਬ ਦੀ ਖ਼ਾਤਰ ਆਪਣੇ ਪਿੰਡ/ਮੁਹੱਲੇ ਦੇ ਮੁੱਖੀਏ ਅਤੇ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ। ਪਰ, ਸਾਡਾ ਧੜਾ ਤਾਂ ਅਕਾਲ ਪੁਰਖ ਨਾਲ ਹੈ, ਜੇਹੜਾ ਸੱਭ ਥਾਈਂ ਵਿਆਪਕ ਹੈ। (੧)
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ॥
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ॥
੧॥ ਰਹਾਉ॥
ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਅਸਾਂ ਅਕਾਲ ਪੁਰਖ ਨਾਲ ਸਾਥ ਬਣਾਇਆ ਹੋਇਆ ਹੈ ਕਿਉਂਕਿ ਉਹੀ ਸਾਡਾ ਓਟ-ਆਸਰਾ ਹੈ। ਅਕਾਲ ਪੁਰਖ ਤੋਂ ਬਿਨਾ ਸਾਡਾ ਹੋਰ ਕੋਈ ਪੱਖ ਨਹੀਂ ਅਤੇ ਨਾਹ ਹੀ ਕੋਈ ਹੋਰ ਧੜਾ। ਅਸੀਂ ਤਾਂ ਅਕਾਲ ਪੁਰਖ ਦੇ ਹੀ ਅਨੇਕਾਂ ਅਤੇ ਅਣਗਿਣਤ ਵਡਿਆਈਆਂ ਦੇ ਗੁਣ ਗਾਉਂਦੇ ਰਹਿੰਦੇ ਹਾਂ। (੧ - ਰਹਾਉ)
ਜਿਨ੍ਹ ਸਿਉ ਧੜੇ ਕਰਹਿ ਸੇ ਜਾਹਿ॥ ਝੂਠੁ ਧੜੇ ਕਰਿ ਪਛੋਤਾਹਿ॥
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ॥
੨॥
ਅਰਥ: ਲੋਕ ਜਿੰਨ੍ਹਾਂ ਬੰਦਿਆਂ ਨਾਲ ਧੜੇ ਗੰਢਦੇ ਹਨ, ਉਹ ਆਖ਼ਰ ਜਗਤ ਤੋਂ ਕੂਚ ਕਰ ਜਾਂਦੇ ਹਨ। ਧੜੇ ਬਣਾਉਂਣ ਵਾਲੇ ਇਹ ਝੂਠਾ ਅਡੰਬਰ ਕਰ ਕੇ, ਬਾਅਦ ਵਿੱਚ ਪਛੁਤਾਉਂਦੇ ਹਨ। ਧੜੇ ਬਣਾਉਂਣ ਵਾਲੇ ਆਪ ਭੀ ਦੁੱਨੀਆ ਵਿੱਚ ਸਦਾ ਟਿਕੇ ਨਹੀਂ ਰਹਿੰਦੇ ਅਤੇ ਵਿਅਰਥ ਹੀ ਧੜਿਆਂ ਦੀ ਖ਼ਾਤਰ, ਆਪਣੇ ਮਨ ਵਿੱਚ ਠੱਗੀ ਫ਼ਰੇਬ ਕਰਦੇ ਰਹਿੰਦੇ ਹਨ। ਪਰ, ਅਸੀਂ ਅਕਾਲ ਪੁਰਖ ਨਾਲ ਆਪਣਾ ਸਾਥ ਬਣਾ ਲਿਆ, ਜਿਸ ਦੇ ਬਰਾਬਰ ਦੀ ਤਾਕਤ ਵਾਲਾ ਹੋਰ ਕੋਈ ਨਹੀਂ ਹੈ। (੨)
ਏਹਿ ਸਭਿ ਧੜੇ ਮਾਇਆ ਮੋਹ ਪਸਾਰੀ॥ ਮਾਇਆ ਕਉ ਲੂਝਹਿ ਗਾਵਾਰੀ॥
ਜਨਮਿ ਮਰਹਿ ਜੂਐ ਬਾਜੀ ਹਾਰੀ॥ ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ॥
੩॥
ਅਰਥ: ਐ ਸਤਸੰਗੀਓ, ਦੁੱਨੀਆ ਦੇ ਇਹ ਸਾਰੇ ਧੜੇ, ਮਾਇਆ ਅਤੇ ਮੋਹ ਦੇ ਖਿਲਾਰੇ ਹਨ। ਧੜੇ ਬਣਾਉਂਣ ਵਾਲੇ ਮੂਰਖ ਲੋਕ, ਮਾਇਆ ਦੀ ਖ਼ਾਤਰ ਹੀ ਆਪੋ ਵਿੱਚ ਲੜਦੇ ਰਹਿੰਦੇ ਹਨ। ਇਸ ਕਾਰਨ, ਉਹ ਜਨਮ ਤੋਂ ਮਰਣ ਤੱਕ ਆਪਣੀ ਜ਼ਿੰਦਗੀ ਜੂਏ ਵਿੱਚ ਹੀ ਹਾਰ ਕੇ ਚਲੇ ਜਾਂਦੇ ਹਨ, ਜਿਸ ਵਿਚੋਂ ਹਾਂਸਲ ਕੁੱਝ ਭੀ ਨਹੀਂ ਹੁੰਦਾ। ਪਰ, ਅਸੀਂ ਤਾਂ ਅਕਾਲ ਪੁਰਖ ਦੇ ਸਾਥੀ ਬਣ ਗਏ ਹਾਂ, ਜੇਹੜਾ ਦੁਨਿਆਵੀਂ ਅਤੇ ਰੂਹਾਨੀ ਲੋੜਾਂ ਨੂੰ ਪੂਰਾ ਕਰਨ ਵਾਲਾ ਹੈ। (੩)
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ॥ ਕਾਮੁ ਕ੍ਰੋਧੁ ਲੋਭੁ ਮੋਹਿ ਅਭਿਮਾਨੁ ਵਧਾਏ॥
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ॥ ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ॥
੪॥
ਅਰਥ: ਅਕਾਲ ਪੁਰਖ ਨਾਲੋਂ ਵਿੱਛੜ ਕੇ, ਮੰਦੇ ਕਾਰਜਾਂ ਵਿੱਚ ਫਸ ਕੇ, ਅਲੱਗ ਅਲੱਗ ਧੜੇ ਬਣਾਅ ਕੇ, ਮਨਮੁੱਖ ਪ੍ਰਾਣੀ ਕਾਮਾਦਿਕ ਪੰਜਾਂ ਚੋਰਾਂ ਦੇ ਕਾਰਨ ਝਗੜਾ ਕਰਦੇ ਰਹਿੰਦੇ ਹਨ। ਇੰਜ, ਪ੍ਰਾਣੀਆਂ ਅੰਦਰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦਾ ਬੋਲ-ਬਾਲਾ ਹੋ ਜਾਂਦਾ ਹੈ। ਪਰ, ਜਿਸ ਪ੍ਰਾਣੀ ਉੱਤੇ ਅਕਾਲ ਪੁਰਖ ਦੀ ਮੇਹਰ ਹੋ ਜਾਂਦੀ ਹੈ, ਉਹ ਗੁਰਮੁੱਖਾਂ ਦੀ ਸਤ-ਸੰਗਤ ਦਾ ਆਨੰਦ ਮਾਣਦਾ ਹੈ ਅਤੇ ਇਨ੍ਹਾਂ ਪੰਜਾਂ ਚੋਰਾਂ ਦੀ ਮਾਰ ਤੋਂ ਬਚ ਜਾਂਦਾ ਹੈ। ਐ ਸਤਸੰਗੀਓ, ਸਾਡੀ ਮਦਦ ਅਕਾਲ ਪੁਰਖ ਆਪ ਕਰਦਾ ਹੈ, ਜਿਸ ਸਦਕਾ ਸਾਡੇ ਅੰਦਰੋਂ ਇਹ ਸਾਰੇ ਧੜੇ ਖ਼ੱਤਮ ਹੋ ਗਏ ਹਨ। (੪)
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ॥ ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ॥
ਜੈਸਾ ਬੀਜੈ ਤੈਸਾ ਖਾਵੈ॥ ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ॥
੫॥ ੨॥ ੫੪॥
ਅਰਥ: ਅਕਾਲ ਪੁਰਖ ਨੂੰ ਛੱਡ ਕੇ, ਮਾਇਆ ਦਾ ਝੂਠਾ ਪਿਆਰ ਪ੍ਰਾਣੀ ਦੇ ਅੰਦਰ ਟਿੱਕ ਕੇ, ਧੜੇ-ਬਾਜੀ ਪੈਦਾ ਕਰ ਦਿੰਦਾ ਹੈ। ਇੰਜ, ਮਾਇਆ ਦੇ ਮੋਹ ਦੇ ਪ੍ਰਭਾਵ ਹੇਠ, ਪ੍ਰਾਣੀ ਹੋਰਨਾਂ ਦੇ ਨੁਕਸ ਜਾਂਚਦਾ ਰਹਿੰਦਾ ਹੈ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਸਮਝ ਕੇ, ਆਪਣੇ ਅਹੰਕਾਰ ਨੂੰ ਵਧਾਉਂਦਾ ਰਹਿੰਦਾ ਹੈ। ਪਰ, ਇਨਸਾਨ ਜਿਹੋ ਜਿਹਾ ਕੰਮ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਦੁਆਰਾ ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਦੀ ਰਹਿਮਤ ਵਾਲਾ ਧੜਾ ਹੀ ਸੱਭ ਤੋਂ ਉੱਤਮ ਹੈ, ਜਿਸ ਦੀ ਬਰਕਤਿ ਨਾਲ ਗੁਰਮੁੱਖ ਪਿਆਰੇ ਸਾਰੀ ਸ੍ਰਿਸ਼ਟੀ ਵਿਖੇ ਮਾਣ-ਇੱਜ਼ਤ ਪ੍ਰਾਪਤ ਕਰ ਸਕਦੇ ਹਨ। (੫/੨/੫੪)
ਗੁਰੂ ਗਰੰਥ ਸਾਹਿਬ ਪੰਨਾ ੧੨੦੦॥ ਸਾਰਗ ਮਹਲਾ ੪ ਘਰੁ ੩ ਦੁਪਦਾ॥
ਕਾਹੈ ਪੂਤ ਝਗਰਤ ਹਉ ਸੰਗਿ ਬਾਪ॥ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ॥ ੧॥ ਰਹਾਉ॥
ਅਰਥ: ਹੇ ਪੁੱਤਰ! ਤੂੰ ਪਿਤਾ ਨਾਲ ਕਿਉਂ ਝਗੜਾ ਕਰਦਾ ਹੈਂ? ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਪੈਦਾ ਕੀਤਾ ਅਤੇ ਵੱਡਾ ਕੀਤਾ, ਉਨ੍ਹਾਂ ਨਾਲ ਝਗੜਾ ਕਰਨਾ ਠੀਕ ਨਹੀਂ। (੧-ਰਹਾਉ) {ਸਾਨੂੰ ਭੀ ਕਿਸੇ ਨਾਲ ਕੋਈ ਝਗੜਾ ਨਹੀਂ ਕਰਨਾ ਚਾਹੀਦਾ}
ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ॥ ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ॥ ੧॥
ਅਰਥ: ਹੇ ਪੁੱਤਰ! ਜਿਸ ਧਨ ਦਾ ਤੂੰ ਮਾਣ ਕਰਦਾ ਹੈਂ, ਉਹ ਧਨ ਕਦੇ ਭੀ ਕਿਸੇ ਦਾ ਆਪਣਾ ਨਹੀਂ ਬਣਿਆ ਕਿਉਂਕਿ ਹਰੇਕ ਪ੍ਰਾਣੀ ਮਾਇਆ ਦਾ ਚਸਕਾ ਅੰਤ ਸਮੇਂ ਇੱਕ ਪਲ ਵਿੱਚ ਹੀ ਛੱਡ ਜਾਂਦਾ ਹੈ ਅਤੇ ਉਸ ਸਮੇਂ ਉਸ ਨੂੰ ਇਹ ਸੱਭ ਕੁੱਝ ਛੱਡਣ ਲਈ ਹਾਹੁਕਾ ਲੱਗਦਾ ਹੈ। (ਆਓ, ਆਪਣੀ ਅਕਲ ਤੇ ਮਾਇਆ ਦੀ ਹਉਮੈ ਨੂੰ ਤਿਆਗ ਕੇ ਨਿਮ੍ਰਤਾ-ਸਹਿਤ ਮਿਲ-ਵਰਤ ਕੇ ਰਹੀਏ)
ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ॥ ਉਪਦੇਸੁ ਕਰਤ ਨਾਨਕ ਜਨ ਤੁਮ ਕਉੇ ਜਉ ਸੁਨਹੁ ਤਉ ਜਾਇ ਸੰਤਾਪ॥ ੨॥ ੧॥ ੭॥
ਅਰਥ: ਹੇ ਪੁੱਤਰ! ਜਿਹੜਾ ਅਕਾਲ ਪੁਰਖ ਤੁਹਾਡਾ ਅਤੇ ਸਾਡੇ ਸੱਭਨਾਂ ਦਾ ਮਾਲਕ ਹੈ, ਉਸ ਦੇ ਨਾਮ ਦਾ ਸਿਮਰਨ ਕਰਿਆ ਕਰੋ ਅਤੇ ਇਲਾਹੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰੋ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਹੇ ਪੁੱਤਰ, ਅਕਾਲ ਪੁਰਖ ਹੀ ਸਾਰਿਆਂ ਦਾ ਪਾਲਕ ਅਤੇ ਰਖਿਅਕ ਹੈ। ਇਸ ਲਈ ਸਾਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦੇ ਕਿਉਂਕਿ ਸਾਡੇ ਦੁਨਿਆਵੀਂ ਦੁੱਖਾਂ-ਕਲੇਸ਼ਾਂ ਨੂੰ ਨਾਸ ਕਰਨ ਵਾਲਾ ਉਹ ਆਪ ਹੀ ਹੈ। (੨/੧/੭)ਗੁਰੂ ਗਰੰਥ ਸਾਹਿਬ - ਪੰਨਾ ੧੧੮੫॥ ਬਸੰਤੁ ਮਹਲਾ ੫ ਘਰੁ ੨ ਹਿੰਡੋਲ॥
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ ੧॥
ਅਰਥ: ਐ ਸਤ-ਸੰਗੀਓ, ਆਓ ਆਪਾਂ ਸੱਭ ਸੰਗਤ ਵਿੱਚ ਇੱਕਠੇ ਬੈਠ ਕੇ, ਅਕਾਲ ਪੁਰਖ ਦੇ ਸੱਚੇ ਨਾਮ ਨਾਲ ਸੁਰਤਿ ਜੋੜ ਕੇ ਆਪਣੇ ਦਿਲਾਂ ਵਿਚੋਂ ਮੇਰ-ਤੇਰ ਦੀ ਦੁਬਿਧਾ ਤਿਆਗ ਦੇਈਏ। ਇੰਜ, ਅਕਾਲ ਪੁਰਖ ਦੀ ਰਹਿਮਤ ਦੇ ਪਾਤਰ ਬਣ ਕੇ, ਚੌਪੜ ਖੇੜ ਵਾਂਗ ਆਪਣੀ ਚਟਾਈ/ਕੱਪੜਾ ਵਿਛਾਅ ਕੇ ਆਪਣਾ ਧਿਆਨ ਅਕਾਲ ਪੁਰਖ ਨਾਲ ਜੋੜੀ ਰੱਖੀਏ। (੧)
ਇਨ੍ਹ ਬਿਧਿ ਪਾਸਾ ਢਾਲਹੁ ਬੀਰ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ॥ ੧॥ ਰਹਾਉ॥
ਅਰਥ: ਆਓ ਸੱਭ ਮਿਲ ਕੇ ਅਤੇ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰਕੇ, ਹਰ ਸਮੇਂ ਸੱਚੇ ਨਾਮ ਦਾ ਹੀ ਸਿਮਰਨ ਕਰਦੇ ਰਹੀਏ ਤਾਂ ਜੋ ਅਸੀਂ ਇਸ ਜੀਵਨ-ਖੇਡ ਵਿੱਚ ਪ੍ਰੇਮ-ਭਗਤੀ ਦਾ ਆਨੰਦ ਮਾਣ ਸਕੀਏ। ਜੇ ਇੰਜ, ਖੇਡ ਖੇਡਦੇ ਰਹਾਂਗੇ ਤਾਂ ਜ਼ਿੰਦਗੀ ਦੇ ਅਖ਼ੀਰਲੇ ਸਮੇਂ ਤੱਕ, ਮੌਤ ਦਾ ਭੈਅ ਨਹੀਂ ਰਹੇਗਾ। (੧ - ਰਹਾਉ)
ਕਰਮ ਧਰਮ ਤੁਮ੍ਹ ਚਉਪੜਿ ਸਾਜਹੁ ਸਤੁ ਕਰਹੁ ਤੁਮ੍ਹ ਸਾਰੀ॥ ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ॥ ੨॥
ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਨੇਕ ਕੰਮ ਕਰਨ ਨੂੰ ਚੌਪੜ ਦੀ ਖੇਡ ਬਣਾਵੋ ਅਤੇ ਉੱਚੇ ਆਚਰਣ ਨੂੰ ਨਰਦ ਬਣਾਵੋ। ਇਸ ਨਰਦ ਦੀ ਬਰਕਤ ਨਾਲ ਤੁਸੀਂ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ ਅਤੇ ਮੋਹ ਨੂੰ ਆਪਣੇ ਵੱਸ ਕਰ ਲਵੋ ਕਿਉਂਕਿ ਇਹੋ ਜਿਹੀ ਸੱਚੀ ਪ੍ਰੇਮ-ਭਰੀ ਖੇਡ ਅਕਾਲ ਪੁਰਖ ਨੂੰ ਭੀ ਪਿਆਰੀ ਲੱਗਦੀ ਹੈ। (੨)
ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ॥ ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ॥ ੩॥
ਅਰਥ: ਐ ਸਤ-ਸੰਗੀਓ, ਆਓ ਸਵੇਰੇ ਜਲਦੀ ਉੱਠ ਕੇ, ਨਾਮ-ਜਲ ਵਿੱਚ ਚੁੱਭੀ ਲਾਇਆ ਕਰੀਏ ਅਤੇ ਰਾਤ ਨੂੰ ਭੀ ਸੌਣ ਤੋਂ ਪਹਿਲਾਂ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਰਹੀਏ। ਜਿਵੇਂ, ਆਮ ਖੇਡ ਵਿੱਚ ਕਈ ਦਾਉ-ਪੇਚ ਹੁੰਦੇ ਹਨ, ਤਿਵੇਂ ਹੀ ਸੰਸਾਰ ਵਿਖੇ ਭੀ ਕਈ ਔਖੇ ਦਾਉ-ਪੇਚਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ। ਜਿਹੜੇ ਪ੍ਰਾਣੀ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰ ਲੈਂਦੇ ਹਨ, ਉਹ ਆਤਮਿਕ ਅਡੋਲਤਾ ਦੇ ਸੁੱਖ-ਅਨੰਦ ਦੀ ਬਖਸ਼ਿਸ਼ ਕਰਕੇ, ਸੰਸਾਰਕ ਦੁੱਖਾਂ-ਕਲੇਸ਼ਾਂ ਤੋਂ ਮੁਕਤ ਹੋ ਜਾਂਦੇ ਹਨ। ੩।
ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ॥ ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ॥ ੪॥ ੧॥ ੧੯॥
ਅਰਥ: ਅਕਾਲ ਪੁਰਖ ਆਪ ਹੀ ਜਗਤ-ਖੇਡ ਖੇਡਦਾ ਅਤੇ ਵੇਖਦਾ ਹੈ ਕਿਉਂਕਿ ਉਸ ਨੇ ਆਪ ਹੀ ਇਹ ਰਚਨਾ ਰਚੀ ਹੋਈ ਹੈ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਉਪਦੇਸ਼ ਕਰਦੇ ਹਨ ਕਿ ਇੱਥੇ ਜਿਹੜਾ ਪ੍ਰਾਣੀ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰਕੇ, ਜ਼ਿੰਦਗੀ ਬਤੀਤ ਕਰਦਾ ਹੈ, ਓਹੀ ਆਪਣਾ ਜੀਵਨ ਸਫਲਾ ਕਰਕੇ ਜਾਂਦਾ ਹੈ। (੪/੧/੧੯)
ਜੇ ਅਸੀਂ ਸਾਰੇ ਸਿੱਖ, ਗੁਰਬਾਣੀ “ਜਪੁ ਜੀ ਸਾਹਿਬ ਤੋਂ ਮੁੰਦਾਵਣੀ ਤੱਕ” ਆਪਿ ਸਹਿਜ ਪਾਠ ਹਰ ਰੋਜ਼ ਕਰਦੇ ਰਹੀਏ ਅਤੇ ਗੁਰੂ ਓਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਈਏ ਤਾਂ ਅਸੀਂ ਆਪਣੇ ਆਪਣੇ ਧੜੇ ਕਾਇਮ ਕਰਨ ਤੋਂ ਗੁਰੇਜ਼ ਕਰਾਂਗੇ ਅਤੇ ਇਵੇਂ ਹੀ ਇਲੈਕਸ਼ਨਾਂ ਦੇ ਚੱਕਰਾਂ ਤੋਂ ਛੁੱਟਕਾਰਾ ਪਾਉਂਣ ਵਿੱਚ ਸਫਲ ਹੋ ਜਾਵਾਂਗੇ, ਜਿਹੜੀ ਕਿ ੧੯੨੫ ਤੋਂ ਸਿੱਖਾਂ ਵਿੱਚ ਫਸਾਦਾਂ ਦੀ ਜੜ੍ਹ ਬਣੀ ਹੋਈ ਹੈ! ਇਸ ਲਈ, ਬੇਨਤੀ ਹੈ ਕਿ ਸਾਰੀ ਸਿੱਖ ਕੌਮ “ਗੁਰੂ ਗਰੰਥ ਸਾਹਿਬ” ਦੇ ਓਪਦੇਸ਼ਾਂ ਨੂੰ ਗ੍ਰਹਿਣ ਕਰਕੇ ਇੱਕ ਬਸੰਤੀ ਨਿਸ਼ਾਨ ਸਾਹਿਬ (xanthic colour Flag) ਥੱਲੇ ਇਕੱਠੇ ਹੋ  ਜਾਣ ਤਾਂ ਜੋ ਅਸੀਂ ਆਪਣੇ ਸਿੱਖ ਵਿਰਸੇ ਨੂੰ ਚੜ੍ਹਦੀ ਕਲਾ ਵਿੱਚ ਕਾਇਮ ਰੱਖ ਸਕੀਏ।
ਧੰਨਵਾਦ ਸਹਿਤ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੪ ਮਾਰਚ ੨੦੧੩

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.