ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਸਿਡਨੀ ਆਸਟਰੇਲੀਆ
ਗੁਰਬਾਣੀ ਬਨਾਮ ਪੰਥ-ਪ੍ਰਵਾਣਿਤ ਤਖਤ ਅਤੇ ਰਹਤ ਮਰਯਾਦਾ !
ਗੁਰਬਾਣੀ ਬਨਾਮ ਪੰਥ-ਪ੍ਰਵਾਣਿਤ ਤਖਤ ਅਤੇ ਰਹਤ ਮਰਯਾਦਾ !
Page Visitors: 2886

ਗੁਰਬਾਣੀ ਬਨਾਮ ਪੰਥ-ਪ੍ਰਵਾਣਿਤ ਤਖਤ ਅਤੇ ਰਹਤ ਮਰਯਾਦਾ !
"ਸਿੱਖ ਧਰਮ" ਅਨੁਸਾਰ ਆਪਣਾ ਜੀਵਨ ਬਤੀਤ ਕਰਨ ਵਾਲੇ ਪ੍ਰਾਣੀ ਜਾਣਕਾਰੀ ਰੱਖਦੇ ਹਨ ਕਿ ਉਨ੍ਹਾਂ ਦਾ ਇਕ ਹੀ ਧਰਮ ਗਰੰਥ ਹੈ: "ਗੁਰੂ ਗਰੰਥ ਸਾਹਿਬ", ਜਿਸ ਦੀ ਸੰਪਾਦਨਾ ਗੁਰੂ ਸਾਹਿਬਾਨ ਨੇ ਆਪ ਕੀਤੀ । ਇਸ ਦਾ ਪਹਿਲਾ ਪ੍ਰਕਾਸ਼ "ਦਰਬਾਰ ਸਾਹਿਬ, ਅੰਮ੍ਰਿਤਸਰ" ਵਿਖੇ ੧੬ ਅਗਸਤ ੧੬੦੪ ਨੂੰ ਕੀਤਾ ਗਿਆ ਸੀ । ਇਸ ਤੋਂ ਬਾਅਦ, "ਮਹਲਾ ੯" ਸਿਰਲੇਖ ਹੇਠ ਉਚਾਰੀ ਹੋਈ ਗੁਰਬਾਣੀ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਕਿਤ ਕਰ ਦਿੱਤਾ । ਆਪਣੀ ਜ਼ਿੰਦਗੀ ਦੇ ਅਖੀਰਲੇ ਸੁਆਸਾਂ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਹ ਇਲਾਹੀ ਓਪਦੇਸ਼ ਦਿੱਤਾ: "ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ" । ਇੰਜ, ੭ ਅਕਤੂਬਰ ੧੭੦੮ ਤੋਂ ਸਾਰੇ ਸਿੱਖ "ਗੁਰੂ ਗਰੰਥ ਸਾਹਿਬ" ਨੂੰ ਆਪਣਾ "ਰੁਹਾਨੀ ਤੇ ਸੰਸਾਰੀ ਗੁਰੂ" ਮੰਨਦੇ ਆ ਰਹੇ ਹਨ । ਇਸ ਦੀ ਅਰੰਭਤਾ ਇੰਜ ਹੁੰਦੀ ਹੈ:  
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ
॥ ੧ ॥ (ਪੰਨਾ ੧)

ਅਤੇ ਸਮਾਪਤੀ:
ਮੁੰਦਾਵਣੀ ਸਲੋਕ ਮਹਲਾ ੫ ॥
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ
॥ ੧ ॥ (ਪੰਨਾ ੧੪੨੯)
ਗੁਰੂ ਕਾਲ ਸਮੇਂ (੧੪੬੯-੧੭੦੮) ਹਿੰਦੁਸਤਾਨ ਉਪਰ ਮੁਸਲਮਾਨ ਰਾਜ ਕਰਦੇ ਸਨ ਅਤੇ ਬਹੁਤਾਤ ਵਿਚ ਪਰਜਾ ਹਿੰਦੂ ਹੀ ਸਨ । ਇਸ ਲਈ, ਮੁਸਲਮਾਨ ਰਾਜੇ ਚਾਹੁੰਦੇ ਸਨ ਕਿ ਸਾਰੇ ਹਿੰਦੂ ਮੁਸਲਮਾਨ ਬਣ ਜਾਣ, ਜਿਸ ਕਰਕੇ ਹਿੰਦੂਆਂ ਉਪਰ ਜ਼ੁਲਮ ਵਧੀਕ ਹੋਣ ਲਗ ਪਏ । ਪਰ, ਸਿੱਖ ਨਾ ਤਾਂ ਹਿੰਦੂ ਸਨ ਅਤੇ ਨਾ ਹੀ ਮੁਸਲਮਾਨ, ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਲਈ ਇਕ ਵੱਖਰੀ ਪਹਿਚਾਨ ਕਾਇਮ ਕਰ ਦਿੱਤੀ ਜਿਵੇਂ ਸਾਰੇ ਸਿੱਖਾਂ ਨੂੰ "ਖੰਡੇ ਦੀ ਪਾਹੁਲ" ਦਾ ਓਪਦੇਸ਼ ਦਿੱਤਾ, ਜਿਸ ਦੁਆਰਾ ਉਨ੍ਹਾਂ ਲਈ ਪੰਜ ਕਕਾਰ ਰੱਖਣੇ ਜ਼ਰੂਰੀ ਕਰ ਦਿੱਤੇ: (੧) ਕੇਸ, (੨) ਕੰਘਾ, (੩) ਕਛਿਹਰਾ, (੪) ਕੜਾ, (੫) ਕ੍ਰਿਪਾਨ ਅਤੇ ਦਸਤਾਰ ।
ਇਹ ਭੀ ਹੁਕਮ ਕੀਤਾ ਕਿ ਉਨ੍ਹਾਂ ਲਈ ਹਰ ਰੋਜ਼ ਗੁਰਬਾਣੀ ਦਾ ਪਾਠ ਕਰਨਾ ਭੀ ਜ਼ਰੂਰੀ ਹੈ, ਜਿਸ ਨੂੰ "ਨਿੱਤਨੇਮ" ਕਿਹਾ ਜਾਂਦਾ ਹੈ । ਇਸ ਪ੍ਰਥਾਏ ਦੇਖੋ, ਗੁਰੂ ਗਰੰਥ ਸਾਹਿਬ ਦੇ ਪਹਿਲੇ (੧੩) ਪੰਨੇ: "ਜਪੁ, ਸੋ ਦਰੁ-ਸੋ ਪੁਰਖੁ ਅਤੇ ਸੋਹਿਲਾ ॥" ਆਪਣੀ ਆਪਣੀ ਸਹੂਲਤ ਅਨੁਸਾਰ ਹੋਰ ਵੀ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਹਰ ਵੇਲੇ ਅਕਾਲ ਪੁਰਖ ਦੇ ਇਲਾਹੀ ਗੁਣਾਂ ਨੂੰ ਗ੍ਰਹਿਣ ਕਰਦੇ ਰਹੀਏ ।
ਸੱਭ ਤੋਂ ਪਹਿਲਾਂ ੩੦ ਮਾਰਚ ੧੬੯੯ ਨੂੰ, "ਖੰਡੇ ਦੀ ਪਾਹੁਲ" ਗ੍ਰਹਿਣ ਕਰਨ ਵਾਲੇ ਸਨ: "(੧) ਭਾਈ ਸਾਹਿਬ ਸਿੰਘ ਜੀ, (੨) ਭਾਈ ਹਿੰਮਤ ਸਿੰਘ ਜੀ, (੩) ਭਾਈ ਦਇਆ ਸਿੰਘ ਜੀ, (੪) ਭਾਈ ਧਰਮ ਸਿੰਘ ਜੀ ਅਤੇ (੫) ਭਾਈ ਮੁਹਕਮ ਸਿੰਘ ਜੀ"। ਇਸ ਦਾ ਉਤਮ ਪਰਯੋਜਨ ਇਹ ਸੀ ਕਿ "ਅਕਾਲ ਪੁਰਖ" ਹੀ ਸੱਭ ਦਾ ਮਾਤਾ-ਪਿਤਾ ਹੈ ਅਤੇ ਅਸੀਂ ਸਾਰੇ ਉਸ ਦੇ ਇਕ-ਬਰਾਬਰ ਬੱਚੇ ਹਾਂ । ਸਿੱਖਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ 'ਖੰਡੇ ਦੀ ਪਾਹੁਲ' ਤਿਆਰ ਕਰਨ ਸਮੇਂ ਗੁਰੂ ਸਾਹਿਬ ਨੇ ਬਚਿਤ੍ਰ ਨਾਟਕ ਆਦਿਕ ਕਿਤਾਬ ਵਿਚੋਂ ਕਿਸੇ ਹੋਰ ਰਚਨਾ ਦਾ ਪਾਠ ਨਹੀਂ ਸੀ ਕੀਤਾ ਅਤੇ ਨਾ ਹੀ ਉਸ ਵੇਲੇ ਸਾਹਿਬ ਦੇਵਾਂ ਨਾਂ ਦੀ ਕੋਈ ਇਸਤ੍ਰੀ ਉਥੇ ਹਾਜ਼ਰ ਸੀ । ਸਿੱਖਾਂ ਨੂੰ ਗੁਰਬਾਣੀ ਅਨੁਸਾਰ ਹੀ ਉਪਦੇਸ਼ ਗ੍ਰਹਿਣ ਕਰਵਾਇਆ । ਕੁਝ ਕੁ ਸ਼ਬਦਾਂ ਦਾ ਵੇਰਵਾ ਇੰਜ ਹੈ: ਗੁਰੂ ਗਰੰਥ ਸਾਹਿਬ ਦਾ
ਪੰਨਾ ੩੪੯: ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ਰਹਾਉ॥
ਪੰਨਾ ੩੫੦: ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥  
ਪੰਨਾ ੪੨੦: ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥
ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ
॥੩॥
ਪੰਨਾ ੪੭੩: ਸੋ ਕਉ ਮੰਦਾ ਆਖਐ ਜਿਤੁ ਜੰਮਹਿ ਰਾਜਾਨ
ਪੰਨਾ ੬੧੧: ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ
ਪੰਨਾ ੬੪੬: ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ
ਪੰਨਾ ੬੫੩: ਸਭਨਾ ਕਾ ਮਾ ਪਿੳ ਆਪਿ ਹੈ ਆਪੇ ਸਾਰ ਕਰੇਇ ॥
ਨਾਨਕ ਨਾਮੁ ਧਿਆਇਨਿ ਤਿਨ ਨਿਜ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ
॥੨॥  
ਪੰਨਾ ੭੪੭: ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ
ਪੰਨਾ ੯੨੦: ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥
ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ
॥੨੩॥
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਂਚੀ ਆਖਿ ਵਖਾਣੀ ॥
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ
॥੨੪॥  
ਪੰਨਾ ੧੦੫੭: ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥ ਅਨਦਿਨੁ ਹਰਿ ਕਾ ਨਾਮੁ ਵਖਾਣੀ
ਪੰਨਾ ੧੧੦੧: ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥   
    ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ॥                                              
ਪੰਨਾ ੧੧੪੪: ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥ ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥
           ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥ ਤੁਝ ਬਿਨੁ ਅਵਰੁ ਨਹੀ ਕੋ ਮੇਰਾ
॥੧॥
ਪੰਨਾ ੧੩੪੯: ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
           ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ
॥੧॥
ਇਸ ਲਈ, ਹਰੇਕ ਸਿੱਖ ਨੂੰ ਗੁਰੂ ਗਰੰਥ ਸਾਹਿਬ ਵਿਖੇ ਅੰਕਿਤ ਬਾਣੀ ਪੰਨੇ ੧ ਤੋਂ ੧੪੨੯ ਦਾ ਹੀ ਪਾਠ ਕਰਨ ਦਾ ਹੁਕਮ ਹੈ । ਹੋਰ ਕੋਈ ਰਚਨਾ "ਨਿੱਤਨੇਮ ਜਾਂ ਖੰਡੇ ਦੀ ਪਾਹੁਲ" ਨਾਲ ਨਹੀਂ ਜੋੜੀ ਜਾ ਸਕਦੀ !
ਪਰ, ਇਹ ਦੁਖਾਂਤ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਵੇਂ ਜਿਵੇਂ ਸਮਾਂ ਬਤੀਤ ਹੁੰਦਾ ਗਿਆ, ਕਈ ਖੁੱਦਗਰਜ਼ ਲੋਕ ਸਿੱਖਾਂ ਦੀ ਨਿਰਾਲੀ ਹੋਂਦ ਨੂੰ ਬਰਦਾਸ਼ਤ ਨਾ ਕਰ ਸਕੇ ਅਤੇ ਸਿੱਖੀ ਭੇਸ ਵਿਚ ਰਲਗੱਡ ਕਰਨ ਵਿਚ ਲੱਗ ਗਏ । ਭਾਵੇਂ ਇਸ ਦੀ ਸ਼ੁਰੂਆਤ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ (੧੭੯੯-੧੮੩੯) ਤੋਂ ਹੀ ਹੋ ਗਈ ਸੀ, ਪਰ ਅੰਗ੍ਰੇਜ਼ ਰਾਜ ਸਮੇਂ (੧੮੪੯-੧੯੪੭) ਹਿੰਦੂਆਂ ਨੂੰ ਜ਼ਿਆਦਾ ਉਤਸ਼ਾਹਤ ਕੀਤਾ ਗਿਆ । ਅੰਗ੍ਰੇਜ਼ਾਂ ਨੇ ਪੰਜਾਬੀ ਛਾਪੇਖਾਨੇ ਵੀ ਕਾਇਮ ਕਰ ਦਿੱਤੇ, ਜਿਸ ਸਦਕਾ ਕਈ ਤਰ੍ਹਾਂ ਦੀਆਂ ਕਿਤਾਬਾਂ ਛਾਪੀਆਂ ਗਈਆਂ ਤਾਂ ਜੋ ਸਿੱਖਾਂ ਦੇ ਮਨਾਂ ਵਿਚ ਸ਼ੰਕੇ ਪਾਏ ਜਾ ਸਕਣ ਜਿਵੇਂ, ਗੁਰ ਬਿਲਾਸ ਪਾਤਸ਼ਾਹੀ ੬, ਬਚਿਤ੍ਰ ਨਾਟਕ, ਜਨਮ-ਸਾਖੀਆਂ, ਰਹਿਤਨਾਮੇ, ਆਦਿਕ । ਇੰਜ ਹੀ ਨਿੱਤਨੇਮ ਬਾਣੀਆਂ ਦਾ ਝਮੇਲਾ ਪਾ ਦਿੱਤਾ, ਜਿਸ ਮੁੱਦੇ ਵਾਰੇ ੧੭੦੯ ਤੋਂ ੧੯੨੦ ਤੱਕ ਕੋਈ ਸ਼ੰਕਾ ਹੈ ਹੀ ਨਹੀਂ ਸੀ ! ਇਵੇਂ ਹੀ "ਦਰਬਾਰ ਸਾਹਿਬ" ਦੇ ਸਾਮ੍ਹਣੇ "ਅਕਾਲ ਬੁੰਗੇ" ਨੂੰ "ਅਕਾਲ ਤਖ਼ਤ" ਦੇ ਨਾਂ ਨਾਲ ਵਧੀਕ ਮਾਣਤਾ ਦੇ ਦਿੱਤੀ ਕਿ ਸਿੱਖਾਂ ਲਈ ਅਕਾਲ ਤਖਤ ਅਤੇ ਉਸ ਦੀ ਦੇਖ-ਭਾਲ ਕਰਨ ਵਾਲਾ ਪੁਜਾਰੀ ਹੀ ਮਹਾਨ ਹੈ ? ਪਿਛਲੇ ੪੦-੫੦ ਸਾਲਾਂ ਤੋਂ ਉਥੋਂ ਦੇ ਹੈੱਡ ਪੁਜਾਰੀ ਨੂੰ ਤਾਂ ਇੰਜ ਉਭਾਰਿਆ ਗਿਆ ਕਿ ਉਹ ਤਾਂ ਆਜ਼ਾਦ ਦੇਸ਼ਾਂ ਦੇ ਪ੍ਰਧਾਨ, ਮੁੱਖ ਮੰਤਰੀ, ਸੱਭ ਤੋਂ ਉਤਮ ਕੋਰਟ ਦੇ ਜੱਜ ਅਤੇ ਡਿਕਟੇਟਰਜ਼ ਨਾਲੋਂ ਵੀ ਉਚਾ ਹੈ ! ਪਰ, ਇਸ ਬਾਰੇ ਨਾਹ ਤਾਂ ਗੁਰਬਾਣੀ ਅਨੁਸਾਰ ਕੋਈ ਫੁਰਮਾਨ ਹੈ ਅਤੇ ਨਾ ਹੀ "ਦੀ ਸਿੱਖ ਗੁਰਦੁਆਰਾਜ਼ ਐਕਟ, ੧੯੨੫" ਵਿਖੇ ਕੋਈ ਧਾਰਾ ਹੈ । ਇਹ ਤਾਂ ਸ਼੍ਰੋਮਣੀ ਕਮੇਟੀ ਦੇ ਸਥਾਪਤ ਕੀਤੇ ਹੋਏ ਨੌਕਰ ਹੀ ਹਨ ! ਸੋਚੋ! ਕੀ ਕਿਸੇ ਹੋਰ ਧਰਮ ਦਾ ਵੀ ਕੋਈ ਐਸਾ 'ਅਕਾਲ ਤਖਤ' ਹੈ ਜਾਂ ੧੬੦੬ ਤੋਂ ਪਹਿਲਾਂ ਸਿਖਾਂ ਦਾ ?
ਹਕੀਕਤ ਇਹ ਜਾਪਦੀ ਹੈ ਕਿ ਗੁਰੂ ਅਰਜਨ ਸਾਹਿਬ ਦੀ ੩੦ ਮਈ ੧੬੦੬ ਨੂੰ ਹੋਈ ਸ਼ਹੀਦੀ ਓਪ੍ਰੰਤ ਦੂਰ ਦੂਰ ਤੋਂ ਸਿੱਖ ਸੰਗਤਾਂ ਆਉਣ ਲਗ ਪਈਆਂ, ਜਿਸ ਕਰਕੇ "ਦਰਬਾਰ ਸਾਹਿਬ" ਵਿਖੇ ਸਾਰਿਆਂ ਨੂੰ ਸੰਬੋਧਨ ਨਹੀਂ ਕੀਤਾ ਜਾ ਸਕਦਾ ਸੀ । ਇਸ ਲਈ, "ਦਰਬਾਰ ਸਾਹਿਬ" ਦੇ ਸਾਮ੍ਹਣੇ ਖੁੱਲੇ ਮੈਦਾਨ ਵਿਖੇ ਇਕ ਥੜਾ ਬਣਾਅ ਦਿੱਤਾ ਗਿਆ ਤਾਂ ਜੋ ਗੁਰੂ ਹਰਿਗੋਬਿੰਦ ਸਾਹਿਬ ਸੱਭ ਨੂੰ ਉਪਦੇਸ਼ ਦੇ ਸਕਣ । ਇਸ ਤੋਂ ਬਾਅਦ (੧੬੩੫), ਗੁਰੂ ਸਾਹਿਬਾਨ ਕੀਰਤਪੁਰ ਅਤੇ ਅਨੰਦਪੁਰ ਰਹਿਣ ਲਗ ਪਏ । ਜਦੋਂ ਪੰਜਾਬ ਨੂੰ (੧੨) ਸਿੱਖ ਮਿਸਲਾਂ ਨੇ ਆਪਣੇ ਕਾਬੂ ਕਰ ਲਿਆ ਤਾਂ ਹਰੇਕ ਮਿਸਲ ਦੇ ਸਰਦਾਰਾਂ ਨੇ ਆਪਣੇ ਆਪਣੇ ਬੁੰਗੇ ਬਣਾ ਲਏ ਤਾਂ ਜੋ ਸਰਬੱਤ ਖਾਲਸਾ ਦੇ ਇੱਕਠ ਸਮੇਂ ਰਿਹਾਇਸ਼ ਹੋ ਸਕੇ ਅਤੇ ਇਕ ਸਾਂਝਾ "ਅਕਾਲ ਬੁੰਗਾ" ਵੀ ਕਾਇਮ ਕਰ ਲਿਆ ਜਿਥੇ ਸਾਰੇ ਮਿਲ ਕੇ ਮਤੇ ਅਤੇ ਗੁਰਮਤੇ ਕਰ ਸਕਣ । ਕਿਸੇ ਵੀ ਗੁਰੂ ਸਾਹਿਬ ਨੇ "ਅਕਾਲ ਤੱਖ਼ਤ" ਦੀ ਸਾਜਨਾ ਨਹੀਂ ਕੀਤੀ ! ਸਗੋਂ ਇਹ ਤਾਂ ਅਜ਼ੀਬ ਜਿਹੀ ਗਲ ਲਗ ਰਹੀ ਹੈ ਕਿ ਸਿੱਖਾਂ ਦਾ ਆਪਣਾ ਕੋਈ ਆਜ਼ਾਦ ਦੇਸ਼ ਤਾਂ ਹੈ ਨਹੀਂ ਪਰ ਅਸੀਂ ਗੁਮਾਨ ਨਾਲ ਕਹਿੰਦੇ ਹਾਂ ਕਿ ਸਾਡੇ ਪੰਜ ਤੱਖ਼ਤ ਹਨ ? ਹੋਰ ਦੇਖੋ, ਛੇਵੇਂ ਅਤੇ ਦੱਸਵੇਂ ਗੁਰੂ ਸਾਹਿਬਾਨ ਤੋਂ ਇਲਾਵਾ ਹੋਰ ਕਿਸੇ ਗੁਰੂ ਸਾਹਿਬ ਦਾ ਕੋਈ ਤੱਖ਼ਤ ਨਹੀਂ ਜਿਵੇਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਖ਼ਡੂਰ ਸਾਹਿਬ,  ਗੋਇੰਦਵਾਲ ਸਾਹਿਬ, ਲ਼ਾਹੌਰ, ਕੀਰਤਪੁਰ, ਦਿੱਲੀ, ਆਦਿਕ ? ਹੋਰ ਅਸਚਰਜ਼ ਕਰਨ ਵਾਲੀ ਗਲ ਹੈ ਕਿ ਕੀ ਇਨ੍ਹਾਂ ਤੱਖ਼ਤਾਂ ਉੱਪਰ ਕੋਈ ਤਨਖਾਹਦਾਰ ਨੌਕਰ ਆਪਣੇ ਆਪ ਨੂੰ 'ਅਕਾਲ ਪੁਰਖ ਜਾਂ ਗੁਰੂ ਸਾਹਿਬ' ਦੇ ਬਰਾਬਰ ਸੰਘਾਸਣ 'ਤੇ ਬੈਠ ਸਕਦਾ ਹੈ ? ਵੈਸੇ ਵੀ, ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਸੰਸਾਰ ਦੇ ਹਰ ਥਾਂ ਹਾਜ਼ਰ ਰਹਿਣ ਵਾਲੀ ਇਲਾਹੀ ਹਸਤੀ ਦਾ "ਤੱਖ਼ਤ" ਇੱਕਲੇ ਸਿੱਖਾਂ ਲਈ ਹੀ ਕਿਵੇਂ ਹੋ ਸਕਦਾ ਹੈ ? ਇਸ ਲਈ, ਸਿੱਖਾਂ ਨੂੰ ਐਸੇ ਅਖੌਤੀ ਜਥੇਦਾਰਾਂ ਬਾਰੇ ਵਿਚਾਰ  ਕਰਨੀ ਚਾਹੀਦੀ ਕਿਉਂਕਿ ਸਾਰੇ ਸਿੱਖ ਬਰਾਬਰ ਦਾ ਦਰਜ਼ਾ ਰੱਖਦੇ ਹਨ ।
ਇਵੇਂ ਹੀ, ਐਕਟ ੧੯੨੫ ਅਨੁਸਾਰ ਇਨ੍ਹਾਂ ਦੀ ਕੋਈ ਹੋਂਦ ਨਹੀਂ ! ਇਸ ਐਕਟ ਮੁਤਾਬਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਲਈ ਸਥਾਪਤ ਕੀਤੀ ਗਈ ਸੀ ਤਾਂ ਜੋ ਉਹ ਪੁਰਾਣੇ ਇਤਿਹਾਸਕ ਗੁਰਦੁਆਰਿਆਂ ਦੀ ਦੇਖ-ਭਾਲ ਅਤੇ ਗੁਰੂ ਗਰੰਥ ਸਾਹਿਬ ਦੀ ਬਾਣੀ ਅਨਕੂਲ ਪ੍ਰਚਾਰ ਕਰ ਸਕਣ । ਜੇ ਇਹ ਐਸਾ ਨਹੀਂ ਕਰਦੇ ਤਾਂ ਇਨ੍ਹਾਂ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ ਜਿਵੇਂ ਇਸ ਦੀ ਧਾਰਾ ੧੩੪ (ਜੀ) ਵਿਚ ਲਿਖਿਆ ਹੋਇਆ ਹੈ । ਪਿਛਲੇ (੯੦) ਸਾਲਾਂ ਤੋਂ ਇਨ੍ਹਾਂ ਨੇ ਸਿੱਖ ਕੌਮ ਦੇ ਭਲੇ ਲਈ ਕੋਈ ਵੀ ਕੰਮ ਨਹੀਂ ਕੀਤਾ !
ਇੰਜ ਹੀ, ੧੯੩੬-੧੯੪੫ ਤੋਂ 'ਸਿੱਖ ਰਹਿਤ ਮਰਯਾਦਾ' (ਠੀਕ ਸ਼ਬਦਾਵਲੀ 'ਰਹਤ' ਹੋਣੀ ਚਾਹੀਦੀ ਹੈ) ਅਨੁਸਾਰ ਸਿੱਖਾਂ ਵਿਚ ਕਿਸੇ ਤਰ੍ਹਾਂ ਦੀ ਏਕ-ਸਾਰਤਾ ਨਹੀਂ ਆਈ, ਸਗੋਂ ਇਸ ਨੇ ਡੇਰਾਵਾਦ ਅਤੇ ਹੋਰ ਕਈ ਫਿਰਕੇ ਪੈਦਾ ਕਰ ਦਿੱਤੇ, ਜਿਸ ਦਾ ਸੰਤਾਪ ਸਾਰੀ ਕੌਮ ਭੁਗਤ ਰਹੀ ਹੈ । ਗੁਰੂ ਗਰੰਥ ਸਾਹਿਬ ਤੋਂ ਇਲਾਵਾ ਹੋਰ ਕਿਤਾਬਾਂ 'ਚੋਂ ਰਚਨਾਵਾਂ ਦਾ ਪ੍ਰਚਾਰ ਕਰਨਾ ਤਾਂ "ਗੁਰੂ ਸਾਹਿਬਾਨ ਅਤੇ ਗੁਰੂ ਗਰੰਥ ਸਾਹਿਬ" ਦੀ ਬੇਅਦਬੀ ਕਰਨਾ ਹੈ ! ਕਮੇਟੀ ਦੇ ਮੈਂਬਰ ਜਾਂ ਉਸ ਦੇ ਸਲਾਹਕਾਰ ਹੋਰ ਰਚਨਾਵਾਂ ਕਿਵੇਂ ਸਿੱਖਾਂ ਉੱਪਰ ਥੋਪ ਸਕਦੇ ਹਨ ?
ਉਨ੍ਹਾਂ ਦੀ ਹੋਰ ਚਾਲਾਕੀ ਦੇਖੋ ਕਿ ਕਮੇਟੀ ਨੇ ਇਹ ਜਾਣਕਾਰੀ ਦੇਣ ਦੀ ਖ਼ੇਚਲ ਨਹੀਂ ਕੀਤੀ ਕਿ "ਜਾਪ, ੧੦ ਸਵੱਯੇ, ਬੇਨਤੀ ਚੌਪਈ, ਵਾਰ ਸ੍ਰੀ ਭਗੌਤੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ" ਕਿਸ ਕਿਤਾਬ ਵਿਚੋਂ ਲਈਆਂ ਗਈਆਂ ? ਇਵੇਂ ਹੀ, ਪਿਛਲੇ (੭੦) ਸਾਲਾਂ ਤੋਂ ਸਿੱਖ ਅਰਦਾਸਿ ਵੀ ਇਕ ਹਿੰਦੂਆਂ ਦੀ ਦੇਵੀ ਅੱਗੇ ਹੀ ਕਰੀ ਜਾ ਰਹੇ ਹਨ ? ਜੇ ਬਹੁਤ ਪਹਿਲਾਂ ਨਹੀਂ ਤਾਂ ਕੀ ਕੋਈ ਗੁਰਮੁੱਖ ਪਿਆਰਾ ਦਸ ਸਕਦਾ ਹੈ ਕਿ ੧੯੨੦-੨੧ ਤੱਕ ਅਰਦਾਸਿ ਕਿਵੇਂ ਕੀਤੀ ਜਾਂਦੀ ਸੀ ! ਹੋਰ ਵੀ ਬੇਅੰਤ ਰਸਮਾਂ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਕਿ "ਗੁਰਬਾਣੀ ਤੇ ਗੁਰਮਤਿ" ਅਨੁਸਾਰ ਨਹੀਂ ਹਨ । ਪਤਾ ਨਹੀਂ ਇਸ ਖਰੜੇ ਨੂੰ ਪੰਥ-ਪ੍ਰਵਾਣਿਤ ਕਿਸ ਆਧਾਰ 'ਤੇ ਕਿਹਾ ਜਾਂਦਾ ਹੈ ? ਕੀ ਕੋਈ ਪ੍ਰਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਨੰਬਰ ੯੭ ਮਿਤੀ ੩ ਫਰਵਰੀ ੧੯੪੫ ਸਾਂਝਾ ਕਰਨ ਦੀ ਕ੍ਰਿਪਾਲਤਾ ਕਰੇਗਾ ? ਉਸ ਸਮੇਂ ਸੰਸਾਰ ਦੀ ਦੂਜੀ ਲੜਾਈ ਲਗੀ ਹੋਈ ਸੀ ਅਤੇ ਹਰ ਰੋਜ਼ ਸਿੱਖ ਫੌਜੀਆਂ ਦੀਆਂ ਮੌਤਾਂ ਵਾਰੇ ਹਰ ਪਿੰਡ ਵਿਚ ਤਾਰਾਂ ਆ ਰਹੀਆਂ ਸਨ, ਪਰ ਕਮੇਟੀ ਨੂੰ ਇਸ ਅਖੌਤੀ ਰਹਿਤ ਦਾ ਫਿਕਰ ਲਗਾ ਹੋਇਆ ਸੀ ਕਿ ਸਿੱਖਾਂ ਦੇ ਸਿਰ ਮੜ੍ਹ ਦੇਈਏ ! ਦੇਖਣ ਵਿਚ ਆ ਰਿਹਾ ਹੈ ਕਿ ਬਹੁਤ ਸਾਰੇ ਸਿੱਖ ਪਰਿਵਾਰ ਗੁਰਬਾਣੀ ਦੀ ਕੋਈ ਪ੍ਰਵਾਹ ਨਹੀਂ ਕਰਦੇ ਪਰ ਜੇ ਕੋਈ ਸਿੱਖ ਰਹਿਤ ਮਰਯਾਦਾ ਦੀਆਂ ਕਮੀਆਂ ਵਾਰੇ ਲਿਖਦਾ ਹੈ ਤਾਂ ਉਸ ਦੀ ਜਾਨ ਲੈਣ ਲਈ ਤਿਆਰ ਹੋ ਜਾਂਦੇ ਹਨ ? ਕੀ ਕੋਈ ਪ੍ਰਬੰਧਕ ਜਾਂ ਪ੍ਰਚਾਰਕ ਜਾਣਕਾਰੀ ਦੇ ਸਕਦਾ ਹੈ ਕਿ ਇਸ ਖਰੜੇ ਨੂੰ ਕਿਸ ਧਾਰਾ ਹੇਠ ਲਾਗੂ ਕੀਤਾ ਗਿਆ ਹੈ ?
ਸਾਰੀ ਦੁਨੀਆਂ ਵਿਖੇ ਵਿਚਰਦੇ ਹੋਏ ਸਿੱਖਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖਾਂ ਲਈ "ਅਕਾਲ ਪੁਰਖ, ਦਸ ਗੁਰੂ ਸਾਹਿਬਾਨ ਅਤੇ ਗੁਰੂ ਗਰੰਥ ਸਾਹਿਬ" ਹੀ ਸੱਭ ਤੋਂ ਉੱਤਮ ਹਨ ਅਤੇ ਸਿੱਖਾਂ ਦਾ ਇਕ ਹੀ ਸਿੱਖ ਕੇਂਦਰ ਹੈ, ਭਾਵ: "ਦਰਬਾਰ ਸਾਹਿਬ, ਅੰਮ੍ਰਿਤਸਰ" । ਹੋਰ ਸਾਰੇ ਅਸਥਾਨ ਜਿੱਥੇ "ਗੁਰੂ ਗਰੰਥ ਸਾਹਿਬ" ਦਾ ਹਰ ਰੋਜ਼ ਪ੍ਰਕਾਸ਼ ਹੁੰਦਾ ਹੈ ਅਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਉਸ ਨੂੰ ਗੁਰਦੁਆਰਾ ਸਾਹਿਬ ਹੀ ਕਿਹਾ ਜਾਂਦਾ ਹੈ ! ਇਸ ਲਈ ਦਾਸਰੇ ਦੀ ਬੇਨਤੀ ਹੈ ਕਿ ਹਰ ਦੇਸ਼ ਜਾਂ ਸਟੇਟ ਵਿਖੇ ਆਪਣੀ ਆਪਣੀ "ਕੌਂਸਲ ਜਾਂ ਕਮੇਟੀ" ਸਥਾਪਤ ਕਰ ਲੈਣੀ ਚਾਹੀਦੀ ਹੈ ਤਾਂ-ਜੋ ਜੇ ਕੋਈ ਸਮੱਸਿਆ/ਧਰਮ ਸੰਕਟ ਪੈਦਾ ਹੋ ਜਾਏ ਤਾਂ ਸੱਭ ਇੱਕਤ੍ਰ ਹੋ ਕੇ ਸਥਾਨਿਕ ਮਸਲੇ ਨੂੰ ਨਜ਼ਿੱਠਿਆ ਜਾ ਸਕੇ !ਧੰਨਵਾਦ ਸਹਿਤ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੫ ਮਾਰਚ ੨੦੧੫     

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.