ਕੈਟੇਗਰੀ

ਤੁਹਾਡੀ ਰਾਇ



ਗੁਰਬਾਣੀ ਦਰਸ਼ਨ
ਗੁਰਮਤਿ ਵਿਆਖਿਆ ਭਾਗ ਪਹਲਾ
ਗੁਰਮਤਿ ਵਿਆਖਿਆ ਭਾਗ ਪਹਲਾ
Page Visitors: 3199

                                                                          ੴਸਤਿ ਗੁਰ ਪ੍ਰਸਾਦਿ 
                                                                       ਗੁਰਬਾਣੀ ਦਰਸ਼ਨ
                                                                            (ਗੁਰਬਾਣੀ ਦਾ ਫਲਸਫਾ)
                                                                                (ਗੁਰਮਤਿ ਸਿਧਾਂਤ 

          (ਏਥੋਂ ਆਪਾਂ ਗੁਰਬਾਣੀ ਸਿਧਾਂਤ ਦੀ ਵਿਚਾਰ ਸ਼ੁਰੂ ਕਰਦੇ ਹਾਂ)                                
    ਗੁਰੂ ਸਾਹਿਬ ਦੀ ਬਖਸ਼ਿਸ਼ , ਪ੍ਰਭੂ , ਪਰਮਾਤਮਾ ਦਾ ਸ਼ਾਬਦਿਕ ਚਿਤ੍ਰ ,  ਜਿਸ ਨੂੰ ਸਿੱਖ , ਮੂਲ ਮੰਤ੍ਰ ਕਹਿੰਦੇ ਹਨ , ਕਿਉਂਕਿ ਗੁਰਮਤਿ ਵਿਚ ਮੰਤ੍ਰ ਦੇ ਕਿਸੇ ਵੀ ਰੂਪ ਦਾ ਕੋਈ ਵਿਧਾਨ ਨਹੀਂ ਹੈ , ਇਸ ਲਈ ਕੁਝ ਸਿੱਖ , ਮੰਤ੍ਰ ਦੀ ਵਿਆਖਿਆ , ਮੁਢਲਾ ਉਪਦੇਸ਼ ਵੀ ਕਰਦੇ ਹਨ । ਪਰ ਇਹ ਸਿੱਖੀ ਦੇ ਸਿਧਾਂਤ ਤੇ ਖਰਾ ਨਹੀਂ ਉਤਰਦਾ । ਜਦ ਤਕ ਸੂਝਵਾਨ ਸਿੱਖ ਇਸ ਵਿਚ , ਸਹੀ ਸੋਧ ਨਹੀਂ ਕਰ ਲੈਂਦੇ , ਤਦ ਤੱਕ ਇਸ ਨੂੰ ਆਪਾਂ ਸ਼ਾਬਦਿਕ ਚਿਤ੍ਰ ਹੀ ਕਹਾਂਗੇ , ਕਿਉਂਕਿ ਗੁਰੂ ਸਾਹਿਬ ਨੇ ਸ਼ਬਦਾਂ ਨਾਲ , ਉਸ ਪ੍ਰਭੂ ਦਾ , ਜਿਸ ਦਾ ਕੋਈ ਰੂਪ-ਰੇਖ-ਰੰਗ ਨਹੀਂ ਹੈ , ਅਜਿਹਾ ਚਿਤ੍ਰ ਖਿਚਿਆ ਹੈ , ਜਿਸ ਆਸਰੇ ਅਸੀਂ ਸਹਿਜੇ ਹੀ ਪਰਮਾਤਾਮ ਅਤੇ ਉਸ ਦੀ ਕਿਰਤ ਵਿਚਲੇ ਫਰਕ ਨੂੰ ਪਛਾਣ ਸਕਦੇ ਹਾਂ ।
        ੴ=  ਇਸ ਤੋਂ ਗੁਰਬਾਣੀ ਦੀ ਸ਼ੁਰੂਆਤ ਹੁੰਦੀ ਹੈ, ਇਹ ਦੋ ਅੱਖਰਾਂ ਦਾ ਸੁਮੇਲ  ਹੈ   “ 1 ” ਅਤੇ E>  ”

        1 = ਅਕਾਲ ਪੁਰਖ, ਕਰਤਾ ਪੁਰਖ, ਜਿਸ ਨੇ ਸ੍ਰਿਸ਼ਟੀ ਦੀ ਇਹ ਸਾਰੀ ਖੇਡ ਰਚੀ ਹੈ, ਆਪਣੇ ਅੰਦਰੋਂ ਹੀ ਪੈਦਾ ਕੀਤੀ ਹੈ । ਹਰ ਵੇਲੇ ਉਸ ਦੀ ਪਾਲਣਾ, ਦੇਖ-ਭਾਲ ਕਰਦਾ ਹੈ । ਇਸ ਦਾ ਅੰਤ ਕਰਨ ਦੀ ਸਮਰਥਾ ਵੀ, ਸਿਰਫ ਤੇ ਸਿਰਫ ਉਸ  “1” ਵਿਚ ਹੀ ਹੈ ।ਇਸ ਕੰਮ ਵਿਚ ਉਸ ਦਾ ਕੋਈ ਭਾਈਵਾਲ, ਕੋਈ ਸਲਾਹ-ਕਾਰ ਜਾਂ ਕੋਈ ਕਾਰਿੰਦਾ ਵੀ ਨਹੀਂ ਹੈ । ਇਹ ਸਾਰਾ ਕੰਮ ਕਰਨ ਵਾਲਾ ਕੇਵਲ ਉਹ ਆਪ ਹੀ ਆਪ ਹੈ । ਅਗਿਆਨਤਾ ਵੱਸ ਬੰਦਿਆਂ ਨੇ ਉਸ ਦੇ ਨਾਵਾਂ ਦੇ ਆਧਾਰ ਤੇ ਉਸ ਵਿਚ ਵੀ ਵੰਡੀਆਂ ਪਾਈਆਂ ਹੋਈਆਂ ਹਨ , ਜਿਸ ਤੋਂ ਬਚਣ ਲਈ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ । ਗੁਰਬਾਣੀ ਵਿਚ ਉਸ ਦੇ ਸਾਰੇ ਨਾਮ ਪਰਵਾਨ ਹਨ , ਪਰ ਬੰਦਿਆਂ ਨੂੰ ਰੱਬ ਕਰ ਕੇ ਮੰਨਣ ਤੋਂ ਗੁਰਬਾਣੀ ਸਖਤੀ ਨਾਲ ਵਰਜਦੀ ਹੈ , ਜਿਵੇਂ ਸਾਰੀ ਸ੍ਰਿਸ਼ਟੀ ਵਿਚ ਰਮੇ ਹੋਏ ਰਾਮ ਨੂੰ ਤਾਂ ਗੁਰਬਾਣੀ ਪੂਰੀ ਮਾਨਤਾ ਦੇਂਦੀ ਹੈ , ਪਰ ਦਸ਼ਰਥ ਪੁਤ੍ਰ ਰਾਮ ਨੂੰ , ਰੱਬ ਵਜੋਂ ਮਾਨਤਾ ਨਹੀਂ ਦੇਂਦੀ ।
   E>  = ਓਅੰਕਾਰ = ਇਹ ਸੰਸਾਰ, ਉਸ ਕਰਤਾ-ਪੁਰਖ ਵਿਚੋਂ ਪੈਦਾ ਹੋਣ ਕਾਰਨ, ਉਸ ਦਾ ਆਪਣਾ ਹੀ ਆਕਾਰ, ਉਸ ਦਾ ਆਪਣਾ ਹੀ ਰੂਪ ਹੈ । ਦੁਨੀਆਂ ਦੇ ਸਾਰੇ ਧਰਮਾਂ ਵਿਚ, ਦੁਨੀਆਂ ਦੀਆਂ ਸਾਰੀਆਂ ਬੋਲੀਆਂ ਵਿਚ, ਇਕ ਦੀ ਗੱਲ ਤਾਂ ਹੈ, ਪਰ ਉਸ ਦੇ ਪਛਾਣ ਸਰੂਪ, ਕੋਈ ਸੋਝੀ ਨਹੀਂ ਹੈ । ਇਹ ਮਾਣ, ਬਾਬਾ ਨਾਨਕ ਜੀ ਨੇ, ਸਿਰਫ਼ ਤੇ ਸਿਰਫ਼ ਦੁਨੀਆਂ ਦੇ
ਇਕੋ-ਇਕ ਸਾਂਝੇ ਧਰਮ, ਅਤੇ ਪੰਜਾਬੀ ਬੋਲੀ ਨੂੰ ਹੀ ਬਖਸ਼ਿਆ ਹੈ, ਕਿ ਉਨ੍ਹਾਂ ਕੋਲ “ E>  ” (ਓਅੰਕਾਰ) ਲਫ਼ਜ਼ ਹੈ, ਜੋ ਪਰਮਾਤਮਾ ਅਤੇ ਉਸ ਦੀ ਪੈਦਾ ਕੀਤੀ, ਸਾਰੀ ਸ੍ਰਿਸ਼ਟੀ ਨੂੰ ਆਪਣੀ ਪਿਆਰ ਗਲਵੱਕੜੀ ਵਿਚ ਲੈਣ ਦੇ ਸਮਰੱਥ ਹੈ । ਦੋਵੇਂ ਇਕ ਦੂਸਰੇ ਦੇ ਪੂਰਕ ਹਨ , “1” ਤੋਂ ਬਗੈਰ “ E>  ” ਦਾ ਕੋਈ ਵਜੂਦ ਨਹੀਂ ਅਤੇ “ E>  ”  ਤੋਂ  ਬਗੈਰ “1” ਦੀ ਕੋਈ ਪਛਾਣ ਨਹੀਂ । ਇਸ ਰਾਹੀਂ ਬੰਦਾ, ਉਸ ਰੂਪ-ਰੰਗ ਤੋਂ ਬਾਹਰੇ ਵਾਹਿਗੁਰੂ ਨੂੰ ਪਰਤੱਖ ਮਹਿਸੂਸ ਕਰ ਸਕਦਾ ਹੈ । ਅਨੇਕਾਂ ਰੂਪਾਂ ਵਿਚ ਉਸ ਨੂੰ ਵੇਖ ਵੀ ਸਕਦਾ ਹੈ ।ਜੋ ਬੰਦਾ, ਗੁਰਬਾਣੀ ਦੇ ਇਸ ਪਹਿਲੇ ਅੱਖਰ ਦਾ ਸਿਧਾਂਤ ਸਮਝ ਲਵੇਗਾ, ਉਸ ਨੂੰ ਸੋਝੀ ਹੋ ਜਾਵੇਗੀ ਕਿ ਜਦ ਹਰ ਕਿਸੇ ਵਿਚ ਉਹ ਆਪ ਹੀ ਵਰਤ ਰਿਹਾ ਹੈ, ਤਾਂ ਫਿਰ ਪਰਾਇਆ ਕੌਣ ਹੈ ? ਫਿਰ ਠੱਗੀ ਕਿਸ ਨਾਲ ਮਾਰੀ ਜਾ ਸਕਦੀ ਹੈ ? ਡਰਾਇਆ ਕਿਸ ਨੂੰ ਜਾ ਸਕਦਾ ਹੈ ? ਡਰਨ ਦੀ ਕਿਸ ਤੋਂ ਲੋੜ ਹੈ ? ਬੰਦੇ ਅਤੇ ਪਰਮਾਤਮਾ ਦੇ ਵਿਚਾਲੇ, ਪੁਜਾਰੀ, (ਜਿਨ੍ਹਾਂ ਕੋਲੋਂ ਅਸੀਂ ਰੱਬ ਅੱਗੇ ਅਰਦਾਸਾਂ ਕਰਵਾਉਂਦੇ ਹਾਂ, ਜਿਨ੍ਹਾਂ ਦੀ ਅਸੀਂ ਰੱਬ ਕੋਲ ਸਫਾਰਸ਼ ਪਵਾਉਂਦੇ ਹਾਂ, ਇਸ ਆਧਾਰ ਤੇ ਹੀ ਅਸੀਂ ਜਿਨ੍ਹਾਂ ਦੀ ਪੂਜਾ ਕਰਦੇ ਹਾਂ) ਕਿਥੋਂ ਆ ਗਏ ? ਫਿਰ ਅਸੀਂ, ਕਿਸੇ ਨੂੰ ਨੀਵਾਂ ਅਤੇ ਕਿਸੇ ਨੂੰ ਉੱਚਾ, ਕਿਸ ਆਧਾਰ ਤੇ ਸਮਝਦੇ ਹਾਂ ? ਅਸੀਂ ਕਿਸੇ ਨਾਲ ਨਫਰਤ ਕਿਸ ਆਧਾਰ ਤੇ ਕਰਦੇ ਹਾਂ ? ਇਸ ਓਅੰਕਾਰ ਦੀ ਸੋਝੀ ਤੋਂ ਬਗੈਰ , ਬੰਦਾ ਉਸ ਪ੍ਰਭੂ ਵਲੋਂ ਅਗਿਆਨਤਾ ਵੱਸ, ਆਕਾਰਾਂ ਦੇ ਚੱਕਰ, ਆਕਾਰਾਂ ਦੀ ਪੂਜਾ ਵਿਚ ਹੀ ਫਸਿਆ ਪਿਆ ਹੈ । ੴ  ਦੇ ਫਲਸਫੇ ਨੂੰ ਸਮਝੇ ਬਗੈਰ ਅਸੀਂ ਗੁਰਬਾਣੀ ਦੇ ਦਰਸ਼ਨ, ਗੁਰਬਾਣੀ ਦੇ ਫਲਸਫੇ, ਗੁਰਬਾਣੀ ਦੇ ਸਿਧਾਂਤ ਨੂੰ ਨਹੀਂ ਸਮਝ ਸਕਦੇ ।
 ਇਸ ਨੂੰ ਸਮਝਣ ਨਾਲ ਅਸੀਂ ਕਦੀ ਵੀ, ਵਿਅਕਤੀ ਪੂਜਾ ਨਾਲ, ਆਕਾਰਾਂ ਦੀ ਪੂਜਾ ਨਾਲ ਨਹੀਂ ਜੁੜ ਸਕਦੇ । ਅਸੀਂ ਕਰਮ-ਕਾਂਡਾਂ ਨਾਲ, ਵਿਖਾਵੇ ਦੀ ਪੂਜਾ ਨਾਲ ਨਹੀਂ ਜੁੜ ਸਕਦੇ । ਅਗਾਂਹ ਵਧਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਇਸ ਅੱਖਰ ਨੂੰ ਚੰਗੀ ਤਰ੍ਹਾਂ ਸਮਝ ਲਈਏ । ਭਾਵੇਂ ਇਸ ਵਿਚ ਹੀ ਸਾਰੀ ਉਮਰ ਲੱਗ ਜਾਵੇ ।
    ਸਤਿ ਨਾਮੁ =  ਉਸ ਪ੍ਰਭੂ ਦਾ ਨਾਮ, ਉਸ ਦੇ ਕਾਇਦੇ ਕਾਨੂਨ, ਉਸ ਦੀ ਰਜ਼ਾ, ਉਸ ਦਾ ਹੁਕਮ ਹੀ ਹਮੇਸ਼ਾ ਕਾਇਮ ਰਹਣ ਵਾਲਾ, ਸਦੀਵੀ ਸੱਚ ਹੈ । ਉਹ ਜਦ ਵੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤਾਂ, ਉਸ ਨੂੰ ਨਿਰਵਿਘਨ ਚਲਦਾ ਰੱਖਣ ਲਈ, ਪੱਕੇ ਨਿਯਮ-ਕਾਨੂਨ ਬਣਾ ਦਿੰਦਾ ਹੈ । ਇਹ ਕਾਨੂਨ ਉਸ ਵੇਲੇ ਤੱਕ ਲਾਗੂ ਰਹਿੰਦੇ ਹਨ, ਜਦ ਉਹ ਪ੍ਰਭੂ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੇ ਵਿਚ ਹੀ ਨਹੀਂ ਸਮੇਟ ਲੈਂਦਾ ।ਇਨ੍ਹਾਂ ਨਿਯਮ-ਕਾਨੂਨਾਂ ਨੂੰ , ਉਸ ਦੇ ਹੁਕਮ ਨੂੰ ਬਦਲਣ ਦੀ ਸਮਰਥਾ ਕਿਸੇ ਵਿਚ ਵੀ ਨਹੀਂ ਹੈ, ਭਾਵੇਂ ਕੋਈ ਦੇਵੀ-ਦੇਵਤਾ ਕਿਹਾ ਜਾਂਦਾ ਹੋਵੇ, ਜਾਂ ਅਵਤਾਰ, ਔਲੀਆ, ਨਬੀ-ਪੀਰ-ਪੈਗੰਬਰ, ਸੰਤ-ਮਹਾਂਪੁਰਸ਼-ਬ੍ਰਹਮਗਿਆਨੀ ਜਾਂ ਹੋਰ ਕੁਝ ਵੀ ਕਿਹਾ ਜਾਂਦਾ ਹੋਵੇ । ਜੋ ਵੀ ਉਸ ਦੇ ਹੁਕਮ, ਨਿਯਮ-ਕਾਨੂਨ ਨੂੰ ਬਦਲਣ ਦੀ ਗੱਲ ਕਰਦਾ ਹੈ, ਸਮਝ ਲਵੋ ਕਿ ਉਸ ਦੀ ਇਸ ਗੱਲ ਦੇ ਉਹਲੇ, ਤੁਹਾਡੀ ਲੁੱਟ ਦਾ ਜਾਲ ਵਿਛਿਆ ਹੋਇਆ ਹੈ, ਉਸ ਤੋਂ ਬਚਣ ਦੀ ਲੋੜ ਹੈ ।
ਜੇ ਕੋਈ ਅਜਿਹਾ ਕਰਨ ਦਾ ਦਾਵਾ ਕਰਦਾ ਹੈ ਤਾਂ ਉਸ ਨੂੰ ਕਹੋ, ਕਣਕ ਬੀਜ ਕੇ ਛੋਲੇ ਪੈਦਾ ਕਰ ਦੇਵੇ, ਕਿਕਰ ਦਾ ਬੀ ਬੀਜ ਕੇ ਅੰਬ ਪੈਦਾ ਕਰ ਦੇਵੇ, ਆਪੇ ਉਸ ਦੀ ਔਕਾਤ ਸਾਮ੍ਹਣੇ ਆ ਜਾਵੇਗੀ । ਜੇ ਉਹ ਏਨਾ ਛੋਟਾ ਜਿਹਾ ਕੰਮ ਨਹੀਂ ਕਰ ਸਕਦਾ ਤਾਂ, ਉਹ ਤੁਹਾਨੂੰ ਪੁੱਤ ਜਾਂ ਮਾਇਆ ਦੇ ਢੇਰ ਕਿੱਥੋਂ ਦੇ ਦੇਵੇਗਾ ? ਜੇ ਉਹ ਆਪ ਹੀ ਅਮਰ ਨਹੀਂ ਹੋ ਸਕਦਾ ਤਾਂ, ਉਹ ਤੁਹਾਨੂੰ ਕਿਵੇਂ ਅਮਰ ਕਰ ਦੇਵੇਗਾ ? ਜੇ ਉਹ ਆਪਣੀ ਹੀ ਉਮਰ ਨਹੀਂ ਵਧਾ ਸਕਦਾ ਤਾਂ, ਉਹ ਤੁਹਾਡੀ ਉਮਰ ਕਿਵੇਂ ਵਧਾ ਦੇਵੇਗਾ ? ਜੇ ਉਹ ਆਪ ਹੀ ਆਪਣਾ ਮੁਕੱਦਮਾ ਨਹੀਂ ਜਿੱਤ ਸਕਦਾ , ਤਾਂ ਤੁਹਾਨੂੰ ਕਿਵੇਂ ਮੁਕੱਦਮਾ ਜਿਤਵਾ ਦੇਵੇਗਾ ?  ਜਦ ਉਹ ਆਪ ਹੀ ਪੜ੍ਹਾਈ ਤੋਂ ਭੱਜ ਕੇ ਸਾਧ ਬਣਿਆ ਹੈ , ਤਾਂ ਤੁਹਾਨੂੰ , ਪੜ੍ਹਾਈ ਵਿਚੋਂ ਕਿਵੇਂ ਪਾਸ ਕਰਵਾ ਦੇਵੇਗਾ ? ਸਾਨੂੰ ਪਰਮਾਤਮਾ ਵਲੋਂ ਸਿਰਜੇ ਨਿਯਮ-ਕਾਨੂਨਾਂ ਨਾਲ ਇਕ ਸੁਰ ਹੋ ਕੇ ਚੱਲਣ ਦੀ ਲੋੜ ਹੈ ।
    ਕਰਤਾ ਪੁਰਖੁ = ਉਹ ਪੁਰਖ, ਜੋ ਸਾਰੀ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ, ਉਹੀ ਸਭ ਕੁਝ ਕਰਨ ਵਾਲਾ ਹੈ । ਉਸ ਤੋਂ ਇਲਾਵਾ ਨਾ ਕੋਈ ਹੋਰ ਪੁਰਖ ਹੈ, ਨਾ ਹੀ ਕੋਈ ਕੁਝ ਕਰਨ ਦੇ ਸਮਰੱਥ ਹੈ ।ਪੁਰਖ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ,
                       ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥    (591)    
   ਇਸ ਸੰਸਾਰ ਵਿਚ ਪੁਰਖ, ਪਤੀ, ਘਰ-ਵਾਲਾ , ਅਕਾਲ ਪੁਰਖ ਹੀ ਹੈ । ਸੰਸਾਰ ਦੇ ਸਾਰੇ ਜੀਵ ਉਸ ਦੀਆਂ ਨਾਰਾਂ, ਘਰ-ਵਾਲੀਆਂ, ਇਸਤ੍ਰੀਆਂ ਹਨ । ਪੁਰਸ਼ ਦਾ ਮਤਲਬ “ਮਹਾਨ ਕੋਸ਼ ” ਵਿਚ ਪਤੀ, ਭਰਤਾ ਕਰ ਕੇ ਦਿੱਤਾ ਹੈ । ਕਰਤਾ-ਪੁਰਖੁ ਲਈ ਲਫਜ਼ ਕਰਤਾਰ ਵੀ ਵਰਤਿਆ ਜਾਂਦਾ ਹੈ ।
    ਇਕ ਚੀਜ਼ ਹੋਰ ਸਮਝਣ ਦੀ ਹੈ ਕਿ, ਗੁਰੂ ਗ੍ਰੰਥ ਸਾਹਿਬ ਵਿਚ ਇਕ ਤੁਕ ਆਉਂਦੀ ਹੈ ,            
                            ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥    (1252)
    ਉਸ ਦਾ ਅਰਥ ਇਹ ਨਹੀਂ ਹੈ ਕਿ, ਉਹ ਜਨਾਨੀਆਂ ਤੋਂ ਬੰਦੇ ਕਰ ਦਿੰਦਾ ਹੈ , ਬੰਦਿਆਂ ਤੋਂ ਨਾਰੀਆਂ ਬਣਾ ਦਿੰਦਾ ਹੈ । ਕਿਉਂਕਿ ਇਹ ਅਰਥ ਗੁਰਮਤਿ ਦੇ, ਉਪਰ ਦੱਸੇ ਸਿਧਾਂਤ ਅਨੁਸਾਰ ਠੀਕ ਨਹੀਂ ਹਨ , ਇਸ ਨੂੰ ਸਮਝਣ ਲਈ (591) ਸਫੇ ਵਾਲੀ ਤੁਕ ਤੋਂ ਅਗਲੀ ਤੁਕ ਸਹਾਈ ਹੋਵੇਗੀ, ਅਗਲੀ ਤੁਕ ਇਵੇਂ ਹੈ,
                      ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥ (592)
     ਜੋ ਲੋਕ ਸੰਸਾਰ ਦੇ ਇਕੋ-ਇਕ ਪੁਰਖ ਦੀ ਸੇਵਾ ਕਰਦੇ ਹਨ,        (ਏਥੇ ਸੇਵਾ ਬਾਰੇ ਵਿਚਾਰ ਕਰ ਲੈਣੀ ਵੀ ਯੋਗ ਹੈ, ਕਿਉਂਕਿ ਇਸ ਮਾਮਲੇ ਵਿਚ ਅਸੀਂ ਬਹੁਤ ਕੁਰਾਹੇ ਪਏ ਹੋਏ ਹਾਂ ।ਸ਼ਬਦ ਗੁਰੂ ਦੀ ਸੇਵਾ, ਸ਼ਬਦ ਦੀ ਵਿਚਾਰ ਕਰਨਾ, ਉਸ ਅਨੁਸਾਰ ਜੀਵਨ ਢਾਲਣਾ ਹੈ । ਜਦ ਕਿ ਅਸੀਂ, ਗੁਰੂ ਗਰੰਥ ਸਾਹਿਬ ਜੀ ਲਈ ਕ੍ਰੋੜਾਂ ਰੁਪਏ ਲਗਾ ਕੇ, ਸੰਗੇ-ਮਰਮਰ ਅਤੇ ਸੋਨੇ ਨਾਲ ਮੜ੍ਹ ਕੇ ਗੁਰਦਵਾਰੇ ਬਣਾਉਨ ਨੂੰ, ਲੱਖਾਂ ਰੁਪਏ ਦੇ ਚੰਦੋਏ ਅਤੇ ਰੁਮਾਲੇ ਵਰਤਣ ਨੂੰ, ਸਰਦੀਆਂ ਵਿਚ ਗਰਮ ਕੰਬਲ, ਗਰਮ ਰਜਾਈਆਂ ਦੇਣ, ਹੀਟਰ ਲਾਉਣ ਨੂੰ, ਗਰਮੀਆਂ ਵਿਚ ਕੂਲਰ, ਏ. ਸੀ. ਲ਼ਾਉਣ ਨੂੰ ਹੀ ਸ਼ਬਦ ਗੁਰੂ ਦੀ ਸੇਵਾ ਸਮਝਦੇ ਹਾਂ । ਗੁਰਬਾਣੀ ਫੁਰਮਾਨ ਹੈ ,

                                                        ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥     (223)      
ਕਰਤਾ-ਪੁਰਖ, ਪਰਮਾਤਮਾ ਦੀ ਸੇਵਾ, ਉਸ ਦੀ ਰਜ਼ਾ, ਉਸ ਦੇ ਹੁਕਮ ਵਿਚ ਚਲਣਾ ਹੀ ਹੈ, ਜਦ ਕਿ ਅਸੀਂ ਕਈ ਤਰ੍ਹਾਂ ਦੇ ਪਾਠ ਜਿਵੇਂ, ਸੰਪਟ ਪਾਠ, ਅਖੰਡ ਪਾਠ, ਆਦਿ ਕਰਵਾਉਣ, ਚੜ੍ਹਾਵਾ ਚੜ੍ਹਾਉਣ, ਪੁਜਾਰੀਆਂ ਨੂੰ ਖੁਸ਼ ਕਰਨ ਅਤੇ ਲੰਗਰ ਆਦਿ ਲਗਾਉਣ, ਢੋਲਕੀਆਂ-ਚਿਮਟਿਆਂ ਨਾਲ ਵਾਹਿਗੁਰੂ-ਵਾਹਿਗੁਰੂ ਰਟੀ ਜਾਣ ਨੂੰ ਹੀ ਪਰਮਾਤਮਾ ਦੀ ਸੇਵਾ ਸਮਝ ਕੇ ਕਰੀ ਜਾ ਰਹੇ ਹਾਂ )       ਉਸ ਦੀ ਰਜ਼ਾ ਵਿਚ ਚਲਦੇ ਹਨ, ਉਹ ਸ਼ਬਦ ਵਿਚਾਰ ਆਸਰੇ ਆਪਣੀ ਹਉਮੈ ਨੂੰ ਸਾੜ ਦਿੰਦੇ ਹਨ । ਇਵੇਂ ਇਸ ਦਾ ਅਰਥ ਬਣਦਾ ਹੈ ਕਿ ਉਹ ਸਮਰੱਥ ਪੁਰਸ਼, ਜੂਨਾਂ ਭੋਗ ਰਹੀਆਂ ਇਸਤ੍ਰੀਆਂ ਨੂੰ ਆਪਣੇ ਵਿਚ ਅਭੇਦ ਕਰ ਕੇ ਨਾਰੀ ਤੋਂ ਪੁਰਖ ਬਣਾ ਲੈਂਦਾ ਹੈ । ਏਵੇਂ ਹੀ ਜੇ ਉਸ ਦੀ ਰਜ਼ਾ ਹੋਵੇ ਤਾਂ ਆਪਣੇ ਵਿਚੋਂ ਹੀ ਪੁਰਖਾਂ ਨੂੰ, ਜੂਨਾਂ ਵਿਚ ਪਾ ਕੇ ਨਾਰੀਆਂ ਬਣਾ ਦੇਂਦਾ ਹੈ ।
    ਨਿਰਭਉ =  ਉਹ ਪ੍ਰਭੂ ਡਰ ਤੋਂ ਰਹਿਤ ਹੈ, ਉਸ ਨੂੰ ਕਿਸੇ ਦਾ ਭਉ, ਡਰ ਨਹੀਂ ਹੈ । ਡਰ ਉਸ ਦਾ ਹੁੰਦਾ ਹੈ, ਜੋ ਆਪਣੇ ਤੋਂ ਵੱਡਾ, ਤਾਕਤ-ਵਰ ਹੋਵੇ । ਉਸ ਤੋਂ, ਨਾ ਕੋਈ ਵੱਡਾ ਹੈ ਨਾ ਹੀ ਕੋਈ ਤਾਕਤ-ਵਰ ਹੈ, ਇਵੇਂ ਉਸ ਨੂੰ ਕਿਸੇ ਦਾ ਡਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।
    ਨਿਰਵੈਰੁ =  ਵੈਰ, ਦੁਸ਼ਮਣੀ ਉਸ ਨਾਲ ਹੁੰਦੀ ਹੈ, ਜਿਸ ਤੋਂ ਕੋਈ ਡਰ, ਖਤਰਾ ਹੋਵੇ । ਕਿਉਂਕਿ ਹਰ ਜੀਵ ਨੂੰ, ਹਰ ਚੀਜ਼ ਨੂੰ ਉਸ ਨੇ ਆਪ ਹੀ ਪੈਦਾ ਕੀਤਾ ਹੈ, ਆਪ ਹੀ ਪਾਲਣਾ ਕਰ ਰਿਹਾ ਹੈ, ਸਭ ਦਾ ਅੰਤ ਵੀ ਉਸ ਨੇ ਆਪ ਹੀ ਕਰਨਾ ਹੈ । ਸਭ ਦੇ ਕਰਮਾਂ ਦਾ ਲੇਖਾ, ਉਸ ਦੇ ਅਟੱਲ ਨਿਯਮਾਂ ਦੇ ਆਧਾਰ ਤੇ ਆਪ ਹੀ ਹੁੰਦਾ ਰਹਿੰਦਾ ਹੈ । ਇਵੇਂ ਉਸ ਨੂੰ ਕਿਸੇ ਨਾਲ ਵੈਰ ਕਰਨ ਦਾ ਸਵਾਲ ਹੀ ਕਿਵੇਂ ਪੈਦਾ ਹੁੰਦਾ ਹੈ ? ਪਰ ਪੁਜਾਰੀ ਜਮਾਤ ਨੇ ਆਪਣੀ ਰੋਜ਼ੀ-ਰੋਟੀ ਦੇ ਜੁਗਾੜ ਵਿਚ, ਲੋਕਾਂ ਦੇ ਮਨਾਂ ਵਿਚ ਭਰ ਦਿੱਤਾ ਹੈ ਕਿ, ਪਰਮਾਤਮਾ ਬੁਰਾ ਵੀ ਕਰਦਾ ਹੈ । ਆਮ ਲੋਕਾਂ ਨੂੰ ਕਹਿੰਦੇ ਸੁਣੀਦਾ ਹੈ ਕਿ “ ਰੱਬ ਨੇ ਮੇਰਾ ਬੁਰਾ ਕਰ ਦਿੱਤਾ ਹੈ, ਰੱਬ ਨੇ ਮੇਰੇ ਨਾਲ ਇੰਸਾਫ ਨਹੀਂ ਕੀਤਾ ” ਹੋਰ ਤਾਂ ਹੋਰ ਬਾਬਾ ਨਾਨਕ ਜੀ ਤੇ ਵੀ ਇਲਜ਼ਾਮ ਲਗਾ ਦਿੱਤਾ ਹੈ ਕਿ, ਉਨ੍ਹਾਂ ਨੇ ਵੀ ਰੱਬ ਨੂੰ ਉਲ੍ਹਾਮਾ ਮਾਰਿਆ ਸੀ ।
    ਅਕਾਲ ਮੂਰਤਿ =  ਵਾਹਿਗੁਰੂ ਦੀ ਮੂਰਤ, ਉਸ ਦੀ ਹਸਤੀ ਤੇ ਕਾਲ ਦਾ, ਸਮੇ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਉਹ ਸਮੇ ਦੇ ਪ੍ਰਭਾਵ ਤੋਂ ਰਹਿਤ ਹੈ । ਜਿਸ ਕੁਦਰਤ ਵਿਚੋਂ ਅਸੀਂ ਉਸ ਦੀ ਹੋਂਦ ਮਹਿਸੂਸ ਕਰਦੇ ਹਾਂ, ਉਸ ਤੇ ਤਾਂ ਸਮੇ ਦਾ ਪ੍ਰਭਾਵ, ਪਲ-ਪਲ ਕਰ ਕੇ ਪੈਂਦਾ ਰਹਿੰਦਾ ਹੈ, ਪਰ ਕਰਤਾਰ ਦੇ ਵਜੂਦ ਤੇ, ਸਮੇ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਉਹ ਇਸ ਸ੍ਰਿਸ਼ਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਨਵਾਂ-ਨਰੋਇਆ ਸੀ, ਅੱਜ ਵੀ ਹੈ ਅਤੇ ਭਵਿੱਖ ਵਿਚ ਵੀ ਨਵਾਂ-ਨਰੋਇਆ ਹੀ ਰਹੇਗਾ ।
    ਅਜੂਨੀ =  ਉਹ ਕਦੀ ਵੀ ਜੂਨਾਂ ਵਿਚ ਨਹੀਂ ਆਉਂਦਾ । ਪੁਜਾਰੀਆਂ ਨੇ ਪ੍ਰਭੂ ਨੂੰ ਲੁੱਟ-ਜਾਲ ਦਾ ਮੋਹਰਾ ਬਣਾਉਨ ਲਈ, ਬੰਦਿਆਂ ਦੇ ਰੂਪ ਵਿਚ, ਉਸ ਦੀਆਂ ਮੂਰਤੀਆਂ ਤਾਂ ਬਣਾ ਹੀ ਧਰੀਆਂ ਹਨ, ਕੱਛੂ, ਸੱਪ, ਬਾਂਦਰ, ਗਿੱਧ, ਸੂਅਰ, ਪੰਛੀ ਆਦਿ ਦੇ ਰੂਪ ਵਿਚ ਚਿਤਵ ਕੇ, ਉਸ ਨੂੰ ਮਖੌਲ ਦਾ ਪਾਤ੍ਰ ਵੀ ਬਣਾ ਦਿੱਤਾ ਹੈ । ਉਸ ਨੂੰ ਕਿਸੇ ਜੂਨ ਵਿਚ ਆਉਣ ਦੀ ਲੋੜ, ਤਾਂ ਹੀ ਪਵੇ ਜੇ ਕੋਈ ਉਸ ਤੋਂ ਸੱਖਣਾ ਹੋਵੇ, ਜਦ ਹਰ ਕਿਸੇ ਜੀਵ ਦੀ, ਹਰ ਕਿਸੇ ਚੀਜ਼ ਦੀ ਹੋਂਦ ਉਸ ਪ੍ਰਭੂ ਤੋਂ ਬਗੈਰ ਸੰਭਵ ਹੀ ਨਹੀਂ ਹੈ, ਹਰ ਕਿਸੇ  ਵਿਚ ਉਹ ਆਪ ਹੀ ਬੈਠਾ ਹੈ, ਫਿਰ ਉਸ ਨੂੰ ਕਿਸੇ ਖਾਸ ਜੂਨ ਵਿਚ ਆਉਣ ਦੀ ਲੋੜ ਹੀ ਕੀ ਹੈ ? ਏਸੇ ਲਈ ਗੁਰਬਾਣੀ ਵਿਚ ਕਿਹਾ ਹੈ , ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥3॥
                   ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥4॥1॥   (1136)
        ਹੇ ਭਾਈ , ਜਦ ਤੂੰ ਪਰਮਾਤਮਾ ਨੂੰ ਵੇਖਣ ਦੀ ਚਾਹ ਵਿਚ , ਉਸ ਨੂੰ ਕਿਸੇ ਜੂਨ ਵਿਚ ਚਿਤਵਦਾ ਹੈਂ , ਤੇਰਾ ਇਹ ਕਰਮ ਹੀ ਸਭ ਬੁਰਾਈਆਂ ਦੀ ਜੜ੍ਹ ਹੈ । ਤੇਰਾ ਉਹ ਮੂੰਹ ਸੜ ਜਾਵੇ, ਜਿਸ ਨਾਲ ਤੂੰ ਕਹਿੰਦਾ ਹੈਂ ਕਿ ਪਰਮਾਤਮਾ ਜੂਨਾਂ ਵਿਚ ਆਉਂਦਾ ਹੈ । ਹੇ ਭਾਈ, ਨਾਨਕ ਦਾ ਪ੍ਰਭੂ ਨਾ ਜਨਮ ਲੈਂਦਾ ਹੈ, ਨਾ ਮਰਦਾ ਹੈ, ਉਹ ਤਾਂ ਸ੍ਰਿਸ਼ਟੀ ਦੇ ਕਣ-ਕਣ ਵਿਚ ਸਮਾਇਆ ਹੋਇਆ ਹੈ, ਨਾ ਉਹ ਕਿਤਿਉਂ ਆਉਂਦਾ ਹੈ, ਨਾ ਹੀ ਕਿਤੇ ਜਾਂਦਾ ਹੈ । ਜਦ ਉਹ ਹਰ ਚੀਜ਼ ਵਿਚ ਆਪ ਮੌਜੂਦ ਹੈ, ਤਾਂ ਫਿਰ ਉਸ ਨੂੰ ਕਿਸੇ ਖਾਸ ਜੂਨ ਵਿਚ ਆਉਣ ਦੀ ਕੀ ਲੋੜ ਹੈ ? ਉਸ ਨੂੰ ਕੁਦਰਤ ਵਿਚੋਂ ਵੇਖਣ ਦੀ ਸੋਝੀ , ਤੈਨੂੰ ਹੀ ਹਾਸਲ ਕਰਨ ਦੀ ਲੋੜ ਹੈ ।
  ਸੈਭੰ =  ਉਸ ਦੇ ਜਨਮ ਬਾਰੇ ਕੁਝ ਕਹਣ ਦੀ ਪਾਇਆਂ ਤਾਂ ਬੰਦੇ ਵਿਚ ਹੈ ਹੀ ਨਹੀਂ । ਗੁਰਬਾਣੀ ਫੁਰਮਾਨ ਹੈ ,
                                      ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥    (284)
   ਪਰਮਾਤਮਾ ਰੂਪੀ ਪਿਤਾ ਦੇ ਜਨਮ ਬਾਰੇ ਮਨੁੱਖ ਰੂਪੀ ਪੁਤ੍ਰ ਕੀ ਜਾਣ ਸਕਦਾ ਹੈ ? ਪਰਮਾਤਮਾ ਸਮੇ ਦੇ ਗੇੜ ਤੋਂ ਬਾਹਰ ਹੈ, ਬੰਦਾ ਸਮੇ ਦੇ ਕੁਝ ਪਲਾਂ ਦਾ ਹੀ ਪਰਾਹੁਣਾ ਹੈ । ਫਿਰ ਸਿੱਖਾਂ ਨੇ ਇਸ ਦਾ ਅਰਥ ਇਹ ਕਿਵੇਂ ਕੱਢ ਲਿਆ ਕਿ ਉਸ ਦੀ ਹੋਂਦ ਆਪਣੇ-ਆਪ ਤੋਂ ਹੀ ਹੈ ? ਜਦ ਕਿ ਅਸਲੀਅਤ ਇਹ ਹੈ ਕਿ ਏਥੇ ਉਸ ਦੇ, ਇਸ ਦਿਸਦੇ ਪਸਾਰੇ ਵਿਚੋਂ ਉਸ ਦੇ ਦਿਸਦੇ ਰੂਪ ਦੀ ਗੱਲ ਹੋ ਰਹੀ ਹੈ । ਅਰਥ ਹੈ ਕਿ ਉਸ ਦੇ ਇਸ ਸਾਰੇ ਦਿਸਦੇ ਪਸਾਰੇ, ਰੂਪ ਦੀ ਹੋਂਦ, ਉਸ ਦੇ ਆਪਣੇ ਆਪ ਤੋਂ ਹੈ । ਨਾਸਤਕਾਂ ਦੀ ਇਹ ਗੱਲ ਕਿ, ਉਸ ਦਾ ਕੋਈ ਵਜੂਦ ਹੀ ਨਹੀਂ ਹੈ, ਇਹ ਸਾਰਾ ਕੁਝ, ਕੁਦਰਤ ਦੇ ਨਿਯਮਾਂ ਅਨੁਸਾਰ ਹੀ ਹੋ ਰਿਹਾ ਹੈ, ਸਰਾਸਰ ਗਲਤ ਹੈ । ਇਹ ਕੁਦਰਤ, ਕੁਦਰਤ ਵਿਚ ਵਰਤ ਰਹੇ ਸਾਰੇ ਨਿਯਮ-ਕਾਨੂਨਾਂ ਦੀ ਹੋਂਦ, ਉਸ “1” ਤੋਂ ਹੀ ਪੈਦਾ ਹੋਈ ਹੈ ।  
   ਗੁਰ ਪ੍ਰਸਾਦਿ =  ਇਹ ਸਾਰੀ ਜਾਣਕਾਰੀ, ਇਹ ਸਾਰੀ ਸੋਝੀ “ਗੁਰ” ਸ਼ਬਦ ਗੁਰੂ ਦੀ ਕਿਰਪਾ ਸਦਕਾ ਹੀ ਹੋ ਸਕਦੀ ਹੈ । ਕਿਰਪਾ ਕਿਸੇ ਚਮਤਕਾਰ ਨਾਲ ਨਹੀਂ ਵਾਪਰਨੀ, ਬਲਕਿ ਜਦ ਅਸੀਂ ਸ਼ਬਦ ਗੁਰੂ ਦੀ ਸੇਵਾ ਕਰਾਂਗੇ, ਸ਼ਬਦ ਦੀ ਵਿਚਾਰ ਕਰਾਂਗੇ, ਤਾਂ ਹੀ ਉਸ ਦੀ ਕਿਰਪਾ ਹੋਵੇਗੀ । ਤਾਂ ਹੀ ਸਾਨੂੰ ਇਹ ਸਾਰੀ ਜਾਣਕਾਰੀ, ਇਹ ਸਾਰੀ ਸੋਝੀ ਜੋਵੇਗੀ । ਗੁਰੂ ਸਾਹਿਬ ਇਸ ਦੀ ਹੋਰ ਵਿਆਖਿਆ ਕਰਦੇ ਸਮਝਾਉਂਦੇ ਹਨ ਕਿ ਸ਼ਬਦ ਗੁਰੂ ਦੀ ਸੇਵਾ ਕੀ ਹੈ ? ਗੁਰ-ਫੁਰਮਾਨ ਹੈ ,
                               ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥     (223)
    ਸ਼ਬਦ ਗੁਰੂ ਦੀ ਸੇਵਾ , ਉਸ ਦੇ ਸ਼ਬਦ ਦੀ ਵਿਚਾਰ ਕਰਨਾ ਹੀ ਹੈ ।ਜਿਸ ਦੀ ਸ੍ਰੇਸ਼ਟ ਕਰਣੀ , ਮਿਲਦਾ ਉੱਚਤਮ ਲਾਭ ਇਹੀ ਹੈ ਕਿ ਇਹ ਸੇਵਾ ਕਰਨ ਨਾਲ , ਬੰਦੇ ਦੇ ਅੰਦਰੋਂ ਹਉਮੈ ਮਰ ਜਾਂਦੀ ਹੈ ।ਜਦ ਕਿ ਅੱਜ-ਕਲ ਸੇਵਾ ਦੇ ਨਾਮ ਤੇ ਕੀਤੇ ਜਾਂਦੇ ਸਭ ਕਰਮ , ਪਖੰਡ ਤੋਂ ਵੱਧ ਕੁਝ ਵੀ ਨਹੀਂ ਹਨ ।

                                                       ਅਮਰ ਜੀਤ ਸਿੰਘ ਚੰਦੀ
                                                 ਫੋਨ:-91 95685 41414

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.