ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਬਾਦਲਕਿਆਂ ਦੇ ਜਥੇਦਾਰ ਹੁਣ ਕੀ ਕਰਨਗੇ...?
ਬਾਦਲਕਿਆਂ ਦੇ ਜਥੇਦਾਰ ਹੁਣ ਕੀ ਕਰਨਗੇ...?
Page Visitors: 2639

ਬਾਦਲਕਿਆਂ ਦੇ ਜਥੇਦਾਰ ਹੁਣ ਕੀ ਕਰਨਗੇ...?
ਸੌਦਾ ਸਾਧ ਤੋਂ ਹਮਾਇਤ ਲੈਣ ਦੇ ਮਾਮਲੇ ਤੇ ਬਾਦਲਕਿਆਂ ਦੇ ਜਥੇਦਾਰਾਂ ਅਤੇ ਸ਼ੋ੍ਰਮਣੀ ਕਮੇਟੀ ਵੱਲੋਂ ‘‘ਹਮਾਇਤ ਲੈਣ ਵਾਲੇ ਬਖ਼ਸੇ ਨਹੀਂ ਜਾਣਗੇ’’ ਦੇ ਦਮਗੱਜੇ ਮਾਰੇ ਜਾ ਰਹੇ ਹਨ ਅਤੇ ਇਸ ਸਬੰਧੀ ਤਿੰਨ ਮੈਂਬਰੀ ਜਾਂਚ ਕਮੇਟੀ ਵੀ ਗਠਿਤ ਕੀਤੀ ਗਈ ਹੈ, ਜਿਹੜੀ ਕਹਿੰਦੇ ਹਨ ਕਿ ਜਾਂਚ ਕਰ ਰਹੀ ਹੈ। ਸੌਦਾ ਸਾਧ ਸਮੇਤ ਸਾਰੀਆਂ ਸਿੱਖ ਦੁਸ਼ਮਣ ਤਾਕਤਾਂ ਨਾਲ ਬਾਦਲਕਿਆਂ ਦੀ ‘ਯਾਰੀ’ ਤੋਂ ਸਾਨੂੰ ਤਾਂ ਕਦੇ ਕੋਈ ਭੁਲੇਖਾ ਨਹੀਂ ਰਿਹਾ। ਇਸ ਲਈ ਅਸੀਂ ਬਾਦਲਕਿਆਂ ਦੇ ਸਿੱਖ ਦੁਸ਼ਮਣ ਹੋਣ ਦਾ ਹੋਕਾ ਨਿਰੰਤਰ ਦਿੱਤਾ ਹੈ ਅਤੇ ਬਾਦਲਕਿਆਂ ਦੇ ਮੁਕੰਮਲ ਰਾਜਸੀ ਭੋਗ ਤੱਕ ਇਹ ਹੋਕਾ ਨਿਰੰਤਰ ਦਿੰਦੇ ਵੀ ਰਹਾਂਗੇ। ਬਾਦਲਕੇ ਸੱਤਾ ਲਾਲਸਾ ਕਾਰਣ ਭਗਵਿਆਂ ਦੇ ਗ਼ੁਲਾਮ ਹਨ ਅਤੇ ਭਗਵੇਂ ਸਿੱਖੀ ਦਾ 2070 ਤੱਕ ਖ਼ਾਤਮੇ ਦਾ ਐਲਾਨ ਕਰ ਚੁੱਕੇ ਹਨ। ਸਿੱਖੀ ਦੇ ਖ਼ਾਤਮੇ ਲਈ ਹੀ ਉਹ ਸਿੱਖੀ ਦੇ ਨਿਆਰੇ-ਨਿਰਾਲੇ ਬੂਟੇ ਤੇ ਪਾਖੰਡਵਾਦ, ਕਰਮਕਾਂਡ ਤੇ ਡੇਰਾਵਾਦ ਦੀ ਅਮਰ ਵੇਲ ਚੜਾਉਣ ਲੱਗੇ ਹਨ। ਇਸੇ ਕਾਰਣ ਪੰਜਾਬ ’ਚ ਬਾਦਲਾਂ ਵੱਲੋਂ ਡੇਰਿਆਂ ਨੂੰ ਨਿਰੰਤਰ ਸਰਪ੍ਰਸਤੀ ਦਿੱਤੀ ਜਾ ਰਹੇ ਅਤੇ ਵੋਟਾਂ ਵੇਲੇ ਲਈ ਜਾ ਰਹੀ ਹੈ। ਅੱਜ ਜਦੋਂ ਪੰਜਾਬ ’ਚ ਬਾਦਲਾਂ ਦੇ ਰਾਜਸੀ ਸਫ਼ਾਏ ਦੀ ਪੈਂੜਚਾਲ ਹਰ ਜਾਗਰੂਕ ਕੰਨ ਨੂੰ ਸੁਣਾਈ ਦੇ ਰਹੀ ਹੈ ਤਾਂ ਪੰਜਾਬ ਦੇ ਹਰ ਪਾਖੰਡੀ ਸਾਧ ਦੇ ਚਿਹਰੇ ਦਾ ਉਤਰਿਆ ਰੰਗ ਤੇ ਰਾਤਾਂ ਦੀ ਉੱਡੀ ਨੀਂਦ ਇਸ ਗੱਲ ਦੀ ਗਵਾਹ ਹੈ ਕਿ ਬਾਦਲਾਂ ਦੀ ਸਰਕਾਰ ਜਾਣ ਦਾ ਸਭ ਤੋਂ ਵੱਡਾ ਦੁੱਖ, ਡੇਰੇਦਾਰ ਸਾਧਾਂ ਨੂੰ ਹੋ ਰਿਹਾ ਹੈ।
ਖੈਰ! ਅਸੀਂ ਗੱਲ ਕਰ ਰਹੇ ਸੀ ਬਾਦਲਕਿਆਂ ਵੱਲੋਂ ਸੌਦਾ ਸਾਧ ਤੋਂ ਲਈ ਹਮਾਇਤ ਤੇ ਬਾਦਲਕਿਆਂ ਦੇ ਜਥੇਦਾਰਾਂ ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੀ ਬੜਕ ਦੀ। ਇਹ ਬਾਹਾਂ ਹਰ ਕਿਸੇ ਦੀਆਂ ਅਜ਼ਮਾਈਆਂ ਹੋਈਆਂ ਹਨ। ਇਸ ਕਾਰਣ ਹਰ ਸੱਚਾ ਸਿੱਖ ਜਾਣਦਾ ਹੈ ਕਿ ਇਹ ਜਾਂਚ ਤੇ ਬੜਕਾਂ ਸਿਰਫ਼ ਤੇ ਸਿਰਫ਼ ਦਿੱਲੀ ਕਮੇਟੀ ਚੋਣਾਂ ’ਚ ਬਾਦਲਕਿਆਂ ਨੂੰ ਬੁਰੀ ਤਰਾਂ ਹਾਰਨ ਤੋਂ ਬਚਾਉਣ ਦਾ ਡਰਾਮਾ ਹਨ। ਪ੍ਰੰਤੂ ਪਾਰਟੀ ਪ੍ਰਧਾਨ ਨੂੰ ਬੀਤੇ ਦਿਨ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਸਮੇਂ ਆਪਣੀ ਇਸ ਨੀਤੀ ਦਾ ਧਿਆਨ ਹੀ ਨਹੀਂ ਰਿਹਾ। ਉਹ ਆਪਣੇ ਚਾਪਲੂਸ ਟੋਲੇ ਵੱਲੋਂ ਤੀਜੀ ਵਾਰ ਸਰਕਾਰ ਬਣਨ ਦੇ ਝੂਠੇ ਦਿਲਾਸੇ ਨਾਲ ਹੀ ਹਵਾ ’ਚ ਉਡਣ ਲੱਗ ਪਿਆ ਤੇ ਆਪਣੀ ਗ਼ਲਤੀ ਨੂੰ ਜਾਣੇ-ਅਨਜਾਣੇ ਖ਼ੁਦ ਹੀ ਸਵੀਕਾਰ ਕਰ ਲਿਆ। ਬਾਦਲ ਦਲ ਦੀ ਕੋਰ ਕਮੇਟੀ, ਜਿਸ ’ਚ ਬਹੁਗਿਣਤੀ ਪੁਰਾਣੇ, ਤਜਰਬੇਕਾਰ ਅਕਾਲੀ ਆਗੂਆਂ ਦੀ ਹੈ, ਉਸ ਕੋਰ ਕਮੇਟੀ ਨੇ ਸੌਦਾ ਸਾਧ ਦੀ ਹਮਾਇਤ ਨੂੰ ਸਵੀਕਾਰ ਹੀ ਨਹੀਂ ਕੀਤਾ, ਸਗੋਂ ਪਾਰਟੀ ਦੇ ਸੌਦਾ ਸਾਧ ਤੋਂ ਮਦਦ ਲੈਣ ਦੇ ਫੈਸਲੇ ਦੀ ਖੁੱਲ ਕੇ ਸ਼ਲਾਘਾ ਕੀਤੀ ਹੈ। ਹੁਣ ਜਦੋਂ ਪਾਰਟੀ ਪ੍ਰਧਾਨ ਦੀ ਪ੍ਰਧਾਨਗੀ ’ਚ ਪਾਰਟੀ ਦੀ ਕੋਰ ਕਮੇਟੀ ਸੌਦਾ ਸਾਧ ਤੋਂ ਮੱਦਦ ਲੈਣ ਦੇ ਫੈਸਲੇ ਦੀ ਸ਼ਲਾਘਾ ਕਰਦੀ ਹੈ ਤਾਂ ਇਸ ਮੁੱਦੇ ਤੇ ਹੁਣ ਭਲਾ ਕਿਹੜੀ ਜਾਂਚ ਦੀ ਲੋੜ ਰਹਿ ਗਈ ਹੈ? ਕੀ ਬਾਦਲਾਂ ਦੇ ਜਥੇਦਾਰ ਅਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ, ਸੁਖਬੀਰ ਤੇ ਕੋਰ ਕਮੇਟੀ ਨੂੰ ਦੋਸ਼ੀ ਪ੍ਰਵਾਨ ਕਰਨਗੇ? ਕੀ ਇਨਾਂ ਦੀ ਜਵਾਬ ਤਲਬੀ ਤੇ ਪੇਸ਼ੀ ਹੋਵੇਗੀ?
ਬਾਦਲ ਦਲ ਵੱਲੋਂ ਸੌਦਾ ਸਾਧ ਦੀ ਹਮਾਇਤ ਨੂੰ ਜਨਤਕ ਰੂਪ ’ਚ ਆਪਣੇ ਲਈ ਲਾਹੇਵੰਦ ਹੋਣਾ ਪ੍ਰਵਾਨ ਕਰ ਲੈਣ ਤੋਂ ਬਾਅਦ, ਬਾਕੀ ਕੀ ਰਹਿ ਜਾਂਦਾ ਹੈ? ਪ੍ਰੰਤੂ ਕੱਠਪੁਤਲੀਆਂ, ਸਿਰਫ਼ ਉਗਲਾਂ ਨਾਲ ਹੀ ਨੱਚ ਸਕਦੀਆਂ ਹਨ, ਕਿਉਂਕਿ ਉਨਾਂ ਦੀਆਂ ਆਪਣੀਆਂ ਲੱਤਾਂ ’ਚ ਜਾਨ ਨਹੀਂ ਹੁੰਦੀ। ਇਸ ਲਈ ਬਾਦਲਕਿਆਂ ਦੇ ਜਥੇਦਾਰਾਂ ਜਾਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਤੋਂ ਇਸ ਮੁੱਦੇ ਤੇ ਕਿਸੇ ਕਿਸਮ ਦੀ ਕਾਰਵਾਈ ਦੀ ਉਮੀਦ ਕਰਨਾ ਬੇਅਰਥ ਹੀ ਹੋਵੇਗਾ। ਬਾਦਲਕੇ ਪੰਥ ਦੁਸ਼ਮਣ ਤਾਕਤਾਂ ਦੇ ਹੱਥਠੋਕੇ ਹਨ, ਇਹ ਪੁੱਛਣ ਜਾਂ ਦੱਸਣ ਦੀ ਲੋੜ ਨਹੀਂ ਰਹਿ ਗਈ? ਇਸ ਲਈ ਕੌਮ ਦੁਸ਼ਮਣਾਂ ਤੇ ਪੰਥ ਦੇ ਗ਼ਦਾਰਾਂ ਨੂੰ ਕੀ ਸਜ਼ਾ ਦੇਣੀ ਹੈ? ਇਸਦਾ ਫੈਸਲਾ ਪੰਥ ਖ਼ੁਦ ਕਰ ਸਕਦਾ ਹੈ। ਵੋਟ ਪਰਚੀ ਦੇ ਜ਼ਮਾਨੇ ’ਚ ਸਿਆਸੀ ਧਿਰ ਨੂੰ ਮਾਰਨ ਲਈ ਵੋਟ ਹਥਿਆਰ ਹੀ ਅਹਿਮ ਤੇ ਕਾਰਗਾਰ ਹੁੰਦਾ ਹੈ। ਇਸ ਲਈ ਦਿੱਲੀ ਦੇ ਸਿੱਖ ਵੋਟਰ ਬਾਦਲਕਿਆਂ ਨੂੰ ‘ਪੰਥ ਦੁਸ਼ਮਣ’ ਗਰਦਾਨਣ ਲਈ ਆਪਣੇ ਵੋਟ ਰੂਪੀ ਹਥਿਆਰ ਦੀ ਸੋਚ ਸਮਝ ਕੇ ਵਰਤੋਂ ਕਰ ਸਕਦੇ ਹਨ।
ਪੰਜਾਬ ਦੀ ਸਿਆਸਤ ਤੋਂ ਬਾਅਦ ਦਿੱਲੀ ਦੇ ਧਾਰਮਿਕ ਪ੍ਰਬੰਧਾਂ ’ਚੋਂ ਬਾਦਲਕਿਆਂ ਨੂੰ ਭਾਂਜ ਦੇਣ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਬਾਦਲਕਿਆਂ ਤੋਂ ਅਜ਼ਾਦੀ ਦਾ ਰਾਹ ਖੁੱਲ ਜਾਵੇਗਾ। ਸ਼ੋ੍ਰਮਣੀ ਕਮੇਟੀ ਤੇ ਖਾਲਸਾ ਪੰਥ ਦੇ ਅਧਿਕਾਰ ਦਾ ਰਾਹ, ਦਿੱਲੀ ਕਮੇਟੀ ਚੋਂ ਹੋ ਕੇ ਨਿਕਲਦਾ ਹੈ। ਇਸ ਲਈ ਦਿੱਲੀ ਦੇ ਸਿੱਖ ਵੋਟਰਾਂ ਸਿਰ ਇਤਿਹਾਸ ਦੀ ਵੱਡੀ ਜੁੰਮੇਵਾਰੀ ਆ ਪਈ ਹੈ। ਉਹ ਫੇਲ ਹੁੰਦਾ ਹੈ ਜਾਂ ਪਾਸ ਇਸ ਦਾ ਪਤਾ 26 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ, 1 ਮਾਰਚ ਨੂੰ ਨਤੀਜੇ ਆਉਣ ਤੇ ਲੱਗੇਗਾ। ਬਾਦਲਕਿਆਂ ਦੇ ਜਥੇਦਾਰ ਹੁਣ ਕੀ ਕਰਨਗੇ...?
ਜਸਪਾਲ ਸਿੰਘ ਹੇਰਾਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.