ਗੁੰਡਾ ਰਾਜ ਦਾ ਸਿਖਰ ............ਜਸਪਾਲ ਸਿੰਘ ਹੇਰਾਂ
ਪੰਜਾਬ 'ਚ ਅੱਜ ਮਾਫ਼ੀਏ ਦਾ, ਧੱਕੜ ਲੋਕਾਂ ਦਾ ਗੁੰਡਾ ਰਾਜ ਹੈ, ਅਸੀਂ ਇਸ ਹੋਕੇ ਨੂੰ ਹਰ ਪੰਜਾਬੀ ਦੇ ਕੰਨ੍ਹਾਂ ਤੱਕ ਪਹੁੰਚਾਉਣ ਲਈ ''ਮਾਫ਼ੀਆ ਭਜਾਓ, ਪੰਜਾਬ ਬਚਾਓ'' ਲਹਿਰ ਵਿੱਢੀ ਹੈ ਤਾਂ ਕਿ ਖੌਫ਼ ਤੇ ਦਹਿਸ਼ਤ ਦੇ ਪ੍ਰਛਾਵੇ ਥੱਲੇ ਰਹਿ ਰਹੇ ਪੰਜਾਬੀਆਂ ਦੀ ਵਿਰਾਸਤੀ ਅਣਖ਼, ਜ਼ਮੀਰ ਜਾਗੇ ਅਤੇ ਉਹ ਪੰਜਾਬ 'ਚੋਂ ਮਾਫ਼ੀਏ ਦੇ ਗੁੰਡਾ-ਰਾਜ ਦੇ ਖ਼ਾਤਮੇ ਲਈ ਲੋਕ ਲਹਿਰ ਖੜ੍ਹੀ ਕਰਨ। ਪੰਜਾਬ 'ਚ ਇਹ ਗੁੰਡਾ, ਧੱਕੜ ਮਾਫ਼ੀਆ ਇਨ੍ਹਾਂ ਸ਼ਕਤੀਸ਼ਾਲੀ ਹੋ ਚੁੱਕਾ ਹੈ ਕਿ ਹੁਣ ਆਪਣੇ ਆਕਿਆਂ ਦੇ ਵੀ ਦੰਦੀਆਂ ਵੱਢਣ ਲੱਗ ਪਿਆ ਹੈ? ਇਸ ਲਈ ਬੋਤਲ 'ਚੋਂ ਬਾਹਰ ਕੱਢੇ ਇਸ ਜਿੰਨ੍ਹ ਨੂੰ ਹੁਣ ਬੋਤਲ 'ਚ ਬੰਦ ਕਰਨਾ, ਤਕੜੀ ਲੋਕ ਲਹਿਰ ਤੋਂ ਬਿਨਾਂ ਸੰਭਵ ਨਹੀਂ ਜਾਪਦਾ। ਇਕ ਕੈਦੀ ਨੂੰ ਹਸਪਤਾਲ 'ਚੋਂ ਉਸਦੀ ਦੁਸ਼ਮਣ ਧਿਰ ਇਕ ਵੱਡੇ ਪੁਲਿਸ ਅਫ਼ਸਰ ਦੀ ਮਿਲੀ ਭੁਗਤ ਨਾਲ ਚੁੱਕ ਕੇ ਲੈ ਜਾਂਦੀ ਹੈ, ਉਸਦੀ ਲਾਸ਼ ਤੱਕ ਖੁਰਦ-ਬੁਰਦ ਕਰ ਦਿੱਤੀ ਜਾਂਦੀ ਹੈ, ਉਸ ਤੋਂ ਸਾਫ਼ ਹੈ ਕਿ ਪੰਜਾਬ 'ਚ ਗੁੰਡਾ ਰਾਜ ਕਿਸ ਹੱਦ ਤੱਕ ਅੱਗੇ ਵੱਧ ਗਿਆ ਹੈ। ਅਗਵਾ ਕੀਤਾ ਕੈਦੀ ਵੀ ਕੋਈ ਆਮ ਆਦਮੀ ਨਹੀਂ ਸਗੋਂ ਸੱਤਾਧਾਰੀ ਧਿਰ ਦੇ ਆਗੂਆਂ ਦਾ ਨੇੜਲਾ ਹੈ।
ਪੰਜਾਬ 'ਚ ਇਸ ਸਮੇਂ ਮਾਫ਼ੀਆ ਬੇਲਗਾਮ ਹੈ, ਇਸ ਮਾਫ਼ੀਏ ਦੇ ਬੇਲਗਾਮ ਹੋਣ ਦਾ ਕਾਰਣ ਬੇਈਮਾਨ, ਲੋਭੀ, ਲਾਲਚੀ, ਸੱਤਾਧਾਰੀ ਆਗੂਆਂ ਤੇ ਭ੍ਰਿਸ਼ਟ ਅਫ਼ਸਰਸ਼ਾਹੀ ਦਾ ਮਿਲਿਆ ਥਾਪੜਾ ਹੈ। ਅੱਜ ਜਦੋਂ ਇਕ ਪਾਸੇ ਇਸ ਨਸ਼ਾ ਮਾਫ਼ੀਆ ਨੇ ਪੰਜਾਬ ਦੇ ਹਰ ਘਰ ਦੇ ਬੂਹੇ ਅੱਗੇ ਮੌਤ ਦਾ ਨੰਗਾ ਨਾਚ ਸ਼ੁਰੂ ਕਰਵਾ ਦਿੱਤਾ ਹੋਇਆ ਹੈ, ਉਥੇ ਦੂਜੇ ਪਾਸੇ ਇਸ ਮਾਫ਼ੀਏ ਕਾਰਣ ਕੋਈ ਪੰਜਾਬੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ, ਉਸਦੀ ''ਕੁੱਲੀ, ਗੁੱਲੀ, ਜੁੱਲੀ'' ਤਿੰਨੋ ਮਾਫ਼ੀਏ ਦੇ ਰਹਿਮੋ-ਕਰਮ 'ਤੇ ਹਨ ਅਤੇ ਉਸ ਲਈ ਮਨੁੱਖੀ ਅਧਿਕਾਰ ਜਾਂ ਇਨਸਾਫ਼ ਸੁਫ਼ਨੇ ਵਾਗੂੰ ਹੋ ਗਏ ਹਨ, ਉਸ ਸਮੇਂ ਇਸ ਬੇਲਗਾਮ ਮਾਫ਼ੀਏ ਨੂੰ ਨੱਥ ਪਾਉਣੀ ਜ਼ਰੂਰੀ ਹੋ ਗਈ ਹੈ ਅਤੇ ਪਹਿਰੇਦਾਰ ਸਮੁੱਚੇ ਪੰਥ ਪ੍ਰਸਤਾਂ ਤੇ ਜਿਊਦੀ ਜਾਗਦੀ ਜ਼ਮੀਰ ਵਾਲੇ ਅਣਖ਼ੀਲੇ ਪੰਜਾਬੀਆਂ ਨੂੰ ਨਾਲ ਲੈ ਕੇ, ਇਸ ਬੇਲਗਾਮ ਮਾਫ਼ੀਏ ਨੂੰ ਨੱਥ ਪਾਉਣ ਲਈ ਮੈਦਾਨ 'ਚ ਨਿੱਤਰਿਆ ਹੈ ਅਤੇ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੇ ਪੰਜਾਬ ਦੀ ਹੋਣੀ ਬਦਲਣ ਦੇ ਸ਼ੁਭ ਸੰਕੇਤ ਆਰੰਭਤਾ 'ਚ ਦਿੱਤੇ ਹਨ।
ਖੈਰ! ਅੰਮ੍ਰਿਤਸਰ ਦੇ ਹਸਪਤਾਲ 'ਚੋਂ ਇਕ ਕੈਦੀ ਨੂੰ ਪੁਲਿਸ ਵਾਲਿਆਂ ਦਾ ਚੁੱਕ ਕੇ ਲੈ ਜਾਣਾ ਅਤੇ ਉਸਨੂੰ ਲਾਪਤਾ ਕਰ ਦੇਣਾ, ਪੰਜਾਬ ਪੁਲਿਸ ਦੇ ਉਸ ਕਾਲੇ ਅਤੀਤ ਤੇ ਇਕ ਵਾਰ ਫ਼ਿਰ ਮੋਹਰ ਲਾਉਂਦਾ ਹੈ, ਜਿਸ ਅਤੀਤ 'ਚ ਇਸੇ ਧੱਕੜ ਪੰਜਾਬ ਪੁਲਿਸ ਨੇ ਪੰਜਾਬ ਦੇ ਹਜ਼ਾਰਾਂ ਸਿੱਖ ਗੱਭਰੂਆਂ ਨੂੰ ਘਰਾਂ 'ਚ ਸੁੱਤਿਆ ਪਿਆ ਨੂੰ ਚੁੱਕ ਕੇ ''ਲਾਪਤਾ'' ਕਰ ਦਿੱਤਾ ਸੀ ਅਤੇ 25 ਹਜ਼ਾਰ ਅਜਿਹੇ ਗੱਭਰੂਆਂ ਦੀਆਂ ਲਾਸ਼ਾਂ ਦਾ ਅਣਪਛਾਤੀਆਂ ਲਾਸ਼ਾਂ ਆਖ ਕੇ ਸੰਸਕਾਰ ਕਰ ਦਿੱਤਾ ਸੀ। ਜਿਹੜੀ ਪੰਜਾਬ ਪੁਲਿਸ ਅੱਜ, ਇਕ ਪ੍ਰਭਾਵਸ਼ਾਲੀ ਕੈਦੀ ਨੂੰ ਹਸਪਤਾਲ 'ਚੋਂ ਖੁਰਦ-ਬੁਰਦ ਕਰਨ ਤੋਂ ਭੋਰਾ-ਭਰ ਸੰਕੋਚ ਨਹੀਂ ਕਰਦੀ, ਕਿਸੇ ਕਾਨੂੰਨ ਦਾ ਭੈਅ ਨਹੀਂ ਮੰਨਦੀ, ਉਸ ਪੁਲਿਸ ਤੇ ਜਦੋਂ ਕੋਈ ਕਾਨੂੰਨ ਲਾਗੂ ਹੀ ਨਹੀਂ ਹੁੰਦਾ ਸੀ, ਉਦੋਂ ਸਿੱਖ ਨੌਜਵਾਨਾਂ ਦੇ ਨਾਲ ਇਹ ਘਿਨਾਉਣੀ ਕਾਲੀ ਖੇਡ, ਕਿੰਨੇ ਜ਼ਾਲਮਾਨਾ ਢੰਗ ਨਾਲ ਖੇਡੀ ਹੋਵੇਗੀ, ਇਹ ਅਹਿਸਾਸ ਕਰਕੇ, ਹਰ ਇਨਸਾਫਪਸੰਦ ਵਿਅਕਤੀ ਦੇ ਰੂਹ ਜ਼ਰੂਰ ਕੰਬਦੀ ਹੋਵੇਗੀ।
ਅੰਮ੍ਰਿਤਸਰ ਦੇ ਬਿਕਰਮਜੀਤ ਕਾਂਡ ਨੇ ਇਸ ਸਮੇਂ ਦੋ ਮੁੱਖ ਮੁੱਦੇ ਇਕ ਵਾਰ ਫ਼ਿਰ ਚਰਚਾ 'ਚ ਲੈ ਆਂਦੇ ਹਨ, ਜਿਨ੍ਹਾਂ ਬਾਰੇ ਚਰਚਾ ਹੋਣੀ ਸੁਭਾਵਿਕ ਹੈ। ਪੰਜਾਬ 'ਚ ਮਾਫ਼ੀਏ ਦਾ ਗੁੰਡਾਰਾਜ ਤੇ ਪੰਜਾਬ ਪੁਲਿਸ ਦੀ ਧੱਕੜ ਨੀਤੀ, ਇਸ ਕਾਂਡ ਨੇ ਮੁੜ ਜੱਗ ਜ਼ਾਹਿਰ ਕੀਤੀ ਹੈ। ਜਿਸ ਨਾਲ ਉਨ੍ਹਾਂ 25 ਹਜ਼ਾਰ ਨਿਰਦੋਸ਼ ਸਿੱਖ ਗੱਭਰੂਆਂ ਜਿਨ੍ਹਾਂ ਦੀਆਂ ਲਾਸ਼ਾਂ ਅਣਪਛਾਤੀਆਂ ਆਖ਼ ਕੇ ਸਾੜ ਦਿੱਤੀਆਂ ਗਈਆਂ, ਉਨ੍ਹਾਂ ਦੇ ਲੇਖੇ-ਜੇਖੋ ਅਤੇ ਪੰਜਾਬ 'ਚ ਦਿਨੋ-ਦਿਨ ਸ਼ਕਤੀਸ਼ਾਲੀ ਹੁੰਦੇ ਗੁੰਡਾ ਰਾਜ ਨੂੰ ਨੱਥ ਪਾਉਣ ਲਈ ਪੰਜਾਬ 'ਚ 'ਮਾਫ਼ੀਆ ਭਜਾਓ' ਲਹਿਰ ਨੂੰ ਮਜ਼ਬੂਤ ਲੋਕ ਲਹਿਰ 'ਚ ਬਦਲਣਾ ਤਾਂ ਕਿ ਇਹ ਗੁੰਡਾ ਮਾਫ਼ੀਆ ਕਿਸੇ ਨਾਲ ਧੱਕੇਸ਼ਾਹੀ, ਬੇਇਨਸਾਫ਼ੀ ਕਰਨ ਤੋਂ ਪਹਿਲਾ ਸੌ ਵਾਰੀ ਸੋਚਣ ਲਈ ਮਜ਼ਬੂਰ ਹੋਵੇ।
ਅੱਜ ਚੋਣ ਨਤੀਜੇ ਵੀ ਆ ਜਾਣੇ ਹਨ ਅਤੇ ਸਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਜੇ ਇਹ ਨਤੀਜੇ ਸੱਤਾਧਾਰੀ ਧਿਰ ਦੇ ਹੱਕ 'ਚ ਜਾਂਦੇ ਹਨ ਤਾਂ ਵੀ ਪੰਜਾਬ 'ਚ ਲੁੱਟ ਤੇ ਕੁੱਟ ਵੱਧਣੀ ਹੈ ਅਤੇ ਜੇ ਸੱਤਾਧਾਰੀ ਧਿਰ ਦੇ ਵਿਰੋਧ 'ਚ ਜਾਂਦੇ ਹਨ ਤਾਂ ਫ਼ਿਰ ਬੁਖਲਾਹਟ ਕਾਰਣ ਬਦਲੇ ਦੀ ਕਾਰਵਾਈ ਦੀ ਜਾਬਰ ਹਨੇਰੀ ਵੀ ਚੱਲਣੀ ਹੈ। ਇਨ੍ਹਾਂ ਦੋਵਾਂ ਹਾਲਤਾਂ ਦਾ ਮੁਕਾਬਲਾ ਸਿਰਫ਼ ਤੇ ਸਿਰਫ਼ ਜਾਗਰੂਕ, ਅਣਖ਼ੀ ਪੰਜਾਬੀਆਂ ਦਾ ਏਕਾ ਅਤੇ ਲੋਕ ਲਹਿਰ ਹੀ ਕਰ ਸਕਦੀ ਹੈ। ਇਸ ਲਈ ਅੱਜ ਹਰ ਜਾਗਰੂਕ, ਬੁੱਧੀਵਾਨ ਅਤੇ ਅਣਖ਼ੀਲੇ ਪੰਜਾਬੀ ਨੂੰ ਆਪਣੇ ਸੋਹਣੇ ਰੰਗਲੇ ਪੰਜਾਬ ਦੀ ਰਾਖ਼ੀ ਲਈ ਪੂਰੀ ਦ੍ਰਿੜਤਾ ਨਾਲ ਮਾਫ਼ੀਆ ਭਜਾਓ, ਮੁਹਿੰਮ 'ਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਜਾਬਰ, ਧੱਕੜ, ਲੋਟੂ, ਤਾਕਤਾਂ ਨੂੰ ਫ਼ਨ ਚੁੱਕਣ ਦਾ ਮੌਕਾ ਹੀ ਨਾ ਮਿਲੇ ਅਤੇ ਆਪਣੇ ਬਚਾਓ ਲਈ ਖੁੱਡਾਂ 'ਚ ਦੁਬਕ ਜਾਣ।
-ਜਸਪਾਲ ਸਿੰਘ ਹੇਰਾਂ
ਜਸਪਾਲ ਸਿੰਘ ਹੇਰਾਂ
ਗੁੰਡਾ ਰਾਜ ਦਾ ਸਿਖਰ ............ਜਸਪਾਲ ਸਿੰਘ ਹੇਰਾਂ
Page Visitors: 2743