ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਗੁਰੂਆਂ ਦੀ ਧਰਤੀ ਗੁੰਡਿਆਂ ਦੇ ਕਬਜ਼ੇ ‘ਚ ਕਦੋਂ ਤਕ
ਗੁਰੂਆਂ ਦੀ ਧਰਤੀ ਗੁੰਡਿਆਂ ਦੇ ਕਬਜ਼ੇ ‘ਚ ਕਦੋਂ ਤਕ
Page Visitors: 2699

ਗੁਰੂਆਂ ਦੀ ਧਰਤੀ ਗੁੰਡਿਆਂ ਦੇ ਕਬਜ਼ੇ ਚ ਕਦੋਂ ਤਕ
ਕੀ ਗੁਰੂ ਸਾਹਿਬਾਨਾਂ ਦੀ ਜਨਮ ਭੂਮੀ ਤੇ ਕਰਮ ਭੂਮੀ ,ਜਿਹੜੀ ਗੁਰੂਆਂ ਦੇ ਨਾਮ 'ਤੇ ਵਸਦੀ 'ਤੇ ਜਿਊਂਦੀ ਹੈ , ਉਹ ਧਰਤੀ ਗੁੰਡਿਆਂ, ਕਾਤਲਾਂ ਤੇ ਲੁਟੇਰਿਆਂ 'ਤੇ ਨਸ਼ੇੜੀਆਂ ਦੀ ਧਰਤੀ ਹੋ ਕੇ ਰਹਿ ਜਾਵੇਗੀ? ਇਹ ਸੁਆਲ ਅੱਜ ਹਰ ਜਾਗਰੂਕ ਪੰਜਾਬੀ ਦੇ ਮੱਥੇ 'ਤੇ ਨਵੇਂ ਚੜ੍ਹਦੇ ਸੂਰਜ ,ਜਦੋਂ ਉਹ ਅਖਬਾਰ ਦੀਆਂ ਸੁਰਖੀਆਂ 'ਤੇ ਨਜ਼ਰ ਮਾਰਦਾ ਹੈ, ਗੂੜ੍ਹਾ ਹੁੰਦਾ ਹੈ। ਪੰਜਾਬ 'ਚ ਹਰ ਪਾਸੇ ਲੁੱਟ -ਖੋਹ , ਕਤਲੋਗਾਰਤ , ਬੇਇਨਸਾਫੀ ਤੇ ਧੱਕੇਸ਼ਾਹੀ ਦਾ ਬੋਲਬਾਲਾ ਹੈ। ਕਿਸੇ ਗੁੰਡੇ ਲੁਟੇਰੇ ਨੂੰ ਅਮਨ ਕਾਨੂੰਨ ਤੇ ਪੁਲਿਸ ਦਾ ਕੋਈ ਡਰ ਨਹੀਂ ਹੈ । ਪੁਲਿਸ ਖੁਦ ਸਭ ਤੋਂ ਵੱਡੀ ਕਾਤਲ ਤੇ ਲੁਟੇਰਾ ਜਮਾਤ ਦਾ ਖਿਤਾਬ ਹਾਸਲ ਕਰ ਚੁੱਕੀ ਹੈ। ਪੁਲਿਸ ਦੀ ਵਰਦੀ ਦਾ ਹੰਕਾਰ , ਲੱਗਪੱਗ ਹਰ ਪੁਲਿਸੀਏ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਥੋਂ ਤੱਕ ਪੁਲਿਸ ਵਾਲਿਆਂ ਦੇ ਮੁੰਡੇ ਆਪਣੇ- ਆਪ ਨੂੰ ਸਭ ਤੋਂ ਵੱਡੇ ਗੁੰਡੇ ਵਜੋਂ ਪੇਸ਼ ਕਰਨ 'ਚ ਰੁੱਝੇ ਹੋਏ ਹਨ। ਜਮਾਲਪੁਰ ਕਤਲ ਕਾਂਡ , ਜਿਸ ' ਪਿਲਸ ਵਰਦੀ ਨੇ ਜਮਦੂਤ ਦਾ ਰੂਪ ਦਿਖਾਇਆ ਅਤੇ ਸੱਤ੍ਹਾਧਾਰੀ ਆਗੂ ਦੇ ਥਾਪੜੇ ਅਤੇ ਲੋਭ ਲਾਲਚ 'ਚ ਦੋ ਹੋਣਹਾਰ ਮੁੰਡਿਆਂ ਤੋਂ ਜਿਊਣ ਦਾ ਹੱਕ ਖੋਹ ਲਿਆ, ਦੀ ਸਿਆਹੀ ਅਜੇ ਸੁੱਕੀ ਨਹੀਂ ਕਿ ਅੰਮ੍ਰਿਤਸਰ 'ਚ ਇੱਕ ਥਾਣੇਦਾਰ ਦੇ ਵਿਗੜੈਲ ਮੁੰਡੇ ਹਰਪ੍ਰੀਤ, ਜਿਹੜਾ ਗੈਂਗਸਟਰ ਵਜੋਂ ਵਿਚਰ ਰਿਹਾ ਸੀ ,ਦੇ ਤਸ਼ੱਦਦ ਦਾ ਸ਼ਿਕਾਰ ਹੋਏ ਇੱਕ ਹੋਰ ਮੁੰਡੇ ਜਗਦੇਵ ਦੀ ਮੌਤ ਹੋ ਗਈ । ਪੁ
ਲਿਸ ਵਾਲੇ ਦਾ ਇਹ ਵਿਗੜੈਲ ਮੁੰਡਾ ਲੰਮੇਂ ਸਮੇਂ ਤੋਂ ਗੁੰਡਾਗਰਦੀ 'ਚ ਮੋਹਰੀ ਸੀ, ਪ੍ਰੰਤੂ ਬਾਪ ਦੀ ਵਰਦੀ ਉਸ ਨੂੰ ਸੁੱਰਖਿਆ ਛੱਤਰੀ ਦਿੰਦੀ ਆ ਰਹੀ ਸੀ, ਜਿਸ ਕਾਰਣ ਉਸਦੀ ਧੌਂਸ ਤੇ ਵਿਗੜੈਲਪੁਣੇ 'ਚ ਦਿਨੋ-ਦਿਨ ਵਾਧਾ ਹੁੰਦਾ ਗਿਆ ਅਤੇ ਆਖਰ ਇੱਕ ਜੁਆਨ ਦੀ ਜਾਨ ਲੈਣ ਤੱਕ ਗੱਲ ਪੁੱਜ ਗਈ। ਪੰਜਾਬ 'ਚ ਜਿਸ ਤਰਾਂ ਆਏ ਦਿਨ ਕਤਲੋਗਾਰਤ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ, ਗੁੰਡਾ ਗਰਦੀ ਵੱਧ ਰਹੀ ਹੈ , ਆਖਰ ਇਸ ਪਿੱਛੇ ਕੀ ਕਾਰਣ ਹਨ ? ਨਵੀਂ ਪੀੜੀ੍ਹ , ਜਿਹੜੀ ਨਸ਼ੇੜੀ ਹੋ ਗਈ ਹੈ , ਸੂਬੇ ਦੇ ਵੱਡੇ ਆਗੂਆਂ ਵਲੋਂ ਉਹਨਾਂ ਦੀ ਵਰਤੋਂ ਕਰਨ ਲਈ ਦਿੱਤੇ ਜਾ ਰਹੇ ਥਾਪੜੇ ਕਾਰਣ ਹੰਕਾਰੀ ਹੋ ਚੁੱਕੀ ਹੈ। ਉਸ ਨੌਜਵਾਨ ਪੀੜੀ੍ਹ ਵਲੋਂ ਂ ਫਿਲਮੀ ਗਲੈਮਰ ਵਾਲੇ ਜੀਵਨ ਨੂੰ ਹਕੀਕਤ 'ਚ ਬਦਲਣ ਦਾ ਝੂਠਾ ਯਤਨ ਕੀਤਾ ਜਾ ਰਿਹਾ ਹੈ । ਉਹਨਾਂ ਦੇ ਇਨ੍ਹਾਂ ਝੂਠੇ ਸੁਫਨਿਆਂ ਨੂੰ ਹਾਕਮ ਧਿਰ ਦਾ ਥਾਪੜਾ , ਹੋਰ ਭੜਕਾ ਰਿਹਾ ਹੈ । ਉਹਨਾਂ ਨੂੰ ਜਾਪਦਾ ਹੈ ਕਿ ਉਹ ਫਿਲਮੀ ਡਾਨ ਹਨ ਅਤੇ ਜੋ ਚਾਹੁੰਣ, ਜਿਵੇਂ ਚਾਹੁੰਣ ਕਰ ਸਕਦੇ ਹਨ। ਪੰਜਾਬ 'ਚ ਜਦੋਂ ਤੋਂ ਸੁਖਬੀਰ-ਬਿਕਰਮ ਯੁੱਗ ਸ਼ੁਰੂ ਹੋਇਆ ਹੈ , ਐਸ.ਓ.ਆਈ. ਦੀ ਚੜ੍ਹਤ ਨਾਲ ਨਵੇਂ ਮੁੰਡਿਆਂ ਨੂੰ ਸੱਤਾ ਦੇ ਨਸ਼ੇ ਨਾਲ ਅੰਨ੍ਹਾ ਕਰ ਛੱਡਿਆ ਹੈ । ਉਨ੍ਹਾਂ ਲਈ ਚੰਗਾ ਮਾੜਾ ਕੋਈ ਅਰਥ ਹੀ ਨਹੀਂ ਰੱਖਦਾ ।
ਅਸੀਂ ਪੰਜਾਬ ਦੀ ਦਿਨੋ- ਦਿਨ ਵਿਗੜਦੀ ਅਮਨ-ਕਾਨੂੰਨ ਦੀ ਹਾਲਤ , ਆਰਥਿਕ ਮੰਦਹਾਲੀ , ਵੱਧਦੀ ਬੇਰੁਜ਼ਗਾਰੀ , ਇਨਸਾਫ ਦਾ ਹੁੰਦਾ ਨੰਗਾ-ਚਿੱਟਾ ਕਤਲ ਅਤੇ ਧੱਕੇਸ਼ਾਹੀ ਦੀ ਹੁੰਦੀ ਜੈ-ਜੈ ਕਾਰ ਨੂੰ ਭ੍ਰਿਸ਼ਟ ਸੱਤ੍ਹਾਧਾਰੀਆਂ, ਭ੍ਰਿਸ਼ਟ ਅਫਸਰਸ਼ਾਹੀ ਤੇ ਮਾਫੀਏ ਦੀ ਤਿੱਕੜੀ ਦੇ ਖਾਤੇ ਪਾਉਂਦੇ ਹਾਂ। ਜਦੋਂ ਤੱਕ ਵੋਟ ਤੰਤਰ, ਨੋਟ ,ਨਸ਼ੇ ਤੇ ਡੰਡਾਤੰਤਰ ਦੇ ਸਹਾਰੇ ਚੱਲੇਗਾ, ਉਦੋਂ ਤੱਕ ਇਸ ਤਿੱਕੜੀ ਨੂੰ ਤੋੜਨਾ ਅਤੇ ਖਦੇੜਨਾ ਅਸੰਭਵ ਹੈ । ਪੰਜਾਬ 'ਚ ਜਿਸ ਤਰਾਂ੍ਹ ਗੁੰਡਾ ਤੰਤਰ ਦਿਨੋ- ਦਿਨ ਭਾਰੂ ਹੋ ਰਿਹਾ ਹੈ , ਉਸ ਪਿੱਛੇ ਪੰਜਾਬ 'ਚ ਮਾਫੀਏ ਦੀ ਮਜ਼ਬੂਤ ਹੋ ਰਹੀ ਪਕੜ ਜ਼ੁੰਮੇਵਾਰ ਹੈ। ਆਮ ਆਦਮੀ ਆਪਣੇ ਹਰ ਪਾਸੇ ਇਸ ਗੁੰਡਾਤੰਤਰ ਦਾ ਵਿਛਿਆ ਜਾਲ ਵੇਖ ਕੇ ਖੌਫਜ਼ਦਾ ਹੈ। ਉਸਨੂੰ ਪੰਜਾਬ ' ਕਿਸੇ ਪਾਸੇ ਸਰਕਾਰ ਤੇ ਪ੍ਰਸ਼ਾਸਨ ਦੀ ਹੋਂਦ ਦਿਖਾਈ ਹੀਂ ਨਹੀਂ ਦਿੰਦੀ। ਉਹ ਇਸ ਗੁੰਡਾਤੰਤਰ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ । ਭਿਆਨਕ ਘਟਨਾ ਵਾਪਰਨ 'ਤੇ ਜ਼ਰੂਰ ਧਰਨੇ ਮੁਜ਼ਾਹਰੇ ਹੁੰਦੇ ਹਨ , ਜਿਨ੍ਹਾਂ ਦੀ ਆਵਾਜ਼ ਦੋ- ਚਾਰ ਦਿਨ ਬਾਅਦ ਮੱਧਮ ਹੋ ਜਾਂਦੀ ਹੈ , ਪ੍ਰੰਤੂ ਗੁੰਡਾਤੰਤਰ ਨੂੰ ਕੋਈ ਫਰਕ ਨਹੀਂ ਪੈਂਦਾ । ਪੰਜਾਬ ਅਣਖੀ ਲੋਕਾਂ ਦੀ ਧਰਤੀ ਹੈ ,ਇਸ ਧਰਤੀ 'ਤੇ ਭੇਡ ਬੱਕਰੀਆਂ ਦਾ ਕੋਈ ਕੰਮ ਨਹੀ , ਇਹ ਸ਼ੇਰਾਂ ਦੀ ਕਰਮ ਭੂਮੀ ਹੈ , ਜਿਹੜੇ ਹਰ ਜ਼ੋਰ- ਜ਼ਬਰ , ਜ਼ੁਲਮ ਤੱਸ਼ਦਦ , ਧੱਕੇਸ਼ਾਹੀ ਤੇ ਬੇਇੱਜ਼ਤੀ ਵਿਰੁੱਧ ਜੂਝਦੇ ਆਏ ਹਨ ਕਿਂਕਿ ਭੈ ਕਾਹੂੰ ਕੋ ਦੇਤਿ ਨਹਿ , ਨਾ ਭੈ ਮਾਨਤਿ ਆਨਦੀ ਗੂੜ੍ਹਤੀ ਇਸ ਧਰਤੀ 'ਤੇ ਜਨਮ ਲੈਣ ਵਾਲਿਆਂ ਨੂੰ ਗੁਰਬਾਣੀ ਦਿੰਦੀ ਹੈ। ਜੇ ਇਸ ਧਰਤੀ 'ਤੇ ਅੱਜ ਗੁੰਡਾਗਰਦੀ ਦਾ ਦਬਦਬਾ ਹੈ। ਪੰਜਾਬ ਦੇ ਲੋਕ ਸਿਰ ਸੁੱਟ ਕੇ ਜ਼ੋਰ-ਜ਼ਬਰ ਝੱਲ੍ਹ ਰਹੇ ਹਨ ਤਾਂ ਇਸ ਧਰਤੀ ਨੂੰ ਗੁਰੂਆਂ ਦੇ ਨਾਮ 'ਤੇ ਵੱਸਦੀ ਧਰਤੀ ਨਹੀਂ ਆਖਿਆ ਜਾ ਸਕਦਾ, ਫਿਰ ਸਾਨੂੰ ਪੰਜਾਬੀ ਅਖਵਾਉਣ ਦਾ ਕੋਈ ਹੱਕ ਨਹੀਂ ਹੈ। ਇਸ ਸੁਆਲ ਦਾ ਜਵਾਬ ਹਰ ਪੰਜਾਬੀ ਨੂੰ ਆਪਣੀ ਆਤਮਾ ਤੋਂ ਜ਼ਰੂਰ ਪੁੱਛਣਾ ਚਾਹੀਦਾ ਹੈ।-ਜਸਪਾਲ ਸਿੰਘ ਹੇਰਾਂ

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.