ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਮੋਦੀ ਜੀ, ਫਿਰ ਧਾਰਾ 25-ਬੀ ਨੂੰ ਖਤਮ ਕਰੋ
ਮੋਦੀ ਜੀ, ਫਿਰ ਧਾਰਾ 25-ਬੀ ਨੂੰ ਖਤਮ ਕਰੋ
Page Visitors: 2651

ਮੋਦੀ ਜੀ, ਫਿਰ ਧਾਰਾ 25-ਬੀ ਨੂੰ ਖਤਮ ਕਰੋ
ਦਿੱਲੀ ਦੀ ਕਰਾਰੀ ਹਾਰ ਤੇ ਅਮਰੀਕੀ ਰਾਸ਼ਟਰਪਤੀ ਦੀਆਂ ਚੋਭਾਂ ਤੋਂ ਬਾਅਦ ਹਿੰਦੂਵਾਦ ਦੇ ਪ੍ਰਤੀਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਟੜਵਾਦ ਹਿੰਦੂਵਾਦ ਤੇ ਆਪਣੀ ਸੁਰ ਬਦਲੀ ਹੈ । ਮੋਦੀ ਨੇ ਈਸਾਈ ਭਾਈਚਾਰੇ ਦੇ ਇਕ ਸਮਾਗਮ ‘ਚ ਆਖਿਆ ਕਿ ਦੇਸ਼ ‘ਚ ਕਿਸੇ ਵੀ ਧਰਮ ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਧਰਮ ਦੇ ਨਾਮ ਤੇ ਨਫਰਤ ਫੈਲਾਉਣ ਦਿੱਤੀ ਜਾਵੇਗੀ। ਅਸੀਂ ਸਮਝਦੇ ਹਾਂ ਕਿ ਮੋਦੀ ਦਾ ਇਹ ਬਿਆਨ ਹਿੰਦੂਵਾਦੀ ਤਾਕਤਾਂ ਦੇ ਦੋਹਰੀ ਨੀਤੀ ਦੇ ਮੰਥਨ ‘ਚ ਨਿਕਲਿਆ ਹੈ। ਹੁਣ ਇਨਾਂ ਤਾਕਤਾਂ ਦੇ ਖਾਣ ਦੇ ਦੰਦ ਹੋਰ ਤੇ ਵਿਖਾਉਣ ਦੇ ਹੋਰ ਹੋਣਗੇ। ਸਰਕਾਰ ਦੀ ਬਿਆਨਬਾਜ਼ੀ ਦੇਸ਼ ਦੀ ਅਖੌਤੀ ਧਰਮ ਨਿਰਪੱਖਤਾ ਦੇ ਰੰਗ ‘ਚ ਰੰਗੀ ਹੋਵੇਗੀ। ਜਦੋਂ ਕਿ ਭਗਵਾਂ ਬਿ੍ਰਗੇਡ ਆਪਣੇ ਹਿੰਦੂਕਰਨ ਦੇ ਮਿਸ਼ਨ ਵੱਲ ਸਾਬਤ ਕਦਮੀ ਵੱਧਦਾ ਰਹੇਗਾ। ਗੁਜਰਾਤ ‘ਚ ਘੱਟ ਗਿਣਤੀਆਂ ਦੇ ਖੂਨ ਨਾਲ ਹੱਥ ਰੰਗਣ ਵਾਲੇ ਦਾ, ਦੇਸ਼ ‘ਚ ਕਿਸੇ ਧਰਮ ਤੇ ਹਮਲਾ ਬਰਦਾਸ਼ਤ ਨਹੀਂ ਹੋਵੇਗਾ ਦਾ ਦਮਗਜ਼ਾ ਮਾਰਨਾ, ਸ਼ਾਇਦ ਹੀ ਕਿਸੇ ਨੂੰ ਹਜ਼ਮ ਹੋਵੇਗਾ।
ਅਸੀਂ ਮੋਦੀ ਦੇ ਬਿਆਨ ਤੇ ਭਰੋਸਾ ਕਰਦੇ ਹੋਏ, ਉਸਨੂੰ ਆਪਣੀ ਕਹਿਣੀ ਤੇ ਕਰਨੀ ਨੂੰ ਇੱਕ ਕਰਕੇ ਵਿਖਾਉਣ ਦੀ ਅਪੀਲ ਜਰੂਰ ਕਰਾਂਗੇ।ਭਾਜਪਾ ਦੀ “ਮਾਂ” ਸੰਘ ਵੱਲੋਂ ਵਾਰ-ਵਾਰ ਦਾਅਵਾ ਕੀਤਾ ਜਾਂਦਾ ਹੈ ਕਿ “ਸਿੱਖ ਹਿੰਦੂ ਧਰਮ ਦਾ ਅੰਗ ਹੈ” ਅਤੇ ਇਸ ਦੇਸ਼ ਨੂੰ ਸੰਵਿਧਾਨ ਦੀ ਧਾਰਾ 25 ਬੀ ਵੀ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਦੀ ਹੈ। ਜੇ ਮੋਦੀ ਨੇ ਸੱਚੇ ਮਨੋਂ ਆਖਿਆ ਹੈ ਕਿ ਕਿਸੇ ਧਰਮ ਤੇ ਹਮਲਾ ਬਰਦਾਸ਼ਤ ਨਹੀਂ ਹੋਵੇਗਾ ਤਾਂ ਉਸਨੂੰ ਭਗਵਾਂ ਬਿ੍ਰਗੇਡ ਵੱਲੋਂ ਸਿੱਖ ਧਰਮ ਦੀ ਹੋਂਦ ਤੇ ਕੀਤੇ ਜਾਂਦੇ ਹਮਲੇ ਵਿੱਰੁਧ ਸਭ ਤੋਂ ਪਹਿਲਾਂ ਐਕਸ਼ਨ ਲੈਣਾ ਚਾਹੀਦਾ ਹੈ। ਉਸਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਦੇ ਖਾਤਮੇ ਦਾ ਐਲਾਨ ਕਰਦਿਆਂ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਣ ਤੇ ਆਖਣ ਵਾਲਿਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 295 ਏ ਅਧੀਨ ਮੁਕੱਦਮੇ ਦਰਜ ਕਰਵਾਉਣੇ ਚਾਹੀਦੇ ਹਨ। ਜੇ ਮੋਦੀ ਕਿਸੇ ਧਰਮ ਤੇ ਹਮਲੇ ਵਿਰੁੱਧ ਸੱਚੇ ਮਨੋਂ ਹਨ ਤਾਂ ਉਨਾਂ ਨੂੰ ਜੂਨ 1984 ‘ਚ ਸਿੱਖਾਂ ਦੇ ਸਰਵਉੱਚ ਧਾਰਮਿਕ ਕੇਂਦਰ, ਭਗਤੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਨੂੰ ਸਿੱਖ ਧਰਮ ਤੇ ਹਮਲਾ ਮੰਨਦਿਆਂ, ਹਮਲਾ ਕਰਨ ਵਾਲਿਆਂ ਵਿਰੁੱਧ ਵੀ ਪਰਚੇ ਦਰਜ ਕਰਵਾਉਣੇ ਚਾਹੀਦੇ ਹਨ।
ਇਸੇ ਤਰਾਂ ਨਵੰਬਰ 1984 ‘ਚ ਸਿੱਖ ਕਤਲੇਆਮ ਨੂੰ ਸਿੱਖ ਧਰਮ ਤੇ ਹਮਲਾ ਮੰਨਦਿਆਂ, ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ਟੰਗਾਉੇਣ ਲਈ ਸਿੱਖ ਕਤਲੇਆਮ ਦੀ ਮੁੜ ਜਾਂਚ ਤੇ ਦੋਸ਼ੀਆਂ ਨੂੰ ਕਾਲ ਕੋਠੜੀਆਂ ‘ਚ ਬੰਦ ਕਰਨ ਦਾ ਫੈਸਲਾ ਤੁਰੰਤ ਸੁਣਾਉਣਾ ਚਾਹੀਦਾ ਹੈ। ਅਸੀਂ ਸਮਝਦੇ ਹਾਂ ਕਿ ਮੋਦੀ ਅਜਿਹਾ ਕੁੱਝ ਨਹੀਂ ਕਰਨਗੇ। ਉਹ ਭਵਿੱਖ ‘ਚ ਵੀ ਕੱਟੜ ਹਿੰਦੂਵਾਦੀ ਆਗੂਆਂ ਦੇ ਦੇਸ਼ ਦੀਆਂ ਘੱਟ ਗਿਣਤੀਆਂ ਵਿੱਰੁਧ ਬਿਆਨ ਤੇ ਕੰਨ ਬੰਦ ਕਰੀ ਰੱਖਣਗੇ ਅਤੇ ਦੇਸ਼ ਦੀਆਂ ਘੱਟ ਗਿਣਤੀਆਂ ਦਹਿਸ਼ਤ ਦੇ ਪ੍ਰਛਾਵੇਂ ਥੱਲੇ ਜਿਊਣ ਲਈ ਮਜ਼ਬੂਰ ਰਹਿਣਗੀਆਂ। ਸੱਤਾ ਲਾਲਸਾ ਭਾਵੇਂ ਸੱਤਾ ਦੇ ਭੁੱਖੇ ਆਗੂਆਂ ਦੀ ਸੋਚ, ਨਜ਼ਰੀਆਂ, ਵਤੀਰਾ, ਸੱਭ ਕੁੱਝ ਬਦਲ ਦਿੰਦੀ ਹੈ। ਪਰੰਤੂ ਮੋਦੀ ਵਰਗੇ ਹਿੰਦੂਵਾਦੀ ਆਗੂ ਦੀ ਸੋਚ ‘ਚ ਹਿੰਦੂਵਾਦ ਕੁੱਟ-ਕੁੱਟ ਭਰਿਆ ਹੋਇਆ ਹੈ। ਜਿਸ ਸਦਕਾ ਉਹ ਇਹ ਇਸ ਜਨਮ ‘ਚ ਕਦੇ ਵੀ ਧਰਮ ਨਿਰਪੱਖ ਨਹੀਂ ਹੋ ਸਕਦਾ। ਇਸ ਦੇਸ਼ ਦੇ ਉਨਾਂ ਪੁਰਾਣੇ ਆਗੂਆਂ ਨੂੰ ਜਿਨਾਂ ਨੂੰ ਆਮ ਲੋਕ ਸੱਚੀ-ਮੁੱਚੀ ਧਰਮ ਨਿਰਪੱਖ ਤੇ ਸੱਚੇ ਦੇਸ਼ ਭਗਤ ਮੰਨਦੇ ਹਨ । ਉਨਾਂ ਨੇ ਵੀ ਹਿੰਦੂਵਾਦ ਦੀ ਚਾਸ਼ਨੀ-ਚੜੀ ਸੋਚ ਨਾਲ ਦੇਸ਼ ਦੀਆਂ ਘੱਟ ਗਿਣਤੀਆਂ ਅਤੇ ਖਾਸ ਕਰਕੇ ਸਿੱਖਾਂ ਨਾਲ ਹਮੇਸ਼ਾਂ ਵਿਤਕਰਾ ਕੀਤਾ। ਦੇਸ਼ ਦੀ ਆਜ਼ਾਦੀ ਲਈ 85 ਫੀਸਦੀ ਕੁਰਬਾਨੀਆਂ ਕਰਨ ਵਾਲੀ ਕੌਮ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣ ਕੀ ਸਿੱਖ ਧਰਮ ਤੇ ਹਮਲਾ ਨਹੀਂ ਸੀ ?
ਖੈਰ ! ਅਸੀਂ ਇੱਕ ਵਾਰ ਫਿਰ ਮੋਦੀ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ੳੇਹ ਆਉਂਦੇ ਬਜਟ ਸੈਸ਼ਨ ‘ਚ ਸੰਵਿਧਾਨ ਦੀ ਧਾਰਾ 25 ਬੀ ਨੂੰ ਖਤਮ ਕਰਵਾਉਣ ਲਈ ਮਤਾ ਪੇਸ਼ ਕਰਕੇ ਉਸਨੂੰ ਪਾਸ ਕਰਵਾਉਣ ਅਤੇ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਕਤਲੇਆਮ ਪ੍ਰਵਾਨ ਕੀਤਾ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਮੋਦੀ ਦੇ ਇਸ ਬਿਆਨ ਨੂੰ ਕੋਰੀ ਗੱਪ ਮੰਨਿਆ ਜਾਵੇ।
ਜਸਪਾਲ ਸਿੰਘ ਹੇਰਾਂ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.