ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਸਿੱਖ ਮੁੱਦਿਆਂ ਦਾ ਇਕੋ-ਇਕ ਹੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂਸੱਤਾ
ਸਿੱਖ ਮੁੱਦਿਆਂ ਦਾ ਇਕੋ-ਇਕ ਹੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂਸੱਤਾ
Page Visitors: 2665

ਸਿੱਖ ਮੁੱਦਿਆਂ ਦਾ ਇਕੋ-ਇਕ ਹੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂਸੱਤਾ
    ਬੀਤੀ 6 ਜੂਨ ਨੂੰ ਸਾਕਾ ਦਰਬਾਰ ਸਾਹਿਬ ਦੀ 31ਵੀਂ ਯਾਦ ਮਨਾਉਣ ਸਮੇਂ ਜੋ ਕੁਝ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵਾਪਰਿਆ ਉਹ ਬਿਨਾਂ ਸ਼ੱਕ ਸ਼ਰਮਨਾਕ ਸੀ, ਜਿਸ ਨਾਲ ਸਮੁੱਚੀ ਕੌਮ ਦਾ ਸਿਰ ਨੀਵਾਂ ਹੋਇਆ। ਪ੍ਰੰਤੂ ਇਹ ਸ਼ਰਮਨਾਕ ਕਾਰਾ ਕਿਉਂ ਵਾਪਰਿਆ ਅਤੇ ਇਸ ਲਈ ਕੌਣ ਦੋਸ਼ੀ ਹੈ? ਇਹ ਸੁਆਲ ਅੱਜ ਸਮੁੱਚੀ ਕੌਮ ਸਾਹਮਣੇ ਸਿਰ ਚੁੱਕੀ ਖੜਾ ਹੈ ਪ੍ਰੰਤੂ ਕੋਈ ਵੀ ਇਸ ਦਾ ਸੱਚੋ-ਸੱਚ ਜਵਾਬ ਦੇਣ ਲਈ ਤਿਆਰ ਨਹੀਂ। ਸ਼ੋ੍ਰਮਣੀ ਕਮੇਟੀ ਜਾਂ ਸ਼ੋ੍ਰਮਣੀ ਕਮੇਟੀ ਦੇ ਆਕੇ ਬਾਦਲਕੇ ਜਾਂ ਮਾਨ ਦਲ ਜਾਂ ਫਿਰ ਸਿੱਖਾਂ ’ਚ ਦੋਫ਼ਾੜ ਪਾਉਣ ਵਾਲੀਆਂ ਅਤੇ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਖ਼ੁਫੀਆਂ ਏਜੰਸੀਆਂ, ਇਨਾਂ ਸਾਰੀਆਂ ਧਿਰਾਂ ਵੱਲ ਸ਼ੱਕ ਦੀ ਸੂਈ ਘੁਮਾਈ ਜਾ ਸਕਦੀ ਹੈ, ਪ੍ਰੰਤੂ ਹਕੀਕਤ ਇਹ ਹੈ ਕਿ ਅੱਜ ਸਿੱਖਾਂ ਦਾ ਕੋਈ ਸ਼ਕਤੀਸ਼ਾਲੀ ਧੁਰਾ ਨਹੀਂ ਜਿਸ ਕਾਰਣ ਸਿੱਖ ਸਿਆਸਤ ਜਿੱਥੇ ਆਪ ਮੁਹਾਰੀ ਹੋ ਚੁੱਕੀ ਹੈ, ਉਥੇ ਇਸ ਵਿੱਚ ਦਿਨੋ-ਦਿਨ ਨਿਘਾਰ ਅਤੇ ਗਿਰਾਵਟ ਵੀ ਆ ਰਹੀ ਹੈ। ਸਾਕਾ ਦਰਬਾਰ ਸਾਹਿਬ ਕੌਮੀ ਸਵੈਮਾਣ ਦੇ ਭਿਆਨਕ ਕਤਲੇਆਮ ਦੀ ਪ੍ਰਤੀਕ ਹੈ, ਇਸ ਲਈ ਇਸ ਦਿਹਾੜੇ ਦੀ ਯਾਦ ਸਮੇਂ ਸੱਚੇ-ਸੁੱਚੇ ਸਿੱਖਾਂ ਦੀਆਂ ਰੋਹ ਭਰੀਆਂ ਭਾਵਨਾਵਾਂ ਦਾ ਉਛਲਣਾ ਕੁਦਰਤੀ ਹੈ, ਪ੍ਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਾਬਜ਼ ਧਿਰਾਂ ਆਪਣੀ ਰਾਜਸੀ ਗੁਲਾਮੀ ਕਾਰਣ ਸਿੱਖਾਂ ਦੇ ਉਸ ਰੋਹ ਦਾ ਪ੍ਰਗਟਾਵਾ ਨਹੀਂ ਹੋਣ ਦੇਣਾ ਚਾਹੁੰਦੀਆਂ, ਇਹੋ 6 ਜੂਨ ਨੂੰ ਵਾਪਰੇ ਸਾਕੇ ਦਾ ਸੱਚ ਵੀ ਹੈ ਅਤੇ ਦੁਖਾਂਤ ਵੀ ਹੈ। ਅਸੀਂ ਸਮਝਦੇ ਹਾਂ ਕਿ ਸਿੱਖਾਂ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ, ਸਿੱਖਾਂ ’ਤੇ ਹੋ ਰਹੇ ਸਾਰੇ ਹਮਲਿਆਂ ਦੀ ਰੋਕਥਾਮ ਦਾ ਅਤੇ ਸਿੱਖੀ ਸਵੈਮਾਣ ਦੀ ਰਾਖ਼ੀ ਦਾ ਜੇ ਕੋਈ ਇੱਕੋ-ਇਕ ਹੱਲ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂਸੱਤਾ ਦੀ ਸਥਾਪਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਅਜ਼ਾਦ ਪ੍ਰਭੂ ਸੱਤਾ ਦਾ ਪ੍ਰਤੀਕ ਹੈ, ਇਹ ਸਿੱਖਾਂ ਦੀ ਸਰਵਉੱਚ ਰਾਜਸੀ ਸੰਸਥਾ ਹੈ, ਜਿਹੜੀ ਸਿੱਖੀ ’ਚ ਮੀਰੀ-ਪੀਰੀ ਦੇ ਸਿਧਾਂਤ ਦੀ ਬੁਨਿਆਦ ਹੈ।
   ਇਸ ਲਈ ਰਾਜਸੀ ਖੇਤਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹੀ ਸਿੱਖਾਂ ਨੂੰ ਸੇਧ ਤੇ ਅਗਵਾਈ ਦੇਣੀ ਹੈ ਅਤੇ ਜਦੋਂ ਤੱਕ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਕਤੀ ਲੈ ਕੇ ਜੂਝਦੇ ਰਹੇ, ਹਰ ਮੈਦਾਨ ਫ਼ਤਿਹ ਪਾਉਂਦੇ ਰਹੇ ਅਤੇ ਜਦੋਂ ਮੀਰੀ-ਪੀਰੀ ਸਿਧਾਂਤ ਤੋਂ ਲਾਂਭੇ ਹੋ ਕੇ ਮਨਮਾਨੀਆਂ ਤੇ ਉਤਰ ਆਏ, ਉਦੋਂ ਹੀ ਖੱਜਲ-ਖੁਆਰੀ ਸ਼ੁਰੂ ਹੋ ਗਈ, ਜਿਹੜੀ ਅੱਜ ਵੀ ਨਿਰੰਤਰ ਜਾਰੀ ਹੈ। ਸ੍ਰੀ ਅਕਾਲ ਤਖ਼ਤ ਦੀ ਅਜ਼ਾਦ ਹਸਤੀ, ਸਿੱਖਾਂ ਨੂੰ ਰੂਹਾਨੀ ਰੰਗ ’ਚ ਰੰਗੀ ਸੱਚੀ-ਸੁੱਚੀ ਅਗਵਾਈ ਦਿੰਦੀ ਸੀ, ਪ੍ਰੰਤੂ ਜਦੋਂ ਇਸ ਹਸਤੀ ਤੇ ਰਾਜਸੀ ਗ਼ਲਬਾ ਪੈ ਗਿਆ, ਅਗਵਾਈ ਨਿਰਪੱਖ ਤੇ ਨਿਰਭੈ ਨਾ ਰਹੀ, ਉਦੋਂ ਤੋਂ ਹੀ ਇਸ ਅਗਵਾਈ ਨੂੰ ਲੈ ਕੇ ਜਿਥੇ ਕੌਮ ’ਚ ਭੰਬਲਭੂਸਾ ਪੈ ਗਿਆ, ਉਥੇ ਅਗਵਾਈ ਤੇ ਵੀ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ, ਹਰ ਸੱਚਾ-ਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਅੱਗੇ ਸਿਰ ਝੁਕਾਉਂਦਾ ਹੈ। ਅਕਾਲ ਤਖ਼ਤ ਸਿੱਖਾਂ ਦੀ ਉਹ ਮਹਾਨ ਸੰਸਥਾ ਹੈ, ਜਿਹੜੀ ਸਿੱਖਾਂ ਦੀ ਜਾਨ ਹੈ ਅਤੇ ਜਾਨ ਤੋਂ ਬਿਨਾਂ ਹਰ ਸਰੀਰ ‘ਮੁਰਦਾ’ ਹੋ ਜਾਂਦਾ ਹੈ, ਇਹੋ ਸਥਿਤੀ ’ਚ ਅੱਜ ਕੌਮ ਪੁੱਜ ਚੁੱਕੀ ਹੈ। ਹੁਣ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਰੋਲ ਬਾਰੇ ਨੁਕਤਾਚੀਨੀ ਤੇ ਉਂਗਲੀਆਂ ਉਠਣੀਆਂ ਆਮ ਹੋ ਗਈਆਂ ਹਨ, ਤਾਂ ਇਸ ਮਹਾਨ ਸੰਸਥਾ ਦੀ ਪ੍ਰਭੂਸੱਤਾ ਬਚਾਉਣ ਲਈ ਕੌਮ ਨੂੰ ਜਾਗਣਾ ਹੋਵੇਗਾ। ਜਥੇਦਾਰ ਸਾਹਿਬ ਦੇ ਇਕ ਧਿਰ ਜਿਹੜੀ ਸ਼ੋ੍ਰਮਣੀ ਕਮੇਟੀ ਤੇ ਕਾਬਜ਼ ਹੈ, ਥੱਲੇ ਲੱਗ ਕੇ ਚੱਲਣ ਬਾਰੇ ਕਿੰਤੂ-ਪ੍ਰੰਤੂ ਅਕਸਰ ਕੀਤੇ ਜਾ ਰਹੇ ਹਨ, ਪ੍ਰੰਤੂ ਉਸ ਕਾਰਣ ਨੂੰ, ਉਸ ਜੜ ਨੂੰ ਫੜਨ ਦਾ ਯਤਨ ਨਹੀਂ ਕੀਤਾ ਜਾਂਦਾ, ਜਿਸ ਕਾਰਣ ਇਹ ਸਥਿੱਤੀ ਪੈਦਾ ਹੋਈ ਹੈ। ਜਦੋਂ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਦਾ ਮੁੱਖੀ, ਤਨਖ਼ਾਹਦਾਰ ਮੁਲਾਜ਼ਮ ਹੋਵੇਗਾ, ਉਸ ਦੀ ਛੁੱਟੀ ਅਗਲੇ ਚੁਟਕੀਆਂ ’ਚ ਕਰ ਸਕਦੇ ਹਨ। ਫਿਰ ਅਸੀਂ ਉਸ ਤੋਂ ਅਜ਼ਾਦ, ਨਿਰਪੱਖ, ਨਿੱਡਰ ਫੈਸਲਿਆਂ ਦੀ ਆਸ ਕਿਵੇਂ ਰੱਖਦੇ ਹਾਂ? ਕੌਮ, ਜਥੇਦਾਰ ਦੇ ਰੋਲ ਸਬੰਧੀ ਤਾਂ ਰੋਸ ਤੇ ਰੋਹ ਦਾ ਪ੍ਰਗਟਾਵਾ ਕਰਦੀ ਹੈ, ਪ੍ਰੰਤੂ ਸ੍ਰੀ ਅਕਾਲ ਤਖ਼ਤ ਦੇ ਪ੍ਰਬੰਧਾਂ ਨੂੰ ਮੁਕੰਮਲ ਰੂਪ ’ਚ ਅਜ਼ਾਦ ਕਰਨ ਸਬੰਧੀ, ਅੱਜ ਤੱਕ ਠੋਸ ਯੋਜਨਾਬੰਦੀ ਨਾਲ ਕੋਈ ਲਹਿਰ ਨਹੀਂ ਆਰੰਭੀ।
   ਹੁਣ ਤੱਕ ਹੋਈਆਂ ਸਾਰੀਆਂ ਸ਼ੋ੍ਰਮਣੀ ਕਮੇਟੀ ਚੋਣਾਂ ’ਚ ਕਿਸੇ ਧਿਰ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਤੇ ਅਜ਼ਾਦ ਹਸਤੀ ਨੂੰ ਆਪਣਾ ਚੋਣ ਮੁੱਦਾ ਨਹੀਂ ਬਣਾਇਆ। ਜੇ ਅਸੀਂ ਸਮੁੱਚੀ ਕੌਮ ’ਚੋਂ ਸਭ ਤੋਂ ਯੋਗ ਧਾਰਮਿਕ ਸਖ਼ਸੀਅਤ ਨੂੰ ਜਿਹੜੀ ਮੀਰੀ-ਪੀਰੀ ਦੇ ਸਿਧਾਂਤ ਨੂੰ ਧੁਰ ਆਤਮਾ ਤੱਕ ਪ੍ਰਵਾਨ ਕਰਦੀ ਹੋਵੇ ਤੇ ਸਮਝਦੀ ਹੋਵੇ, ਸੰਤ-ਸਿਪਾਹੀ ਵਾਲੇ ਗੁਣਾਂ ਨਾਲ ਜਗਮਾਉਂਦੀ ਹੋਵੇ, ਉਸ ਸਖ਼ਸੀਅਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਾਂਗੇ ਜਾਂ ਸਥਾਪਿਤ ਕਰਾਂਗੇ ਅਤੇ ਉਸਨੂੰ ਵੀ ਇਹ ਅਹਿਸਾਸ ਹੋਵੇਗਾ ਕਿ ਉਹ ਕੌਮ ਦਾ ਜਥੇਦਾਰ ਹੈ ਅਤੇ ਕੌਮ ਪ੍ਰਤੀ ਹੀ ਜਵਾਬਦੇਹ ਹੈ, ਫਿਰ ਹੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਯੋਗ ਅਗਵਾਈ ਦੀ ਉਮੀਦ ਕਰ ਸਕਾਂਗੇ। ਕੌਮ ਨੇ ਅੱਜ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖ਼ਤਾਂ ਦੇ ਜਥੇਦਾਰ ਦੀ ਨਿਯੁਕਤੀ ਸਬੰਧੀ, ਸਮੁੱਚੀ ਕੌਮ ਦੀ ਸ਼ਮੂਲੀਅਤ ਅਤੇ ਸਭ ਤੋਂ ਯੋਗ ਵਿਅਕਤੀ ਦੀ ਚੋਣ ਬਾਰੇ ਸੋਚਿਆ ਹੀ ਨਹੀਂ, ਫਿਰ ਨੀਤੀ ਕਿਵੇਂ ਘੜੀ ਜਾਂਦੀ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਪੱਕਾ ਬਜਟ ਅਤੇ ਪੈਸਾ ਕਿਥੋਂ ਆਉਣਾ ਹੈ? ਜਥੇਦਾਰ ਸਾਹਿਬ ਦੀ ਨਿਯੁਕਤੀ, ਬਰਖ਼ਾਸਤਗੀ, ਅਧਿਕਾਰ, ਇਹ ਸਾਰਾ ਕੁਝ ਨਿਰਧਾਰਿਤ ਕੀਤੇ ਬਿਨਾਂ, ਅਸੀਂ ਜਥੇਦਾਰ ਸਾਹਿਬਾਨ ਤੋਂ ਨਿਰਪੱਖ ਅਤੇ ਕੌਮੀ ਸਿਧਾਂਤਾਂ ਦੀ ਰੋਸ਼ਨੀ ਵਾਲੇ ਫੈਸਲਿਆਂ ਦੀ ਉਮੀਦ ਕਿਉਂ ਕਰ ਰਹੇ ਹਾਂ? ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਸੀਂ ਕੌਮ ਦੀ ਜਾਨ ਮੰਨਦੇ ਹਾਂ, ਪ੍ਰੰਤੂ ਇਸ ‘ਜਾਨ’ ਨੂੰ ‘ਤੋਤੇ’ ’ਚ ਕੈਦ ਵੀ ਕਰ ਛੱਡਿਆ ਹੈ ਅਤੇ ਅਜ਼ਾਦ ਕਰਵਾਉਣ ਦਾ ਕੋਈ ਉਪਰਾਲਾ ਵੀ ਨਹੀਂ ਕਰਦੇ, ਫਿਰ ਸਾਨੂੰ ਰੋਸ ਵਿਖਾਉਣ ਦਾ ਕੀ ਹੱਕ ਹੈ? ਅਸੀਂ ਵਾਰ-ਵਾਰ ਲਿਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਹਸਤੀ ਲਈ ਕੌਮ ਨੂੰ ਜਾਗਣਾ ਚਾਹੀਦਾ ਹੈ। ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਹਰ ਹੀਲੇ ਬਹਾਲ ਰੱਖਿਆ ਜਾਣਾ ਚਾਹੀਦਾ ਹੈ। ਜੇ ਅਸੀਂ ਇਸ ਅਹੁਦੇ ਦਾ ਸਤਿਕਾਰ ਤੇ ਮਹੱਤਤਾ ਖ਼ਤਮ ਕਰ ਲਈ ਤਾਂ ਕੌਮ ਹਮੇਸ਼ਾ ਲਈ ਮੀਰੀ-ਪੀਰੀ ਦੇ ਸਿਧਾਂਤ ਤੋਂ ਟੁੱਟ ਜਾਵੇਗੀ, ਫਿਰ ਸਾਡੀ ਹੋਂਦ ਤੇ ਸੁਆਲੀਆਂ ਚਿੰਨ ਲੱਗਣਾ ਵੀ ਯਕੀਨੀ ਹੈ। ਇਸ ਲਈ ਕੌਮ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਜ਼ਾਦ ਹਸਤੀ ਸਬੰਧੀ ਪਹਿਲਾ ਸ਼ੁਰੂਆਤੀ ਕੌਮੀ ਚਰਚਾ ਆਰੰਭੀ ਜਾਵੇ, ਫਿਰ ਸਿੱਖਾਂ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ, ਜਿਨਾਂ ’ਚ ਸਿੱਖ ਵਿਦਵਾਨ ਵੀ ਸ਼ਾਮਲ ਹੋਣ, ਇਕ ਕਮੇਟੀ ਬਣਾ ਦਿੱਤੀ ਜਾਵੇ, ਜਿਹੜੀ ਇਸ ਸਬੰਧੀ ਖਰੜਾ ਤਿਆਰ ਕਰੇ ਅਤੇ ਅਖ਼ੀਰ ’ਚ ਸਰਬੱਤ ਖਾਲਸਾ ਬੁਲਾ ਕੇ ਇਸ ਖਰੜੇ ਦੀ ਪ੍ਰਵਾਨਗੀ ਲਈ ਜਾਵੇ। ਕੌਮ ’ਚ ਆਏ ਦਿਨ ਪੈਦਾ ਹੋ ਰਹੇ ਵਿਵਾਦ, ਕੌਮ ਨੂੰ ਦਰਪੇਸ਼ ਚੁਣੌਤੀਆਂ ਅਤੇ ਸਿੱਖੀ ਦੀ ਚੜਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।
-ਜਸਪਾਲ ਸਿੰਘ ਹੇਰਾਂ
................................

ਟਿੱਪਣੀ:- ਬੜਾ ਚੰਗਾ ਸੁਝਾਅ, ਜਿਸ ਤੇ ਅਮਲ ਕਰਨ ਲਈ ਸਾਨੂੰ ਇਸ ਦੀਆਂ ਮੁੱਢਲੀਆਂ ਗੱਲਾਂ ਤੇ ਨਿੱਠ ਕੇ ਵਿਚਾਰ ਕਰਨ ਦੀ ਲੋੜ ਹੈ। ਇਸ ਬਾਰੇ ਵਿਚਾਰਾਂ ਵਿਅਕਤ ਕਰਨ ਲਈ ਵੀ ਸਾਨੂੰ ਮੁੱਢਲੇ ਨਿਯਮ ਮਿੱਥ ਲੈਣੇ ਚਾਹੀਦੇ ਹਨ। 

                         ਅਮਰ ਜੀਤ ਸਿੰਘ ਚੰਦੀ 

  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.