ਆਖਰ ਅੱਤ ਦਾ ਅੰਤ ਕਦੋਂ ਹੋਵੇਗਾ….?
ਅਸੀਂ ਸੱਤਾ ਦੇ ਨਸ਼ੇ ’ਚ ਚੂਰ ਬਾਦਲਕਿਆਂ ਨੂੰ ਜਗਾਉਣ ਲਈ ਆਏ ਦਿਨ ਹੋਕਾ ਦਿੰਦੇ ਹਾਂ। ਪ੍ਰੰਤੂ ਅੰਨੇ-ਬੋਲੇ ਹੋਏ ਇਨਾਂ ਹਾਕਮਾਂ ਨੂੰ ਸਾਡਾ ਹੋਕਾ ਸੁਣਾਈ ਨਹੀਂ ਦਿੰਦਾ। ਸਾਡਾ ਹੋਕਾ ਤਾਂ ਕੀ, ਉਨਾਂ ਨੂੰ ਪੰਜਾਬ ’ਚ ਨਸ਼ਿਆਂ ਤੇ ਕਰਜ਼ੇ ਕਾਰਨ ਨਿੱਤ ਮੱਚਦੇ ਸਿਵਿਆਂ ਤੋਂ ਉਠਦੀਆਂ ਕੂਕਾਂ ਵੀ ਸੁਣਾਈ ਨਹੀਂ ਦਿੰਦੀਆਂ। ਰੁਜ਼ਗਾਰ ਮੰਗਦੇ ਨੌਜਵਾਨ ਮੁੰਡੇ-ਕੁੜੀਆਂ ’ਤੇ ਹੁੰਦਾ ਪੁਲਿਸ ਤਸ਼ੱਦਦ ਵੀ ਵਿਖਾਈ ਨਹੀਂ ਦਿੰਦਾ ਅਤੇ ਸ਼ਰੇਆਮ ਬਜ਼ੁਰਗ ਸਿੱਖ ਬਾਬਿਆਂ ਨੂੰ ਸੌਦਾ-ਸਾਧ ਦਾ ਵਿਰੋਧ ਕਰਨ ਬਦਲੇ ਛੱਲੀਆਂ ਵਾਂਗੂੰ ਡਾਗਾਂ ਨਾਲ ਕੁੱਟਿਆ ਜਾਂਦਾ ਵੀ ਦਿੱਸਦਾ ਨਹੀਂ। ਰੱਬ ਤੇ ਅੱਤ ਦਾ ਵੈਰ ਹੁੰਦਾ ਹੈ, ਪ੍ਰੰਤੂ ਹੁਣ ਆਮ ਸਿੱਖ ਤਾਂ ਰੱਬਾ ਤੋਂ ਵੀ ਇਹ ਸੁਆਲ ਪੁੱਛਣ ਲੱਗ ਪਿਆ ਹੈ ਕਿ ਆਖ਼ਰ ਇਸ ਅੱਤ ਦਾ ‘ਅੰਤ’ ਕਦੋਂ ਹੋਵੇਗਾ? ਪੰਜਾਬ ਵਿੱਚ ਚਾਰੇ ਪਾਸੇ ਧਰਨੇ, ਮੁਜ਼ਾਹਰੇ ਤੇ ਰੋਸ ਵਿਖਾਵੇ ਹੋ ਰਹੇ ਹਨ। ਧਰਨੇ ਦੇ- ਦੇ ਕੇ ਅੱਕੇ ਪੰਜਾਬੀਆਂ ਦੇ ਸਬਰ ਦਾ ਪਿਆਲਾ ਵੀ ਹੁਣ ਭਰ ਗਿਆ ਹੈ। ਉਹ ਬਾਦਲਕਿਆਂ ਨੂੰ ਸਿੱਧੋ-ਸਿੱਧਾ ਪੈਣ ਲੱਗ ਪਏ ਹਨ। ਚਿੱਟੇ ਮੱਛਰ ਦੇ ਝੰਬੇ ਕਿਸਾਨਾਂ ਦੀ ਬਾਦਲ ਸਰਕਾਰ ਨੇ ਸਾਰ ਨਹੀਂ ਲਈ, ਸਗੋਂ ਨਾਗੂਣੀ ਜਿਹੀ ਰਕਮ ਦੇ ਚੈੱਕ ਦੇ ਕੇ ਉਨਾਂ ਦੇ ਅੱਲੇ ਜਖ਼ਮਾਂ ’ਤੇ ਲੂਣ ਛਿੜਕ ਦਿੱਤਾ। ਲੂਣ ਛਿੜਕਣ ਤੋਂ ਤੜਫੇ ਕਿਸਾਨ, ਕਿਸਾਨ ਮੇਲਿਆਂ ’ਤੇ ਹੀ ਕਬਜ਼ਾ ਕਰਨ ਲੱਗ ਪਏ ਹਨ।
ਮੁੱਖ ਮਾਰਗ ਜਾਮ ਕੀਤੇ ਜਾ ਰਹੇ ਹਨ, ਪ੍ਰੰਤੂ ਕਿਸਾਨ ਪ੍ਰੇਸ਼ਾਨ ਹੈ, ਉਸਦੇ ਨਾਲ ਆਮ ਜਨਤਾ ਵੀ ਪ੍ਰੇਸ਼ਾਨ ਹੋ ਰਹੀ ਹੈ। ਪਰ ਬਾਦਲਕਿਆਂ ਨੂੰ ਕੀ? ਉਨਾਂ ਨੂੰ ਕਿਹੜਾ ਕੁਝ ਸੁਣਾਈ ਜਾਂ ਵਿਖਾਈ ਦਿੰਦਾ ਹੈ। ਕੌਮ ਨੇ ਉਨਾਂ ਬੰਦੀ ਸਿੰਘਾਂ ਦੀ ਰਿਹਾਈ ਮੰਗੀ ਜਿਹੜੇ ਜੇਲਾਂ ’ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਬਾਦਲ ਨੇ ਅੱਖ, ਕੰਨ, ਮੂੰਹ ਤਿੰਨੇ ਬੰਦ ਕਰ ਲਏ। 83 ਸਾਲ ਦਾ ਇਕ ਬੁੱਢਾ ਜਰਨੈਲ ਜਾਨ ਤਲੀ ’ਤੇ ਰੱਖ ਕੇ ਮੈਦਾਨ ’ਚ ਨਿੱਤਰਿਆ, ਪ੍ਰੰਤੂ ਬਾਦਲ ਸਰਕਾਰ ਉਸਨੂੰ ਜ਼ਲੀਲ ਕਰਨ ਦੇ ਰਾਹ ਤੁਰ ਪਈ, ਨਾ ਸਿੱਖਾਂ ਨੂੰ ਜਿਉਣ ਦਿੱਤਾ ਜਾਂਦਾ ਹੈ, ਨਾ ਮਰਨ ਦਿੱਤਾ ਜਾਂਦਾ ਹੈ। ਸਿੱਖਾਂ ਦਾ ਜਿਓਣਾ-ਮਰਨਾ ਵੀ ਬਾਦਲ ਸਰਕਾਰ ਦੀ ਮਰਜ਼ੀ ’ਤੇ ਨਿਰਭਰ ਹੋ ਗਿਆ ਹੈ।ਸੌਦਾ ਸਾਧ ਨੇ ਦਸਮੇਸ਼ ਪਿਤਾ ਅਤੇ ਅੰਮਿ੍ਰਤ ਦੀ ਦਾਤ ਦੀ ਨਕਲ ਲਾ ਕੇ, ਕੌਮ ਦੇ ਹਿਰਦੇ ਵਲੂੰਧਰੇ, ਪੰਥ ਦੀ ਪੱਗ ਨੂੰ ਹੱਥ ਪਾਇਆ। ਸਵੈਮਾਣ ਨੂੰ ਲਲਕਾਰਿਆ, ਪ੍ਰੰਤੂ ਬਾਦਲਾਂ ਨੂੰ ਸੌਦਾ ਸਾਧ ਦੀਆਂ ਵੋਟਾਂ ਤੋਂ ਇਲਾਵਾ ਕਿਧਰੇ ਕੁਝ ਵੀ ਨਜ਼ਰ ਨਹੀਂ ਆਇਆ। ਆਖ਼ਰ ਉਸਨੇ ਕੌਮ ਸੌਦਾ-ਸਾਧ ਨੂੰ ਵੇਚ ਦਿੱਤੀ। ਜਦੋਂ ਕੌਮ, ਸੌਦਾ ਸਾਧ ਪਾਸ ਗਿਰਵੀ ਹੀ ਰੱਖ ਦਿੱਤੀ ਗਈ, ਫ਼ਿਰ ਇਸਨੂੰ ਸੌਦਾ ਸਾਧ ਦੇ ਵਿਰੋਧ ਦਾ ਕੀ ਅਧਿਕਾਰ ਰਹਿ ਜਾਂਦਾ ਹੈ? ਇਹ ਸਬਕ 30 ਸਤੰਬਰ ਨੂੰ ਪੰਜਾਬ ਬੰਦ ਵਾਲੇ ਦਿਨ, ਬਾਦਲਾਂ ਦੇ ਸਿੱਖਾਂ ’ਤੇ ਚੱਲੇ ਡੰਡੇ ਨੇ ਬਾਖ਼ੂਬੀ ਸਮਝਾ ਦਿੱਤਾ।
ਬਾਦਲਾਂ ਨੇ ਕੌਮ ਨੂੰ ਆਪਣੇ ਡੰਡੇ ਦੇ ਜ਼ੋਰ ਨਾਲ ਡਰਾ ਕੇ ਬੰਦ ਨੂੰ ਬਾਹਰੀ ਰੂਪ ’ਚ ਫੇਲ ਹੋਇਆ ਦਿਖਾ ਦਿੱਤਾ, ਪ੍ਰੰਤੂ ਕੌਮ ਦੀਆਂ ਭਾਵਨਾਵਾਂ ਨੂੰ ਜਿਹੜਾ ਭਾਂਬੜ, ਸੌਦਾ ਸਾਧ ਦੀ ਮਾਫ਼ੀ ਵਾਲੇ ਪਲੀਤੇ ਨਾਲ ਲੱਗ ਚੁੱਕਾ ਹੈ, ਉਸਨੂੰ ਕੌਣ ਤੇ ਕਿਵੇਂ ਬੁਝਾੳੂਗਾ? ਇਸ ਸੁਆਲ ਦਾ ਜਵਾਬ ਬਾਦਲਾਂ ਪਾਸ ਨਹੀਂ ਹੈ। ਇਸ ਕਾਰਨ ਜਦੋਂ ਭਾਂਬੜ ਨਿਕਲਿਆ, ਫ਼ਿਰ ਬਾਦਲ ਪਾਸ ਬਚਾਅ ਦਾ ਕੋਈ ਰਾਹ ਬਾਕੀ ਨਹੀਂ ਹੋਣਾ। ਸ਼ੋ੍ਰਮਣੀ ਕਮੇਟੀ ਦੇ 100 ਤੋਂ ਵੱਧ ਮੈਂਬਰਾਂ ਦਾ ਸ਼ੋ੍ਰਮਣੀ ਕਮੇਟੀ ਵੱਲੋਂ ਜਥੇਦਾਰਾਂ ਦੀ ਸੌਦਾ ਸਾਧ ਦੀ ਮਾਫ਼ੀ ’ਤੇ ਪਿੱਠ ਥਾਪੜਣ ਲਈ ਸੱਦੀ ਮੀਟਿੰਗ ’ਚ ਗੈਰ-ਹਾਜ਼ਰ ਰਹਿਣਾ ਸ਼ਾਇਦ ਬਾਦਲਾਂ ਨੂੰ ਤਿੱਖਾ ਝਟਕਾ ਨਹੀਂ ਦੇ ਸਕਿਆ। ਪ੍ਰੰਤੂ ਮੀਟਿੰਗ ’ਚ ਹਾਜ਼ਰ ਬਾਦਲਕਿਆਂ ਦੇ ਹੀ 5-7 ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਦਾ ਜਾਗਣਾ, ਫ਼ਿਰ ਖਾਲਸੇ ਦੀ ਜਨਮ ਭੂਮੀ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ ਗੋਗੀ ਦਾ ਅਸਤੀਫ਼ਾ ਦੇਣਾ ਬਾਦਲਕਿਆਂ ਲਈ ਖ਼ਤਰੇ ਦੀ ਘੰਟੀ ਨਹੀਂ, ਸਗੋਂ ਰਾਜਸੀ ਮੌਤ ਦੀ ਘੰਟੀ ਹੈ, ਇਸ ਘੰਟੀ ਨੂੰ ਬਾਦਲਕਿਆਂ ਨੇ ਹਾਲੇਂ ਸੁਣਿਆ ਨਹੀਂ, ਕਿਉਂਕਿ ਹਾਲੇਂ ਬਾਦਲਕੇ ਖਤਰੇ ਦੀ ਘੰਟੀ ਦੀ ਅਵਾਜ਼ ਨੂੰ ਸੁਣਨ ਦੇ ਚਾਹਵਾਨ ਹੀ ਨਹੀਂ ਹਨ। ਰੋਮ ਨੂੰ ਅੱਗ ਲੱਗਣ ਸਮੇਂ ਬੰਸਰੀ ਵਜਾਉਣ ਵਾਲੇ ‘‘ਨੀਰੋ’’ ਦਾ ਕੀ ਹਸ਼ਰ ਹੋਇਆ ਸੀ ?
ਬਾਦਲਕੇ ਇਤਿਹਾਸ ’ਚੋਂ ਪੜ ਸਕਦੇ ਹਨ, ਪ੍ਰੰਤੂ ਉਹ ਪੜਨ ਦੇ ਚਾਹਵਾਨ ਨਹੀਂ ਬਾਦਲਕਿਆਂ ਨੂੰ ਬੇਮਿਸਾਲ ਲੰਬੀ ’ਚ ਹੋਈ ਆਪ ਦੀ ਰੈਲੀ ਨੇ ਇਹ ਅਹਿਸਾਸ ਤਾਂ ਜ਼ਰੂਰ ਕਰਵਾ ਦਿੱਤਾ ਹੋਣਾ ਕਿ ਅੱਗ ਬੂਹੇ ਤੱਕ ਆ ਪੁੱਜੀ ਹੈ। ਕਾਂਗਰਸ ਦੀ ਫੁੱਟ, ਆਪ ਦੀ ਕਾਟੋ-ਕਲੇਸ਼, ਪੰਥਕ ਧਿਰਾਂ ਦੀ ਪਾਟੋ-ਧਾੜ ਨੂੰ ਬਾਦਲ ਆਪਣੇ ਲਈ ਸੁਰੱਖਿਆ ਛੱਤਰੀ ਸਮਝਣੀ ਹੁਣ ਛੱਡ ਦੇਣ, ਕਿਉਂਕਿ ਇਹ ਸਾਫ਼ ਹੈ ਕਿ ਪੰਜਾਬ ਦੀ ਸਿਆਸਤ ’ਚ ਲਾਵਾ ਫੁੱਟ ਚੁੱਕਾ ਹੈ ਅਤੇ ਮਾੜੇ ਮੋਟੇ ਸੁਰੱਖਿਆ ਪ੍ਰਬੰਧ ਇਸ ਅੱਗੇ ਪਲ ਭਰ ਵੀ ਟਿੱਕ ਨਹੀਂ ਸਕਣਗੇ? ਬਿੱਲੀ ਆਈ ਤੋਂ ਕਬੂਤਰ ਲੱਖ ਅੱਖਾਂ ਮੀਚੀ ਜਾਵੇ, ਬਚਾਅ ਨਹੀਂ ਹੋਣਾ, ਇਸ ਸੱਚ ਨੂੰ ਬਾਦਲਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ।
ਜਸਪਾਲ ਸਿੰਘ ਹੇਰਾਂ