ਧਰਮ ਦੇ ਸਿਆਸੀਕਰਨ ਦੀ ਨਜਾਇਜ਼ ਔਲਾਦ ਹੈ ਇਹ ਗੁਰਦੁਆਰਾ ਚੋਣ ਘੜਮੱਸ
ਏਕ ਹੀ ਉੱਲੂ ਕਾਫੀ ਥਾ ਵੀਰਾਨ ਗੁਲਿਸਤਾਂ ਕਰਨੇ ਕੋ, ਹਰ ਸ਼ਾਖ ਪੇ ਉੱਲੂ ਬੈਠਾ ਹੈ ਅੰਜਾਮ-ਏ-ਗੁਲਿਸਤਾਂ ਕਿਆ ਹੋਗਾ !
ਕੁਲਵੰਤ ਸਿੰਘ ਢੇਸੀ
ਚੋਣਾਂ ਭਾਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਤਸਰ ਦੀਆਂ ਹੋਣ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਹ ਸਿਆਸਤ ਤੋਂ ਪ੍ਰੇਰਤ ਹੁੰਦੀਆਂ ਹਨ ਅਤੇ ਇਹਨਾ ਤੇ ਸਿਆਸਤ ਦਾ ਪੂਰੀ ਤਰਾਂ ਨਾਲ ਬੋਲਬਾਲਾ ਵੀ ਹੁੰਦਾ ਹੈ। ਸਿੱਖ ਕੌਮ ਦੇ ਇਸ ਧਾਰਮਕ ਸੰਕਟ ਦਾ ਹਾਲ ਦੀ ਘੜੀ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਇਸ ਵਾਰ ਦੀਆਂ ਦਿੱਲੀ ਦੀਆਂ ਗੁਰਦੁਆਰਾ ਚੋਣਾਂ ਵਿਚ ਭਾਵੇਂ ਭਾਈ ਬਲਦੇਵ ਸਿੰਘ ਅਤੇ ਜਥੇਦਾਰ ਰਣਜੀਤ ਸਿੰਘ ਧਰਮ ਦੇ ਨਾਅਰੇ ਲੈ ਕੇ ਤੁਰੇ ਹਨ ਪਰ ਉਹਨਾ ਦਾ ਬਹੁਤਾ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ। ਇੰਝ ਵੀ ਜਾਪਦਾ ਹੈ ਕਿ ਆਮ ਆਦਮੀ ਦਾ ਜੋ ਭੈ ਅਤੇ ਦਬਦਬਾ ਪੰਜਾਬ ਵਿਧਾਨ ਸਭਾ ਚੋਣਾ ਵਿਚ ਸੀ ਉਹ ਦਿੱਲੀ ਵਿਚ ਨਹੀਂ ਹੈ ਅਤੇ ਦਿੱਲੀ ਵਿਚ ਅਸਲ ਮੁਕਾਬਲਾ ਸ: ਮਨਜੀਤ ਸਿੰਘ ਜੀ ਕੇ ਦੇ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸ: ਪਰਮਜੀਤ ਸਿੰਘ ਸਰਨਾ ਦਰਮਿਆਨ ਹੀ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿਚ ਜੂਝ ਰਹੇ ਦੋ ਮੁਖ ਦਲਾਂ ਬਾਰੇ ਕੁਝ ਕਹਿਣ ਤੋਂ ਪਹਿਲਾਂ ਅਸੀਂ ਆਪਣੇ ਪਾਠਕਾਂ ਨੂੰ ਉਸ ਧਾਰਮਕ ਸੰਕਟ ਬਾਰੇ ਸੰਖੇਪ ਵਿਚ ਦੱਸਣਾ ਚਾਹਾਂਗੇ ਜਿਸ ਸੰਕਟ ਵਿਚ ਸਿੱਖ ਪੰਥ ਇਸ ਵੇਲੇ ਬੁਰੇ ਹਾਲ ਹੈ। ਜਦੋਂ ਤਕ ਖਾਲਸਾ ਪੰਥ ਦੀਆਂ ਸਭ ਜ਼ਿੰਮੇਵਾਰ ਧਿਰਾਂ ਇਸ ਸੰਕਟ ਦੇ ਹਲ ਲਈ ਕੋਈ ਠੋਸ ਚਾਰਾਜੋਈ ਨਹੀਂ ਕਰਦੀਆਂ ਤਾਂ ਗੁਰਦੁਆਰਾ ਚੋਣਾਂ ਭਾਵੇਂ ਪੰਜਾਬ ਦੀਆਂ ਹੋਣ ਜਾਂ ਪੰਜਾਬੋਂ ਬਾਹਰ ਦੀਆਂ ਇਹ ਸਿੱਖਾਂ ਦਾ ਦੁਨੀਆਂ ਵਿਚ ਮਜ਼ਾਕ ਬਣਾਉਂਦੀਆਂ ਰਹਿਣਗੀਆਂ ਕਿਓਂਕਿ ਦੁਨੀਆਂ ਦਾ ਕੋਈ ਵੀ ਧਰਮ ਆਪਣੇ ਧਰਮ ਦਾ ਤਮਾਸ਼ਾ ਇਸ ਤਰਾਂ ਨਹੀਂ ਬਣਾਉਂਦਾ ਜਿਵੇਂ ਚੋਣਾਂ ਦੇ ਨਾਮ ਤੇ ਸਿੱਖ ਕੌਮ ਬਣਾ ਰਹੀ ਹੈ। ਇਹਨਾ ਚੋਣਾਂ ਨੂੰ ਵੱਡਾ ਧੱਕਾ ਸਿਆਸੀ ਸ੍ਹਾਨ ਮਾਰਦੇ ਹਨ ਅਤੇ ਫਿਰ ਚੋਣਾਂ ਵਿਚ ਹਰ ਤਰਾਂ ਦੇ ਲੋਭ ਲਾਲਚ, ਪੈਸਾ, ਪਦਵੀ, ਸਿਫਾਰਸ਼ਾਂ ਅਤੇ ਇਥੋਂ ਤਕ ਕਿ ਨਸ਼ੇ ਤਕ ਵੀ ਵਰਤਦੇ ਹਨ। ਸਿਆਸੀ ਸ੍ਹਾਨਾਂ ਦੇ ਧਰਮ ਦੇ ਨਾਮ ਤੇ ਬਹੁਤੇ ਫੈਸਲੇ ਸਿਆਸਤ ਤੋਂ ਪ੍ਰਭਾਵਤ ਹੁੰਦੇ ਹਨ। ਜਿਵੇਂ ਪੰਜਾਬ ਵਿਚ ਸੌਦਾ ਸਾਧ ਦੀ ਹਿਮਾਇਤ ਦਾ ਡਰਾਮਾ ਹੋਇਆ ਹੈ ਇਸ ਤਰਾਂ ਦੇ ਅਨੇਕਾਂ ਨਾਟਕ ਹੋਰ ਵੀ ਹੁੰਦੇ ਹਨ ਜੋ ਕਿ ਅਕਸਰ ਪਰਦੇ ਦੇ ਪਿੱਛੇ ਹੁੰਦੇ ਹਨ ਅਤੇ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਿਥੇ ਕਿਥੇ ਢਕੀ ਰਿੱਝ ਰਹੀ ਹੈ, ਇਹ ਗੱਲ ਵੱਖਰੀ ਹੈ ਕਿ ਪੰਜਾਬ ਦੇ ਅਕਾਲੀ ਆਪਣੇ ਧਾਰਮਕ ਮਖੌਟੇ ਦੀ ਕੋਈ ਵੀ ਪ੍ਰਵਾਹ ਕੀਤੇ ਬਗੈਰ ਪੰਜਾਬ ਵਿਧਾਨ ਸਭਾ ਚੋਣਾ ਵਿਚ ਸੌਦੇ ਸਾਧ ਦੇ ਪੈਰੀਂ ਪੈ ਗਏ ਸਨ।
ਗੁਰਦੁਆਰਿਆਂ ਦੇ ਚੋਣ ਸੰਕਟ ਨੂੰ ਸਮਝਣ ਲਈ ਸਾਨੂੰ ਇਤਹਾਸ ਵਿਚ ਪਿੱਛੇ ਵਲ ਜਾਣਾ ਪੈ ਰਿਹਾ ਹੈ ਤਾਂ ਕਿ ਗੱਲ ਹਰ ਪਾਠਕ ਦੀ ਸਮਝ ਵਿਚ ਆ ਜਾਏ।
ਅੰਗ੍ਰੇਜ਼ਾਂ ਨੂੰ ਇਹ ਸਮਝ ਸੀ ਕਿ ਭਾਰਤ ਵਿਚ ਉਹਨਾ ਦੇ ਅੱਗੇ ਖੜ੍ਹਨ ਅਤੇ ਲੜਨ ਵਾਲੇ ਪ੍ਰਮੁਖ ਰੂਪ ਵਿਚ ਸਿੱਖ ਹੀ ਹਨ ਅਤੇ ਸਿੱਖ ਸ਼ਕਤੀ ਦਾ ਅਸਲ ਸਰੋਤ ਸਿੱਖ ਧਰਮ ਅਤੇ ਸਿੱਖ ਗੁਰਦੁਆਰੇ ਹਨ। ਇਸੇ ਕਰਕੇ ਅੰਗ੍ਰੇਜ਼ ਨੇ ਸਿੱਖ ਕੇਂਦਰਾਂ ਤੇ ਆਪਣੇ ਜ਼ਰਖ੍ਰੀਦ ਮਹੰਤ ਬਿਠਾ ਦਿੱਤੇ। ਇਹਨਾ ਮਹੰਤਾਂ ਨੇ ਜਿਥੇ ਸਿੱਖ ਸਿਧਾਂਤਾਂ ਵਿਚ ਖੋਟ ਪਾਈ ਉਥੇ ਉਹ ਸਿਰੇ ਦੇ ਆਯਾਸ਼ ਅਤੇ ਚਰਿੱਤਰ ਹੀਣ ਵੀ ਹੋ ਗਏ। ਗੁਰਦੁਆਰਾ ਸੁਧਾਰ ਲਹਿਰ ਅਤੇ ਸਿੰਘ ਸਭਾ ਲਹਿਰ ਮੁਖ ਰੂਪ ਵਿਚ ਅਗਵਾ ਹੋ ਚੁੱਕੇ ਸਿੱਖ ਧਰਮ ਦੀ ਘਰ ਵਾਪਸੀ ਲਈ ਹੀ ਸਨ। ਇਸ ਲਹਿਰ ਨੇ ਜਿਥੇ ਗੁਰਦੁਆਰੇ ਅੰਗ੍ਰੇਜ਼ਾਂ ਕੋਲੋਂ ਆਜ਼ਾਦ ਕਰਵਾ ਲਏ ਉਥੇ ਸਿੱਖ ਰਹਿਤ ਮਰਿਯਾਦਾ ਬਣਾ ਕੇ ਸਿੱਖ ਪੰਥ ਨੂੰ ਇਕ ਲੜੀ ਵਿਚ ਪਰੋਣ ਦਾ ਕੰਮ ਵੀ ਕੀਤਾ। ਅਕਾਲੀ ਦਲ ਦਾ ਨਿਰਮਾਣ ਵੀ ਮੁਖ ਰੂਪ ਵਿਚ ਸਿੰਘ ਸਭਾ ਲਹਿਰ ਨੂੰ ਸੰਸਥਾਪਕ ਰੂਪ ਦੇਣ ਲਈ ਹੀ ਸੀ ਨਾ ਕਿ ਸਿਆਸਤ ਵਿਚ ਸਿੱਧੇ ਰੂਪ ਵਿਚ ਹਿੱਸਾ ਲੈਣ ਲਈ। ਸਮੇਂ ਨੇ ਇੱਕ ਤਿੱਖਾ ਕਰਵਟ ਲਿਆ ਜਦੋਂ ਮੁਸਲਮ ਲੀਗ ਨੇ ਮੁਸਲਮਾਨਾ ਨੂੰ ਸਿਆਸੀ ਰੂਪ ਵਿਚ ਜਥੇਬੰਦ ਕਰਕੇ ਸਿਆਸੀ ਹਿੱਤਾਂ ਲਈ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਸੰਨ 1886 ਵਿਚ ਅਲੀਗ੍ਹੜ ਮੁਸਲਮ ਯੁਨੀਵਰਸਟੀ ਦੇ ਸਾਖਰਤਾ ਮਹੌਲ ਵਿਚ ਸਰ ਸਈਅਦ ਖਾਨ ਨੇ ਜਿਸ ‘ਮੁਹੰਮਦਨ ਐਜੂਕੇਸ਼ਨਲ ਕਾਨਫਰੰਸ’ ਦੀ ਸਿਰਜਣਾ ਕੀਤੀ ਸੀ ਉਸ ਦੀ ਅਰੰਭਕ ਰੂਪ ਰੇਖਾ ਭਾਵੇਂ ਗੈਰ ਸਿਆਸੀ ਸੀ ਪਰ ਦਸੰਬਰ 1906 ਨੂੰ ਢਾਕੇ ਵਿਚ ਬਕਾਇਦਾ ਤੌਰ ਤੇ ਆਲ ਇੰਡੀਅਨ ਮੁਸਲਮ ਲੀਗ ਪੁਲਿਟੀਕਲ ਪਾਰਟੀ’ ਦਾ ਨਿਰਮਾਣ ਕੀਤਾ ਗਿਆ ਸੀ।
ਹਿੰਦੂ ਸੱਜੇ ਪੱਖੀ ਫੋਰਸਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖਰੇ ਤੌਰ ਤੇ ਆਪਣੀ ਸਿਆਸੀ ਹੋਂਦ ਲਈ 21 ਅਕਤੂਬਰ 1951 ਨੂੰ ਸਿਆਮਾ ਪ੍ਰਸ਼ਾਦ ਮੁਕਰਜੀ ਦੀ ਅਗਵਾਈ ਹੇਠ ਰਾਸ਼ਟਰੀ ਸੋਇਮ ਸੇਵਕ ਸੰਘ ਨੂੰ ਨਾਲ ਲੈ ਕੇ ਭਾਰਤੀ ਜਨ ਸੰਘ ਦਾ ਨਿਰਮਾਣ ਕਰ ਲਿਆ ਸੀ ਜਿਸ ਨੇ ਮਗਰੋਂ ਜਨਤਾ ਪਾਰਟੀ ਦਾ ਰੂਪ ਲਿਆ ਅਤੇ ਫੇਰ ਭਾਰਤੀ ਜਨਤਾ ਪਾਰਟੀ ਦਾ। ਇਹ ਸੰਗਠਨ ਸਿੱਖਾਂ ਵਾਲੇ ਸਿਆਸੀ ਸੰਕਟ ਵਿਚੋਂ ਇਸ ਕਰਕੇ ਨਿਕਲ ਗਿਆ ਕਿਓਂਕਿ ਆਰ ਐਸ ਐਸ ਦੇ ਧਾਰਮਕ ਸੰਗਠਨ ਨੇ ਆਪਣਾ ਸਿਆਸੀ ਫਰੰਟ ਬੀ ਜੇ ਪੀ ਦੇ ਰੂਪ ਵਿਚ ਵੱਖਰਾ ਕਰ ਲਿਆ ਸੀ। ਆਪਣੇ ਅਰੰਭ ਤੋਂ ਹੁਣ ਤਕ ਬੀ ਜੇ ਪੀ ਹਮੇਸ਼ਾਂ ਜਨਸੰਘ ਦੀ ਤਾਬਿਆ ਰਹੀ ਹੈ। ਇਸ ਦੀ ਸਿਰਜਣਾ ਤੋਂ ਕਰੀਬ ਤਿੰਨ ਸਾਲ ਪਹਿਲਾਂ 30 ਜਨਵਰੀ 1948 ਨੂੰ ਹਿੰਦੂ ਮਹਾਂ-ਸਭਾ ਦੇ ਨੱਥੂ ਰਾਮ ਗੌਡਸੇ ਨੇ ਗਾਂਧੀ ਦਾ ਕਤਲ ਵੀ ਇਸੇ ਤਣਾਓ ਵਿਚ ਕੀਤਾ ਸੀ ਕਿਓਂਕਿ ਸੱਜੇ ਪੱਖੀ ਹਿੰਦੂ ਸਮੂਹ ਨੂੰ ਲੱਗਦਾ ਸੀ ਕਿ ਕਾਂਗਰਸ ਉਹਨਾ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਮੁਢਲੇ ਰੂਪ ਵਿਚ ਅਖਿਲ ਭਾਰਤੀ ਹਿੰਦੂ ਮਹਾਂਸਭਾ ਦੀ ਹੋਂਦ ਵੀ ਉਦੋਂ ਹੋਈ ਸੀ ਜਦੋਂ ਸੰਨ 1906 ਵਿਚ ਮੁਸਲਮਾਨ ਸਿਆਸੀ ਤੌਰ ਤੇ ਜਥੇਬੰਦ ਹੋ ਗਏ ਅਤੇ ਸੰਨ 1909 ਵਿਚ ਮੋਰਲੇ ਮਿੰਟੋ ਰਿਫੋਰਮ ਦੌਰਾਨ ਮੁਸਲਮਾਨਾ ਨੂੰ ਵੱਖਰੇ ਤੌਰ ਤੇ ਜਨਮਤ ਦਾ ਹੱਕ ਮਿਲ ਗਿਆ ਸੀ। ਹਿੰਦੂ ਸਭਾ ਦੀ ਅਗਵਾਈ ਲਾਲਾ ਲਾਜਪਤ ਰਾਏ ਅਤੇ ਮਦਨ ਮੋਹਨ ਮਾਲਵੀਆ ਵਰਗੇ ਆਗੂਆਂ ਨੇ ਕੀਤੀ ਸੀ।
ਸਿੱਖ ਆਗੂਆਂ ਨੂੰ ਅਖੀਰ ਤਕ ਵੀ ਇਹ ਹੋਸ਼ ਨਾ ਆਈ ਕਿ ਸਿਆਸੀ ਤੌਰ ਤੇ ਉਹਨਾ ਨੂੰ ਕਾਂਗਰਸ ਦਾ ਖਾਜਾ ਨਹੀਂ ਬਣਨਾ ਚਾਹੀਦਾ। 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਜੋਂ ਹੋਈ ਜਿਸ ਦੇ ਪਹਿਲੇ ਪ੍ਰਧਾਨ ਸ: ਸਰਮੁਖ ਸਿੰਘ ਸਨ ਭਾਵੇਂ ਕਿ ਅਸਲ ਅਗਵਾਈ ਮਾਸਟਰ ਤਾਰਾ ਸਿੰਘ ਦੀ ਪ੍ਰਧਾਨਗੀ ਨਾਲ ਹੀ ਮੰਨੀ ਜਾਂਦੀ ਹੈ। ਮੁਢਲੇ ਰੂਪ ਵਿਚ ਅਕਾਲੀ ਦਲ ਸਿਆਸੀ ਤੌਰ ਤੇ ਏਨਾ ਹੀਣਾ ਸੀ ਕਿ ਕਾਂਗਰਸ ਤੋਂ ਬਗੈਰ ਉਸ ਦੀ ਹੋਂਦ ਨੂੰ ਖਤਰਾ ਲੱਗਦਾ ਸੀ। ਇਹ ਵੱਖਰੀ ਗੱਲ ਹੈ ਕਿ ਪੰਜਾਬੀ ਸੂਬੇ ਦੇ ਸੰਘਰਸ਼ ਨੇ ਅਕਾਲੀ ਦਲ ਦਾ ਮੁਹਾਂਦਰਾ ਨਿਖਾਰ ਦਿੱਤਾ । ਜਿਵੇਂ ਜਿਵੇਂ ਅਕਾਲੀ ਦਲ ਦੀ ਸਿਆਸੀ ਪੈਂਠ ਵਧਦੀ ਗਈ ਤਿਵੇਂ ਤਿਵੇਂ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਦੁਬੇਲ ਵੀ ਹੁੰਦੀ ਗਈ। ਸ: ਗੁਰਚਰਨ ਸਿੰਘ ਟੌਹੜਾ ਦੇ ਅੱਖਾਂ ਮੀਟਣ ਤੋਂ ਬਾਅਦ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਬਾਦਲ ਦਾ ਮਹਿਜ਼ ਇੱਕ ਸਿਆਸੀ ਸੰਦ (tool) ਬਣ ਗਈ। ਹੌਲੀ- ਹੌਲੀ ਬਾਦਲ ਅਕਾਲੀ ਦਲ, ਆਪਣੀ ਸਿਆਸੀ ਪੂਰਤੀ ਲਈ ਅਕਾਲੀ ਦਲ ਨਾ ਰਹਿ ਕੇ, ਭਾਜਪਾ ਅਤੇ ਸਿੱਖਾਂ ਦੀ ਚਿਰੜਘੁੱਗ ਪੰਜਾਬ ਪਾਰਟੀ ਬਣ ਗਿਆ ਅਤੇ ਹੁਣ ਇਹ ਸਿੱਖਾਂ ਦਾ ਇੱਕ ਗੰਭੀਰ ਧਾਰਮਕ ਦੁਖਾਂਤ ਵੀ ਬਣ ਗਿਆ ਹੈ। ਪੰਜਾਬ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੀ ਨਿੱਜੀ ਜਗੀਰ ਬਣ ਗਈ ਹੈ ਪਰ ਦਿੱਲੀ ਵਿਚ ਸ: ਪਰਮਜੀਤ ਸਿੰਘ ਸਰਨੇ ਦੀ ਹੋਂਦ ਬਾਦਲਕੇ ਗਰੁਪ ਲਈ ਦਾਲ ਵਿਚ ਕੋਕੜੂ ਵਾਂਗ ਹੈ। ਜਾਪਦਾ ਇਵੇਂ ਹੈ ਕਿ ਇਸ ਵਾਰ ਦੀਆਂ ਚੋਣਾਂ ਵਿਚ ਜਥੇਦਾਰ ਰਣਜੀਤ ਸਿੰਘ (ਅਕਾਲ ਸਹਾਏ ਸੁਸਾਇਟੀ), ਗਿਆਨੀ ਬਲਦੇਵ ਸਿੰਘ (ਸਦ ਭਾਵਨਾ ਦਲ) ਅਤੇ ਆਮ ਆਦਮੀ ਦੇ ਅਵਤਾਰ ਸਿੰਘ ਕਾਲਕਾ (ਪੰਥਕ ਸੇਵਾ ਦਲ) ਆਦਿ ਬਾਦਲ ਵਿਰੋਧੀ ਵੋਟ ਦਾ ਭੂਰ ਚੂਰ ਕਰਕੇ ਮਨਜੀਤ ਸਿੰਘ ਜੀ ਕੇ ਲਈ ਰਾਹ ਪੱਧਰਾ ਕਰ ਦੇਣਗੇ। ਇਹ ਵੱਖਰੀ ਗੱਲ ਹੈ ਕਿ ਮਨਜੀਤ ਸਿੰਘ ਜੀ ਕੇ ਦਾ ਦਲ ਪੰਜਾਬ ਵਿਚ ਬਾਦਲਾਂ ਦੀ ਪਤਲੀ ਹਾਲਤ ਦੇ ਕਾਲੇ ਸਾਏ ਹੇਠ ਹੈ।
ਸਾਡੇ ਪਾਠਕ ਭਲੀ-ਭਾਂਤ ਸਮਝ ਗਏ ਹੋਣਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖਾਂ ਦੀ ਨਿਰੋਲ ਧਾਰਮਕ ਸੰਸਥਾ ਹੋਣੀ ਚਾਹੀਦੀ ਸੀ ਉਸ ਦਾ ਸਿਆਸੀ ਕਰਨ ਹੋ ਜਾਣਾ ਹੀ ਸਾਰੇ ਪੁਆੜੇ ਦੀ ਜੜ੍ਹ ਹੈ। ਅੰਗ੍ਰੇਜ਼ਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ ਪਿਛੋਂ ਕਿਰਪਾਨ ਦੀ ਨੋਕ ਤੇ ਚਾਬੀਆਂ ਲੈਣ ਪਿਛੋਂ ਬਾਬਾ ਖੜਕ ਸਿੰਘ ਨੇ ਵੀ ਸਿੱਖਾਂ ਨੂੰ ਕਿਹਾ ਸੀ ਕਿ ਅੰਗ੍ਰੇਜ਼ਾਂ ਤੋਂ ਤਾਂ ਗੁਰਦੁਆਰੇ ਅਜ਼ਾਦ ਕਰਵਾ ਲਏ ਪਰ ਅਕਾਲੀਆਂ ਤੋਂ ਨਹੀਂ ਕਰਵਾ ਹੋਣੇ।
ਕੋਈ ਵੀ ਧਰਮ ਜਦੋਂ ਸਿਆਸਤ ਦਾ ਦੁਬੇਲ ਬਣ ਕੇ ਉਸ ਦਾ ਝਾੜੂ ਪੋਚਾ ਕਰਨ ਲਗੇ ਤਾਂ ਇਹ ਸਬੰਧ ਬੜੇ ਹੀ ਨਜਾਇਜ ਸਿੱਧ ਹੁੰਦੇ ਹਨ ਅਤੇ ਧਰਮ ਨੂੰ ਅੱਧੋਗਤੀ ਵਲ ਲੈ ਜਾਂਦੇ ਹਨ। ਪਤਰਕਾਰ ਸ: ਹਰਪ੍ਰੀਤ ਸਿੰਘ ਮਖੂ ਨੇ ਜਦੋਂ ਮਨਜੀਤ ਸਿੰਘ ਜੀ ਕੇ ਦੀ ਪਾਰਟੀ ਦੇ ਚੇਅਰਮੈਨ ਨੂੰ ਇਹ ਸਵਾਲ ਪੁੱਛਆ ਸੀ ਕਿ ਤੁਸੀਂ ਪਹਿਲਾਂ ਸੌਦੇ ਸਾਧ ਨੂੰ ਅਕਾਲ ਤਖਤ ਵਲੋਂ ਵਲੋਂ ਮੁਆਫੀ ਦੇ ਹੱਕ ਵਿਚ ਬਿਆਨ ਦਿੰਦੇ ਸੀ ਅਤੇ ਹੁਣ ਉਸ ਦੇ ਵਿਰੋਧ ਵਿਚ ਹਾਲ ਪਾਹਰਿਆ ਕਰ ਰਹੇ ਹੋ ਤਾਂ ਇਹ ਆਗੂ ਨੀਵੀਂ ਪਾਈ ਮਹਿਜ਼ ਊਲ ਜਲੂਲ ਜਿਹਾ ਉੱਤਰ ਦਿੰਦਾ ਹੈ ਕਿਓਂਕਿ ਇਹਨਾਂ ਲੋਕਾਂ ਦੇ ਸਿਆਸੀ ਹਿੱਤਾਂ ਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੈ। ਸ: ਹਰਪ੍ਰੀਤ ਸਿੰਘ ਮਖੂ ਜਦੋਂ ਪ੍ਰਮਜੀਤ ਸਿੰਘ ਸਰਨੇ ਨੂੰ ਇਹ ਸਵਾਲ ਪੁੱਛਦਾ ਹੈ ਕਿ ਤੂੰ ਪੰਡਤਾਂ ਦੇ ਨਗਾਂ ਵਾਲੀਆਂ ਮੁੰਦੀਆਂ ਕਿਓਂ ਪਾ ਰੱਖੀਆਂ ਹਨ ( ਇਸ ਤਰਾਂ ਦੀਆਂ ਨਗਾਂ ਵਾਲੀਆਂ ਮੁੰਦੀਆਂ ਬਦਲਾਂ ਦੇ ਵੀ ਹਨ) ਤਾਂ ਪਹਿਲਾਂ ਤਾਂ ਉਹ ਆਪਣੇ ਦਾਜ ਦਹੇਜ ਦੀ ਗੱਲ ਕਰਦਾ ਹੈ ਅਤੇ ਫਿਰ ਪੱਚੀ ਪੱਚੀ ਲੱਖ ਦੀਆਂ ਘੜੀਆਂ ਦੀ ਅਤੇ ਫਿਰ ਮਹਿੰਗੇ ਤੋਂ ਮਹਿੰਗੇ ਪਿੰਨਾਂ ਦਾ ਜ਼ਿਕਰ ਕਰਨ ਲੱਗ ਪੈਂਦਾ ਹੈ। ਇਸ ਤਰਾਂ ਦੇ ਬੌਧਿਕ ਤੋਰ ਤੇ ਦੀਵਾਲੀਆ ਧਨ ਕੁਬੇਰ ਆਗੂ ਸਿੱਖਾਂ ਦੀ ਕਿਸ ਕਿਸਮ ਦੀ ਧਾਰਮਕ ਅਗਵਾਈ ਕਰਨਗੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਸਿਆਸੀ ਦਲਾਂ ਦੇ ਟਕਰਾ ਵਿਚ ਸਭ ਤੋਂ ਮਾੜੀ ਗੱਲ ਇਹ ਹੋ ਰਹੀ ਹੈ ਕਿ ਪੰਥਿਕ ਮਸਲ੍ਹਿਆਂ ਤੋਂ ਦੋਵੇਂ ਧੜੇ ਅਵੇਸਲੇ ਹਨ ਕਿਓਂਕਿ ਇਹਨਾ ਦੀ ਦੌੜ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੈ। ਬਾਦਲਾਂ ਵਾਲਾ ਜੀ ਕੇ ਦਾ ਗਰੁੱਪ ਮਹਾਂ ਪੁਰਖਾਂ ਦੀਆਂ ਖੁਸ਼ੀਆਂ ਲੈਣ ਲਈ ਦਸਮ ਗ੍ਰੰਥ ਦਾ ਮੁੱਦਾ ਉਛਾਲ ਰਿਹਾ ਹੈ ਅਤੇ ਸਰਨਾ ਗਰੁਪ ਦੂਜੇ ਬਾਗੀ ਧੜੇ ਨੂੰ ਹਵਾ ਦੇ ਰਿਹਾ ਹੈ। ਹਾਲ ਦੀ ਘੜੀ ਪੰਥ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾ ਸਿਆਸੀ ਸਰਾਲਾਂ ਕੋਲੋਂ ਮੁਕਤ ਕਰਵਾਉਣ ਦੀ ਕੋਈ ਲੋੜ ਨਹੀਂ ਸਮਝੀ ਪਰ ਜਿੰਨਾ ਚਿਰ ਸਮੁਚਾ ਪੰਥ ਇੱਕ ਸਰਬ ਸਾਂਝੀ ਧਾਰਮਕ ਲਹਿਰ ਲਈ ਜਥੇਬੰਦ ਨਹੀਂ ਹੁੰਦਾ ਓਨਾ ਚਿਰ ਸਿੱਖ ਧਰਮ ਜਿਥੇ ਇਹਨਾ ਸਿਆਸਤਦਾਨਾਂ ਦਾ ਖਾਜਾ ਬਣਦਾ ਰਹੇਗਾ ਉਥੇ ਗੁਰਦਿੁਆਰਿਆਂ ਤੇ ਕਬਜੇ ਲਈ ਸੰਪਰਦਾਇਕ ਟਕਰਾਓ ਨਾ ਕੇਵਲ ਪੰਜਾਬ ਵਿਚ ਹੀ ਸਗੋਂ ਸਾਰੀ ਦੁਨੀਆਂ ਵਿਚ ਵਧ ਜਾਣਗੇ ਅਤੇ ਤਕੜਾ ਧੜਾ ਆਪਣੇ ਡੇਰੇ ਦੀ ਮਰਿਯਾਦਾ ਨੂੰ ਸਾਰੇ ਪੰਥ ਤੇ ਲਾਗੂ ਕਰਨ ਲਈ ਨਵੇਂ ਨਵੇਂ ਕਲੇਸ਼ਾਂ ਨੂੰ ਜਨਮ ਦੇਵੇਗਾ।
ਅੱਜ ਸਿੱਖ ਪੰਥ ਨੂੰ ਅਪੀਲਾਂ, ਦਲੀਲਾਂ ਵਕੀਲਾਂ ਜਾਂ ਛਬੀਲਾਂ (ਕਤਲਾਂ) ਦੀ ਲੋੜ ਨਹੀਂ ਹੈ ਸਗੋਂ ਸਰਬ ਸਾਝੀ ਸਿੱਖੀ ਤਹਿਤ ਇੱਕਮੁਠ ਅਤੇ ਇੱਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਭ੍ਰਿਸ਼ਟ ਰਾਜਨੀਤੀ ਸਿੱਖ ਧਰਮ ਨੂੰ ਆਪਣੇ ਹਿੱਤਾਂ ਲਈ ਵਰਤਦੀ ਵਰਤਦੀ ਰਸਾਤਲ ਵਿਚ ਨਾ ਸੁੱਟ ਦੇਵੇ ।
ਕੁਲਵੰਤ ਸਿੰਘ ਢੇਸੀ
ਧਰਮ ਦੇ ਸਿਆਸੀਕਰਨ ਦੀ ਨਜਾਇਜ਼ ਔਲਾਦ ਹੈ ਇਹ ਗੁਰਦੁਆਰਾ ਚੋਣ ਘੜਮੱਸ
Page Visitors: 2751