ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਪੰਥਪ੍ਰੀਤ ਸਿੰਘ ਲਈ ਨਵੇਂ ਜਾਲ ਦੀ ਤਿਆਰੀ
ਪੰਥਪ੍ਰੀਤ ਸਿੰਘ ਲਈ ਨਵੇਂ ਜਾਲ ਦੀ ਤਿਆਰੀ
Page Visitors: 2612

ਪੰਥਪ੍ਰੀਤ ਸਿੰਘ ਲਈ ਨਵੇਂ ਜਾਲ ਦੀ ਤਿਆਰੀ
ਹਰ ਦਰਦਮੰਦ ਦਿਲ ਕੋ ਰੋਨਾ ਮੇਰਾ ਰੁਲਾ ਦੇ, ਬੇਹੋਸ਼ ਜੋ ਪੜੇ ਹੈਂ ਸਾਇਦ ਉਨ੍ਹੇ ਜਗਾ ਦੇ
Kulwant Singh Dhesi
ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਤੇ ਜੋ ਹਮਲੇ ਹੋ ਰਹੇ ਹਨ ਉਹਨਾ ਦਾ ਅਸਲ ਕਾਰਨ ਕੀ ਹੈ ਇਸ ਸਬੰਧੀ ਇੱਕ ਵੀਡੀਓ ਫਿਲਮ ਸੋਸ਼ਲ ਮੀਡੀਏ ਤੇ ਵਾਇਰਲ ਹੋਈ ਹੈ ਜੋ ਕਿ ਖਾਲਸਾ ਪੰਥ ਦੇ ਹਰ ਵਿਅਕਤੀ ਨੂੰ ਧਿਆਨ ਨਾਲ ਸੁਣਨੀ ਚਾਹੀਦੀ ਹੈ। ਅਸੀਂ ਇਹ ਲੇਖ ਉਸੇ ਰਿਕਾਰਡਿੰਗ ਤੇ ਅਧਾਰਤ ਲਿਖ ਰਹੇ ਹਾਂ ਕਿ ਭਾਈ ਸਾਹਿਬ ਦੇ ਜੀਵਨ ਦਾ ਉਦੇਸ਼ ਕੀ ਹੈ ਅਤੇ ਉਹਨਾ ਰਾਹੀਂ ਤਹਿ ਕੀਤੀ ਗਈ ਉਹ ਕਿਹੜੀ ਤਰਕੀਬ ਹੈ ਜਿਸ ਨਾਲ ਪੰਜਾਬ ਦੇ ਬੇਰੁਜ਼ਗਾਰ ਸਿੱਖ ਨੌਜਵਾਨ ਨੂੰ ਰੁਜ਼ਗਾਰ ਮਿਲੇਗਾ, ਯਹੂਦੀਆਂ ਵਾਂਗ ਹੀ ਸਿੱਖਾਂ ਦਾ ਵਕਾਰ ਵੀ ਦੁਨੀਆਂ ਤੇ ਛਾ ਜਾਵੇਗਾ ਅਤੇ ਸਾਰੀ ਦੁਨੀਆਂ ਤੇ ਸਿੱਖੀ ਦਾ ਚਾਨਣ ਵੰਡਿਆ ਜਾਵੇਗਾ। ਇਹ ਲੇਖ ਪੜ੍ਹ ਕੇ ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਵੇਗੀ ਕਿ ਆਲ ਪਤਾਲ ਬੋਲ ਕੇ ਹਮਲਾਵਰ ਧਿਰ ਅਸਲ ਵਿਚ ਭਾਈ ਸਾਹਿਬ ਦੀ ਜ਼ਬਾਨ ਕਿਓਂ ਬੰਦ ਕਰਨਾ ਚਾਹੁੰਦੀ ਹੈ ਅਤੇ ਉਹ ਕਿਹੜੇ ਕਾਰਨ ਹਨ ਜਿਹਨਾ ਕਾਰਨ ਭਾਈ ਸਾਹਿਬ ਜੀ ਦੇ ਤੱਤ ਗੁਰਮਤ ਪ੍ਰਚਾਰ ਨਾਲ ਧਾੜਵੀਆਂ ਦੇ ਸਾਹ ਔਖੇ ਹੋਏ ਪਏ ਹਨ।
ਭਾਈ ਸਾਹਿਬ ਜੀ ਦੇ ਗੁਰਮਤ ਲੈਕਚਰ ਵਿਚ ਹੇਠ ਲਿਖੀਆਂ ਗੱਲਾਂ ਧਿਆਨ ਗੋਚਰੇ ਹਨ—
1. ਗੁਰਦਵਾਰਿਆਂ ਦੀ ਸਿਆਸੀ ਵਰਤੋਂ ਕਰਨ ਵਾਲਿਆਂ ਤੋਂ ਗੁਰਦੁਆਰੇ ਅਜਾਦ ਕਰਵਾ ਕੇ ਗੁਰਬਾਣੀ ਗਿਆਨ ਦਾ ਚਾਨਣ ਸਾਰੀ ਦੁਨੀਆਂ ਤੇ ਕੀਤਾ ਜਾਵੇ। ਸੋ ਪਹਿਲਾ ਟੀਚਾ ਹੈ ਕਿ ਗੁਰਦਵਾਰਿਆਂ ਦੀ ਗਲਤ ਵਰਤੋਂ ਕਰਨ ਵਾਲਿਆਂ ਤੋਂ ਗੁਰਦੁਆਰੇ ਅਜਾਦ ਕਰਵਾਏ ਜਾਣ। ਇਹ ਗੱਲ ਸਾਰਾ ਜੱਗ ਜਾਣਦਾ ਹੈ ਕਿ ਸਾਡੇ ਗੁਰਦਵਾਰੇ ਸ਼੍ਰੋਮਣੀ ਕਮੇਟੀ ਤਹਿਤ ਹਨ ਅਤੇ ਸ਼੍ਰੋਮਣੀ ਕਮੇਟੀ ਤੇ ਬਾਦਲਾਂ ਦਾ ਕਬਜਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਤਖਤਾਂ ਦੇ ਜਥੇਦਾਰ ਬਾਦਲ ਦੇ ਲਫਾਫੇ ਵਿਚੋਂ ਨਿਕਲਦੇ ਹਨ। ਸੋ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆਖੀ ਜਾਂਦੀ ਸੰਸਥਾ ਤੇ ਬਾਦਲਾਂ ਦਾ ਕਬਜਾ ਹੈ ਅਤੇ ਇਹ ਸਿਆਸੀ ਲੋਕ ਸਿੱਖ ਪਾਰਲੀਮੈਂਟ ਨੂੰ ਆਪਣੇ ਤੰਗ ਰਾਜਸੀ ਮਨੋਰਥਾਂ ਲਈ ਵਰਤਦੇ ਹਨ। ਬਾਦਲਾਂ ਦੀ ਇਸ ਲੁੱਟ ਵਿਚ ਸੰਪ੍ਰਦਾਈ ਜਥੇਬੰਦੀਆਂ ਅਤੇ ਡੇਰੇ ਵੀ ਸ਼ਾਮਲ ਹਨ। ਜੇ ਬਾਦਲਾਂ ਦੇ ਕਬਜੇ ਹੇਠੋਂ ਗੁਰਦੁਆਰੇ ਨਿਕਲਦੇ ਹਨ ਤਾਂ ਉਹਨਾਂ ਦੇ ਟੁਕੜਬੋਚ ਸੰਪ੍ਰਦਾਈਆਂ ਨੂੰ ਕਿਸੇ ਨੇ ਨਹੀਂ ਪੁੱਛਣਾ ਜੋ ਤੱਤ ਗੁਰਮਤ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਦੀ ਅਲਖ ਮੁਕਾ ਦੇਣ ਤੱਕ ਤੁਲੇ ਹੋਏ ਹਨ। ਭਾਈ ਰਣਜੀਤ ਸਿੰਘ ਢਡਰੀਆ ਵਾਲਿਆਂ ਦੇ ਸਾਥੀ ਭਾਈ ਭੁਪਿੰਦਰ ਸਿੰਘ ਨੂੰ ਸ਼ਹੀਦ ਕਰਨ ਤੋਂ ਉਪਰੰਤ ਉਹ ਹੁਣ ਹੋਰ ਸਿੱਖ ਪ੍ਰਚਾਰਕਾਂ ਤੇ ਹਮਲੇ ਕਰ ਰਹੇ ਹਨ।
2. ਭਾਈ ਪੰਥਪ੍ਰੀਤ ਸਿੰਘ ਕਹਿੰਦੇ ਹਨ ਕਿ ਗੁਰਦੁਆਰੇ ਅਜਾਦ ਕਰਵਾ ਕੇ ਸੰਗਤਾਂ ਦੇ ਦਸਵੰਧ ਦੀ ਮਾਇਆ ਵਿੱਦਿਆ ਦਾਨ ਤੇ ਲਾਈ ਜਾਵੇਗੀ। ਪੜ੍ਹੇ ਲਿਖੇ ਲੋਕ ਜਾਣਦੇ ਹਨ ਕਿ ਯਹੂਦੀ ਲੋਕ ਅਮਰੀਕਾ ਵਰਗੇ ਦੁਨੀਆਂ ਦੇ ਸਭ ਤੋਂ ਵੱਧ ਤਾਕਤਵਰ ਦੇਸ਼ ਤੇ ਹਾਵੀ ਹਨ ਕਿਓਂਕਿ ਯਹੂਦੀ ਕੌਮ ਨੇ ਵਿੱਦਿਆ ਤੇ ਬਹੁਤ ਜੋਰ ਦਿੱਤਾ। ਦੁਨੀਆ ਦੇ ਵੱਡੇ ਮਰਾਤਬੇ ਵਾਲੇ ਵਿਗਿਆਨਕ, ਇੰਜਨੀਅਰ, ਡਾਕਟਰ, ਜੱਜ ਭਾਵ ਕਿ ਹਰ ਕਸਬ ਦੇ ਲੋਕ ਯਹੂਦੀ ਹਨ ਅਤੇ ਇਹ ਹੀ ਕਾਰਨ ਹੈ ਕਿ ਅਮਰੀਕਾ ਵਰਗਾ ਸ਼ਕਤੀਸ਼ਾਲੀ ਦੇਸ਼ ਵੀ ਉਹਨਾ ਦੀ ਮੁੱਠੀ ਵਿਚ ਹੈ। ਯਹੂਦੀਆਂ ਦੀ ਕਾਮਯਾਬੀ ਦਾ ਇੱਕੋ ਇੱਕ ਕਾਰਨ ਹੈ ਕਿ ਉਹਨਾ ਨੇ ਆਪਣਾ ਕੌਮੀ ਫੰਡ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਲਾਇਆ। ਦੁਨੀਆਂ ਦੀ ਸਭ ਤੋਂ ਘੱਟ ਗਿਣਤੀ ਵਾਲੀ ਕੌਮ ਯਹੂਦੀ ਹਨ ਅਤੇ ਉਹ ਸਭ ਤੋਂ ਵਧ ਕਾਮਯਾਬ ਹਨ।
ਭਾਈ ਸਾਹਿਬ ਕਹਿੰਦੇ ਹਨ ਕਿ ਅਸੀਂ ਚਹੁੰਦੇ ਹਾਂ ਕਿ ਅਸੀਂ ਵੀ ਯਹੂਦੀਆਂ ਦੇ ਰਾਹ ਪੈ ਜਾਈਏ। ਹੁਣ ਗਰੀਬ ਮਾਪੇ ਆਪਣੇ ਬੱਚਿਆਂ ਨੂੰ ਉੱਚ ਪਾਏ ਦੀ ਵਿੱਦਿਆ ਨਹੀਂ ਦੇ ਸਕਦੇ ਕਿਓਂਕਿ ਉਹਨਾ ਕੋਲ ਫੀਸਾਂ ਦੀ ਰਕਮ ਨਹੀਂ ਹੈ ਇਸ ਕਾਰਨ ਅਸੀਂ ਚਾਹੁੰਦੇ ਹਾਂ ਕਿ ਸੰਗਤਾਂ ਦੇ ਦਸਵੰਧ ਦੀ ਵਰਤੋਂ ਲੋੜਵੰਦ ਬੱਚਿਆਂ ਦੀ ਵਿੱਦਿਆ ਤੇ ਖਰਚ ਕੀਤੀ ਜਾਵੇ ਅਤੇ ਇਹ ਤਾਂ ਹੀ ਹੋ ਸਕੇਗਾ ਜੇਕਰ ਗੁਰਦੁਆਰੇ ਖੁਦਗਰਜ਼ ਅਤੇ ਭ੍ਰਿਸ਼ਟ ਰਾਜਨੀਤੀ ਤੋਂ ਮੁਕਤ ਹੋਣ। ਇਹ ਗੱਲ ਵੀ ਸੰਪ੍ਰਦਾਈਆਂ ਲਈ ਮੌਤ ਸਮਾਨ ਹੈ ਕਿਓਂਕਿ ਜੇਕਰ ਕੌਮ ਪੜ੍ਹ ਲਿਖ ਜਾਂਦੀ ਹੈ ਤਾਂ ਉਹਨਾ ਦਾ ਬਾਬਾਵਾਦ ਅਤੇ ਡੇਰਾਵਾਦ ਰੁਕ ਜਾਣਾ ਹੈ। ਸੰਪ੍ਰਦਾਈ ਆਗੂ ਪੜ੍ਹੇ ਲਿਖੇ ਲੋਕਾਂ ਦੇ ਖਿਲਾਫ ਏਸੇ ਕਰਕੇ ਬੋਲਦੇ ਹਨ ਤਾਂ ਕਿ ਇਹਨਾ ਦੀਆਂ ਮਨ੍ਹਘੜਤ ਕਥਾ ਕਹਾਣੀਆਂ ਵਿਚ ਪਰਚੀ ਹੋਈ ਇਹਨਾ ਦੀ ਗੁਲਾਮ ਬਣੀ ਸੰਗਤ ਕਿਤੇ ਇਹਨਾ ਦੇ ਹੱਥੋਂ ਨਾ ਨਿਕਲ ਜਾਵੇ। ਇਹਨਾ ਸੰਪ੍ਰਦਾਈਆਂ ਨੇ ਸਿੱਖ ਪ੍ਰਚਾਰਕਾਂ ਦੀ ਅਲਖ ਮੁਕਾ ਦੇਣ ਦਾ ਮੁੱਦਾ ਹੁਣ ਜੀਣ ਮੌਤ ਦਾ ਮੁੱਦਾ ਬਣਾ ਲਿਆ ਹੈ। ਧਾੜਵੀ ਬਣੇ ਇਹਨਾ ਬਾਬਿਆਂ ਦੇ ਚੇਲਿਆਂ ਕਾਰਨ ਸ਼ਾਂਤਮਈ ਸਿੱਖ ਕੌਮ ਸਾਰੀ ਦੁਨੀਆਂ ਵਿਚ ਤਾਲਿਬਾਨੀਆਂ ਵਾਂਗ ਹੀ ਬਦਨਾਮ ਹੋ ਰਹੀ ਹੈ ਅਤੇ ਸਿੱਖਾਂ ਦੀ ਕਿਰਪਾਨ ਤੇ ਵੀ ਸਾਰੀ ਦੁਨੀਆਂ ਵਿਚ ਬੰਦਸ਼ ਲੱਗ ਰਹੀ ਹੈ।
3. ਭਾਈ ਸਾਹਿਬ ਅਗਲੀ ਗੱਲ ਕਹਿੰਦੇ ਹਨ ਕਿ ਸੋਨਾ ਲਾਉਣਾ ਬੰਦ ਕਰ ਦਿੱਤਾ ਜਾਵੇ ਕਿਓਂਕਿ ਸੋਨਾ ਲਾਉਣਾ ਕੋਈ ਸੇਵਾ ਨਹੀਂ ਸਗੋਂ ਇਹ ਤਾਂ ਪੁਜਾਰੀਵਾਦ ਦੀ ਨਕਲ ਹੈ। ਸੋਨਾ ਗੁਰਦੁਆਰਿਆਂ ਦੀਆਂ ਇਮਾਰਤਾਂ ਤੇ ਲਾਉਣ ਦੀ ਬਜਾਏ ਆਪਣੇ ਧੀਆਂ ਪੁੱਤਰਾਂ ਦੀ ਪੜ੍ਹਾਈ ਤੇ ਲਾਇਆ ਜਾਵੇ ਤਾਂ ਕਿ ਸਾਡੇ ਧੀਆਂ ਪੁੱਤਰਾਂ ਦਾ ਭਵਿੱਖ ਸੋਨੇ ਵਰਗਾ ਹੋ ਜਾਵੇ। ਇਹ ਗੱਲ ਵੀ ਸੰਪ੍ਰਦਾਈ ਬਾਬਿਆਂ ਦੇ ਵਿਰੁਧ ਜਾਂਦੀ ਹੈ ਕਿਓਂਕਿ ਜੇਕਰ ਕਾਰ ਸੇਵਾ ਦੇ ਨਾਮ ਹੇਠ ਇਹਨਾ ਦਾ ਸੰਗਮਰਮਰ ਅਤੇ ਸੋਨੇ ਦਾ ਕਾਰੋਬਾਰ ਬੰਦ ਹੋ ਗਿਆ ਤਾਂ ਇਹਨਾ ਦੇ ਡੇਰਿਆਂ ਨੂੰ ਕਿਸ ਨੇ ਨਹੀਂ ਪੁੱਛਣਾ। ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਕਾਰਸੇਵਾ ਦੇ ਨਾਮ ਤੇ ਕਿਸ ਤਰਾਂ ਦੀ ਢੱਕੀ ਰਿਝ ਰਹੀ ਹੈ। ਇਹ ਇੱਕ ਐਸਾ ਸਕੈਂਡਲ ਹੈ ਜਿਸ ਦੀ ਅਜਾਦ ਇਨਕੁਆਰੀ ਹੋਣੀ ਜਰੂਰੀ ਹੈ। ਸਿੱਖ ਇਤਹਾਸ ਦੀਆਂ ਪੁਰਾਤਨ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਗਈਆਂ ਹਨ ਅਤੇ ਪੁਰਾਤਨ ਸਿੱਖੀ ਇਤਹਾਸ ਦੀ ਜਗ੍ਹਾ ਬਾਬਿਆਂ ਦਾ ਮਨ-ਘੜਤ ਇਤਹਾਸ ਬਣਾਇਆ ਜਾ ਰਿਹਾ ਹੈ।
 ਪਿਛਲੀ ਵਾਰ ਮੈਂ ਜਦੋਂ ਪਟਨਾ ਸਾਹਿਬ ਗੁਰਧਾਮ ਦਰਸ਼ਨਾਂ ਲਈ ਗਿਆ ਤਾਂ ਹਰ ਇਤਹਾਸਕ ਗੁਰਦੁਆਰੇ ਦੇ ਨਾਲ ਇੱਕ ਮਨਘੜਤ ਕਹਾਣੀ ਪ੍ਰਚਾਰੀ ਜਾਂਦੀ ਦੇਖੀ। ਤੀਰਥ ਯਾਤ੍ਰੀਆਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਮੂੰਹੋਂ ਮੰਗੀਆਂ ਮੁਰਾਦਾਂ ਕਿਵੇਂ ਪ੍ਰਾਪਤ ਕਰ ਸਕਦੇ ਹਨ। ਇੱਕ ਗੁਰਦੁਆਰੇ ਵਿਚ ਜਾ ਕੇ ਬੜੀ ਹੈਰਾਨੀ ਹੋਈ , ਜਿਥੇ ਕਿ ਥੰਮਾਂ ਨੂੰ ਕੇਸਰੀ ਕੱਪੜੇ ਨਾਲ ਲਪੇਟਿਆ ਹੋਇਆ ਸੀ ਅਤੇ ਇਹਨਾ ਥੱਮਾਂ ਬਾਰੇ ਸੰਗਤਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਇਹਨਾ ਥੰਮਾਂ ਨੂੰ ਜੱਫੀ ਵਿਚ ਲੈ ਕੇ ਜੋ ਵੀ ਮੁਰਾਦ ਮੰਗੋਗੇ ਉਹ ਪੂਰੀ ਹੋਵੇਗੀ। ਇਸ ਤਰਾਂ ਹਰ ਥਾਂ ਗੋਲਕ ਰੱਖੀ ਹੋਈ ਹੈ ਅਤੇ ਗੁਰਮਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹੁਣ ਜੇਕਰ ਬਾਬਿਆਂ ਦੀਆਂ ਇਹਨਾ ਹਰਕਤਾਂ ਖਿਲਾਫ ਕੋਈ ਪ੍ਰਚਾਰਕ ਬੋਲਦਾ ਹੈ ਤਾਂ ਸੰਪ੍ਰਦਾਈ ਮਰਨ ਮਰਾਉਣ ਤੇ ਆ ਜਾਂਦੇ ਹਨ। ਭਾਈ ਪ੍ਰਥਪ੍ਰੀਤ ਸਿੰਘ ਕਹਿ ਰਹੇ ਹਨ ਗੁਰਦੁਆਰਿਆਂ ਤੇ ਸੋਨਾ ਲਾਉਣ ਦੀ ਬਜਾਏ ਇਹ ਧਨ ਇਸ ਤਰੀਕੇ ਨਾਲ ਖਰਚ ਕੀਤਾ ਜਾਵੇ ਕਿ ਸਾਡੇ ਬੱਚਿਆਂ ਦਾ ਜੀਵਨ ਸੋਨੇ ਵਰਗਾ ਹੋ ਜਾਵੇ। ਬੱਚਿਆਂ ਦੇ ਜੀਵਨ ਲਈ ਗੁਰਮਤ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਤੇ ਜੋਰ ਦਿੱਤਾ ਜਾਣਾ ਚਾਹੀਦਾ ਹੈ। ਗੁਰਬਾਣੀ ਦਾ ਦ੍ਰਿਸ਼ਟਾਂਤ ਦੇ ਕੇ ਉਹ ਕਹਿੰਦੇ ਹਨ ਕਿ,
 ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ
 ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ ॥-1399 --
-ਭਾਵ ਕਿ ਗੁਰਸ਼ਬਦ ਸੁਣ ਕੇ ਬੰਦਾ ਕੱਚ ਤੋਂ ਸੋਨਾ ਬਣ ਜਾਂਦਾ ਹੈ ਅਤੇ ਜ਼ਹਿਰ ਅੰਮ੍ਰਿਤ ਵਿਚ ਰੂਪਾਂਤਰ ਹੋ ਜਾਂਦੀ ਹੈ। ਭਾਈ ਸਾਹਿਬ ਕਹਿੰਦੇ ਹਨ ਕਿ ਸੰਗਤਾਂ ਦੇ ਦਸਵੰਧ ਨੂੰ ਲੋੜਵੰਦ ਬੱਚਿਆਂ ਦੀ ਵਿੱਦਿਆ ਲਈ ਇਕ ਲੋਨ ਸਕੀਮ ਵਜੋਂ ਵਰਤਿਆ ਜਾਣਾ ਚਾਹੀਦਾ ਹੈ ਅਤੇ ਜਦੋਂ ਉਹ ਬੱਚੇ ਵਿੱਦਿਆ ਪ੍ਰਾਪਤ ਕਰਕੇ ਕਮਾਈ ਕਰਨ ਲੱਗ ਪੈਣ ਤਾਂ ਉਹ ਪੈਸਾ ਵਾਪਸ ਕਰ ਦੇਣ।
4. ਅਗਲੀ ਗੱਲ ਗੁਰੂ ਦੀ ਗੋਲਕ ਗਰੀਬ ਦੇ ਮੂੰਹ ਦੀ ਹੈ। ਉਹ ਕਹਿੰਦੇ ਹਨ ਕਿ ਅਸੀਂ ਚਹੁੰਦੇ ਹਾਂ ਕਿ ਗੁਰੂ ਦੀ ਗੋਲਕ ਗਰੀਬਾਂ ਦੇ ਮੂੰਹ ਪਵੇ ਅਤੇ ਲੀਡਰਾਂ ਦੇ ਮੂੰਹ ਵਿਚ ਪੈਣੀ ਬੰਦ ਹੋ ਜਾਵੇ। ਅੱਜ ਸਿੱਧੇ ਅਸਿੱਧੇ ਤਰੀਕੇ ਨਾਲ ਗੁਰੂ ਦੀ ਗੋਲਕ ਲੀਡਰਾਂ ਦੇ ਮੂੰਹ ਵਿਚ ਪੈਂਦੀ ਹੈ ਅਤੇ ਲੀਡਰਾਂ ਦੀਆਂ ਪਤਲਾਂ ਤੇ ਕਈ ਅਨੇਕਾਂ ਬਾਬਿਆਂ , ਡੇਰਿਆਂ ਅਤੇ ਸੰਪ੍ਰਦਾਈਆਂ ਦਾ ਤੋਰੀ ਫੁਲਕਾ ਚਲਦਾ ਹੈ। ਜਿਹਨਾ ਲੋੜਵੰਦਾਂ ਤੇ ਗੁਰੂ ਦੀ ਗੋਲਕ ਖਰਚ ਕੀਤੀ ਜਾਣੀ ਹੈ ਉਹਨਾ ਨੂੰ ਗੁਰਮਤ ਪ੍ਰਚਾਰ ਵਿਚ ਸ਼ਾਮਲ ਕਰਕੇ ਗੁਰਬਾਣੀ ਨੂੰ ਸਾਰੀ ਦੁਨੀਆਂ ਵਿਚ ਫੈਲਾ ਦਿੱਤਾ ਜਾਵੇ।
ਅਸਲ ਵਿਚ ਅਸੀਂ ਦੇਖ ਸਕਦੇ ਹਾਂ ਕਿ ਭਾਈ ਪੰਥਪ੍ਰੀਤ ਸਿੰਘ ਅਤੇ ਉਹਨਾ ਦੇ ਸਹਿਯੋਗੀ ਸੰਗਤਾਂ ਦੇ ਝੜਾਵੇ ਦੀ ਹੋ ਰਹੀ ਲੁੱਟ ਬਾਰੇ ਜਿਥੇ ਸੰਗਤਾਂ ਨੂੰ ਸੁਚੇਤ ਕਰਦੇ ਹਨ ਉਥੇ ਉਹ ਸਰਸਾ ਵਾਲਿਆਂ ਵਰਗਿਆਂ ਸਾਹਮਣੇ ਵੀ ਢਾਲ ਬਣ ਕੇ ਖੜੇ ਹਨ ਜਿਹਨਾ ਦਾ ਪੰਜਾਬ ਵਿਚ ਨਾਮ ਚਰਚਾ ਕਰਵਾਉਣ ਲਈ ਬਾਦਲਾਂ ਦੇ ਸਿਆਸੀ ਪੁਰਜਿਆਂ ਨੇ ਸ਼ਰੇਆਮ ਤਕਰੀਰਾਂ ਕੀਤੀਆਂ ਸਨ। ਚੇਤੇ ਰਹੇ ਕਿ ਸੰਪ੍ਰਦਾਈ ਅਤੇ ਡੇਰੇਦਾਰ ਆਪਣੇ ਸਿਆਸੀ ਮਾਲਕਾਂ ਦੇ ਖਿਲਾਫ ਮੂੰਹ ਤਕ ਨਹੀਂ ਖੋਲ੍ਹਦੇ ਪਰ ਸਿੱਖ ਪ੍ਰਚਾਰਕਾਂ ਦੇ ਪ੍ਰਚਾਰ ਦੇ ਖਿਲਾਫ ਬਹੁਤ ਉਬਲਦੇ ਹਨ।
ਸਰਕਾਰੀ ਜਥੇਦਾਰ ਵੀ ਸਿਆਸੀ ਆਗੂਆਂ ਨੂੰ ਗਿਣੀਮਿਥੀ ਤਨਖਾਹ ਲਾ ਕੇ ਉਹਨਾ ਨੂੰ ਧਾਰਮਕ ਭੈ ਤੋਂ ਮੁਕਤ ਕਰ ਦਿੰਦੇ ਹਨ ਜਦ ਕਿ ਭਾਈ ਪੰਥਪ੍ਰੀਤ ਸਿੰਘ ਵਰਗੇ ਪ੍ਰਚਾਰਕਾਂ ਦੇ ਸਿੱਖੀ ਪ੍ਰਚਾਰ ਨੂੰ ਰੋਕਣ ਲਈ ਉਹ ਆਪਣੇ ਰਾਜਸੀ ਆਕਾਂ ਦੇ ਇਸ਼ਾਰਿਆਂ ਤੇ ਕੋਈ ਨਾ ਕੋਈ ਫਤਵਾ ਜਾਰੀ ਕਰਨ ਲਈ ਪੱਬਾਂ ਭਾਰ ਰਹਿੰਦੇ ਹਨ। ਇਹ ਸਰਕਾਰੀ ਜਥੇਦਾਰ ਸੰਪ੍ਰਦਾਈਆਂ ਦਾ ਵੀ ਪਾਣੀ ਭਰਦੇ ਹਨ ਕਿਓਂਕਿ ਸੰਪਰਦਾਈਆਂ ਦੇ ਸਿਰ ਤੇ ਬਾਦਲਾਂ ਦੀ ਛਤਰੀ ਹੈ।
ਇੱਕ ਗੱਲ ਸਪੱਸ਼ਟ ਹੋਣੀ ਬਹੁਤ ਜਰੂਰੀ ਹੈ ਕਿ ਸੰਪ੍ਰਦਾਈਆਂ ਅਤੇ ਡੇਰੇਦਾਰਾਂ ਦਾ ਇਹ ਫਤਵਾ ਕਿ ਸਿੱਖ ਪ੍ਰਚਾਰਕ ਗੁਰੂ ਦੀ ਨਿੰਦਾ ਕਰ ਰਹੇ ਹਨ ਉੱਕਾ ਹੀ ਨਿਰਮੂਲ ਹੈ ਅਤੇ ਸੱਚ ਇਹ ਹੈ ਕਿ ਇਹ ਸੰਪ੍ਰਦਾਈ ਅਤੇ ਡੇਰੇਦਾਰ ਨਾ ਕੇਵਲ ਦਸਵੇਂ ਪਾਤਸ਼ਾਹ ਦੀ ਬਾਣੀ ਵਿਚ ਹੀ ਨਜਾਇਜ ਰਲਾ ਪਾ ਰਹੇ ਹਨ, ਸਗੋਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਐਸੇ ਸਾਹਿਤ ਨੂੰ ਗੁਰੂ ਦਾ ਦਰਜਾ ਦੇਣ ਲਈ ਬਜਿੱਦ ਹਨ ਜਿਸ ਨੂੰ ਪੜ੍ਹ ਕੇ ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦਾ ਹੈ। ਸੱਚ ਤਾਂ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਪ੍ਰਤੀ ਰੌਲ ਘਚੌਲਾ ਪਾ ਰਹੇ ਹਨ।ਪੰਥਕ ਤੌਰ ਤੇ ਵਰਜਿਤ ਲਿਖਤਾਂ ਨੂੰ ਗੁਰੂ ਗ੍ਰੰਥ ਸਾਹਬ ਜੀ ਦੇ ਬਰਾਬਰ ਦਰਜਾ ਦੇ ਕੇ ਗੁਰੂ ਦੀ ਨਿੰਦਾ ਅਤੇ ਬੇਅਦਬੀ ਜਿਥੇ ਇਹ ਆਪਣੇ ਨਿੱਜੀ ਡੇਰਿਆਂ ਤੇ ਕਰ ਰਹੇ ਹਨ ਅਤੇ ਹੁਣ ਉਹ ਇਹ ਕੁਕਰਮ ਪੰਥਕ ਗੁਰਧਾਮਾਂ ਤੇ ਕਰਨ ਲਈ ਮਰਨ ਮਰਾਉਣ ਤੇ ਤੁਲੇ ਹੋਏ ਹਨ। ਅੱਜ ਇਹਨਾ ਪੰਥ ਵਿਰੋਧੀ ਅਨਸਰਾਂ ਤੋਂ ਗੁਰਦੁਆਰੇ ਅਜਾਦ ਕਰਵਾ ਕੇ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਲਾਗੂ ਕਰਨਾ ਹਰ ਸਿੱਖ ਦਾ ਪਹਿਲ ਪਲੇਠੀ ਦਾ ਕੰਮ ਹੈ।
ਹੁਣ ਜਦੋਂ ਕਿ ਸੰਪ੍ਰਦਾਈਆਂ ਦੇ ਹਮਲੇ ਚੋਂ ਭਾਈ ਪੰਥਪ੍ਰੀਤ ਸਿੰਘ ਜਾਨ ਬਚਾ ਕੇ ਨਕਲ ਗਏ ਹਨ ਤਾਂ ਸਪ੍ਰਦਾਈਆਂ ਨੇ ਆਪਣੇ ਜਥੇਦਾਰ ਰਾਹੀਂ ਭਾਈ ਸਾਹਬ ਦੇ ਪ੍ਰਚਾਰ ਤੇ ਰੋਕਾਂ ਲਾਉਣ ਲਈ ਆਖਰੀ ਵਾਰ ਚੱਲਿਆ ਹੈ ਜਿਸ ਵਿਚ ਕਿ ਭਾਈ ਪੰਥਪ੍ਰੀਤ ਸਿੰਘ ਫਸਦੇ ਨਜ਼ਰ ਆ ਰਹੇ ਹਨ। ਬੇਸ਼ੱਕ ਸਿੱਖ ਸੰਗਤਾਂ ਨੇ ਇਹਨਾ ਜਥੇਦਾਰਾਂ ਨੂੰ ਰੱਦ ਕੀਤਾ ਹੋਇਆ ਹੈ ਪਰ ਇਹਨਾ ਜਥੇਦਾਰਾਂ ਨੂੰ ਸੰਪ੍ਰਦਾਈ ਲੋਕ ਫਤਵੇ ਜਾਰੀ ਕਰਨ ਲਈ ਬੜੀ ਕਾਮਯਾਬੀ ਨਾਲ ਵਰਤਦੇ ਨਜ਼ਰ ਆ ਰਹੇ ਹਨ ਅਤੇ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਚਾਹੀਦਾ ਹੈ ਕਿ ਉਹ ਜਜ਼ਬਾਤਾਂ ਨੂੰ ਕਾਬੂ ਵਿਚ ਰੱਖ ਕੇ ਇਹਨਾ ਦੇ ਇਸ ਜਾਲ ਤੋਂ ਬਚਣ ਦੀ ਕੋਸ਼ਿਸ਼ ਕਰਨ ਕਿਓਂਕਿ ਪੰਥ ਨੂੰ ਉਹਨਾ ਦੀ ਬੇਹੱਦ ਲੋੜ ਹੈ। ਇਹ ਵੀ ਚੇਤੇ ਰਹੇ ਕਿ ਸੰਪ੍ਰਦਾਈਆਂ ਨੂੰ ਅਤੇ ਜਥੇਦਾਰ ਇਕਬਾਲ ਸਿੰਘ ਵਰਗਿਆਂ ਨੂੰ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਵਰਗੇ ਨਜ਼ਰ ਨਹੀਂ ਆਉਂਦੇ ਜੋ ਕਿ ਸਾਹਿਬਜਾਦਿਆਂ ਬ੍ਰਹਮਾਂ ਵਿਸ਼ਨੂੰ ਦੇਵਤਿਆਂ ਦੇ ਅਵਤਾਰ ਕਹਿ ਕੇ ਪ੍ਰਚਾਰਦਾ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.