ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਕੇਲਾ ਰਿਪਬਲਿਕ ਦੇ ਬਾਂਦਰ ਮੰਤਰੀਆਂ ਦਾ ਚਹੇਤਾ
ਕੇਲਾ ਰਿਪਬਲਿਕ ਦੇ ਬਾਂਦਰ ਮੰਤਰੀਆਂ ਦਾ ਚਹੇਤਾ
Page Visitors: 2557

ਕੇਲਾ ਰਿਪਬਲਿਕ ਦੇ ਬਾਂਦਰ ਮੰਤਰੀਆਂ ਦਾ ਚਹੇਤਾ
ਸੌਦੇ ਵਾਲਾ ਸਾਧ 20 ਸਾਲਾਂ ਲਈ ਸਲਾਖਾਂ ਪਿੱਛੇ
ਲੇਖਕ: ਕੁਲਵੰਤ ਸਿੰਘ ‘ਢੇਸੀ’
ਪੰਦਰਾਂ ਸਾਲ ਦੀ ਲੰਬੀ ਜੱਦੋ ਜਹਿਦ ਮਗਰੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਕਾਨੂੰਨ ਦੇ ਪੰਜੇ ਵਿਚ ਮਸੀਂ ਹੀ ਫਸਿਆ ਹੈ। ਇਹ ਸਾਧ ਆਪਣੇ ਆਪ ਵਿਚ ਏਨਾ ਖੂੰਖਾਰ ਹੋ ਗਿਆ ਸੀ ਕਿ ਇਸ ਨੂੰ ਅਦਾਲਤੀ ਕਟਹਿਰੇ ਵਿਚ ਖੜ੍ਹੇ ਕਰਨ ਲਈ ਹਰਿਆਣੇ ਦੀ ਸਰਕਾਰ ਦੇ ਸਾਹ ਔਖੇ ਹੋਏ ਪਏ ਸਨ। 25 ਅਗਸਤ ਨੂੰ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਵਿਚ ਸਾਧ ਦਾ ਫੈਸਲਾ ਹੋਣਾ ਸੀ ਜਿਸ ਸਬੰਧੀ ਉਸ ਦੇ ਹਿਮਾਇਤੀਆਂ ਵਲੋਂ ਸ਼ਰੇਆਮ ਧਮਕੀਆਂ ਆ ਰਹੀਆਂ ਸਨ ਕਿ ਜੇਕਰ ਫੈਸਲਾ ਉਹਨਾ ਦੇ ਪਿਤਾ ਦੇ ਖਿਲਾਫ ਆਇਆ ਤਾਂ ਉਹ ਭਾਰਤ ਨੂੰ ਦੁਨੀਆਂ ਦੇ ਨਕਸ਼ੇ ਤੋਂ ਮਿਟਾ ਦੇਣਗੇ। ਇਹਨਾ ਧਮਕੀਆਂ ਦੇ ਹੁੰਦਿਆਂ ਹੋਇਆਂ ਵੀ ਹਰਿਆਣਾ ਸਰਕਾਰ ਸਥਿਤੀ ਨੂੰ ਕਾਬੂ ਕਰਨ ਵਿਚ ਨਿਪੁੰਸਕ ਰਹੀ ਅਤੇ ਡੇੜ ਲੱਖ ਡੇਰਾ ਸਮਰਥਕ ਪੰਚਕੂਲਾ ਦੇ ਸੈਕਟਰ 3 ਵਿਚ ਜਮ੍ਹਾ ਹੋ ਗਏ ਜੋ ਕਿ ਅਦਾਲਤੀ ਫੈਸਲਾ ਆਉਂਦੇ ਸਾਰ ਹੀ ਹਿੰਸਾ ਤੇ ਉਤਰ ਆਏ।  ਪੁਲਸ ਅਤੇ ਪ੍ਰਸ਼ਾਸਨ ਦੀ ਨਿਲਾਇਕੀ ਕਾਰਨ ਹੀ ਇਹ ਸਭ ਹੋਇਆ ਹੈ ਪਰ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਕਿਓਂਕਿ ਕੇਂਦਰ ਵਿਚ ਭਾਜਪਾ ਬੈਠੀ ਹੈ ਅਤੇ ਵਿਰੋਧੀ ਧਿਰ ਵਿਚ ਏਨੀ ਹਿੰਮਤ ਨਹੀਂ ਹੈ ਕਿ ਹਰਿਆਣਾ ਦੀ ਭਾਜਪਾ ਦੀ ਖਟਾਰਾ ਸਰਕਾਰ ਨੂੰ ਚਣੌਤੀ ਦੇ ਸਕਣ।
ਇਸ ਸਥਿਤੀ ਨੂੰ ਕਾਬੂ ਕਰਨ ਲਈ ਨੀਮ ਫੌਜੀ ਬਲਾਂ ਦੀਆਂ 150 ਕੰਪਨੀਆਂ ਦੀ ਮੰਗ ਕੀਤੀ ਗਈ ਸੀ। ਭਾਵੇਂ ਕਿ ਪੰਚਕੂਲਾ ਅਤੇ ਸਰਸਾ ਵਿਚ ਧਾਰਾ 144 ਲਾਉਣ ਦੀਆਂ ਖਬਰਾਂ ਸਨ ਪਰ ਪੁਲਸ ਅਤੇ ਪ੍ਰਸ਼ਾਸਨ ਡੇਰਾ ਸਮਰਥਕਾਂ ਨੂੰ ਕਾਬੂ ਕਰਨ ਜਾਂ ਖਿੰਡਾਉਣ ਵਿਚ ਬਿਲਕੁਲ ਫਿਹਲ ਰਹੇ। ਸਾਧ ਵਾਲੇ ਦੇ ਖਿਲਾਫ ਅਦਾਲਤੀ ਫੈਸਲਾ ਆਉਂਦੇ ਸਾਰ ਹੀ ਡੇਰਾ ਸਮਰਥਕਾਂ ਨੇ ਸਰੇਆਮ ਪੱਥਰ ਬਾਜੀ ਕੀਤੀ ਜਿਸ ਵਿਚ ਮੀਡੀਆ ਕਰਮੀਆਂ ਨੂੰ ਵੀ ਜ਼ਖਮੀ ਕਰ ਦਿੱਤਾ। ਸਰਕਾਰੀ ਵਾਹਨਾ, ਇਮਾਰਤਾਂ, ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਕ੍ਰੋੜਾਂ ਦਾ ਨੁਕਸਾਨ ਹੋਇਆ ਅਤੇ ਇਹ ਸਤਰਾਂ ਲਿਖਣ ਵੇਲੇ ਤਕ 39 ਦੀ ਗਿਣਤੀ ਤਕ ਵਿਅਕਤੀਆਂ ਦੇ ਮਾਰੇ ਜਾਣ ਅਤੇ 250 ਦੇ ਕਰੀਬ ਜ਼ਖਮੀ ਹੋ ਜਾਣ ਦੀਆਂ ਖਬਰਾਂ ਹਨ। ਲਗਾਤਾਰ ਤਿੰਨ ਦਿਨ ਬੱਸ ਅਤੇ ਰੇਲ ਸੇਵਾਵਾਂ ਬੰਦ ਰਹੀਆਂ ਅਤੇ ਸਕੂਲ, ਕਾਲਜ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹੇ। ਪੰਚ ਕੂਲਾ ਦੀ ਅਦਾਲਤ ਨੇ ਸੌਦੇ ਵਾਲੇ ਨੂੰ ਦੋਸ਼ੀ ਸਾਬਤ ਕੀਤਾ ਅਤੇ ਸੋਮਵਾਰ ਨੂੰ ਸਜਾ ਸੁਣਾ ਦੇਣ ਦਾ ਫੈਸਲਾ ਕੀਤਾ। ਜਿਸ ਵੇਲੇ ਪੰਚਕੂਲਾ ਦੀ ਅਦਾਲਤ ਵਿਚ ਸੌਦੇ ਵਾਲੇ ਨੂੰ ਫੈਸਲਾ ਸੁਣਾਇਆ ਜਾਣਾ ਸੀ ਉਸ ਵੇਲੇ ਉਸ ਦੇ ਹੱਥ ਜੁੜੇ ਹੋਏ ਸਨ ਅਤੇ ਮਾਨਯੋਗ ਜੱਜ ਜਗਦੀਪ ਸਿੰਘ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਆਪਣੇ ਵਕੀਲ ਦੇ ਮੋਢੇ ਤੇ ਹੱਥ ਧਰ ਕੇ ਬੈਂਚ ਤੇ ਬਹਿ ਗਿਆ। ਉਪਰੰਤ ਉਹ ਅਪਣੀ ਮੂੰਹ ਬੋਲੀ (ਵਿਵਾਦਤ) ਬੇਟੀ ਹਨੀਪ੍ਰੀਤ ਇੰਸਾ ਨਾਲ ਹੈਲੀਕਾਪਟਰ ਰਾਹੀਂ ਰੋਹਤਕ ਲਈ ਰਵਾਨਾ ਹੋਇਆ । ਤੋਂ ਉਪਰੰਤ ਸੌਦੇ ਵਾਲੇ ਨੂੰ ਰੋਹਤਕ ਦੀ ਜਿਹਲ ਵਿਚ ਬੰਦ ਕਰ ਦਿੱਤਾ ਗਿਆ। ਇਸ ਜਿਹਲ ਵਿਚ ਪਹਿਲੀ ਰਾਤ 5 ਵਜੇ ਤਕ ਸਾਧ ਨੂੰ ਨੀਂਦ ਨਹੀਂ ਆਈ ਕਿਓਂਕਿ ਉਸ ਨੂੰ ਵਿਸ਼ੇਸ਼ ਰਿਆਇਤਾਂ ਨਹੀਂ ਮਿਲੀਆਂ।
ਰੋਹਤਕ ਜਿਹਲ ਦੀ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿਚ ਵੀ ਮਾਨਯੋਗ ਜੱਜ ਜਗਦੀਪ ਸਿੰਘ ਲੋਹਾਨ ਨੇ ਸੌਦੇ ਵਾਲੇ ਨੂੰ ਜਬਰਜਨਾਹ ਦੇ ਮਾਮਲੇ ਵਿਚ ਦੋਹਾਂ ਕੇਸਾਂ ਵਿਚ ਵੱਧ ਤੋਂ ਵੱਧ ਦਸ ਦਸ ਸਾਲ ਦੀ ਸਜਾ ਦਿੱਤੀ। ਇਹ ਫੈਸਲਾ ਸੁਣਦੇ ਸਾਰ ਸੌਦੇ ਵਾਲੇ ਦਾ ਪਿਸ਼ਾਬ ਨਿਕਲ ਗਿਆ ਦੱਸਿਆ ਜਾਂਦਾ ਹੈ ਪਰ ਉਸ ਨੂੰ ਜੱਜ ਵਾਲਾ ਪਾਖਾਨਾ ਵਰਤਣ ਦੀ ਇਜਾਜ਼ਤ ਨਾ ਮਿਲੀ ਅਤੇ ਉਸ ਨੂੰ ਸਧਾਰਨ ਪਾਖਾਨੇ ਵਿਚ ਹੀ ਜਾਣਾ ਪਿਆ। ਸੀ ਬੀ ਆਈ ਦੇ ਵਕੀਲ ਐਚ ਪੀ ਐਸ ਵਰਮਾ ਤੇ ਵੀ ਸਾਧ ਨੇ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਨੂੰ ਵੀ ਵਿਸ਼ੇਸ਼ ਸੁਰੱਖਿਆ ਦਿੱਤੀ ਗਈ। ਵਕੀਲ ਵਰਮਾ ਮੁਤਾਬਕ 12 ਦਸੰਬਰ 2002 ਸਾਧ ਖਿਲਾਫ ਐਫ ਆਈ ਆਰ ਹੋਈ ਅਤੇ ਉਸ ਤੋਂ ਬਾਅਦ ਸਾਧਵੀਆਂ ਦੀ ਭਾਲ ਸ਼ੁਰੂ ਹੋਈ ਜਿਹਨਾ ਨੂੰ ਮੁਸ਼ਕਲ ਨਾਲ ਲੱਭਿਆ ਗਿਆ। ਇੱਕ ਸਾਧਵੀ ਨੂੰ ਖਾਨਪੁਰ ਕੋਲਿਆਂ (ਕੁਰੂਕਸ਼ੇਤਰ) ਤੋਂ ਲੱਭਿਆ ਗਿਆ ਜਿਸ ਨਾਲ ਸਾਧ ਨੇ ਦੋ ਵਾਰ ਬਲਾਤਕਾਰ ਕੀਤਾ ਸੀ ਅਤੇ ਦੂਸਰੀ ਸਾਧਵੀ ਫਤਿਹਾਬਾਦ ਦੀ ਸੀ ਜਿਸ ਨਾਲ ਸਾਧ ਨ ਇੱਕ ਵਾਰ ਬਲਾਤਕਾਰ ਕੀਤਾ ਸੀ। ਸਾਧ ਨੂੰ ਦੋਹਾਂ ਕੇਸਾਂ ਵਿਚ 10-10 ਸਾਲ ਦੀ ਸਜਾ ਸੁਣਾਈ ਗਈ ਹੈ ਅਤੇ ਇਹ ਸਜਾਵਾਂ ਇਕੱਠੀਆਂ ਨਹੀਂ ਚਲਣੀਆ। ਇਸੇ ਦੋਸ਼ ਵਿਚ ਉਸ ਨੂੰ 15-15 ਲੱਖ ਰੁਪਏ ਦਾ ਜੁਰਮਾਨਾ ਵੀ ਹੋਇਆ ਹੈ ਜਿਸ ਵਿਚੋਂ 14-14 ਲੱਖ ਰੁਪਇਆ ਪੀੜਤ ਲੜਕੀਆਂ ਨੂੰ ਮਿਲੇਗਾ। ਇਹ ਖਬਰ ਮਿਲਦਿਆਂ ਹੀ ਦੁਨੀਆਂ ਭਰ ਵਿਚ ਬੈਠੇ ਇਨਸਾਫ ਪਸੰਦ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਸੌਦੇ ਵਾਲੇ ਨੂੰ ਜਿਹਲ ਵਿਚ ਕੋਈ ਵੀ ਵਸ਼ੇਸ਼ ਰਿਆਇਤਾਂ ਨਹੀਂ ਦਿੱਤੀਆਂ ਜਾਣਗੀਆਂ ਭਾਵੇਂ ਕਿ ਸਾਧ ਦੇ ਵਕੀਲ ਸਜਾ ਵਿਚ ਰਹਿਮ ਦੀ ਅਪੀਲ ਦੇ ਬਿਆਨ ਦੇ ਰਹੇ ਹਨ। ਇਸ ਦੇ ਨਾਲ ਹੀ ਦੋਸ਼ੀ ਸਾਧ ਵਲੋਂ ਕਰਵਾਏ ਗਏ ਕਤਲਾਂ ਦੇ ਕੇਸਾਂ ਦੇ ਫੈਸਲੇ ਵੀ ਛੇਤੀ ਹੀ ਆਉਣ ਵਾਲੇ ਹਨ।
                                      ਡੇਰੇ ਦਾ ਪਿਛੋਕੜ
ਡੇਰਾ ਸੱਚਾ ਸੌਦਾ ਦੀ ਸਥਾਪਨਾ ਸ਼ਾਹ ਮਸਤਾਨ ਨਾਮ ਦੇ ਵਿਅਕਤੀ ਕੀਤੀ ਜਿਸ ਨੇ ਸੰਨ 1947 ਮਗਰੋਂ ਬਲੋਚਸਤਾਨ ਤੋਂ ਆ ਕੇ ਪਿੰਡ ਬੇਗੂ ਜਿਲਾ ਸਿਰਸਾ ਵਿਚ ਡੇਰਾ ਲਾ ਲਿਆ । ਇਹ ਡੇਰਾ ਹਰਿਆਣਾ ਵਿਚ ਹੈ ਅਤੇ ਪੰਜਾਬ ਅਤੇ ਰਾਜਸਥਾਨ ਨਾਲ ਇਸ ਦੀਆਂ ਸਰਹੱਦਾਂ ਲੱਗਦੀਆਂ ਹਨ।ਸ਼ਾਹ ਮਸਤਾਨ ਨੰਗੇ ਪੈਰੀਂ ਤੁਰਿਆ ਫਿਰਨ ਵਾਲਾ ਇੱਕ ਰਮਤਾ ਸਾਧੂ ਹੀ ਸੀ। ਫਿਰ ਹਰਬੰਸ ਸਿੰਘ ਸਿੱਧੂ ਨਾਮ ਦੇ ਵਿਅਕਤੀ ਨੇ ਸ਼ਾਹ ਮਸਤਾਨ ਨਾਲ ਨੇੜਤਾ ਕਰਕੇ ਡੇਰੇ ਤੇ ਕਬਜਾ ਕਰ ਲਿਆ ਅਤੇ ਆਪਣਾ ਨਾਮ ਸ਼ਾਹ ਸਤਨਾਮ ਪ੍ਰਚਾਰਨ ਲੱਗ ਪਿਆ। ਇਹ ਬੰਦਾ ਇੱਕ ਚੰਗਾ ਬੁਲਾਰਾ, ਪੜਿਆ ਅਤੇ ਚੁਸਤ ਚਲਾਕ ਹੋਣ ਕਾਰਨ ਉਸ ਨੇ ਡੇਰੇ ਦਾ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਕਿ ਡੇਰੇ ਦੇ ਸਾਧੂਆਂ ਦੇ ਸਬੰਧ ਵਿਚ ਹੁੰਦਾ ਹੀ ਹੈ ਇਸ ਸ਼ਾਹ ਮਸਤਾਨ ਦੇ ਕ੍ਰਿਸ਼ਮਿਆਂ ਅਤੇ ਔਰਤਾਂ ਨਾਲ ਨਜਾਇਜ ਸਬੰਧਾਂ ਦੀਆਂ ਕਹਾਣੀਆਂ ਫੈਲਦੀਆਂ ਚਲੇ ਗਈਆਂ। ਚੁਰਾਸੀ ਦੀ ਸਿੱਖ ਖਾੜਕੂ ਲਹਿਰ ਵੇਲੇ ਇਹ ਡੇਰਾ ਬਹੁਤ ਫੈਲ ਚੁੱਕਿਆ ਸੀ। ਗੁਰਜੰਟ ਸਿੰਘ ਖਾਲਸਤਾਨੀ ਨਾਮ ਦੇ ਖਾੜਕੂ ਦਾ ਇਥੇ ਆਉਣਾ ਜਾਣਾ ਰਹਿੰਦਾ ਸੀ। ਗੁਰਮੀਤ ਸਿੰਘ (ਸੌਦਾ ਸਾਧ) ਅਤੇ ਗੁਰਜੰਟ ਸਿੰਘ ਦੀ ਆਪਸ ਵਿਚ ਬਹੁਤ ਨੇੜਤਾ ਸੀ ਅਤੇ ਇਸ ਨੇੜਤਾ ਦਾ ਸਿੱਟਾ ਗੁਰਮੀਤ ਨੂੰ ਸ਼ਾਹ ਮਸਤਾਨ ਦੀ ਗੱਦੀ ਤੇ ਬਿਠਾਉਣ ਦਾ ਕਾਰਨ ਬਣ ਗਿਆ। ਇਹ ਕਾਰਵਾਈ ਸੰਤਾਲੀ ਦੀ ਨੋਕ ਤੇ ਹੋਈ ਦੱਸੀ ਜਾਂਦੀ ਹੈ। ਹੁਣ ਦਸਵੀਂ ਫਿਹਲ ਸਾਧ ਏਨਾ ਤਾਕਤਵਰ ਹੋ ਗਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਲਾਉਣ ਅਤੇ ਸਿੱਖਾਂ ਨਾਲ ਸਿੱਧੇ ਮੁਕਾਬਲੇ ਤੇ ਆ ਗਿਆ ਤੇ ਖੁਦ ਨੂੰ ਹਜੂਰ ਮਹਾਂਰਾਜ ਗੁਰਮੀਤ ਰਾਮ ਰਹੀਮ ਇੰਸਾਂ ਕਹਾਉਣ ਲੱਗਾ।
ਸੌਦੇ ਸਾਧ ਸਬੰਧੀ ਵਿਵਾਦ ਅਤੇ ਦੋਸ਼
1.    1998 ਵਿਚ ਡੇਰੇ ਦੀ ਜੀਪ ਥੱਲੇ ਬੱਚਾ ਆ ਗਿਆ ਅਤੇ ਪਤਰਕਾਰਾਂ ਨਾਲ ਵਿਵਾਦ ਹੋ ਗਿਆ
2.    ਸੰਨ 2002 ਵਿਚ ਯੌਨ ਸ਼ੋਸ਼ਣ ਬਾਰੇ ਇੱਕ ਗੁਮਨਾਮ ਲੜਕੀ ਵਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ—ਡੇਰੇ ਦੇ ਨਜ਼ਦੀਕੀ ਰਨਜੀਤ ਸਿੰਘ ਦਾ ਕਤਲ ਕਰਵਾ ਦਿੱਤਾ ਗਿਆ—ਡੇਰੇ ਨੂੰ ਸ਼ੱਕ ਸੀ ਕਿ ਇਹ ਚਿੱਠੀ ਉਸ ਨੇ ਆਪਣੀ ਭੈਣ ਤੋਂ ਲਿਖਵਾਈ ਸੀ—ਸੀ ਬੀ ਆਈ ਦੀ ਜਾਂਚ ਸ਼ੁਰੂ।
3.    24 ਅਕਤੂਬਰ 2002 ਨੂੰ ਡੇਰੇ ਦੇ ਅਲੋਚਕ ‘ਪੂਰਾ ਸੱਚ’ ਅਕਬਾਰ ਦੇ ਸੰਪਾਦਕ ਰਾਮਚੰਦਰ ਸ਼ਤਰਪਤੀ ਦੀ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ਤਰਪਤੀ ਨੇ ਇੱਕ ਪੀੜਤ ਕੁੜੀ ਦੀ ਉਹ ਚਿੱਠੀ ਛਾਪ ਦਿੱਤੀ ਸੀ ਜਿਸ ਵਿਚ ਸੌਦਾ ਸਾਧ ਵਲੋਂ ਕੀਤੇ ਯੌਨ ਸ਼ੋਸਣ ਦਾ ਜਿਕਰ ਹੈ। ਮੁਢਲੇ ਰੂਪ ਵਿਚ ਦਰਜ ਐਫ ਆਈ ਆਰ ਵਿਚ ਪੁਲਸ ਨੇ ਸੌਦਾ ਸਾਧ ਦਾ ਨਾਮ ਤਕ ਦਰਜ ਨਹੀਂ ਸੀ ਕੀਤਾ। 10 ਨਵੰਬਰ 2003 ਨੂੰ ਹਾਈਕੋਰਟ ਨੇ ਸੀ ਬੀ ਆਈ ਨੂੰ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ।
4.    ਮਈ 2007 ਬਠਿੰਡਾ ਦੇ ਸਲਾਬਤਪੁਰਾ ਡੇਰੇ ਵਿਚ ਸੌਦੇ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਅਤੇ ਪੰਜਾਬ ਵਿਚ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਟਕਰਾ ਵਧਿਆ।
5.    7 ਮਈ 2007 ਨੂੰ ਸੁਨਾਮ ਵਿਚ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਡੇਰਾ ਪ੍ਰੇਮੀ ਨੇ ਗੋਲੀਆਂ ਚਲਾਈਆਂ, ਸਿੱਖ ਨੌਜਵਾਨ ਕਮਲਜੀਤ ਸਿੰਘ ਦੀ ਮੌਤ ਹੋ ਗਈ। ਸੌਦੇ ਵਾਲੇ ਦੇ ਪੰਜਾਬ ਜਾਣ ਤੇ ਪਾਬੰਦੀ ਲੱਗ ਗਈ। 18 ਜੂਨ 2007 ਨੂੰ ਰਜਿੰਦਰ ਸਿੰਘ ਸਿੱਧੂ ਦੀ ਅਰਜੀ ਤੇ ਡੇਰਾ ਮੁਖੀ ਖਿਲਾਫ ਵਰੰਟ ਜਾਰੀ ਕਰ ਦਿੱਤੇ ਗਏ । ਪੰਜਾਬ ਵਿਚ ਡੇਰਾ ਪ੍ਰੇਮੀ ਹਿੰਸਕ ਵਿਖਾਵਿਆਂ ਤੇ ਉੱਤਰ ਆਏ।
6.    ਪਾਬੰਦੀ ਦੇ ਬਾਵਜੂਦ ਵੀ ਅੱਕਾਂ ਵਾਲੀ ਪਿੰਡ ਵਿਚ 16 ਜੁਲਾਈ 2007 ਨੂੰ ਸੌਦੇ ਵਾਲੇ ਨੇ ਨਾਮ ਚਰਚਾ ਰੱਖ ਦਿੱਤੀ। ਦੋਹਾਂ ਧਿਰਾਂ ਵਲੋਂ ਪੱਥਰਬਾਜੀ ਹੋਈ। ਸਾਧ ਨੂੰ ਨਾਮ ਚਰਚਾ ਛੱਡ ਕੇ ਦੌੜਨਾ ਪਿਆ। 24 ਜੁਲਾਈ 2007 ਨੂੰ ਇੱਕ ਡੇਰਾ ਪਰੇਮੀ ਨੇ ਆਪਣੀ ਬੰਦੂਕ ਨਾਲ ਫਾਇਰ ਕੀਤੇ ਜਿਸ ਵਿਚ 3 ਪੁਲਿਸ ਵਾਲਿਆਂ ਸਮੇਤ 7 ਵਿਅਕਤੀ ਜ਼ਖਮੀ ਹੋ ਗਏ।
7.    31 ਜੁਲਾਈ 2007 ਨੂੰ ਸੀ ਬੀ ਆਈ ਨੇ ਡੇਰਾ ਮੁਖੀ ਨੂੰ ਕਤਲ ਅਤੇ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਪ੍ਰਮੁਖ ਦੋਸ਼ੀ ਸਾਬਤ ਕਰਦਿਆਂ ਅਦਾਲਤ ਵਿਚ ਚਲਾਣ ਪੇਸ਼ ਕਰ ਦਿੱਤਾ। ਡੇਰਾ ਮੁਖੀ ਨੂੰ 31  ਅਗਸਤ ਤਕ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ। ਇਸ ਦਰਮਿਆਨ ਸੀ ਬੀ ਆਈ ਦੇ ਜੱਜ ਨੂੰ ਵੀ ਧਮਕੀ ਦੀ ਚਿੱਠੀ ਮਿਲੀ ਅਤੇ ਉਸ ਨੂੰ ਸੁਰੱਖਿਆ ਮੰਗਣੀ ਪਈ।
8.    ਸੰਨ 2010 ਵਿਚ ਡੇਰੇ ਦੇ ਸਾਬਕਾ ਸਾਧੂ ਰਾਮ ਕੁਮਾਰ ਬਿਸ਼ਨੋਈ ਨੇ ਹਾਈਕੋਰਟ ਵਿਚ ਅਰਜੀ ਪਾ ਕੇ ਡੇਰੇ ਦੇ ਸਾਬਕਾ ਮੈਨੇਜਰ ਫਕੀਰ ਚੰਦ ਦੇ ਗੁਮਸ਼ੁਦਾ ਹੋਣ ਬਾਰੇ ਜਾਂਚ ਦੀ ਮੰਗ ਕੀਤੀ। ਫਕੀਰ ਚੰਦ ਨੇ ਸੌਦੇ ਵਾਲੇ ਤੇ ਦੋਸ਼ ਲਾਇਆ ਕਿ ਉਸ ਨੇ ਫਕੀਰ ਚੰਦ ਨੂੰ ਕਤਲ ਕਰਵਾ ਦਿੱਤਾ ਹੈ। ਇਸ ਮਾਮਲੇ ਵਿਚ ਸੀ ਬੀ ਆਈ ਨੂੰ ਉੱਚ ਅਦਾਲਤ ਵਲੋਂ ਜਾਂਚ ਦੇ ਆਦੇਸ਼ ਹੋਣ ਤੇ ਡੇਰਾ ਪ੍ਰੇਮੀਆਂ ਨੇ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿਚ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਬੱਸਾਂ ਨੂੰ ਅੱਗਾਂ ਲਾਈਆਂ । ਸਬੂਤਾਂ ਦੀ ਘਾਟ ਕਾਰਨ ਸੀ ਬੀ ਆਈ ਨੇ ਫਾਈਲ ਬੰਦ ਕਰ ਦਿੱਤੀ ਜਿਸ ਨੂੰ ਬਿਸ਼ਨੋਈ ਨੇ ਉੱਚ ਅਦਾਲਤ ਵਿਚ ਚਣੌਤੀ ਦਿੱਤੀ ਹੋਈ ਹੈ।
9.    ਦਸੰਬਰ 2012 ਨੂੰ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਵਿਚ ਖੜਕ ਪਈ ਜਦੋਂ ਡੇਰਾ ਪ੍ਰੇਮੀਆਂ ਤੇ ਇੱਕ ਗੁਰਵਾਰੇ ਤੇ ਧਾਵਾ ਬੋਲਣ ਅਤੇ ਸਿੱਖਾਂ ਦੀਆਂ ਗੱਡੀਆਂ ਨੂੰ ਸਾੜਨ ਦੇ ਦੋਸ਼ ਲੱਗੇ। ਹਾਲਾਤ ਤੇ ਕਾਬੂ ਪਾਉਣ ਲਈ ਕਰਫਿਊ ਲਾਉਣਾ ਪਿਆ ਅਤੇ ਡੇਰਾ ਪ੍ਰੇਮੀਆਂ ਤੇ ਕੇਸ ਦਰਜ ਹੋਇਆ।
10.     17 ਜੁਲਾਈ 2012 ਨੂੰ ਫਤਹਾਬਾਦ ਜਿਲੇ ਦੇ ਹੰਸਰਾਜ ਨੇ ਹਾਈਕੋਰਟ ਵਿਚ ਅਰਜੀ ਪਾ ਕੇ ਸੌਦੇ ਵਾਲੇ ਵਲੋਂ 400 ਸਾਧੂਆਂ ਨੂੰ ਨਿਪੁੰਸਕ ਬਨਾਉਣ ਦਾ ਦੋਸ਼ ਲਾਇਆ। ਇਸ ਮਗਰੋਂ ਪੜਤਾਲ ਦੇ ਹੁਕਮ ਹੋਏ ਅਤੇ ਡੇਰੇ ਦੇ ਸਾਧੂਆਂ ਨੇ ਮੰਨਿਆ ਕਿ ਉਹ ਨਿਪੁੰਸਕ ਹਨ ਅਤੇ ਉਹਨਾ ਆਪਣੀ ਮਰਜੀ ਨਾਲ ਅਪ੍ਰੇਸ਼ਨ ਕਰਵਾਇਆ ਹੈ। ਹੰਸਰਾਜ ਨੇ ਖੁਲਾਸਾ ਕੀਤਾ ਕਿ ਛਤਰਪਤੀ ਹੱਤਿਆ ਕਾਂਡ ਦੇ ਅਰੋਪੀ ਨਿਰਮਲ ਅਤੇ ਕੁਲਦੀਪ ਵੀ ਡੇਰੇ ਦੇ ਨਿਪੁੰਸਕ ਸਾਧੂ ਹਨ।
11.     ਆਪਣੀ ਫਿਲਮ ਐਮ ਐਸ ਜੀ (ਮਸਿੰਜਰ ਆਫ ਗਾਡ) ਅਤੇ ਨਿੱਜੀ ਫੌਜ ਸਬੰਧੀ ਵੀ ਸੌਦੇ ਵਾਲਾ ਚਰਚਾ ਵਿਚ ਹੈ। ਇਸ ਫਿਲਮ ਵਿਚ ਉਹ ਸੁਪਰ ਬਾਬਾ ਬਣ ਕੇ ਸਮਾਜਕ ਬੁਰਾਈਆਂ ਰੋਕਦਾ ਹੈ ਪਰ ਇਹ ਫਿਲਮ ਦਰਸ਼ਕਾਂ ਨੂੰ ਬਿਲਕੁਲ ਪਸੰਦ ਨਹੀਂ ਆਈ ਅਤੇ ਹੁਣ ਉਹ ਇਸ ਦਾ ਦੂਜਾ ਹਿੱਸਾ ਬਣਾ ਰਿਹਾ ਹੈ ਜੋ ਕਿ ਜਨਵਰੀ ਵਿਚ ਰਲੀਜ਼ ਕੀਤਾ ਜਾਣਾ ਸੀ। ਇਹਨਾ ਫਿਲਮਾਂ ਵਿਚ ਉਹ ਲੇਖਕ,ਨਾਇਕ, ਨਿਰਦੇਸ਼ਕ, ਸੰਗੀਤਕਾਰ ਅਤੇ ਗੀਤਕਾਰ ਖੁਦ ਹੀ ਹੈ। ਇਸ ਦੀ ਫਿਲਮ ਨੂੰ ਮਨਜੂਰੀ ਮਿਲਣ ਮਗਰੋਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੀ ਮੁਖੀ ਲੀਲਾ ਸੇਮਸਨ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਨੇ ਬੋਰਡ ਵਿਚ ਕੁਰੱਪਸ਼ਨ ਦੇ ਦੋਸ਼ ਲਾਏ ਸਨ।
ਡੇਰੇ ਵਾਲਾ ਐਲਾਨੀਆਂ ਤੌਰ ਤੇ ਮੋਦੀ ਦਾ ਹਿਮਾਇਤੀ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖਟੜ ਮੁਤਾਬਕ ਇਹ ਸਾਧ ਲੋਕ ਹਿਤੇਸ਼ੀ ਕੰਮ ਕਰਦਾ ਹੈ। ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨਾਲ ਸਾਧ ਦੇ ਨੇੜਲੇ ਸਬੰਧ ਹਨ। ਉਸ ਨੇ ਡੇਰੇ ਨੂੰ 51 ਲੱਖ ਰੁਪਏ ਫੰਡ ਵੀ ਦਿੱਤਾ ਸੀ। ਹਿਮਾਚਲ ਪ੍ਰਦੇਸ਼ ਦੇ ਹਮੀਰ ਪੁਰ ਤੋਂ ਬੀ ਜੇ ਪੀ ਸਾਂਸਦ ਅਨੁਰਾਗ ਠਾਕੁਰ ਦੇ ਵੀ ਡੇਰੇ ਵਾਲੇ ਨਾਲ ਨਜ਼ਦੀਕੀ ਸਬੰਧ ਹਨ ਜੋ ਕਿ ਸਵੱਛ ਭਾਰਤ ਦੇ ਮੁੱਦੇ ਤੇ ਸਾਧ ਦਾ ਭਗਤ ਹੈ। ਜਿਕਰ ਯੋਗ ਹੈ ਕਿ ਸੀ ਬੀ ਅਦਾਲਤ ਨੇ ਡੇਰਾ ਸਿਰਸਾ ਸਮੇਤ ਸਾਧ ਦੀਆਂ ਸਾਰੀਆਂ ਜਾਇਦਾਤਾਂ ਜ਼ਬਤ ਕਰਨ ਦੇ ਹੁਕਮ ਦੇ ਰੱਖੇ ਹਨ।
ਸਭ ਸਰਕਾਰਾਂ ਵਲੋਂ ਸਮਰਥਨ
ਜਿਸ ਵੇਲੇ ਡੇਰਾ ਸਾਧ ਦਾ ਮੁੱਦਾ ਉੱਠਿਆ ਉਦੋਂ ਹਰਿਆਣੇ ਵਿਚ ਚੌਟਾਲਿਆਂ ਦੀ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੀ ਸਰਕਾਰ ਸੀ । ਚੌਟਾਲਿਆਂ ਨੇ ਸੌਦੇ ਵਾਲੇ ਦਾ ਖੁਲ੍ਹ ਕੇ ਸਮਰਥਨ ਕੀਤਾ ਅਤੇ ਸੰਪਾਦਕ ਛਤਰਪਤੀ ਦਾ ਆਖਰੀ ਬਿਆਨ ਤਕ ਨਾ ਹੋਣ ਦਿੱਤਾ ਅਤੇ ਸੀ ਬੀ ਆਈ ਜਾਂਚ ਵਿਚ ਰੋੜੇ ਅਟਕਾਏ। 2009 ਵਿਚ ਕਾਂਗਰਸ ਦੀ ਹੁੱਡਾ ਸਰਕਾਰ ਵਿਚ ਸਾਧ ਨੂੰ ਵੀ ਆਈ ਪੀ ਰਿਸੈਪਸ਼ਨ ਪ੍ਰਾਪਤ ਸੀ। ਇਹ ਹੀ ਹਾਲ 2014  ਵਿਚ ਬੀ ਜੇ ਪੀ ਦੀ ਸਰਕਾਰ ਦਾ ਸੀ। ਇਹ ਵੀ ਅੰਦਾਜੇ ਲਾਏ ਜਾ ਰਹੇ ਹਨ ਕਿ ਰਾਜਨੀਤੀ ਵਿਚ ਦੂਹਰੀ ਖੇਡ ਖੇਡਣ ਦਾ ਕਾਰਨ ਹੀ ਆਖਰ ਸਾਧ ਦੇ ਫੰਦੇ ਦਾ ਕਾਰਨ ਬਣ ਗਿਆ ਕਿਓਂਕਿ ਸਾਧ ਦੇ ਪ੍ਰਭਾਵ ਹੇਠਲੇ ਇਲਾਕਿਆਂ ਵਿਚ ਇਨੈਲੋ ਜਿੱਤੀ ਸੀ।
ਬਾਦਲਾਂ ਅਤੇ ਜਥੇਦਾਰਾਂ ਵਲੋਂ ਸਾਧ ਦੀ ਹਿਮਾਇਤ
 ਇਹਨੀ ਦਿਨੀ ਸੋਸ਼ਲ ਸਾਈਟਾਂ ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਸੌਦੇ ਵਾਲੇ ਦੀ ਤਾਬਿਆ ਬੈਠੇ ਦਿਖਾਇਆ ਗਿਆ ਹੈ। ਬਾਦਲਾਂ ਦੇ ਦਬਾਅ ਕਰਕੇ ਹੀ ਜਥੇਦਾਰ ਅਕਾਲ ਤਖਤ ਨੇ ਸੌਦਾ ਸਾਧ ਨੂੰ ਕਲੀਨ ਚਿੱਟ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਦਾ ਅਜ ਕਲ ਪੰਜ ਤਾਰਾ ਹੋਟਲ ਬਣ ਰਿਹਾ ਹੈ । ਹੁਣ ਜਦੋਂ ਸੌਦਾ ਸਾਧ ਨੂੰ ਅਦਾਲਤ ਨੇ ਜਬਰਜਨਾਹ ਦੇ ਮਾਮਲੇ ਵਿਚ ਵੀਹ ਸਾਲ ਜਿਹਲ ਦੀ ਸਜਾ ਸੁਣਾ ਦਿੱਤੀ ਹੈ ਤਾਂ ਇਹਨਾ ਜਥੇਦਾਰਾਂ ਦਾ ਇਖਲਾਕੀ ਫਰਜ ਬਣਦਾ ਹੈ ਕਿ ਉਹ ਵੀ ਅਸਤੀਫਾ ਦੇ ਜਾਣ। ਵੈਸੇ ਵੀ ਇਹ ਪੁਜਾਰੀ ਮੁੱਦਤ ਤੋਂ ਸਿੱਖ ਸੰਗਤਾਂ ਦੇ ਮਨੋ ਲਹਿ ਚੁੱਕੇ ਹਨ। ਅੱਜਕਲ ਪੰਥ ਵਿਚ ਬਰਸੀਆਂ ਮਨਾਉਣ ਦਾ ਮੌਸਮ ਹੈ ਅਤੇ ਨਾਮ ਨਿਹਾਦ ‘ਪੰਥਕ ਬੁਲਾਰਿਆਂ’ ਦੇ ‘ਮਾਂਹਪੁਰਖ’ ‘ਮਹਾਪੁਰਖ’ ਕਰਦਿਆਂ ਦੇ ਤਾਲੂ ਸੁੱਕੇ ਪਏ ਹਨ ਪਰ ਕਿਸੇ ਇੱਕ ਵੀ ਬੁਲਾਰੇ ਨੇ ਵਿਕਾਊ ਸਰਕਾਰਾਂ, ਵਿਕਾਊ ਜਥੇਦਾਰਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਲਾਉਣ ਵਾਲੇ ਪੰਥ ਦੀ ਹਿਕ ਦੇ ਨਾਸੂਰ ਸੌਦੇ ਵਾਲੇ ਦਾ ਜਿਕਰ ਤਕ ਨਹੀਂ ਕੀਤਾ।ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਪੁਰਬਾਂ ਤੇ ਕਿਰਾਏ ਭਾੜੇ ਦੇ ਪ੍ਰਚਾਰਕਾਂ ਦੇ ਮੂੰਹੋਂ ਏਨਾ ਵੀ ਨਿਕਲਦਾ ਕਿ ਸਿੱਖਾਂ ਦੇ ਹਾਜ਼ਰ ਨਾਜ਼ਰ ਗੁਰੂ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਅਤੇ ਸਿੱਖ ਪੰਥ ਨੂੰ ਪ੍ਰਵਾਣਤ ਪੰਥਕ ਰਹਿਤ ਮਰਿਯਾਦਾ ਦੇ ਅਨੁਸਾਸ਼ਨ ਵਿਚ ਰਹਿ ਕੇ ਇੱਕਜੁੱਟ ਹੋਣਾ ਚਾਹੀਦਾ ਹੈ। ਸਿੱਖ ਪੰਥ ਵਿਚ ਡੇਰਾ ਵਾਦ ਅਤੇ ਬਾਬਾ ਵਾਦ ਦੀ ਚੜ੍ਹਤ ਨੇ ਹੀ ਇਹਨਾ ਬਾਬਿਆਂ ਦੇ ਹੌਸਲੇ ਵਧਾਏ ਹਨ। ਕਈ ਬਾਬੇ ਤਾਂ ਬੀਬੀਆਂ ਨੂੰ ਪੈਰਾਂ ਦਾ ਪਾਣੀ ਪਿਲਾਉਂਦੇ ਅਤੇ ਘੁੱਟ ਘੁੱਟ ਕੇ ਹਿੱਕੀਂ ਲਾਉਂਦੇ ਵੀ ਦੇਖੇ ਜਾ ਸਕਦੇ ਹਨ। ਇਹਨਾ ਕਾਰਵਾਈਆਂ ਨੇ ਦੋਸ਼ੀ ਸਾਧਾਂ ਦੇ ਹੌਸਲੇ ਵਧਾਏ ਹਨ ਅਤੇ ਸਿੱਖੀ ਦੇ ਪਹਿਰੇਦਾਰ ਜਥੇਦਾਰ ਨੂੰ ਉਹ ਟਿੱਚ ਜਾਣਦੇ ਹਨ ਜਦ ਕਿ ਸਰਕਾਰਾਂ ਉਹਨਾ ਦੇ ਪੈਰੀਂ ਪੈਂਦੀਆਂ ਹਨ।




 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.