ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
‘ਸਾਡਾ ਹੱਕ’ ਵਿਗਾੜੇ ਗਏ ਸਿੱਖ ਅਕਸ ਨੂੰ ਬਹਾਲ ਕਰੇਗੀ
‘ਸਾਡਾ ਹੱਕ’ ਵਿਗਾੜੇ ਗਏ ਸਿੱਖ ਅਕਸ ਨੂੰ ਬਹਾਲ ਕਰੇਗੀ
Page Visitors: 2892

‘ਸਾਡਾ ਹੱਕ’ ਵਿਗਾੜੇ ਗਏ ਸਿੱਖ ਅਕਸ ਨੂੰ ਬਹਾਲ ਕਰੇਗੀ 
                            ਪੰਜਾਬ ਦੇ ਦੁਖਾਂਤ ਨੂੰ ਚਿਤਰਣ ਵਿਚ ਫਿਲਮ ਸਫਲ ਹੋ ਗਈ
 ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ
ਪਿਛਲੇ ਕੁਝ ਅਰਸੇ ਤੋਂ ਪੰਜਾਬ ਦੇ ਦੁਖਾਂਤ ਸਬੰਧੀ ਫਿਲਮ ‘ਸਾਡਾ ਹੱਕ’ ਦੇ ਚਰਚੇ ਸੁਣਨ ਨੂੰ ਮਿਲਦੇ ਰਹੇ ਹਨ । ਪਹਿਲਾਂ ਇਸ ਫਿਲਮ ਨੂੰ ਸੈਂਸਰ ਬੋਰਡ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਪੰਜਾਬ ਵਿਚ ਬਾਦਲ ਸਰਕਾਰ ਵਲੋਂ ਇਸ ਫਿਲਮ ਤੇ ਲਗਾਏ ਗਏ ਬੈਨ ਤੋਂ ਫੌਰਨ ਬਾਅਦ ਇਹ ਹਰਿਆਣਾ, ਦਿੱਲੀ ਅਤੇ ਹੋਰ ਰਾਜਾਂ ਵਿਚ ਵੀ ਧੜਾ ਧੜ ਬੈਨ ਕੀਤੀ ਜਾ ਰਹੀ ਹੈ ਜਦ ਕਿ ਇਸ ਨੂੰ ਦੇਖਣ ਤੋਂ ਬਾਅਦ ਹਰ ਇਨਸਾਫ ਪਸੰਦ ਵਿਅਕਤੀ ਇਹ ਸੋਚ ਸਕਦਾ ਹੈ ਕਿ ਇਸ ਤਰਾਂ ਦੀਆਂ ਫਿਲਮਾਂ ਜੋ ਪੁਲਿਸ ਅਤੇ ਪ੍ਰਸ਼ਾਸਨ ਦੇ ਗੰਦੇ ਕਿਰਦਾਰ ਨੂੰ ਜ਼ਾਹਰ ਕਰਦੀਆਂ ਹੋਣ ਪਹਿਲਾਂ ਵੀ ਅਨੇਕਾਂ ਬਾਰ ਵੱਡੇ ਪਰਦੇ ਤੇ ਚਲਦੀਆਂ ਰਹੀਆਂ ਹਨ ਤਾਂ ਹੁਣ ਕਿਹੜੀ ਐਸੀ ਆਖਿਰ ਆ ਗਈ ਸੀ ਕਿ ਇਸ ਨੂੰ ਬੈਨ ਕੀਤਾ ਜਾ ਰਿਹਾ ਹੈ ।
ਸਾਡੀ ਸਮਝ ਵਿਚ ਇਹ ਹੀ ਗੱਲ ਆਉਂਦੀ ਹੈ ਕਿ ਭਾਰਤ ਦਾ ਦਿਓ ਕੱਦ ਮੀਡੀਆ ਜਿਹੜਾ ਕਿ ਪੰਜਾਬ ਦੇ ਧਰਮ ਯੁੱਧ ਮੋਰਚੇ ਦੌਰਾਨ ਪੈਦਾ ਹੋਈ ਗੜਬੜ ਨੂੰ ਕੇਵਲ ਅਤੇ ਕੇਵਲ ਸਿੱਖ ਅੱਤਵਾਦੀਆਂ ਸਿਰ ਮੜਦਾ ਰਿਹਾ ਹੈ ਅਤੇ ਉਹ ਪੰਜਾਬ ਦੇ ਮਸਲੇ ਨੂੰ ਸਿਰਫ ਅਤੇ ਸਿਰਫ ਅਮਨ ਕਾਨੂੰਨ ਦਾ ਮੁੱਦਾ ਹੀ ਪ੍ਰਚਾਰਦਾ ਰਿਹਾ ਹੈ, ਹੁਣ ਉਸ ਸਰਕਾਰੀ ਤਰਜ਼ ਦੇ ਮੀਡੀਏ ਦੀ ਜਾਨ ਨਿਕਲਦੀ ਜਾ ਰਹੀ ਹੈ ਅਤੇ ਦੂਸਰਾ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਲੋਕਾਂ ਦੀ ਸਿੱਖਾਂ ਪ੍ਰਤੀ ਹਮਦਰਦੀ ਹੋਣੀ ਸੁਭਾਵਿਕ ਹੈ ਜਦ ਕਿ ਭਾਰਤੀ ਮੀਡੀਆ ਅਤੇ ਸਿੱਖ ਵਿਰੋਧੀ ਫੋਰਸਾਂ ਅੱਸੀਵਿਆਂ ਤੋਂ ਸਿੱਖਾਂ    ਨੂੰ ਖੂੰਖਾਰ ਅੱਤਵਾਦੀਆਂ ਵਜੋਂ ਪ੍ਰਚਾਰਦੇ ਰਹੇ ਹਨ ।
ਅੱਜ ਦੇ ਇਲੈਕਟਰੋਨਿਕ ਮੀਡੀਏ ਦੇ ਯੁੱਗ ਵਿਚ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪ੍ਰਚਾਰਨਾਂ ਬਹੁਤ ਅਸਾਨ ਹੈ । ਜਿਹਨਾਂ ਪ੍ਰਚਾਰਕ ਅਦਾਰਿਆਂ ਕੋਲ ਵਧੇਰੇ ਵਸੀਲੇ ਹਨ ਉਹ ਆਪੋ ਆਪਣੇ ਮਾਲਕਾਂ ਦੇ ਹਿੱਤਾਂ ਮੁਤਾਬਿਕ ਭੁਗਤ ਰਹੇ ਹਨ ਜਦ ਕਿ ਸਿੱਖਾਂ ਕੋਲ ਸੰਨ ਚੁਰਾਸੀ ਵਰਗੇ ਦੁਖਾਂਤ ਨੂੰ ਕੌਮਾਂਤਰੀ ਪੱਧਰ ਤੇ ਅਸਰਦਾਇਕ ਤਰੀਕੇ ਨਾਲ ਪ੍ਰਚਾਰਨ ਲਈ ਕੋਈ ਵੀ ਮੁਨਾਸਿਬ ਮੀਡੀਆ ਨਹੀਂ ਸੀ । ਬਹੁਤ ਸਾਰੇ ਸਥਾਨਕ ਪੱਧਰ ਦੇ ਰੇਡੀਓ ਅਤੇ ਅਖਬਾਰਾਂ ਆਪੋ ਆਪਣੇ ਹਿਸਾਬ ਨਾਲ ਕੋਸ਼ਿਸ਼ਾਂ ਜ਼ਰੂਰ ਕਰਦੇ ਰਹੇ ਹਨ ਪਰ ਉਹਨਾਂ ਕੋਲ ਕੌਮਾਂਤਰੀ ਰਾਏ ਪੈਦਾ ਕਰਨ ਦੀ ਸਮਰੱਥਾ ਨਹੀਂ ਸੀ । ਇਹ ਪਹਿਲੀ ਵੇਰ ਹੋਇਆ ਹੈ ਕਿ ‘ਸਾਡਾ ਹੱਕ’ ਨੇ ਕੌਮਾਂਤਰੀ ਤੌਰ ਤੇ ਸਿੱਖਾਂ ਦਾ ਪੱਖ ਪੇਸ਼ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਨੀ ਹੈ ਇਹੀ ਕਾਰਨ ਹੈ ਕਿ ਪੰਜਾਬ ਵਿਚ ਬੈਠੇ ਸਿੱਖ ਵਿਰੋਧੀ ਲੋਕ ਬਹੁਤ ਵਾਵੇਲਾ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਨੂੰ ਧਮਕੀਆਂ ਵੀ ਦੇ ਰਹੇ ਹਨ ਕਿ ਜੇਕਰ ਸਰਕਾਰ ਨੇ ਇਸ ਫਿਲਮ ਨੂੰ ਬੈਨ ਨਾਂ ਕੀਤਾ ਤਾਂ ਉਹ ਸੜਕਾਂ ਤੇ ਨਿਕਲ ਕੇ ਸੂਬੇ ਦੇ ਅਮਨ ਕਾਨੂੰਨ ਨੂੰ ਖਤਰੇ ਵਿਚ ਪਾ ਦੇਣਗੇ ।
ਆਪਣੇ ਸੁਭਾਅ ਮੁਤਾਬਕ ਸੂਬੇ ਦੀ ਬਾਦਲ ਸਰਕਾਰ ਸ਼ਿਵ ਸੈਨਾਂ ਅਤੇ ਰਾਸ਼ਟਰੀ ਹਿੰਦੂ ਜਥੇਬੰਦੀਆਂ ਅੱਗੇ ਯਰਕ ਗਈ ਹੈ ਅਤੇ ਸ: ਬਾਦਲ ਨੇ ਬਿਨਾਂ ਸਿੱਖ ਭਾਈਚਾਰ  ਦੀ ਨਰਾਜ਼ਗੀ ਦਾ ਖਿਆਲ ਕਿਤਿਆਂ ਇਸ ਫਿਲਮ ਨੂੰ ਚਾਰ ਅਪ੍ਰੈਲ ਨੂੰ ਬੈਨ ਕਰ ਦਿੱਤ ਹੈ ਜਦ ਕਿ ਇਹ ਫਿਲਮ ਪੰਜ ਅਪ੍ਰੈਲ ਨੂੰ ਪੰਜਾਬ ਦੇ ਸਿਨਮਿਆਂ ਵਿਚ ਰਲੀਜ਼ ਹੋਣ ਜਾ ਰਹੀ ਸੀ । ਵਧੇਰੇ ਦੁਖਦਾਇਕ ਗੱਲ ਇਹ ਹੈ ਕਿ ਪਟਿਆਲੇ ਅਤੇ ਗੁਰਦਾਸਪੁਰ ਵਿਚ ਮੁੱਠੀ ਭਰ ਸ਼ਿਵ ਸੈਨਿਕ ਫੇਸ ਬੁੱਕ ਅਤੇ ਟਵਿੱਟਰ ਤੇ ਸਿੱਖਾਂ ਨੂੰ ਲਗਾਤਾਰ ਵੰਗਾਰ ਰਹੇ ਹਨ ਕਿ ਸਿੱਖ ਉਹਨਾਂ  ਨਾਲ ਸੜਕ ਤੇ ਆਣ ਕੇ ਦੋ ਹੱਥ ਕਰ ਲੈਣ ਅਤੇ ਬਾਦਲ ਸਰਕਾਰ ਨੇ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਕੁਝ ਨਹੀਂ ਕੀਤਾ ਜਦ ਕਿ ਗੁਰਦਾਸ ਪੁਰ ਦੇ ਗੋਲੀ ਕਾਂਡ ਵਾਂਗ ਸ਼ਾਂਤਮਈ ਸਿੱਖਾਂ ਤੇ ਇਹ ਸਰਕਾਰ ਗੋਲੀਆਂ ਦਾਗ ਦਿੰਦੀ ਹੈ ।
 ਜੇਕਰ ਇਹ ਫਿਲਮ ਭਾਰਤ ਵਿਚ ਨਹੀਂ ਚਲੱਦੀ ਤਾਂ ਜ਼ਾਹਿਰ ਹੈ ਕਿ ਇਸ ਨੂੰ ਕਰੋੜਾਂ ਦਾ ਘਾਟਾ ਪਏਗਾ ਅਤੇ ਮੁੜ ਕੋਈ ਵੀ ਨਿਰਮਾਤਾ ਸਿੱਖ ਮੁੱਦੇ ਤੇ ਇਸ ਤਰਾਂ ਦੀ ਫਿਲਮ ਬਣਾਉਣ ਤੋਂ ਸੰਕੋਚ ਕਰੇਗਾ ਇਸ ਕਰਕੇ ਹੁਣ ਬਹੁਤੀ ਜ਼ਿੰਮੇਵਾਰੀ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਤੇ ਆ ਜਾਂਦੀ ਹੈ  ਕਿ ਉਹ ਕਿਸ ਹੱਦ ਤਕ ਫਿਲਮ ਨੂੰ ਪਿਆ ਘਾਟਾ ਪੂਰਾ ਕਰ ਸਕਦੇ ਹਨ । ਇੱਕ ਗੱਲ ਨਿਸ਼ਚਿਤ ਹੈ ਕਿ ਨਾਂ ਕੇਵਲ ਭਾਰਤ ਸਗੋਂ ਆਲਮੀ ਭਾਈਚਾਰੇ ਨੂੰ ਇਹ ਅਹਿਸਾਸ ਕਰਵਾਉਣਾਂ ਜ਼ਰੂਰੀ ਹੈ ਕਿ ਸਿੱਖ ਅੱਤਵਾਦੀ ਜਾਂ ਵੱਖਵਾਦੀ ਨਹੀਂ ਹਨ ਸਗੋਂ ਭਾਰਤ ਵਲੋਂ ਸਿੱਖਾਂ ਨਾਲ ਕੀਤੇ ਗਏ ਸਰਕਾਰੀ ਪੱਖਪਾਤ ਅਤੇ ਪੁਲਿਸ ਪ੍ਰਸ਼ਾਂਸਨ ਦੀ ਹਿੰਸਾ ਨੇ ਹੀ ਜਜ਼ਬਾਤੀ ਸਿੱਖ ਮਾਨਸਿਕਤਾ ਨੂੰ ਬਗਾਵਤ ਦੇ ਰਾਹ ਪਾਇਆ ਹੈ ।
ਪੰਜਾਬ ਦੇ ਦੁਖਾਂਤ ਨੂੰ ਚਿਤਰਣ ਵਿਚ ਫਿਲਮ ਦੀ ਸਫਲਤਾ ਇਸ ਫਿਲਮ ਦੀ ਕਹਾਣੀ ਕਨੇਡਾ ਤੋਂ ਚਲਦੀ ਹੈ ਜਿਥੇ ਕਿ ਉਥੋਂ ਦੇ ਮਹੌਲ ਵਿਚ ਜੰਮੀ ਸਿੱK ਲੜਕੀ ਪੰਜਾਬ ਵਿਚ ਜਾ ਕੇ ਚੁਰਾਸੀ ਦੇ ਦੁਖਾਂਤ ਤੇ ਖੋਜ ਕਰਨਾਂ ਚਾਹੁੰਦੀ ਹੈ। ਪੂਰੀ ਫਿਲਮ ਵਿਚ ਇੱਕ ਇਹ ਹੀ ਭਾਗ ਹੈ ਜਿਸ ਨੂੰ ਕਲਪਨਾਂ ਜਾਂ ਫਿਕਸ਼ਨ ਦਾ ਨਾਮ ਦਿਤਾ ਜਾ ਸਕਦਾ ਹੈ ਜਦ ਕਿ ਬਾਕੀ ਸਾਰੀ ਫਿਲਮ ਸੱਚੀਆਂ ਘਟਨਾਵਾਂ ਤੇ ਅਧਾਰਤ ਹੀ ਜਾਪਦੀ ਹੈ । ਫਿਲਮ ਵਿਚ ਕੁਝ ਘਟਨਾਵਾਂ ਅਤੇ ਅਤੇ ਡਾਇਲਾਗ ਖਾਸ ਖਿਆਲ ਕਰਨ ਵਾਲੇ ਹਨ ।
ਜਦੋਂ ਫਿਲਮ ਦੀ ਨਾਇਕਾ ਨਾਇਕ ਨੂੰ ਇਹ ਸਵਾਲ ਕਰਦੀ ਹੈ ਕਿ ਤੁਸੀਂ ਹਿੰਦੂਆਂ ਦੇ ਖਿਲਾਫ ਕਿਓਂ ਲੜ ਰਹੇ ਹੋ ਤਾਂ ਫਿਲਮ ਦਾ ਹੀਰੋ ਕਰਤਾਰ ਸਿੰਘ ਕਹਿੰਦਾ ਹੈ ਕਿ ਸਡੀ ਲੜਾਈ ਪ੍ਰਬੰਧ ਦੇ ਖਿਲਾਫ ਹੈ ਨਾਂ ਕਿ ਕਿਸੇ ਵੀ ਧਾਰਮਕ ਸਮੁਦਾਏ ਜਾਂ ਧਰਮ ਦੇ ਖਿਲਾਫ ।
ਇਹ ਡਾਇਲਾਗ  ਅੱਜ ਸਿੱਖਾਂ, ਹਿੰਦੂਆਂ ਤੇ ਪੰਜਾਬ ਵਿਚ ਵਸਣ ਵਾਲੇ ਬਾਕੀ ਲੋਕਾਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਭਾਰਤ ਅਤੇ ਪੰਜਾਬ ਵਿਚ ਹਮੇਸ਼ਾਂ ਭ੍ਰਿਸ਼ਟ ਰਾਜਨੀਤਕ ਲੋਕਾਂ ਦਾ ਬੋਲ ਬਾਲਾ ਰਿਹਾ ਹੈ ਜੋ ਕਿ ਗਿਰਗਟ ਵਾਂਗ ਆਪਣੇ ਹਿੱਤਾਂ ਲਈ ਰੰਗ ਬਦਲਦੇ ਹਨ ਅਤੇ ਫਿਰ ਮਾਸੂਮ ਜਨਤਾ ਨੂੰ ਪੁਲਿਸ ਅਤੇ ਫੌਜ ਦੇ ਜ਼ੁਲਮਾਂ ਹੇਠ ਪਿਸਣ ਲਈ ਛੱਡ ਦਿੰਦੇ ਹਨ । ਪੰਜਾਬ ਦੇ ਸਾਰੇ ਭਾਈਚਾਰੇ ਅਮਨ ਅਮਾਨ ਨਾਲ ਰਹਿ ਸਕਣ ਇਸ ਲਈ ਅੱਜ ਵੀ ਪੰਜਾਬ ਨੂੰ ਉਲਾਰ, ਸਵਾਰਥੀ ਅਤੇ ਜਨੂੰਨੀ ਬੰਦਿਆਂ ਦੀ ਰਾਜਨੀਤਕ ਪਕੜ ਤੋਂ ਬਚਾਉਣ ਦੀ ਲੋੜ ਹੈ । ਪੰਜਾਬ ਦੇ ਲੋਕਾਂ ਦੇ ਦਿਹਾਤੀ ਅਤੇ ਅੰਧਾਧੁੰਦ ਜਜ਼ਬਾਤੀ ਸੁਭਾਅ ਤੋਂ ਤਾਂ ਇਹ ਹੀ ਪ੍ਰਤੀਤ ਹੋ ਰਿਹਾ ਹੈ ਕਿ ਅੱਜ ਵੀ ਅਸੀਂ ਸੁਰਤ ਸੰਭਾਲਣ ਦੀ ਕੋਸ਼ਿਸ਼ ਨਹੀਂ ਕਰ ਰਹੇ । ਅੱਜ ਪੰਜਾਬ ਵਿਚ ਕੇਵਲ ਉਹਨਾਂ ਲੋਕਾਂ ਦਾ ਰਾਜ ਹੈ ਜੋ ਕਿ ਅਥਾਹ ਹੀਲੇ ਵਸੀਲੇ ਵਰਤ ਕੇ ਲੋਕਾਂ ਦੀ ਵੋਟ ਖ੍ਰੀਦਣ ਦੀ ਸਮਰੱਥਾ ਰੱਖਦੇ ਹਨ  [
ਅਜੇਹੇ ਲੋਕਾਂ ਦਾ ਕੋਈ ਵੀ ਸਿਹਤਮੰਦ ਬਦਲ ਦਿਖਾਈ ਨਹੀਂ ਦੇ ਰਿਹਾ । ਕੁਝ ਇੱਕ ਧੜੇ ਸਿੱਖਾਂ ਦਾ ਜਜ਼ਬਾਤੀ ਸ਼ੋਸ਼ਣ ਕਰਕੇ ਆਪਣਾ ਰਾਜਨੀਤਕ ਝੱਸ ਪੂਰਾ ਕਰਨ ਤਕ ਸੀਮਤ ਹਨ, ਉਹਨਾਂ  ਦੀਆਂ ਜੜ੍ਹਾਂ ਅਮਲੀ ਰਾਜਨੀਤਕ ਜ਼ਮੀਨ ਤੋਂ ਬਹੁਤ ਉਪਰ ਹਨ । ਇਸ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਪ੍ਰਸ਼ਾਸਨ (ਫਿਲਮ ਵਿਚ ਗ੍ਰਹਿ ਮੰਤਰੀ ਪਰ ਅਸਲ ਵਿਚ ਮੁਖ ਮੰਤ੍ਰੀ) ਕਿਵੇਂ ਪੁਲਿਸ ਨੂੰ ਖੁਲੀਆਂ ਛੁੱਟੀਆਂ ਦੇ ਰਿਹਾ ਹੈ ਕਿ ਉਹ ਸਿੱਖ ਖਾੜਕੂ ਲਹਿਰ ਨੂੰ ਦਬਾਉਣ ਲਈ ‘ਆਪਣੇ ਤਰੀਕੇ ਨਾਲ ਕੰਮ ਕਰਨ’।
ਪੰਜਾਬ ਪੁਲਿਸ ਦਾ ਇਹ ਤਰੀਕਾ ਸੀ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖਾਂ ਨੂੰ ਮਾਰਨਾਂ, ਸਿੰਘਾਂ ਸਾਹਮਣੇ ਉਹਨਾਂ ਦੀਆਂ ਬੀਬੀਆਂ ਨੂੰ ਬੇਪਤ ਕਰਨਾਂ ਅਤੇ ਉਹਨਾਂ ਨਾਲ ਬਲਾਤਕਾਰ ਕਰਨੇ, ਸਿੰਘਾਂ ਨੂੰ ਅਣਮਨੁੱਖੀ ਤਸੀਹੇ ਦੇਣੇ ਅਤੇ ਅਖੀਰ ਲਾਸ਼ਾਂ ਵੀ ਘਰ ਵਾਲਿਆਂ ਨੂੰ ਨਾਂ ਦੇਣੀਆਂ ।
ਦੂਸਰੀ  ਘਟਨਾਂ ਵਿਚ ਇੱਕ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਿੱਖ (ਫਿਲਮ ਵਿਚ ਨਾਮ ਤਲਵਾਰ ਅਸਲ ਵਿਚ ਜਸਵੰਤ ਸਿੰਘ ਖਾਲੜਾ) ਨੂੰ ਪੁਲਿਸ ਇਸ ਕਰਕੇ ਮਾਰ ਦਿੰਦੀ ਹੈ ਕਿਓਂਕ ਉਹ ਸ਼ਮਸ਼ਾਨ ਘਾਟ ਵਿਚੋਂ ਉਹਨਾਂ ਹਜ਼ਾਰਾਂ ਸਿੱਖਾਂ ਦੇ ਰਿਕਾਰਡ ਲੈ ਰਿਹਾ ਸੀ ਜਿਹਨਾਂ ਨੂੰ  ਪੁਲਿਸ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਰਹੀ ਸੀ । ਫਿਲਮ ਦੇ ਹੀਰੋ ਨੂੰ ਇਕ ਸਹਿਜ ਜੀਵਨ ਜਿਓੂਣ ਵਾਲੇ ਨੌਜਵਾਨ ਨੂੰ ਖਾੜਕੂ ਬਣਦਾ ਦਿਖਾਇਆ ਗਿਆ ਹੈ ਕਿਓਂਕਿ ਪੁਲਿਸ ਉਸ ਨੂੰ ਸਿਰਫ ਛੱਕ ਦੇ ਅਧਾਰ ਤੇ ਗ੍ਰਿਫਤਾਰ ਕਰਨਾਂ ਚਾਹੰਦੀ ਸੀ ।
 ਪੰਜਾਬ ਦੇ ਉਸ ਦੌਰ ਬਾਬਤ ਸੂਝ ਰੱਖਣ ਵਾਲੇ ਇਹ ਜਾਣਦੇ ਹਨ ਕਿ ਪੁਲਿਸ ਗ੍ਰਿਫਤਾਰੀਆਂ ਅਤੇ ਤਸ਼ੱਦਦ ਤੋਂ ਬਚਣ ਲਈ ਹਜ਼ਾਰਾਂ ਬੇਕਸੂਰ ਨੌਜਵਾਨਾਂ ਨੂੰ ਖਾੜਕੂ ਰਾਹ ਚੁਣਨਾ ਪਿਆ ਸੀ ਅਤੇ ਸਭ ਤੋਂ ਵੱਡੀ ਘਟਨਾਂ ਉਦੋਂ ਵਾਪਰਦੀ ਹੈ ਜਦ ਕਿ ਪੁਲਿਸ ਦਾ ਦਰਿੰਦਗੀ ਭਰਿਆ ਚਿਹਰਾ ਦੇਖ ਕੇ ਖੁਦ ਪੁਲਿਸ ਫੋਰਸ ਦੇ ਆਪਣੇ ਮੈਂਬਰ ਖਾੜਕੂ ਬਣ ਜਾਂਦੇ ਹਨ । ਫਿਲਮ ਵਿਚ ਭਾਈ ਦਿਲਾਵਰ ਸਿੰਘ ਅਤੇ ਭਾਈ ਰਾਜੋਆਣਾਂ ਵਾਂਗ ਹੀ ਪੁਲਸੀਆਂ ਨੂੰ ਖਾੜਕੂ ਬਣਦੇ ਦਿਖਾਇਆ ਗਿਆ ਹੈ ਅਤੇ ਠੀਕ ਉਵੇਂ ਹੀ ਮਨੱਖੀ ਬੰਬ ਬਣਕੇ ਉਹ ਮੰਤਰੀ ਨੂੰ ਉਡਾ ਦਿੰਦੇ ਹਨ । ਇਸ ਫਿਲਮ ਦਾ ਹੀਰੋ ਕਰਤਾਰ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੀ ਤਰਜ਼ ਤੇ ਕੰਮ ਕਰਦਾ ਦਿਖਾਇਆ ਗਿਆ ਹੈ ਜੋ ਕ  ਪਹਾੜ ਵਰਗੀਆਂ ਮੁਸੀਬਤਾਂ ਤੋਂ ਝਕਦਾ ਨਹੀਂ ਹੈ ਅਤੇ ਜਿਹਲ ਵਿਚੋਂ ਸੁਰੰਗ ਪੱਟ ਕੇ ਫਰਾਰ ਹੋ ਜਾਂਦਾ ਹੈ । ਅੱਜ ਵੀ ਭਾਰਤੀ ਮੀਡੀਆ ਭਾਈ ਹਵਾਰਾ ਨੂੰ ਬਹੁਤ ਖਤਰਨਾਕ ਖਾੜਕੂ ਵਜੋਂ ਪੇਸ਼ ਕਰ ਰਿਹਾ ਹੈ ਭਾਵੇਂ ਕੀ ਭਾਈ ਹਵਾਰਾ ਜਿਹਲ ਵਿਚ ਅੱਤ ਕਰੜੇ ਸੁਰੱਖਿਆ ਪ੍ਰਬੰਧਾਂ ਵਿਚ ਹਨ ।
             ਕੁਲ ਮਿਲਾ ਕੇ ਇਹ ਫਿਲਮ ਪੰਜਾਬ ਦੇ ਖਾੜਕੂ ਦੌਰ ਸਮੇਂ ਪੁਲਿਸ ਅਤੇ ਪ੍ਰਸ਼ਾਸਨ ਦਾ ਬੇਹੱਦ ਕਰੂਪ ਚਿਹਰਾ ਲੋਕਾਂ ਅੱਗੇ ਪ੍ਰਗਟ ਕਰਨ ਵਿਚ ਸਫਲ ਹੋਈ ਹੈ । ਜਿਵੇਂ ਕਿ ਇਸ  ਫਿਲਮ ਦੀ ਹਿੰਦੂ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਨਾਇਕਾ ਹਿਮਨਾਸ਼ੀ ਨੇ ਕਿਹਾ ਹੈ ਕਿ , ‘ਇਸ ਤਰਾਂ ਦੀਆਂ ਫਿਲਮਾਂ ਤਾਂ ਕਦੀ ਕਤਾਰ ਹੀ ਬਣਦੀਆਂ ਹਨ ਜੋ ਕਿ ਨਾਂ ਕੇਵਲ ਮਨੁੱਖੀ ਸਰੋਕਾਰਾਂ ਨੂੰ ਇਹਾਸਕ ਪ੍ਰਸੰਗ ਵਿਚ ਪੇਸ਼ ਕਰ ਜਾਂਦੀਆਂ ਹਨ ਸਗੋਂ ਅਜੇਹੀਆ  ਫਿਲਮਾਂ ਵਿਚ ਕੰਮ ਕਰਨ ਵਾਲਿਆਂ ਨੂੰ ਵੀ ਅਮਰ ਪਛਾਣ ਦੇ ਜਾਂਦੀਆਂ ਹਨ’।
ਅਖੀਰ ਤੇ ਅਸੀਂ ਸਮੂਹ ਪੰਜਾਬੀਆਂ ਨੂੰ ਹਿਮਨਾਸ਼ੀ ਦੇ ਸ਼ਬਦਾਂ ਵਿਚ ਇਹ ਹੀ ਸੁਨੇਹਾ ਦਿਆਂਗੇ ਕਿ ਫਿਲਮ ‘ਸਾਡਾ ਹੱਕ’ ਨੂੰ ਅਸੀਂ ਮਹਿਜ਼ ਇੱਕ ਧਿਰ ਵਜੋਂ ਨਾਂ ਦੇਖੀਏ ਸਗੋਂ ਪੰਜਾਬ ਦੇ ਦੁਖਾਂਤ ਨੂੰ ਸਮਝਣ ਲਈ ਇੱਕ ਪ੍ਰਮਾਣਕ ਦਸਤਾਵੇਜ ਵਜੋਂ ਹੀ ਲਈਏ ਤਾਂ ਹੀ ਅਸੀਂ ਇਸ ਫਿਲਮ ਦੇ ਮਕਸਦ ਨਾਲ ਇਨਸਾਫ ਕਰ ਰਹੇ ਹੋਵਾਂਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.