ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
*… ਏਹੋ ਹਮਾਰਾ ਜੀਵਣਾ ….*
*… ਏਹੋ ਹਮਾਰਾ ਜੀਵਣਾ ….*
Page Visitors: 2998

*…    ਏਹੋ ਹਮਾਰਾ ਜੀਵਣਾ ….*

ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਚੁਰਾਸੀ ਵਿਚ ਰੋਲ !

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ , 

ਇਸ ਘਰ ਕੋ ਆਗ ਲਗ ਗਈ ਘਰ ਕੇ ਚਰਾਗ ਸੇ ।

ਚੇਰਾਸੀ ਦੇ ਹਮਲੇ ਵਿਚ ਸ: ਬਾਦਲ ਦੀ ਵੀ ਮਿਲੀ ਭੁਗਤ ਸੀ –ਫੇਡਰੇਸ਼ਨ

ਪੰਜਾਬ ਦੇ ਸੰਤ ਸਮਾਜ ਦੀ ਜ਼ਮੀਰ ਦਾ ਹੁਣ ਕਰੜਾ ਇਮਤਿਹਾਨ 

ਵਲੈਤੀ ਖਾਲਿਸਤਾਨੀਆਂ ਦੀ ਯਾਰੀ ਵੀ ਦਾਅ ਤੇ  

 ਕੁਲਵੰਤ ਸਿੰਘ ਢੇਸੀ---

ਪਿਛਲੇ ਕੁਝ ਹਫਤਿਆਂ ਤੋਂ ਦੁਨੀਆਂ ਭਰ ਦੇ ਸਿੱਖਾਂ ਵਿਚ ਇਸ ਗੱਲ ਦੀ ਸਨਸਨੀ ਜ਼ੋਰਾਂ ਤੇ ਸੀ ਕਿ ਜੂਨ ੧੯੮੪ ਨੂੰ ਦਰਬਾਰ ਸਾਹਿਬ ‘ਤੇ ਭਾਰਤੀ ਫੌਜਾਂ ਵਲੋਂ ਕੀਤੇ ਹਮਲੇ ਸਬੰਧੀ ਇੰਦਰਾਂ ਗਾਂਧੀ ਦੀ ਮੰਗ ‘ਤੇ ਉਸ ਵੇਲੇ ਦੀ ਬਰਤਾਨਵੀ ਪ੍ਰਧਾਨ ਮੰਤ੍ਰੀ ਸ਼੍ਰੀ ਮਤੀ ਮਾਰਗਰੇਟ ਥੈਚਰ ਨੇ ਇੱਕ ਐਸ ਏ ਐਸ ਅਫਸਰ ਨੂੰ ਸਲਾਹ ਦੇਣ ਲਈ ਭਾਰਤ ਭੇਜਣ ਤੋਂ ਇਲਾਵਾ ਹੋਰ ਕਿਸ ਕਿਸਮ ਦੀ ਮੱਦਤ ਦਿੱਤੀ ਗਈ ਸੀ। ਇਹ ਸਨਸਨੀ ਖੇਜ਼ ਪ੍ਰਗਟਾਵਾ ਚੁਰਾਸੀ ਦੇ ਹਮਲੇ ਦੇ ਤੀਹ ਸਾਲ ਬਾਅਦ ਯੂ ਕੇ ਵਿਚ ਜਨਤਕ ਹੋਏ ਦੋ ਸਰਕਾਰੀ ਦਸਤਾਵੇਜ਼ਾਂ ਦੀ ਬਿਨ੍ਹਾ ‘ਤੇ ਕੀਤਾ ਗਿਆ ਸੀ। ਯੂ ਕੇ ਦੀਆਂ ਸਿੱਖ ਜਥੇਬੰਦੀਆਂ ਵਲੋਂ ਇਸ ਸਬੰਧੀ ਬਰਤਾਨਵੀ ਸਰਕਾਰ ਕੋਲ ਜ਼ੋਰਦਾਰ ਮੰਗ ਉਠਾਈ ਗਈ ਸੀ ਕਿ ਉਹ ਇਸ ਸਬੰਧੀ ਬਾਕੀ ਦੇ ਦਸਤਾਵੇਜ਼ਾਂ ਦੀ ਪੜਚੋਲ ਕਰਕੇ ਜਵਾਬ ਦੇਵੇ ਕਿ ਬਰਤਾਨੀਆਂ ਨੇ ਭਾਰਤ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਸਬੰਧੀ ਕਿਸ ਕਿਸਮ ਦੀ ਸਹਾਇਤਾ ਕਿੰਨੇ ਸਮੇਂ ਲਈ ਦਿੱਤੀ ਸੀ। ਇਸ ਸਬੰਧੀ ਪਿਛਲੇ ਦਿਨੀ ਬਿਦੇਸ਼ ਮੰਤਰੀ ਵਿਲੀਅਮ ਹੇਗ ਨੇ ਹਾਊਸ ਆਫ ਕਾਮਨਜ਼ ਵਿਚ ਇੱਕ ਰਿਪੋਰਟ ਵੀ ਪੇਸ਼ ਕੀਤੀ ਜਿਸ ਤੇ ਬਹਿੰਸ ਵੀ ਹੋਈ ਪਰ ਸਿੱਖਾਂ ਦੀ ਇਸ ਨਾਲ ਤਸੱਲੀ ਨਾਂ ਹੋਈ। ਇਸ ਸਬੰਧੀ ਸਿੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ ਕਰਨ; ਨਿਰਪੱਖ ਜਾਂਚ ਕਰਵਾਉਣ ਜਾਂ ਕੌਮਾਂਤਰੀ ਜਾਂਚ ਕਰਵਾਉਣ ਵਰਗੀਆਂ ਸਰਗਰਮੀਆਂ ਜ਼ੋਰਾਂ ਤੇ ਹਨ ਕਿ ਹੁਣ ਪੰਜਾਬ ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਚੁਰਾਸੀ ਦੇ ਹਮਲੇ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਭੁਗਤ ਦਾ ਮੁੱਦਾ ਖੜ੍ਹਾ ਕਰਕੇ ਇਸ ਮੁੱਦੇ ਨੂੰ ਨਵਾਂ ਮੋੜ ਦੇ ਦਿੱਤਾ ਗਿਆ ਹੈ।

ਏ ਆਈ ਐਸ ਐਸ ਐਫ ( ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ-ਪੀਰ ਮੁਹੰਮਦ) ਦੇ ਲੈਟਰ ਹੈਡ ‘ਤੇ ੧੭ ਫਰਵਰੀ ਨੂੰ ਮੋਗਾ ਤੋਂ ਸ: ਕਰਨੈਲ ਸਿੰਘ ਪੀਰ ਮੁਹੰਮਦ ਦੇ ਦਸਤਖਤਾਂ ਹੇਠ ਇੱਕ ਸਰਕੂਲਰ ਜਾਰੀ ਕੀਤਾ ਗਿਆ, ਜਿਸ ਵਿਚ ਸ: ਬਾਦਲ ਨੂੰ ਦਰਬਾਰ ਸਾਹਿਬ ਦੇ ਹਮਲੇ ਸਬੰਧੀ ਕੇਂਦਰ ਨਾਲ ਮਿਲੀ ਭੁਗਤ ਕਾਰਨ ਮੁਖ ਮੰਤਰੀ ਪਦ ਤੋਂ ਅਸਤੀਫਾ ਦੇਣ ਲਈ ਕਿਹਾ ਗਿਆ ਹੈ। ਇਸ ਸਨਸਨੀ ਖੇਜ਼ ਪ੍ਰਗਟਾਵੇ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਭਾਰਤ ਦੇ ਉਸ ਸਮੇਂ ਦੇ ਯੂਨੀਅਨ ਹੋਮ ਮਨਿਸਟਰ ਸ਼੍ਰੀ ਪੀ ਵੀ ਨਰਸਿਮਾਂ ਰਾਓ ਨਾਲ ਦਿੱਲੀ ਦੇ ਇੱਕ ਗੈਸਟ ਹਾਊਸ ਵਿਚ ੨੮ ਮਾਰਚ ੧੯੮੪ ਨੂੰ ਕੀਤੀ ਗਈ ਮੀਟਿੰਗ ਦਾ ਜ਼ਿਕਰ ਹੈ ਜਿਸ ਵਿਚ ਕਿ ਸ: ਬਾਦਲ ਨੇ ਅਖੌਤੀ ਤੌਰ ਤੇ ਸਰਕਾਰ ਤੋਂ ਦਰਬਾਰ ਸਾਹਿਬ ‘ਤੇ ਫੌਜੀ ਕਾਰਵਾਈ ਦੀ ਮੰਗ ਕੀਤੀ ਸੀ। ਇਸੇ ਤਰਾਂ ਸ਼ੇਰੇ ਪੰਜਾਬ ਫੋਰਮ ਵਲੋਂ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅੰਮ੍ਰਿਤਸਰ ਦੇ ਲੈਟਰਹੈਡ ‘ਤੇ ਲਿਖੀ ਇੱਕ ਚਿੱਠੀ ਨੂੰ ਪ੍ਰਚਾਰਿਆ ਗਿਆ ਹੈ ਜੋ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਵਲੋਂ ਇੰਦਰਾਂ ਗਾਂਧੀ ਦੇ ਮੁਖ ਸਲਾਹਕਾਰ ਸ਼੍ਰੀ ਆਰ ਕੇ ਧਵਨ ਨੂੰ ਲਿਖੀ ਗਈ ਸੀ। ਇਸ ਚਿੱਠੀ ਵਿਚ ਜਿਥੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਾਨ ਨੂੰ ਖਤਰੇ ਬਾਰੇ ਲਿਖ ਕੇ ਇਹ ਕਿਹਾ ਗਿਆ ਹੈ ਕਿ ਸੰਤ ਜਰਨੈਲ ਸਿੰਘ ਨੇ ਤਾਂ ਹੁਣ ਪਿੱਛੇ ਨਹੀਂ ਹਟਣਾਂ ਇਸ ਲਈ ਉਸ ਕਾਰਵਾਈ ਨੂੰ ਸਰ ਅੰਜਾਮ ਦਿੱਤਾ ਜਾਵੇ ਜਿਸ ਸਬੰਧੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪਹਿਲਾਂ ਹੀ ਸ਼੍ਰੀ ਧਵਨ ਨਾਲ ਵਿਚਾਰ ਕੀਤੀ ਗਈ ਸੀ। ਇਸ ਚਿੱਠੀ ਤੇ ੨੫ ਅਪ੍ਰੈਲ ੧੯੮੪ ਦੀ ਤਾਰੀਖ ਹੈ।

ਇਹ ਕੋਈ ਪਹਿਲਾ ਸਮਾਂ ਨਹੀਂ ਹੈ ਕਿ ਇਸ ਤਰਾਂ ਦੀਆਂ ਚਿੱਠੀਆਂ ਮੀਡੀਏ ਵਿਚ ਆਈਆਂ ਹਨ ਪਰ ਹੁਣ ਜਦੋਂ ਕਿ ਸੰਸਾਰ ਦੇ ਸਿੱਖਾਂ ਦੀਆਂ ਨਜ਼ਰਾਂ ਚੁਰਾਸੀ ਦੇ ਘੱਲੂਘਾਰੇ ਸਬੰਧੀ ਬਰਤਾਨਵੀ ਦਖਲ ਅੰਦਾਜ਼ੀ ਵਲ ਲੱਗੀਆਂ ਹੋਈਆਂ ਹਨ ਤਾਂ ਇਸ ਤਰਾਂ ਦੀਆਂ ਚਿੱਠੀਆਂ ਦਾ ਦੁਹਰਾਇਆ ਜਾਣਾਂ ਅਜੀਬ ਲੱਗਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਆਪਣੀ ਰਾਜਨੀਤਕ ਲੋੜ ਲਈ ਲਾਇਆ ਸੀ ਪਰ ਸੰਤ ਜਰਨੈਲ ਸਿੰਘ ਦੇ ਕਰੜੇ ਸਟੈਂਡ ਨਾਲ ਪੰਜਾਬ ਦੇ ਹਾਲਾਤ ਏਨੇ ਵਿਸਫੋਟਕ ਹੋ ਗਏ ਸਨ ਕਿ ਅਕਾਲੀ ਦਲ ਦੇ ਆਗੂਆਂ ਦੇ ਗਲਾਂ ਵਿਚ ਧਰਮ ਯੁੱਧ ਮੋਰਚਾ ਫੰਧੇ ਵਾਂਗ ਬਣ ਗਿਆ ਸੀ ਜਿਸ ਚੋਂ ਉਹ ਕਿਸੇ ਵੀ ਕੀਮਤ ਤੇ ਬਾਹਰ ਨਿਕਲਣਾਂ ਚਾਹੁੰਦੇ ਸਨ। ਪੰਜਾਬ ਦੇ ਹਾਲਾਤਾਂ ਨੂੰ ਘੱਲੂਘਾਰੇ ਤਕ ਪਹੁੰਚਾਉਣ ਲਈ ਕਿਹੜੀਆਂ ਕਿਹੜੀਆਂ ਸ਼ਕਤੀਆਂ ਅਤੇ ਕਿਹੜੇ ਕਿਹੜੇ ਦੇਸ਼ਾਂ ਨੇ ਕੀ ਕੀ ਖੇਡਾਂ ਖੇਡੀਆਂ ਉਹਨਾਂ ਬਾਰੇ ਅੰਦਾਜ਼ੇ ਤਾਂ ਲਗਾਏ ਜਾ ਸਕਦੇ ਹਨ ਪਰ ਇਸ ਸਬੰਧੀ ਜੇਕਰ ਨਿਰੋਲ ਸੱਚ ਦੇ ਰੂਬਰੂ ਹੋਣਾਂ ਹੋਵੇ ਤਾਂ ਵਾਕਈ ਇੱਕ ਕੌਮਾਂਤਰੀ ਜਾਂਚ ਦੀ ਲੋੜ ਹੈ। ਐਸੀ ਕਿਸੇ ਜਾਂਚ ਦੇ ਨਤੀਜੇ ਸਿੱਖਾਂ ਨੂੰ ਮਨਜ਼ੂਰ ਵੀ ਹੋਣਗੇ ਜਾਂ ਕਿ ਸਿੱਖਾਂ ਦੇ ਹਾਲਾਤ ਇਹਨਾਂ ਸੱਚਾਈਆਂ ਦੇ ਰੂਬਰੂ ਮੁੜ ਤੋਂ ਵਿਸਫੋਟਕ ਹੋ ਜਾਣਗੇ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਇੱਕ ਗੱਲ ਸਪੱਸ਼ਟ ਹੈ ਕਿ ਦੇਸ ਪ੍ਰਦੇਸ ਵਿਚ ਸਿੱਖਾਂ ਦਾ ਹਰ ਰਾਜਨੀਤਕ ਧੜਾ ਆਪਣੇ ਅਧੂਰੇ ਸੱਚ ਨੂੰ ਪਲੋਸਣ ਤੱਕ ਸੀਮਤ ਹੈ ਅਤੇ ਕੌੜੀਆਂ ਕਸੈਲੀਆਂ ਸੱਚਾਈਆਂ ਤੋਂ ਨਾਬਰ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹੁਣ ਮੌਜੂਦਾ ਹਾਲਾਤਾਂ ਵਿਚ ਪੰਜਾਬ ਦੇ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸੰਨ ਚੁਰਾਸੀ ਦੇ ਘੱਲੂਘਾਰੇ ਵਿਚ ਮਿਲੀ ਭੁਗਤ ਦੇ ਇਲਜ਼ਾਮ ਸਬੰਧੀ ਜਵਾਬ ਦੇਹ ਹੋਣਾਂ ਪੈਂਦਾ ਹੈ ਤਾਂ ਉਸ ਦੇ ਪਿਛਲੱਗ ਸੰਤ ਸਮਾਜ ਦੀ ਕੀ ਪੁਜੀਸ਼ਨ ਹੋਏਗੀ ਅਤੇ ਸੰਤ ਸਮਾਜ ਦੇ ਮਗਰ ਸਿੱਧੇ ਜਾਂ ਅਸਿੱਧੇ ਤੌਰ ਤੇ ਲੱਗੇ ਹੋਏ ਖਾਲਿਸਤਾਨੀਆਂ ਦੀ ਕੀ ਪੁਜੀਸ਼ਨ ਹੋਏਗੀ? ਪੰਜਵੀਂ ਵਾਰ ਮੁਖ ਮੰਤਰੀ ਦੀ ਗੱਦੀ ‘ਤੇ ਬੈਠੇ ਸ: ਬਾਦਲ ਵਰਗੇ ਘਾਗ ਸਿਆਸਤਦਾਨ ‘ਤੇ ਦੇਹਧਾਰੀ ਗੁਰੂ ਡੰਮ ਦੀ ਪੁਸ਼ਤਪਨਾਹੀ ਕਰਨ; ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕਰਨ; ਜਥੇਦਾਰਾਂ ਦਾ ਕਰਮਚਾਰੀ ਕਰਨ; ਆਪਣੇ ਆਪ ਦਾ ਮੀਆਂ ਮਿੱਠੂ ਕਰਨ ਅਤੇ ਆਪਣੀ ਕੁਨਬਾ ਪਰਵਰੀ ਕਰਨ ਵਰਗੇ ਸੰਗੀਨ ਇਲਜ਼ਾਮ ਹਨ, ਪਰ ਉਸ ਦੇ ਇੱਕ ਗੁਣ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਦੇ ਸੰਭਾਵੀ  ਵਿਸਫੋਟਕ ਫਿਰਕੂ ਹਾਲਾਤਾਂ ਵਿਚ ਇੱਕ ਉਹ ਹੀ ਐਸਾ ਸ਼ਖਸ ਹੈ ਜੋ ਕਿਸੇ ਨਾ ਕਿਸੇ ਤਰਾਂ ਸਭ ਭਾਈਚਾਰਿਆਂ ਵਿਚ ਪ੍ਰਵਾਣਤ ਵੀ ਹੈ ਅਤੇ ਉਹ ਬੜੇ ਕਠਿਨ ਸਮੇਂ ਪੰਜਾਬ ਵਿਚ ਫਿਰਕੂ ਅਮਨ ਬਣਾਈ ਰੱਖਣ ਵਿਚ ਕਾਫੀ ਹੱਦ ਤਕ ਕਾਮਯਾਬ ਵੀ ਹੋਇਆ ਹੈ। ਜਿਹੜੇ ਲੋਕ ਜ਼ਿੰਮੇਵਾਰੀ ਨਾਲ ਪੰਜਾਬ ਬਾਰੇ ਫਿਕਰਮੰਦ ਹਨ ਉਹ ਇਸ ਗੱਲ ‘ਤੇ ਚਿੰਤਾਤੁਰ ਵੀ ਹਨ ਕਿ ਬਾਦਲ ਦੀ ਗੈਰ ਹਾਜ਼ਰੀ ਵਿਚ ਆਖ਼ਿਰ ਹੋਰ ਕਿਹੜੀ ਐਸੀ ਸਿਆਸੀ ਸ਼ਖਸੀਅਤ ਹੈ ਜੋ ਕਿ ਫਿਰਕੂ ਲਾਵੇ ਵਿਚ ਵਿਸਫੋਟ ਦੀ ਸੰਭਾਵਨਾਂ ਰੱਖਣ ਵਾਲੇ ਪੰਜਾਬ ਵਿਚ ਭਾਈਚਾਰਕ ਅਮਨ ਅਮਾਨ ਬਣਾਈ ਰੱਖਣ ਵਿਚ ਕਾਮਯਾਬ ਹੋ ਸਕਦਾ ਹੈ।

ਇਹਨਾਂ ਉਪਰ ਲਿਖੀਆਂ ਸਤਰਾਂ ਨਾਲ ਸਾਡੇ ਬਹੁਤ ਸਾਰੇ ਮਿੱਤਰਾਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੋਏਗਾ ਕਿਓਂਕਿ ਅਸੀਂ ਤਾਂ ਪਿਛਲੇ ਤਿੰਨ ਦਹਾਕਿਆਂ ਤੋਂ ਮਹਿਜ਼ ਗੈਰ ਜ਼ਿੰਮੇਦਾਰਾਨਾਂ ਅਤੇ ਜਜ਼ਬਾਤੀ ਨਾਅਰੇਬਾਜੀ ਵਿਚ ਪਰਚਣ ਤਕ ਸੀਮਤ ਹੋ ਕੇ ਰਹਿ ਹਏ ਹਾਂ । ਹੁਣ ਜਦੋਂ ਕਿ ਸੰਤ ਜਰਨੈਲ ਸਿੰਘ ਦੇ ਟਕਸਾਲੀ ਵਾਰਸ ਅਤੇ ਉਹਨਾਂ ਦੇ ਮਗਰ ਚਲਣ ਵਾਲੇ ਖਾਲਿਸਤਾਨੀ ਹਰਿਆਵਲ ਦਸਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਬਾਦਲ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ ਤਾਂ ਜ਼ਰੂਰੀ ਹੈ ਕਿ ਹੁਣ ਇਹਨਾਂ ਦੋਹਰੇ ਮਾਪ ਦੰਡਾਂ ਵਾਲੀ ਰਾਜਨੀਤੀ ਤੋਂ ਕਿਨਾਰਾ ਕਰਕੇ ਹਾਲਾਤਾਂ ਨੂੰ ਸੱਚ ਦੇ ਰੂਬਰੂ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ।

ਅੱਜ ਜੇਕਰ ਗੱਲ ਖਾੜਕੂ ਅੰਦੋਲਨ ਦੀ ਪੁਨਰ ਸੁਰਜੀਤੀ ਦੀ ਕਰੀਏ ਤਾਂ ਪੰਜਾਬ ਦੀਆਂ ਜ਼ਮੀਨੀ ਸੱਚਾਈਆਂ ਨਿਊਕਲਿਆਈ ਭਾਰਤ ਨਾਲ ਰਵਾਇਤੀ ਹਥਿਆਰਾਂ ਨਾਲ ਧਰਮ ਯੁੱਧ ਕਰਨ ਦੀ ਗਵਾਹੀ ਨਹੀਂ ਭਰਦੀਆਂ। ਜੇਕਰ ਜਮਹੂਰੀ ਅਮਲਾਂ ਦੀ ਗੱਲ ਕਰੀਏ ਤਾਂ ਸਿੱਖਾਂ ਦੇ ਅਕਾਲੀ ਅਤੇ ਖਾਲਿਸਤਾਨੀ ਰਾਜਨੀਤਕ ਗੁੱਟਾਂ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਰੀਬ ਕਰੀਬ ਗੰਵਾ ਲਿਆ ਹੈ ਤੇ ਜੇਕਰ ਹੁਣ ਆਮ ਆਦਮੀ ਵਰਗੀ ਸਾਫ ਸੁਥਰੀ ਰਾਜਨੀਤੀ ਦੀ ਕੋਈ ਲਹਿਰ ਪੰਜਾਬ ਵਿਚ ਵਗਦੀ ਹੈ ਤਾਂ ਲੋਕਾਂ ਦਾ ਉਸ ਪਾਸੇ ਵਲ ਰੁਚਿਤ ਹੋਣਾਂ ਸੰਭਵ ਹੈ। ਹੁਣੇ ਹੁਣੇ ਆਮ ਆਦਮੀ ਪਾਰਟੀ ਵਲੋਂ ਲੁਧਿਆਣਾਂ ਲੋਕ ਸਭਾ ਸੀਟ ‘ਤੇ ਮੰਨੇ ਪ੍ਰਮੰਨੇ ਸਿੱਖ ਵਕੀਲ ਐਡਵੋਕੇਟ ਐਚ ਐਸ ਫੂਲਕੇ ਦੀ ਨਾਮਜਦਗੀ ਨੂੰ ਪੰਜਾਬ ਦੀ ਰਾਜਨੀਤਕ ਦੁਮੇਲ ਤੇ ਸੁਨਹਿਰੀ ਕਿਰਨ ਵਜੋਂ ਦੇਖਿਆ ਜਾ ਰਿਹਾ ਹੈ। ਸ: ਸਿਮਰਨਜੀਤ ਸਿੰਘ ਮਾਨ ਨੇ ਇਸ ਦਾ ਸਵਾਗਤ ਵੀ ਕੀਤਾ ਹੈ ਜਦ ਕਿ ਨਰਿੰਦਰ ਮੋਦੀ ਦੀ ਭਗਵੀਂ ਰਾਜਨੀਤੀ ਦੀ ਜ਼ਹਿਰ ਵਿਚ ਮਦਹੋਸ਼ ਹੋ ਰਹੇ ਅਖੌਤੀ ਸੰਤ ਸਮਾਜ ਅਤੇ ਉਹਨਾਂ ਦੇ ਰਾਜਨੀਤਕ ਆਕਾਵਾਂ ਦੇ ਸਾਹ ਔਖੇ ਹੋ ਰਹੇ ਹਨ।

 ਐ ਮਰਦੇ-ਕਾਮਲਿ ਤੇਰੇ ਹਾਥ ਹੈ, ਚਾਹੇ ਤੂ ਜੰਨਤ ਬਨਾ ਚਾਹੇ ਦੋਜ਼ਖ਼

ਯੇ ਜਹਾਨ ਤੋ ਮੁੰਤਜ਼ਰਿ ਹੈ, ਇਨਸਾਨੀਯਤ ਬੇਤਾਬ ਹੈ

                                                             -----------------੦੦੦੦-----------------

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.