ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਪੁਰਾਣੇ ਹਾਕਮਾਂ ਤੋਂ ਖਹਿੜਾ ਛੁਡਵਾਣ ਲਈ ਉਸਲਵਾਟੇ ਲੈਣ ਲੱਗੇ ਪੰਜਾਬੀ
ਪੁਰਾਣੇ ਹਾਕਮਾਂ ਤੋਂ ਖਹਿੜਾ ਛੁਡਵਾਣ ਲਈ ਉਸਲਵਾਟੇ ਲੈਣ ਲੱਗੇ ਪੰਜਾਬੀ
Page Visitors: 2955

 ਪੁਰਾਣੇ ਹਾਕਮਾਂ ਤੋਂ ਖਹਿੜਾ ਛੁਡਵਾਣ ਲਈ ਉਸਲਵਾਟੇ ਲੈਣ ਲੱਗੇ ਪੰਜਾਬੀ
    ਵਤਨ ਕੀ ਫ਼ਿਕਰ ਕਰ ਨਾਦਾਂ ਮੁਸੀਬਤ ਆਨੇ ਵਾਲੀ ਹੈ, ਤੇਰੀ ਬਰਬਾਦੀਯੋਂ ਕੇ ਮਸ਼ਵਰੇ ਹੈਂ ਆਸਮਾਨੋਂ ਮੇਂ
    ਨ ਸਮਝੋਗੇ ਤੋ ਮਿਟ ਜਾਓਗੇ ਐ ਹਿੰਦੁਸਤਾਂ ਵਾਲੋ, ਤੁਮਹਾਰੀ ਦਾਸਤਾਂ ਤਕ ਭੀ ਨ ਹੋਗੀ ਦਾਸਤਾਨੋਂ ਮੇਂ    
                                                                             ਆਮ ਆਦਮੀ ਪਾਰਟੀ ਬਣ ਰਹੀ ਹੈ ਨਵੀਂ ਉਮੰਗ ਤੇ ਨਵੀਂ ਸਵੇਰ
                                                ਰੌਸ਼ਨੀ ਦੀ ਕਿਰਨ ਨੇ ਹੁਣ ਲਲਕਾਰਿਆ ਹਨੇਰ

ਕੁਲਵੰਤ ਸਿੰਘ ਢੇਸੀ
kulwantsinghdhesi@hotmail.com
ਅਕਾਲੀ ਦਲ ਨੂੰ ਪੰਜਾਬ ਦੀ ਵਾਰਸ ਸਿਆਸੀ ਪਾਰਟੀ ਕਰਕੇ ਜਾਣਿਆਂ ਜਾਂਦਾ ਹੈ। ਸਮੁੱਚੇ ਭਾਰਤ ਅਤੇ ਪੰਜਾਬ ਦੇ ਹੱਕਾਂ ਲਈ ਹਿੱਕਾਂ ਤਾਣ ਕੇ ਸੰਘਰਸ਼ ਕਰਨ ਵਾਲੇ ਅਕਾਲੀਆਂ ਦਾ ਆਪਣਾ ਸੁਨਹਿਰਾ ਇਤਹਾਸ ਰਿਹਾ ਹੈ। ਆਪਣੀ ਡੇਢ ਪ੍ਰਤੀਸ਼ਤ ਅਬਾਦੀ ਦੇ ਹੁੰਦਿਆਂ ਹੋਇਆਂ ਵੀ ਗੁਰੂ ਗੋਬਿੰਦ ਸਿੰਘ ਦੇ ਸੂਰਬੀਰ ਅਕਾਲੀਆਂ ਨੇ ਭਾਰਤ ਦੀ ਅਜ਼ਾਦੀ ਲਈ ੯੦ ਪ੍ਰਤੀਸ਼ਤ ਕੁਰਬਾਨੀਆਂ ਦੇ ਕੇ ਸਮੇਂ ਦੇ ਪ੍ਰਮੁਖ ਹਿੰਦੂ ਆਗੂਆਂ ਦੇ ਮੂੰਹੋਂ ਆਪਣੀ ਸਿਫਤ ਸਲਾਹ ਜੋ ਇਤਹਾਸ ਸਿਰਜਿਆ ਉਹ ਆਪਣੀ ਮਿਸਾਲ ਆਪ ਹੈ। ਜਿਵੇਂ ਕਿ ਮਿਸਾਲ ਦੇ ਤੌਰ ਤੇ—
''ਗੁਰੂ ਕੇ ਬਾਗ ਵਿਚੋਂ ਹੀ ਦੇਸ਼ ਦੀ ਸੁਤੰਤਰਤਾ ਦੀ ਲਹਿਰ ਉਠੀ ਹੈ, ਹੁਣ ਇਸ ਨੇ ਹੀ ਦੇਸ਼ ਨੂੰ ਅਜ਼ਾਦ ਕਰਵਾਉਣਾ ਹੈ।'' (ਪੰਡਤ ਮਦਨ ਮੋਹਨ ਮਾਲਵੀਆ)
''ਸਿੱਖ ਵੀਰਾਂ ਨੇ ਸਾਨੂੰ ਦੇਸ਼-ਸੁਤੰਤਰਤਾ ਦੀ ਪ੍ਰਾਪਤੀ ਦੀ ਜਾਚ ਸਿਖਾ ਦਿੱਤੀ ਹੈ। ਹੁਣ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਬਹੁਤ ਦੇਰ ਤੱਕ ਗੁਲਾਮ ਨਹੀਂ ਰੱਖ ਸਕਦੀ।'' (ਦਾਦਾ ਭਾਈ ਨਾਰੋ ਜੀ)
''ਅਜ਼ਾਦੀ ਹਰ ਇਕ ਦਾ ਹੱਕ ਹੈ। ਅਸੀਂ ਕਪੁੱਤਰ ਹਾਂ ਪਰ ਅਕਾਲੀ ਸਪੁੱਤਰ ਹਨ ਜਿਹੜੇ ਕਿ ਇਸ ਹੱਕ ਲਈ ਲੜ ਰਹੇ ਹਨ।'' (ਲਾਲਾ ਲਾਜਪਤ ਰਾਏ)
“ ਜੇਕਰ ਦੇਸ਼ ਨੇ ਵਿਦੇਸ਼ੀ ਹਕੂਮਤ ਤੋਂ ਅਜ਼ਾਦ ਹੋਣਾਂ ਹੈ ਤਾਂ ਹਰ ਹਿੰਦੂ ਪਰਿਵਾਰ ਆਪਣੇ ਘੱਟੋ ਘਟ ਇੱਕ ਬੇਟੇ ਨੂੰ ਸਿੱਖ ਜ਼ਰੂਰ ਸਜਾਉਣ” (ਪੰ: ਮਦਨ ਮੋਹਨ ਮਾਲਵੀਆ)
''ਮੈਨੂੰ ਦੇਸ਼ ਅਜ਼ਾਦ ਕਰਾਉਣ ਦਾ ਨੁਸਖਾ ਮਿਲ ਗਿਆ ਹੈ। ਗੁਰਦੁਆਰਾ ਅਜ਼ਾਦ ਹੋ ਗਿਆ। ਮੁਬਾਰਕ ਹੋਵੇ। ਹੁਣ ਦੇਸ਼ ਵੀ ਤੁਸੀਂ ਅਜ਼ਾਦ ਕਰਾਉਣਾ ਹੈ।'' (ਮਹਾਤਮਾਂ ਗਾਂਧੀ)
ਜੇਕਰ ਭਾਰਤ ਦੀ ਅਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ ਦਾ ਵੇਰਵਾ ਦੇਣਾਂ ਹੋਵੇ ਤਾਂ ਉਸ ਲਈ ਇੱਕ ਲੇਖ ਨਹੀਂ ਸਗੋਂ ਇੱਕ ਪੁਸਤਕ ਲਿਖਣ ਦੀ ਲੋੜ ਪਏਗੀ। ਪਰ ਅਫਸੋਸ ਕਿ ਜਿਓਂ ਹੀ ਸੰਨ ੧੫ ਅਗਸਤ ੧੯੪੭ ਦਾ ਦੂਸਰਾ ਦਿਨ ਚੜ੍ਹਿਆ ਤਾਂ ਦੇਸ਼ ਦੇ ਹੀਰੋ ਸਿੱਖ ਨਾਂ ਕੇਵਲ ਜੀਰੋ ਹੋ ਗਏ ਸਗੋਂ ਭਾਰਤੀ ਆਗੂਆਂ ਦੀਆਂ ਅੱਖਾਂ ਵਿਚ ਜ਼ਹਿਰ ਵਾਂਗ ਰੜਕਣ ਲੱਗ ਪਏ। ਜਿਸ ਗਾਂਧੀ ਨੇ ਅਜ਼ਾਦੀ ਤੋਂ ਪਹਿਲਾਂ ਸਿੱਖਾਂ ਦੀ ਸੂਰਬੀਰਤਾ ਦੇ ਗੁਣ ਗਾਏ ਸਨ ਉਹ ਹੀ ਸਿੱਖਾਂ ਨੂੰ ਟਿੱਚ ਕਰਕੇ ਜਾਨਣ ਲੱਗਾ ਜਦੋਂ ਉਸ ਨੇ ਇਹ ਕਿਹਾ ਕਿ ਕਿਰਪਾਨ ਇੱਕ ਜੰਗਾਲਿਆ ਹੋਇਆ ਸ਼ਾਸਤਰ ਹੈ ਸਿੱਖ ਇਸ ਨੂੰ ਛੱਡ ਕੇ ਅੰਦਰਲੀ ਰਹਿਤ ਹੀ ਰੱਖਣ (ਇਸੇ ਗਾਂਧੀ ਨੇ ਸੰਨ ੧੯੩੧ ਦਰਮਿਆਨ ਸੀਸ ਗੰਜ ਗੁਰਦੁਆਰੇ ਵਿਚ ਖਾਲਸਾਈ ਸ਼ਮਸ਼ੀਰ ਦੀ ਸਿਫਤ ਕੀਤੀ ਸੀ ਕਿ ਸਿੱਖ ਤਾਂ ਇੰਝ ਵੀ ਆਪਣਾ ਹੱਕ ਲੈਣਾਂ ਜਾਣਦੇ ਹਨ)। ਕਿਆਮਤ ਵਾਲੀ ਗੱਲ ਉਦੋਂ ਹੋ ਗਈ ਜਦੋਂ ਸਿੱਖਾਂ ਉੱਤੇ ਇੱਕ ਨਾਂ ਮਨਜ਼ੂਰ ਵਿਧਾਨ ਲਾਗੂ ਕਰ ਦਿੱਤਾ ਗਿਆ ਜਿਸ ਵਿਚ ਸਿੱਖਾਂ ਦੀ ਅੱਡਰੀ ਧਾਰਮਕ ਅਤੇ ਕੌਮੀ ਪਛਾਣ ਤੋਂ ਉੱਕਾ ਹੀ ਇਨਕਾਰ ਕਰ ਦਿੱਤਾ ਗਿਆ। ਹਿੰਦੂ ਪ੍ਰਤੀਨਿਧ ਸਿਆਸੀ ਪਾਰਟੀ ਜਨਸੰਘ ਨੇ ਪਹਿਲੀ ਮਰਦਮ ਸ਼ੁਮਾਰੀ ਸਮੇਂ ਪੰਜਾਬ ਦੇ ਹਿੰਦੂਆਂ ਨੂੰ ਪੰਜਾਬੀ ਬੋਲੀ ਤੋਂ ਮੁਨਕਰ ਕਰਕੇ ਪੰਜਾਬ ਵਿਚ ਫਿਰਕਾ ਪ੍ਰਸਤੀ ਦਾ ਜ਼ਹਿਰੀ ਮਹੌਲ ਬਣਾ ਦਿੱਤਾ।
ਸਿਆਸੀ ਤੌਰ ‘ਤੇ ਨਿਹੱਥੇ ਹੋ ਚੁੱਕੇ ਅਕਾਲੀਆਂ ਨੇ ਅਜ਼ਾਦ ਭਾਰਤ ਵਿਚ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਵੱਡਾ ਸੰਘਰਸ਼ ਕੀਤਾ। ਪੰਜਾਬੀ ਬੋਲੀ ਦੇ ਅਧਾਰ ਤੇ ਭਾਵੇਂ ਲੰਗੜਾ ਪੰਜਾਬੀ ਸੂਬਾ ਹੀ ਹੱਥ ਲੱਗਾ ਪਰ ਅਕਾਲੀਆਂ ਦੇ ਪੰਜਾਬ ਵਿਚ ਰਾਜਸੀ ਪੈਰ ਲੱਗਣ ਦੀ ਵਿਧ ਜ਼ਰੂਰ ਬਣ ਗਈ। ਪੰਜਾਬ ਨਾਲ ਕੇਂਦਰ ਵਲੋਂ ਲਗਾਤਾਰ ਧੱਕਾ ਹੁੰਦਾ ਰਿਹਾ ਅਤੇ ਜਦੋਂ ਅਕਾਲੀਆਂ ਨੇ ਆਖਰੀ ਸੰਘਰਸ਼ ਧਰਮ ਯੁੱਧ ਦੇ ਨਾਂ ਹੇਠ ਕੀਤਾ ਤਾਂ ਨਾਂ ਤਾਂ ਪਹਿਲਾਂ ਵਾਲੇ ਅਕਾਲੀਆਂ ਦੀ ਛਵੀ ਕਾਇਮ ਸੀ ਅਤੇ ਨਾਂ ਹੀ ਸਦੀਆਂ ਤੋਂ ਕਮਜ਼ੋਰ ਅਤੇ ਗੁਲਾਮ ਹਿੰਦੂਆਂ ਦੀ ਹੁਣ ਪਹਿਲਾਂ ਵਾਲੀ ਗੱਲ ਸੀ। ਜੂਨ ੧੯੮੪ ਨੂੰ ਭਾਰਤੀ ਫੌਜ ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖਾਂ ਲਈ ਹੁਣ ਰਾਜਸੀ ਅਤੇ ਧਾਰਮਕ ਸੰਕਟ ਵਿਚੋਂ ਨਿਕਲਣਾਂ ਔਖਾ ਹੋ ਗਿਆ। ਹੁਣ ਭਾਵੇਂ ਭਾਜਪਾ ਦੀਆਂ ਵਿਸਾਖਿਆਂ ਨਾਲ ਖੜ੍ਹਾ ਅਖੌਤੀ ਅਕਾਲੀ ਦਲ ਆਪਣੀ ਦੂਸਰੀ ਟਰਮ ਪੂਰੀ ਕਰਨ ਜਾ ਰਿਹਾ ਹੈ ਪਰ ਲੋਕਾਂ ਦਾ ਵਿਸ਼ਵਾਸ ਇਸ ਖਿਚੜੀ ਸਰਕਾਰ ਤੋਂ ਉੱਠ ਚੁੱਕਾ ਹੈ ਅਤੇ ਆਰਥਕ ਤੌਰ ‘ਤੇ ਗੁਲਾਮ ਹੋ ਚੁੱਕਾ ਪੰਜਾਬ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਚ ਗਰਕ ਹੋ ਰਿਹਾ ਹੈ।
ਐਸੇ ਸੰਕਟ ਭਰੇ ਸਮੇਂ ਵਿਚ ਆਮ ਆਦਮੀ ਦਾ ਪੰਜਾਬ ਵਿਚ ਉਭਰਨਾਂ ਇੱਕ ਸ਼ਗਨ ਵਜੋਂ ਦੇਖਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕੀ ਨਤੀਜੇ ਦਿੰਦੀ ਹੈ ਇਹ ਦੇਖਣ ਲਈ ਲੰਬੀ ਇੋੰਤਜ਼ਾਰ ਨਹੀਂ ਕਰਨੀ ਪੈਣੀ ਪਰ ਇੱਕ ਗੱਲ ਸਾਫ ਦਿਖਾਈ ਦੇ ਰਹੀ ਹੈ ਕਿ ਪੰਜਾਬੀਆਂ ਦੀਆਂ ਵੋਟਾਂ ਸ਼ਰਾਬ, ਡਰੱਗ, ਅੰਨ੍ਹੇ ਪੈਸੇ ਦੇ ਨਾਲ ਨਾਲ ਸਿਆਸੀ ਜੱਫੇ ਅਤੇ ਧੱਕੇ ਨਾਲ ਉਗਰਾਉਣ ਵਾਲਾ ਬਾਦਲ ਅਕਾਲੀ ਦਲ ਇਹਨਾਂ ਪਾਰਲੀਮਾਨੀ ਚੋਣਾਂ ਨੂੰ ਮੌਤ ਅਤੇ ਜੀਵਨ ਦਾ ਸਵਾਲ ਬਣਾ ਕੇ ਲੜੇਗਾ।
ਜਦੋਂ ਤੋਂ ਬਾਦਲ ਨੇ ਭਾਜਪਾ ਨਾਲ ਬੇਸ਼ਰਤ ਸਿਆਸੀ ਗਲਵਕੜੀ ਪਾਈ ਹੈ ਉਦੋਂ ਤੋਂ ਅਨੇਕਾਂ ਸਿਆਸੀ ਪੰਡਤ ਇਹ ਭਵਿੱਖ ਬਾਣੀਆਂ ਕਰਦੇ ਆ ਰਹੇ ਹਨ ਕਿ ਇਸ ਅਯੋਗ ਗੱਠਜੋੜ ਨਾਲ ਜਿਥੇ ਅਕਾਲੀਆਂ ਦੀ ਆਪਣੀ ਹੋਂਦ ਨੂੰ ਖੋਰਾ ਲੱਗਣਾਂ ਹੈ, ਉਥੇ ਪੰਜਾਬ ਵਿਚ ਫਿਰਕਾ ਪ੍ਰਸਤ ਜਨਸੰਘ ਦਾ ਅਜੋਕਾ ਭਾਜਪਾਈ ਰੂਪ ਵਿਕਰਾਲ ਰੂਪ ਧਾਰਦਾ ਚਲਾ ਜਾਣਾਂ ਹੈ। ਇਸ ਦੀ ਤਾਜ਼ਾ ਮਿਸਾਲ ਪਟਿਆਲੇ ਦੇ ਹਿੰਦੂਆਂ ਵਲੋਂ ਵਾਰ ਵਾਰ ਸਿੱਖਾਂ ਨੂੰ ਗਾਲਾਂ ਕੱਢ ਕੱਢ ਕੇ ਲਲਕਾਰਨਾਂ ਅਤੇ ਪ੍ਰਸ਼ਾਸਨ ਦਾ ਨਿਪੁੰਸਕ ਬਣੇ ਰਹਿਣਾਂ ਪ੍ਰਤੱਖ ਹੈ। ਗੱਲ ਇਥੋਂ ਤਕ ਵਿਗੜ ਗਈ ਹੈ ਕਿ ਹਾਲ ਹੀ ਵਿਚ ਉਹਨਾਂ ਲੋਕਾਂ ਨੇ ਬਰਤਾਨਵੀ ਸਿੱਖ ਚੈਨਲ ਦੇ ਇੱਕ ਰਿਪੋਰਟਰ ਦੀ ਸ਼ਰੇਆਮ ਕੁੱਟਮਾਰ ਕੀਤੀ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ। ਭਾਈ ਰਾਜੋਆਣਾਂ ਲਹਿਰ ਦਰਮਿਆਨ ਗੁਰਦਾਸਪੁਰ ਵਿਚ ਹਿੰਦੂ ਗੁੰਡਿਆਂ ਵਲੋਂ ਇੱਕ ਸਿੱਖ ਦੀ ਉਤਾਰੀ ਗਈ ਦਸਤਾਰ ਦੇ ਸ਼ਾਂਤ ਵਿਖਾਵੇ ਸਮੇਂ ਪੁਲਿਸ ਵਲੋਂ ਗੋਲੀ ਮਾਰ ਕੇ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਸ਼ਹਾਦਤ ਨੂੰ ਤਾਂ ਲੋਕੀ ਭੁਲ ਭੁਲਾ ਵੀ ਗਏ ਹਨ।
ਅਸੀਂ ਆਪਣੇ ਪਹਿਲੇ ਲੇਖਾਂ ਵਿਚ ਇਸ ਗੱਲ ਦਾ ਲਗਾਤਾਰ ਜ਼ਿਕਰ ਕਰਦੇ ਆ ਰਹੇ ਹਾਂ ਕਿ ਪੰਜਾਬ ਫਿਰਕੂ ਲਾਵੇ ‘ਤੇ ਬੈਠਾ ਹੈ ਜਿਸ ਦੀ ਯੋਗ ਸੰਭਾਲ ਜ਼ਰੂਰੀ ਹੈ। ਇਹ ਤਾਂ ਹੀ ਹੋ ਸਕੇਗਾ ਜੇਕਰ ਕੇਂਦਰ ਵਿਚ ਧਰਮ ਨਿਰਪੱਖ ਰਾਜਸੀ ਧਿਰ ਦਾ ਬੋਲ ਬਾਲਾ ਹੋਵੇਗਾ। ਅੱਜ ਭਾਰਤ ਵਿਚ ਕੌਮੀ ਪੱਧਰ ਤੇ ਜਿਥੇ ਆਮ ਪਾਰਟੀ ਬਾਰੇ ਲਗਾਤਾਰ ਚੰਗੀਆਂ ਕੰਸੋਆਂ ਆ ਰਹੀਆਂ ਹਨ ਉਥੇ ਭਗਵੀਂ ਬਰਗੇਡ ਦੇ ਨਰਿੰਦਰ ਮੋਦੀ ਵਰਗੇ ਪਹਿਲਾਂ ਹੀ ਫਿਰਕੂ ਤੌਰ ਤੇ ਦਾਗੀ ਵਿਅਕਤੀ ਨੂੰ ਲਗਾਤਾਰ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਉਭਾਰਿਆ ਜਾ ਰਿਹਾ ਹੈ। ਇਸ ਮਕਸਦ ਲਈ ਮੋਹਰਲੀ ਪਾਲ ਦਾ ਕਰੀਬ ਕਰੀਬ ਸਾਰਾ ਹੀ ਭਾਰਤੀ ਮੀਡੀਆ ਪੱਬਾਂ ਭਾਰ ਹੈ ਅਤੇ ਦੇਸ਼ ਦੇ ਸਰਮਾਏਦਾਰ ਅੰਬਾਨੀ ਵਰਗੇ ਸਰਗਣੇ ਭਾਜਪਾ ਪ੍ਰਤੀ ਆਪਣੀਆਂ ਸੇਵਾਵਾਂ ਲੈ ਕੇ ਹੱਥ ਜੋੜੀ ਖੜ੍ਹੇ ਹਨ। ਆਮ ਆਦਮੀ ਦੇ ਨੇਤਾ ਸ਼੍ਰੀ ਕੇਜਰੀਵਾਲ ਨੇ ਜਿਥੇ ਭਾਜਪਾ ਦੇ ਕਰੂਪ ਫਿਰਕਾ ਪ੍ਰਸਤ ਚਿਹਰੇ ਨੂੰ ਨੰਗਿਆਂ ਕਰਨ ਵਿਚ ਆਪਣਾ ਪੂਰਾ ਜ਼ੋਰ ਲਾਇਆ ਹੈ ਉਥੇ ਮੋਦੀ ਦੇ ਢੋਂਗੀ ਵਿਕਾਸ ਦਾ ਭਾਂਡਾ ਵੀ ਸਰੇ ਬਾਜ਼ਾਰ ਭੰਨਿਆਂ ਹੈ। ਸ਼੍ਰੀ ਕੇਜਰੀ ਵਾਲ ਨੇ ਦੱਸਿਆ ਹੈ ਕਿ ਬਾਬਾ ਰਾਮ ਦੇਵ ਵਰਗੇ ਆਗੂ ਜਿਸ ਭਾਜਪਾ ਦੇ ਰਾਮ ਰਾਜ ਲਈ ਦਿਨ ਰਾਤ ਇੱਕ ਕਰ ਰਹੇ ਹਨ ਉਸ ਦੇ ਮੋਦੀ ਵਰਗੇ ਆਗੂ ਸਰਮਾਏਦਾਰਾਂ ਦੀ ਪੁਸ਼ਤ ਪਨਾਹੀ ਕਰਦੇ ਹੋਏ ਆਪਣੇ ਨਿੱਜੀ ਸਿਆਸੀ ਸਵਾਰਥ ਲਈ ਕਿਸ ਕਦਰ ਦੇਸ਼ ਦੇ ਹਿੱਤਾਂ ਨੂੰ ਢਾਅ ਲਾ ਰਹੇ ਹਨ। ਜੇਕਰ ਭਾਜਪਾ ਤਾਕਤ ਵਿਚ ਆਉਂਦੀ ਹੈ ਤਾਂ ਪਹਿਲਾਂ ਹੀ ਪੀੜਤ ਦੇਸ਼ ਦੀਆਂ ਘੱਟਗਿਣਤੀਆਂ ਲਈ ਇਹ ਇੱਕ ਅੱਤ ਮਨਹੂਸ ਖਬਰ ਹੋਏਗੀ।
ਇਸ ਸੰਦਰਭ ਵਿਚ ਇਸ ਵੇਲੇ ਸਾਨੂੰ ਸਭ ਤੋਂ ਵਧ ਫਿਕਰ ਪੰਜਾਬ ਦੀ ਪੇਂਡੂ ਵੋਟ ਤੋਂ ਹੈ ਜੋ ਕਿ ਆਪਣੇ ਨਿੱਜੀ ਸਵਾਰਥਾਂ ਲਈ ਜਾਂ ਅਣਗੌਲੇ ਸੁਭਾ ਕਾਰਨ ਆਪਣੀ ਵੋਟ ਦੀ ਯੋਗ ਵਰਤੋਂ ਨਹੀਂ ਕਰਦੇ। ਪਿਛਲੇ ਸੱਠਾਂ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਇਹ ਇੱਕ ਮੌਕਾ ਮਿਲਿਆ ਹੈ ਕਿ ਮਾਨਵੀ ਛਵੀ ਵਾਲੇ ਉਮੀਦਵਾਰ ਅੱਗੇ ਆਏ ਹਨ ਅਤੇ ਸਰਮਾਏਦਾਰ ਅਤੇ ਫਿਰਕੂ ਮੌਕਾਪ੍ਰਸਤਾਂ ਨੂੰ ਪਛਾੜਨ ਦਾ ਮਹੌਲ ਬਣਿਆ ਹੈ। ਅਖੌਤੀ ਅਕਾਲੀ ਅਤੇ ਭਾਜਪਾਈ ਆਪਣੀ ਫਿਰਕੂ ਸੁਰ ਨਾਲ ਸਿਰਫ ਅਤੇ ਸਿਰਫ ਪੰਜਾਬੀਆਂ ਨਾਲ ਧਰੋਹ ਕਮਾ ਰਹੇ ਹਨ। ਸੱਚ ਤਾਂ ਇਹ ਹੈ ਕਿ ਇਹ ਲੋਕ ਨਾਂ ਕੇਵਲ ਪੰਜਾਬ ਦੇ ਪੰਜਾਬੀਆਂ ਦੇ ਮਨੋਂ ਲਹਿ ਗਏ ਹਨ ਸਗੋਂ ਇਹਨਾ ਦੇ ਦਿੱਲੀ ਦੇ ਸਰਗਣੇ ਮਨਜੀਤ ਸਿੰਘ ਜੀ ਕੇ ਦਾ ਯੂ ਕੇ ਵਿਚੋਂ ਬਦਰੰਗ ਵਾਪਸ ਚਲੇ ਜਾਣਾਂ ਇਹ ਸਾਫ ਜ਼ਾਹਰ ਕਰਦਾ ਹੈ ਕਿ ਹੁਣ ਬਾਹਰਲੇ ਦੇਸ਼ਾਂ ਦੇ ਪੰਜਾਬੀ ਵੀ ਇਹਨਾਂ ਨੂੰ ਮੂੰਹ ਲਾ ਕੇ ਖੁਸ਼ ਨਹੀਂ ਹਨ। ਏਨਾਂ ਕੁਝ ਹੋਣ ਦੇ ਬਾਵਜ਼ੂਦ ਇਹ ਖਬਰ ਭਾਵੇਂ ਖਾਲਸ ਅਕਾਲੀ ਬਿਰਤੀ ਲਈ ਉਦਾਸ ਕਰਨ ਵਾਲੀ ਖਬਰ ਹੈ ਕਿ ਪੰਜਾਬ ਦੀ ਵਾਰਸ ਅਕਾਲੀ ਪਾਰਟੀ ਦਾ ਪੰਜਾਬ ਵਿਚ ਭਵਿੱਖ ਡਾਵਾਂਡੋਲ ਹੈ ਪਰ ਸਾਨੂੰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦੀਆਂ ਡੀਂਗਾਂ ਮਾਰਨ ਵਾਲੇ ਅਕਾਲੀ ਨੇਤਾ ਜੇਕਰ ਅੱਜ ਸੂਬੇ ਨੂੰ ਸ਼ਰਾਬ, ਡਰੱਗ ਅਤੇ ਭ੍ਰਿਸ਼ਟਾਚਾਰ ਦੇ ਅੰਨ੍ਹੇ ਖੂਹ ਵਲ ਦਿਨ ਰਾਤ ਧੱਕੀ ਜਾ ਰਹੇ ਹਨ ਤਾਂ ਇਸ ਤੋਂ ਜਨਤਾ ਦਾ ਖਹਿੜਾ ਛੁਡਵਾਉਣਾਂ ਵੀ ਸਮੇਂ ਦੀ ਲੋੜ ਹੈ।
ਅੱਜ ਨਾਂ ਕੇਵਲ ਪੰਜਾਬ ਸਗੋਂ ਸਮੁੱਚੇ ਭਾਰਤ ਨੂੰ ਹੀ ਨਰਿੰਦਰ ਮੋਦੀ ਰੂਪੀ ਫਿਰਕਾਪ੍ਰਸਤੀ ਦੇ ਭਾਜਪਾਈ ਮਗਰਮੱਛ ਤੋਂ ਬਚਾਉਣਾਂ ਬੇਹੱਦ ਜ਼ਰੂਰੀ ਹੈ ਸਗੋਂ ਧਰਮ ਦੇ ਨਾਮ ਤੇ ਅਧਰਮ ਫੈਲਾ ਰਹੇ ਹਰ ਛੁਪੇ ਰੁਸਤਮ ਤੋਂ ਬਚਣ ਦੀ ਲੋੜ ਹੈ। ਇਸ ਖਤਰੇ ਸਬੰਧੀ ਸਾਨੂੰ ਨਹੀਂ ਲੱਗਦਾ ਕਿ ਅਲਾਮਾਂ ਇਕਬਾਲ ਦੇ ਇਸ ਸ਼ਿਅਰ ਤੋਂ ਇਲਾਵਾ ਕੋਈ ਹੋਰ ਸੰਗਤੀ ਸੁਨੇਹਾ ਕਾਰਗਰ ਹੋ ਸਕਦਾ ਹੈ—
ਸਚ ਕਹ ਦੂੰ ਐ ਬਰਹਮਨ ਗਰ ਤੂ ਬੁਰਾ ਨ ਮਾਨੇ, ਤੇਰੇ ਸਨਮ ਕਦੋਂ ਕੇ ਬੁਤ ਹੋ ਗਏ ਪੁਰਾਨੇ।
ਅਪਨੋਂ ਸੇ ਬੈਰ ਰਖਨਾ ਤੂਨੇ ਬੁਤੋਂ ਸੇ ਸੀਖਾ, ਜੰਗ ਓ ਜਦਲ ਸਿਖਾਯਾ ਵਾਈਜ਼ ਕੋ ਭੀ ਖ਼ੁਦਾ ਨੇ।
ਤੰਗ ਆ ਕੇ ਮੈਂਨੇ ਅਖ਼ਿਰ ਦੈਰ ਓ ਹਰਮ ਕੋ ਛੋੜਾ, ਵਾਈਜ਼ ਕਾ ਵਾਜ਼ ਛੋੜਾ ਛੋੜੇ ਤੇਰੇ ਫ਼ਸਾਨੇ।
ਪੱਥਰ ਕੀ ਮੂਰਤੋਂ ਮੇਂ ਸਮਝਾ ਹੈ ਤੂ ਖ਼ੁਦਾ ਹੈ, ਖ਼ਾਕੇ ਵਤਨ ਕਾ ਮੁਝ ਕੋ ਹਰ ਜ਼ੱਰਾ ਦੇਵਤਾ ਹੈ।
ਆ ਗ਼ੈਰੀਅਤ ਕੇ ਪਰਦੇ ਏਕ ਬਾਰ ਫਿਰ ਉਠਾ ਦੇਂ, ਬਿਛੜੋਂ ਕੋ ਫਿਰ ਮਿਲਾ ਦੇਂ ਨਕਸ਼ੇ ਦੂਈ ਮਿਟਾ ਦੇਂ।
ਸੂਨੀ ਪੜੀ ਹੂਈ ਹੈ ਮੁੱਦਤ ਸੇ ਦਿਲ ਕੀ ਬਸਤੀ, ਆ ਏਕ ਨਯਾ ਸ਼ਿਵਾਲਾ ਇਸ ਦੇਸ਼ ਮੇਂ ਬਨਾ ਦੇਂ।


 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.