ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਭਾਈ ਗੁਰਬਖਸ਼ ਸਿੰਘ ਖਾਲਸਾ ਬਨਾਮ ਭਾਰਤੀ ਅਨਸ਼ਨੀ ਬਾਬੇ
ਭਾਈ ਗੁਰਬਖਸ਼ ਸਿੰਘ ਖਾਲਸਾ ਬਨਾਮ ਭਾਰਤੀ ਅਨਸ਼ਨੀ ਬਾਬੇ
Page Visitors: 2859

ਅਗਰ ਦੀਵਿਆਂ ਦੀ ਰਖਵਾਲੀ ਨਾ ਕਰ ਸਕੇ ਲੋਕੋ ਤਾਂ ਰੌਸ਼ਨੀ ਮਿਟ ਜਾਏਗੀ ਤੇ ਧੂੰਆ ਰਹਿ ਜਾਏਗਾ
ਭਾਈ ਗੁਰਬਖਸ਼ ਸਿੰਘ ਖਾਲਸਾ ਬਨਾਮ ਭਾਰਤੀ ਅਨਸ਼ਨੀ ਬਾਬੇ
ਕੁਲਵੰਤ ਸਿੰਘ ਢੇਸੀ
 kulwantsinghdhesi@hotmail.com 

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਆਲ ਨੂੰ 53 ਦਿਨ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਅਤੇ ਸਿੱਖਾਂ ਦੇ ਦਿਲ ਦੀਆਂ ਧੜਕਣਾਂ ਤੇਜ ਹੋ ਰਹੀਆਂ ਹਨ ਕਿ ਨ੍ਹੇਰ ਸਵੇਰ ਕੀ ਹੋਣ ਵਾਲਾ ਹੈ। ਭਾਈ ਖਾਲਸਾ ਦੀ ਏਨੇ ਲੰਬੇ ਸਮੇਂ ਦੀ ਭੁੱਖ ਹੜਤਾਲ ਨਾਲ ਨਾਂ ਤਾਂ ਭਾਰਤੀ ਆਗੂਆਂ ਦੇ ਕੰਨਾਂ ਤੇ ਜੂੰ ਸਰਕੀ ਹੈ ਅਤੇ ਨਾਂ ਹੀ ਪੰਜਾਬ ਦੇ ਰਾਜੇ ਬਾਦਲ ਦੇ। ਸਾਲ 2013 ਵਿਚ 14 ਨਵੰਬਰ ਦੇ ਦਿਨ ਭਾਰਤੀ ਜਿਹਲਾਂ ਵਿਚ ਆਪਣੀ ਸਜ਼ਾ ਪੂਰੀ ਕਰ ਚੁਕੇ ਨਜਾਇਜ ਡੱਕੇ ਹੋਏ ਸਿੱਖਾਂ ਦੀ ਰਿਹਾਈ ਲਈ ਭਾਈ ਖਾਲਸਾ ਨੇ ਆਪਣੀ ਭੁੱਖ ਹੜਤਾਲ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਸ਼ੁਰੂ ਕੀਤੀ ਗਈ ਸੀ ਜੋ ਕਿ ਜਥੇਦਾਰ ਸ੍ਰੀ ਅਕਾਲ ਤਖਤ ਗਿ: ਗੁਰਬਚਨ ਸਿੰਘ ਦੀ ਸਾਲਸੀ ਨਾਲ ਖਤਮ ਕੀਤੀ ਗਈ ਸੀ ਜਦ ਕਿ ਜਥੇਦਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬੰਦੀ ਸਿੱਖਾਂ ਦੀ ਰਹਾਈ ਕਰ ਦੇਵੇਗੀ। ਇੱਕ ਸਾਲ ਬੀਤ ਜਾਣ ਬਾਅਦ ਵੀ ਜਦੋਂ ਜਥੇਦਾਰ ਦਾ ਵਾਅਦਾ ਵਫਾ ਨਾ ਹੋਇਆ ਤਾਂ ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 14 ਨਵੰਬਰ 2014 ਨੂੰ ਮੁੜ ਕੇ ਇਹ ਮੋਰਚਾ ਗੁਰਦੁਆਰਾ ਲਖਨੌਰ ਸਾਹਿਬ ਪਾਤਸ਼ਾਹੀ ਦਸਵੀਂ ਨੇੜੇ ਅੰਬਾਲਾ ਤੋਂ ਸ਼ੁਰੂ ਕੀਤਾ ਹੈ । ਇਥੇ ਇਹ ਜ਼ਿਕਰ ਯੋਗ ਹੈ ਕਿ ਸਿੱਖ ਬੰਦੀਆਂ ਦੇ ਹੱਕ ਵਿਚ ਮੋਰਚਾ ਲਾਉਣ ਲਈ ਪੰਜਾਬ ਵਿਚ ਨਾਂ ਤਾਂ ਸ਼੍ਰੋਮਣੀ ਕਮੇਟੀ ਨੇ ਭਾਈ ਖਾਲਸਾ ਨੂੰ ਕੋਈ ਗੁਰਦੁਆਰਾ ਦਿੱਤਾ ਅਤੇ ਨਾ ਹੀ ਕਿਸੇ ਡੇਰੇਦਾਰ ਨੇ। ਅੱਜ ਪੂਰੀ ਦੁਨੀਆਂ ਵਿਚ ਭਾਈ ਖਾਲਸਾ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਸਿੱਖ ਭਾਈ ਸਾਹਿਬ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ। 3 ਜਨਵਰੀ 2015 ਤਕ ਜਦੋਂ ਪੰਜਾਬ ਅਤੇ ਭਾਰਤ ਸਰਕਾਰ ਦੀ ਬੰਦੀ ਸਿੰਘਾਂ ਦੇ ਮੁੱਦੇ ਤੇ ਬੇਰੁਖੀ ਨੂੰ ਦੇਖਦਿਆਂ ਭਾਈ ਖਾਲਸਾ ਨੇ ਪਾਣੀ ਦੀ ਘੁੱਟ ਪੀਣ ਤੋਂ ਵੀ ਇਨਕਾਰ ਕਰਦਿੱਤਾ ਸੀ ਪਰ ਭਾਈ ਸਾਹਿਬ ਜੀ ਦੀ ਸਿਹਤ ਬਾਰੇ ਚਿੰਤਾਤੁਰ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪਰਚੀਆਂ ਪਾ ਕੇ ਭਾਈ ਸਾਹਿਬ ਜੀ ਨੂੰ ਮੁੜ ਤੋਂ ਜਲ ਛਕਣ ਲਈ ਰਾਜੀ ਕਰ ਲਿਆ ਸੀ। ਇਹਨਾਂ ਦੋ ਪਰਚੀਆਂ ਵਿਚ ਇੱਕ ਤੇ ਲਿਖਿਆ ਗਿਆ ਸੀ ਕਿ ਜਲ ਵੀ ਨਹੀਂ ਛਕਣਾਂ ਅਤੇ ਦੂਜੀ ਤੇ ਲਿਖਿਆ ਸੀ ਕਿ ਜਲ ਛਕਣਾਂ ਹੈ। ਜਦੋਂ ਇੱਕ ਪਰਚੀ ਇੱਕ ਬੱਚੇ ਤੋਂ ਚੁਕਾਈ ਗੱਈ ਤਾਂ ਜਿਸ ਪਰਚੀ ਤੇ ਲਿਖਿਆ ਸੀ ਕਿ ਜਲ ਛਕਣਾਂ ਹੈ ਉਹ ਨਿਕਲ ਆਈ ਅਤੇ ਭਾਈ ਸਾਹਿਬ ਨੂੰ ਇਹ ਹੁਕਮ ਸੰਗਤਾਂ ਅਥਵਾ ਗੁਰੂ ਸਾਹਿਬ ਦਾ ਸਮਝ ਕੇ ਜਲ ਛਕਣ ਲਈ ਰਜ਼ਾਮੰਦ ਕਰ ਲਿਆ ਗਿਆ ਸੀ। ਭਾਈ ਖਾਲਸਾ ਦਾ ਮੋਰਚਾ ਨਾਂ ਕੇਵਲ ਭਾਈ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਲਾਲ ਸਿੰਘ ਵਰਿਆਮ ਸਿੰਘ, ਗੁਰਦੀਪ ਸਿੰਘ ਖਹਿਰਾ ਅਤੇ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਬੰਦ ਖਲਾਸੀ ਲਈ ਹੈ ਸਗੋਂ ਚਾਲੂ ਮੋਰਚੇ ਦੀ ਸਫਲਤਾ ਦੇ ਨਾਲ ਨਾਲ ਭਾਈ ਸਾਹਿਬ ਸਮੁੱਚੇ ਭਾਰਤ ਵਿਚ ਨਜਾਇਜ ਜਿਹਲਾਂ ਵਿਚ ਡੱਕੇ ਹੋਏ ਅਤੇ ਬੇਹੱਦ ਤਰਸਯੋਗ ਹਾਲਤ ਵਿਚ ਨਰਕ ਭੋਗ ਰਹੇ ਸਾਰੇ ਲੋਕਾਂ ਲਈ ਜੂਝਣ ਲਈ ਵੀ ਵਚਨਬੱਧ ਹਨ।  
   ਇੱਕ ਪਾਸੇ ਭਾਈ ਸਾਹਿਬ ਜੀ ਦੇ ਏਨਾ ਲੰਮਾ ਸਮਾਂ ਭੁੱਖ ਹੜਤਾਲ ਨਾਲ ਭਾਰਤੀ ਸਰਕਾਰ ਦੇ ਕੰਨਾਂ ਤੇ ਜੂੰ ਤਕ ਵੀ ਨਹੀਂ ਸਰਕਦੀ ਜਦ ਕਿ ਉਹਨਾਂ ਦੇ ਮੁਕਾਬਲੇ ਬੀ ਜੇ ਪੀ ਦੇ ਮਾਊਥ ਪੀਸ ਬਾਬਾ ਰਾਮ ਦੇਵ ਵਰਗਿਆਂ ਦੇ ਅਨਸ਼ਨ ਅਤੇ ਸੱਚ ਸੰਜਮ ਅਤੇ ਤਿਆਗ ਦੇ ਡਰਾਮਿਆਂ ਮਗਰ ਕੀ ਸਵਚਾਈਆਂ ਹਨ ਉਹ ਜਰੁਰੀ ਸਮਝਣ ਵਾਲੀ ਗੱਲ ਹੈ।
    ਭਾਰਤੀ ਟੀ ਵੀ ਚੈਨਲ ਨਿਊਜ਼ 18 ਦੀ ਇੱਕ ਰਿਪੋਰਟ ਨੇ ਯੋਗਾ ਗੁਰੂ ਬਾਬਾ ਰਾਮ ਦੇਵ ਸਬੰਧੀ ਇੱਕ ਸਨਸਨੀ ਖੇਜ਼ ਰਿਪੋਰਟ ਦੁਨੀਆਂ ਸਾਹਮਣੇ ਲਿਆਂਦੀ ਹੈ ਜਿਸ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਸਬੰਧੀ ਆਵਾਜ਼ ਉਠਾਉਣ ਵਾਲੇ ਬਾਬਾ ਰਾਮ ਦੇਵ ਦੇ ਆਪਣਾ ਕਿਰਦਾਰ ਤੇ ਬੜੇ ਵੱਡੇ ਪ੍ਰਸ਼ਨ ਚਿੰਨ ਹਨ। ਸਭ ਤੋਂ ਵੱਡਾ ਘੁਟਾਲਾ ਤਾਂ ਪਤੰਜਲੀ ਯੋਗ ਪੀਠ ਸਬੰਧੀ ਹੀ ਹੈ ਜੋ ਕਿ ਬਾਬੇ ਦਾ ਆਪਣਾ ਪ੍ਰਮੁਖ ਕੇਂਦਰ ਹੈ। ਸਪੀਕ ਨਿਊਜ਼ 18 ਆਪਣੀ ਰਿਪੋਰਟ ਵਿਚ ਔਰੰਗਾਬਾਦ ਇਲਾਕੇ ਨਾਲ ਸਬੰਧਤ ਕੁਝ ਲੋਕਾਂ ਦੇ ਬਿਆਨ ਵੀ ਰਿਕਾਰਡ ਕੀਤੇ ਹਨ। ਪਿੰਡ ਦੇ ਸਾਬਕਾ ਪ੍ਰਧਾਨ ਅਜੈਬ ਸਿੰਘ ਚੌਹਾਨ ਦੇ ਬਿਆਨ ਹਨ ਕਿ ਬਾਬਾ ਰਾਮ ਦੇਵ ਨੇ ਗ੍ਰਾਮ ਸਮਾਜ ਦੀ 130 ਬਿੱਘੇ ਜ਼ਮੀਨ ‘ਤੇ ਨਜ਼ਾਇਜ਼ ਤੌਰ ਤੇ ਕਬਜਾ ਕੀਤਾ ਹੋਇਆ ਹੈ। ਉਹਨਾ ਦਾ ਕਹਿਣਾਂ ਹੈ ਕਿ ਉਹਨਾ ਨੇ ਕਈ ਵੇਰ ਜਿਲਾ ਪ੍ਰਸ਼ਾਸਨ ਕੋਲੋਂ ਇਹ ਮੰਗ ਕੀਤੀ ਹੈ ਕਿ ਉਹਨਾ ਦੇ ਅੋਰੰਗਾਬਾਦ ਪਿੰਡ ਦੀ 130 ਬਿੱਘੇ ਜ਼ਮੀਨ ਦੀ ਪੈਮਾਇਸ਼ ਕਰਕੇ ਉਹਨਾ ਨੂੰ ਵਾਪਸ ਦਿਵਾਈ ਜਾਵੇ ਪਰ ਇਸ ਸਬੰਧੀ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕਦੀ। ਇਸੇ ਤਰਾਂ ਚਰਣ ਸਿੰਘ ਚੌਹਾਨ ਦੇ ਬਿਆਨ ਹਨ ਕਿ ਉਹ ਸੰਨ 2007/8 ਤੋਂ ਹੀ ਇਸ ਸਬੰਧੀ ਜੱਦੋ ਜਹਿਦ ਕਰ ਰਹੇ ਹਨ । ਉਹਨਾ ਦਾ ਕਹਿਣਾਂ ਹੈ ਕਿ ਜੇਕਰ ਉਹ ਇੱਕਠੇ ਹੋ ਕੇ ਮੁਕਾਬਲਾ ਨਾ ਕਰਦੇ ਤਾਂ  ਬਾਬਾ ਰਾਮ ਦੇਵ ਨੇ ਪਿੰਡ ਦੀ ਪੂਰੀ ਜ਼ਮੀਨ ਤੇ ਹੀ ਕਬਜਾ ਕਰਨ ਦਾ ਮਨ ਬਣਾ ਲਿਆ ਸੀ। ਸਭ ਤੋਂ ਬੁਰੀ ਗੱਲ ਹੈ ਕਿ ਬਾਬਾ ਰਾਮ ਦੇਵ ਨੇ ਇਸ ਪਿੰਡ ਦੀ ਭਲਾਈ ਲਈ ਕੋਈ ਵੀ ਕਾਰਜ ਨਹੀਂ ਕੀਤਾ ਜਦ ਕਿ ਰਸਤੇ ਟੁੱਟੇ ਹੋਏ ਹਨ ਅਤੇ ਪਤੰਜਲੀ ਯੋਗ ਪੀਠ ਦਾ ਵੇਸਟ ਵੀ ਇਸ ਪਿੰਡ ਦੇ ਵਾਤਾਵਰਣ ਨੂੰ ਪ੍ਰਭਾਵਤ ਕਰ ਰਿਹਾ ਹੈ ਕਿਓਂਕਿ ਜਾਨਵਰਾਂ ਨੂੰ ਪਤੰਜਲੀ ਯੋਗ ਪੀਠ ਤੋਂ ਆ ਰਿਹਾ ਗੰਦਾ ਪਾਣੀ ਪੀਣਾਂ ਪੈਂਦਾ ਹੈ।
ਚੇਤੇ ਰਹੇ ਕਿ ਬਾਬਾ ਰਾਮ ਦੇਵ ਦੇ ਖਿਲਾਫ ਜਿਲਾ ਅਦਾਲਤ ਤੋਂ ਲੈ ਕੇ ਹਾਈਕੋਰਟ ਤਕ ਮੁਕੱਦਮੇ ਚਲ ਰਹੇ ਹਨ ਪਰ ਉਸ ਦੇ ਹੱਠ ਯੋਗ ਅੱਗੇ ਗਰੀਬ ਲੋਕਾਂ ਦੀ ਕੋਈ ਵੀ ਵਾਹ ਨਹੀਂ ਜਾ ਰਹੀ। ਉਸ ਦੇ ਦੋਗਲੇ ਕਿਰਦਾਰ ਦਾ ਆਮ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੈ। ਬਾਬੇ ਨੇ ਇੱਕ ਪਾਸੇ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਬੋਲ ਕੇ ਆਪਣੀ ਛਵੀ ਜਨਤਾ ਦੇ ਮਸੀਹੇ ਦੀ ਬਣਾ ਰੱਖੀ ਹੈ ਜਦ ਕਿ ਆਮਲੀ ਤੌਰ ਤੇ ਉਹ ਕੁਝ ਹੋਰ ਹੀ ਕਰ ਰਿਹਾ ਹੈ। ਔਰੰਗਾਬਾਦ ਦੇ ਗਰੀਬ ਕਿਸਾਨਾਂ ਦੀ ਨਾਂ ਤਾਂ ਸਰਕਾਰੇ ਦਰਬਾਰੇ ਹੀ ਕੋਈ ਪੁਛ ਪੜਤਾਲ ਹੈ ਅਤੇ ਨਾਂ ਹੀ ਬਾਬਾ ਰਾਮ ਦੇਵ ਨੂੰ ਇਹਨਾਂ ਤੇ ਕੋਈ ਤਰਸ ਆ ਰਿਹਾ ਹੈ।
ਕੁਝ ਸਮਾਂ ਪਹਿਲਾਂ ਬਾਬਾ ਰਾਮ ਦੇਵ ਨੇ ਕਾਂਗਰਸ ਦੇ ਵਾਈਸ ਪ੍ਰਧਾਨ ਰਾਹੁਲ ਸਬੰਧੀ ਇਹ ਕਹਿ ਕੇ ਵਾਵੇਲਾ ਖੜ੍ਹਾ ਕਰ ਦਿੱਤਾ ਸੀ ਕਿ ਉਹ ਗਰੀਬਾਂ ਦੇ ਘਰਾਂ ਵਿਚ ਪਿਕਨਿਕ ਅਤੇ ਹਨੀਮੂਨ ਮਨਾਉਣ ਜਾਂਦਾ ਹੈ। ਬਾਬਾ ਰਾਮ ਦੇਵ ਦੇ ਉਕਸਾਊ ਬਿਆਨਾ ਨੇ ਲੋਕਾਂ ਨੂੰ ਤਰਾਂ ਤਰਾਂ ਦੀਆਂ ਟਿੱਪਣੀਆਂ ਕਰਨ ਦਾ ਮੌਕਾ ਵੀ ਦਿੱਤਾ ਅਤੇ ਇੱਕ ਮਨਚਲੇ ਨੇ ਇਥੋਂ ਤਕ ਕਹਿ ਦਿੱਤਾ ਕਿ ਭਾਰਤ ਦੇ ਜਿਹਲੀਆਂ ਲਈ ਵੀ ਯੋਗਾ ਜਰੂਰੀ ਹੈ ਅਤੇ ਬਾਬਾ ਰਾਮ ਦੇਵ ਨੂੰ ਬਾਕੀ ਦਾ ਆਪਣਾ ਸਮਾਂ ਜਿਹਲਾਂ ਵਿਚ ਬਤਾਉਣਾਂ ਚਾਹੀਦਾ ਹੈ ਤਾਂ ਕਿ ਉਹ ਕੈਦੀਆਂ ਨੂੰ ਯੋਗਾ ਦੇ ਸਬਕ ਦੇ ਸਕੇ। ਭਾਜਪਾ ਦਾ ਮਾਊਥ ਪੀਸ ਬਣੇ ਬਾਬਾ ਰਾਮ ਦੇਵ ਦੇ ਖਿਲਾਫ ਇੋੱਕ ਨਹੀਂ ਅਨੇਕਾਂ ਅਦਾਲਤੀ ਕੇਸ ਹਨ ਜਦ ਕਿ ਸੁਪਰੀਮ ਕੋਰਟ ਨੇ ਬਾਬੇ ਨੂੰ ਬਾਰਾਂ ਲੱਖ ਰੁਪਏ ਅਦਾਲਤ ਵਿਚ ਇਸ ਲਈ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਤਾਂ ਕਿ ਘੱਟੋ ਘੱਟ ਦਰਜਨ ਵੱਖ ਵੱਖ ਕੇਸਾਂ ਨੂੰ ਇੱਕ ਥਾਂ ਇਕੱਠੇ ਕੀਤਾ ਜਾ ਸਕੇ। ਕਾਂਗਰਸੀ ਆਗੂਆਂ ਨੇ ਬਾਬੇ ਦੀ ਗੰਦੀ ਭਾਸ਼ਾ (Gutter language) ਸਬੰਧੀ ਬਥੇਰਾ ਵਾਵੇਲਾ ਕੀਤਾ ਕਿ ਜੀਵਨ ਆਦਰਸ਼ ਦਾ ਢੰਡੋਰਾ ਪਿੱਟਣ ਵਾਲਾ ਦੇਸ਼ ਦਾ ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਇਸ ਸਬੰਧੀ ਚੁੱਪ ਕਿਓਂ ਹੈ ਅਤੇ ਬਾਬੇ ਨੂੰ ਨੱਥ ਕਿਓਂ ਨਹੀਂ ਪਾਉਂਦਾ ਪਰ ਇਹਨਾ ਕਾਂਗਰਸੀ ਲੀਡਰਾਂ ਦੀ ਕਿਧਰੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ।
ਭਾਰਤ ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਬਾਬਾ ਰਾਮ ਦੇਵ ਨੇ ਇਸ ਪਾਰਟੀ ਦੇ ਹੱਕ ਵਿਚ ਪ੍ਰਚਾਰ ਕਰਨ ਵਿਚ ਦਿਨ ਰਾਤ ਇੱਕ ਕਰ ਦਿੱਤਾ। ਉਸ ਨੇ ਅਨੇਕਾਂ ਦਾਅਵੇ ਕੀਤੇ ਜਿਹਨਾਂ ਵਿਚੋਂ ਪ੍ਰਮੁਖ ਇਹ ਸੀ ਕਿ ਭਾਜਪਾ ਤਾਕਤ ਵਿਚ ਆਉਣ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਹੀ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿਚ ਪਏ ਕਾਲੇ ਧਨ ਨੂੰ ਵਾਪਸ ਇੰਡੀਆ ਲੈ ਕੇ ਆਏਗੀ ਅਤੇ ਭ੍ਰਿਸ਼ਟ ਲੋਕਾਂ ਨੂੰ ਜਨਤਾ ਸਾਹਮਣੇ ਨੰਗਿਆਂ ਕਰੇਗੀ। ਹੁਣ ਜਦੋਂ ਕਿ ਮੋਦੀ ਸਰਕਾਰ ਨੇ ਇਸ ਮੁੱਦੇ ਤੇ ਚੁੱਪੀ ਸਾਧੀ ਹੋਈ ਹੈ ਅਤੇ ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਵਿਚ ਹਨ ਕਿ ਸਰਕਾਰ ਕੋਲ ਇਸ ਸਬੰਧੀ ਕੋਈ ਸੂਚੀ ਨਹੀਂ ਹੈ ਕਿ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿਚ ਕਿੰਨਾ ਕੁ ਕਾਲਾ ਧਨ ਹੈ ਤਾਂ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ  ਲਾਲੂ ਪ੍ਰਛਾਦ ਯਾਦਵ ਨੇ ਬਾਬਾ ਰਾਮ ਦੇਵ ਦੇ ਚੋਭ ਲਾਈ ਹੈ ਕਿ ਉਹ ਜਿਹਨਾਂ ਲਿਸਟਾਂ ਦੀ ਹਾਲ ਦੁਹਾਈ ਪਹਿਲਾਂ ਪਾ ਰਹੇ ਸਨ ਹੁਣ ਉਹ ਸਰਕਾਰ ਨੂੰ ਦਿੰਦੇ ਕਿਓਂ ਨਹੀਂ? ਬਾਬਾ ਰਾਮ ਦੇਵ ਨੇ ਰਾਹੁਲ ਤੇ ਟਿੱਪਣੀ ਕਰਕੇ ਜਿਥੇ ਕਾਂਗਰਸੀਆਂ ਵਿਚ ਖਲਬਲੀ ਕੀਤੀ ਸੀ ਉਥੇ ਆਮ ਆਦਮੀ ਪਾਰਟੀ ਦਾ ਵੀ ਇਹ ਕਹਿ ਕੇ ਮਜ਼ਾਕ ਉਡਾਇਆ ਸੀ ਕੀ ਇਹ ਪਾਰਟੀ ਅਸਰ ਅੰਦਾਜ਼ ਹੋਣ ਦੀ ਬਜਾਏ ਉਲਟ ਅਸਰ ਸਿੱਧ ਹੋਵੇਗੀ ਜਦ ਕਿ ਮੈਂ ਤਾਂ ਵੱਡੇ ਮਾਅਰਕੇ ਮਾਰਨ ਵਿਚ ਵਿਸ਼ਵਾਸ ਰੱਖਦਾ ਹਾਂ ("AAP can cause side effects but no big effects. I work for the big effects."), ਚੇਤੇ ਰਹੇ ਕਿ ਚੋਣਾਂ ਤੋਂ ਪਹਿਲਾਂ ਹਿੰਦੂ ਧਰਮ ਦਾ ਨਿਰੋਲ ਧਾਰਮਕ ਪ੍ਰਚਾਰ ਕਰਨ ਵਾਲੇ ਇੱਕ ਬਹੁਤ ਮਸ਼ਹੂਰ ਟੀ ਵੀ ਚੈਨਲ ਨੇ ਬਾਬਾ ਰਾਮ ਦੇਵ ਲਈ ਸਿਆਸੀ ਪ੍ਰਚਾਰ ਕਰਨ ਲਈ ਪੂਰਾ ਸਹਿਯੋਗ ਦਿੱਤਾ ਸੀ।
   ਬਾਬਾ ਰਾਮ ਦੇਵ ਦੇ ਖੱਬੀ ਬਾਂਹ ਸਮਝੇ ਜਾਣ ਵਾਲੇ ਉਸ ਦੇ ਬਾਲਕੇ ਬਾਲਕ੍ਰਿਸ਼ਨਾਂ ਨੂੰ ਸੀ ਬੀ ਆਈ ਵਲੋਂ ਪਹਿਲਾਂ ਹੀ ਪਾਸਪੋਰਟ ਲੈਣ ਲਈ ਜਾਹਲੀ ਕਾਗਜ਼ ਬਨਵਾਉਣ ਕਾਰਨ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਕੀਤੀ ਗਈ ਸੀ। ਇਹ ਧਰਮ ਗੁਰੂ ਲੋਕਾਂ ਸਾਹਮਣੇ ਤਾਂ ਧਰਮ ਉਪਦੇਸ਼ ਦਿੰਦੇ ਨਹੀਂ ਥੱਕਦੇ ਅਤੇ ਉਹਨਾ ਦੀ ਅਦਾ ਤੋਂ ਲੱਗਦਾ ਹੈ ਜਿਵੇਂ ਕਿ ਰੱਬ ਨੇ ਜਨਤਾ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਤੇ ਛੱਡ ਦਿੱਤੀ ਹੋਵੇ ਪਰ ਆਪਣੇ ਅਸਲ ਜੀਵਨ ਵਿਚ ਉਹ ਕਿਸ ਤਰਾਂ ਨਾਲ ਵਿਚਰ ਰਹੇ ਹਨ ਇਸ ਸਬੰਧੀ ਬਹੁਤੇ ਲੋਕਾਂ ਨੂੰ ਗਿਆਨ ਹੀ ਨਹੀਂ ਹੈ। ਬਾਲਕ੍ਰਿਸ਼ਨ ਨਾਮ ਦਾ ਬਾਬੇ ਦਾ ਇਹ ਬਾਲਕਾ ਅਕਸਰ ਟੀ ਵੀ ਤੇ ਦੇਖਿਆ ਜਾਂਦਾ ਹੈ ਜਿਸ ਦੇ ਖਿਲਾਫ ਈਡੀ (Enforcement Directorate) ਵਲੋਂ ਇੱਕ ਹਵਾਲੇ ਦਾ ਕੇਸ ਵੀ ਦਰਜ ਕੀਤਾ ਗਿਆ ਸੀ ਜੋ ਕਿ ਬਾਬੇ ਦੇ ਵੱਖ ਵੱਖ ਟਰਸਟਾਂ ਨਾਲ ਸਬੰਧਤ ਸੀ। ਬਾਬੇ ਦੇ ਪ੍ਰਮੁਖ ਚਾਰ ਟਰੱਸਟਾਂ ਵਿਚ ਦਿਵੀਆ ਯੋਗਾ ਮੰਦਰ ਕੋਲ 249.63 ਕਰੋੜ ਦੀ ਸੰਪਤੀ ਹੈ, ਪਤੰਜਲੀ ਯੋਗਾਪੀਠ ਕੋਲ 164.80  ਕਰੋੜ ਰੁਪਏ ਦੀ, ਭਾਰਤ ਸਵਾਭਿਮਾਨ ਟਰੱਸਟ ਕੋਲ 9.97 ਕਰੋੜ ਦੀ ਅਚਾਰੀਆ ਕੁਲ ਸ਼ਿਖਸ਼ਾ ਸੰਸਥਾਨ ਕੋਲ 1.19 ਕਰੋੜ ਰੁਪਏ ਦੀ ਜਦ ਕਿ ਬਾਬੇ ਨੇ ਆਪਣੇ ਵਿਓਪਾਰ ਦਾ ਮੋਟਾ ਅੰਦਾਜ਼ਾ 1100 ਕਰੋੜ ਦੱਸਿਆ ਹੈ। ਇਸ ਬਾਬੇ ਦਾ ਅਚਾਨਕ ਹੀ ਇਸ ਤਰਾਂ ਉਭਰਨਾਂ ਅਤੇ ਸਥਾਪਤ ਹੋ ਜਾਣਾਂ ਇੱਕ ਡੂੰਘੀ ਰਾਜਨੀਤਕ ਚਾਲ ਦਾ ਸੰਕੇਤ ਹੈ। ਹੁਣ ਜਦੋਂ ਕਿ ਬਾਕੀ ਬਾਬਿਆਂ ਦੇ ਸਕੈਂਡਲ ਪਕੜੇ ਜਾਣ ਦੀ ਸੂਰਤ ਵਿਚ ਉਹ ਸਲਾਖਾਂ ਪਿੱਛੇ ਹਨ ਪਰ ਬਾਬਾ ਰਾਮ ਦੇਵ ਦਾ ਕੋਈ ਵਾਲ ਵਿੰਗਾ ਨਹੀਂ ਹੋਇਆ। ਇਹ ਕਿਹਾ ਜਾਂਦਾ ਹੈ ਕਿ ਭਾਜਪਾ ਦੇ ਮਾਈ ਬਾਪ ਵਜੋਂ ਵਿਚਰਦੇ ਇਸ ਬਾਬੇ ਨੂੰ ਭਾਰਤ ਦੀ ਕੋਈ ਵੀ ਅਦਾਲਤ ਹੱਥ ਪਾਉਣੋਂ ਅਸਮਰਥ ਰਹੇਗੀ। ਬਾਬੇ ਦਾ ਹੱਥ ਭਾਜਪਾ ਤੇ ਅਤੇ ਭਾਜਪਾ ਦਾ ਹੱਥ ਬਾਬੇ ਤੇ ਹੈ ਜਦ ਕਿ ਇਹਨਾ ਦੋਹਾਂ ਦੇ ਸਿਰਾਂ ਤੇ ਉਹਨਾਂ ਧਨ ਕੁਬੇਰਾਂ ਅਤੇ ਰਾਸ਼ਟਰੀ ਸੋਇਮ ਸੇਵਕ ਸੰਗਠਨ ਦਾ ਹੱਥ ਹੈ ਜਿਹਨਾਂ ਨੇ ਇਹਨਾ ਨੂੰ ਜਿਤਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ।
     ਬਾਬਾ ਰਾਮ ਦੇਵ ਦਾ ਅਸਲ ਨਾਮ ਰਾਮ ਕ੍ਰਿਸ਼ਨ ਯਾਦਵ ਹੈ ਅਤੇ ਉਹ ਹਰਿਆਣੇ ਦੇ ਮਹਿੰਦਰਗੜ੍ਹ ਜਿਲੇ ਦੇ ਪਿੰਡ ਅਲੀਪੁਰ ਨਾਲ ਸਬੰਧਤ ਹੈ। ਉਸ ਨੇ ਸੰਨ 2010 ਵਿਚ ਭਾਰਤ ਸਵਾ ਅਭਿਮਾਨ ਨਾਮ ਦੇ ਰਾਜਨੀਤਕ ਦਲ ਦਾ ਗਠਨ ਕੀਤਾ। 4 ਜੂਨ 2011 ਨੂੰ ਦਿੱਲੀ ਦੀ ਰਾਮਲੀਲਾ ਗਰਾਊਂਡ ਵਿਚ ਬਾਬਾਰਾਮ ਦੇਵ ਨੇ ਕਾਲੇ ਧਨ ਦੇ ਮੁੱਦੇ ਤੇ ਭੁੱਖ ਹੜਤਾਲ ਜਾਂ ਮਰਨ ਵਰਤ ਰੱਖ ਦਿੱਤਾ ਤਾਂ ਉਸ ਦਾ ਅਕਸ ਵਧੇਰੇ ਉੱਭਰ ਕੇ ਮੀਡੀਏ ਵਿਚ ਆਇਆ। ਚਾਰ ਜੂਨ ਨੂੰ ਅੱਧੀ ਰਾਤੇ 10,000 ਪੁਲਸ ਦੀ ਭਾਰੀ ਫੋਰਸ ਨੇ ਰਾਮਲੀਲਾ ਗਰਊਂਡ ਤੇ ਰੇਡ ਕੀਤਾ ਜਿਥੋਂ ਬਾਬਾ ਰਾਮ ਦੇਵ ਇੱਕ ਔਰਤ ਦਾ ਲਿਬਾਸ ਪਹਿਨ ਕੇ ਖਿਸਕਦੇ ਪਕੜਿਆ ਗਿਆ। ਇਸ ਤੋਂ ਬਾਅਦ ਇੱਕ ਵੇਰ ਦੁਬਾਰਾ ਉਸ ਨੇ ਅੰਬੇਦਕਰ ਸਟੇਡੀਅਮ ਵਿਚ ਭੁੱਖ ਹੜਤਾਲ ਰੱਖਣ ਦੀ ਕੋਸ਼ਿਸ਼ ਕੀਤੀ ਜੋ ਕਿ ਕੇਵਲ ਛੇ ਦਿਨਾਂ ਬਾਅਦ ਹੀ ਵਾਪਸ ਲੈ ਲਈ ਗਈ। ਇਹ ਸਮਾਂ ਸੀ ਜਦੋਂ ਉਸ ਨੇ ਇਸ ਤਰੀਕੇ ਨਾਲ ਲੜਨ ਦੀ ਬਜਾਏ ਉੱਕਾ ਪੁੱਕਾ ਭਾਜਪਾ ਦੀ ਝੋਲੀ ਵਿਚ ਪੈ ਜਾਣਾਂ ਬਿਹਤਰ ਸਮਝਿਆ ਅਤੇ ਨਰੰਦਰ ਮੋਦੀ ਦੀ ਜਿੱਤ ਮਗਰ ਉਸ ਦੇ ਇਲੈਕਸ਼ਨ ਕੈਂਪੇਨ ਨੇ ਆਪਣਾ ਅਹਿਮ ਰੋਲ ਅਦਾ ਕੀਤਾ। ਅੱਜ ਵੀ ਭਾਰਤ ਵਿਚ ਭ੍ਰਿਸ਼ਟਚਾਰ ਉਵੇਂ ਦੀ ਉਵੇਂ ਹੈ ਪਰ ਬਾਬਾ ਰਾਮ ਦੇਵ ਹੁਣ ਚੁੱਪ ਹੈ।
   ਇੱਕ ਪਾਸੇ ਭਾਈ ਗੁਰਬਖਸ਼ ਸਿੰਘ ਖਾਲਸਾ ਵਰਗੇ ਅਦਨੇ ਸਿੱਖ ਦੀ ਭੁੱਖ ਹੜਤਾਲ ਅਤੇ ਦੂਜੇ ਪਾਸੇ ਕਰੋੜਾਂ ਪਤੀ ਰਾਮ ਦੇਵ ਵਰਗਿਆਂ ਦੇ ਅਨਸ਼ਨ ਅਤੇ ਹੋਰ ਡਰਾਮਿਆਂ ਵਿਚ ਫਰਕ ਸਮਝਣਾਂ ਜਰੂਰੀ ਹੈ। ਅੱਜ ਦੇ ਜ਼ਮਾਨੇ ਵਿਚ ਹਰ ਵਿਅਕਤੀ ਹੀ ਸਿਹਤ ਪੱਖੋਂ ਆਵਾਜ਼ਾਰ ਹੈ ਅਤੇ ਮਾਨਸਕ ਪੱਖੋਂ ਪ੍ਰੇਸ਼ਾਨ ਹੈ। ਐਸੀ ਹਾਲਤ ਵਿਚ ਨਾਂ ਕੇਵਲ ਪੰਜਾਬ ਵਿਚ ਸਗੋਂ ਸਮੁੱਚੇ ਭਾਰਤ ਵਿਚ ਹੀ ਬਾਬਾਵਾਦ ਅਤੇ ਡੇਰਾਵਾਦ ਦਾ ਹੜ੍ਹ ਆਇਆ ਹੋਇਆ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਡੇਰੇ ਦੇ ਸਕੈਂਡਲ ਲੋਕਾਂ ਸਾਹਮਣੇ ਆ ਰਹੇ ਹਨ। ਬਾਬਾ ਰਾਮ ਦੇਵ ਦੇ ਡੇਰੇ ਅਤੇ ਉਸ ਦੀ ਸ਼ਖਸੀਅਤ ਤੇ ਵੀ ਬਹੁਤ ਸਾਰੇ ਪ੍ਰਸ਼ਨ ਚਿੰਨ੍ਹ ਹਨ। ਪਰ ਕਿਓਂਕਿ ਉਹ ਰਾਜ ਕਰ ਰਹੀ ਭਾਜਪਾ ਦੇ ਸਿਪਾਹੀ ਹਨ ਇਸ ਕਰਕੇ ਜਾਪਦਾ ਹੈ ਕਿ ਹੌਲੀ ਹੌਲੀ ਉਸ ਤੇ ਲੱਗੇ ਹੋਏ ਸਾਰੇ ਹੀ ਕੇਸ ਆਪਣੇ ਆਪ ਹੀ ਖਤਮ ਹੋ ਜਾਣਗੇ। ਦੂਸਰੇ ਪਾਸੇ ਆਪਣੀ ਸਜ਼ਾ ਭੁਗਤ ਚੁੱਕੇ ਸਿੱਖਾਂ ਲਈ 53 ਦਿਨ ਦੀ ਭੁਖ ਹੜਤਾਲ ਦਾ ਵੀ ਭਾਰਤੀ ਸਰਕਾਰ ਤੇ ਕੋਈ ਅਸਰ ਨਹੀਂ ਹੈ। ਇੱਕ ਪਾਸੇ ਬਾਬਾ ਰਾਮ ਦੇਵ ਅਤੇ ਅੰਨਾ ਹਜ਼ਾਰੇ ਵਰਗੇ ਲੋਕ ਹਨ ਜੋ ਕਿ ਮਾਮੂਲੀ ਅਨਸ਼ਨ ਕਰਕੇ ਅਤੇ ਬੇਹੱਦ ਪਬਲੀਸਿਟੀ ਲੈ ਕੇ ਅਖੀਰ ਫਿਰਕੂ ਤਾਕਤਾਂ ਦੀ ਰਾਜਨੀਤੀ ਦੇ ਹੱਥ ਤਕੜੇ ਕਰਨ ਤਕ ਸੀਮਤ ਹੋ ਜਾਂਦੇ ਹਨ ਜਦ ਕਿ ਦੂਸਰੇ ਪਾਸੇ ਆਪਣੀ ਜਾਨ ਤੇ ਖੇਲ੍ਹ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਹਨ ਜੋ ਕਿ ਸੰਗਤਾਂ ਨੂੰ ਸ਼ਾਂਤ ਰਹਿ ਕੇ ਸਿੱਖਾਂ ਅਤੇ ਹੋਰ ਲੋਕਾਂ ਦੀ ਜਿਹਲਾਂ ਵਿਚੋਂ ਬੰਦ ਖਲਾਸੀ ਲਈ ਦ੍ਰਿੜ ਹਨ। ਅੱਜ ਸਿੱਖ ਜਗਤ ਭਾਈ ਖਾਲਸਾ ਮਗਰ ਲਾਮਬੰਦ ਹੁੰਦਾ ਨਜ਼ਰ ਆ ਰਿਹਾ ਹੈ। ਕੇਨੇਡਾ ਵਿਖੇ ਓਂਟਾਰੀਓ ਖਾਲਸਾ ਦਰਬਾਰ ( ਡਿਕਸੀ ਗੁਰਦਵਾਰਾ) ਦੇ ਸਿੰਘ ਵੀ ਸੋਮਵਾਰ ਤੋਂ ਅਣਮਿਥੇ ਸਮੇਂ ਲਈ ਭਾਰਤੀ ਅੰਬੈਸੀ ਅੱਗੇ ਭੁੱਖ ਹੜਤਾਲ ਤੇ ਬੈਠ ਗਏ ਹਨ ਅਤੇ ਇਸੇ ਤਰਾਂ ਯੂ ਕੇ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਭਾਰਤੀ ਸਫਾਰਤ ਖਾਨਿਆਂ ਅੱਗੇ ਸਿੱਖ ਰੋਸ ਵਿਖਾਵੇ ਕਰ ਰਹੇ ਹਨ।
   ਕਾਸ਼ ਭਾਰਤ ਦੇ ਸਮੁੱਚੇ ਲੋਕ ਬਾਬਾ ਰਾਮ ਦੇਵ ਵਰਗੇ ਡਰਾਮੇ ਬਾਜਾਂ ਦੀ ਬਜਾਏ ਭਾਈ ਖਾਲਸਾ ਵਰਗੇ ਸੱਚੇ ਸੁੱਚੇ ਲੋਕਾਂ ਮਗਰ ਖੜ੍ਹ ਕੇ ਸੱਚ ਦਾ ਸਾਥ ਦਿੰਦੇ ਤਾਂ ਅੱਜ ਭਾਰਤ ਵਿਚ ਫਿਰਕੂ ਜ਼ਹਿਰ ਦੇ ਮਹੌਲ ਦੀ ਬਜਾਏ ਇੱਕਸੁਰਤਾ ਦੇ ਅੰਮ੍ਰਿਤ ਦਾ ਰਾਜ ਹੁੰਦਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.