ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਕੇਂਦਰੀ ਏਜੈਂਸੀਆਂ ਦੀ ਦੁਸਟ ਚਾਲ ਪੰਥ ਅਤੇ ਪੰਜਾਬ ਦਾ ਬੁਰਾ ਹਾਲ
ਕੇਂਦਰੀ ਏਜੈਂਸੀਆਂ ਦੀ ਦੁਸਟ ਚਾਲ ਪੰਥ ਅਤੇ ਪੰਜਾਬ ਦਾ ਬੁਰਾ ਹਾਲ
Page Visitors: 2870

ਕੇਂਦਰੀ ਏਜੈਂਸੀਆਂ ਦੀ ਦੁਸਟ ਚਾਲ ਪੰਥ ਅਤੇ ਪੰਜਾਬ ਦਾ ਬੁਰਾ ਹਾਲ
ਉਨ੍ਹੇਂ ਤੋ ਰਹਿਨੁਮਾ ਹੀ ਐਸੇ ਮਿਲੇ ਹੈ, ਫਕਤ ਕਾਮ ਹੀ ਜਿਨਕਾ ਹੈ ਰਾਹ ਭੁਲਾਣਾ
ਪੰਜਾਬ ਦੇ ਗੁਲਾਮ ਹਾਕਮਾਂ ਕਾਰਨ ਆਏ ਦਿਨ ਪੰਥ ਅਤੇ ਪੰਜਾਬ ਨੂੰ ਕਿਸੇ ਨਾ ਕਿਸੇ ਬਲਦੀ ਦੇ ਬੂਥੇ ਆਉਣਾ ਪੈਂਦਾ ਹੈ ਅਤੇ ਸਿੱਖ ਸਮੂਹ ਦੇ ਮਨਾਂ ਵਿਚ ਇਹ ਗੱਲ ਲਗਾਤਾਰ ਘਰ ਕਰਦੀ ਜਾ ਰਹੀ ਹੈ ਕਿ ਭਾਰਤ ਵਿਚ ਉਹ ਗੁਲਾਮ ਹਨ । ਭਾਰਤੀ ਜੂਲੇ ਤੋਂ ਬੰਦ ਖਲਾਸੀ ਵਗੈਰ ਉਹਨਾ ਨੂੰ ਕਦੀ ਵੀ ਚੈਨ ਨਾਲ  ਨਹੀਂ ਬੈਠਣ ਦਿੱਤਾ ਜਾਵੇਗਾ। ਪਹਿਲਾਂ ਕਾਂਗਰਸ ਨੇ ਸ੍ਰੀ ਅਕਾਲ ਤਖਤ ਨੂੰ ਢਹਿ ਢੇਰੀ ਕਰਕੇ ਅਤੇ ਪੰਜਾਬ, ਦਿੱਲੀ ਅਤੇ ਭਾਰਤ ਦੇ ਹੋਰ ਸੂਬਿਆਂ ਵਿਚ ਸਿੱਖਾਂ ਦਾ ਸ਼ਿਕਾਰ ਕਰਕੇ ਆਪਣੀਆਂ ਮਨ ਆਈਆਂ ਕੀਤੀਆਂ ਅਤੇ ਹੁਣ ਵਾਰੀ ਆ ਗਈ ਹੈ ਭਾਜਪਾ ਜਾਂ ਸੰਘ ਪਰਿਵਾਰ ਦੀ। ਪੰਜਾਬ ਵਿਚ ਦਿਨੋਂ ਦਿਨ ਖਰਾਬ ਹੋ ਰਹੇ ਹਾਲਾਤਾਂ ਬਾਰੇ ਆਮ ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਇਹ ਹੋ ਕੀ ਰਿਹਾ ਹੈ ਅਤੇ ਕੌਣ ਕਰਵਾ ਰਿਹਾ ਹੈ। ਬਹੁਤੇ ਲੋਕਾਂ ਦਾ ਗੁੱਸਾ ਤਾਂ ਸਿੱਧਾ ਬਾਦਲ ਤੇ ਸੀ ਜਿਸ ਨੇ ਆਪਣੇ ਗੁਲਾਮ ਜਥੇਦਾਰਾਂ ਤੋਂ ਸੌਦਾ ਸਾਧ ਨੂੰ ਕਲੀਨ ਚਿੱਟ ਦੇ ਕੇ ਰਾਤੋ ਰਾਤ ਪੰਥ ਨੂੰ ਬਲਦੀ ਦੇ ਬੁੱਥੇ ਦੇ ਦਿੱਤਾ ਸੀ। ਕਈ ਲੋਕ ਸੌਦਾ ਸਾਧ ਤੇ ਗੁੱਸਾ ਕੱਢਣ ਦੇ ਨਾਲ ਨਾਲ ਸਿੱਖ ਸਾਧਾਂ ਤੇ ਵੀ ਗੁੱਸਾ ਕੱਢ ਰਹੇ ਸਨ ਜਿਹਨਾ ਨੇ ਬਾਦਲ ਦੀ ਪੈੜ ਦੱਬ ਕੇ ਉਸ ਦੇ ਹੌਸਲੇ ਏਨੇ ਵਧਾ ਦਿੱਤੇ ਸਨ ਕਿ ਉਹ ਆਪਣੇ ਗੁਲਾਮ ਜਥੇਦਾਰਾਂ ਰਾਹੀਂ (ਬਾਬਾ) ਵਡਭਾਗ ਸਿੰਘ ਨੂੰ ਕਲੀਨ ਚਿੱਟ ਦੇਣ ਦੇ ਨਾਲ ਨਾਲ ਜਿਥੇ ਸ਼੍ਰੋਮਣੀ ਕਮੇਟੀ ਨੂੰ ਇੱਕ ਚੀਫ ਸੈਕਟਰੀ ਰਾਹੀਂ ਸਿੱਧਾ ਸਿੱਧਾ ਸੰਘ ਪਰਿਵਾਰ ਦੇ ਤਹਿਤ ਕਰਨ ਦਾ ਹੌਸਲਾ ਕਰ ਗਿਆ ਉਥੇ ਉਸ ਨੇ ਸੌਦਾ ਸਾਧ ਨੂੰ ਕਲੀਨ ਚਿੱਟ ਦਿਵਾ ਕੇ ਤਾਂ ਪੰਜਾਬ ਵਿਚ ਅੱਗ ਹੀ ਲਵਾ ਦਿੱਤੀ। ਵਿਰਲੇ ਵਿਰਲੇ ਸਿੱਖ ਇਹ ਸਮਝਦੇ ਸਨ ਕਿ ਬਾਦਲ, ਮੱਕੜ ਅਤੇ ਅਖੌਤੀ ਜਥੇਦਾਰ ਤਾਂ ਸਾਰੇ ਕਠਪੁਤਲੀਆਂ ਹੀ ਹਨ ਜਦ ਕਿ ਇਸ ਸਾਰੀ ਸਾਜਸ਼ ਦੇ ਮਗਰ ਬੈਠਾ ਸੰਘ ਪਰਿਵਾਰ ਦਾ ਸ਼ੈਤਾਨ ਦਿਮਾਗ ਭਾਰਤ ਵਿਚੋਂ ਆਪਣੇ ਇੱਕੋ ਇੱਕ ਸਿੱਖ ਅੜਿੱਕੇ ਨੂੰ ਸਾਫ ਕਰਨ ਲਈ ਜੋ ਸਕੀਮਾਂ ਲਾਈ ਬੈਠਾ ਹੈ ਉਹ ਆਮ ਵਿਅਕਤੀ ਦੀ ਸਮਝ ਆਉਣ ਵਾਲੀਆਂ ਨਹੀਂ ਹਨ।
ਅਖੌਤੀ ਜਥੇਦਾਰਾਂ ਵਲੋਂ ਸੌਧਾ ਸਾਧ ਨੂੰ ਬਰੀ ਕਰਨ ਦੇ ਵਿਰੋਧ ਵਿਚ ਜਿੱਥੇ ਸਾਰਾ ਪੰਥ ਇਕੱਠਾ ਹੋ ਗਿਆ ਉਥੇ ਕਮਾਲ ਦੀ ਗੱਲ ਇਹ ਸੀ ਕਿ ਸਿੱਖ ਪ੍ਰਚਾਰਕਾਂ ਨੇ ਇਸ ਵਿਦਰੋਹ ਵਿਚ ਅੱਗੇ ਵਧ ਕੇ ਹਿੱਸਾ ਲਿਆ ਅਤੇ ਅਗਵਾਈ ਵੀ ਕੀਤੀ। ਸੰਘੀਆਂ ਵਲੋਂ ਘੱਟ ਗਿਣਤੀਆਂ ਖਿਲਾਫ ਹੋ ਰਹੇ ਜ਼ੁਲਮਾਂ ਖਿਲਾਫ ਬਾਕੀ ਭਾਰਤੀ ਲੇਖਕਾਂ ਨਾਲ ਹੀ ਸਿੱਖ ਲੇਖਕਾਂ ਨੇ ਵੀ ਪਦਮ ਸ਼੍ਰੀ ਵਾਪਸ ਕਰ ਦਿੱਤੇ। ਸਿੱਖ ਖਿਡਾਰੀਆਂ ਨੇ ਬਾਦਲਾਂ ਦੀ ਕਬੱਡੀ ਦਾ ਬਾਈਕਾਟ ਕਰਕੇ ਆਪੋ ਆਪਣੇ ਤੌਰ ਤੇ ਬਣਦਾ ਯੋਗਦਾਨ ਪਾਇਆ। ਜਦੋਂ ਪੰਥ ਦਾ ਬੱਚਾ ਬੱਚਾ ਬਾਦਲਾਂ ਨੂੰ ਸਿੱਧੀਆਂ ਗਾਲਾਂ ਕੱਢਣ ਲੱਗਾ ਤਾਂ ਉਹਨਾ ਦੇ ਸਾਹ ਏਨੇ ਔਖੇ ਹੋ ਗਏ ਕਿ ਉਹਨਾ ਨੇ ਆਪਣਾ ਥੁੱਕਿਆ ਚੱਟਣ ਵਿਚ ਹੀ ਆਪਣੀ ਭਲਾਈ ਸਮਝੀ ਭਾਵ ਕਿ ਸੌਦਾ ਸਾਧ ਦੇ ਹੱਕ ਵਿਚ ਜਾਰੀ ਹੁਕਮਨਾਮਾ ਵਾਪਸ ਲੈ ਕੇ ਉਸ ਦਾ ਬਾਈਕਾਟ ਬਹਾਲ ਕਰਵਾ ਦਿੱਤਾ। ਖਾਲਸਾ ਪੰਥ ਵਿਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਸ੍ਰੀ ਅਕਾਲ ਤਖਤ ਤੋਂ ਜਾਰੀ ਕੋਈ ਹੁਕਮਨਾਮਾਂ ਜਥੇਦਾਰਾਂ ਨੂੰ ਵਾਪਸ ਲੈਣਾ ਪਿਆ ਹੈ। ਇਸ ਦੇ ਨਾਲ ਨਾਲ ਵੱਡੀ ਤਸੱਲੀ ਵਾਲੀ ਗੱਲ ਇਹ ਵੀ ਸੀ ਕਿ ਇਸ ਵਾਰ ਕੇਵਲ ਜਜ਼ਬਾਤੀ ਨਾ ਹੋ ਕੇ ਗੁਰਸਿੱਖਾਂ ਨੇ ਸਿਰ ਜੋੜ ਕੇ ਇਹ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਸ਼ੈਤਾਨ ਦੀ ਆਂਤ ਕਿੱਥੇ ਹੈ ਅਤੇ ਉਸ ਦੇ ਵਿਛਾਏ ਜਾਲ ਤੋਂ ਕੌਮ ਨੂੰ ਕਿਵੇਂ ਕੱਢਣਾ ਹੈ। ਅਗਲੀ ਅਹਿਮ ਗੱਲ ਇਹ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੁੱਦੇ ਤੇ ਪੰਜਾਬ ਦੇ ਮੁਸਲਮਾਨਾਂ ਅਤੇ ਹਿੰਦੂਆਂ ਨੇ ਧਰਨਿਆਂ ਵਿਚ ਸਿੱਖਾਂ ਦਾ ਸਾਥ ਦੇ ਕੇ ਏਕੇ ਦੀ ਇਕ ਨਵੀਂ ਪਿਰਤ ਪਾਈ ਹੈ ।
ਅਸੀਂ ਪਿਛਲੇ ਕੁਝ ਸਮੇਂ ਤੋਂ ਆਪਣੇ ਦਰਸ਼ਕਾਂ ਨੂੰ ਇਹ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਪੰਜਾਬ ਵਿਚ ਤਿੜਕਦੀ ਜਾ ਰਹੀ ਭਾਈਚਾਰਕ ਸਾਂਝ ਪੰਜਾਬ ਅਤੇ ਪੰਥ ਨੂੰ ਵਿਨਾਸ਼ ਵਾਲੇ ਪਾਸੇ ਲਿਜਾ ਰਹੀ ਹੈ ਅਤੇ ਜੇਕਰ ਸਾਰੇ ਹੀ ਪੰਜਾਬੀਆਂ ਨੇ ਇੱਕਮੁੱਠ ਹੋ ਕੇ ਆਪਣੇ ਪੰਜਾਬ ਨੂੰ ਨਾ ਬਚਾਇਆ ਤਾਂ ਏਥੇ ਇੱਕ ਐਸੀ ਅੱਗ ਬਲ ਪੈਣੀ ਹੈ ਜਿਸ ਨੂੰ ਬੁਝਾਉਣ ਲਈ ਫਿਰ ਸਾਨੂੰ ਕੋਈ ਰਾਹ ਨਹੀਂ ਦਿਸਣਾ। ਸੰਨ ਚੁਰਾਸੀ ਦੇ ਅੱਤ ਸੰਵੇਦਨਸ਼ੀਲ ਮੌਕੇ ਵੀ ਪੰਜਾਬੀਆਂ ਨੇ ਆਪਣੀ ਭਾਈਚਾਰਕ ਸਾਂਝ ਨੂੰ ਤਿੜਕਣ ਨਹੀਂ ਸੀ ਦਿੱਤਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਏਨਾ ਸੰਵੇਦਨਸ਼ੀਲ ਹੈ ਕਿ ਇਸ ਨਾਲ ਹਰ ਸਿੱਖ ਹਿਰਦੇ ਵਿਚ ਤੂਫਾਨ ਆਇਆ ਹੈ ਅਤੇ ਲੱਗਦਾ ਇਹ ਸੀ ਕੀ ਹੁਣ ਪੰਜਾਬ ਦੁਸ਼ਮਣਾਂ ਦੀ ਸਾਜਿਸ਼ ਤੋਂ ਬਚ ਨਹੀਂ ਸਕੇਗਾ ਪਰ ਰੱਬ ਦਾ ਸ਼ੁਕਰ ਹੈ ਕਿ ਪੰਥਕ ਪ੍ਰਚਾਰਾਕਾਂ ਨੇ ਜਿਥੇ ਸਿੱਧੇ ਹੋ ਕੇ ਪੁਲਸ ਪ੍ਰਸ਼ਾਸਨ ਦੇ ਜ਼ੁਲਮ ਅਤੇ ਜਬਰ ਦਾ ਸਾਹਮਣਾ ਕੀਤਾ ਉਥੇ ਵਿਦਰੋਹ ਦੀ ਲਹਿਰ ਨੂੰ ਉਲਾਰ ਹੋਣ ਤੋਂ ਵੀ ਬਚਾਈ ਰੱਖਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਚੰਗੀ ਗੱਲ ਹੋਵੇ ਜੇਕਰ ਨਾਂ ਕੇਵਲ ਸਿੱਖ ਹੀ ਸਗੋਂ ਪੰਜਾਬ ਦੇ ਸਮੂਹ ਭਾਈਚਾਰੇ ਆਪਣੇ ਪੰਜਾਬ ਨੂੰ ਬਚਾਉਣ ਲਈ ਇੱਕਮੁੱਠ ਹੋ ਕੇ ਆਉਣ ਵਾਲੇ ਖਤਰਿਆਂ ਦਾ ਸਾਹਮਣਾ ਕਰਨ ਤਾਂ ਕਿ ਫਿਰ ਪਛਤਾਉਣਾ ਨਾ ਪਵੇ।
ਇਸ ਵੇਲੇ ਭਾਰਤ ਵਿਚ ਸੰਘ ਪਰਿਵਾਰ ਦਾ ਸਿੱਧਾ ਰਾਜ ਹੈ ਅਤੇ ਉਹ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਲਈ ਦ੍ਰਿੜ ਹੈ, ਇਸ ਕਰਕੇ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚੋਂ ਫਿਰਕੂ ਧੂੰਆਂ ਨਿਕਲਦਾ ਹੀ ਰਹਿੰਦਾ ਹੈ। ਕੁਝ ਹੀ ਦਿਨ ਹੋਏ ਕਿ ਯੂ ਪੀ ਦੇ ਇੱਕ ਪਿੰਡ ਵਿਚ ਇੱਕ ਮੁਸਲਮਾਨ ਨੂੰ ਚਿੱਟੇ ਦਿਨ ਇਸ ਕਰਕੇ ਕੁੱਟ ਕੁੱਟ ਕੇ ਮਾਰ ਦਿੱਤਾ ਕਿ ਉਸ ਦੇ ਘਰ ਵਿਚ ਗਊ ਮਾਸ ਬਣਦਾ ਸੀ। ਫਸਾਦੀਆਂ ਨੇ ਪਿੰਡ ਦੇ ਮੰਦਰ ਵਿਚੋਂ ਸ਼ਰੇਆਮ ਐਲਾਨ ਕਰਕੇ ਇਹ ਕਾਰਾ ਕੀਤਾ। ਬਿਸਾਹੜਾ ਪਿੰਡ ਵਿਚ ਪਿਛਲੀਆਂ ਦੋ ਸਦੀਆਂ ਤੋਂ ਮੁਸਲਮਾਨ ਅਤੇ ਹਿੰਦੂ ਸੁੱਖੀਂ ਰਹਿ ਰਹੇ ਰਹੇ ਹਨ ਅਤੇ ਜਿਸ ਮੁਹੰਮਦ ਇਖਲਾਕ ਨਾਮ ਦੇ ਮੁਸਲਮਾਨ ਦਾ ਕਤਲ ਕੀਤਾ ਗਿਆ ਹੈ ਉਸ ਦਾ ਪੁੱਤਰ ਇੰਡੀਅਨ ਫੋਰਸ ਵਿਚ ਇੱਕ ਵੱਡਾ ਅਫਸਰ ਹੈ ਪਰ ਕਾਤਲਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਓਂਕਿ ਸਰਕਾਰ ਉਹਨਾ ਦੀ ਪਿੱਠ ਤੇ ਹੈ । ਇਹ ਵੇਰਵਾ ਅਸੀਂ ਇਸ ਕਰਕੇ ਦੇ ਰਹੇ ਹਾਂ ਤਾਂ ਕਿ ਸਿੱਖ ਅਤੇ ਸਮੁੱਚੇ ਪੰਜਾਬੀ ਇਸ ਗੱਲ ਨੂੰ ਚੰਗੀ ਤਰਾਂ ਸਮਝ ਜਾਣ ਕਿ ਦੇਸ਼ ਅਤੇ ਪ੍ਰਦੇਸ਼ ਵਿਚ ਭਵਿੱਖ ਵਿਚ ਕੀ ਹੋਣਾ ਹੈ ਅਤੇ ਜੇਕਰ ਇਸ ਖਤਰੇ ਨੂੰ ਸਾਰੇ ਹੀ ਭਾਰਤੀ ਇੱਕਮੁੱਠ ਅਤੇ ਇੱਕ ਜੁੱਟ ਹੋ ਕੇ ਨਹੀਂ ਖਦੇੜਦੇ ਤਾਂ ਇਸ ਅੱਗ ਨੇ ਬਖਸ਼ਣਾਂ ਕਿਸੇ ਨੂੰ ਵੀ ਨਹੀਂ ਹੈ। ਪੰਜਾਬ ਵਿਚ ਮੌਜੂਦਾ ਸੰਘਰਸ਼ ਵਿਚ ਵਾਹਿਗੁਰੂ ਦਾ ਜਾਪ ਕਰ ਰਹੇ ਸਿੱਖਾਂ ਤੇ ਗੋਲੀ ਚਲਾ ਕੇ ਜਦੋਂ ਸਰਕਾਰੀ ਵਹਿਸ਼ਤ ਦਾ ਨੰਗਾ ਨਾਚ ਹੁੰਦਾ ਹੈ ਅਤੇ ਦੋ ਸਿੰਘ ਸ਼ਹੀਦ ਵੀ ਕਰ ਦਿੱਤੇ ਜਾਂਦੇ ਹਨ ਪਰ ਭਾਰਤੀ ਮੀਡੀਆ ਅੱਖਾਂ ਬੰਦ ਕਰ ਲੈਂਦਾ ਹੈ ਇਸੇ ਤਰਾਂ ਜਦੋਂ ਭਾਰਤ ਦਾ ਕੈਬਨਿਟ ਮੰਤਰੀ ਇਹ ਕਹਿੰਦਾ ਹੈ ਕਿ ਗਊ ਮਾਸ ਖਾਣ ਵਾਲੇ ਵਿਅਕਤੀ ਤੇ ਮੁਕੱਦਮਾ ਹੋਣਾ ਚਾਹੀਦਾ ਹੈ ਤਾਂ ਵੀ ਭਾਰਤ ਦਾ ਮੀਡੀਆ ਚੁੱਪੀ ਸਾਧ ਲੈਂਦਾ ਹੈ। ਦੇਸ਼ ਦੇ ਕੌਡੀ ਕੌਡੀ ਦੇ ਮੁੱਦਿਆਂ ਤੇ ਟਵੀਟ ਕਰਨ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਗੁਜਰਾਤ ਕਤਲੇਆਮ ਵਾਂਗ ਹੀ ਮੁਹੰਮਦਾ ਇਖਲਾਕ ਦੇ ਕਤਲ ਤੇ ਖਾਮੋਸ਼ ਰਹਿੰਦਾ ਹੈ ਅਤੇ ਸਿੱਖਾਂ ਤੇ ਹੋਏ ਜ਼ੁਲਮ ਸਬੰਧੀ ਵੀ ਉਸ ਦੀ ਜ਼ੁਬਾਨ ਸੂਤੀ ਜਾਂਦੀ ਹੈ।
ਪੰਥਕ ਪ੍ਰਚਾਰਕਾਂ ਨੇ ਇੱਕ ਨਤੀਜਾ ਬਿਲਕੁਲ ਠੀਕ ਕੱਢਿਆ ਹੈ ਕਿ ਬੇਸ਼ਕ ਬਾਦਲ ਭਾਰਤੀ ਏਜੰਸੀਆਂ ਦਾ ਮੋਹਰਾ ਹਨ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਸੰਘ ਪਰਿਵਾਰ ਸਿੱਖਾਂ ਦੀ ਰੁਕਾਵਟ ਨੂੰ ਹਟਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਭਾਜਪਾ ਦੇ ‘ਖਾਸ’ ਫੈਸਲੇ ਅਸਲ ਵਿਚ ਸੰਘ ਪਰਿਵਾਰ ਦੇ ਫੈਸਲੇ ਹੀ ਹੁੰਦੇ ਹਨ। ਸੰਘ ਦੇ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਅਤੇ ਸ੍ਰੀ ਅਕਾਲ ਤਖਤ ਪ੍ਰਮੁਖ ਨਿਸ਼ਾਨੇ ਹਨ। ਬਾਦਲ ਵਰਗਾ ਗੁਲਾਮ ਹਾਕਮ ਉਹਨਾ ਦੇ ਮਨਸੂਬਿਆਂ ਦੀ ਪੂਰਤੀ ਲਈ ਪੂਰਾ ਉਤਰਦਾ ਹੋਣ ਕਰਕੇ ਉਸ ਨੇ ਇੱਕ ਤੋਂ ਬਾਅਦ ਇੱਕ ਐਸੇ ਫੈਸਲੇ ਕਰਵਾਏ ਜਿਹਨਾ ਨਾਲ ਇਹਨਾ ਤਿੰਨਾਂ ਹੀ ਸੰਸਥਾਵਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਪੰਜਾਬ ਵਿਚ ਅਮਨ ਕਾਨੂੰਨ ਦੇ ਮੁੱਦੇ ਤੇ ਸਿੱਧਾ ਸਿੱਧਾ ਭਾਜਪਾ ਦਾ ਰਾਜ (ਰਾਸ਼ਟਰਪਤੀ ਰਾਜ) ਸਥਾਪਤ ਕਰ ਦਿੱਤਾ ਜਾਵੇ। ਅਫਸੋਸ ਵਾਲੀ ਗੱਲ ਇਹ ਹੈ ਕਿ ਜਿਹੜਾ ਬਾਦਲ ਇਹ ਦਾਅਵਾ ਕਰਦਾ ਹੈ ਕਿ ਪੰਜਾਬ ਵਿਚ ਉਸ ਨੂੰ ਕੀੜੀ ਤੁਰੀ ਜਾਂਦੀ ਨਜ਼ਰ ਆਉਂਦੀ  ਹੈ ਉਹ ਆਪਣੀ ਸੰਘੀ ਨੂੰ ਪਿਆ ਹੋਇਆ ਸੰਘ ਪਰਿਵਾਰ ਦਾ ਹੱਥ ਦੇਖਣੋਂ ਅਸਮਰਥ ਹੈ। ਬਾਦਲ ਦੇ ਇਸ ਅੰਨ੍ਹੇਪਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਵੇਲੇ ਸਿਰ ਨਾ ਫੜ ਸਕਣ ਦੀ ਨਿਪੁੰਸਕਤਾ ਕਾਰਨ ਜਿਥੇ ਸੰਗਤਾਂ ਨੇ ਉਸ ਦੇ ਜਾਅਲੀ ਫਖਰੇ ਕੌਮ ਅਤੇ ਪੰਥ ਰਤਨ ਦੇ ਰੁਤਬੇ ਮਿੱਟੀ ਵਿਚ ਮਿਲਾ ਦਿੱਤੇ ਹਨ ਉਥੇ ਉਸ ਨੂੰ ਪੰਜਾਬ ਦੀ ਸਿਆਸਤ ਵਿਚੋਂ ਮੜ੍ਹੀਆਂ ਦੇ ਰਾਹ ਵੀ ਪਾ ਦਿੱਤਾ ਹੈ। ਇਹ ਗੱਲ ਸਾਨੂੰ ਆਉਣ ਵਾਲੇ ਸਮੇਂ ਵਿਚ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਭਾਜਪਾ ਨੂੰ ਇਹ ਇਲਮ ਹੈ ਕਿ ਪੰਜਾਬ ਵਿਚ ਉਹ ਆਪਣੇ ਵਿੱਤ ਨਾਲ ਰਾਜ ਨਹੀਂ ਕਰ ਸਕਦੀ, ਕੇਵਲ ਰਾਜ ਵਿਚ ਗੜਬੜ ਕਰਕੇ ਅਤੇ ਰਾਸ਼ਟਰਪਤੀ ਰਾਜ ਲਾਗੂ ਕਰਕੇ ਹੀ ਉਹ ਪੰਜਾਬ ਨੂੰ ਆਪਣੇ ਪੰਜੇ ਵਿਚ ਲੈ ਸਕਦੀ ਹੈ ਕਿਓਂਕਿ ਦਿੱਲੀ ਵਰਗਾ ਆਪਣਾ ਹਸ਼ਰ ਉਸਨੂੰ ਪੰਜਾਬ ਵਿਚ ਵੀ ਦਿਸ ਰਿਹਾ ਹੈ। ਆਉਣ ਵਾਲੇ ਦਿਨਾ ਵਿਚ ਪੰਥ ਨੂੰ ਚਾਹੀਦਾ ਹੈ ਕਿ ਉਹ ਸਿਰ ਜੋੜ ਕੇ ਭਾਜਪਾ ਉਰਫ ਸੰਘ ਪਰਿਵਾਰ ਦੇ ਵਿਛਾਏ ਇਸ ਜਾਲ ਵਿਚੋਂ ਨਿਕਲਣ ਲਈ ਸਿਰਤੋੜ ਯਤਨ ਕਰਨ।
ਪੰਜਾਬੀ ਦੀ ਇੱਕ ਬੜੀ ਢੁੱਕਵੀ ਕਹਾਵਤ ‘ਧੀਏ ਗੱਲ ਸੁਣ ਤੇ ਨੂੰਹੇਂ ਕੰਨ ਕਰ’ਹੈ। ਇਸ ਮੁਤਾਬਕ ਪੰਜਾਬ ਵਿਚ ਹੋ ਰਹੀ ਗੜਬੜ ਤੋਂ ਬਾਕੀ ਦੇਸ਼ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਘ ਦੇ ਫਿਰਕੂ ਜਨੂੰਨ ਨੂੰ ਪਛਾੜਨ ਲਈ ਲਾਮ ਬੰਦ ਹੋਣ ਵਰਨਾ ਇਸ ਜਨੂੰਨ ਵਿਚ ਭਾਰਤ ਦੀਆਂ ਸਾਰੀਆਂ ਹੀ ਘੱਟਗਿਣਤੀਆਂ, ਸਾਰਾ ਦਲਿਤ ਵਰਗ ਅਤੇ ਸਾਰਾ ਗਰੀਬ ਵਰਗ ਝੁਲਸਿਆ ਜਾਣਾ ਹੈ ਜਦ ਕਿ ਇਸ ਸੇਕ ਤੋਂ ਭਾਰਤ ਦੀ ਹਿੰਦੂ ਮੁਖ ਧਾਰਾ ਵੀ ਬਚ ਨਹੀਂ ਸਕਦੀ। ਸੰਘ ਦਾ ਫਿਰਕੂ ਜਨੂੰਨ ਦਿਨੋ ਦਿਨ ਕਿੰਨੇ ਵਿਕਰਾਲ ਰੂਪ ਵਿਚ ਦਹਾੜਦਾ ਆ ਰਿਹਾ ਹੈ ਇਸ ਸਬੰਧ ਵਿਚ ਅਸੀਂ ਭਾਜਪਾ ਦੇ ਹੀ ਸੁਧੀਂਦਰ ਕੁਲਕਰਨੀ ਦੇ ਸ਼ਿਵ ਸੈਨਕਾਂ ਵਲੋਂ ਕੀਤੇ ਹਸ਼ਰ ਦੀ ਘਟਨਾ ਪਾਠਕਾਂ ਨਾਲ ਸਾਂਝਿਆਂ ਕਰਨਾ ਚਹੁੰਦੇ ਹਾਂ। ਸੁਧੀਂਦਰ ਕੁਲਕਰਨੀ ਉਹ ਵਿਅਕਤੀ ਹੈ ਜੋ ਕਿ ਲਾਲ ਕ੍ਰਿਸ਼ਨ ਅਡਵਾਨੀ ਅਤੇ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੇ ਲੈਕਚਰ ਲਿਖਦੇ ਰਹੇ ਹਨ । ਕੁਲਕਰਨੀ ਦਾ ਮੂੰਹ ਸ਼ਿਵ ਸੈਨਕਾਂ ਨੇ ਇਸ ਕਰਕੇ ਕਾਲਾ ਕੀਤਾ ਕਿਓਂਕਿ ਉਹ ਮੁੰਬਈ ਵਿਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਮਹਿਮੂਦ ਕਸੂਰੀ ਦੀ ਨਵੀਂ ਕਿਤਾਬ ਨੂੰ ਰਲੀਜ਼ ਕਰਨ ਨਾਲ ਸਬੰਧਤ ਸੀ। ਆਉਣ ਵਾਲੇ ਦਿਨਾਂ ਵਿਚ ਭਾਰਤ ਵਿਚ ਸੰਘ ਪਰਵਾਰ ਦਾ ਇਹ ਡੰਡਾ ਹੋਰ ਵੀ ਵਰਨਾ ਹੈ ਜਿਸ ਲਈ ਪੂਰੇ ਦੇਸ਼ ਦੇ ਅਮਨ ਪਸੰਦ ਸ਼ਹਿਰੀਆਂ ਨੂੰ ਇੱਕਠੇ ਹੋਣ ਦੀ ਲੋੜ ਹੈ। ਬੀ ਜੇ ਪੀ ਦਾ ਇੱਕ ਆਮ ਕਾਰਕੁੰਨ ਵੀ ਏਨਾ ਭੂਤਰਿਆ ਹੋਇਆ ਹੈ ਕਿ ਜਦੋਂ ਟਰੈਫਿਕ ਦੇ ਇੱਕ ਸਰਦਾਰ ਥਾਣੇਦਾਰ ਨੇ ਇਹਨਾ ਇਹਨਾ ਦੇ ਇੱਕ ਵਰਕਰ ਦਾ ਇੰਸ਼ੋਰੈਂਸ ਨਾ ਹੋਣ ਕਾਰਨ ਚਲਾਣ ਕੱਟ ਦਿੱਤਾ ਤਾਂ ਅਨਿਲ ਜੋਸ਼ੀ ਦੇ ਗੁੰਡਿਆਂ ਨੇ ਉਸ ਦੀ ਵਰਦੀ ਪਾੜ ਕੇ ਉਸ ਨੂੰ ਸ਼ਰੇਆਮ ਕੁਟਿਆ ਅਤੇ ਫਿਰ ਉਸ ਨੂੰ ਲਾਈਨ ਚਾਜ ਵੀ ਕਰਵਾ ਦਿੱਤਾ। ਹੁਣ ਮੌਕਾ ਹੈ ਕਿ ਪੰਜਾਬ ਪੁਲਸ ਵੀ ਇਸ ਸਾਜਸ਼ ਨੂੰ ਸਮਝੇ ਕਿ ਪੰਜਾਬ ਦਾ ਗੁਲਾਮ ਹਾਕਮ ਬਾਦਲ ਕੀ ਕਰ ਰਿਹਾ ਹੈ। ਜੇਕਰ ਸੌਦਾ ਸਾਧ ਦੇ ਚੇਲੇ ਤਿੰਨ ਦਿਨ ਟਰੈਫਿਕ ਰੋਕਦੇ ਹਨ ਤਾਂ ਉਹਨਾ ਨੂੰ ਕੁਝ ਨਹੀਂ ਕਹਿੰਦਾ ਕਹਿੰਦਾ ਪਰ ਸਿਮਰਨ ਕਰ ਰਹੇ ਸਿੱਖਾਂ ਤੇ ਗੋਲੀਆਂ ਵਰਾਈਆਂ ਜਾਂਦੀਆਂ ਹਨ ਅਤੇ ਉਹਨਾ ਨੂੰ ਸ਼ਰੇਆਮ ਕੁੱਟਿਆ ਜਾਂਦਾ ਹੈ। ਖਾਲਸਾ ਪੰਥ ਨੂੰ ਉਸ ਪੁਲਸ ਵਾਲੇ ਨੌਜਵਾਨ ਪਿੱਛੇ ਕੰਧ ਬਣਕੇ ਖੜ੍ਹਨਾ ਚਾਹੀਦਾ ਹੈ ਜਿਸ ਨੇ ਕੋਟਕਪੂਰੇ ਵਿਚ ਸਿੱਖ ਸੰਗਤਾਂ ਤੇ ਹੋ ਰਹੇ ਜ਼ੁਲਮ ਨੂੰ ਨਾ ਸਹਾਰਦਿਆਂ ਪੁਲਸ ਦੀ ਵਰਦੀ ਵਗਾਹ ਮਾਰੀ ਅਤੇ ਗੁਰੂ ਦੀ ਸੰਗਤ ਵਿਚ ਸ਼ਾਮਲ ਹੋ ਗਿਆ।
ਆਗੂਆਂ ਦੀ ਏਕਤਾ ਦਾ ਸੰਕਟ
ਅਸੀਂ ਇਹ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਬਾਦਲਾਂ ਨੂੰ ਪੰਜਾਬ ਦੇ ਸੰਤ ਸਮਾਜ ਅਤੇ ਆਪਣੇ ਆਪ ਨੂੰ ਖਾੜਕੂ ਅਖਵਾਉਣ ਵਾਲੀਆਂ ਜਥੇਬੰਦੀਆਂ ਦੀ ਹਿਮਾਇਤ ਹੋਣ ਕਾਰਨ ਉਹਨਾ ਦੇ ਹੌਸਲੇ ਏਨੇ ਵਧ ਗਏ ਕਿ ਉਹਨਾ ਨੇ ਪੰਥ ਵਿਰੋਧੀ ਇਕੱ ਤੋਂ ਬਾਅਦ ਇੱਕ ਹੁਕਮਨਾਮੇ ਅਤੇ ਫੈਸਲੇ ਜਾਰੀ ਕਰਵਾਉਣੇ ਸ਼ੁਰੂ ਕਰ ਦਿੱਤੇ। ਮੋਜੂਦਾ ਮੋਰਚੇ ਦੌਰਾਨ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਗੁਰੀ ਕਿਲਾ ਹਾਂਸ ਵਲੋਂ ਰਾੜਾ ਸਾਹਿਬ ਦੇ ਧਰਨੇ ਨੂੰ ਖਤਮ ਕਰਾਉਣ ਵਾਲੇ ਸੰਤ ਸਮਾਜ ਦੇ ਜਨਰਲ ਸਕੱਤਰ ਹਰੀ ਸਿੰਘ ਰੰਧਾਵਾ ਨੂੰ ਵੰਗਾਂ ਪੇਸ਼ ਕੀਤੀਆਂ ਗਈਆਂ। ਸਾਨੂੰ ਡਰ ਹੈ ਕਿ ਸੰਤ ਸਮਾਜ, ਸਿੱਖ ਮਿਸ਼ਨਰੀ, ਨਿਹੰਗ ਜਥੇਬੰਦੀਆਂ ਅਤੇ ਪੰਥ ਦੇ ਹੋਰ ਜਥਿਆਂ ਵਿਚ ਪਏ ਹੋਏ ਕਿਸੇ ਵਖਰੇਵੇਂ ਨੂੰ ਦੁਸ਼ਮਣ ਸਾਡੇ ਵਿਰੋਧ ਵਿਚ ਨਾ ਵਰਤ ਜਾਣ। ਸਾਡੇ ਹੀ ਇੱਕ ਹੋਰ ਭੁੱਲੜ ਵੀਰ ਨੇ ਭਾਈ ਪੰਥ ਪ੍ਰੀਤ ਸਿੰਘ, ਸੰਤ ਰਣਜੀਤ ਸਿੰਘ ਢਡਰੀਆਂ ਵਾਲੇ, ਬਾਬਾ ਦਾਦੂਵਾਲ ਅਤੇ ਹੋਰ ਪ੍ਰਚਾਰਕਾਂ ਖਿਲਾਫ ਬੜੀ ਹੀ ਤ੍ਰਿਸਕਾਰਤ ਭਾਸ਼ਾ ਵਰਤ ਕੇ ਇਹਨਾ ਤੋਂ ਬਚਣ ਦੀ ਵੀਡੀਓ ਕਲਿਪ ਜਾਰੀ ਕੀਤੀ ਹੈ। ਚਲ ਰਹੇ ਸੰਘਰਸ਼ ਵਿਚ ਜੋ ਜਿੰਨਾ ਵੀ ਹਿੱਸਾ ਪਾਉਂਦਾ ਹੈ ਉਸ ਨੂੰ ਸਵੀਕਾਰ ਕਰਕੇ ਅੱਗੇ ਵਧਣਾ ਜ਼ਰੂਰੀ ਹੈ। ਅੱਜ ਹਰ ਪਾਸਿਓ ਇਹ ਹੀ ਆਵਾਜ਼ਾਂ ਆ ਰਹੀਆਂ ਹਨ ਕਿ ਕੌਮ ਲੀਡਰਲੈੱਸ ਹੈ ਇਸ ਕਾਰਨ ਹੀ ਖੁਆਰੀ ਹੋ ਰਹੀ ਹੈ। ਸਾਡੇ ਵਿਚਾਰ ਅਨੁਸਾਰ ਕੌਮ ਨੂੰ ਸੰਤ ਢਡਰੀਆਂ ਵਾਲਿਆਂ ਵਰਗਾ ਕੋਈ ਸਾਂਝਾ ਅਤੇ ਨਿਰਪੱਖ ਗੁਰਸਿੱਖ ਅੱਗੇ ਲਾ ਕੇ ਅਕਾਲੀਦਲ ਦੀ ਪੁਨਰ ਸੁਰਜੀਤੀ ਵਲ ਵਧਣਾ ਚਾਹੀਦਾ ਹੈ।
  ਮੁੱਦਾ ਸਰਬੱਤ ਖਾਲਸੇ ਦਾ
ਅਸੀਂ ਇਹ ਗਲ ਭਾਈ ਮੋਹਕਮ ਸਿੰਘ ਆਗੂ ਯੂਨਾਈਟਿਡ ਅਕਾਲੀ ਦਲ ਦੇ ਮੂੰਹੋਂ ਸੁਣੀ ਹੈ ਕਿ ਅਗਰ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਤੇ ਸਰਬਤ ਖਾਲਸਾ ਸੱਦਣ ਦੀ ਇਜਜ਼ਤ ਨਹੀਂ ਦਿੰਦੀ ਤਾਂ ਸਮੂਹ ਪੰਥਕ ਜਥੇਬੰਦੀਆਂ 10 ਦਸੰਬਰ ਨੂੰ ਤਰਨਤਾਰਨ ਸੜਕ ਤੇ ਬਾਬਾ ਨੌਧ ਸਿੰਘ ਦੀ ਸਮਾਧ ਕੋਲ ਸਰਬਤ ਖਾਲਸਾ ਸੱਦਣਗੀਆਂ। ਇਸ ਸਬੰਧੀ ਆਮ ਸਿੱਖ ਦੀ ਰਾਏ ਇਹ ਹੈ ਕਿ ਇਸ ਨਾਲ ਖਾਨਾਜੰਗੀ ਵਧੇਗੀ ਅਤੇ ਸਰਕਾਰਰੀ ਟਕਰਾਓ ਨਾਲ ਹਾਲਾਤ ਫਿਰ ਰਾਸ਼ਟਰਪਤੀ ਰਾਜ ਵਾਲੇ ਬਣ ਜਾਣਗੇ ਜਿਸ ਦਾ ਭਾਵ ਹੈ ਕਿ ਪੰਜਾਬ ਸਿੱਧਾ ਆਰ ਐਸ ਐਸ ਦੀ ਲਪੇਟ ਵਿਚ ਚਲਾ ਜਾਵੇਗਾ। ਅੱਜ ਬੇਸ਼ਕ ਪੰਥਕ ਜਥੇਬੰਦੀਆਂ ਖਾਲਸਿਤਾਨ ਦੇ ਸਿਆਸੀ ਮੁੱਦੇ ਤੇ ਵੀ ਅਤੇ ਧਾਰਮਕ ਮੁੱਦਿਆਂ ਤੇ ਵੀ ਮਤ ਭੇਦ ਰੱਖਦੀਆਂ ਹਨ ਪਰ ਪੰਥ ਅਤੇ ਪੰਜਾਬ ਦਾ ਭਲਾ ਇਸ ਵਿਚ ਹੀ ਹੈ ਕਿ ਭਾਰਤ ਵਿਚ ਜ਼ੋਰ ਫੜ ਰਹੇ ਸੰਘ ਦੇ ਫਿਰਕੂ ਬੁਖਾਰ ਤੋਂ ਬਚਿਆ ਜਾਵੇ। ਇਹ ਤਾਂ ਹੀ ਸੰਭਵ ਹੈ ਅਗਰ ਸਾਰੇ ਆਗੂ ਪ੍ਰਮੁਖ ਪੰਥਕ ਮੁੱਦੇ ਤੇ ਆਪਣੇ ਸਾਰੇ ਮਤਭੇਦ ਭੁਲਾ ਕੇ ਇਕੱਠੇ ਹੋ ਜਾਣ ਅਤੇ ਤਕੜੇ ਹੋ ਕੇ ਇੱਕ ਸਰਬ ਪ੍ਰਵਾਣਤ ਅਤੇ ਨਿਰਪੱਖ ਰਾਜਸੀ ਬਦਲ ਦੇਣ ਵਲ ਵਧਣ, ਵਰਨਾ ‘ਲਮਹੋਂ ਨੇ ਖਤਾ ਕੀ ਸਦੀਓਂ ਨੇ ਸਜ਼ਾ ਪਾਈ’ ਵਾਲੇ ਹਾਲਾਤ ਸਾਹਮਣੇ ਹਨ।
ਗੁਰਦੁਆਰਿਆਂ ਦੀ ਦੇਖ ਭਾਲ
ਇਹਨੀ ਦਿਨੀ ਲੰਡਨ ਵਰਗੇ ਮਹਾਂਨਗਰ ਵਿਚ ਡਰੱਗ ਗੈਂਗਾਂ ਦੀ ਤੂਹਤੀ ਬੋਲਦੀ ਹੈ ਅਤੇ ਪੁਲਿਸ ਉਹਨਾ ਤੋਂ ਡਰਦੀ ਹੱਥ ਨਹੀਂ ਪਾਉਂਦੀ। ਮੈਂ ਆਪਣੇ ਇੱਕ ਅਮਗ੍ਰੇਜ਼ ਸਾਥੀ ਨੂੰ ਇਹ ਗੱਲ ਸ਼ੇਖੀ ਬੜੀ  ਨਾਲ ਕਹੀ ਕਿ ਪੰਜਾਬ ਵਿਚ ਸਾਡੇ ਪਿੰਡਾਂ ਵਿਚ ਅਜੇ ਵੀ ਸਾਰਾ ਸਾਰਾ ਦਿਨ ਘਰਾਂ ਦੇ ਦਰਵਾਜ਼ੇ ਖੁਲ੍ਹੇ ਰਹਿੰਦੇ ਹਨ ਅਤੇ ਇਹ ਸੁਣਕੇ ਉਹ ਅਵਾਕ ਰਹਿ ਗਿਆ। ਪਰ ਹੁਣ ਨਾਂ ਹੀ (ਪੰਥਕ) ਘਰ ਦੇ ਅਤੇ ਨਾ ਹੀ ਗੁਰੂ ਘਰਾਂ ਦੇ ਦਰਵਾਜ਼ੇ ਖੁਲ੍ਹੇ ਛੱਡਣ ਦਾ ਸਮਾਂ ਹੈ ਅਤੇ ਜੇਕਰ ਦਰਵਾਜ਼ੇ ਖੁਲ੍ਹੇ ਰੱਖਣੇ ਹਨ ਤਾਂ ਪਹਿਰੇਦਾਰੀ ਜ਼ਰੂਰੀ ਹੈ। ਇਹ ਗੱਲ ਕੋਈ ਸੁਫਨੇ ਵਿਚ ਵੀ ਨਹੀਂ ਸੀ ਸੋਚ ਸਕਦਾ ਕਿ ਪੰਜਾਬ ਵਿਚ ਕੋਈ ਦੁਸ਼ਟ ਆਤਮਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਰ ਸਕਦੀ ਹੈ। ਸੌਦੇ ਸਾਧ ਵਰਗੇ ਬਲਾਤਕਾਰੀ ਜਿਸ ਦੇ ਆਪਣੀ ਮੂੰਹ ਬੋਲੀ ਧੀ ਨਾਲ ਸਬੰਧ ਸੁਰਖੀਆਂ ਵਿਚ ਹਨ ਹਰ ਕੁਕਰਮ ਕਰਨ ਲਈ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਸਕਦੇ ਹਨ, ਖਾਸ ਕਰਕੇ ਉਹਨਾ ਹਾਲਾਤਾਂ ਵਿਚ ਜਦੋਂ ਕਿ ਕਮੀਨੇ ਹਾਕਮ ਉਹਨਾ ਦੀ ਪਿੱਠ ਤੇ ਖੜ੍ਹੇ ਹਨ। ਅਸੀਂ ਇੱਕ ਸਿੱਖ ਦੀ ਰੋ ਰੋ ਕੇ ਭਰੀ ਆਡੀਓ ਸੁਣੀ ਹੈ ਕਿ ਕਿਸ ਤਰਾਂ ਕਮੀਨੇ ਲੋਕਾਂ ਨੇ ਉਸ ਨੂੰ ਲਾਲਚ ਅਤੇ ਡਰਾਵੇ ਦੇ ਕੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਮਜ਼ਬੂਰ ਕੀਤਾ। ਉਸ ਔਰਤ ਬਲਵਿੰਦਰ ਕੌਰ ਬਾਰੇ ਸੁਣ ਕੇ ਤਾਂ ਸਾਡੇ ਪੈਰਾਂ ਥੱਲਿਓਂ ਜ਼ਮੀਨ ਹੀ ਨਿਕਲ ਜਾਂਦੀ ਹੈ ਜਦੋਂ ਅਸੀਂ ਸੁਣਦੇ ਹਾਂ ਕਿ ਲੁਧਿਆਣੇ ਦੇ ਪਿੰਡ ਘਵੱਦੀ ਕਲਾਂ ਵਿਚ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀਹ ਅੰਗ ਪਾੜਨ ਦਾ ਘੋਰ ਅਪ੍ਰਾਧ ਕੀਤਾ ਹੈ ਜੋ ਕਿ ਸੁਣਨ ਵਿਚ ਅੰਮ੍ਰਿਤਧਾਰੀ ਵੀ ਹੈ। ਇਸੇ ਤਰਾਂ ਰਾਜਸਥਾਨ ਗੰਗਾਨਗਰ ਹਨੂਮਾਨਗ੍ਹੜ ਦੇ ਗੁਰਦੁਆਰੇ ਵਿਚੋਂ ਸਰੂਪ ਚੁਕੱ ਕੇ ਅਤੇ ਬੇਅਦਬੀ ਕਰਕੇ ਆਪਣੇ ਵਿਹੜੇ ਵਿਚ ਦੱਬਣ ਵਾਲੇ ਬੰਦੇ ਦੇ ਹੁਲੀਏ ਤੇ ਵੀ ਸਵਾਲੀਆ ਚਿੰਨ ਹੈ ਕਿ ਉਹ ਕੌਣ ਹੈ ਜੋ ਇਹ ਗੱਲ ਫਖਰ ਨਾਲ ਕਹਿੰਦਾ ਹੈ ਕਿ ਉਹ ਸੌਦੇ ਵਾਲੇ ਦਾ ਚੇਲਾ ਹੈ ਅਤੇ ਸੋਦੇ ਵਾਲੇ ਦੀ ਸਿੱਖਾਂ ਨਾਲ ਦੁਸ਼ਮਣੀ ਹੋਣ ਕਾਰਨ ਉਸ ਨੇ ਬੇਅਦਬੀ ਕਰਕੇ ਆਪਣਾ ਬਦਲਾ ਲਿਆ ਹੈ।
ਸਮੱਸਿਆ ਦਾ ਹੱਲ
ਜੇਕਰ ਸਾਡੀਆਂ ਸਿਆਸੀ ਅਤੇ ਧਾਰਮਕ ਸਿੱਖ ਸੰਸਥਾਵਾਂ ਇੱਕ ਦੂਜੇ ਦੀ ਮਿੱਟੀ ਪਲੀਤ ਕਰਦੀਆਂ ਰਹਿਣਗੀਆਂ ਤਾਂ ਬਾਦਲਾਂ ਅਤੇ ਸੌਦੇ ਸਾਧ ਵਰਗਿਆਂ ਦਾ ਕਾਰੋਬਾਰ ਹੋਰ ਵਧੇਗਾ ਅਤੇ ਫੁੱਲੇਗਾ। ਪੰਜਾਬੀ ਸਿਆਸਤ ਵਿਚ ਖਾਲਿਸਤਾਨ ਦੀ ਲਛਮਣ ਰੇਖਾ ਵੀ ਸਿੱਖਾਂ ਦੇ ਸਿਆਸੀ ਪਤਨ ਦਾ ਕਾਰਨ ਬਣਦੀ ਹੈ। ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦਾ ਸਿਆਸੀ ਕਰਨ ਹੋਣ ਨਾਲ ਵੀ ਸਿੱਖੀ ਦੇ ਸਤਿਕਾਰ ਅਤੇ ਸੰਚਾਰ ਨੂੰ ਰੁਕਾਵਟ ਲੱਗਦੀ ਹੈ। ਗੱਲ ਅਖੀਰ ਤੇ ਸਾਡੇ ਸਾਰਿਆਂ ਤੇ ਹੀ ਆ ਜਾਂਦੀ ਹੈ ਕਿ ਅਸੀਂ ਆਪਣੇ ਵਿਰੋਧ ਜਾਰੀ ਰੱਖ ਕੇ ਭ੍ਰਿਸ਼ਟ ਹਾਕਮਾਂ ਅਤੇ ਸੌਦਾ ਸਾਧ ਵਰਗਿਆਂ ਦੇ ਹੱਥ ਮਜ਼ਬੂਤ ਕਰੀ ਜਾਣੇ ਹਨ ਜਾਂ ਕਿ ਇੱਕ ਦੂਸਰੇ ਦੇ ਗੱਲ ਲਗਕੇ ਪੰਥ ਨੂੰ ਅਜ਼ਾਦ ਅਤੇ ਨਿਰਪੱਖ ਫਿਜ਼ਾ ਵਿਚ ਲੈ ਕੇ ਜਾਣਾ ਹੈ। ਸਿੱਖ ਸੰਸਥਾਵਾਂ ਵਿਚ ਧਾਰਮਕ ਭਿੰਨ ਭੇਦ ਨਾ ਮਾਤਰ ਹਨ ਪਰ ਦਿਹਾਤੀ ਸ਼ਰੀਕਾਬਾਜੀ ਬਹੁਤੀ ਹੈ। ਹੋਰ ਕੁਝ ਨਹੀਂ ਤਾਂ ਅਸੀਂ ਉਹਨਾ ਕੋਲੋਂ ਹੀ ਅਕਲ ਲੈ ਲਈਏ ਜਿਹਨਾ ਦੇ ਤੇਤੀ ਕਰੋੜ ਦੇਵੀ ਦੇਵਤੇ ਹਨ ਉਹ ਤਾਂ ਵੀ ਇੱਕਮੁੱਠ ਹਨ । ਸਾਡਾ ਸਾਰਿਆਂ ਦਾ ਸਰਬ ਸਾਂਝਾ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਹੈ ਅਤੇ ਅਸੀਂ ਫਿਰ ਵੀ ਦਿਨ ਰਾਤ ਇੱਕ ਦੂਜੇ ਖਿਲਾਫ ਤੁਹਮਤਬਾਜ਼ੀ ਕਰਦੇ ਹਾਂ। ਕੇਂਦਰੀ ਏਜੰਸੀਆਂ ਨੇ ਪੂਰਾ ਜ਼ੋਰ ਮਾਰਨਾ ਹੈ ਕਿ ਉਹ ਸਾਡੇ ਵਿਚ ਬੇਇਤਫਾਕੀ ਜਾਰੀ ਰੱਖਣ। ਇਹ ਬੇੲਤਫਾਕੀ ਭਾਵੇਂ ਖਾਲਿਸਤਾਨ ਦੇ ਮੁੱਦੇ ਤੇ ਹੋਵੇ, ਮਿਸ਼ਨਰੀਆਂ ਜਾਂ ਸੰਤ ਸਮਾਜ ਦੇ ਮੁੱਦੇ ਤੇ ਹੋਵੇ। ਖਾਲਸਾਈ ਕਦਰਾਂ ਕੀਮਤਾਂ ਦੀ ਬਹਾਲੀ ਨਾਲ ਹੀ ਸਾਡੇ ਸੁਪਨਿਆਂ ਦਾ ਖਾਲਸਤਾਨ ਸਥਾਪਤ ਹੋ ਸਕਦਾ ਹੈ। ਇਹ ਕਦਰਾਂ ਕੀਮਤਾਂ ਮੰਗ ਕਰਦੀਆਂ ਹਨ ਕਿ ਅਸੀਂ ਪੰਜਾਬੀ ਸਮਾਜ ਨੂੰ ਤੋੜਨ ਨਾਲੋਂ ਜੋੜਨ ਦੇ ਰਾਹ ਪਈਏ।ਇਹ ਕਦਰਾਂ ਕੀਮਤਾਂ ਮੰਗ ਕਰਦੀਆਂ ਹਨ ਕਿ ਸਾਰੇ ਪੰਜਾਬੀ ਭਾਈਚਾਰੇ ਰਲ ਮਿਲ ਕੇ ਸੁਖੀ ਵਸਣ ਅਤੇ ਕੇਂਦਰੀ ਏਜੰਸੀਆਂ ਸਾਨੂੰ ਉਲਾਰ ਫਿਰਕਾਪ੍ਰਸਤੀ ਦੀ ਗੁਲਾਮੀ ਵਿਚ ਨਾ ਧੱਕ ਦੇਣ ।
ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ
ਇਸ ਘਰ ਕੋ ਆਗ ਲਗੀ, ਘਰ ਕੇ ਚਿਰਾਗ ਸੇ

 ਕੁਲਵੰਤ ਸਿੰਘ ‘ਢੇਸੀ’
0044 7854 136 413
kulwantsinghdhesi@hotmail.com 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.