ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਦੇਖਿਓ ਕਿਤੇ ਆਪਣਾ ਹੀ ਨੁਕਸਾਨ ਨਾ ਕਰਵਾ ਬੈਠਿਓ
ਦੇਖਿਓ ਕਿਤੇ ਆਪਣਾ ਹੀ ਨੁਕਸਾਨ ਨਾ ਕਰਵਾ ਬੈਠਿਓ
Page Visitors: 2762

ਦੇਖਿਓ ਕਿਤੇ ਆਪਣਾ ਹੀ ਨੁਕਸਾਨ ਨਾ ਕਰਵਾ ਬੈਠਿਓ
Tel: 0064 2040 355 468
Jaspal Singh
(ਵੀਡੀਓ ਰਾਹੀਂ ਸਰਬਤ ਖਾਲਸਾ ਬਾਰੇ ਸਿੱਖ ਵੋਇਸ ਤੋਂ ਸ: ਜਸਪਾਲ ਸਿੰਘ ਦੇ ਸੁਣੇ ਵਿਚਾਰਾਂ ਨੂੰ ਕਲਮ ਰੂਪ ਦੇ ਰਿਹਾ ਹਾਂ ਤਾਂ ਕਿ ਵਧ ਤੋਂ ਵੱਧ ਪਾਠਕ ਜਾਣ ਸਕਣ ਕਿ ਆਖਰ ਹੋ ਕੀ ਰਿਹਾ ਹੈ ਕੁਲਵੰਤ ਸਿੰਘ ਢੇਸੀ)
ਸਿੱਖ ਵੋਇਸ ਨਾਲ ਗੁਰਮਤ ਦੀ ਸਾਂਝ ਪਾ ਰਹੇ ਗੁਰਸਿੱਖ ਪਿਆਰਿਓ ਸਤਗੁਰ ਦੀ ਬਖਸ਼ੀ ਹੋਈ ਫਤਹਿ ਪ੍ਰਵਾਨ ਕਰਨੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
  ਗੁਰਸਿੱਖ ਪਿਆਰਿਓ ਅੱਜ ਦੇ ਪੰਥਕ ਹਾਲਾਤਾਂ ਤੇ ਆਪ ਜੀ ਨਾਲ ਕੁਝ ਬਹੁਤ ਹੀ ਅਹਿਮ ਗੱਲਾਂ ਕਰਨੀਆਂ ਨੇ। ਕਿਰਪਾ ਕਰਕੇ ਇਸ ਨੂੰ ਇਕ ਵਾਰੀ ਜ਼ਰੂਰ ਸੁਣ ਲੈਣਾ। ਸਭ ਤੋਂ ਪਹਿਲਾਂ ਸਰਬਤ ਖਾਲਸਾ ਦੇ ਸਬੰਧ ਵਿਚ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ। ਅੱਜ ਕਲ ਵਾਟਸ ਅੱਪ, ਫੇਸ ਬੁੱਕ ਅਤੇ ਹੋਰ ਸੋਸ਼ਲ ਸਾਈਟਾਂ ਤੇ ਬੜੇ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਹੋ ਰਿਹਾ ਹੈ ਕਿ ਸਰਬਤ ਖਾਲਸਾ ਇੱਕਠਾ ਹੋਵੇ। ਕਿ ਆਓ ਸਾਰੇ ਰਲ ਕੇ ਦਸ ਨਵੰਬਰ ਨੂੰ ਸਰਬਤ ਖਾਲਸੇ ਤੇ ਇਕੱਠੇ ਹੋਈਏ।
   ਸਰਬਤ ਖਾਲਸਾ ਸੱਦਣ ਵਾਲਿਆਂ ਨੂੰ ਮੇਰੇ ਕੁਝ ਸਵਾਲ ਨੇ ਪਹਿਲਾ ਸਵਾਲ ਇਹ ਹੈ ਕਿ ਕੀ ਸਰਬਤ ਖਾਲਸਾ ਨੂੰ ਬਲਾਉਣ ਲਈ ਕੋਈ ਪਲੈਨਿੰਗ ਕੀਤੀ ਗਈ ਹੈ? ਭਾਵ ਕਿ ਕੀ ਕੋਈ ਪਲੈਨਿੰਗ ਹੈ ਕਿ ਸਰਬਤ ਖਾਲਸੇ ਨੂੰ ਕਿਵੇਂ ਸਿਰੇ ਚੜ੍ਹਾਉਣਾ ਹੈ? ਕੀ ਸਰਬਤ ਖਾਲਸਾ ਸਬੰਧੀ ਜਥੇਬੰਦੀਆਂ ਦੀ ਕੋਈ ਰਾਏ ਲਈ ਗਈ ਹੈ? ਕੀ ਸਰਬਤ ਖਾਲਸਾ ਬੁਲਾ ਕੇ ਪਾਸ ਕਰਨ ਵਾਲੇ ਮਤੇ ਲਿਖ ਲਏ ਗਏ ਨੇ? ਕੀ ਸਚਮੁਚ ੧੦ ਨਵੰਬਰ ਨੂੰ ਹੋਣ ਵਾਲੇ ਫੈਸਲਿਆਂ ਤੇ ਸਰਬਤ ਖਾਲਸਾ ਸਹਿਮਤ ਹੋਵੇਗਾ? ਕੀ ਟੇਬਲ ਵਰਕ ਕੀਤਾ ਗਿਆ ਹੈ? ਕੀ ਸਰਬਤ ਖਾਲਸੇ ਦੇ ਫੈਸਲਿਆਂ ਨੂੰ ਪਾਸ ਕਰਵਾਉਣ ਲਈ ਕੋਈ ਯੋਜਨਾ ਉਲੀਕੀ ਹੈ? ਜਾਂ ਬਸ ਐਵੇਂ ਹੀ ਅਸੀਂ ਨੌਜਵਾਨਾਂ ਨੂੰ ਸਰਬਤ ਖਾਲਸਾ ਦੇ ਨਾਮ ਤੇ ਜਜ਼ਬਾਤੀ ਕਰ ਰਹੇ ਹਾਂ। ਕਿਤੇ ਇਹ ਪਹਿਲਾਂ ਵਾਪਰੀ ਘਟਨਾ ਵਾਂਗ ਹੀ ਨਾ ਹੋ ਜਾਵੇ ਜਿਸ ਨੂੰ ਮੀਡੀਏ ਨੇ ਬਹੁਤ ਉਛਾਲਿਆ ਅਤੇ ਸਾਡਾ ਰੱਜ ਕੇ ਜਲੂਸ ਕੱਢਿਆ ਗਿਆ ਹੈ। ਕੀ ਇਸ ਵਾਰ ਉਥੇ ਕੁਝ ਐਸਾ ਤਾਂ ਨਹੀਂ ਹੋ ਸਕਦਾ ਕਿ ਸਿੱਖ ਇੱਕ ਦੂਸਰੇ ਤੇ ਹੀ ਕਿਰਪਾਨਾਂ ਕੱਢ ਲੈਣ। ਕੀ ਐਸੀ ਮੰਦ ਘਟਨਾ ਨੂੰ ਰੋਕਣ ਲਈ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ?
  ਮੇਰੇ ਸਤਕਾਰ ਯੋਗ ਵੀਰੋ, ਭੈਣੋਂ ਅਤੇ ਬਜ਼ੁਰਗੋ ਇੱਕ ਸਵਾਲ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਕਿ ਕਿ ਇੱਕ ਸੀਮਤ ਜਹੀ ਥਾਂ ਤੇ ਸਮੁੱਚੀ ਸਿੱਖ ਕੌਮ ਇੱਕਠੀ ਹੋ ਸਕਦੀ ਹੈ? ਆਪਾਂ ਕਰੋੜਾਂ ਦੀ ਗਿਣਤੀ ਵਿਚ ਹਾਂ। ਕੇਵਲ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਸਿੱਖ ਵਸਦੇ ਹਨ ਅਤੇ ਉਹ ਵੀ ਸਰਬਤ ਖਾਲਸੇ ਦਾ ਹਿੱਸਾ ਹਨ। ਤਾਂ ਫਿਰ ਸਾਰਾ ਖਾਲਸਾ ਇੱਕ ਸੀਮਤ ਜਹੀ ਜਗ੍ਹਾ ਤੇ ਕਿਵੇਂ ਇੱਕਠਾ ਹੋ ਸਕਦਾ ਹੈ? ਜਿਹੜੇ ਆਮ ਸਿੱਖਾਂ ਨੂੰ ਤੁਸੀਂ ਸੱਦਾ ਦੇ ਰਹੇ ਹੋ ਕੀ ਇਕੱਲੇ ਇਕੱਲੇ ਸਿੱਖ ਦੀ ਉਥੇ ਰਾਏ ਲਈ ਜਾਵੇਗੀ? ਜੇ ਰਾਏ ਲੈਣੀ ਹੀ ਨਹੀਂ ਤਾਂ ਬੁਲਾ ਕਿਓਂ ਰਹੇ ਹੋ? ਤੇ ਜੇ ਰਾਏ ਲੈਣ ਲੱਗ ਪਏ ਤਾਂ ਤੁਹਾਨੂੰ ਪਤਾ ਹੈ ਕਿ ਸਾਡੇ ਤਾਂ ਭਰਾ ਭਰਾ ਦੇ ਵਿਚਾਰ ਨਹੀਂ ਮਿਲਦੇ। ਉਥੇ ਫਿਰ ਕੀ ਬਣੇਗਾ? ਤੇ ਰੱਬ ਨਾ ਕਰੇ ਜੇ ਸਰਕਾਰ ਨੇ ਦਖਲ ਅੰਦਾਜ਼ੀ ਕਰਕੇ ਕੁਝ ਐਸਾ ਕਰ ਦਿੱਤਾ ਕਿ ਸਿੱਖਾਂ ਨੇ ਫਿਰ ਕਿਰਪਾਨਾਂ ਕੱਢ ਲਈਆਂ ਤੇ ਪੁਲਸ ਨੇ ਫਿਰ ਗੋਲੀ ਚਲਾ ਕੇ ਕੋਈ ਐਸਾ ਕਾਰਾ ਕਰ ਦਿੱਤਾ ਤਾਂ ਕੀ ਖੱਟੋਗੇ? ਸਮੱਚੀ ਸਿੱਖ ਸੰਗਤ ਨੂੰ ਇੱਕ ਥਾਂ ਇਕੱਠਾ ਕਰਕੇ ਕਿਤੇ ਸੌਖੇ ਤਰੀਕੇ ਨਾਲ ਮਰਵਾਉਣਾ ਤਾਂ ਨਹੀਂ ਚਹੁੰਦੇ ਤੁਸੀਂ ?
     ਮਾਫ ਕਰਨਾ ਸ਼ਬਦ ਤਿੱਖੇ ਲੱਗਣਗੇ। ਸ਼ਾਇਦ ਤੁਹਾਨੂੰ ਇਹ ਵਿ ਲੱਗੇ ਕਿ ਇਹ ਬਹੁਤ ਗੁੱਸੇ ਨਾਲ ਬੋਲ ਰਿਹਾ ਹੈ। ਗੁੱਸਾ ਨਹੀਂ ਮਨ ਵਿਚ ਰੋਸ ਹੈ ਅਤੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲੈਣਾ ਮੇਰੇ ਵੀਰੋ ਅਤੇ ਭੈਣੋਂ। ਹਾਂ ਜੇਕਰ ਮੈਂ ਗਲਤ ਹੋਵਾਂ ਤਾਂ ਬਿਲੁਕਲ ਦੱਸ ਦੇਣਾ ਅਸੀਂ ਮੁਆਫੀ ਮੰਗਣ ਨੂੰ ਤਿਆਰ ਹਾਂ। ਕੋਈ ਗੱਲ ਨਹੀਂ ਆਪੋ ਆਪਣੇ ਵਿਚਾਰ ਨੇ। ਜੇਕਰ ਮੈਂ ਗਲਤ ਹਾਂ ਤਾਂ ਦੱਸੋ ਕਿ ਇਸ ਤਰੀਕੇ ਨਾਲ ਤੁਸੀਂ ਗਲਤ ਹੋ। ਤੁਹਾਡੇ ਵਿਚਾਰ ਅਸੀਂ ਜ਼ਰੂਰ ਸੁਣਾਂਗੇ। ਪਰ ਇੱਕ ਹੀ ਬੇਨਤੀ ਹੈ ਕਿ ਜ਼ਰਾ ਹੋਸ਼ ਤੋਂ ਕੰਮ ਲਈਏ ਐਵੇਂ ਇਮੋਸ਼ਨਲ ਹੋ ਕੇ ਕੋਈ ਕਦਮ ਨਾ ਚੁੱਕੀਏ ਕਿਓਂਕਿ ਮੁੜ ਕੇ ਥੱਲੇ ਡਿਗਦਿਆਂ ਵੀ ਸਮਾਂ ਨਹੀਂ ਲੱਗਦਾ। ਸੋ ਬੇਨਤੀ ਹੈ ਕਿ ਸਰਬਤ ਖਾਲਸਾ ਜੇ ਬੁਲਾਉਣਾ ਹੈ ਤਾਂ ਪੰਥ ਦੀਆਂ ਸਮੂ੍ਹ ਜਥੇਬੰਦੀਆਂ ਨਾਲ ਸੰਪਰਕ ਕੀਤਾ ਜਾਵੇ। ਹਰੇਕ ਜਥੇਬੰਦੀ ਆਪਣਾ ਇੱਕ ਨੁਮਾਇੰਦਾ ਭੇਜੇ ਅਤੇ ਸਾਂਝੀ ਮੀਟਿੰਗ ਰੱਖੀ ਜਾਵੇ। ਸਿੱਖ ਧਰਮ ਦੇ ਮੁਖ ਪ੍ਰਚਾਰਕਾਂ ਨੂੰ ਮੀਟਿੰਗ ਵਿਚ ਸ਼ਾਮਲ ਕੀਤਾ ਜਾਵੇ। ਮੀਟਿੰਗ ਵਿਚ ਸੂਝਵਾਨ ਤਰੀਕੇ ਨਾਲ ਪੰਥ ਦੀ ਬਿਹਤਰੀ ਲਈ ਕੁਝ ਮਤੇ ਲਿਖੇ ਜਾਣ ਅਤੇ ਉਥੇ ਬੈਠੇ ਸਮੂਹ ਜਥੇਬੰਦੀਆਂ ਦੇ ਆਗੂ ਅਤੇ ਪ੍ਰਚਾਰਕ ਉਹਨਾ ਮਤਿਆ ਨਾਲ ਆਪਣੀ ਸਹਿਮਤੀ ਪ੍ਰਗਟਾਉਣ। ਫਿਰ ਸਰਬ ਸੰਮਤੀ ਨਾਲ ਉਹ ਮਤੇ ਪਾਸ ਕੀਤੇ ਜਾਣ। ਉਸ ਤੋਂ ਮਗਰੋਂ ਪ੍ਰੈਸ ਕਾਨਫਰੰਸ ਰੱਖਕੇ ਉਹ ਮਤੇ ਸਰਬਤ ਖਾਲਸੇ ਵਿਚ ਪਾਸ ਕੀਤੇ ਜਾਣ। ਦੇਸ ਪ੍ਰਦੇਸ ਵਿਚ ਬੈਠੀ ਸਮੂਹ ਸੰਗਤ; ਸਮੂਹ ਖਲਾਸਾ ਆਪਣੇ ਘਰਾਂ ਵਿਚ ਹੀ ਜੈਕਾਰਾ ਲਾ ਕੇ ਇਹਨਾ ਨੂੰ ਪਾਸ ਕਰੇ। ਕਿਓਂਕਿ ਸਰਬਤ ਖਾਲਸਾ ਇੱਕ ਥਾਂ ਤੇ ਇਕੱਠਾ ਨਹੀਂ ਹੋ ਸਕਦਾ – ‘ਇਟ ਇਜ਼ ਇੰਪਾਸੇਬਲ’- ਨਾ ਮੁਮਕਿਨ ਹੈ।
   ਉਦਾਹਰਨ ਦੇ ਤੌਰ ਤੇ ਦੇਖੋ ਕਿ ਕੈਲੇਫੋਰਨੀਆਂ ਦੀ ਖਬਰ ਆਈ ਹੈ, ਨਿਊਯਾਰਕ ਦੀ ਖਬਰ ਆਈ ਹੈ, ਵਰਜੀਨੀਆ ਦੀ ਖਬਰ ਆਈ ਹੈ ਅਤੇ ਹੋਰ ਵੱਖ ਵੱਖ ਸਟੇਟਾਂ ਦੀਆਂ ਖਬਰਾਂ ਆਈਆਂ ਨੇ ਕਿ ਸਟੇਟਾਂ ਦੇ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਮਿਲ ਕੇ ਮੀਟਿੰਗ ਕੀਤੀ, ਮਤੇ ਲਖੇ ਅਤੇ ਸਰਬ ਸਮਤੀ ਨਾਲ ਉਹ ਮਤੇ ਪਾਸ ਕੀਤੇ। ਉਸ ਤੋਂ ਬਾਅਦ ਮੀਡੀਏ ਦੇ ਸਾਹਮਣੇ ਉਹ ਮਤੇ ਰੱਖ ਦਿੱਤੇ ਗਏ ਅਤੇ ਸਾਰੀਆਂ ਸੰਗਤਾਂ ਨੂੰ ਸੁਣਾਏ ਗਏ। ਜੇ ਹੁਣ ਮਨ ਲਓ ਨਿਊਜਰਸੀ ਵਿਚ ਮੀਟਿੰਗ ਹੋਈ ਜਿਸ ਵਿਚ ੫੦ ਗੁਰਅਦੁਆਰਿਆਂ ਦੇ ਨੁਮਾਂਇੰਦੇ ਪਹੁੰਚੇ ਨੇ ਪਰ ਇਸ ਦੀ ਬਜਾਏ ਅਗਰ ਪੰਜਾਹ ਗੁਰਦੁਆਰਿਆਂ ਦੀ ਸੰਗਤ ਉਥੇ ਇੱਕੱਠੀ ਹੋ ਜਾਵੇ ਅਤੇ ਤੁਸੀਂ ਇਕੱਲੇ ਇਕੱਲੇ ਨੂੰ ਪੁੱਛਣ ਲਗ ਜਾਵੋ ਕਿ ਹੁਣ ਕੀ ਕਰਨਾ ਹੈ ਇਸ ਤਰਾਂ ਤਾਂ ਸਾਲ ਬੀਤ ਜਾਏਗਾ ਤਾਂ ਵੀ ਤੁਹਾਡੇ ਤੋਂ ਮਤੇ ਨਹੀਂ ਲਿਖੇ ਜਾਣੇ। ਵਰਨਾ ਕਿਸ ਕਿਸ ਨੂੰ ਪੁੱਛੋਗੇ? ਇਸ ਤਰਾਂ ਸਾਰੇ ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਇਕੱਠੇ ਹੋ ਕੇ ਮਤੇ ਪਾਸ ਕੀਤੇ ਅਤੇ ਸੰਗਤਾਂ ਨੇ ਉਹਨਾ ਤੇ ਫੁੱਲ ਚੜ੍ਹਾਏ ਕਿਓਂਕਿ ਉਹਨਾ ਮਤਿਆਂ ਵਿਚ ਪੰਥ ਦੀ ਚੜ੍ਹਦੀ ਕਲਾ ਦੀ ਝਲਕ ਪੈਂਦੀ ਸੀ।
   ਖਾਲਸਾ ਜੀ ਇਹਨਾ ਗੱਲਾਂ ਵਲ ਗੌਰ ਕਰਨਾ। ਮਹਿਜ਼ ਜਜ਼ਬਾਤੀ ਵਹਿਣ ਵਿਚ ਵਹਿ ਕੇ ਆਪਣਾ ਹੀ ਨੁਕਸਾਨ ਨਾ ਕਰਵਾ ਲਈਏ। ਹੁਣ ਫਿਰ ਪਿੰਡ ਬਰਗਾੜੀ ਵਿਚ ਪਾਸ ਕੀਤੇ ਕੁਝ ਮਤਿਆਂ ਵਾਂਗ ਨਾ ਹੋਵੇ ਕਿ ਕੌਮ ਕਾਲੀਆਂ ਝੰਡੀਆਂ ਲੈ ਕੇ ਸੜਕਾਂ ਦੇ ਪਾਸਿਆਂ ਤੇ ਆਪਣੇ ਮੂੰਹ ਤੇ ਮਿੱਟੀ ਘੱਟਾ ਪਵਾਉਣ ਲਈ ਬੈਠ ਜਾਵੇ। ਹੋਇਆ ਉਥੇ ਵੀ ਇਹ ਹੀ ਹੈ ਕਿ ਕੋਈ ਪਲੈਨਿੰਗ ਨਹੀਂ, ਕੋਈ ਸਰਬਸੰਮਤੀ ਨਾਲ ਸਮਝੌਤਾ ਨਹੀਂ, ਬਸ ਹੁਲੜਬਾਜ਼ੀ ਵਿਚ ਨੌਂ ਮਤੇ ਕਿੱਲ ਕਿੱਲ ਕੇ ਸੁਣਾ ਦਿੱਤੇ । ਸੋ ਹੱਥ ਜੋੜ ਕੇ ਬੇਨਤੀ ਹੈ। ਕੋਈ ਵੀ ਵੀਰ ਭੈਣ ਗੁੱਸਾ ਨਾ ਕਰਿਓ। ਆਪਣਿਆਂ ਨਾਲ ਹੀ ਕੌਮ ਦਾ ਦੁੱਖ ਦਰਦ ਸਾਂਝਾ ਹੋ ਸਕਦਾ ਹੈ। ਜੇ ਮੇਰੀ ਕੋਈ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਜ਼ਰੂਰ ਦੱਸ ਦੇਣਾ। ਭੁੱਲਾਂ ਨਾ ਚਿਤਾਰਨੀਆਂ ਸਾਧ ਸੰਗਤ ਜੀ। ਤੁਸੀਂ ਬਖਸ਼ਣ ਹਾਰ ਹੋ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਕੁਲਵੰਤ ਸਿੰਘ ਢੇਸੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.