ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਬ੍ਰਿਟੇਨ ਵਿਚ ਸਿੱਖ ਮੁਜ਼ਾਹਰੇਕਾਰਾਂ ਅਤੇ ਮੁਲਾਹਜ਼ੇਦਾਰਾਂ ਦਾ ਰੇੜਕਾ
ਬ੍ਰਿਟੇਨ ਵਿਚ ਸਿੱਖ ਮੁਜ਼ਾਹਰੇਕਾਰਾਂ ਅਤੇ ਮੁਲਾਹਜ਼ੇਦਾਰਾਂ ਦਾ ਰੇੜਕਾ
Page Visitors: 2735

ਬ੍ਰਿਟੇਨ ਵਿਚ ਸਿੱਖ ਮੁਜ਼ਾਹਰੇਕਾਰਾਂ ਅਤੇ ਮੁਲਾਹਜ਼ੇਦਾਰਾਂ ਦਾ ਰੇੜਕਾ
ਕੁਲਵੰਤ ਸਿੰਘ ਢੇਸੀ
0044 7854 136 413
kulwantsinghdhesi@hotmail.com
ਜਦੋਂ ਵੀ ਪੰਜਾਬ ਜਾਂ ਭਾਰਤ ਵਿਚ ਸਿੱਖ ਭਾਈਚਾਰੇ ਨੂੰ ਕਿਸੇ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਯੂ ਕੇ ਵਿਚ ਉਸਦਾ ਪ੍ਰਤੀਕਰਮ ਅਕਸਰ ਮੁਜ਼ਾਹਰੇ ਵਿਚ ਹੁੰਦਾ ਹੈ। ਇਹ ਮੁਜ਼ਾਹਰਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ( ਐਫ ਐਸ ਓ) ਦੇ ਬੈਨਰ ਹੇਠ ਹੁੰਦਾ ਹੈ। ਪਿਛਲੇ ਲੰਬੇ ਸਮੇਂ ਤੋਂ ਚੁਰਾਸੀ ਦੇ ਘੱਲੂਘਾਰੇ ਦੇ ਸਬੰਧ ਵਿਚ ਐਫ ਐਸ ਓ ਸਲਾਨਾ ਵਿਸ਼ਾਲ ਮੁਜ਼ਾਹਰੇ ਕਰਨ ਵਿਚ ਕਾਮਯਾਬ ਰਹੀ ਹੈ ਭਾਵੇਂ ਕਿ ਇਹਨਾ ਮੁਜ਼ਾਹਰਿਆਂ ਨੂੰ ਯੂ ਕੇ ਦੇ ਮੇਨ ਸਟਰੀਮ ਮੀਡੀਏ ਵਲੋਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਪਹਿਲਾਂ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਵੇਲੇ, ਫਿਰ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਵੇਲੇ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂ ਲੈ ਕੇ ਲੰਡਨ ਅਤੇ ਬ੍ਰਮਿੰਘਮ ਵਿਚ ਹੋਏ ਮੁਜ਼ਾਹਰਿਆਂ ਵਿਚ ਸਿੱਖ ਨੌਜਵਾਨਾ ਦਾ ਰੋਹ ਕਾਬੂ ਤੋਂ ਬਾਹਰ ਹੁੰਦਾ ਗਿਆ ਅਤੇ ਉਹਨਾ ਦੇ ਨਾਅਰੇ ਵੀ ਕਾਬੂ ਤੋਂ ਬਾਹਰ ਹੁੰਦੇ ਗਏ। ਵੀਰਵਾਰ 22 ਅਕਤੂਬਰ ਦਾ ਮੁਜ਼ਾਹਰਾ ਬ੍ਰਤਾਨਵੀ ਮੀਡੀਏ ਵਿਚ ‘ਸਿੱਖ ਲਾਈਵਜ਼ ਮੈਟਰ’ (Sikh lives matter) ਦੇ ਸਿਰਲੇਖ ਹੇਠ ਸੁਰਖੀਆਂ ਵਿਚ ਆਇਆ ਕਿਓਂਕਿ ਇਸ ਮੁਜ਼ਾਹਰੇ ਵਿਚ ਪੁਲਸ ਨਾਲ ਮੁੱਠ ਭੇੜ ਹੋਣ ਕਰਕੇ ਜਿਥੇ ਕੁਝ ਨੌਜਵਾਨਾਂ ਦੀ ਗ੍ਰਿਫਤਾਰੀਆਂ ਹੋਈਆਂ ਉਥੇ ਇੱਕ ਪੁਲਸ ਵਾਲਾ ਜ਼ਖਮੀ ਵੀ ਹੋ ਗਿਆ ਸੀ। ਬਾਅਦ ਵਿਚ ਪੁਲਸ ਨੇ ਆਪਣੇ ਵਤੀਰੇ ਕਰਕੇ ਮੁਆਫੀ ਵੀ ਮੰਗੀ ਸੀ ਕਿਓਂਕਿ ਘੋੜੇ ਝੜਾ ਕੇ ਨੌਜਵਾਨਾਂ ਨੂੰ ਭੜਕਾਇਆ ਗਿਆ ਸੀ। ਇਹ ਮੁਜ਼ਾਹਰਾ ਪੰਜਾਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਦੇ ਸਬੰਧ ਵਿਚ ਕੀਤਾ ਗਿਆ ਸੀ ਕਿਓਕਿ ਬਰਗਾੜੀ ਦੇ ਸ਼ਾਂਤਮਈ ਸਿੱਖ ਧਰਨੇ ਦੌਰਾਨ ਪੰਜਾਬ ਪੁਲਸ ਨੇ ਦੋ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਜਿਸ ਸਬੰਧੀ ਹਮੇਸ਼ਾਂ ਵਾਂਗ ਹੀ ਆਲਮੀ ਮੀਡੀਏ ਅਤੇ ਸਰਕਾਰਾਂ ਨੇ ਅੱਖਾ ਮੀਟ ਲਈਆਂ ਸਨ।
ਵੀਰਵਾਰ 12 ਨਵੰਬਰ ਦਾ ਮੁਜ਼ਹਰਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬ੍ਰਿਟੇਨ ਵਿਚ ਆਉਣ ਤੇ ਕੀਤਾ ਗਿਆ ਸੀ ਜਿਸ ਵਿਚ ਸਿੱਖਾਂ ਤੋਂ ਇਲਾਵਾ ਤਾਮਿਲ, ਨਿਪਾਲੀ, ਕਸ਼ਮੀਰੀ, ਡਾ: ਅੰਬੇਦਕਰ ਸੁਸਾਇਟੀ, ਬਲੈਕ ਸਿਸਟਰਜ਼ ਅਤੇ ਕੁਝ ਹੋਰ ਭਾਈਚਾਰੇ ਵੀ ਸ਼ਾਮਲ ਸਨ। ਇਸ ਮੁਜ਼ਹਾਰੇ ਵਿਚ ਸਿੱਖ ਗਿਣਤੀ ਪਿਛਲੀ ਵੇਰ ਦੇ ਮੁਕਾਬਲੇ ਘੱਟ ਸੀ ਅਤੇ ਇੱਕ ਥਾਂ ਕਸ਼ਮੀਰੀਆਂ ਵਿਚ ਸ਼ਾਮਲ ਸਿੱਖ ਅਤੇ ਮੋਦੀ ਦੇ ਹੱਕ ਵਿਚ ਗਿਣਤੀ ਦੇ ਲੋਕ ਆਹਮੋ ਸਾਹਮਣੇ ਨਾਅਰੇ ਲਾ ਰਹੇ ਸਨ। ਜਦੋਂ ਗਰਮੀ ਵਧ ਗਈ ਤਾਂ ਮੋਦੀ ਦੇ ਹੱਕ ਵਿਚ ਵਿਖਾਵਾਕਾਰੀਆਂ ਨੂੰ ਪੁਲਸ ਨੇ ਘਰ ਤੋਰ ਦਿੱਤਾ। ਇਸ ਵਾਰ ਸਭ ਤੋਂ ਅਜੀਬ ਇਹ ਗੱਲ ਹੋਈ ਕਿ ਜਿਸ ਵੇਲੇ ਸਿੱਖ ਮੋਦੀ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਸਨ ਤਾਂ ਕੁਝ ਸਿੱਖ ਆਗੂ ਮੋਦੀ ਨਾਲ ਮੀਟਿੰਗ ਵੀ ਕਰ ਰਹੇ ਸਨ। ਇਹਨਾ ਵਿਚ ਭਾਈ ਸਾਹਬ ਮਹਿੰਦਰ ਸਿੰਘ ਮੁਖੀ ਨਿਸ਼ਕਾਮ ਸੇਵਕ ਜਥਾ ਬ੍ਰਮਿੰਘਮ, ਸ: ਗੁਰਮੇਲ ਸਿੰਘ ਕੰਦੋਲਾ ਮੁਖੀ ਸਿੱਖ ਕੌਂਸਲ ਆਫ ਯੂ ਕੇ, ਸ: ਗੁਰਮੇਲ ਸਿੰਘ ਮੱਲੀ ਪ੍ਰਧਾਨ ਸਿੰਘ ਸਭਾ ਗੁਰਦਵਾਰਾ ਸਾਊਥਾਲ ਅਤੇ ਬ੍ਰਿਟਿਸ਼ ਸਿੱਖ ਕੰਨਸਲਟੇਟਿਵ ਫੋਰਮ ਦੇ ਜਨਰਲ ਸਕੱਤਰ ਅਤੇ ਸਿੱਖ ਹਿਊਮਨ ਰਾਈਟਸ ਦੇ ਡਾਏਰੈਕਟਰ ਸ: ਜਸਦੇਵ ਸਿੰਘ ਰਾਏ ਦੇ ਨਾਮ ਜ਼ਿਕਰ ਯੋਗ ਹਨ।
ਨਰਿੰਦਰ ਮੋਦੀ ਨੇ ਸਿੱਖਾਂ ਨਾਲ ਇਸ ਮੀਟਿੰਗ ਨੂੰ ਟਵੀਟ ਕਰਕੇ ਤਤਕਾਲ ਹੀ ਦੁਨੀਆਂ ਵਿਚ ਪਹੁੰਚਾ ਦਿੱਤਾ । ਚੇਤੇ ਰਹੇ ਕਿ ਨਰਿੰਦਰ ਮੋਦੀ ਦੇ ਟਵਿਟਰ ਤੇ 16 ਮਿਲੀਅਨ ਪ੍ਰਸ਼ੰਸਕ ਹਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਬੈਰੇਕ ਓਬਾਮਾ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਏ ਵਿਚ ਝੰਡੀ ਲਈ ਦੂਜਾ ਨੰਬਰ ਹੈ। ਹੁਣ ਨਰਮ ਸਿੱਖ ਆਗੂਆਂ ਨੂੰ ਗਰਮ ਸਿੱਖਾਂ ਅੱਗੇ ਆਪਣਾ ਪੱਖ ਪੇਸ਼ ਕਰਨ ਦੀ ਵੱਡੀ ਬਿਪਤਾ ਵੀ ਆ ਪਈ ਹੈ। ਟੀ ਵੀ ਸਿੱਖ ਚੈਨਲਾਂ ਵਿਚ ਮੁਲਾਹਜ਼ੇਦਾਰ ਸਿੱਖ ਆਗੂਆਂ ਨੇ ਆਪਣਾ ਪੱਖ ਇਹ ਕਹਿ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ‘ਸਿੱਖ ਕੇਸ’ ਨੂੰ ਹੀ ਮੋਦੀ ਸਾਹਮਣੇ ਰੱਖਣ ਗਏ ਸਨ ਜੋ ਕਿ ਹਰ ਵਿਅਕਤੀ ਦਾ ਜਾਇਜ ਤੇ ਮੁਨਾਸਬ ਹਕ ਹੈ ਪਰ ਇਸ ਨਾਲ ਮੁਜ਼ਾਹਰੇਦਾਰਾਂ ਦੀ ਸਥਿਤੀ ਕਾਫੀ ਹਾਸੋਹੀਣੀ ਵੀ ਹੋ ਗਈ ਕਿ ਜਿਥੇ ਉਹਨਾ ਦੇ ਆਗੂ ਮਸਲੇ ਦੇ ਹੱਲ ਲਈ ਗਲਬਾਤ ਨੂੰ ਮੁਨਾਸਬ ਸਮਝਦੇ ਹਨ ਉਥੇ ਗੁਸੈਲੇ ਤੇ ਗਾਲੀ ਗਲੋਚ ਵਾਲੇ ਮੁਜ਼ਾਹਰੇ ਦਾ ਕੀ ਤੁੱਕ ਬਣਦਾ ਹੈ। ਮੁਲਾਹਜ਼ੇਦਾਰ ਆਗੂਆਂ ਵਿਚ ਸਭ ਤੋਂ ਨਾਜ਼ੁਕ ਸਥਿਤੀ ਸਿੱਖ ਕੌਂਸਲ ਯੂ ਕੇ ਦੇ ਸ: ਕੰਦੋਲਾ ਦੀ ਬਣ ਗਈ ਹੈ ਜਿਸ ਦੀ ਕਿ ਆਉਣ ਵਾਲੇ ਦਿਨਾ ਵਿਚ ਜਵਬਾਦੇਹੀ ਦੇ ਇਮਕਾਨ ਹਨ ਕਿਓਂਕਿ ਐਫ ਐਸ ਓ ਅਤੇ ਸਿੱਖ ਫੈਡਰੇਸ਼ਨ ਦੇ ਆਗੂ ਤਲਖੀ ਵਿਚ ਹਨ ਜਦ ਕਿ ਸ: ਕੰਦੋਲਾ ਦਾ ਕਹਿਣਾ ਹੈ ਕਿ ਉਹ ਐਫ ਐਸ ਓ ਆਗੂਆਂ ਨੂੰ ਵਿਸ਼ਵਾਸ ਵਿਚ ਲੈ ਕੇ ਹੀ ਮੀਟਿੰਗ ਵਿਚ ਸ਼ਾਮਲ ਹੋਏ ਹਨ।
ਮੋਦੀ ਨੂੰ ਮਿਲਣ ਗਏ ਤੀਹ ਦੇ ਕਰੀਬ ਸਿੱਖ ਡੈਲੀਗੇਸ਼ਨ ਦੇ ਆਗੂਆਂ ਵਲੋਂ ਜੋ ਮੰਗਾਂ ਮੋਦੀ ਤੋਂ ਮੰਗੀਆਂ ਗਈਆਂ ਉਹਨਾ ਵਿਚ ਪ੍ਰਮੁਖ ਤੌਰ ਤੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਅਤੇ ਬਾਹਰਲੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਨੂੰ ਖਤਮ ਕਰਨ ਵਰਗੇ ਮੁੱਦੇ ਸਨ। ਸ: ਰਾਏ ਮੁਤਬਕ ਸਿੱਖਾਂ ਅਤੇ ਸਰਕਾਰ ਦਰਮਿਆਨ ਸੰਨ ਚੁਰਾਸੀ ਤੋਂ ਪਈ ਹੋਈ ਦੁਫੇੜ ਸਬੰਧੀ ਇਹ ਮੀਟਿੰਗ ਇੱਕ ‘ਟਰਨਿੰਗ ਪੁਆਇੰਟ’ ਸੀ। ਇਹ ਵੀ ਕਿਹਾ ਗਿਆ ਹੈ ਕਿ ਸਿੱਖ ਰਾਜਸੀ ਕੈਦੀ ਜਿਹਨਾ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਹਨ,ਉਹਨਾ ਦੀ ਰਿਹਾਈ ਸਬੰਧੀ ਨਰਿੰਦਰ ਮੋਦੀ ਸਿਧਾਂਤਕ ਤੌਰ ਤੇ ਮੰਨ ਗਏ ਹਨ।
ਗੁਜਰਾਤ ਦੇ ਮੁਸਲਮਾਨਾਂ ਦੇ ਕਤਲੇਆਮ ਮਗਰੋਂ ਨਰਿੰਦਰ ਮੋਦੀ ਤੇ ਯੂ ਕੇ ਵਿਚ ਵੜਨ ਤੇ ਕਰੀਬ ਦਸ ਸਾਲ ਰੋਕ ਲੱਗੀ ਰਹੀ ਸੀ ਪਰ ਇਸ ਵਾਰ ਉਹ ਤਿੰਨ ਦਿਨਾ ਸਟੇਟ ਵਿਜਟ ਤੇ ਆਏ ਸਨ ਜਿਸ ਵਿਚ ਮਹਾਰਾਣੀ ਅਲਿਜ਼ਬੈਥ ਨਾਲ ਖਾਣਾ ਖਾਣ, ਬ੍ਰਤਾਨਵੀ ਪਾਰਲੀਮੈਂਟ ਨੂੰ ਸੰਬੋਧਨ ਕਰਨਾ ਅਤੇ ਬ੍ਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨਾਲ ਉਹਨਾ ਦੀ ਪਹਾੜੀ ਰਿਹਾਇਸ਼ ਗਾਹ ‘ਚੈਕੁਅਰ’ ਵਿਖੇ ਸਮਾਂ ਬਤਾਉਣਾ ਸੀ। ਦੁਨੀਆਂ ਭਰ ਦੇ ਚਿੰਤਕ ਮੋਦੀ ਦੀ ਇਸ ਯੂ ਕੇ ਫੇਰੀ ਪ੍ਰਤੀ ਸਕਤੇ ਵਿਚ ਹਨ ਕਿ ਭਾਰਤ ਵਿਚ ਹੁਣ ਜਦੋਂ ਮੋਦੀ ਦੀ ਉਲਾਰ ਅਤੇ ਪੱਖਪਾਤੀ ਸਰਕਾਰ ਸਬੰਧੀ ਭਾਰਤ ਦੇ ਲੇਖਕ, ਚਿੰਤਕ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਵਾ ਵੇਲਾ ਕਰ ਰਹੇ ਹਨ ਤਾਂ ਯੂ ਕੇ ਫੇਰੀ ਦੇ ਦਮਗਜ਼ਿਆਂ ਦਾ ਕੀ ਤੁਕ ਬਣਦਾ ਹੈ। ਪਿਛਲੇ ਦੋ ਮਹੀਨਿਆਂ ਤੋਂ ਚੀਨ ਦੇ ਰਾਸ਼ਟਰਪਤੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਯੂ ਕੇ ਫੇਰੀ ਤੇ ਤਾਂ ਦੁਨੀਆਂ ਦੀਆਂ ਪਹਿਲਾਂ ਹੀ ਉਂਗਲਾਂ ਉਠ ਹੀ ਰਹੀਆਂ ਸਨ ਅਤੇ ਹੁਣ ਰਹਿੰਦੀ ਖੂੰਹਦੀ ਕਸਰ ਭਾਰਤੀ ਪ੍ਰਧਾਨ ਮੰਤਰੀ ਦੀ ਫੇਰੀ ਨੇ ਕੱਢ ਦਿੱਤੀ ਹੈ।
ਗੁਜਰਾਤ ਦੇ ਮੁਸਲਮਾਨਾਂ ਦੇ ਹੋਏ 2002 ਦੇ ਕਤਲੇਆਮ ਵਿਚ ਮੋਦੀ ਦਾ ਕਥਿਤ ਤੌਰ ਤੇ ਹੱਥ ਹੋਣ ਕਾਰਨ ਉਸ ਤੇ ਬ੍ਰਿਟੇਨ, ਅਮਰੀਕਾ ਅਤੇ ਈ ਯੂ ਵਿਚ ਬੰਦਸ਼ਾਂ ਲਾਈਆਂ ਗਈਆਂ ਸਨ ਪਰ ਸੰਨ 2012 ਵਿਚ ਜਦੋਂ ਭਾਰਤੀ ਸੁਪਰੀਮ ਕੋਰਟ ਦੀ ਰੂਲਿੰਗ ਪਿੱਛੋਂ ਮੋਦੀ ਨੂੰ ਕਲੀਨ ਚਿੱਟ ਮਿਲ ਗਈ ਤਾਂ ਇਹ ਬੰਦਸ਼ਾਂ ਹਟਾ ਲਈਆਂ ਗਈਆਂ । ਹੁਣ ਨਾ ਕੇਵਲ ਦੁਨੀਆਂ ਦੀਆਂ ਸਿਰਕੱਢ ਸਰਕਾਰਾਂ ਹੀ ਸਗੋਂ ਸਿੱਖਾਂ ਦੇ ਨਰਮ ਸੋਚ ਵਾਲੇ ਆਗੂ ਵੀ ਮੋਦੀ ਨਾਲ ਹੱਥ ਮਿਲਾ ਕੇ ਆਪੋ ਆਪਣੇ ਹਿੱਤ ਪੂਰਨ ਦੀ ਕੋਸ਼ਿਸ਼ ਵਿਚ ਹਨ। ਇਥੇ ਫਰਕ ਸਿਰਫ ਏਨਾ ਹੈ ਕਿ ਸਰਕਾਰਾਂ ਨੇ ਤਾਂ ਹਰ ਵਿਰੋਧ ਦੇ ਹੁੰਦਿਆਂ ਵੀ ਆਪਣੇ ਹਿੱਤ ਪੂਰ ਹੀ ਲੈਣੇ ਹੁੰਦੇ ਨੇ ਪਰ ਨਰਮ ਸਿੱਖ ਆਗੂ ਗਰਮ ਸਿੱਖ ਆਗੂਆਂ ਦੇ ਵਿਰੋਧ ਅੱਗੇ ਸ਼ਾਇਦ ਹੀ ਟਿਕ ਸਕਣ ਕਿਓਂਕਿ ਗਰਮ ਸਿੱਖ ਆਗੂਆਂ ਦੀ ਅਗਵਾਈ ਕੇਵਲ ਤੇ ਕੇਵਲ ਅੰਧਾ ਧੁੰਦ ਵਿਰੋਧ ਤੇ ਹੀ ਖੜ੍ਹੀ ਹੈ।
ਸਿੱਖ ਮੁਜ਼ਾਹਰੇਕਾਰਾਂ ਦੇ ਪੱਖ ਵਿਚ ਜੁਲਾਈ ਦਾ ਪਾਲੀਮੈਂਟ ਅਰਲੀ ਡੇ ਮੋਸ਼ਨ ਵੀ ਜਾਂਦਾ ਹੈ ਜਿਸ ਵਿਚ 39 ਮੈਂਬਰ ਪਾਰਲੀਮੈਂਟ ਜਾਂਦੇ ਹਨ ਜਿਹਨਾ ਨੇ ਕਿ ਮੋਦੀ ਦੀ ਫੇਰੀ ਤੇ ਸਿੱਖ ਅਧਿਕਾਰਾਂ ਦਾ ਮੁੱਦਾ ਚੁੱਕਣ ਤੇ ਜ਼ੋਰ ਦਿੱਤਾ ਸੀ ਅਤੇ ਵਿਰੋਧੀ ਧਿਰ ਦੇ ਨੇਤਾ ਜਰਮੀ ਕੋਰਬੇਨ ਨੇ ਉਹਨਾ ਦੀ ਹਿਮਾਇਤ ਕੀਤੀ ਸੀ। ਚੇਤੇ ਰਹੇ ਕਿ ਕਸ਼ਮੀਰ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਮਨੁੱਖੀ ਅਧਿਕਾਰਾਂ ਦਾ ਲਗਾਤਾਰ ਘਾਣ ਜਾਰੀ ਹੈ। ਭਾਰਤੀ ਸਰਕਾਰ ਨੇ ਬੀਬੀਸੀ ਦੀ ‘ਇੰਡੀਆ’ਜ਼ ਡਾਟਰ’ (India’s daughter) ਡਾਕੂਮੈਂਟਰੀ ਵੀ ਬੈਨ ਕੀਤੀ ਹੋਈ ਹੈ ਜਿਸ ਵਿਚ ਔਰਤਾਂ ਦੇ ਗੈਂਗ ਰੇਪ ਅਤੇ ਦਿੱਲੀ ਵਿਚ ਨੌਜਵਾਨ ਅੋਰਤ ਦੇ ਕਤਲ ਦੇ ਸਨਸਨੀਖੇਜ਼ ਹਵਾਲੇ ਹਨ। ਭਾਰਤੀ ਸਰਕਾਰ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਅੱਗੇ ਵੀ ਅੜਿੱਕਾ ਬਣੀ ਹੋਈ ਹੈ ਅਤੇ ਸਰਕਾਰ ਨੇ ਗਰੀਨ ਪੀਸ ਦੀ ਆਗੂ ਪਰੀਆ ਪਾਲੀ ਨੂੰ ਵੀ ਯੂ ਕੇ ਆਉਣ ਦੀ ਇਜ਼ਜਤ ਨਹੀਂ ਦਿੱਤੀ ਜੋ ਕਿ ਪਾਲੀਮੈਂਟ ਵਿਚ ਐਮ ਪੀਜ਼ ਨੂੰ ਸੰਬੋਧਨ ਹੋ ਰਹੀ ਸੀ। ਭਾਰਤ ਵਿਚ ਘੱਟ ਗਿਣਤੀਆਂ ਪ੍ਰਤੀ ਦਿਨੋ ਦਿਨ ਅਸਹਿਣਸ਼ੀਲਤਾ ਵਧ ਰਹੀ ਹੈ ਅਤੇ ਸਰਕਾਰੀ ਪਰਗਣੇ ਸਿਰ ਦੇਸ਼ ਨੂੰ ਭਗਵਾਂ ਕਰਨ ਦੀ ਧੁੰਨ ਸਵਾਰ ਹੈ। ਇਹ ਸਾਰੀਆਂ ਗੱਲਾਂ ਸਿੱਖ ਮੁਜ਼ਾਹਰੇਦਾਰਾਂ ਨੂੰ ਬਣਦੀ ਜ਼ਮੀਨ ਪ੍ਰਦਾਨ ਕਰਦੀਆਂ ਹਨ।
ਮੁਲਾਹਜ਼ੇਕਾਰਾਂ ਦੇ ਹੱਕ ਵਿਚ ਵੈਮਬਲੇ ਅਰੀਨਾ ਵਿਚ ਮੋਦੀ ਦੇ ਸਵਾਗਤ ਵਿਚ 60,000 ਲੋਕਾਂ ਦਾ ਸਵਾਗਤ ਜਾਂਦਾ ਹੈ ਜੋ ਕਿ ‘ਦੋ ਮਹਾਨ ਕੌਮਾਂ ਦੇ ਸਾਂਝੇ ਅਤੇ ਚੜ੍ਹਦੀਕਲਾ ਵਾਲੇ ਭਵਿੱਖ’ (Two Great Nations. One Glorious Future) ਦੇ ਨਾਅਰੇ ਹੇਠ ਹੋਇਆ ਸੀ। ਮੁਲਾਹਜ਼ੇਦਾਰ ਇਹ ਵੀ ਦੇਖ ਰਹੇ ਹਨ ਕਿ ਮੋਦੀ ਦੀ ਕੈਮਰਨ ਨਾਲ 20 ਕਾਰੋਬਾਰਾਂ ਪ੍ਰਤੀ 13.7 ਬਿਲੀਅਨ ਡਾਲਰ ਦੀ ਡੀਲ ਹੋਈ ਹੈ ਅਤੇ ਇਹ ਪੇਸ਼ਨਗੋਈ ਵੀ ਹੋ ਰਹੀ ਹੈ ਕਿ ਭਾਰਤ ਦੀ ਲਗਾਤਾਰ ਆਰਥਕ ਬੜੌਤਰੀ ਅਗਲੇ ਵੀਹ ਸਾਲਾਂ ਵਿਚ ਉਸਨੂੰ ਇਕ ਸੁਪਰ ਪਾਵਰ ਵਜੋਂ ਉਭਾਰ ਰਹੀ ਹੈ। ਉਹ ਸੋਚਦੇ ਹਨ ਕਿ ਦੁਨੀਆਂ ਦੀ ਚੌਥੀ ਵੱਡੀ ਫੌਜੀ ਤਾਕਤ ਨਾਲ ਟਕਰਾ ਕੇ ਹੱਕ ਨਹੀਂ ਲਏ ਜਾ ਸਕਦੇ ਤਾਂ ਕਿਓਂ ਨਾ ਪਤਿਆ ਕੇ ਕੋਸ਼ਿਸ਼ ਕੀਤੀ ਜਾਵੇ। ਇਹ ਸਭ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਰਿੰਦਰ ਮੋਦੀ ਸਿੱਖਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਨਰਮ ਸਿੱਖ ਲੀਡਰਸ਼ਿਪ ਦੇ ਪੈਂਤੜੇ ਨੂੰ ਜਾਇਜ਼ ਸਿੱਧ ਕਰਦਾ ਹੈ ਜਾਂ ਕਿ ਕਾਂਗਰਸ ਵਾਂਗ ਲਗਾਤਾਰ ਸਿੱਖ ਵਿਰੋਧੀ ਨੀਤੀ ਅਪਣਾ ਕੇ ਮੁਜ਼ਾਹਰੇਦਾਰਾਂ ਦੇ ਖਾਲਿਸਤਾਨੀ ਨਾਅਰੇ ਨੂੰ ਬੱਲ ਦਿੰਦਾ ਹੈ। 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.