ਕੈਟੇਗਰੀ

ਤੁਹਾਡੀ ਰਾਇ



ਤਤ ਗੁਰਮਤਿ ਪਰਿਵਾਰ
ਪੁਣਛ (ਜੰਮੂ ਕਸ਼ਮੀਰ) ਵਿਖੇ ਮਹਿਜ਼ ਇਕ ਗੁਰਮਤਿ ਸਮਾਗਮ ਨੇ ਪੁਜਾਰੀ ਵਿਵਸਥਾ ਦੀਆਂ ਚੂਲ੍ਹਾਂ ਹਿਲਾ ਦਿਤੀਆਂ
ਪੁਣਛ (ਜੰਮੂ ਕਸ਼ਮੀਰ) ਵਿਖੇ ਮਹਿਜ਼ ਇਕ ਗੁਰਮਤਿ ਸਮਾਗਮ ਨੇ ਪੁਜਾਰੀ ਵਿਵਸਥਾ ਦੀਆਂ ਚੂਲ੍ਹਾਂ ਹਿਲਾ ਦਿਤੀਆਂ
Page Visitors: 2487

ਪੁਣਛ (ਜੰਮੂ ਕਸ਼ਮੀਰ) ਵਿਖੇ ਮਹਿਜ਼ ਇਕ ਗੁਰਮਤਿ ਸਮਾਗਮ ਨੇ ਪੁਜਾਰੀ ਵਿਵਸਥਾ ਦੀਆਂ ਚੂਲ੍ਹਾਂ ਹਿਲਾ ਦਿਤੀਆਂ
ਨਿਰੋਲ ਨਾਨਕ ਵਿਚਾਰਧਾਰਾ ਨੂੰ ਸਮਰਪਿਤ ਗੁਰਮਤਿ ਸਮਾਗਮ ਇਨਕਲਾਬੀ ਢੰਗ ਨਾਲ ਮਣਾਇਆ ਗਿਆ
ਗੁਰਦੁਆਰਿਆਂ ਤੇ ਕਾਬਜ਼ ਪੁਜਾਰੀ/ਹਾਕਮ ਗਠਜੋੜ ਦੀਆਂ ਧਮਕੀਆਂ ਨੂੰ ਪਰਿਵਾਰ ਸਣੇ ਸੰਗਤ ਨੇ ਜੈਕਾਰਿਆਂ ਦੀਆਂ ਗੁੰਜ ਨਾਲ ਨਕਾਰਿਆ।
ਪ੍ਰੋ. ਇੰਦਰ ਸਿੰਘ ਘੱਗਾ ਸਮੇਤ ਹੋਰ ਵਿਦਵਾਨਾਂ ਨੇ ਖੁੱਲ ਕੇ ਉਘਾੜੇ ਮਨਮੱਤੀਂ ਪਾਜ
ਮ੍ਰਿਤਕ ਸੰਸਕਾਰ ਦੇ ਨਾਂ ਹੇਠ ਸਿੱਖ ਸਮਾਜ ਵਲੋਂ ਰਚਾਏ ਜਾਂਦੇ ਅਨਗਿਣਤ ਸਮਾਗਮਾਂ ਵਿਚ ਗੁਰਮਤਿ ਵਿਰੋਧੀ ਕਰਮਕਾਂਡਾਂ ਦਾ ਖਿਲਾਰਾ ਆਮ ਹੀ ਵੇਖਿਆ ਜਾਂਦਾ ਹੈ। ਇਸ ਸਮਾਜ ਵਿਚਲੇ ਹੋਰ ਵੀ ਘਰੇਲੂ ਸਮਾਗਮ ਬ੍ਰਾਹਮਣੀ ਕਰਮਕਾਂਡਾਂ ਦਾ ਰਸਮੀ ਬਦਲ ਮਾਤਰ ਹੀ ਹੁੰਦੇ ਹਨ। ਸਮਾਜਿਕਤਾ ਦੇ ਨਾਮ ਹੇਠ ਰਚੇ ਗਏ ਐਸੇ ਪੁਜਾਰੀ ਚਕਰਵਿਊਹ ਨੂੰ ਤੋੜਣ ਅਤੇ ਬਾਬਾ ਨਾਨਕ ਵਲੋਂ ਦਰਸਾਈਆਂ ਮਾਨਵਵਾਦੀ ਗੁਰਮਤਿ ਸੇਧਾਂ ਦੀ ਰੋਸ਼ਨੀ ਕੋਈ ਵਿਰਲਾ ‘ਹਰਿਆ ਬੂਟ’ ਤੁਰਨ ਦੀ ਹਿੰਮਤ ਵਿਖਾ ਸਕਦਾ ਹੈ। ‘ਲੋਕ ਲਾਜ’ਅਤੇ ਤਥਾਕਥਿਤ ਪੰਥ ਪ੍ਰਵਾਨਿਕਤਾ ਦੇ ਬਹਾਨਿਆਂ ਦੀ ਪ੍ਰਵਾਹ ਨਾ ਕਰਦਿਆਂ ਸਿਧਾਂਤਾਂ ਨਾਲ ਪ੍ਰਣਾਏ, ਮਿਸਾਲ ਬਣ ਕੇ ਵਿਚਰਨ ਵਾਲੇ ਸੱਜਣ ਉਂਗਲੀਆਂ ਤੇ ਗਿਣੇ ਜਾ ਸਕਦੇ ਹਨ, ਭਾਂਵੇ ਸਟੇਜਾਂ/ਸੋਸ਼ਲ ਮੀਡੀਆ ਆਦਿ ਰਾਹੀਂ ਇਸ ਰਾਹ ਤੇ ਤੁਰਨ ਦਾ ਦਾਅਵਾ ਅਨੇਕਾਂ ਹੀ ਕਰਦੇ ਹਨ।
ਪ੍ਰਿੰਸੀਪਲ ਨਰਿੰਦਰ ਸਿੰਘ ਜੀ ਜੰਮੂ ਦਾ ਇਕ ਐਸਾ ਪਰਿਵਾਰ ਹੈ ਜਿਸਨੇ ਸਮਾਜ ਵਿਚ (ਖਾਸਕਰ ਸਿੱਖ ਸਮਾਜ ਵਿਚ) ਪ੍ਰਚਲਿਤ ਹੋ ਚੁਕੀਆਂ ਮਨਮੱਤਾਂ ਨੂੰ ਪੂਰਨ ਤਿਲਾਂਜਲੀ ਦੇਕੇ, ਪੁਜਾਰੀਆਂ ਦੇ ਵਿਰੋਧ ਨੂੰ ਦ੍ਰਿੜਤਾ ਨਾਲ ਨਕਾਰਦਿਆਂ ਸਿਰਫ ਤੇ ਸਿਰਫ ਨਾਨਕੀ ਸੇਧਾਂ ਵਿਚ ਤੁਰਨ ਦੀ ਮਿਸਾਲ ਕਾਇਮ ਕਰਦਿਆਂ, ਹਮੇਸ਼ਾਂ ਵਾਂਗ ਇਕ ਹੋਰ ਕਦਮ ਪੁੱਟਿਆ ਹੈ।   
ਤਾਜ਼ਾ ਮਿਸਾਲ ਉਨ੍ਹਾਂ ਦੇ ਪਿਤਾ ਸ੍ਰ. ਰਾਜਿੰਦਰ ਸਿੰਘ ਜੀ ਦੇ ਸੰਜੋਗ (ਜਨਮ) ਤੋਂ ਵਿਯੋਗ (ਮ੍ਰਿਤੂ) ਤੱਕ ਦੇ ਅਟੱਲ ਸਫਰ ਦੇ ਮੁਕੰਮਲ ਹੋਣ ਮੌਕੇ ਵੇਖਣ ਨੂੰ ਮਿਲੀ। ਇਸ ਮ੍ਰਿਤਕ ਸੰਸਕਾਰ ਨੂੰ ਸ਼ਬਦ ਗੁਰੂ ਦੀ ਸੇਧ ਅਤੇ ਨਾਨਕ ਵਿਚਾਰਧਾਰਾ ਦੇ ਸ਼ੁੱਧ ਸੰਦੇਸ਼ ਦੇਣ ਦਾ ਮਾਧਿਅਮ ਬਣਾਉਣ ਲਈ ਪ੍ਰਿੰਸੀਪਲ ਜੀ ਦੇ ਭਰਾਤਾ ਸ੍ਰ. ਜਗਜੀਤ ਸਿੰਘ ਜੀ, ਸ੍ਰ. ਅਮਰਜੀਤ ਸਿੰਘ ਜੀ ਅਤੇ ਸ੍ਰ. ਅਜੀਤ ਸਿੰੰਘ ਜੀ ਪੁੰਛ ਨੇ ਸਣੇ ਪਰਿਵਾਰ ਨੇ ਜਿਸ ਮਜ਼ਬੂਤੀ ਨਾਲ ਗੁਰਮਤਿ ਨਾਲ ਜੋੜੀਆਂ ਸਮਾਜਿਕ ਰਸਮਾਂ ਦੇ ਮੱਕੜਜਾਲ ਨੂੰ ਤੋੜਣ ਦਾ ਹੌਂਸਲਾ ਵਿਖਾਇਆ ਹੈ, ਉਹ ਗੁਰਮਤਿ ਪ੍ਰਣਾਇ ਜੀਵਨ ਦੀ ਇਕ ਮਜ਼ਬੂਤ ਮਿਸਾਲ ਹੈ। ਵਰਨਾ ਐਸੇ ਨਾਜ਼ੁਕ ਮੌਕੇ ਜੇ ਕੋਈ ਮਨੁੱਖ ਸਹੀ ਸੋਚ ਅਪਨਾਉਣ ਦਾ ਯਤਨ ਕਰਦਾ ਹੈ ਤਾਂ ਪਰਿਵਾਰ ਦੇ ਬਾਕੀ ਮੈਂਬਰ ਖਿਲਾਫ ਖੜੇ ਹੋ ਜਾਂਦੇ ਹਨ। ਇਸ ਹਾਂ-ਪੱਖੀ ਜ਼ੁਰੱਤ ਅਤੇ ਪਹੁੰਚ ਲਈ ਇਹ ਸਾਰਾ ਪਰਿਵਾਰ ਹੀ ਵਧਾਈ ਦਾ ਪਾਤਰ ਹੈ।
 ਸਮਾਜ  ਜਨਮ ਤੋਂ ਮੌਤ ਤੱਕ ਸਾਰੇ ਸੰਸਕਾਰਾਂ ਸਮੇਂ, ਥੋਥੀਆਂ ਰਸਮਾਂ ਅਤੇ ਬੇਮਤਲਬ ਕਰਮਕਾਂਡਾਂ ਦਾ ਜਾਲ  ਵਿਚ ਜਕੜਿਆ ਪਿਆ ਹੈ।  ਇਸ ਪਰਿਵਾਰ ਨੇ ਐਸੇ ਕਿਸੇ ਵੀ ਕਰਮਕਾਂਡ ਤੋਂ ਦੂਰ ਰਹਿਣ ਦਾ ਹਮੇਸ਼ਾਂ ਹੀ ਹੌਂਸਲਾ ਵਿਖਾਇਆ ਹੈ। ਮ੍ਰਿਤਕ ਸ਼ਰੀਰ ਦੇ ਸੰਸਕਾਰ ਵੇਲੇ ਕਿਸੇ ਵਹਿਮ ਭਰਮ/ਗਲਤ ਰਸਮੀ ਮਨੌਤ ਨੂੰ ਮਾਨਤਾ ਨਹੀਂ ਦਿਤੀ ਗਈ। ਸ੍ਰ. ਰਾਜਿੰਦਰ ਸਿੰਘ ਜੀ ਦੀ ਨੂੰਹ ਬੀਬੀ ਮਨਜੀਤ ਕੌਰ ਜੀ ਨੇ ਮ੍ਰਿਤਕ ਸ਼ਰੀਰ ਨੂੰ ਅਗਨ ਭੇਂਟ ਕੀਤਾ ਜਦਕਿ ਉਨ੍ਹਾਂ ਦੇ ਚਾਰੋ ਪੁੱਤਰ ਉਥੇ ਹਾਜ਼ਿਰ ਸਨ। ਅਗਨ ਭੇਂਟ ਕਰਨ ਤੋਂ ਬਾਅਦ ਕੋਈ ਰਸਮ (ਸੋਹਿਲਾ ਆਦਿ)  ਨਹੀਂ ਕੀਤੀ ਗਈ । ਨਾ ਹੀ ‘ਦੇਵੀ ਭਗੌਤੀ’ ਨੂੰ ਧਿਆਉਂਦੀ ਕੋਈ ਅਰਦਾਸ ਕੀਤੀ ਗਈ। ਸ਼ਮਸ਼ਾਨ ਘਾਟ ਤੇ ਹੀ ਪਰਿਵਾਰ ਵਲੋਂ ਪ੍ਰਿੰ. ਨਰਿੰਦਰ ਸਿੰਘ ਨੇ ਸੰਗਤਾਂ ਨੂੰ ਖੁੱਦ ਸੰਬੋਧਨ ਕੀਤਾ ਅਤੇ ਅਗਨ ਭੇਂਟ ਤੱਕ ਦੇ ਸਫਰ ਨੂੰ ਹੀ ਅੰਤਿਮ ਸੰਸਕਾਰ ਐਲਾਣ ਕਰਦਿਆਂ ਕਿਹਾ ਕਿ ਚਲੇ ਗਏ ਪ੍ਰਾਣੀ ਨਾਲ ਸੰਬੰਧਤ ਹੋਰ ਕੋਈ ਰਸਮ ਬਾਕੀ ਨਹੀਂ ਰਹਿ ਗਈ। ਆਮ ਸਮਾਜ ਵਾਂਗੂ ਪਰਿਵਾਰ ਨੇ ‘ਚੌਥੇ ਦੀ ਪ੍ਰਚਲਿਤ ਮਨਮੱਤੀਂ ਰਸਮ’ ਸੰਬੰਧੀ ਵੀ ਕੋਈ ਸੂਚਨਾ ਉਥੇ ਨਹੀਂ ਦਿਤੀ। ਹਾਂ, ਸਮਾਜ ਨੂੰ ਗੁਰਮਤਿ ਦੀ ਸੇਧ ਵਿਚ ਇਕ ਉਸਾਰੂ ਸੇਧ ਦੇਣ ਅਤੇ ਇਕ ਨਿਵੇਕਲੀ ਮਿਸਾਲ ਸਥਾਪਿਤ ਕਰਨ ਦੇ ਮਕਸਦ ਨਾਲ 21 ਜਨਵਰੀ 2018 ‘ਗੁਰਮਤਿ ਸਮਾਗਮ’ ਕਰਨ ਦਾ ਐਲਾਣ ਕੀਤਾ।
ਇਸ ਕ੍ਰਾਂਤੀਕਾਰੀ ਕਦਮ ਨਾਲ ਹੀ, ਲੰਮੇ ਸਮੇਂ ਤੋਂ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੀ, ਮਨਮੱਤੀਂ ਰਸਮਾਂ ’ਤੇ ਪਲਦੀ ਪੁਜਾਰੀ-ਸਿਆਸੀ ਗਠਜੋੜ ਸ਼੍ਰੇਣੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਨੇ ‘ਧਰਮ ਖਤਰੇ ਵਿਚ ਹੈ’ ਦਾ ਰਾਗ ਅਲਾਪਦੇ ਬਾਈਕਾਟ ਅਤੇ ਧਮਕੀਆਂ ਦਾ ਪੁਰਾਣਾ ਖੇਲ ਖੇਲਣਾ ਸ਼ੁਰੂ ਕਰ ਦਿਤਾ। ਪੁਜਾਰੀ ਵਿਵਸਥਾ ਵਲੋਂ ਵੀਰ ਜਗਜੀਤ ਸਿੰਘ ਜੀ ਨੂੰ ਇਕ ਖੱਤ ਰਾਹੀਂ ਰਹਿਤ ਮਰਿਯਾਦਾ ਦੀ ਉਲੰਘਣਾ ਅਤੇ ਉੱਠੇ ਵਿਵਾਦ ਲਈ ਸਪਸ਼ਟੀਕਰਨ ਰੂਪੀ ਵਿਚਾਰ ਲਈ ਬੁਲਾਇਆ ਗਿਆ। ਪਰਿਵਾਰ ਨੇ ਪੁਜਾਰੀ ਵਿਵਸਥਾ ਸਾਹਮਣੇ ਪੇਸ਼ ਹੋਣ ਦੀ ਬਜਾਏ , ਆਪਣਾ ਸਟੈਂਡ ਸਪਸ਼ਟ ਕਰਦਿਆਂ ਕਿਹਾ ਕਿ ਅਸੀਂ ਸਿੱਖ ਰਹਿਤ ਮਰਿਯਾਦਾ, ਅਕਾਲ ਤਖਤ ਦੀ ਪ੍ਰਚਲਿਤ ਪੁਜਾਰੀਵਾਦੀ ਵਿਵਸਥਾ ਆਦਿ ਨੂੰ, ਗੁਰਮਤਿ ਵਿਰੁਧ ਜਾਣ ਕੇ, ਕੋਈ ਮਾਨਤਾ ਨਹੀਂ ਦਿੰਦੇ ਸਾਡੇ ਲਈ ਕਿਸੇ ਵੀ  ਮਰਿਯਾਦਾ ਦੀ ਉਲੰਘਣਾ ਅਤੇ ਪੁਜਾਰੀ ਵਿਵਸਥਾ ਦਾ ਵਿਰੋਧ ਕੋਈ ਗੁਨਾਹ ਨਹੀਂ ਹੈ। ਹਾਂ, ਜੇ ਕੋਈ ਸੰਸਥਾ ਜਾਂ ਵਿਅਕਤੀ ਇਸ ਰਹਿਤ ਮਰਿਯਾਦਾ ਜਾਂ ਗੁਰਮਤਿ ਦੇ ਕਿਸੇ ਹੋਰ ਵਿਸ਼ੇ ਤੇ ਗੁਰਮਤਿ ਦੀ ਕਸਵੱਟੀ ਤੇ ਕੋਈ ਸੰਵਾਦ ਰਚਾਉਣਾ  ਚਾਹੁੰਦਾ ਹੋ ਤਾਂ ਉਸ ਦਾ ਸੁਆਗਤ ਹੈ।
ਪੁਣਛ ਦੀ ਇਸ ਛੋਟੀ ਜਿਹੀ ਰਮਨੀਕ ਵਾਦੀ ਵਿਚ ਗੁਰਮਤਿ ਵਿਰੋਧੀ ਪੁਜਾਰੀ ਪ੍ਰੰਪਰਾ ਤੇ ਇਸ ਕਰਾਰੀ ਚੋਟ ਤੋਂ ਪੂਰੀ ਤਰਾਂ ਬੌਖਲਾਏ ਗੁਰਦੁਆਰਿਆਂ ਤੇ ਕਾਬਜ਼ ਸਿਆਸੀ ਮਹੰਤਾਂ, ਟੋਹੜਾਂ ਵੰਸ਼ਜਾਂ ਨੇ ਮੀਣਾ-ਮਸੰਦ ਮਾਨਸਿਕਤਾ ਦਾ ਮੁਜ਼ਾਹਿਰਾ ਕਰਦਿਆਂ, ਇਲਾਕੇ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ ਨੂੰ ਇਕ ਗਸ਼ਤੀ ਪੱਤਰ ਰਾਹੀਂ ਪਰਿਵਾਰ/ਸਮਾਗਮ ਦਾ ਬਾਈਕਾਟ ਕਰਨ ਅਤੇ ਸ਼ਬਦ ਗੁਰੂ ਗ੍ਰਂੰਥ ਸਾਹਿਬ ਜੀ ਦਾ ਸਰੂਪ ਨਾ ਦੇਣ ਦਾ ਹੁਕਮ ਚਾੜ ਦਿਤਾ। ਜੇ ਸਰੂਪ ਦੇਣਾ ਹੈ ਤਾਂ ਇਸ ਸ਼ਰਤ ਤੇ ਦੇਣ ਕਿ ਸਮਾਗਮ ਵਿਚ ਉਨ੍ਹਾਂ ਦਾ ਗ੍ਰੰਥੀ ਭਗੌਤੀ (ਦੇਵੀ) ਉਸਤਤ ਵਾਲੀ ਅਰਦਾਸ ਕਰੇਗਾ। ਪਰਿਵਾਰ ਨੇ ਇਸ ਨਜ਼ਾਇਜ ਮੰਗ ਨੂੰ ਸਿਰੇ ਤੋਂ ਨਕਾਰਦਿਆਂ, ਕਿਸੇ ਵੀ ਦਬਾਅ ਦੀ ਪ੍ਰਵਾਹ ਕੀਤੇ ਬਿਨਾ, ਦ੍ਰਿੜਤਾ ਨਾਲ ਸ਼ਬਦ ਗੁਰੂ ਦੀ ਸੇਧ ਵਿਚ ਆਪਣੇ ਫੈਸਲੇ ਤੇ ਡਟੇ ਰਹਿਣ ਦਾ ਸੰਕਲਪ ਦੋਹਰਾਇਆ।
ਇਸ ਵਿਲੱਖਣ ਅਤੇ ਇਨਕਲਾਬੀ ਤੱਤ ਗੁਰਮਤਿ ਸਮਾਗਮ ਵਿਚ ਮੁੱਖ ਬੁਲਾਰੇ ਪ੍ਰੋ. ਇੰਦਰ ਸਿੰਘ ਜੀ ਘੱਗਾ ਸਨ। ਸਮਾਗਮ ਦੀ ਅਰੰਭਤਾ ਗੁਰਬਾਣੀ ਵਿਚੋਂ ਸਰਬ-ਸਾਂਝੀਵਾਲਤਾ ਤੇ ਮਨੁੱਖੀ ਭਾਈਚਾਰੇ ਦਾ ਸੰਦੇਸ਼ ਦੇਂਦੇ ਅਤੇ ਕਰਮਕਾਂਡੀ ਪ੍ਰੰਪਰਾਵਾਂ ਅਤੇ ਰਸਮਾਂ ਦਾ ਮਜ਼ਬੂਤੀ ਨਾਲ ਖੰਡਨ ਕਰਦੇ ਸ਼ਬਦ, ‘ਨਾ ਹਮ ਹਿੰਦੂ ਨ ਮੁਸਲਮਾਨ’, ਪੰਡਿਤ ਮੁਲਾਂ ਜੋ ਲਿਖਿ ਦੀਆ ॥ਛਾਡਿ ਚਲੇ ਹਮ ਕਛੂ ਨ ਲੀਆ’ ਦੀ ਵਿਆਖਿਆ ਅਤੇ ਗਾਇਨ ਨਾਲ ਕੀਤੀ ਗਈ। ਪੁਜਾਰੀ ਸ਼੍ਰੇਣੀ ਦੀ ਵਿਚੋਲਗੀ ਨੂੰ ਪੂਰੀ ਤਰਾਂ ਨਕਾਰਦਿਆਂ ਸ਼ਬਦ ਗਾਇਨ ਘਰ ਦੇ ਜੀਆਂ/ਮਿਤਰਾਂ/ਸਣੇਹੀਆਂ ਨੇ ਆਪ ਕੀਤਾ। ਲੁਧਿਆਣਾ ਤੋਂ ਆਏ ਨੌਜਵਾਣ ਵੀਰ ਤਨਵੀਰ ਸਿੰਘ ਨੇ ਬਾਬਾ ਨਾਨਕ ਜੀ ਦੀ ਸੇਧ ਅਨੁਸਾਰ ਦ੍ਰਿੜਤਾ ਨਾਲ ਸਾਰਿਆਂ ਨੰ ਤੁਰਨ ਦੀ ਸਲਾਹ ਦਿਤੀ। ਬਲਦੇਵ ਸਿੰਘ ਜੀ (ਗੁਰਮਤਿ ਪ੍ਰਚਾਰ ਜੱਥਾ ਦਿਲੀ) ਨੇ ਚਾਨਣਾ ਪਾਇਆ ਕੇ ਅਸੀਂ ‘ਲੋਕ-ਲਾਜ’ ਦੇ ਦਬਾਅ ਹੇਠ ਗੁਰਮਤਿ ਵਿਰੋਧੀ ਰਸਮਾਂ ਨੂੰ ਨਿਬਾਹੀ ਜਾ ਰਹੇ ਹਾਂ। ਸ੍ਰ. ਉਪਕਾਰ ਸਿੰਘ ਜੀ ਫਰੀਦਾਬਾਦ ਨੇ ਅਖੌਤੀ ਦਸਮ ਗ੍ਰੰਥ ਦੇ ਗੁਰਮਤਿ ਵਿਰੋਧੀ ਸਰੂਪ ਬਾਰੇ ਸੰਗਤਾਂ ਨੂੰ ਸੁਚੇਤ ਕਰਦਿਆਂ ਆਪ ਇਸ ਨੂੰ ਪੜਣ ਦਾ ਹੋਕਾ ਦਿਤਾ। ਦਾਸ (ਰਵਿੰਦਰ ਸਿੰਘ) ਨੇ ਇਹ ਕੀਮਤੀ ਨੁਕਤਾ ਲੋਕਾਂ ਨਾਲ ਸਾਂਝਾ ਕੀਤਾ ਕਿ ਸਮਾਜ ਵਿਚ ਕਿਸੇ ਦੇ ਦੇਹਾਂਤ ਤੇ ਮੈਨੂੰ ਅਫਸੋਸ ਇਸ ਗੱਲ ਦਾ ਨਹੀਂ ਹੁੰਦਾ ਕਿ ਕਿਸੇ ਦਾ ਦੇਹਾਂਤ ਹੋ ਗਿਆ, ਕਿਉਂਕਿ ਇਹ ਸੱਚਾਈ ਤਾਂ ਕੁਦਰਤੀ ਅਟੱਲ ਹੈ। ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਅਸੀਂ ਉਸ ਮ੍ਰਿਤਕ ਦੇਹ ਨੂੰ ‘ਭੰਗ ਦੇ ਭਾੜੇ’ ਨਸ਼ਟ ਕਰ ਦੇਣੇ ਹਾਂ (ਜਲਾ/ਦਬਾ/ਪ੍ਰਵਾਹ ਆਦਿ ਰਾਹੀਂ) ਜਿਸ ਦੇ ਅਨੇਕਾਂ ਕੀਮਤੀ ਅੰਗ (ਅੱਖਾਂ, ਦਿਲ, ਗੁਰਦੇ ਆਦਿ) ਹੋਰ ਜ਼ਿੰਦਾ ਲੋਕਾਂ ਦੇ ਸ਼ਰੀਰ ਵਿਚ ਫਿਟ ਕੀਤੇ ਜਾ ਸਕਦੇ ਹਨ। ਇਸ ਨੁਕਤੇ ਤੇ, ਸਾਡੇ ਤੋਂ ਤਾਂ ਜਾਨਵਰ ਚੰਗੇ ਹਨ ਜਿਨ੍ਹਾਂ ਦੇ ਮ੍ਰਿਤਕ ਸ਼ਰੀਰ ਨਾਲ ਸਮਾਜ ਵਿਚ ਆਮ ਵਰਤੋਂ ਦੀਆਂ ਵਸਤਾਂ ਬਣਾਈਆਂ ਜਾਂਦੀਆਂ ਹਨ।
ਪ੍ਰੋ. ਇੰਦਰ ਸਿੰਘ ਜੀ ਘੱਗਾ ਨੇ ਪੁਜਾਰੀ ਜਮਾਤ ਵਲੋਂ ਲੋਕਾਈ ਨੂੰ ਗੁੰਮਰਾਹ ਕਰਨ ਦੀ ਸੋਚ ਦਾ ਪਰਤ ਦਰ ਪਰਤ ਠੋਸ ਦਲੀਲਾਂ ਰਾਹੀਂ ਪਰਦਾਫਾਸ਼ ਕੀਤਾ। ਉਨ੍ਹਾਂ ਸਮਝਾਇਆ ਕਿ ਅਖੌਤੀ ਸੰਤ ਬਾਬਿਆਂ ਦੇ ਨਾਂ ‘ਤੇ ਲੋਕਾਂ ਦੀ ਮਿਹਨਤ ਦੀ ਕਮਾਈ ਦੀ ਲੁੱਟ ਤੇ ਪਲ ਰਹੀਆਂ ਪੁਜਾਰੀਵਾਦੀ ਜੋਕਾਂ ਨਾਲੋਂ ਉਹ ਵਿਗਿਆਨੀ ਹਜ਼ਾਰ ਦਰਜ਼ੇ ਚੰਗੇ ਹਨ ਜੋ ਰੱਬੀਂ ਨਿਯਮਾਂ ਨੂੰ ਸਮਝ ਕੇ ਕੀਮਤੀ ਖੋਜਾਂ ਰਾਹੀਂ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਆਮ ਲੋਕਾਈ ਉਨ੍ਹਾਂ ਦੀ ਮਹਾਨ ਘਾਲਨਾਵਾਂ ਨੂੰ ਭੁਲਾ ਕੇ, ਇਨ੍ਹਾਂ ਅਖੌਤੀ ਪੁਜਾਰੀ ਲੋਕਾਂ ਦੇ ਮਾਨਸਿਕ ਗੁਲਾਮ ਬਨਣ ਵਿਚ ਹੀ ਖੁਸ਼ੀ ਮਹਿਸੂਸ ਕਰ ਰਹੀ ਹੈ।
ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਪ੍ਰਿੰ. ਨਰਿੰਦਰ ਸਿੰਘ ਜੀ ਜੰਮੂ ਨੇ ਲੋਕਾਂ ਨੂੰ ਇਤਿਹਾਸਿਕ ਹਵਾਲਿਆਂ ਅਤੇ ਗੁਰਮਤਿ ਦਲੀਲਾਂ ਨਾਲ ਪੁਣਛ ਦੇ ਗੁਰਦੁਆਰਿਆਂ ਦੇ ਕਾਬਜ਼ ਮੀਣੀ ਮਾਨਸਿਕਤਾ ਦੇ ਲੋਕਾਂ ਬਾਰੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਪਰਿਵਾਰ ਨੂੰ ਸਰੂਪ ਨਾ ਦੇਣ ਅਤੇ ਬਾਈਕਾਟ ਦਾ ਪ੍ਰਪੰਚ ਉਵੇਂ ਹੀ ਰਚਿਆ ਜਿਵੇਂ ਮੀਣਿਆਂ ਨੇ ਬਾਬਾ ਤੇਗ ਬਹਾਦੁਰ ਜੀ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਦਾਖਲ ਹੋਣ ਤੋਂ ਰੋਕ ਦਿਤਾ ਸੀ ਅਤੇ ਛੇਵੇਂ ਪਾਤਸ਼ਾਹ ਹਰਿਗੋਬਿੰਦ ਜੀ ਨੂੰ ਆਦਿ ਬੀੜ ਦੇਣ ਤੋਂ ਇਨਕਾਰ ਕਰ ਦਿਤਾ ਸੀ। ਨਰਿੰਦਰ ਸਿੰਘ ਜੀ ਨੇ ਸਬੂਤ ਪੇਸ਼ ਕੀਤੇ ਕਿ ਇਸ ਗਠਜੋੜ (ਜੋ ਰਹਿਤ ਮਰਿਯਾਦਾ ਦੀ ਦੁਹਾਈ ਦੇ ਰਿਹਾ ਹੈ) ਵਿਚਲੇ ਲੋਕ ਮੜੀਆਂ ਤੇ ਬਣਾਏ ਗੁਰਦੁਆਰਿਆਂ ਵਿਚ ‘ਅੰਮ੍ਰਿਤ ਸੰਚਾਰ’ ਸਮਾਗਮਾਂ ਵਿਚ ਸ਼ਾਮਿਲ ਹੋ ਇਸ ਮਰਿਯਾਦਾ ਦੀਆਂ ਧੱਜੀਆਂ ਆਪ ਹੀ ਉਡਾਂਦੇ ਰਹੇ ਹਨ ਅਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਦੀ ਹਜ਼ੂਰੀ ਵਿਚ ਪ੍ਰਣ ਕਰਕੇ ਉਸਨੂੰ ਪਿੱਠ ਵਿਖਾ ਚੁਕੇ ਹਨ। ਉਨ੍ਹਾਂ ਨੇ ‘ਟੋਹੜਾ ਮਾਨਿਸਕਤਾ’ ਦੇ ਲੋਕਾਂ ਦੀ ਪਛਾਣ ਕਰਨ ਦਾ ਹੋਕਾ ਦਿੰਦਿਆਂ ਇਨ੍ਹਾਂ ਦੇ ਚੰਗੁਲ ਵਿਚੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਪ੍ਰੇਰਿਆ। ਜਿਹੜੇ ਸਿਆਸੀ ਲੋਕ ‘ਧਰਮੀਆਂ’ ਦਾ ਭੇਖ ਧਾਰਕੇ ਗੁਰਦੁਆਰਿਆਂ ਤੇ ਕਬਜ਼ਾ ਕਰੀ ਬੈਠੇ ਹਨ ਉਨ੍ਹਾਂ ਦਾ ਗੁਰਮਤਿ ਸਮਝ ਜਾਂ ਪ੍ਰਚਾਰ ਨਾਲ ਕੋਈ ਲੈਣਾ ਦੇਣਾ ਨਹੀਂ। ਸਟੇਜ ਤੋਂ ਹੀ ਸਿੱਖ ਰਹਿਤ ਮਰਿਯਾਦਾ, ਪ੍ਰਚਲਿਤ ਅਕਾਲ ਤਖਤੀ ਕਚਹਿਰੀ ਰੂਪ ਪੁਜਾਰੀ ਵਿਵਸਥਾ, ਪੰਥ ਪ੍ਰਵਾਨਿਕਤਾ ਆਦਿ ਦੇ ਨਾਂ ਤੇ ਗੁਰਮਤਿ ਉਲਟ ਪ੍ਰੰਪਰਾਵਾਂ/ਮਾਨਤਾਵਾਂ ਨੂੰ ਸਮਾਜ ਤੇ ਥੋਪਣ ਦੀ ਪ੍ਰਵਿਰਤੀ ਨੂੰ ਨਕਾਰਣ ਦਾ ਐਲਾਣ ਕੀਤਾ ਗਿਆ ਜਿਸ ਦਾ ਸੁਆਗਤ ਸੰਗਤ ਨੇ ਜੈ-ਕਾਰਿਆਂ ਦੀ ਗੁੰਜ ਰਾਹੀਂ ਕੀਤਾ। ਪ੍ਰਿੰ. ਨਰਿੰਦਰ ਸਿੰਘ ਜੀ ਨੇ ਗੁਰਮਤਿ ਦਾ ਇਹ ਕੀਮਤੀ ਨੁਕਤਾ ਵੀ ਸਾਂਝਾ ਕੀਤਾ ਕਿ ਗੁਰਮਤਿ ਫਲਸਫੇ ਅਨੁਸਾਰ ‘ਗੁਰੂ ਅਕਾਲ ਪੁਰਖ (ਗਿਆਨ ਰੂਪ ਵਿਚ) ਆਪ ਹੁੰਦਾ ਹੈ ਅਤੇ ਕਿਸੇ ਦੇਹਧਾਰੀ ਨਾਲ ਗੁਰੂ ਵਿਸ਼ੇਸ਼ਨ ਦੀ ਵਰਤੋਂ ਬਾਬਾ ਨਾਨਕ ਦੀ ਸੇਧ ਨੂੰ ਪਿੱਠ ਵਿਖਾਉਣ ਦੇ ਤੁੱਲ ਹੈ ਕਿਉਂਕਿ ਬਾਬੇ ਨੇ ਆਪ ਹੀ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਰਾਹੀਂ ‘ਗੁਰੂ ਡੰਮ’ ਦੀ ਪ੍ਰਵਿਰਤੀ ਨੂੰ ਨਕਾਰ ਦਿਤਾ ਸੀ। ਉਨ੍ਹਾਂ ਕਿਹਾ ਕਿ ਅੱਜ ਬਹੁਤੇ ਜਾਗਰੂਕ ਕਹਾਉਂਦੇ ਪ੍ਰਚਾਰਕ ‘ਗਿਆਨ ਗੁਰੂ ਹੁੰਦਾ ਹੈ, ਦੇਹ ਨਹੀਂ’ ਦਾ ਰਾਗ ਅਲਾਪ ਜ਼ਰੂਰ ਰਹੇ ਹਨ ਪਰ ਵਿਵਹਾਰ ਵਿਚ ਆਪ ਹੀ ‘ਦੇਹਧਾਰੀਆਂ’ ਨੂੰ ਗੁਰੂ ਕਹੀ ਜਾ ਰਹੇ ਹਨ। ਸਟੇਜ ਤੋੌਂ ਇਹ ਵੀ ਮੌਕਾ ਦਿਤਾ ਗਿਆ ਕਿ ਸੰਗਤ ਵਿਚੋਂ ਜੇ ਕੋਈ ਵੀ ਸੱਜਣ ਸਮਾਗਮ ਵਿਚ ਬੋਲਣ ਵਾਲੇ ਕਿਸੇ ਵੀ ਬੁਲਾਰੇ ਤੋਂ ਜਾਂ ਗੁਰਮਤਿ ਸੰਬੰਧੀ ਕੋਈ ਵੀ ਸਵਾਲ ਕਰਨਾ ਚਾਹੁੰਦਾ ਹੈ ਤਾਂ ਉਹ ਬੇ-ਹਿਚਕ ਸਮਾਗਮ ਦੇ ਅੰਤ ਵਿਚ ਕਰ ਸਕਦਾ ਹੈ। ਐਸੀ ਉਸਾਰੂ ਰੂਚੀ ਸਿੱਖ ਸਮਾਜ ਵਿਚਲੇ ਸਮਾਗਮਾਂ ਵਿਚ ਸ਼ਾਇਦ ਹੀ ਕੀਤੇ ਮਿਲਦੀ ਹੈ, ਜੋ ਹੈ ਬਹੁਤ ਜ਼ਰੂਰੀ।
ਸਮਾਗਮ ਸਥਾਨ ਦੇ ਨਾਲ ਹੀ ਦੋ ਵੱਡ ਆਕਾਰੀ ਫਲੈਕਸ ਬੈਨਰ ਲਗਾ ਕੇ ਪੁੰਛ ਵਿਚਲੀਆਂ ਨਰਾਜ਼ ਪੁਜਾਰੀ ਮਾਨਸਿਕਤਾ ਵਾਲੀਆਂ ਧਿਰਾਂ ਨੂੰ ਗੁਰਮਤਿ ਸੰਬੰਧੀ ਕਿਸੇ ਵੀ ਵਿਸ਼ੇ ਤੇ ਸੰਵਾਦ ਲਈ ਖੁੱਲਾ ਸੱਦਾ ਦਿਤਾ ਗਿਆ। ਸਟੇਜ ਤੋਂ ਵੀ ਇਹ ਐਲਾਣ ਕੀਤਾ ਗਿਆ ਕਿ ਕੋਈ ਵੀ ਧਿਰ ਜਾਂ ਸੱਜਣ ‘ਗੁਰਬਾਣੀ’ ਦੀ ਕਸਵੱਟੀ ਤੇ ਕਿਸੇ ਵਿਸ਼ੇ ਤੇ ਸੰਵਾਦ ਰਚਾਉਣਾ ਚਹਾਉਂਦਾ ਹੈ ਤਾਂ ਉਸ ਦਾ ਸੁਆਗਤ ਹੈ ਪਰ ਬਾਈਕਾਟ ਅਤੇ ਧਰਮਕੀਆਂ/ਫਤਵਿਆਂ ਦੀ ਸਾਨੂੰ ਕੋਈ ਪ੍ਰਵਾਹ ਨਹੀਂ।
ਸਮਾਗਮ ਦੀ ਸਮਾਪਤੀ ਤੇ ਪ੍ਰਚਲਿਤ ਗੁਰਮਤਿ ਵਿਰੋਧੀ ਦੇਵੀ ਭਗੌਤੀ ਦੇ ਸਿਮਰਨ ਵਾਲੀ ਅਰਦਾਸ ਨਹੀਂ ਕੀਤੀ ਗਈ। ਵੀਰ ਜਗਜੀਤ ਸਿੰਘ ਜੀ ਨੇ ਅਕਾਲ ਪੁਰਖ ਨੂੰ ਸਿੱਧੇ ਸੰਬੋਧਿਤ, ਬੇਨਤੀ ਰੂਪ ਇਨਕਲਾਬੀ ਅਰਦਾਸ ਆਪ ਹੀ ਕੀਤੀ।
ਸੰਵਾਦ ਲਈ ਖੁੱਲ੍ਹਾਂ ਸੱਦਾ ਦੇਣ ਦੇ ਬਾਵਜੂਦ, ਗੁਲਾਮ ਮਾਨਸਿਕਤਾ ਵਾਲੀਆਂ ਧਿਰਾਂ ਨੇ ਪਰਿਵਾਰ ਦਾ ਅੰਨ੍ਹਾਂ ਵਿਰੋਧ ਕਰਨ ਦਾ ਰਾਹ ਹੀ ਅਪਨਾਇਆ। ਇਕ ਪ੍ਰੈਸ ਕਾਨਫਰਾਂਸ ਰਾਹੀਂ ਕਾਬਜ਼ ਪੁਜਾਰੀ ਸਿਆਸੀ ਲੋਕਾਂ ਨੇ ਪਰਿਵਾਰ ਨੂੰ ਅਖੌਤੀ ਪੰਥ ਚੋਂ ਛੇਕਣ ਦੀਆਂ ਧਮਕੀਆਂ ਅਤੇ ਦੇਸ਼ ਵਿਰੋਧੀ ਏਜੰਸੀਆਂ ਦੇ ਬੰਦੇ ਹੋਣ ਦਾ ਇਲਜ਼ਾਮ ਲਗਾਉਂਦਿਆਂ, ਆਪਣੀ ਅਕਲ ਅਤੇ ਗੁਰਮਤਿ ਸਮਝ ਦੇ ਦੀਵਾਲੀਏਪਨ ਦਾ ਹੀ ਸਬੂਤ ਦਿਤਾ ਗਿਆ। ਅਫਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਧਿਰਾਂ ਵਿਚ ਰਾਜਨੀਤਕ, ਡੇਰਾਵਾਦੀ ਸੰਪਰਦਾਈ ਧਿਰਾਂ ਦੇ ਨਾਲ ਨਾਲ ਮਿਸ਼ਨਰੀ ਕਾਲਜਾਂ ਅਤੇ ਫੈਡਰੇਸ਼ਨ ਨਾਲ ਜੁੜੇ ਸੱਜਣ ਵੀ ਸ਼ਾਮਿਲ ਜੋ ਆਪਣੇ ਆਪ ਨੂੰ ਬਹੁਤੇ ਗੁਰਮਤਿ ਦੇ ਧਾਰਨੀ ਸਮਝਦੇ ਹਨ। ਵਿਰੋਧ ਕਰਨ ਵਾਲੇ ਸੱਜਣ ਇਹ ਭੁੱਲ ਗਏ ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਇਸ਼ਟ ਜਾਂ ਪੂਜਾ-ਪੱਧਤੀ ਨੂੰ ਅਪਨਾਉਣ ਦਾ ਹੱਕ ਦਿੰਦਾ ਹੈ ਅਤੇ ਕਿਸੇ ਵੀ ਪ੍ਰਚਲਿਤ ਫਿਰਕੂ ਮਾਨਤਾ/ਪ੍ਰੰਪਰਾ ਨੂੰ ਕਿਸੇ ਤੇ ਧੱਕੇ/ਧਮਕੀ ਨਾਲ ਥੋਪਣ ਦੇ ਯਤਨ ਕਾਨੂੰਨ ਅਤੇ ਗੁਰਮਤਿ ਦੇ ਵਿਰੁਧ ਹਨ। ਜੇ ਇਹ ਪਰਿਵਾਰ ਜਾਂ ਕੋਈ ਹੋਰ ਕਿਸੇ ਗੁਰਦੁਆਰੇ (ਜਾਂ ਹੋਰ ਕਿਸੇ ਪੂਜਾ ਸਥਲ) ਤੇ ਜਾ ਕੇ ਧੱਕੇ ਨਾਲ ਕੁਝ ਬਦਲਣ ਦਾ ਯਤਨ ਕਰੇ ਤਾਂ ਉਹ ਗਲਤ ਮੰਨਿਆ ਜਾ ਸਕਦਾ ਹੈ। ਪਰ ਕਿਸੀ ਨਿੱਜੀ ਸਮਾਗਮ/ਪ੍ਰੋਗਰਾਮ ਬਾਰੇ ਐਸਾ ਇਤਰਾਜ਼ ਕਰਦਿਆਂ ਭੰਡੀ ਪ੍ਰਚਾਰ ਕਰਨਾ ਗੁਰਮਤਿ ਅਤੇ ਕਾਨੂੰਨ ਵਿਰੁਧ ਮੰਨਿਆ ਜਾਵੇਗਾ।
 ਬਾਬਾ ਨਾਨਕ ਵਲੋਂ ਬਖਸ਼ੀ ਵਿਚਾਰਧਾਰਕ ਸੇਧ ਵਿਚ ਪੁਜਾਰੀ ਪ੍ਰੰਪਰਾਵਾਂ, ਫਤਵਿਆਂ ਅਤੇ ਧਮਕੀਆਂ ਨੂੰ ਨਕਾਰਦੇ, ਨਿਰੋਲ ਗੁਰਮਤਿ ਦੀ ਰੋਸ਼ਨੀ ਵਿਚ ਕੀਤਾ ਗਿਆ ਇਹ ਇਤਿਹਾਸਿਕ ਸਮਾਗਮ ‘ਪੁਨਰਜਾਗਰਨ’ ਦੇ ਸਫਰ ਵਿਚ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ। ਇਸ ਲਈ ਇਹ ਸਾਰਾ ਪਰਿਵਾਰ ਹੀ ਪ੍ਰਸ਼ੰਸ਼ਾ ਅਤੇ ਵਧਾਈਆਂ ਦਾ ਪਾਤਰ ਹੈ। ਆਸ ਹੈ ਹੋਰ ਵੀ ਜਾਗਰੂਕ ਕਹਾਉਂਦੇ ਸੱਜਣ ਆਪਣੇ ਘਰੇਲੂ ਸਮਾਗਮਾਂ ਰਾਹੀਂ ‘ਗੁਰਮਤਿ ਇਨਕਲਾਬ’ ਨੂੰ ਸਮਰਪਿਤ ਹੋਣ ਦਾ ਯਤਨ ਕਰਣਗੇ।
ਰਵਿੰਦਰ ਸਿੰਘ
ਤੱਤ ਗੁਰਮਤਿ ਪਰਿਵਾਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.