ਕੈਟੇਗਰੀ

ਤੁਹਾਡੀ ਰਾਇ



ਤਤ ਗੁਰਮਤਿ ਪਰਿਵਾਰ
ਕੈਲੰਡਰ ਮਾਹਰ ਡਾ: ਪਾਲ ਸਿੰਘ ਪੁਰੇਵਾਲ ਦੀ ਅਗਵਾਈ ਵਿਚ ਸ਼ੁਧ ਨਾਨਕਸ਼ਾਹੀ ਕੈਲੰਡਰ ਦੀ ਕਾਇਮੀ ਲਈ ਜੰਮੂ ਵਿਖੇ ਹੋਈ ਵਿਚਾਰ ਗੋਸ਼ਟੀ
ਕੈਲੰਡਰ ਮਾਹਰ ਡਾ: ਪਾਲ ਸਿੰਘ ਪੁਰੇਵਾਲ ਦੀ ਅਗਵਾਈ ਵਿਚ ਸ਼ੁਧ ਨਾਨਕਸ਼ਾਹੀ ਕੈਲੰਡਰ ਦੀ ਕਾਇਮੀ ਲਈ ਜੰਮੂ ਵਿਖੇ ਹੋਈ ਵਿਚਾਰ ਗੋਸ਼ਟੀ
Page Visitors: 2767

ਕੈਲੰਡਰ ਮਾਹਰ ਡਾ: ਪਾਲ ਸਿੰਘ ਪੁਰੇਵਾਲ ਦੀ ਅਗਵਾਈ ਵਿਚ
ਸ਼ੁਧ ਨਾਨਕਸ਼ਾਹੀ ਕੈਲੰਡਰ ਦੀ ਕਾਇਮੀ ਲਈ ਜੰਮੂ ਵਿਖੇ ਹੋਈ ਵਿਚਾਰ ਗੋਸ਼ਟੀ
ਤੱਤ ਗੁਰਮਤਿ ਪਰਿਵਾਰ ਨੇ ਸ਼ੁਧ ਨਾਨਕਸ਼ਾਹੀ ਕੈਲੰਡਰ ਪ੍ਰਕਾਸ਼ਿਤ ਕਰਨ ਦਾ ਕੀਤਾ ਐਲਾਣ !
ਨਾਨਕਸ਼ਾਹੀ ਕੈਲੰਡਰ ਧਰਮ ਦੇ ਖੇਤਰ ਵਿਚ ਉਸ ਨਿਵੇਕਲੇ ਅਤੇ ਸਰਬ ਕਲਿਆਣਕਾਰੀ ਇਨਕਲਾਬ ਦੇ ਆਗਾਜ਼ ਦਾ ਜ਼ਾਮਨ ਹੈ, ਜਿਸ ਦਾ ਮੁੱਢ ਯੁਗਪੁਰਸ਼ ਬਾਬਾ ਨਾਨਕ ਜੀ ਨੇ ਬੰਣ੍ਹਿਆ। ਸਿੱਖ ਸਮਾਜ ਵਿਚ ਨਾਨਕਸ਼ਾਹੀ ਕੈਲੰਡਰ ਦੀ ਮੰਗ ਸੰਬੰਧੀ ਉੱਠ ਰਹੀ ਜ਼ੋਰਦਾਰ ਆਵਾਜ਼ ਦੇ ਮੱਦੇ-ਨਜ਼ਰ ਸੰਨ ੨੦੦੩ ਵਿਚ ਕੇਂਦਰੀ ਤੌਰ ਤੇ ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ। ਇਸ ਖੁਸ਼ਖਬਰੀ ਨਾਲ ਜੁੜੀ ਇਕ ਕੌੜੀ ਹਕੀਕਤ ਇਹ ਸੀ ਕਿ ਬ੍ਰਾਹਮਣੀ ਬਿਕਰਮੀ ਕੈਲੰਡਰ ਦੇ ਮੋਹ ਵਿਚ ਫਸੀਆਂ ਪੰਥ ਵਿਚਲੀਆਂ ਸੰਪਰਦਾਈਂ ਧਿਰਾਂ ਇਸ ਕੈਲੰਡਰ ਤੋਂ ਨਾ-ਖੁਸ਼ ਸਨ ਅਤੇ ਇਸ ਦਾ ਵਿਰੋਧ ਕਰ ਰਹੀਆਂ ਸਨ।
ਇਨ੍ਹਾਂ ਧਿਰਾਂ ਦੇ ਪ੍ਰਭਾਵ ਹੇਠ ਹੀ ੨੦੦੩ ਵਿਚਲੇ ਕੈਲੰਡਰ ਵਿਚ ਕਈਂ ਬਿਕਰਮੀ ਕੈਲੰਡਰ ਵਾਲੇ ਅੰਸ਼ ਵੀ ਸ਼ਾਮਿਲ ਕਰ ਲਏ ਗਏ। ਪੰਥਕ ਏਕਤਾ ਦੀ ਦੁਹਾਈ ਹੇਠ ਪੰਥ ਦੇ ਸੁਚੇਤ ਤਬਕੇ ਨੇ ਇਨ੍ਹਾਂ ਉਣਤਾਈਆਂ ਨੂੰ ਪ੍ਰਵਾਣ ਕਰਨ ਰੂਪੀ ਸਮਝੌਤਾਵਾਦੀ ਰੁੱਖ ਅਪਣਾ ਲਿਆ। ਉਸ ਸਮੇਂ ਵੀ ਤੱਤ ਗੁਰਮਤਿ ਪਰਿਵਾਰ ਨੇ ਇਨ੍ਹਾਂ ਉਣਤਾਈਆਂ ਦਾ ਵਿਰੋਧ ਕਰਦੇ ਹੋਏ ਨਾਨਕਸ਼ਾਹੀ ਕੈਲੰਡਰ ਦਾ ਸ਼ੁਧ ਰੂਪ ਅਪਨਾਉਣ ਦੀ ਬੇਨਤੀ ਕੀਤੀ ਸੀ।
ਸੰਪਰਦਾਈਂ ਧਿਰਾਂ ਦੇ ਪ੍ਰਭਾਵ ਹੇਠ ਕੁਝ ਸਾਲ ਬਾਅਦ ਹੀ ਸ਼੍ਰੋਮਣੀ ਕਮੇਟੀ ਵਲੋਂ ਸੋਧਾਂ ਦੇ ਨਾਮ ਹੇਠ ੨੦੦੩ ਵਾਲੇ ਮੂਲ਼ ਨਾਨਕਸ਼ਾਹੀ ਕੈਲੰਡਰ ਦੇ ਨਾਨਕਸ਼ਾਹੀ ਅੰਸ਼ ਦਾ ਕਤਲ ਕਰਕੇ ਇਸ ਦੇ ਬਿਕਰਮੀ ਕਰਨ ਨਾਲ ਪੰਥ ਦੇ ਸੁਚੇਤ ਤਬਕੇ ਵਿਚ ਇਕ ਰੋਸ ਦੀ ਲਹਿਰ ਉੱਠ ਪਈ। ਇਸ ਲਹਿਰ ਦਾ ਮੂਲ ਉਦੇਸ਼ ੨੦੦੩ ਵਾਲੇ ਮੂਲ਼ ਨਾਨਕਸ਼ਾਹੀ ਕੈਲੰਡਰ ਦੀ ਪੁਨਰ-ਸਥਾਪਤੀ ਲਈ ਆਵਾਜ਼ ਉਠਾਉਣਾ ਸੀ। ਪਰ ਇਸ ਲਹਿਰ ਵਿਚ ਕੋਈ ਵੀ ਨਾਨਕਸ਼ਾਹੀ ਕੈਲੰਡਰ ਦੀ ਪੂਰਨ ਸ਼ੁਧਤਾ ਦੀ ਗੱਲ ਨਹੀਂ ਕਰ ਰਿਹਾ ਸੀ ਜਦੋਂਕਿ ਬਾਬਾ ਨਾਨਕ ਹਮੇਸ਼ਾਂ ਸ਼ੁਧਤਾ ਅਤੇ ਸਿਧਾਂਤਕ ਦ੍ਰਿੜਤਾ ਦੇ ਮੁੱਦਈ ਅਤੇ ਪਹਿਰੇਦਾਰ ਰਹੇ ਹਨ।
ਇਸੇ ਕਮਜ਼ੋਰੀ ਨੂੰ ਦੂਰ ਕਰਨ ਦੇ ਮਕਸਦ ਨਾਲ 'ਤੱਤ ਗੁਰਮਤਿ ਪਰਿਵਾਰ' ਨੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਰਤਾ ਡਾ: ਪਾਲ ਸਿੰਘ ਜੀ ਪੁਰੇਵਾਲ ਦੀ ਅਗਵਾਈ ਹੇਠ 'ਫਿਉਚਰ ਪੈਕ ਹਾਇਅਰ ਸੈਕੰਡਰੀ ਸਕੂਲ' ਜੰਮੂ ਵਿਖੇ ਨਾਨਕਸ਼ਾਹੀ ਕੈਲੰਡਰ ਦੇ ਸ਼ੁਧ ਸਰੂਪ ਨੂੰ ਸਮਰਪਿਤ ਇਕ ਵਿਚਾਰ ਗੋਸ਼ਟੀ ੩੦ ਨਵੰਬਰ ੨੦੧੩ ਨੂੰ ਆਯੋਜਿਤ ਕੀਤੀ।
ਵਿਚਾਰ ਗੋਸ਼ਟੀ ਦੀ ਸ਼ੁਰੂਆਤ ਤੱਤ ਗੁਰਮਤਿ ਪਰਿਵਾਰ ਵਲੋਂ ਪ੍ਰਿੰ. ਨਰਿੰਦਰ ਸਿੰਘ ਜੰਮੂ ਨੇ ਆਪਣੇ ਕੁੰਜੀਵਤ ਭਾਸ਼ਨ ਰਾਹੀਂ ਕੀਤੀ ਜਿਸ ਵਿਚ ਉਨ੍ਹਾਂ ਨੇ 'ਮੂਲ਼ ਨਾਨਕਸ਼ਾਹੀ ਕੈਲੰਡਰ' ਦੀ ਥਾਂ'ਸ਼ੁਧ ਨਾਨਕਸ਼ਾਹੀ ਕੈਲੰਡਰ' ਦੀ ਕਾਇਮੀ ਲਈ ਆਵਾਜ਼ ਉਠਾ ਕੇ ਸਮਝੌਤਾਵਾਦੀ ਹੋਣ ਦੀ ਥਾਂ ਬਾਬਾ ਨਾਨਕ ਜੀ ਦੇ ਸੇਧ ਵਿਚ ਸਿਧਾਂਤਕ ਦ੍ਰਿੜਤਾ ਦੀ ਪ੍ਰਵਿਰਤੀ ਅਪਨਾਉਣ ਦਾ ਹੋਕਾ ਦਿਤਾ। ਇਸ ਉਪਰੰਤ 'ਪੰਜਾਬ ਟਾਈਮਜ਼' ਡਰਬੀ (ਯੁ.ਕੇ.) ਦੇ ਮੁੱਖ ਸੰਪਾਦਕ ਰਾਜਿੰਦਰ ਸਿੰਘ ਜੀ ਪੁਰੇਵਾਲ ਨੇ ਪੰਥ ਦੇ ਸੁਚੇਤ ਤਬਕੇ ਦੀ ਇਸ ਸਭਾ ਸਾਹਮਣੇ ਆਪਣੇ ਵਿਚਾਰ ਰੱਖਦੇ ਹੋਏ ਪੰਥ ਦੀ ਚੜਦੀ ਕਲਾ ਲਈ
ਬਹੁੱਪੱਖੀ ਯਤਨਾਂ ਦੀ ਲੋੜ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਨੌਜਵਾਣ ਪੀੜੀ ਦਾ ਸੁ-ਸਿਖਿਅਤ ਹੋਣਾ ਸਮੇਂ ਦੀ ਮੁੱਖ ਲੋੜ ਹੈ।
ਇਸ ਉਪਰੰਤ ਮੰਚ ਦੀ ਕਮਾਨ ਡਾ: ਪੁਰੇਵਾਲ ਨੇ ਸੰਭਾਲ ਲਈ ਅਤੇ ਆਪਣੀ ਵਡੇਰੀ ਅਤੇ ਢਲਦੀ ਉਮਰ ਦੇ ਬਾਵਜੂਦ ਲਗਭਗ ਇਕ ਘੰਟੇ ਤੱਕ ਸ੍ਰੋਤਿਆਂ ਨੂੰ ਆਪਣੇ ਠੋਸ ਅਤੇ ਬੇਬਾਕ ਵਿਚਾਰਾਂ ਨਾਲ ਬੰਨ੍ਹੀ ਰੱਖਿਆ। ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਸ਼ੁਰੂਆਤ ਕੈਲੰਡਰਾਂ ਦੀ ਖੋਜ ਬਾਰੇ ਆਪਣੇ ਲੰਮੇ ਪਿਛੋਕੜ ਦੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਉਨ੍ਹਾਂ ਨੇ ਕਈਂ ਸਦੀਆਂ ਤੋਂ ਭਾਰਤ ਵਿਚ ਚਲ ਰਹੇ ਬਿਕਰਮੀ ਕੈਲੰਡਰ ਦੀਆਂ  ਮੂਲ ਖਾਮੀਆਂ ਬਾਰੇ ਚਾਨਣਾ ਪਾਉਂਦੇ ਹੋਏ ਇਹ ਦਿਲਚਸਪ ਗੱਲ ਸਾਂਝੀ ਕੀਤੀ ਕਿ ਬ੍ਰਾਹਮਣੀ ਵਿਦਵਾਨ ਵੀ ੧੯੬੦ ਤੋਂ ਬਾਅਦ ਬਿਕਰਮੀ ਕੈਲੰਡਰ ਦੀ ਖਾਮੀਆਂ ਕਾਰਨ
ਇਸ ਨੂੰ ਅ-ਪ੍ਰਮਾਣਿਕ ਮੰਨਣ ਅਤੇ ਪ੍ਰਚਾਰਨ ਲੱਗ ਪਏ ਹਨ। ਆਪਣੀ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦੀ ਤਿਆਰੀ ਅਤੇ ਉਸ ਨੂੰ ਲਾਗੂ ਕਰਨ ਵੇਲੇ ਸਾਹਮਣੇ ਆਏ ਵਿਰੋਧ ਅਤੇ ਔਕੜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਬਿਕਰਮੀ ਕੈਲੰਡਰ ਦੇ ਮੁਕਾਬਲੇ ਨਾਨਕਸ਼ਾਹੀ ਕੈਲੰਡਰ ਦੀ ਖੂਬੀਆਂ ਨੂੰ ਦਲੀਲਾਂ ਅਤੇ ਤੱਥਾਂ ਸਾਹਿਤ ਸ੍ਰੋਤਿਆਂ ਦੇ ਸਾਹਮਣੇ ਰੱਖਿਆ। ਆਪਣੇ ਵਿਚਾਰਾਂ ਦੇ ਅੰਤ ਵਿਚ ਉਨ੍ਹਾਂ ਨੇ ਸ੍ਰੋਤਿਆਂ ਸਮੇਤ ਸਮੂਹ ਸੁਚੇਤ ਸੱਜਣਾਂ ਨੂੰ ਸੰਪਰਦਾਈ ਧਿਰਾਂ ਦੇ ਪ੍ਰਭਾਵ ਹੇਠ ਸ਼੍ਰੋਮਣੀ ਕਮੇਟੀ ਵਲੋਂ ਸੋਧਾਂ ਦੇ ਨਾਮ ਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤੇ ਜਾਣ ਦੀ ਕਾਰਵਾਈ ਨੂੰ ਰੱਦ ਕਰਕੇ 'ਮੂਲ ਨਾਨਕਸ਼ਾਹੀ ਕੈਲੰਡਰ' ਤੇ ਪਹਿਰਾ ਦੇਣ ਦਾ ਹੋਕਾ ਦਿਤਾ।
ਲਾਹੌਰ (ਪਾਕਿਸਤਾਨ) ਵਿਖੇ ਹੋਈ ਕੈਲੰਡਰ ਮਾਹਰਾਂ ਦੇ ਇਕ ਵਿਸ਼ੇਸ਼ ਬੈਠਕ ਦਾ ਜ਼ਿਕਰ ਕਰਦਿਆਂ ਪਾਲ ਸਿੰਘ ਜੀ ਨੇ ਦੱਸਿਆ ਕਿ ਇਸਲਾਮਕ ਵਿਦਵਾਨਾਂ ਨੇ ਹਿਜ਼ਰੀ ਕੈਲੰਡਰ ਦੀ ਖਾਮੀਆਂ ਨੂੰ ਲੈ ਕੇ ਉਨ੍ਹਾਂ ਵਲੋਂ ਸੁਧਾਰ ਲਈ ਕੀਤੇ ਗਏ ਉਪਰਾਲੇ ਨੂੰ ਮਾਨਤਾ ਦੇਂਦੇ ਹੋਏ ਸੋਧੇ ਹੋਏ ਹਿਜਰੀ ਕੈਲੰਡਰ ਨੂੰ ਪ੍ਰਵਾਨ ਕਰ ਲਿਆ। ਇਹ ਅਫਸੋਸਜਨਕ ਹੈ ਕਿ ਸਿੱਖ ਸਮਾਜ ਵਿਚ ਐਸੇ aੁੱਚ ਪਾਏ ਦੇ ਵਿਦਵਾਨ ਵਲੋਂ ਸਾਲਾਂ ਬੱਧੀ ਕੰਮ ਕਰਨ ਤੋਂ ਬਾਅਦ ਤਿਆਰ ਕੀਤੇ ਪ੍ਰਮਾਣਿਤ ਕੈਲੰਡਰ ਨੂੰ ਮਾਨਤਾ ਨਾ ਦੇ ਕੇ ਜਿਥੇ ਵਿਦਵਾਨ ਦੀ ਸੱਚੀ-ਸੁੱਚੀ ਮੇਹਨਤ ਨੂੰ ਮਿੱਟੀ ਘੱਟੇ ਰੋਲਣ ਦਾ ਯਤਨ ਕੀਤਾ ਗਿਆ, ਉਥੇ ਵਿਸ਼ਵ ਸਾਹਮਣੇ ਆਪਣੀ ਨਾ-ਅਹਿਲੀਅਤ ਦਾ ਪ੍ਰਗਟਾਵਾ ਕਰਦੇ ਹੋਏ ਬਾਬਾ ਨਾਨਕ ਦੀ ਸੇਧ ਨਾਲ ਧ੍ਰੋਹ ਕਮਾਇਆ।
ਪਾਲ ਸਿੰਘ ਜੀ ਦੀ ਵਿਚਾਰਾਂ ਨੂੰ ਉਪਸਥਿਤ ਸੰਗਤਾਂ ਨੇ ਵੱਡੀ ਦਿਲਚਸਪੀ ਅਤੇ ਇਕਾਗਰਤਾ ਨਾਲ ਸੁਣਿਆ ਅਤੇ ਕੁਝ ਸੱਜਣਾਂ ਨੇ ਭਾਸ਼ਨ ਖਤਮ ਹੋਣ ਉਪਰੰਤ ਕੈਲੰਡਰ ਬਾਰੇ ਆਪਣੇ ਸ਼ੰਕੇ/ਸਵਾਲ ਪੁਰੇਵਾਲ ਜੀ ਨਾਲ ਸਾਂਝੇ ਕੀਤੇ। ਇਨ੍ਹਾਂ ਬਾਰੇ ਪੁਰੇਵਾਲ ਜੀ ਨੇ ਵੱਡੇ ਸਹਿਜ ਅਤੇ ਠਰੰਹਮੇ ਦੇ ਮਾਹੌਲ ਵਿਚ  ਸ੍ਰੋਤਿਆਂ ਨੂੰ ਦਲੀਲਾਂ ਅਤੇ ਤੱਥਾਂ ਨਾਲ ਸੰਤੁਸ਼ਟ ਕੀਤਾ।
ਸਮਾਗਮ ਦੌਰਾਣ ਤੱਤ ਗੁਰਮਤਿ ਪਰਿਵਾਰ ਵਲੋਂ ਡਾ. ਪਾਲ ਸਿੰਘ ਜੀ ਨੂੰ ਨਾਨਕਸ਼ਾਹੀ ਕੈਲੰਡਰ ਦਾ ਸ਼ੁਧ ਸਰੂਪ ਤਿਆਰ ਕਰ ਕੇ ਦੇਣ ਦੀ ਬੇਨਤੀ ਕੀਤੀ ਜਿਸ ਨੂੰ ਉਨ੍ਹਾਂ ਨੇ ਖਿੜ੍ਹੇ-ਮੱਥੇ ਪ੍ਰਵਾਨ ਕੀਤਾ।
ਸਮਾਗਮ ਦੌਰਾਣ ਹੀ ਮੰਚ ਤੋਂ ਪਰਿਵਾਰ ਨੇ ਇਹ ਐਲਾਣ ਵੀ ਕੀਤਾ ਕਿ ਨਾਨਕਸ਼ਾਹੀ ਕੈਲੰਡਰ ਦਾ ਸ਼ੁਧ ਰੂਪ ਪ੍ਰਕਾਸ਼ਿਤ ਕਰਕੇ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇਗਾ।
ਇਸ ਸਮਾਗਮ ਨੂੰ ਕਾਮਯਾਬੀ ਨਾਲ ਸਿਰੇ ਚੜਾਉਣ ਵਿਚ ਹੋਰਨਾਂ ਤੋਂ ਇਲਾਵਾ ਵੀਰ ਉਂਕਾਰ ਸਿੰਘ ਗਾਡੀਗੜ, ਵੀਰ ਸੀ ਡੀ ਸਿੰਘ ਚੱਠਾ ਅਤੇ ਵੀਰ ਮਨਜੀਤ ਸਿੰਘ ਨਾਨਕ ਨਗਰ, ਵੀਰ ਹਰਮਿੰਦਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.