ਕੈਟੇਗਰੀ

ਤੁਹਾਡੀ ਰਾਇ



ਰਾਜਾ ਸਿੰਘ ਮਿਸ਼ਨਰੀ
ਬਹੱਤਰਿਆਂ ਦੀਆਂ ਮੌਜਾਂ
ਬਹੱਤਰਿਆਂ ਦੀਆਂ ਮੌਜਾਂ
Page Visitors: 2517

ਬਹੱਤਰਿਆਂ ਦੀਆਂ ਮੌਜਾਂ
(ਰਾਜਾ ਸਿੰਘ ਮਿਸ਼ਨਰੀ)
ਚਿੰਤ ਕੌਰ-  ਸਰਦਾਰ ਜੀ, ਮੈਨੂੰ ਲਗਦੈ ਜਾਂ ਤਾਂ ਵਡੇਰੀ ਉਮਰ ਹੋਣ ਕਰਕੇ ਮੇਰੀ ਸਮਝ ਵਿੱਚ ਫ਼ਰਕ ਪੈ ਗਿਐ ਜਾਂ ਤੁਹਾਨੂੰ ਕੁਛ ਹੋ ਗਿਐ……।
ਸਹਿਜ ਸਿੰਘ- ਵਡੇਰੀ ਉਮਰ ਹੋਣਾ ਤਾਂ ਚੰਗੀ ਗਲ ਐ, ਸੱਤ ਦਹਾਕਿਆਂ ਤੋਂ ਵੀ ਟੱਪ ਗਏ,  ਰੱਬ ਦੀਆਂ ਨਿਆਮਤਾਂ ਮਾਣ ਰਹੇ ਓ……ਹੋਰ ਕੀ ਚਾਹੀਦੈ…?
ਚਿੰਤ ਕੌਰ- ਕੋਈ ਗਲ ਚੱਜ ਦੀ ਵੀ ਕਰਿਆ ਕਰੋ, ਤਾਹੀਓਂ ਤਾਂ ਮੈਂ ਕਹਿਨੀ ਆਂ ਪਈ ਤੁਹਾਨੂੰ ਕੁਛ ਹੋ ਗਿਐ……ਹੁਣੇ ਮਿਤਰਾਂ ਵਿੱਚ ਬੈਠੇ ਵੀ ਠਹਾਕੇ ਲਾ ਰਹੇ ਸੀ..... "ਵਧਾਈਆਂ ਦਿਓ, ਮੈਂ ਬਹੱਤਰਿਆ ਹੋ ਗਿਆਂ……ਜ਼ਰਾ ਸੋਚਕੇ ਬੋਲਿਆ ਕਰੋ।
ਸਹਿਜ ਸਿੰਘ- ਨਾ ਮੈ ਕੋਈ ਝੂਠ ਬੋਲਿਐ, ਆਪਾਂ ਬਹੱਤਰਾਂ ਬਹੱਤਰਾਂ ਸਾਲਾਂ ਦੇ ਨਹੀਂ ਹੋ ਗਏ…..?
ਚਿੰਤ ਕੌਰ-– ਨਾ ਉਹ ਤਾਂ ਠੀਕ ਐ, ਹੋ ਗਏ ਆਂ, ਪਰ ਇਹਦੇ ਵਿੱਚ ਡੰਡ ਪਿਟਣ ਦੀ ਕੀ ਲੋੜ ਐ……ਐਂ ਚਾਵਾਂ ਨਾਲ ਦਸ ਰਹੇ ਸੀ ਜਿਵੇਂ ਬੜਾ ਮਾਅਰਕਾ ਮਾਰ ਲਿਆ ਹੁੰਦੈ ।
ਸਹਿਜ ਸਿੰਘ- ਮਾਅਰਕਾ ਮਾਰਿਆ ਜਾਂ ਨਹੀਂ, ਇਹ ਛੱਡ, ਪਰ ਬਹੱਤਰਿਆਂ ਨੂੰ ਮੌਜਾਂ ਈ ਮੌਜਾਂ ਹੁੰਦੀਆਂ ਨੇ।
ਚਿੰਤ ਕੌਰ- ਫਿਰ ਪੁੱਠੀ ਗਲ ਕਰ ਦਿਤੀ ਨਾ…… ਲੋਕੀ ਤਾਂ ਕਹਿੰਦੇ ਨੇ ਕਿ ਬੁਢਾਪਾ ਆਪਣੇ ਆਪ ਵਿੱਚ ਬਿਮਾਰੀ ਏ, ਤੇ ਤੁਸੀਂ……ਅਖੇ ਮੌਜਾਂ……ਕਾਹਦੀਆਂ ਮੌਜਾਂ, ਮੂੰਹ ਤੇ ਮੇਰੇ ਝੁਰੜੀਆਂ ਆ ਗਈਆਂ…ਨਜ਼ਰ ਦੀ ਐਨਕ ਲਗ ਗਈ ……
ਸਹਿਜ ਸਿੰਘ- ਚੰਗੀ ਭਲੀ ਤੁਰੀ ਫਿਰਦੀ ਏਂ……ਇਹ ਝੁਰੜੀਆਂ, ਐਨਕ…ਇਹਨੂੰ ਕੁਦਰਤ ਦੀ ਫ਼ੈਸ਼ਨ ਡਿਜ਼ਾਇਨਿੰਗ ਸਮਝੇ…… ਤੇ ਚੜ੍ਹਦੀ ਕਲਾ ਵਿੱਚ ਰਹੋ….।
ਚਿੰਤ ਕੌਰ-ਚੜ੍ਹਦੀ ਕਲਾ ਈ ਘੋਟੀ ਜਾਈਓ, ਲੋਕੀਂ ਤਾਂ ਕਿਤਨਾ ਕੁਝ ਕਰਦੇ ਨੇ, ਪਈ ਬੁਢੇ ਨਾ ਲਗੀਏ…ਕੋਈ ਵਾਲ ਰੰਗਦੇ ਨੇ, ਕਈ ਫੇਸ਼ੀਅਲ ਤੇ ਕਈ ਤਰ੍ਹਾਂ ਦਾ ਨਿਕ ਸੁੱਕ ਥਪਦੀਆਂ ਨੇ, ਜ਼ਰਾ ਉਮਰ ਦਾ ਅੰਦਾਜ਼ਾ ਨਹੀਂ ਲਗਦਾ …. ਤੇ ਤੁਹਾਨੂੰ ਨਾ ਆਪਣੀ ਪਰਵਾਹ, ਨਾ ਦੁਨੀਆਂ ਦੀ……ਮੇਰੀ ਤਾਂ ਭਲਾ ਕਾਹਦੀ ਹੋਣੀ ਏਂ…….।
ਸਹਿਜ ਸਿੰਘ- ਚਿੰਤ ਕੁਰੇ ਜਿਹੜੇ ਉਮਰ ਲੁਕੋਂਦੇ ਨੇ, ਉਹ ਲੋਕ ਮਾਨਸਿਕ ਤੌਰ ਤੇ ਕਮਜ਼ੋਰ ਨੇ…..ਭਲਾ ਜੇ ਉਮਰ ਵਡੇਰੀ ਹੋ ਜਾਏ ਤਾਂ ਇਹ ਕੋਈ ਚੋਰੀ ਏ…… ਉਂਜ ਲੰਬੀ ਉਮਰ ਦੀਆਂ ਦੁਆਵਾਂ ਕਰਨੀਆਂ ……ਨਾਲੇ ਵਡੇਰੀ ਉਮਰ ਤੋਂ ਭੈਅ ਖਾਣਾ ।
ਚਿੰਤ ਕੌਰ- ਪਤਾ ਨਹੀਂ ਤੁਹਾਡੇ ਲੋਕਾਂ ਦੀ ਕਿਹੜੀ ਪੜ੍ਹਾਈ ਏ, ਤੁਹਾਡੀ ਹਰ ਗਲ ਦੁਨੀਆਂ ਤੋਂ ਵਖਰੀ ਏ। ਵਖਰੀ ਈ ਨਹੀਂ, ਉਲਟ ਏ……ਸਭ ਕੋਈ ਜਵਾਨੀ ਦੀਆਂ ਤਾਰੀਫ਼ਾਂ ਕਰਦੈ, ਤੁਸੀਂ ਬੁਢਾਪੇ ਤੋਂ ਬੜੇ ਖੁਸ਼ ਹੋ………।
ਸਹਿਜ ਸਿੰਘ-– ਬੀਬੀ ਜੀ ਗਲ ਬੁਢਾਪੇ ਜਾਂ ਜਵਾਨੀ ਦੀ ਨਹੀਂ, ਚੜ੍ਹਦੀ ਕਲਾ ਤਾਂ ਮਨ ਦੀ ਅਵੱਸਥਾ ਹੈ………। ਕਈ ਲੋਕ ਜਵਾਨੀ ਵਿੱਚ ਝੁਰਦੇ ਮਿਲ ਜਾਣਗੇ ਤੇ ਕਈ ਅੱਸੀਆਂ, ਨੱਬਿਆਂ ਦੇ ਵੀ ਖਿੜੇ ਮਿਲਣਗੇ।
ਚਿੰਤ ਕੌਰ – ਅੈਵੇਂ ਨਾ ਮਾਰੀ ਜਾਓ, ਸੱਠਾਂ ਸਤਰਾਂ ਤੋਂ ਬਾਅਦ ਤਾਂ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ, ਬਹੱਤਰੋਂ ਟੱਪ ਜਾਏ ਤਾਂ ਵੈਸੇ ਈ ਕੋਈ ਇਤਬਾਰ ਨਹੀਂ ਕਰਦਾ, ਕਹਿੰਦੇ ਛੱਡੋ ਜੀ ਇਹ ਤਾਂ ਸਤਰਾ ਬਹੱਤਰਾ ਹੋ ਗਿਆ, ਉਹਨੂੰ ਤਾਂ ਕੋਈ ਸੱਥ ਵਿੱਚ ਵੀ ਨਹੀਂ ਬੁਲਾਉਂਦਾ………ਘਰ ਦੇ ਕੱਚ ਦਾ ਗਲਾਸ ਨਹੀਂ ਫੜਾਉਂਦੇ, ਪਈ ਸਿਟ ਦੇ ਗਾ ਤੇ ਤੁਸੀਂ ਬੁਢਾਪੇ ਦੀ ਵਕਾਲਤ ਕਰੀਂ ਜਾਨੇ ਓਂ………।
ਸਹਿਜ ਸਿੰਘ- ਲੈਕਚਰ ਈ ਝਾੜੀ ਜਾਣੈ ਕਿ ਕਿਸੇ ਦੀ ਗਲ ਵੀ ਸੁਣੋਗੇ……?
ਚਿੰਤ ਕੌਰ- ਅੱਛਾ ਮਹਾਰਾਜ, ਸੁਣਾਓ…ਸੁਣਾਓ………।
ਸਹਿਜ ਸਿੰਘ- ਮੇਰੀ ਗਲ ਧਿਆਨ ਨਾਲ ਸੁਣਿਓ……ਮੈਂ ਤੁਹਾਨੂੰ ਜੀਂਦੀਆਂ ਜਾਗਦੀਆਂ ਮਿਸਾਲਾਂ ਦਸਾਂਗਾ ਕਿ ਇਹ ਸਭ ਸਾਡੇ ਅੰਦਰਲੇ ਮਨ ਦੀ ਖੇਡ ਹੈ, ਬੰਦਾ ਜੋ ਸਮਝੇ, ਉਹ ਹੀ ਹੋ ਜਾਂਦੈ ਕਿਉਂਕਿ ਵਾਹਿਗੁਰੂ ਨੇ ਸਾਨੂੰ ਇਤਨਾ ਕੁਝ ਦਿਤੈ, ਜਿਸਦਾ ਸਾਨੂੰ ਕਦੀ ਅੰਦਾਜ਼ਾ ਹੀ ਨਹੀਂ…………..।
ਚਿੰਤ ਕੌਰ- ਕਹਿੰਦੇ ਮੈਨੂੰ ਹੋ, ਤੇ ਆਪਣੇ ਲੈਕਚਰ ਤੇ ਕੰਟਰੋਲ ਕਰੋ ਤੇ ਸਿਧਿਆ ਲਫ਼ਜ਼ਾਂ ਵਿੱਚ ਦਸੋ ਕਿ ਬੁਢਾਪਾ ਔਖਾ ਕਿਵੇਂ ਨਹੀਂ………ਭਲਾ ਸਾਡੇ ਅੰਦਰ ਮਨ ਨਹੀਂ ਹੈਗਾ……?
ਸਹਿਜ ਸਿੰਘ- ਚਲੋ ਦਸੋ, ਕਦੀ ਬਾਬਾ ਫੌਜਾ ਸਿੰਘ ਦਾ ਨਾਮ ਸੁਣਿਐ….?
ਚਿੰਤ ਕੌਰ- ਹਾਂ ਕਿਉਂ ਨਹੀਂ ਥੋੜੇ ਦਿਨ ਪਹਿਲਾਂ ਮੈਂ ਫੇਸ ਬੁੱਕ ਤੇ ਦੇਖਿਆ, ਬਾਬੇ ਦਾ ੧੦੬ਵਾਂ ਜਨਮ ਦਿਨ ਸੀ।
ਸਹਿਜ ਸਿੰਘ- ਇਹ ਵੀ ਪੜ੍ਹਿਆ ਹੋਣੈ ਕਿ ਉਹਨੇ ਇਸ ਸਾਲ ੨੦੧੭ ਵਿੱਚ ਵੀ, ਭਾਵ ੧੦੬ ਸਾਲ ਦੀ ਉਮਰੇ ਵੀ ਤਗਮਾ  (ਮੈਡਲ) ਜਿਤਿਐ………।
ਚਿੰਤ ਕੌਰ- ਹਾਂ ਜੀ ਸਭ ਪਤੈ……।
ਸਹਿਜ ਸਿੰਘ- ਪਰ ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਹੋਣਾ ਕਿ ਬਾਬੇ ਨੂੰ ਦੌੜਨ ਦਾ ਸ਼ੌਂਕ ੮੦ ਸਾਲ ਦੀ ਉਮਰੇ ਜਾਗਿਆ ਸੀ, ਤੇ ਉਸ ਦਿਨ ਤੋਂ ਅੱਜ ਤਕ ਕਿਸੇ ਨੂੰ ਅਗੇ ਨਹੀਂ ਲੰਘਣ ਦਿਤਾ ਭਾਵੇਂ ਸੌ ਸਾਲ ਤੋਂ ਵੀ ਉਪਰ ਦੀ ਉਮਰ ਹੋ ਗਈ ਏ।
ਚਿੰਤ ਕੌਰ- ਅੱਛਾ……ਮੈਂ ਤਾਂ ਸੋਚਿਆ ਪਈ ਸ਼ੁਰੂ ਤੋਂ ਹੀ ਇਸ ਪਾਸੇ ਲਗੇ ਨੇ। 
ਸਹਿਜ ਸਿੰਘ- ਹੁਣ ਦਸੋ ਕਿ ਬਹੱਤਰਿਆ ਹੋਣਾ ਕੋਈ ਗ੍ਰਹਿਣ ਏ …… ਇਹ ਤਾਂ ਮਨ ਬਲਵਾਨ ਕਰਨ ਦੀ ਲੋੜ ਏ, ਬੰਦਾ ਕੁਝ ਵੀ ਕਰ ਸਕਦੈ…..।
ਚਿੰਤ ਕੌਰ- ਚਲੋ ਜੀ, ਫਿਰ ਕੀ ਹੋਇਆ ਜੇ ਇਕ ਅੱਧੇ ਨੇ ਕਰ ਲਿਆ, ਜ਼ਨਾਨੀਆਂ ਵਿਚਾਰੀਆਂ ਤਾਂ ਸੱਤਰੋਂ ਟੱਪ ਕੇ ਵੈਸੇ ਈ ਫਿਸ ਜਾਂਦੀਆਂ ਨੇ………।
ਸਹਿਜ ਸਿੰਘ- ਮੈਂ ਗਲ ਮਨ ਦੀ ਕਰ ਰਿਹਾਂ, ਤੇ ਤੁਸੀਂ ਮਰਦਾਂ ਔਰਤਾਂ ਦੇ ਚੱਕਰ ਵਿੱਚ ਪੈ ਗਏ……ਮਨ ਦੋਨਾਂ ਵਿੱਚ ਇਕੋ ਜਿਹੈ, ਬੰਦੇ ਜਾਂ ਔਰਤ ਦੀ ਗਲ ਨਹੀਂ, ਜਿਸ ਨੇ ਮਨ ਨੂੰ ਕੰਟਰੋਲ ਕਰ ਲਿਆ , ਉਹ ਕੁਝ ਵੀ ਕਰਨ ਦੇ ਯੋਗ ਹੋ ਜਾਂਦੈ …
.ਮਨੁ ਜੀਤੇ  ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥(ਪੰਨਾ ੧੧੦੩)
ਚਿੰਤ ਕੌਰ – ਲੈ, ਹੁਣ ਗੁਰਬਾਣੀ ਵਲ ਤੁਰ ਪਏ……ਮੈਂ ਜੋ ਪੁਛਿਐ……।
ਸਹਿਜ ਸਿੰਘ- ਬਿਲਕੁਲ, ਬਿਲਕੁਲ ਸੁਣੋ ਫਿਰ, ਅਮਰੀਕਾ ਵਿੱਚ ਰਹਿੰਦੇ ਨੇ ਮਾਤਾ ਮਾਨ ਕੌਰ ਜੀ, ਉਹਨਾਂ ਦੀ ਉਮਰ ਐਸ ਵੇਲੇ ਹੈ ੧੦੧ ਸਾਲ ……, ਇਹਨਾਂ ਨੂੰ ੯੩ ਸਾਲ ਦੀ ਉਮਰ ਵਿੱਚ ਦੌੜਨ ਨੂੰ ਮਨ ਕੀਤਾ ਤੇ ਅੱਜ ਤਕ ਦੌੜੀ ਹੀ ਜਾ ਰਹੇ ਨੇ, ਕਿਤਨੇ ਮੈਡਲ ਲੈ ਚੁਕੇ ਨੇ…… ਐ ਹੁਣੇ ਜਿਹੇ ੨੦੧੭ ਵਿੱਚ ੧੦੦ ਮੀਟਰ ਦੀ ਦੌੜ ਜਿਤ ਕੇ ਇਨਾਮ ਪ੍ਰਾਪਤ ਕੀਤਾ
ਚਿੰਤ ਕੌਰ-  ਹੈਂ………!
ਸਹਿਜ ਸਿੰਘ – ਸਮੱਸਿਆ ਇਕੋ ਏ ਕਿ ਅਸੀਂ ਇਕ ਧਾਰਨਾ ਬਣਾ ਲਈ ਏ ਕਿ ਬੁਢੇ ਤੇ ਬੁਢਾਪਾ ਦੋਨੋਂ ਨਖਿਧ ਨੇ ……….।
ਚਿੰਤ ਕੌਰ – ਨਾ ਬੁਢਾਪੇ ਤੋਂ ਡਰ ਤਾਂ ਲਗਦਾ ਈ ਐ………!
ਸਹਿਜ ਸਿੰਘ- ਚਿੰਤ ਕੁਰੇ ਲਗਦਾ ਹੋਊ ਲੋਕਾਂ ਨੂੰ, ਸਾਡੇ ਕੋਲ ਤਾਂ ਗੁਰੁ ਦਾ ਆਸਰਾ ਏ, ਜੋ ਸਾਨੂੰ ਹਰ ਉਮਰੇ ਚੜ੍ਹਦੀ ਲਾ ਬਖਸ਼ਦਾ ਏ……ਗੁਰੁ ਅਮਰਦਾਸ ਜੀ ਨੂੰ ਜਦ ਗੁਰਤਾ ਗਦੀ ਦੀ ਬਖਸ਼ਿਸ਼ ਹੋਈ ਤਾਂ ਉਹਨਾਂ ਦੀ ਸਰੀਰਕ ਆਯੂ ੭੩ ਸਾਲ ਦੀ ਸੀ । ਇਕ ਗਲ ਹੋਰ ਯਾਦ ਰਖਣ ਵਾਲੀ ਹੈ ਕਿ ਬੁਢਾਪੇ ਦਾ ਫਿਕਰ ਮਨੁੱਖ ਨੂੰ ਆਤਮਿਕ ਤੌਰ ਤੇ ਕਮਜ਼ੋਰ ਕਰਦਾ ਹੈ  ਇਸ ਲਈ ਗੁਰੁ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਜਿਹੜੇ ਲੋਕ ਪ੍ਰਮਾਤਮਾਂ ਦੇ ਗੁਣ ਯਾਦ ਕਰਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਬਣੀ ਰਹਿੰਦੀ ਹੈ, ਉਹ ਹਮੇਸ਼ਾਂ ਖੇੜੇ ਵਿੱਚ ਰਹਿੰਦੇ ਹਨ:
ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰ ਸੁਰਤਿ ਗਿਆਨੁ॥
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਿਜ ਧਿਆਨੁ

ਚਿੰਤ ਕੌਰ- ਏਨਾ ਕੁ ਡਰ ਤੇ ਲਗਦਾ ਈ ਐ ਕਿ ਬੁਢੇ ਹੋ ਗਏ ਹਾਂ, ਦੁਨੀਆਂ ਛੱਡਣੀ ਪਊ………।
ਸਹਿਜ ਸਿੰਘ- ਚੱਡਣੀ ਪਊ ਦਾ ਕੀ ਮਤਲਬ………. ਸੁਆਸਾਂ ਦੀ ਪੂੰਜੀ ਤਾਂ ਜਨਮ ਸਮੇਂ ਹੀ ਲਿਖੀ ਜਾਂਦੀ ਹੈ
(ਜਿਤੁ ਦਿਹਾੜੇ ਧਨੁ ਵਰੀ ਸਾਹੇ ਲਏ ਲਿਖਾਏ)
 ੁਹਨੂੰ ਕੋਈ ਵੱਧ ਘੱਟ ਨਹੀਂ ਕਰ ਸਕਦਾ, ਫਿਰ ਡਰ ਕਿਸ ਗਲ ਦਾ। ਜ਼ਰਾ ਸੋਚੋ ਜੇ ਕੋਈ ਮਸ਼ੀਨਰੀ ਖਰੀਦ ਕੇ ਲਿਆਓ ਤਾਂ ਕੁਝ ਸਾਲ ਚਲ ਜਾਏ ਤਾਂ ਆਖੀਦਾ ਹੈ. ਲੈ ਕਾਫ਼ੀ ਚਲ ਗਈ, ਤੇ ਸਰੀਰ ਵੀ ਤਾਂ ਇਕ ਮਸ਼ੀਨ ਹੈ, ਜੇ ੭੨ ਸਾਲ ਚਲ ਗਈ ਤੇ ਹੁਣ ਇਹਦੇ ਟੁਟਣ ਦਾ ਕੀ ਖਤਰੈ……, ਜਦ ਜਾਣੈ ਤਦ ਹੀ ਜਾਣੈ, ਐਵੇਂ ਕਿਉਂ ਝੁਰੀ ਜਾਣਾ………..।
ਚਿੰਤ ਕੌਰ – ਇਸ ਦਾ ਮਤਲਬ ਕਿ ਸਭ ਕੁਝ ਸਾਡੀ ਸੋਚ ਤੇ ਨਿਰਭਰ ਹੈ….?
ਸਹਿਜ ਸਿੰਘ- ਹਾਂ…ਹੁਣ ਆਏ ਤੁਸੀਂ ਟਿਕਾਣੇ ਤੇ……।
ਬੰਦੇ ਦੀ ਸੋਚ ਬੁਢੀ ਨਾ ਹੋਵੇ, ਭਾਵ ਕਮਜ਼ੋਰ ਨਹੀਂ ਹੋਣੀ ਚਾਹੀਦੀ । ਸਿੱਖ ਇਤਿਹਾਸ ਤਾਂ ਸਾਰਾ ਚੜ੍ਹਦੀ ਕਲਾ ਨਾਲ ਭਰਿਆ ਪਿਐ, ਪਰ ਚਲੋ ਮੈਂ ਤੁਹਾਨੂੰ ਇਕ ਹੁਣ ਦੀ ਮਿਸਾਲ ਦਿੰਦਾਂ ਹਾਂ, ਜਿਹੜੀ ਮੇਰੇ ਮਿਤਰ ਨਾਲ ਵਾਪਰੀ ਹੈ।ਇਥੇ ਕੈਨੇਡਾ ਦੀ ਹੀ ਗਲ ਹੈ ਮੇਰਾ ਮਿਤਰ ਇਕ ਕੰਪਨੀ ਵਿੱਚ ਕੰਮ ਕਰਦਾ ਸੀ । ਉਸ ਦਾ ਮੈਨੇਜਰ ੯੩ ਸਾਲ ਦਾ ਅੰਗਰੇਜ਼, ਰੋਜ਼ਾਨਾ ਟਿਪ ਟਾਪ ਹੋ ਕੇ ਦਫ਼ਤਰ ਆਉਣਾ, ਪੂਰਾ ਕੰਮ ਕਰਨਾ, ਪਰ ਉਸਨੇ ਹਰ ਰੋਜ਼ ਲੰਬਾ ਕੋਟ ਹਰ ਵੇਲੇ ਪਾਈ ਰਖਣਾ। ਗਲ ਸੰਖੇਪ ਕਰਾਂ, ਇਕ ਵੇਰੀ ਪੁਛਣ ਤੇ ਉਸ ਦਸਿਆ ਕਿ ਲੰਬਾ ਕੋਟ ਇਸ ਕਰਕੇ ਪਾਉਣਾ ਪੈਂਦਾ ਹੈ ਕਿ ਉਸਦੇ ਯੂਰੀਨ ਪਾਈਪ ਲਗੀ ਹੈ। ਜ਼ਰਾ ਸੋਚੋ, ਉਮਰ ੯੩ ਸਾਲ, ਸਿਹਤ ਵੀ ਅਜਿਹੀ ਪਰ ਫਿਰ ਵੀ ਰੋਜ਼ਾਨਾ ਪੂਰੀ ਡਿਊਟੀ ਕਰਨਾ, ਮਨ ਦੀ ਉਚੀ ਅਵੱਸਥਾ ਦੀ ਪ੍ਰਤੀਕ ਹੈ।
ਚਿੰਤ ਕੌਰ – ਲੈ ਮੈਂ ਤਾਂ ਅਜੇ ਤੁਰੀ ਫਿਰਦੀ ਆਂ ਤਾਂ ਵੀ ਚਿੰਤਾ ਵਿੱਚ ਡੁਬੀ ਰਹਿਨੀ ਆਂ……।
ਸਹਿਜ ਸਿੰਘ-– ਬੀਬੀ ਜੀ, ਬਾਣੀ ਪੜ੍ਹਦੇ ਤਾਂ ਬਹੁਤ ਹੋ, ਜ਼ਰਾ…
ਗੁਰ ਕਹਿਆ ਸਾ ਕਾਰ ਕਮਾਵਹੁ॥
ਸਬਦੁ ਚੀਨ੍ਹਿ ਸਹਜ ਘਰਿ ਆਵਹੁ
॥ (ਪੰਨਾ ੮੩੨)….
ਵਲ ਵੀ ਤੁਰੋ, ਸਭ ਚਿੰਤਾਵਾਂ ਉਡ ਜਾਣਗੀਆਂ।
ਚਿੰਤ ਕੌਰ- ਕੀ ਕਰੀਏ, ਗ੍ਰਿਹਸਤੀਆਂ ਨੂੰ ਕੁਝ ਨਾ ਕੁਝ ਫਿਕਰ ਰਹਿੰਦਾ ਤਾਂ ਹੈ ਈ……….।
ਸਹਿਜ ਸਿੰਘ- ਗ੍ਰਹਿਸਤੀ ਹੋਣਾ ਕੋਈ ਮਾੜੀ ਗਲ ਐ, ਸਿੱਖ ਮੱਤ ਵਿੱਚ ਤਾਂ ਗ੍ਰਹਿਸਤ ਨੂੰ ਪ੍ਰਧਾਨਤਾ ਦਿਤੀ  ਏ, ਇਕ ਦੂਜੇ ਦਾ ਸਾਥ ਹੁੰਦੈ ਪਰ ਪਤਾ ਨਹੀਂ ਬਹੁਤੇ ਲੋਕ ਬਿਨਾਂ ਵਜ੍ਹਾ ਤੋਂ ਚਿੰਤਾ ਸਹੇੜੀ ਰਖਦੇ ਨੇ…..।
ਚਿੰਤ ਕੌਰ – ਨਾ ਕੋਈ ਗਲ ਤਾਂ ਹੁੰਦੀ ਹੀ ਐ, ਐਵੇਂ ਕੋਈ ਕਮਲਾ ਥੌੜੌ ਈ ਏ ਕਿ ਬਿਨਾ ਵਜ੍ਹਾ ਚਿੰਤਾ ਕਰੀ ਜਾਏ।
ਸਹਿਜ ਸਿੰਘ- ਲਓ ਸੁਣੋ, ਤੁਹਾਡੀ ਸਹੇਲੀ ਜਦ ਕਲ੍ਹ ਆਈ ਤਾਂ ਮੈਂ ਪੁਛ ਬੈਠਾ, ਕਿਦਾਂ ਨਿਆਣੇ ਠੀਕ ਨੇ, ਜ਼ਿੰਦਗੀ ਵਧੀਆ ਲੰਘ ਰਹੀ ਏ…ਤਾਂ ਅਗੋਂ ਕਹਿਣ ਲਗੀ, "ਭਾਅ ਜੀ, ਹੁਣ ਤੱਕ ਤਾਂ ਸੋਹਣੀ ਲੰਘ ਗਈ, ਪੁੱਤਰ ਨੂੰਹ ਆਖੇ ਵਿੱਚ ਨੇ, ਹਰ ਗਲ ਮੰਨਦੇ ਨੇ……ਪਰ ਚਿੰਤਾਂ ਰਹਿੰਦੀ ਏ….ਪਈ ਉਮਰ ਪਤਾ ਨਹੀਂ ਕਿਤਨੀ ਲੰਬੀ ਭੋਗਣੀ ਏ, ਅਗੋਂ ਪੁਛਣ ਕਿ ਨਾ……ਕਹਿ ਕੇ ਚੁਪ ਜਿਹੀ ਕਰ ਗਈ……..।
 ਮੈਂ ਕਿਹਾ ਬੀਬੀ ਸੱਤਰ੍ਹੋਂ ਟੱਪ ਗਈ ਏਂ……ਜੇ ਅਜੇ ਤਕ ਬੱਚੇ ਆਗਿਆਕਾਰ ਨੇ, ਤੇ ਤੈਨੂੰ ਕਿਹੜੀ ਭਵਿਸ਼ ਬਾਣੀ ਹੋ ਗਈ ਕਿ ਅਗੋਂ ਦਾ ਪਤਾ ਨਹੀਂ……ਅਜਿਹਾਂ ਦੀ ਕੋਈ ਇਲਾਜ ਨਹੀਂ  ।
ਚਿੰਤ ਕੌਰ- ਨਾ ਸੋਚਣਾ ਬੰਦ ਕਰ ਦੇਈਏ, ਦਿਮਾਗ ਨੂੰ ਤਾਲੇ ਲਾ ਦੇਈਏ…………।
ਸਹਿਜ ਸਿੰਘ- ਓਹੋ……ਸੋਚਣਾ ਬੰਦ ਕਰਨ ਨੂੰ ਨਹੀਂ ਕਿਹਾ, ਮੈਂ ਤਾਂ ਬੇਨਤੀ ਕਰਦਾਂ ਕਿ ਵਰਤਮਾਨ ਵਿੱਚ ਜੀਓ, ਜੋ ਸਮਾਂ ਬੀਤ ਗਿਆ, ਉਹ ਵਾਪਸ ਨਹੀਂ ਆਉਣਾ, ਕਲ੍ਹ ਦਾ ਪਤਾ ਨਹੀਂ, ਇਸ ਲਈ ਸਾਡੇ ਵਰਗੇ ਬਹੱਤਰਿਆਂ ਨੂੰ ਤਾਂ ਜ਼ਿਆਦਾ ਜ਼ਰੂਰੀ ਹੈ, ਬਾਣੀ ਦੀ ਇਹ ਤੁੱਕ ਹਮੇਸ਼ਾਂ ਯਾਦ ਰਖਣ :
ਹਰਿ ਜਪਦਿਆ  ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਜਾਪੈ ਸਾਹੁ ਆਵੈ ਕਿ ਨ ਆਵੈ
ਚਿੰਤ ਕੌਰ- ਤੁਹਾਡਾ ਮਤਲਬ ਜੋ ਅਸੀਂ ਸੋਚਦੇ ਹਾਂ, ਉਹੋ ਜਿਹਾ ਸਾਡਾ ਸਭਾਅ ਬਣ ਜਾਂਦਾ ਹੈ…ਠੀਕ….।
ਸਹਿਜ ਸਿੰਘ- ਠੀਕ ਨਹੀਂ, ਬਿਲਕੁਲ ਠੀਕ, ਗੁਰਬਾਣੀ ਦਾ ਹੁਕਮ ਹੈ
ਕਿ ਜੇ ਰੱਬ ਨੂੰ ਮਨ ਵਿੱਚ ਹਮੇਸ਼ਾਂ ਯਾਦ ਰਖੋਗੇ ਤਾਂ ਨਿਡਰ ਰਹੋਗੇ:
ਭੈ ਰਚਿ ਰਹੈ ਸੁ ਨਿਰਭਉ ਹੋਇ॥ਜੈਸਾ ਸੇਵੇ ਤੈਸੋ ਹੋਇ॥ (ਪੰਨਾ ੨੨੩)
ਚਿੰਤ ਕੌਰ- ਮੈਂ ਬਾਣੀ ਤੇ ਕਿੰਤੂ ਪਰੰਤੂ ਤਾਂ ਨਹੀਂ ਕਰਦੀ, ਪਰ ਜੇ "ਜੈਸੇ ਸੇਵੇ" ਦੀ ਗਲ ਹੈ ਤਾਂ ਹਰੇਕ ਇਨਸਾਨ ਖੁਸ਼ ਬਾਸ਼ ਰਹਿਣਾ ਚਾਹੀਦਾ ਹੈ…..।
ਸਹਿਜ ਸਿੰਘ- ਬਿਲਕੁਲ ਠੀਕ ਹੈ, ਬਾਬਾ ਫਰੀਦ ਜੀ ਦਾ ਇਹ ਸ਼ਬਦ ਤਾਂ ਤੁਸੀਂ ਬਹੁਤ ਵਾਰੀ ਸੁਣਦੇ ਹੋ:
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥
ਚਰਨ ਕਮਲ ਚਿਤੁ ਰਹਿਓ ਸਮਾਇ
॥ (ਰਹਾਉ) ..ਪੰਨਾ ੧੧੬੨
ਚਿੰਤ ਕੁਰੇ, ਲੈ ਇਕ ਤਜਰਬਾ ਕਰ ਕੇ ਦੇਖਿਓ……
ਖੀਰ ਬਣਾਓ, ਵਿੱਚ ਖੰਡ ਨਾ ਪਾਓ, ਪਰ ਮਨ ਵਿੱਚ ਪੱਕੀ ਧਾਰ ਲਓ ਕਿ ਖੰਡ ਲੋੜ ਅਨੁਸਾਰ ਪਾਈ ਹੈ………ਹੁਣ ਛਕੋ, ਖੀਰ ਮਿਠੀ ਲਗੇਗੀ……ਲਗੀ ਕਿ ਨਾ…?
ਚਿੰਤ ਕੌਰ- ਵਾਹ ਸਰਦਾਰ ਜੀ, ਤੁਸੀਂ ਮਿਸ਼ਨਰੀ ਲੋਕ ਵੀ ਜਾਦੂਗਰਾਂ ਤੋਂ ਘੱਟ ਨਹੀਂ, ਮੈਨੂੰ ਤਾਂ ਤੁਹਾਡੀਆਂ ਗਲਾਂ ਸੁਣ ਕੇ ਅਨੰਦ ਆ ਗਿਐ, ਖੀਰ ਤਾਂ ਮਿੱਠੀ ਹੋਏਗੀ …..ਹੀ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.