ਕੈਟੇਗਰੀ

ਤੁਹਾਡੀ ਰਾਇ



ਅਤਿੰਦਰ ਪਾਲ ਸਿੰਘ ਖਾਲਸਤਾਨੀ
"ਅਨੰਦ ਮੈਰਿਜ ਐਕਟ 1909” (ਭਾਗ ਦੂਜਾ)
"ਅਨੰਦ ਮੈਰਿਜ ਐਕਟ 1909” (ਭਾਗ ਦੂਜਾ)
Page Visitors: 2728

"ਅਨੰਦ ਮੈਰਿਜ ਐਕਟ 1909”    (ਭਾਗ ਦੂਜਾ)
ਜਦ ਅਨੰਦ ਮੈਰਿਜ ਐਕਟ 1909 ਵਿਚ ਹੀ ਬਣ ਅਤੇ ਗਜ਼ਟ ਹੋ ਚੁਕਾ ਹੈ, ਤਾਂ ‘ਅਨੰਦ ਮੈਰਿਜ ਰਜਿਸਟਰ’ਕਰਵਾਉਣ ਅਤੇ 1909 ਦੇ ਐਕਟ ਨੂੰ ਰੱਦ ਕਰਨ ਲਈ ‘ਨਵਾਂ ਅਨੰਦ ਮੈਰਿਜ ਰਜਿਸਟਰ ਐਕਟ’ ਕਿੳਂ ?
     ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਦੂਜੀ ਤਸਵੀਰ ਸਾਡੇ ਸਾਹਮਣੇ ਵਰਤਮਾਨ ਲੋਕਾਂ ਦੇ ਕਿਰਦਾਰ ਅਤੇ ਅਮਲ ਦੀ ਜੋ ਸਾਬਤ ਕਰਦੀ ਹੈ ਕਿ ਅਨੰਦ ਮੈਰਿਜ ਐਕਟ ਨੂੰ ਲੈ ਕੇ ਸਿੱਖ ਕੌਮ ਨੂੰ ਹਰ ਵਰਗ ਤੇ ਹਰ ਪੱਖ ਤੇ ਇਸ ਦੇ ਸਥਾਪਿਤ ਲੋਕਾਂ ਨੇ ਬਹੁਤ ਬੁੱਧੂ ਬਣਾਇਆ ਹੈ ਅਤੇ ਇੰਝ ਆਪੋ ਆਪਣੇ ਨਿਸ਼ਾਨੇ ਭਾਰਤੀ ਹਾਕਮਾਂ ਤੋਂ ਫੁੰਡੇ ਹਨ। ਪੰਜ ਸਿੰਘ ਸਾਹਿਬਾਨਾਂ ਨੇ ਤਾਂ ਹੱਦ ਹੀ ਮੁਕਾਈ ਹੋਈ ਹੈ। ਅਜਿਹੀ ਧੜੇਬੰਦੀ ਤੇ ਸਤਾ ਵਾਲਿਆਂ ਦੀ ਕੈਦ ਵਿੱਚ ਗੁਲਾਮੀ ਹੰਡਾਂਅ ਰਹੇ ਹਨ ਕਿ ਉਨ੍ਹਾਂ ਨੂੰ ਤਾਂ ਹੁਣ ‘ਸਿੱਖ’ ਕਹਿਣ ਤੇ ਵੀ ਉਵੇਂ ਹੀ ਸ਼ਰਮ ਆਉਂਦੀ ਹੈ ਜਿਵੇਂ ਸ੍ਰੀ ਮਾਨ ਦੇ ਨਾਨੇ, ਸ੍ਰੀ ਅਰੂੜ੍ਹ ਸਿੰਘ ਨੂੰ ‘ਅਕਾਲ ਤਖ਼ਤ ਦਾ ਜਥੇਦਾਰ’ ਕਹਿੰਦੇ ਸਿੱਖ ਦਾ ਹਿਰਦਾ ਭਾਂਬੜਾਂ ਵਿੱਚ ਮੱਚਣ ਲੱਗ ਜਾਂਦਾ ਹੈ। ਮੈਂ ਕੌੜੇ ਅਤੇ ਅਜਿਹੇ ਸਖ਼ਤ ਸ਼ਬਦ ਕਹਿਣ ਲਈ ਖਿਮਾ ਦਾ ਜਾਚਕ ਆਪਣੇ ਪੰਥ ਖ਼ਾਲਸੇ ਤੋਂ ਹਾਂ ਪਰ ਕੀ ਕਰਾਂ ਉਨ੍ਹਾਂ ਸਭਨਾਂ ਨੇ ਹੁਣ ਇੰਝ ਲਿਖਣ ਲਈ ਆਪੋ ਆਪਣੀ ਕਰਨੀ ਨਾਲ ਇਕ ਆਮ ਸਿੱਖ ਦੇ ਵਿਸ਼ਵਾਸ ਅਤੇ ਭਰੋਸੇ ਨੂੰ ਚਕਨਾਚੂਰ ਕਰਕੇ ਮਜਬੂਰ ਕਰ ਦਿੱਤਾ ਹੈ। ਰਵਾਇਤੀ ਅਕਾਲੀ ਦਲ ਨੇ ਵੀ ਇਸ ਮੁੱਦੇ ਤੇ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਵਰਤਮਾਨ ਬਾਦਲ, ਲੋਂਗੋਵਾਲ, ਬਰਨਾਲਾ, ਸਰਨਾ ਆਦਿ ਤੇ ਹੋਰ ਧੜਿਆਂ ਨੇ ਵੀ ਬਹੁਤ ਕੁਫਰ ਤੋਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲਗਾਤਾਰ ਝੂਠ ਦਰ ਝੂਠ ਬੋਲਦੀ ਹੀ ਚਲੀ ਆ ਰਹੀ ਹੈ। ਚੀਫ਼ ਖ਼ਾਲਸਾ ਦੀਵਾਨ ਵੀ ਇਸ ਮੁੱਦੇ ਤੇ ਦਾਗੀ ਹੀ ਬਣਿਆ ਰਿਹਾ ਹੈ। ਬਹੁਤ ਸਾਰੇ ਲਿਖਾਰੀਆਂ ਨੇ ਵੀ ਸਿਰਫ਼ ਲਿਖਣ ਕਰਕੇ ਬਹੁਤ ਗਲਤ ਲਿਖ ਮਾਰਿਆ ਹੈ। ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੇ ਅਕਾਲੀ ਦਲ ਵਲੋਂ ਕਿਹਾ ਹੈ ਕਿ ਉਸ ਨੇ ਅਨੰਦ ਮੈਰਿਜ ਐਕਟ ਬਣਾਉਣ ਲਈ ਪਾਰਲੀਮੈਂਟ ਵਿੱਚ ਅਵਾਜ਼ ਚੁੱਕੀ ਹੈ। ਹਾਂਲਾਕਿ ਕੀ ਅਵਾਜ਼ ਚੁੱਕੀ ਹੈ ਤੇ ਕੀ ਕਿਹਾ ਹੈ ਇਹ ਕੁਝ ਵੀ ਸਾਹਮਣੇ ਨਹੀਂ ਲਿਆਇਆ ਗਿਆ ਹੈ।
ਅੱਜ ਕਲ ਸਿੱਖਾਂ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਜੂਨ 84 ਦਾ ਹਮਲਾ ਕਰਵਾਉਣ ਵਾਲੇ ਰਾਸ਼ਟਰ ਪਤੀ ਗਿਆਨੀ ਜੈਲ ਸਿੰਘ ਦੇ ਉਸ ਵਕਤ ਦੇ ਸਕੱਤਰ ਸ੍ਰੀ ਤਰਲੋਚਨ ਸਿੰਘ ਦੇ ਵੀ ਇਸ ਐਕਟ ਨੂੰ ਲੈ ਕੇ ਬਹੁਤ ਚਰਚੇ ਹਨ। ਉਹ ਵੀ ਬੜੀਆਂ ਡੀਂਗਾਂ ਮਾਰਦੇ ਹਨ ਤੇ ਮਾਰ ਰਹੇ ਹਨ। ਕਿਉਂ ਨਾ ਮਾਰਨ ਜਦ ਸਿੱਖ ਕੌਮ ਜੂਨ 84 ਨੂੰ ਭੁਲਾ ਕੇ ਉਨ੍ਹਾਂ ਨੂੰ ਸਿੱਖ ਕੌਮ ਦਾ ਨੁਮਾਇੰਦਾ ਮੰਨਦੀ ਹੈ ਤਾਂ ਫਿਰ ਇੰਝ ਕਰਨਗੇ ਹੀ। ਇਹ ਗੱਲ ਵੱਖਰੀ ਹੈ ਕਿ ਉਸ ਵਕਤ ਸਾਡੇ ਵਰਗੇ ਕੌਮ ਲਈ ਆਪਣਾ ਸਭ ਕੁਝ ਮੁਕਾ ਲੈਣ ਵਾਲਿਆਂ ਦੀ ਧੌਣ ਇਸ ਕਰਕੇ ਝੁਕ ਜਾਂਦੀ ਹੈ ਕਿ ਸ਼ਾਇਦ ਉਹ ਕੌਮ ਦੇ ਦੁਸ਼ਮਣ ਰਹੇ ਹਨ। ਪਰ ਸਿੱਖ ਕੌਮ ਨੂੰ ਤਾਂ ਸਰਕਾਰੀ ਦਰਬਾਰੇ ਪੂਛਾਂ ਮਾਰਨ ਵਾਲੇ ਤੇ ਪਹੁੰਚ ਰੱਖਣ ਵਾਲੇ ਨੁਮਾਇੰਦੇ ਚਾਹੀਦੇ ਨੇ! ਪੰਥ ਦੀ ਸੁਤੰਤਰਤਾ, ਵਿਲੱਖਣਤਾ, ਅੱਡਰੀ ਪਹਿਚਾਣ ਅਤੇ ਸਵੈ ਮਾਣ ਦੀ ਗੱਲ ਕਰਨ ਵਾਲੇ ਤੇ ਰੱਖਿਆ ਕਰਨ ਵਾਲੇ ਇਸ ਕੌਮ ਨੂੰ ਨੁਮਾਇੰਦੇ ਨਹੀਂ ਚਾਹੀਦੇ; ਖੈਰ.. ਸੱਚ ਇਹ ਹੈ ਕਿ ਇਸ ਐਕਟ ਦੇ ਵਰਤਮਾਨ ਅਲੰਬਰਦਾਰ ਇਹੋ ਸ੍ਰੀ ਤਰਲੋਚਨ ਸਿੰਘ ਹੀ ਮੰਨੇ ਜਾ ਰਹੇ ਹਨ। ਜੋ ਕੁਝ ਵੀ ਹੁਣ ਤਕ ਸਿੱਖ ਕੌਮ ਨੂੰ ਅਨੰਦ ਮੈਰਿਜ ਐਕਟ ਸਬੰਧੀ ਇਨ੍ਹਾਂ ਸਭਨਾਂ ਵਲੋਂ ਕਿਹਾ ਗਿਆ ਹੈ ਉਸ ਬਾਰੇ ਬੜੀ ਤਕਲੀਫ਼ ਅਤੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਭ ਝੂਠ ਕਿਹਾ ਗਿਆ ਤੇ ਦੱਸਿਆ ਗਿਆ ਹੈ। ਜੋ ਨਵਾ ਐਕਟ ਪਾਸ ਕੀਤਾ ਗਿਆ ਹੈ ਉਸ ਵਿੱਚ ਇਸ ਲੀਡਰ ਨੇ ਅਕਾਲੀ ਦਲ ਬਾਦਲ ਨਾਲ ਮਿਲ ਕੇ, 1909 ਵਾਲੇ ਅਨੰਦ ਮੈਰਿਜ ਐਕਟ ਨੂੰ ਮੂਲੋਂ ਰੱਦ ਕਰਵਾਉਣ ਦਾ ਹੀ ਪ੍ਰਬੰਧ ਹੈ। ਇਹ ਇਸ ਲਈ ਤਾਂ ਜੋ ਸਿੱਖਾਂ ਦੀ ਜਿਸ ਅਜ਼ਾਦ, ਸੁਤੰਤਰ, ਵਿਲੱਖਣ ਹਸਤੀ ਨੂੰ 1909 ਵਾਲੇ ਐਕਟ ਵਿੱਚ ਪਰਵਾਨ ਕੀਤਾ ਗਿਆ ਹੈ ਅਤੇ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਵਿੱਚੋਂ ਕੱਢ ਦਿੱਤਾ ਗਿਆ ਹੈ; ਅਜਿਹੇ ਪ੍ਰਬੰਧ ਨੂੰ ਰੱਦ ਕਰਕੇ ਮੁੜ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਦੇ ਪ੍ਰਬੰਧ ਅਧੀਨ ਗੁਲਾਮ ਬਣਾ ਕੇ ਸਿਰਫ 'ਅਨੰਦ ਕਾਰਜ' ਰਜਿਸਟਰ ਕਰਵਾਉਣ ਦਾ ਇੰਤਜਾਮ ਕੀਤਾ ਜਾ ਸਕੇ। ਦੂਜਾ ਇਹ ਕਿ ਸਿੱਖਾਂ ਨੂੰ 1909 ਵਾਲਾ ਐਕਟ ਜਿਹੜੀ ਅਜ਼ਾਦ ਹਸਤੀ ਦੇ ਕੇ 'ਧਾਰਾ 25' ਤੋਂ ਮੁਕਤ ਕਰ ਜਾਂਦਾ ਹੈ; ਉਸ ਸੁਤੰਤਰ ਅਤੇ ਅੱਡਰੀ ਵਿਲੱਖਣ ਹਸਤੀ ਨੂੰ ਮਾਰ ਮੁਕਾਇੳਾ ਜਾ ਸਕੇ ਤੇ ਸਿੱਖ ਕੌਮ ਨੂੰ ਹਿੰਦੂ ਧਾਰਾ ਦਾ ਹੀ ਇੱਕ ਹਿੱਸਾ ਸਾਬਤ ਕੀਤਾ ਜਾ ਸਕੇ। ਇਸੇ ਲਈ ਇਹ "ਅੰਦਰੋਂ ਮੀਣੇ-ਮਸੰਦ ਤੇ ਉਪਰੋ ਪੰਥਕ' ਬਣੇ ਲੋਕ ਸਿਰਫ ਹਿੰਦੂ ਮੈਰਿਜ ਐਕਟ ਅਧੀਨ 'ਅਨੰਦ ਕਾਰਜ' ਰਜਿਸਟਰ ਕਰਵਾਉਣ ਦੇ ਇੱਕ ਨਿਅਹਾਇਤ ਹੀ ਮਾਰੂ ਪ੍ਰਬੰਧ ਨੂੰ ਅਨੰਦ ਮੈਰਿਜ ਐਕਟ ਕਹਿ ਕੇ ਝੂਠ ਪ੍ਰਚਾਰ ਕੇ ਪੰਥ ਦੋਖੀ ਤਾਕਤਾਂ ਦਾ ਆਪੋ ਆਪਣੇ ਨਿਜੀ ਮੁਫ਼ਾਦਾਂ ਲਈ ਸਾਥ ਦੇ ਰਹੇ ਹਨ। ਤ੍ਰਾਸਦੀ ਇਹ ਹੈ ਕਿ ਸਿੱਖਾਂ ਦਾ ਪੜ੍ਹਿਆ ਲਿਖਿਆ ਤਬਕਾ ਵੀ ਇਸ ਫਰੇਬ ਵਿੱਚ ਫਸ ਕੇ ਇਸ ਦਾ ਸਾਥ ਦੇ ਰਿਹਾ ਹੈ।
ਆਖਿਰ ‘ਅਨੰਦ ਮੈਰਿਜ ਐਕਟ 1909’ ਦੇ ਸਬੰਧ ਵਿੱਚ ਖ਼ਾਲਸਾ ਪੰਥ ਇਸ ਦੀ ਜਵਾਬ ਤਲਬੀ ਇਸ ਪੱਖ ਤੋਂ ਕਿਉਂ ਨਹੀਂ ਕਰਦਾ ਕਿ ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ 1947 ਤਕ ਸਿੰਘ ਸਭੀਏ, ਚੀਫ਼ ਖ਼ਾਲਸਾ ਦੀਵਾਨ, ਅਕਾਲੀ ਧਿਰ ਤੇ ਸ਼੍ਰੋਮਣੀ ਕਮੇਟੀ ਕੀ ਕਰਦੀ ਰਹੀ ? ਵਰਤਮਾਨ ਵਿੱਚ ਇਹ ਗੱਲ ਘੋਖਣ ਵਾਲੀ ਹੈ ਕਿ ਜਦ ਪੰਜਾਬ ਸਰਕਾਰ ਅਤੇ ਖੁਦ ਸ਼੍ਰੋਮਣੀ ਕਮੇਟੀ ਪੰਥ ਖ਼ਾਲਸੇ ਲਈ ਇਸ ਨਿਮਿਤ ਆਪਣੇ ਨਿਜੀ ਪ੍ਰਬੰਧ ਕਰ ਸਕਦੀ ਹੈ, ਇਸ ਹਿਤ ਸ੍ਰੀ ਅਕਾਲ ਤਖ਼ਤ ਹੁਕਮਨਾਮਾ ਜਾਰੀ ਕਰ ਸਕਦੇ ਹਨ, ਪਰ ਇੰਝ ਕਿਉਂ ਨਹੀਂ ਕੀਤਾ ਜਾ ਰਿਹਾ ? ਸਿਰਫ਼ ਇਸੇ ਲਈ ਕਿ ਮਸਲੇ ਜਿਉਂਦੇ ਰੱਖੋ ਤਾਂ ਕਿ ਪੰਥ ਨੂੰ ਮੂਰਖ ਬਣਾ ਕੇ ਆਪਣਾ ਉੱਲੂ ਸਿੱਧਾ ਕੀਤਾ ਜਾ ਸਕੇ। ਖ਼ਾਲਸੇ ਨੇ ਦੋ ਸਦੀਆਂ ਅਜਿਹੇ ਹੀ ਲੀਡਰਾਂ ਨਾਲ ਲੰਘਾਂ ਕੇ ਆਪਣੇ ਆਪ ਦੀ ਬਰਬਾਦੀ ਖੁਦ ਕਰਵਾਈ ਹੈ ਤੇ ਕੀ ਖ਼ਾਲਸਾ ਅੱਗੇ ਵੀ ਇੰਝ ਹੀ ਕਰਦਾ ਰਹੇਗਾ ?
ਅਸਲੀਅਤ ਇਹ ਹੈ ਕਿ ਜਿਸ ਐਕਟ ਨੂੰ ਪਾਸ ਹੋਏ ਅਤੇ ਲਾਗੂ ਹੋਏ 102 ਸਾਲ ਹੋ ਚੁਕੇ ਹਨ, ਉਸੇ ਐਕਟ ਨੂੰ ਆਪਣੇ ਉਪਰ ਧਾਰਨ ਨਾ ਕਰਨ ਦਾ ਵੀ ਇਹ ਸਿੱਖਾਂ ਦਾ ਹੀ ਰਿਕਾਰਡ ਹੈ ਕਿ ਉਹ 102 ਸਾਲ ਤੋਂ ਸੁੱਤੇ ਪਏ ਹਨ ਤੇ ਉਨ੍ਹਾਂ ਦੇ ਰਾਜਨੀਤਕ ਲੀਡਰ, ਧਾਰਮਿਕ, ਸਮਾਜਿਕ, ਬੁੱਧੀਜੀਵੀ ਆਕਾ ਸਿੱਖਾਂ ਨੂੰ ਗੁਮਰਾਹ ਕਰੀ ਜਾ ਰਹੇ ਹਨ ! ਇਹ ਸਿੱਖ ਕੌਮ ਦੀ ਲੀਡਰਸ਼ਿਪ ਵਲੋਂ 102 ਸਾਲ ਲੰਮੀ ਗੱਦਾਰੀ ਦੀ ਇਤਿਹਾਸਕ ਅਤੇ ਸੰਵਿਧਾਨਿਕ, ਕਾਨੂੰਨੀ ਪਰਮਾਣਿਕਤਾ ਨਾਲ ਪੇਸ਼ ਕਰਦੀ ਅਜਿਹੀ ਗਵਾਹੀ ਹੈ ਜਿਹੜੀ ਖੁਦ ਮੂੰਹੋਂ ਬੋਲਦੀ ਹੈ।
ਜੋ ਐਕਟ ਲਾਗੂ ਹੋਇਆ ਹੋਇਆ ਹੈ ਉਸ ਨੂੰ ਬਣਵਾਉਣ ਦੀਆਂ ਗੱਲਾਂ ਕਰਨੀਆਂ ਤੇ ਅਲਟੀਮੇਟਮ ਦੇਣੇ ਤੇ ਭਾਰਤ ਸਰਕਾਰ ਨਾਲ ਮੀਟਿੰਗਾਂ ਕਰਨੀਆਂ ਕੀ ਸਾਫ ਜ਼ਾਹਿਰ ਨਹੀਂ ਕਰਦਾ ਕਿ ਇਹ ਸਭ ਸਿੱਖ ਲੀਡਰ ਪੰਥ ਖ਼ਾਲਸੇ ਨੂੰ ਧੋਖਾ ਦੇਣ ਲਈ ਹੀ ਸਿਆਸਤ ਵਿੱਚ ਸਰਗਰਮ ਹਨ। ਜਾਣ ਬੁੱਝ ਕੇ ਇਹ ਲੋਕ ਹੱਲ ਹੋ ਚੁਕੇ ਮੁੱਦਿਆਂ ਨੂੰ ਵੀ ਜਿਉਂਦਾ ਰੱਖ ਕੇ ਆਪਣੀਆਂ ਸਰਕਾਰੀ ਦਰਬਾਰੇ ਜੀ ਹਜ਼ੂਰੀਆਂ ਤੇ ਕਿਰਪਾ ਪਾਤਰਤਾ ਹਿਤ ਕਟੋਰੇ ਵਿਚ ਦਾਨ ਲੈਣ ਲਈ ਮੰਗਤੇ ਬਣੇ ਤੇ ਕੋੰਮ ਨੂੰ ਮੰਗਤਾ ਬਣਾਈ ਰੱਖਦੇ ਹਨ ? ਇਹ ਲੋਕ ਇਹ ਸਭ ਸਿਰਫ਼ ਇਸ ਲਈ ਪਿਛਲੇ 102 ਸਾਲਾਂ ਤੋਂ ਕਰਦੇ ਆ ਰਹੇ ਹਨ ਕਿ ਇਨ੍ਹਾਂ ਲੋਕਾਂ ਦੀ ਸਰਕਾਰੀ ਦਰਬਾਰੇ ਪੁੱਛ ਪਰਤੀਤ ਬਣੀ ਰਹੇ। ਖ਼ਾਲਸਾ ਪੰਥ ਦੀ ਕੌਮੀ ਅਣਖ ਨੂੰ ਵੇਚ ਕੇ ਉਸ ਦੀ ਵੱਟਤ ਰਾਹੀਂ ਆਪਣੀ ਕੁਰਸੀ ਚਮਕਾਉਣ ਵਾਲੇ ਅਜਿਹੇ ਲੀਡਰਾਂ ਤੋਂ ਜਦ ਤਕ ਸਿੱਖ ਆਪਣਾ ਖਹਿੜਾ ਨਹੀਂ ਛੁਡਾਉਂਦੇ ਓਦੋਂ ਤਕ ਕੌਮ ਦਾ ਕੁਝ ਵੀ ਨਹੀ ਬਣ ਸਕਦਾ। ਮੇਰੀ ਇਹ ਗੱਲ ਪੱਥਰ ਤੇ ਲਕੀਰ ਵਾਂਗ ਅਮਿਟ ਹੈ।
ਪੂਰੀ ਸੱਚਾਈ ਦੇ ਦੋ ਹੋਰ ਪਹਿਲੂ ਵੀ ਹਨ। ਪਹਿਲਾ ਇਹ ਕਿ ਜਿਸ ‘ਸਿੱਖ ਮੈਰਿਜ ਐਕਟ-1909’ ਦੀਆਂ ਹੁਣ ਅੱਜ ਕਲ ਦੇ ਲੀਡਰ ਗੱਲਾਂ ਕਰ ਰਹੇ ਹਨ ਉਹ ਗੁਰਮਤਿ ਤੋਂ ਉਲਟ ਅਤੇ ਬਣੇ ਹੋਏ ਵਿਧਾਨ ਨੂੰ ਪਲਟਣ ਲਈ ਹੀ ਕਰ ਰਹੇ ਹਨ। ਦੂਜਾ ਪਹਿਲੂ ਇਹ ਹੈ ਕਿ "ਅਨੰਦ ਮੈਰਿਜ ਐਕਟ-1909” ਪੂਰੀ ਤਰ੍ਹਾਂ ‘ਗੁਰਮਤਿ’ ਅਨੁਰੂਪ, ਅਤੇ "ਸਿੱਖ ਰੂੜੀਆਂ” ਜਾਂ "ਰਵਾਇਤਾਂ” ਅਤੇ "ਰੀਤਾਂ” ਨੂੰ ਵੀ ਸੰਵਿਧਾਨਿਕ ਅਤੇ ਕਾਨੂੰਨੀ ਰੂਪ ਵਿੱਚ ਲਿਖਤੀ ਮਾਣਤਾ ਦਿਵਾਉਂਦਾ ਅਤੇ ਦਿੰਦਾ ਹੈ। ਜੋ ਵਰਤਮਾਨ ਦਾ ਲਲੇਕੜੀਆਂ ਕੱਢਣ ਵਾਲਾ ਗੁਲਾਮ ਸਿੱਖ ਲੀਡਰ ਇਤਨੇ ਵਿਸ਼ਾਲ ਕਾਨੂੰਨ ਨੂੰ ਪਾਸ ਕਰਵਾਉਣ ਦੀ ਹੁਣ ਜੁਰੱਤ ਹੀ ਨਹੀਂ ਰੱਖਦਾ ਹੈ।
ਐਕਟ ਸਬੰਧੀ ਮੈਂ ਇਕ ਕੌੜੀ ਸੱਚਾਈ ਨੂੰ ਵੀ ਸਿੱਖ ਕੌਮ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਸਿੱਖਾਂ ਨੂੰ ਮਿਲੀਆਂ ਬਹੁਤ ਸਾਰੀਆਂ ਸੰਵਿਧਾਨਿਕ ਸੁਤੰਤਰਤਾਵਾਂ ਵਿੱਚੋਂ ਇਹ ਐਕਟ ਇਕ ਅਹਿਮ ਸੁਤੰਤਰਤਾ ਹੈ ਜੋ ਸਿੱਖਾਂ ਦੀ ਅੱਡਰੀ, ਵਿਲੱਖਣ ਅਤੇ ਸੁਤੰਤਰ ਕੌਮੀਅਤਾ ਵਜੋਂ ਰਾਸ਼ਟਰੀ ਪਹਿਚਾਣ ਵਿੱਚ ਖ਼ਾਲਸੇ ਨੂੰ ਕਾਇਮ ਕਰਦੀ ਹੈ। ਪਰ ਨਾਲੋਂ ਨਾਲ ਹੀ ਇਸ ਨੂੰ ਸਿੱਖਾਂ ਨੇ ਖੁਦ ਆਪ 102 ਸਾਲਾਂ ਤੋਂ ਪਰਵਾਨ ਹੀ ਨਹੀਂ ਕੀਤਾ ਹੈ। ਕੋਈ ਵੀ ਵਿਆਹ 1947 ਤੋਂ ਬਾਅਦ ਸਿੱਖਾਂ ਨੇ ਇਸ ਐਕਟ ਦੇ ਤਹਿਤ ਰਜਿਸਟਰਡ ਨਹੀਂ ਕਰਵਾਇਆ ਹੈ। ਇਸ ਵਿੱਚ ਹੁਣ ਕੋਈ ਭਾਰਤ ਸਰਕਾਰ ਦਾ ਜਾਂ ਭਾਰਤ ਦੇ ਪ੍ਰਸ਼ਾਸਨ ਦਾ ਕੋਈ ਦੋਸ਼ ਨਹੀਂ ਹੈ। ਇਹ ਸਿੱਖਾਂ ਵਿਚਲੀ ਆਪਣੀ ਘਾਟ ਅਤੇ ਕਮਜੋਰੀ ਹੈ। ਇਸ ਲਈ ਸਿੱਖ ਆਪ ਜ਼ੁੰਮੇਵਾਰ ਤੇ ਗੁਨਾਹਗਾਰ ਹਨ। ਆਖਿਰ ਸਿੱਖ ਆਪਣੇ ਅਮਲੀ ਜਿਉਣ ਵਿੱਚ ਆਪਣੀ ਹੀ ਕੌਮ ਨਾਲ ਖੁਦ ਆਪ ਕਦ ਤਕ ਗੱਦਾਰੀਆਂ ਕਰਦੇ ਰਹਿਣਗੇ ? ਇਸ ਨੂੰ ਰੋਕਣ ਲਈ ਵੀ ਕੋਈ ਅੱਗੇ ਆਏਗਾ ?
ਮੈਨੂੰ ਬੜੇ ਸਿੱਖ ਲੀਡਰ ਅਤੇ ਸਿੱਖ ਵਿਦਵਾਨ ਮਿਲਦੇ ਹਨ ਜਿਨ੍ਹਾਂ ਨੂੰ ਇਸ ਐਕਟ ਬਾਰੇ ਮੈਂ ਦੱਸਿਆ ਹੋਇਆ ਹੈ। ਉਹ ਵੀ ਇਹ ਕਹਿ ਕੇ ਮੁਕਰਦੇ ਹਨ ਕਿ ‘ਸਾਨੂੰ ਤਾਂ ਪਤਾ ਹੀ ਨਹੀਂ ਸੀ’ ਹੋਰ ਜਦ ਹੁਣ ਦੱਸ ਦਿੱਤਾ ਗਿਆ ਹੈ ਤਾਂ ਫਿਰ ਵੀ ਅਮਲ ਵਾਲੇ ਪਾਸੇ ਨਾ ਤੁਰਨ ਨੂੰ ਅਸੀਂ ਕੀ ਸੰਗਿਆਂ ਦਵਾਂਗੇ ? ਅਜਿਹੇ ਸਿੱਖ ਲੀਡਰਾਂ ਨੂੰ ਸਤਾ ਵਿੱਚ ਰਹਿਣ ਦਾ ਜਾਂ ਐਮ.ਪੀ. ਐਮ.ਐਲ.ਏ. ਜਾਂ ਐਸ.ਜੀ.ਪੀ.ਸੀ. ਮੈਂਬਰ, ਪ੍ਰਧਾਨ, ਜਥੇਦਾਰ ਜਾਂ ਮੰਤ੍ਰੀ ਤੇ ਮੁੱਕ ਮੰਤ੍ਰੀ ਬਣਨ ਦਾ ਕੀ ਹੱਕ ਹੈ ?
ਮੈਂ ਥੋੜਾ ਜਿਹਾ ਇਹ ਵੀ ਭਰਮ ਦੂਰ ਕਰਨਾ ਚਾਹੁੰਦਾ ਹਾਂ ਕਿ ਇਹ ਐਕਟ ਲਾਗੂ ਹੈ ਜਾਂ ਨਹੀਂ ? ਐਕਟ ਲਾਗੂ ਹੋਣ ਅਤੇ ਜਿਉਂਦਾ ਹੋਣ ਦਾ ਪਰਮਾਣ ਖੁਦ ਭਾਰਤ ਸਰਕਾਰ ਦਾ ਗਜ਼ਟ ਹੈ। ਇਹ ਸਿੱਖਾਂ ਦਾ ਅਵੇਸਲਾ ਪਣ ਅਤੇ ਮੂਰਖਤਾ ਹੈ ਕਿ ਉਨ੍ਹਾਂ ਨੇ ਇਸ ਦੀ ਹੋਂਦ ਨੂੰ ਸਵੀਕਾਰਿਆ ਨਹੀਂ ਤੇ ਪ੍ਰਸ਼ਾਸਨਿਕ ਅਮਲੀ ਜਾਮੇ ਵਿੱਚ ਉਹ ਲਿਆਏ ਨਹੀਂ। ਅਲਬੱਤਾ ਭਾਰਤ ਸਰਕਾਰ ਦੇ ਕਾਨੂੰਨੀ ਅਮਲ ਵਿੱਚ ਇਹ ਐਕਟ ਜਿਉਂਦਾ ਅਤੇ ਲਾਗੂ ਰਿਹਾ ਹੈ ਅਤੇ ਹੈ।
ਮੇਰੀ ਆਪਣੀ ਖੋਜ ਰਾਹੀਂ ਇਕੱਤਰ ਇਸ ਦੇ ਸਿਲਸਿਲੇ ਵਾਰ ਸੰਵਿਧਾਨਿਕ ਪ੍ਰਮਾਣ ਇੰਝ ਹਨ:
1.  ਇਸ ਐਕਟ ਵਿੱਚ ਸਭ ਤੋਂ ਪਹਿਲੀ ਤਬਦੀਲੀ 1959 ਵਿੱਚ ਕੀਤੀ ਗਈ ਅਤੇ ਉਸ ਨੂੰ ਆਰਡੀਨੈਂਸ ਨੰ. 48 ਦੀ ਧਾਰਾ 3 ਰਾਹੀਂ 1 ਫਰਵਰੀ 1960 ਨੂੰ ਕੁਝ ਸੰਵਿਧਾਨਿਕ ਲੋੜਾਂ ਦੀ ਪੂਰਤੀ ਲਈ ਸ਼ਬਦਾਂ ਵਿੱਚ ਤਬਦੀਲੀ ਕੀਤੀ ਗਈ। ਐਕਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
2.   ਜਦੋਂ ਭਾਰਤ ਦੇਸ਼ ਵਿੱਚ ਰਾਜ ਭਾਸ਼ਾ ਕਾਨੂੰਨ ਬਣਿਆ ਤਾਂ ਇਸ ਐਕਟ ਲਈ ਵੀ ਜਰੂਰੀ ਹੋ ਗਿਆ ਕਿ ਰਾਜ ਭਾਸ਼ਾ ਹਿੰਦੀ ਵਿੱਚ ਵੀ ਇਸ ਦਾ ਵਿਧਿਮਾਨਿਯਾ ਅਰਥਾਤ ਕਾਨੂੰਨ ਸੰਮਤ ਅਨੁਵਾਦ ਤਿਆਰ ਕਰਵਾ ਕੇ ਪ੍ਰਕਾਸ਼ਿਤ ਕੀਤਾ ਜਾਵੇ ਤਾਂ ਜੋ ਹਿੰਦੀ ਭਾਸ਼ਾ ਵਿੱਚ ‘ਕਾਨੂੰਨ ਸੰਮਤ ਅੱਖਰਾਂ ਤੇ ਭਾਸ਼ਾ ਵਿੱਚ’ ਇਸ ਦੇ ਇਸਤੇਮਾਲ ਨੂੰ ਸੰਵਿਧਾਨਿਕ ਦਰਜਾ ਦਿੱਤਾ ਜਾਵੇ। ਇਸ ਹਿਤ ਇਸ ਦਾ ਹਿੰਦੀ ਸੰਸਕਰਣ ਮਿਤੀ 19 ਮਾਰਚ 1976 ਨੂੰ ਭਾਰਤ ਦੇ ਗਜ਼ਟ (ਵਿਸ਼ੇਸ਼) ਦੇ ਭਾਗ 2, ਅਨੁਭਾਗ 1ਕ, ਦੇ ਨੰ. 46 ਦੇ ਖੰਡ 12 ਸਫ਼ਾ ਨੰ. 301-302 ਤੇ ਪ੍ਰਕਾਸ਼ਤ ਕੀਤਾ ਗਿਆ।
3.   ਇਸ ਤੋਂ ਬਾਅਦ ਇਸ ਦਾ ਉਪਰੋਕਤ ਮੇਰੇ ਵਲੋਂ ਪੇਸ਼ ਦੋ ਭਾਸ਼ੀ ਸੰਸਕਰਨ 1 ਜੂਨ 1979 ਨੂੰ ਭਾਰਤ ਦੇ ਸਕੱਤਰ, ਆਰ.ਵੀ.ਐਸ. ਪੈਰੀਸ਼ਾਸ਼ਤ੍ਰੀ ਦੇ ਦਸਤਖਾ ਨਾਲ ਛਾਪਿਆ ਗਿਆ।
4.   ਇਸ ਦਾ ਦੂਜਾ ਸੰਸਕਰਣ ਜਦੋਂ ਅਕਾਲੀ ਦਲ ਨੇ ਧਰਮ ਯੁੱਧ ਮੋਰਚੇ ਦੌਰਾਨ ‘ਸਿੱਖ ਮੈਰਿਜ ਐਕਟ’ ਬਣਾਏ ਜਾਣ ਦੀ ਆਪਣੀ ਨਾ ਸਮਝੀ ਕਰਕੇ ਮੰਗ ਕੀਤੀ ਤਾਂ ਭਾਰਤ ਸਰਕਾਰ ਨੇ 1 ਫਰਵਰੀ 1984 ਵਿੱਚ ਦੁਬਾਰਾ ਛਾਪ ਕੇ ਇਸ ਨੂੰ ਮੁੜ ਜਾਰੀ ਕੀਤਾ।
ਇੰਝ ਸਿੱਖਾਂ ਨੂੰ ਇਹ ਦੱਸਿਆ ਗਿਆ ਕਿ ਉਨ੍ਹਾਂ ਦੀ ਅਕਾਲੀ ਲੀਡਰਸ਼ਿਪ ਗਲਤ ਡਿਮਾਂਡਾ ਕਰ ਰਹੀ ਹੈ ਕੋਈ ਸੂਝ ਨਹੀਂ ਰੱਖਦੀ ਤੇ ਆਪਣੇ ਲੋਕਾ ਨੂੰ ਮੂਰਖ ਬਣਾ ਰਹੀ ਹੈ। ਪਰ ਸਿੱਖ ਕਿੱਥੇ ਸਮਝਦੇ ਹਨ ! ਅਜੀਬ ਗੱਲ ਇਹ ਹੈ ਕਿ ਸਿੱਖ ਅਨੰਦ ਮੈਰਿਜ ਐਕਟ ਦੀ ਗੱਲ ਤਾਂ ਕਰਦੇ ਹਨ। ਬਣਾਉਣ ਦੀ ਮੰਗ ਵੀ ਕਰੀ ਜਾ ਰਹੇ ਹਨ। ਪਰ ਇਸ ਦੀ ਇਸ ਹੋਂਦ ਦੀ ਅਸਲੀਅਤ ਨੂੰ ਸਵੀਕਾਰਨ ਲਈ ਤਿਆਰ ਹੀ ਨਹੀਂ ਹਨ। ਨਾ ਹੀ ਇਸ ਲਾਗੂ ਹੋ ਚੁਕੇ ਐਕਟ ਨੂੰ ਅਪਣਾਉਣ ਨੂੰ ਹੀ ਤਿਆਰ ਹਨ। ਕਿਉਂ ? ਇਸ ਦਾ ਵੀ ਖ਼ਾਸ ਕਾਰਨ ਹੈ।
ਇਹ ਐਕਟ ਕਿਉਂ ਕੀ ਸਿੱਖਾਂ ਦੀ ਸੰਪ੍ਰਭੁਤਾ ਨੂੰ ਕਾਇਮ ਕਰਦਾ ਹੈ ਅਤੇ ਅੱਗੇ ਵਧਾਉਂਦਾ ਹੈ ਇਸ ਲਈ ਹੁਣ ਭਾਰਤ ਸਰਕਾਰ ਜੂਨ 84 ਤੋਂ ਬਾਅਦ ਨਹੀਂ ਚਾਹੁੰਦੀ ਕਿ ਸਿੱਖ ਇਸ ਤੇ ਅਮਲ ਕਰਨ। ਸਰਕਾਰ ਦੀ ਇਸ ਇੱਛਾ ਦੀ ਪੂਰਤੀ ਉਪਰੋਕਤ ਸਿੱਖ ਲੀਡਰ ਕਰਦੇ ਤੇ ਕਰਾਉਂਦੇ ਹਨ। ਦੂਜਾ ਸਰਕਾਰ ਇਸ ਨੂੰ ਖੁਦ ਨਿਰਸਤ ਨਹੀਂ ਕਰਨਾ ਚਾਹੁੰਦੀ ਸਗੋਂ ਸਿੱਖਾਂ ਤੋਂ ਹੀ ਇਸ ਤੋਂ ਘਟ ਕੁਝ ਨਵਾਂ ਡਿਮਾਂਡ ਕਰ ਲੈਣ ਤੇ ਇਸ ਦੀ ਥਾਂ ਤੇ ਉਸ ਨਵੇ ਪਰ ਘਟ ਅਤੇ ਸਿੱਖ ਸੰਪ੍ਰਭੁਤਾ ਨੂੰ ਖ਼ਤਮ ਕਰਦਾ ਕਾਨੂੰਨ ਲਾਗੂ ਕਰਵਾਉਣਾ ਚਾਹੁੰਦੀ ਹੈ। ਜਿਸ ਲਈ ਮੋਹਰਾ ਬਣੇ ਹੋਏ ਹਨ ਤਰਲਚੋਨ ਸਿੰਘ, ਬਾਦਲ, ਮਾਨ ਅਤੇ ਕੁਝ ਸਿੱਖ ਵਿਦਵਾਨ ਅਤੇ ਇਨ੍ਹਾਂ ਨੂੰ ਸਮਰਥਨ ਦਿੰਦੇ ਇਨ੍ਹਾਂ ਦੇ ਸਮਰਥਕ ਅਤੇ ਹੋਰ ਸੰਸਥਾਵਾਂ। ਹੁਣ ਇਹ ਬੜੇ ਸੰਗੀਨ ਅਤੇ ਸਿੱਖ ਰਾਸ਼ਟਰਵਾਦਿਤਾ ਲਈ ਬੜੇ ਹੀ ਵਿਪਰੀਤ ਹਾਲਾਤ ਬਣਾ ਦਿੱਤੇ ਗਏ ਹਨ।
ਮੈਂ ਇਕ ਲੰਮੇ ਸਮੇਂ ਤੋਂ ਖ਼ਾਸ ਕਰ ਜੂਨ 84 ਤੋਂ ਬਾਅਦ ਤੋਂ ਤਾਂ ਖ਼ਾਸ ਤੌਰ ਤੇ ਕਹਿੰਦਾ ਆ ਰਿਹਾ ਹਾਂ ਕਿ ਸਥਾਪਿਤ ਸਿੱਖ ਲੀਡਰਸ਼ਿਪ ਅਤੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੀ ਬਣੀ ਸਿੱਖ ਬੁੱਧੀਜੀਵੀ ਜਮਾਤ ਸਿੱਖ ਕੌਮ ਨੂੰ ਮਿੱਥ ਕੇ ਮੂਰਖ ਬਣਾਉਂਦੀ ਤੇ ਆਪਣਾ ਉੱਲੂ ਸਿੱਧਾ ਕਰਦੀ ਆ ਰਹੀ ਹੈ। ਜਿਸ ਤੋਂ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਗ਼ਲਬਾ ਇਨ੍ਹਾਂ ਲੋਕਾਂ ਦਾ ਹੀ ਹੈ। ਤੇ ਉਪਰੋਂ ਸਿੱਖਾਂ ਵਿੱਚ ਸਿਤਮ ਇਹ ਬਣ ਚੁਕਾ ਹੈ ਕਿ ਸੱਚ ਨੂੰ ਸਭ ਫਾਹੇ ਲਾਉਣ ਲਈ ਇੱਕਮੁੱਠ ਇਸ ਲਈ ਹਨ ਕਿ ਉਨ੍ਹਾਂ ਦਾ ਝੂਠ ਨਾ ਜ਼ਾਹਿਰ ਹੋ ਜਾਵੇ। ਇਸ ਲਈ ਇਹ ਲੋਕ ਮਿੱਥ ਕੇ ਪੰਥ ਖ਼ਾਲਸੇ ਨਾਲ ਗੱਦਾਰੀ ਕਰਕੇ ਆਪਣੀਆਂ ਆਰਥਕ, ਸਿਆਸੀ ਅਤੇ ਸਤਾ ਦੀਆਂ ਰੋਟੀਆਂ ਹੀ ਸੇਕਣਾ ਚਾਹੁੰਦੇ ਹਨ ਤੇ ਬੇ ਰੋਕ ਟੋਕ ਸੇਕ ਰਹੇ ਹਨ।
ਮੈਂ ਇਕ ਹੋਰ ਸਥਾਪਿਤ ਲੋਕਾਂ ਦਾ ਝੂਠ ਅਤੇ ਗੱਦਾਰੀ ਭਰਪੂਰ ਅਮਲ ਜਗ ਜ਼ਾਹਿਰ ਕਰਨ ਲੱਗਾਂ ਹਾਂ। ਹਾਂਲਾਕਿ 28 ਸਤੰਬਰ 2011 ਵਾਲੀ ਪਟੀਸ਼ਨ ਦੇ ਸਬੰਧ ਵਿੱਚ ਮੈਂ ਪੰਥ ਖ਼ਾਲਸਾ ਨੂੰ ਸਾਥ ਦੇਣ ਤੇ ਖ਼ਤ ਜਾਂ ਈ-ਮੇਲ ਸ੍ਰੀ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਸ ਦੀ ਕਾਪੀ ਮੈਨੂੰ ਭੇਜਣ ਲਈ ਬੇਨਤੀ ਕੀਤੀ ਸੀ। ਸਿੱਖ ਕੌਮ ਦਾ ਜਾਗਰੁਕ ਹਿੱਸਾ ਵੀ ਕਿੰਨ੍ਹਾਂ ਕੁ ਜਾਗ ਰੁਕ ਹੈ ਉਸ ਦੀ ਮਿਸਾਲ ਇਹ ਹੈ ਕਿ ਮੇਰੀ ਇਸ ਬੇਨਤੀ ਤੇ ਸਿਰਫ਼ 8 ਸਿੱਖਾਂ ਨੇ ਅਮਲ ਕੀਤਾ ਹੈ। ਈ-ਮੇਲ ਮੈਂ ਖੁਦ ਇਕ ਹਜ਼ਾਰ ਦੇ ਕਰੀਬ ਕੀਤੀਆਂ ਸਨ ਤੇ ਇਸ ਤੋਂ ਇਲਾਵਾ ਇਹ ਅਤਿ ਗੰਭੀਰ ਪਟੀਸ਼ਨ ਜਿਸ ਨਾਲ ਕਿ ਸਹਿਜਧਾਰੀ ਮਸਲਾ ਪੁਨਰ ਸੁਰਜੀਤ ਹੋਣ ਤੋਂ ਰੋਕਣ ਦੀ ਬੇਨਤੀ ਸੀ, ਤੇ ਵੀ ਸਿੱਖ ਕੌਮ ਨੇ ਚਿੰਤਾ ਹੀ ਜਤਾਈ; ਅਮਲ ਵਿੱਚ ਇਕ ਖ਼ਤ ਤਕ ਨਾ ਪਾ ਸਕੀ। ਮੈਂ ਇਸ ਸੱਚਾਈ ਨੂੰ ਜਾਣਦੇ ਹੋਏ ਹੁਣ ਅਜਿਹੀ ਕੋਈ ਬੇਨਤੀ ਨਹੀਂ ਕਰ ਰਿਹਾ। ਆਪਣਾ ਫ਼ਰਜ਼ ਅਦਾ ਕਰ ਰਿਹਾ ਹਾਂ।
ਅਗਰ ਕੋਈ ਚੇਤਨ ਸਿੱਖ ਹਨ ਤਾਂ ਉਹ ਦਾਸ ਨਾਲ ਮੇਲ ਤੇ ਜਾਂ ਮੇਰੀ ਵੈਬ ਸਾਈਟ ਤੇ ਸੰਪਰਕ ਕਰ ਕੁਝ ਸਾਂਝਾਂ ਉਦਮ ਕਰ ਸਕਦੇ ਹਨ। ਸਾਨੂੰ ਸਭ ਹਮਖਿਆਲ ਸਿੱਖਾਂ ਨੂੰ ਸਿੱਖ ਕੌਮ ਦੀ ਰਾਸ਼ਟਰੀ ਹੋਣੀ ਨੂੰ ਬਦਲਣ ਅਤੇ ਕੌਮ ਪ੍ਰਸਤੀ ਵਿੱਚ ਹੀ ਇਸ ਦੀ ਸੰਪ੍ਰਭੁਤਾ ਨੂੰ ਕਾਇਮ ਰੱਖਣ ਲਈ ਆਪੋ ਆਪਣੇ ਮਤਭੇਦ ਭੁਲਾ ਕੇ ਇਕ ਮੁੱਠ ਜਤਨ ਕਰਨੇ ਹੀ ਪੈਣੇ ਹਨ। ਇਹ ਮੇਰੀ ਵਰਤਮਾਨ ਵਿੱਚ ੳਨ੍ਹਾਂ ਸਭਨਾ ਧੜਿਆਂ ਨੂੰ ਬੇਨਤੀ ਹੈ ਜੋ ਆਪੋ ਆਪਣੀ ਪੁਗਾਉਣ ਲਈ ਇਕ ਤਾਕਤਵਰ ਅਤੇ ਸਾਧਨ ਸੰਪੰਨਤਾ ਨਾਲ ਆਪੋ ਆਪਣੇ ਧੜੇ ਲਈ ਪੁਰੀ ਤਾਕਤ ਜੋਖਦੇ ਪਏ ਹਨ। ਆਓ ਪੰਥ ਲਈ ਇਸ ਤਾਕਤ ਨੂੰ ਇੱਕਮੁੱਠ ਕਰਕੇ ਲਾ ਦੇਈਏ। ਇੰਟਰਨੈਟ ਤੇ ਜਦੋਂ ਸੱਚ ਕਥਨ ਲਿਖਦਾ ਹਾਂ ਤਾਂ ਬੜੀਆਂ ਸਲਾਹਾਂ ਕਈ ਫਿਕਰਮੰਦਾਂ ਵਲੋਂ ਦਿੱਤੀਆਂ ਅਤੇ ਬੇਥਵ੍ਹੀਆਂ ਤੇ ਨਿਰਾਰਥਕ ਚੁਭਵੀਂਆਂ ਫੱਬਤੀਆਂ ਮਾਰੀਆਂ ਜਾਂਦੀਆਂ ਹਨ। ਮੈਂ ਉਨ੍ਹਾਂ ਸਭਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਬੜੇ ਸਿਆਣੇ ਹੋਣਗੇ ਪਰ ਉਸ ਸਿਆਣਪ ਦਾ ਕੀ ਕਰੀਏ ਜੋ ਅਮਲੀ ਤੌਰ ਤੇ ਕੌਮ ਲਈ ਕੁਝ ਵੀ ਸਾਹਮਣੇ ਨਹੀਂ ਲਿਆਉਂਦੀ ? ਆਓ ਸਾਰੇ ਸਿਆਣੇ ਇਕ ਘਟੇ ਘਟ ਸਾਂਝੇ ਖ਼ਾਲਸੇ ਦੀ ਰਾਸ਼ਟਰੀਅਤਾ ਦੇ ਕੌਮੀ ਪ੍ਰਗਟਾਵੇ ਦੇ ਅੰਤਮ ਪ੍ਰੋਗਰਾਮ ਤੇ ਹੀ ਇਕ ਜੁੱਟ ਹੋ ਜਾਈਏ। ਅਗਰ ਮੇਰਾ ਇਹ ਪ੍ਰੋਗਰਾਮ ਵੀ ਜਿਆਦਾ ਲੱਗਦਾ ਹੈ ਤਾਂ ਆਪਣਾ ਹੀ ਪ੍ਰੋਗਰਾਮ ਸਾਹਮਣੇ ਲਿਆਓ ਤੇ ਉਸ ਤੇ ਇਕ ਜੁੱਟ ਹੋ ਕੇ ਸਾਂਝੇ ਬੈਠਕ ਕਰਨ ਦਾ ਇਕ ਸਾਂਝ ਬਣਾਉਣ ਲਈ ਰਿਸ਼ਤਾ ਹੀ ਸਿੱਖੀ ਨਾਤੇ ਅਰੰਭ ਲਓ …… ਸ਼ਾਇਦ ਅਸੀਂ ਕੁਝ ਆਪਣਾ ਹੋਰ ਠੋਸ ਹਿੱਸਾ ਪਾ ਸਕੀਏ । ਸਾਡੇ ਜਿਉਂਦੇ ਜੀਅ ਕੁਝ ਤਾਂ ਕਰ ਲਓ……
ਸਿੱਖੀ ਦੀ ਅਕਾਲ ਪਰਥਾਏ ਅਮਲੀ ਹੋਂਦ ਦੇ ਪ੍ਰਗਟਾਵੇ ਲਈ ਨਾਨਕਸ਼ਾਹੀ ਸਿੱਖ ਸਭਿਅਤਾ, ਸੰਸਕ੍ਰਿਤੀ ਅਤੇ ਸਭਿਆਚਾਰ ਦੇ ਜਨਮ ਦਾਤਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਇਸ ਸੁਭਾਗੇ ਪੂਰਬਲੇ ਦਿਨ ਮੈਂ ਆਪਣੇ ਵੱਲੋਂ ਸਿੱਖ ਕੌਮ ਨੂੰ ਇਹੋ ਬੇਨਤੀ ਕਰਦਾ ਹਾਂ। ਓਦੋਂ ਤਕ ਗੁਰਪੁਰਬ ਮਨਾਉਣ ਦਾ ਕੋਈ ਅਰਥ ਨਹੀ ਜਦ ਤਕ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਸਿਧਾਂਤ ਨੂੰ ਅਮਲੀ ਜਾਮੇ ਵਿੱਚ ਅਪਣਾਉਣ ਦੇ ਸਮਰਥ ਨਹੀਂ ਬਣਦੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.