ਕੈਟੇਗਰੀ

ਤੁਹਾਡੀ ਰਾਇ



ਸੁਰਜੀਤ ਗਗ
ਮੁੱਖ ਮੰਤਰੀ ਪੰਜਾਬ ਦੇ ਨਾਂ ਖੁੱਲ੍ਹੀ ਚਿੱਠੀ
ਮੁੱਖ ਮੰਤਰੀ ਪੰਜਾਬ ਦੇ ਨਾਂ ਖੁੱਲ੍ਹੀ ਚਿੱਠੀ
Page Visitors: 2789

 

ਮੁੱਖ ਮੰਤਰੀ ਪੰਜਾਬ ਦੇ ਨਾਂ ਖੁੱਲ੍ਹੀ ਚਿੱਠੀ
ਸਤਿਕਾਰਯੋਗ ਮੁੱਖ ਮੰਤਰੀ ਸਾਹਿਬ,
ਇਸ ਤੋਂ ਪਹਿਲਾਂ ਕਿ ਕੋਈ ਮੇਰੇ ਕੋਲੋਂ ਤੁਹਾਡੇ ਲਈ ਸਤਿਕਾਰਯੋਗ ਸ਼ਬਦ ਦੀ ਦੁਰਵਰਤੋਂ ਬਾਰੇ ਸਪੱਸ਼ਟੀਕਰਨ ਮੰਗੇ, ਮੈਂ ਆਪ ਹੀ ਦੱਸ ਦੇਣਾ ਚਾਹੁੰਦਾ ਹਾਂ ਕਿ, ਤੁਹਾਡੀ ਉਮਰ ਦੇ ਲਿਹਾਜ ਨੂੰ ਜੇ ਪਾਸੇ ਰੱਖ ਦੇਵਾਂ ਤਾਂ ਹੋਰ ਕੋਈ ਕਾਰਣ ਨਹੀਂ ਰਹਿ ਜਾਂਦਾ, ਤੁਹਾਡੇ ਲਈ ਸਤਿਕਾਰਯੋਗ ਸ਼ਬਦ ਵਰਤਣ ਦਾਬਾਵਜੂਦ ਇਸਦੇ ਮੈਂ ਅਪਣੇ ਵਿਅਕਤੀਤਵ ਨੂੰ ਮੁੱਖ ਰੱਖਦੇ ਹੋਏ ਤੁਹਾਡੇ ਲਈ ਸਤਿਕਾਰਯੋਗ ਸ਼ਬਦ ਵਰਤ ਰਿਹਾ ਹਾਂਮੈਨੂੰ ਅਜਿਹੀ ਵਿਰਾਸਤ ਨਹੀਂ ਮਿਲੀ ਕਿ ਨੀਵੇਂ ਨੂੰ ਨੀਵਾਂ ਦਿਖਾਉਣ ਲਈ ਅਪਣਾ ਪੱਧਰ ਵੀ ਨੀਵਾਂ ਕਰ ਲਿਆ ਜਾਵੇਤੁਸੀਂ ਪੰਜਾਬ ਦੇ ਸਭ ਤੋਂ ਅਹਿਮ ਅਤੇ ਵੱਡੇ ਅਹੁਦੇ ਤੇ ਬੈਠੇ ਹੋ, ਪਰ ਇਹ ਭੁੱਲ ਗਏ ਹੋ ਕਿ ਇਸ ਅਹੁਦੇ ਤੇ ਵਿਰਾਜਮਾਨ ਹੋਣ ਤੋਂ ਬਾਅਦ ਏਨੀਆਂ ਹੀ ਵੱਡੀਆਂ ਜ਼ਿੰਮੇਵਾਰੀਆਂ ਵੀ ਤੁਹਾਨੂੰ ਪੁਗਾਉਣੀਆਂ ਪੈਣੀਆਂ ਹਨਮੈਂ ਪਿਛਲੇ ਸਮਿਆਂ ਦੀ ਜੇ ਗੱਲ ਨਾ ਵੀ ਕਰਾਂ ਤਾਂ ਵੀ ਇਸੇ ਕਾਰਜਕਾਲ ਦੌਰਾਨ ਮੇਰੀ ਨਜ਼ਰ ਵਿੱਚ ਇੱਕ ਵੀ ਅਜਿਹੀ ਪ੍ਰਾਪਤੀ ਨਹੀਂ ਹੈ ਤੁਹਾਡੀ ਕਿ ਉਸ ਦਾ ਠੂਠਾ ਲੈ ਕੇ ਤੁਸੀਂ ਲੋਕਾਂ ਵਿੱਚ ਵੋਟ ਮੰਗਣ ਜਾਓ
ਤੁਹਾਨੂੰ ਇਹ ਚਿੱਠੀ ਲਿਖਣ ਲਈ ਇਸ ਲਈ ਮਜ਼ਬੂਰ ਹਾਂ ਕਿ ਮੈਂ ਅਪਣੇ ਦੇਸ਼ ਨੂੰ ਪਿਆਰ ਕਰਦਾ ਹਾਂ, ਮੈਂ ਅਪਣੇ ਦੇਸ਼ ਪ੍ਰਤੀ ਵਫ਼ਾਦਾਰ ਹਾਂ, ਅਤੇ ਮੇਰੀਆਂ ਇਸ ਪ੍ਰਤੀ ਕੁੱਝ ਜ਼ਿੰਮੇਵਾਰੀਆਂ ਵੀ ਬਣਦੀਆਂ ਹਨਮੈਨੂੰ ਹੈਰਾਨੀ ਹੁੰਦੀ ਹੈ ਕਿ ਜਿਸ ਉਮਰ ਵਿੱਚ ਆ ਕੇ ਲੋਕ ਰੱਬ-ਰੱਬ ਕਰਨ ਲੱਗ ਜਾਂਦੇ ਨੇ, ਜਾਣੇ-ਅਣਜਾਣੇ ਕੀਤੇ ਗੁਨਾਹਾਂ ਦੀ ਭੁੱਲ ਬਖਸ਼ਾਉਣ ਲੱਗ ਜਾਂਦੇ ਨੇ, ਉਸ ਉਮਰ ਵਿੱਚ ਪਹੁੰਚ ਕੇ ਵੀ ਤੁਸੀਂ ਝੂਠ ਅਤੇ ਫਰੇਬ ਦੀ ਦੁਕਾਨਦਾਰੀ ਕਰਨ ਤੇ ਲੱਕ ਬੰਨ੍ਹਿਆ ਹੋਇਆ ਹੈਏਸ ਉਮਰ ਵਿੱਚ ਆ ਕੇ ਵੀ ਤੁਸੀਂ ਮੋਹ-ਮਾਇਆ ਦਾ ਤਿਆਗ ਨਹੀਂ ਕਰ ਸਕੇਹੁਣ ਤੱਕ ਤੁਹਾਨੂੰ ਰੱਜ ਆ ਜਾਣਾ ਚਾਹੀਦਾ ਸੀ, ਪਰ ਮੈਂ ਵੇਖ ਰਿਹਾ ਹਾਂ ਕਿ ਤੁਹਾਨੂੰ ਰੱਜ ਜਾਣ ਤੋਂ ਬਾਅਦ ਵੀ ਸਬਰ ਕਰਨਾ ਨਹੀਂ ਆਇਆ
ਮੈਂ ਤੁਹਾਨੂੰ ਤੁਹਾਡੀ ਜ਼ੁਬਾਨੀ ਕੁੱਝ ਗੱਲਾਂ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਸੁਪਨਾ ਵੇਚਿਆ ਸੀ, ਲੋਕਾਂ ਨੇ ਤੁਹਾਡੀ ਬੱਗੀ ਦਾਹਡ਼ੀ ਤੇ ਭਰੋਸਾ ਕਰ ਕੇ ਅਪਣਾ ਕੀਮਤੀ ਵੋਟ ਪਾ ਕੇ ਉਹ ਸੁਪਨਾ ਖਰੀਦਿਆ ਸੀਪਰ ਉਸ ਕੈਲੀਫੋਰਨੀਆ ਦਾ ਕੀ ਬਣਿਆ, ਮੈਂ ਤੁਹਾਡੇ ਕੋਲੋਂ ਇਹ ਨਹੀਂ ਪੁੱਛਾਂਗਾਮੈਂ ਇਹ ਪੁੱਛਦਾ ਹਾਂ ਕਿ ਜਿਸ ਪੰਜਾਬ ਨੂੰ ਤੁਸੀਂ ਕੈਲੀਫੋਰਨੀਆ ਬਣਾਉਣ ਦੀਆਂ ਟਾਹਰਾਂ ਮਾਰੀਆਂ ਸੀ ਉਹ ਪੰਜਾਬ ਕਿੱਥੇ ਗਿਆ? ਕਿੱਥੇ ਗਏ ਇਸ ਦੇ ਆਬ, ਜਿਨ੍ਹਾਂ ਵਿੱਚੋਂ ਚੰਨ ਦੀ ਚਾਨਣੀ ਦੁਧੀਆ ਰੰਗ ਬਖੇਰਦੀ ਸੀ
ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਕਮੀਨਗੀ ਭਰੀ ਮੁਸਕਾਨ ਨਾਲ ਇਹ ਕਹਿ ਕੇ ਪੱਲਾ ਝਾੜ਼ ਲਓਗੇ ਕਿ ਇਹ ਕਾਂਗਰਸ ਸਰਕਾਰ ਦੇ ਵੇਲੇ ਦਾ ਗੰਦ ਹੈਪਰ ਤੁਸੀਂ ਤਾਂ ਗੰਦ ਸਾਫ਼ ਕਰਨ ਦੀ ਸਹੁੰ ਪਾ ਕੇ ਕੁਰਸੀ ਤੇ ਬੈਠੇ ਸੀ, ਤੇ ਇਸ ਗੰਦ ਨੂੰ ਸਾਫ ਕਰਨ ਲਈ ਤੁਸੀਂ ਕਿਹੜਾ਼ ਮਾਅਰਕਾ ਮਾਰਿਆ ਏ? ਤੁਸੀਂ ਇਹ ਗੰਦ ਸਾਫ਼ ਤਾਂ ਕੀ ਕਰਨਾ ਸੀ ਸਗੋਂ ਆਪ ਹੀ ਹੱਥ ਲਬੇੜ਼ ਕੇ ਬਹਿ ਗਏ
ਤੁਸੀਂ ਇੱਕ ਨਾਅਰਾ ਵੇਚਿਆ ਸੀ, “ਰਾਜ ਨਹੀਂ, ਸੇਵਾ”, ਲੁਧਿਆਣੇ ਦੇ ਤਹਿਸੀਲਦਾਰ ਮੇਜਰ ਬੈਨੀਪਾਲ ਦਾ ਹਸ਼ਰ ਤੁਹਾਡੇ ਵੇਚੇ ਇਸ ਨਾਅਰੇ ਦੀ ਗਵਾਹੀ ਭਰਦਾ ਹੈ, ਜਲੰਧਰ ਦੇ ਗਿੱਕੀ ਹੱਤਿਆਕਾਂਡ ਦੇ ਮੁੱਖ ਦੋਸ਼ੀ ਦੀ ਜੇਲ੍ਹ ਵਿੱਚ ਕੀਤੀ ਜਾਂਦੀ ਖਾਤਿਰਦਾਰੀ ਹੀ ਜੇ ਤੁਹਾਡੀ ਸੇਵਾ ਹੈ ਤਾਂ ਏਡਾ ਵੱਡਾ ਝੂਠ ਬੋਲਣ ਦੀ ਲੋੜ਼ ਨਹੀਂ ਸੀਸਰਕਾਰੀ ਹੁਕਮਾਂ ਤੇ ਹੋਏ ਲਾਠੀਚਾਰਜ ਵਿੱਚ ਮਾਰੇ ਗਏ ਸਾਧੂ ਸਿੰਘ ਤਖਤੂਪੁਰਾ, ਕਿਸਾਨ ਸੁਰਜੀਤ ਸਿੰਘ, ਅਤੇ ਉਹ ਕਿਸਾਨ/ਮਜ਼ਦੂਰ ਜੋ ਆਰਥਿਕਤਾ ਦੀ ਬੇੜੀ ਨੂੰ ਕਿਨਾਰੇ ਲਾਉਂਦੇ-2 ਆਪ ਕਿਨਾਰੇ ਲੱਗ ਗਏ ਨੇ, ਕੀ ਉਹ ਕਿਸੇ ਦੂਸਰੇ ਗ੍ਰਹਿ ਦੇ ਵਾਸੀ ਸੀ, ਜੋ ਏਥੇ ਆ ਕੇ ਹੁੜਦੰਗ ਮਚਾਉਂਦੇ ਸੀ? ਕਿਉਂ ਜਾਇਜ਼ ਮੰਗਾਂ ਮੰਗ ਰਹੇ ਸ਼ਾਂਤੀ ਪੂਰਨ ਵਿਖਾਵਾ ਕਰਦੇ ਪੰਜਾਬ ਵਾਸੀਆਂ ਤੇ ਪੁਲਸ ਵਾਲਿਆਂ ਕੋਲੋਂ, ਸਿਰਫ ਇਸ ਲਈ ਡਾਂਗਾਂ ਵਰ੍ਹਾਈਆਂ ਗਈਆਂ ਕਿ ਜੇ ਉਹ ਅਪਣੇ ਹੀ ਭਰਾਵਾਂ, ਚਾਚਿਆਂ, ਭਤੀਜਿਆਂ ਤੇ ਭੈਣਾਂ ਤੇ ਡਾਂਗਾਂ ਨਹੀਂ ਵਰ੍ਹਾਉਣਗੇ ਤਾਂ ਉਨ੍ਹਾਂ ਦੀ ਨੌਕਰੀ ਜਾਂਦੀ ਲੱਗੇਗੀ ਜਾਂ ਬਦਲੀ ਕਰ ਕੇ ਓਥੇ ਭੇਜ ਦਿੱਤਾ ਜਾਵੇਗਾ, ਜਿੱਥੇ ਜਾਣ ਨਾਲੋਂ ਉਹ ਇਹੋ ਬੇਹਤਰ ਸਮਝਦੇ ਨੇ ਕਿ ਸਰਕਾਰੀ ਹੁਕਮ ਮੰਨ ਕੇ ਨੌਕਰੀ ਬਚਾ ਲਈ ਜਾਵੇ
ਕਿਉਂ ਪੁਲਸ ਕਰਮਚਾਰੀ ਏਨੇ ਮਜ਼ਬੂਰ ਕਰ ਦਿੱਤੇ ਗਏ ਨੇ ਕਿ ਜੇ ਨੌਕਰੀ ਕਰਨੀ ਹੈ ਤਾਂ ਸਰਕਾਰੀ ਹੁਕਮ ਮੰਨਣਾ ਹੀ ਹੋਵੇਗਾਜਦੋਂ ਕਿ ਇਹ ਗੱਲ ਤਾਂ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ ਕਿ ਪੁਲਸ ਅਮਨ-ਕਾਨੂੰਨ ਦੀ ਰਾਖੀ ਲਈ ਹੈ, ਨਾ ਕਿ ਬੇਦੋਸ਼ਿਆਂ ਤੇ ਤਸ਼ੱਦਦ ਕਰਨ ਲਈਜੇ ਆਮ ਲੋਕਾਂ ਨਾਲ ਅਪਰਾਧੀਆਂ ਤੋਂ ਵੀ ਮਾੜਾ ਵਿਹਾਰ ਕੀਤਾ ਜਾਂਦਾ ਹੈ, ਤਾਂ ਇਸ ਦੇ ਜ਼ਿੰਮੇਵਾਰ ਤੁਸੀਂ ਹੀ ਹੋ, ਤੁਹਾਡੀ ਛਤਰ ਛਾਇਆ ਹੇਠ ਹੀ ਇਹ ਸਾਰਾ ਕੁੱਝ ਹੋ ਰਿਹਾ ਹੈ, ਜੇ ਨੀਅਤ ਸਾਫ਼ ਹੋਵੇ ਤਾਂ ਤੁਸੀਂ ਇਹ ਸਭ-ਕੁੱਝ ਰੋਕ ਸਕਦੇ ਹੋਪਰ ਨੀਅਤ ਕਿਤੇ ਬਾਜ਼ਾਰੋਂ ਨਹੀਂ ਮਿਲਦੀਤੁਹਾਡਾ ਇੱਕ ਬੜਾ ਹਾਸੋਹੀਣਾ ਬਿਆਨ ਆਇਆ ਸੀ ਕਿ ਭ੍ਰਿਸ਼ਟਾਚਾਰੀਆਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈਕਾਫੀ ਤਰਸ ਭਰਿਆ ਬਿਆਨ ਸੀ ਇਹ, ਤੁਹਾਡੀ ਅੰਦਰਲੀ ਸਥਿਤੀ ਨੂੰ ਉਜਾਗਰ ਕਰਦਾ ਸੀ ਕਿ ਜਿਹੜੇ ਭ੍ਰਿਸ਼ਟਾਚਾਰ ਦੇ ਬੂਟੇ ਨੂੰ ਤੁਸੀਂ ਪਾਣੀ ਪਾ ਪਾ ਕੇ ਸਿੰਜਦੇ ਰਹੇ, ਹੁਣ ਉਹੀ ਤੁਹਾਨੂੰ ਖਾਣ ਆ ਰਿਹਾ ਹੈ
ਸ਼ਾਇਦ ਤੁਸੀਂ ਚਾਹੁੰਦੇ ਹੋਵੋ ਕਿ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈਪਰ ਅਪਣਾ ਘੜਾ ਭਰ ਲੈਣ ਤੋਂ ਬਾਅਦ ਜਦੋਂ ਦੂਸਰੇ ਦੇ ਘੜੇ ਭਰਨ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ ਤਾਂ ਇਹ ਵੀ ਡਰ ਅੰਦਰੋ ਅੰਦਰੀ ਖਾਣ ਲੱਗ ਜਾਂਦਾ ਹੈ ਕਿ ਕੋਈ ਦੂਸਰਾ ਮੇਰੇ ਨਾਲੋਂ ਅਗਾਂਹ ਨਾ ਲ਼ੰਘ ਜਾਵੇਇਹ ਸੱਚ ਹੈ ਕਿ ਪੁੱਤਰ ਮੋਹ ਅਤੇ ਪੁੱਤਰ ਲਈ ਮੁੱਖਮੰਤਰੀ ਦੀ ਕੁਰਸੀ ਰਾਖਵੀਂ ਰੱਖਣ ਦਾ ਛਲ ਤੁਹਾਨੂੰ ਦਸ਼ਰਥ ਤਾਂ ਬਣਾ ਸਕਦਾ ਹੈ, ਪਰ ਸੁਖਬੀਰ ਨੂੰ ਰਾਮ ਕਦੇ ਵੀ ਨਹੀਂ ਬਣਾ ਸਕਦਾਤੁਹਾਡੀ ਚਾਲੂ ਕੀਤੀ ਆਟਾ ਦਾਲ਼ ਸਕੀਮ ਨੇ ਵੀ ਤੁਹਾਨੂੰ ਦੱਸਿਆ ਹੀ ਹੋਣਾ ਏ ਕਿ ਉਸ ਨੂੰ ਕੌਣ-ਕੌਣ ਅਗਵਾ ਕਰ ਕੇ ਬਹਿ ਗਿਆ ਹੈਵੈਸੇ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਜੋ ਸੂਬਾ ਸਾਰੇ ਦੇਸ਼ ਵਿੱਚੋਂ ਅੰਨ ਉਗਾਉਣ ਵਿੱਚ ਮੋਹਰੀ ਹੈ, ਉਸੇ ਸੂਬੇ ਦੇ ਲੋਕ ਜੇ ਆਟਾ ਦਾਲ ਤੋਂ ਵੀ ਆਹਰੀ ਨੇ ਤਾਂ ਉਨ੍ਹਾਂ ਹੱਥ ਠੂਠਾ ਫਡ਼ਾਉਣ ਦੀ ਲੋੜ਼ ਨਹੀਂ, ਉਨ੍ਹਾਂ ਨੂੰ ਇਹ ਨਿਆਮਤਾਂ ਖਰੀਦਣ ਦੇ ਯੋਗ ਬਣਾਉਣ ਦੀ ਲੋੜ ਹੈਪਰ ਤੁਸੀਂ ਤਾਂ ਇਸ ਸਕੀਮ ਨਾਲ ਲੋਕਾਂ ਨੂੰ ਬੰਨ੍ਹ ਕੇ, ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹੋ ਕਿ ਜੇ ਆਟਾ-ਦਾਲ਼ ਚਾਹੀਦੀ ਹੈ ਤਾਂ ਮੁੜ ਕੇ ਫਿਰ ਉਹ ਪੰਜ ਸਾਲ ਲਈ ਤੁਹਾਡੇ ਅੱਗੇ ਕੌਡੇ ਹੋ ਜਾਣ
- ਕੀ ਇਹ ਕੈਲੀਫੋਰਨੀਆ ਹੈ?
- ਕੀ ਇਹ ਪੰਜਾਬ ਹੈ?
- ਕੀ ਇਹ ਸੇਵਾ ਹੈ?
- ਕੀ ਇਹ ਭ੍ਰਿਸ਼ਟਾਚਾਰੀਆਂ ਨੂੰ ਫਾਂਸੀ ਦੀ ਵਕਾਲਤ ਹੈ?
ਜੇ ਇਹ ਕੁੱਝ ਵੀ ਨਹੀਂ ਹੈ ਤਾਂ ਮੁੱਖ ਮੰਤਰੀ ਕਾਹਦੇ ਵਾਸਤੇ ਬਣੇ ਓ? ਕੀਤਾ ਕੀ ਹੈ ਤੁਸੀਂ ਪੰਜਾਬ ਲਈ? ਨਵਾਂਸ਼ਹਿਰ ਦਾ ਇੱਕ ਡੀ.ਸੀ. ਹੁੰਦਾ ਸੀ ਸ਼੍ਰੀ ਕ੍ਰਿਸ਼ਨ ਕੁਮਾਰਧਿਆਨ ਨਾਲ ਵੇਖੋ, ਮੈਂ ਸ਼੍ਰੀ ਕ੍ਰਿਸ਼ਨ ਕੁਮਾਰ ਮੂਹਰੇ ਸ਼੍ਰੀ ਲਾਇਆ ਹੈ ਜੋ ਮੈਨੂੰ ਅੰਦਰੂਨੀ ਸਕੂਨ ਦਿੰਦਾ ਹੈਉਸ ਨੂੰ ਡੀ ਸੀ ਤੋਂ ਬਦਲ ਕੇ ਸਿੱਖਿਆ ਵਿਭਾਗ ਦਾ ਮੁਖੀ ਲਾਇਆ ਗਿਆ ਸੀਪੰਜਾਬ ਸੂਬਾ ਜੋ ਸਰਕਾਰਾਂ ਦੀਆਂ ਕਰਤੂਤਾਂ ਸਦਕਾ ਪਡ਼੍ਹਾਈ ਵਿੱਚ ਪੱਛਡ਼ ਚੁੱਕਿਆ ਸੀ, ਉਸੇ ਕ੍ਰਿਸ਼ਨ ਕੁਮਾਰ ਸਦਕਾ ਮੁਡ਼ ਲੀਹ ਤੇ ਆ ਗਿਆ ਸੀਕਿਉਂਕਿ ਉਸ ਨੇ ਅਪਣੇ ਅਹੁਦੇ ਤੇ ਇਮਾਨਦਾਰੀ ਅਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਸੀਕੇਂਦਰ ਦੇ ਆਏ ਫੰਡਾਂ ਦੀ ਸਹੀ ਵਰਤੋਂ ਕਰਨ ਤੇ ਜਦੋਂ ਇੱਕ ਅਕਾਲੀ ਲੀਡਰ ਨਾਲ ਰੇੜਕਾ ਪੈ ਗਿਆ, ਤਾਂ ਉਸ ਨੇ ਅਪਣੀ ਉਹੀ ਘਟੀਆ ਨੀਤੀ ਦੀ ਵਰਤੋਂ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਕੁਮਾਰ ਨੂੰ ਇਸ ਅਹੁਦੇ ਤੋਂ ਪਾਸੇ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਕੇ ਪੰਜਾਬ ਦੇ ਸਕੂਲਾਂ ਦੀ ਦਸ਼ਾ ਤੇ ਮੁਡ਼ ਸਵਾਲੀਆ ਚਿੰਨ੍ਹ ਲਾ ਦਿੱਤਾਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੋ ਅੱਜ ਪੰਜਾਬ ਵਿੱਚ ਸਕੂਲ ਪਡ਼੍ਹਦੀਆਂ ਕੁਡ਼ੀਆਂ ਨੂੰ ਸਾਇਕਲ ਵੰਡੇ ਜਾ ਰਹੇ ਹਨ, ਬੇਸ਼ੱਕ ਉਹ ਕੇਂਦਰ ਸਰਕਾਰ ਵਲੋਂ ਆਏ ਫੰਡ ਵਿੱਚੋਂ ਵੰਡੇ ਜਾ ਰਹੇ ਹਨ, ਸ਼੍ਰੀ ਕ੍ਰਿਸ਼ਨ ਕੁਮਾਰ ਦੇ ਹੁੰਦਿਆਂ ਕਦੇ ਵੀ ਤੁਹਾਡੀ ਫੋਟੋ ਉਨ੍ਹਾਂ ਤੇ ਨਹੀਂ ਲੱਗਣੀ ਸੀਤੁਸੀਂ ਧੱਕੇ ਨਾਲ ਉਨ੍ਹਾਂ ਸਾਇਕਲਾਂ ਤੇ ਅਪਣੀ ਤਸਵੀਰ ਲਵਾ ਕੇ ਅਪਣੇ ਆਪ ਨੂੰ ਹੋਰ ਬੋਣਾ ਕਰ ਲਿਆ ਹੈ
ਅਜਿਹਾ ਨਹੀਂ ਹੈ ਕਿ ਤੁਹਾਡੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕੋਈ ਕੰਮ ਨਹੀਂ ਹੋਇਆਬਹੁਤ ਕੰਮ ਹੋਏ ਨੇਲੁਧਿਆਣੇ ਹਵਾਈ ਜਹਾਜਾਂ ਦਾ ਅੱਡਾ ਬਣਾ ਕੇ ਆਮ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ, ਉਨ੍ਹਾਂ ਆਮ ਲੋਕਾਂ ਦੇ ਜਿਨ੍ਹਾਂ ਨੇ ਕਦੇ ਜਹਾਜ ਨੂੰ ਹੱਥ ਲਾ ਕੇ ਨਹੀਂ ਵੇਖਿਆ, ਜਿਹੜੇ ਲੋਕਾਂ ਨੂੰ ਤੁਸੀਂ ਆਟਾ-ਦਾਲ਼ਾਂ ਵੰਡਣ ਦਾ ਪਰਪੰਚ ਰਚਿਆ ਹੈ, ਉਨ੍ਹਾਂ ਆਮ ਲੋਕਾਂ ਲਈ ਇਹ ਹਵਾਈ ਅੱਡਾ ਕਿਸੇ ਨਿਆਮਤ ਤੋਂ ਘੱਟ ਨਹੀਂ ਹੈਤੁਹਾਡੇ ਕਾਰਜਕਾਲ ਦੌਰਾਨ ਸੜਕਾਂ ਦੀ ਵੀ ਕਾਇਆਕਲਪ ਹੋਈ ਹੈ, ਬਹੁਤ ਸਾਰੇ ਫਲਾਈ-ਓਵਰ ਬਣਾ ਦਿੱਤੇ ਗਏ ਨੇ, ਵੱਡੇ ਵੱਡੇ ਮਾੱਲ ਪਲਾਜ਼ੇ ਖੁੱਲ ਗਏ ਹਨ ਜਿੱਥੋਂ ਸੂਈ ਤੋਂ ਲੈ ਕੇ ਜਹਾਜ ਤੱਕ ਸਭ ਕੁੱਝ ਇੱਕੋ ਛਤ ਹੇਠਾਂ ਮਿਲਦਾ ਹੈਇਹ ਸਭ ਵੀ ਉਨ੍ਹਾਂ ਆਮ ਲੋਕਾਂ ਲਈ ਹੀ ਹਨ, ਜੋ ਅਪਣੇ ਦੋ ਲਾਟੂ, ਇੱਕ ਪੱਖੇ ਅਤੇ ਟੈਲੀਵਿਯਨ ਦਾ ਬਿਜਲੀ ਦਾ ਬਿੱਲ ਦੇਣ ਤੋਂ ਅਸਮਰੱਥ ਜਾਪਦੇ ਹਨਅਤੇ ਬਿਜਲੀ ਦਾ ਬਿੱਲ ਆਉਣ ਤੇ ਕਦੇ ਅਪਣੇ ਜੁਆਕ ਅਤੇ ਕਦੇ ਅਪਣੀ ਤੀਵੀਂ ਤੇ ਗੁੱਸਾ ਕੱਢ ਲੈਂਦੇ ਹਨ, ਕਿਉਂਕਿ ਉਹ ਤੁਹਾਡੇ ਮਜ਼ਬੂਤ ਸੁਰੱਖਿਆ ਘੇਰੇ ਨੂੰ ਤੋੜਨ ਦੀ ਹਿੰਮਤ ਨਹੀਂ ਕਰ ਸਕਦੇ ਅਤੇ ਬੇਕਸੂਰ ਬੱਚਿਆਂ ਦੇ ਟੈਲੀਵਿਯਨ ਵੇਖਣ ਤੇ ਪਾਬੰਦੀ ਲਾ ਦਿੰਦੇ ਹਨ ਇਹ ਵੀ ਕੋਈ ਘੱਟ ਤਰੱਕੀ ਨਹੀਂ ਹੈ ਕਿ ਨਿਜੀ ਹੱਥਾਂ ਵਿੱਚ ਵੇਚ ਦੇਣ ਦੀ ਸਾਜਿਸ਼ ਤਹਿਤ ਬਿਜਲੀ ਬੋਰਡ ਨੂੰ ਤੋੜ ਕੇ ਬਿਜਲੀ ਨਿਗਮ ਬਣਾ ਦਿੱਤਾ ਗਿਆ ਹੈਮੈਂ ਇਹ ਵੀ ਚੰਗੀ ਤਰਾਂ ਜਾਣਦਾ ਹਾਂ ਕਿ ਜਦੋਂ ਲੋਕ ਬਿਜਲੀ ਦੇ ਬਿੱਲ ਵੇਖ ਕੇ ਤ੍ਰਾਹਿ-2 ਕਰਨਗੇ ਤਾਂ ਉਨ੍ਹਾਂ ਲੋਕਾਂ ਦਾ ਬੋਝ ਘਟਾਉਣ ਲਈ ਤੁਸੀਂ ਦੋ ਮਹੀਨੇ ਬਾਅਦ ਆਉਣ ਵਾਲੇ ਬਿੱਲ ਨੂੰ ਮਹੀਨਾਵਾਰ ਕਰਨ ਦੀ ਕੋਝੀ ਕੋਸ਼ਿਸ਼ ਵੀ ਕਰਨੀ ਹੈ, ਤਾਂ ਕਿ ਤੁਸੀਂ ਲੋਕਾਂ ਵਿੱਚ ਇਹ ਪ੍ਰਭਾਵ ਸਿਰਜ ਸਕੋ ਕਿ ਹੁਣ ਤੁਹਾਡਾ ਬਿੱਲ 1400 ਦੀ ਬਜਾਏ ਸਿਰਫ਼ 700/- ਹੀ ਆਇਆ ਕਰੇਗਾਤੁਸੀਂ ਅੱਜਕਲ੍ਹ ਬਡ਼ੇ ਮਾਣ ਨਾਲ ਦੱਸ ਰਹੇ ਹੋ ਕਿ ਪੰਜਾਬ ਤਰੱਕੀ ਦੀਆਂ ਸਿਖਰਾਂ ਤੇ ਹੈਫਲਾਈਓਵਰਾਂ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਲਵਾ ਰਹੇ ਹੋ, ਆਮ ਜਨਤਾ ਦੇ ਪੈਸੇ ਨੂੰ ਇਸ਼ਤਿਹਾਰਾਂ ਉੱਤੇ ਉੜਾ ਰਹੇ ਹੋਪਰ ਇਹ ਨਹੀਂ ਦੱਸ ਰਹੇ ਕਿ ਇਹ ਫਲਾਈ ਓਵਰਾਂ ਦਾ ਠੇਕਾ ਕਿਹੜੇ ਰੋਹਨ-ਰਾਜਦੀਪ ਨਾਲ ਮਿਲ ਕੇ ਸਿਰੇ ਚਾੜ੍ਹਿਆ ਹੈ ਅਤੇ ਇਨ੍ਹਾਂ ਫਲਾਈਓਵਰਾਂ ਤੋਂ ਲੰਘਣ ਵੇਲੇ ਸਾਨੂੰ ਕਿੰਨਾ ਜਜ਼ੀਆ (ਟੋਲ-ਟੈਕਸ) ਦੇਣਾ ਪਵੇਗਾ?
ਪੰਜਾਬੀ ਲੋਕਾਂ ਦਾ ਸੁਭਾਅ ਬੜਾ ਖੁੱਲ੍ਹਾ ਹੈਬੇਸ਼ੱਕ ਇਹ ਕਿਸੇ ਦੀ ਤਰੱਕੀ ਜਾਂ ਖੁਸ਼ੀ ਵੇਖ ਕੇ ਅੰਦਰੇ-ਅੰਦਰ ਸੜਦੇ-ਬਲ਼ਦੇ ਰਹਿਣ, ਪਰ ਦੁੱਖ ਵਿੱਚ ਜ਼ਰੂਰ ਸ਼ਰੀਕ ਹੁੰਦੇ ਨੇ, ਦੂਸਰੇ ਦੇ ਦੁੱਖ ਨੂੰ ਅਪਣਾ ਸਮਝਦੇ ਨੇ ਇਹ ਆਮ ਲੋਕਜਦੋਂ ਤੁਹਾਡੀ ਪਤਨੀ ਸੁਰਿੰਦਰ ਕੌਰ ਦੀ ਮੌਤ ਹੋਈ ਸੀ, ਤਾਂ ਸਾਰਾ ਪੰਜਾਬ ਤੁਹਾਡੇ ਦੁੱਖ ਵਿੱਚ ਸ਼ਰੀਕ ਹੋਇਆ ਸੀ, ਅਤੇ ਸੱਚੇ ਦਿਲੋਂ ਪਿਛਲੀਆਂ ਸਾਰੀਆਂ ਗੱਲਾਂ ਭੁੱਲ ਕੇ ਸ਼ਰੀਕ ਹੋਇਆ ਸੀਪਰ ਉਨ੍ਹਾਂ ਆਮ ਲੋਕਾਂ ਨੂੰ ਇਹ ਭੁੱਲ ਗਿਆ ਕਿ ਜਦੋਂ ਸਾਡੇ ਆਮ ਲੋਕਾਂ ਦੀ ਮੌਤ ਹੁੰਦੀ ਹੈ ਤਾਂ ਤੁਸੀਂ ਲੀਡਰ ਲੋਕ ਦੁੱਖ ਚ ਸ਼ਰੀਕ ਹੋਣ ਦੀ ਬਜਾਏ ਸਿਆਸੀ ਖੇਡਾਂ ਖੇਡਣ ਲੱਗ ਜਾਂਦੇ ਹੋਪੰਜਾਬ ਦੀ ਮਾਲਵਾ ਪੱਟੀ ਜੋ ਅੱਜ-ਕਲ੍ਹ ਕੈਂਸਰ ਦੀ ਬੈਲਟ ਕਰ ਕੇ ਜਾਣੀ ਜਾਂਦੀ ਹੈ, ਵਿਦੇਸ਼ਾਂ ਵਿੱਚ ਵੀ ਇਸ ਗੱਲ ਦੇ ਚਰਚੇ ਨੇ, ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਇਸ ਬਿਮਾਰੀ ਨਾਲ ਪੀੜਿਤ ਕਿੰਨੇ ਲੋਕ ਜਿਉਂਦੇ ਬਚੇ ਹਨ, ਕਿੰਨੇ ਮੌਤ ਨੂੰ ਉਡੀਕ ਰਹੇ ਨੇ ਅਤੇ ਕਿੰਨੇ ਇਸ ਬਿਮਾਰੀ ਨੇ ਨਿਗਲ਼ ਲਏ ਹਨ
ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਇਸ ਬੀਮਾਰੀ ਦਾ ਕਾਰਣ ਕੀ ਹੈ, ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਘੱਟ ਕਰਨ ਲਈ ਤੁਸੀਂ ਇਹ ਵੀ ਜਾਣਦੇ ਹੋ ਕਿ ਰਸਾਇਣਕ ਖਾਦਾਂ ਅਤੇ ਫੈਕਟਰੀਆਂ ਦੇ ਰਸਾਇਣਕ ਤੱਤਾਂ ਦਾ ਧਰਤੀ ਹੇਠਲੇ ਪਾਣੀ ਵਿੱਚ ਮਿਲ ਜਾਣਾ ਬੰਦ ਕਰਨਾ ਪਵੇਗਾਪਰ ਤੁਸੀਂ ਬੋਤਲਾਂ ਚ ਬੰਦ ਪਾਣੀ ਪੀਣ ਵਾਲੇ ਲੋਕ ਇਸ ਗੱਲ ਦੀ ਪ੍ਰਵਾਹ ਨਾ ਕਰਦੇ ਹੋਏ, ਸਾਡੇ ਆਮ ਲੋਕਾਂ ਦੀ ਮੌਤ ਦਾ ਤਮਾਸ਼ਾ ਬਣਾ ਕੇ ਕੇਂਦਰ ਕੋਲੋਂ ਫੰਡ ਉਗਰਾਹ ਕੇ ਖੁਰਦ-ਬੁਰਦ ਕਰਨ ਵਾਲੇ ਲੋਕਾਂ ਵਿੱਚ ਸ਼ਾਮਿਲ ਹੋਜਦੋਂ ਸਾਡੇ ਸਗੇ ਮਰਦੇ ਨੇ ਤਾਂ ਤੁਸੀਂ ਕਹਿੰਦੇ ਹੋ ਕਿ ਜਲਦੀ ਹੀ ਇਸ ਇਲਾਕੇ ਵਿੱਚ ਕੈਂਸਰ ਹਸਪਤਾਲ ਬਣਾ ਕੇ ਲੋਕਾਂ ਦੇ ਲਈ ਖੋਲ੍ਹਿਆ ਜਾਵੇਗਾਪਰ ਇਸ ਹਸਪਤਾਲ ਖੋਲ੍ਹਣ ਲਈ ਜੋ ਰਫਤਾਰ ਚਾਹੀਦੀ ਹੈ ਉਸ ਰਫਤਾਰ ਨਾਲ ਕੰਮ ਨਹੀਂ ਹੁੰਦਾਇਸ ਦਾ ਇੱਕੋ ਇੱਕ ਕਾਰਣ ਹੈ ਕਿ ਤੁਸੀਂ ਸਾਡੇ ਲੋਕਾਂ ਦੇ ਝੂਠੇ ਹਮਦਰਦ ਬਣ ਕੇ ਵੋਟਾਂ ਉਗਰਾਹੁਣੀਆਂ ਨੇਪਰ ਅਸੀਂ ਲੋਕਾਂ ਨੇ ਤਾਂ ਨ੍ਹੀਂ ਤੁਹਾਡੇ ਨਾਲ ਝੂਠੀ ਹਮਦਰਦੀ ਵਿਖਾਈ ਸੀ? ਜੇ ਤੁਸੀਂ ਇਹ ਮਹਾਂਮਾਰੀ ਲਈ ਏਨੇ ਹੀ ਗੰਭੀਰ ਹੁੰਦੇ ਤਾਂ ਸਭ ਤੋਂ ਪਹਿਲਾਂ ਓਥੇ ਪ੍ਰਦੂਸ਼ਣ ਫੈਲਾਉਣ ਵਾਲੇ ਅਦਾਰਿਆਂ ਦਾ ਬੰਦੋਬਸਤ ਕਰਨਾ ਚਾਹੀਦਾ ਸੀਜਿਸ ਬਾਰੇ ਸਵਾਲ ਕਰਨਾ ਵੀ ਤੁਹਾਨੂੰ ਚੰਗਾ ਨਹੀਂ ਲੱਗਣਾਕਿਉਂਕਿ ਉਹੀ ਅਦਾਰਿਆਂ ਤੋਂ ਤੁਸੀਂ ਫੰਡ ਉਗਰਾਹੁਣਾ ਹੁੰਦਾ ਹੈ ਜਿਹਡ਼ੇ ਅਦਾਰੇ ਬੀਮਾਰੀਆਂ ਫੈਲਾ ਕੇ ਲੋਕਾਂ ਦੀ ਹੱਤਿਆ ਕਰਨ ਦੇ ਦੋਸ਼ੀ ਨੇਤੁਸੀਂ ਜੇ ਇੱਛਾ ਹੋਵੇ ਤਾਂ ਕੀ ਨਹੀਂ ਕਰ ਸਕਦੇਤੁਸੀਂ ਸਰਕਾਰ ਹੋ, ਤੁਸੀਂ ਪਾਵਰ ਵਿੱਚ ਹੋ, ਅਸੀਂ ਵੋਟਾਂ ਪਾ ਕੇ ਤੁਹਾਨੂੰ ਤਾਕਤ ਬਖਸ਼ੀ ਹੈਜੇ ਚਾਹੁੰਦੇ ਤਾਂ 3 ਮਹੀਨੇ ਵਿੱਚ ਹੀ ਓਥੇ ਪੱਕਾ ਹਸਪਤਾਲ ਬਣ ਕੇ ਤਿਆਰ ਹੋ ਸਕਦਾ ਸੀਓਦੋਂ ਤੱਕ, ਜਦੋਂ ਤੱਕ ਹਸਪਤਾਲ ਨਹੀਂ ਬਣ ਜਾਂਦਾ ਕਿਰਾਏ ਤੇ ਬਿਲਡਿੰਗ ਲੈ ਕੇ ਸਾਰਿਆ ਜਾ ਸਕਦਾ ਸੀਜੇ ਤੁਸੀਂ ਦਸਾਂ ਮਿੰਟਾਂ ਵਿੱਚ ਮੇਜ਼ ਥਪ-ਥਪਾ ਕੇ ਅਪਣੇ ਤਨਖਾਹਾਂ-ਭੱਤੇ ਦੁੱਗਣੇ ਕਰ ਸਕਦੇ ਹੋ ਤਾਂ ਕੈਂਸਰ ਹਸਪਤਾਲ ਬਣਾਉਣ ਲਈ ਕਿਹਡ਼ੀ ਰੁਕਾਵਟ ਪੈ ਜਾਂਦੀ ਹੈ ਕਿ ਇਸ ਲਈ ਕਾਗਜ਼ੀ ਕਾਰਵਾਈ ਕਰਨ ਲਈ ਸਮਾਂ ਚਾਹੀਦਾ ਹੈਪਰ ਇਸ ਕੰਮ ਲਈ ਵੀ ਨੀਅਤ ਸਾਫ਼ ਹੋਣੀ ਚਾਹੀਦੀ ਹੈ
ਤੁਸੀਂ ਦਮਗਜ਼ੇ ਮਾਰ ਰਹੇ ਹੋ ਕਿ ਪੰਜਾਬ ਤਰੱਕੀ ਦੀਆਂ ਸਿਖਰਾਂ ਛੂਹ ਰਿਹਾ ਹੈਚਹੁੰ-ਮਾਰਗੀ ਸੜਕਾਂ ਤੇ ਬੱਸਾਂ ਸ਼ੂਕਦੀਆਂ ਜਾਇਆ ਕਰਨਗੀਆਂਕਿਹੜੀਆਂ ਬੱਸਾਂ? ਆਰਬਿਟ? ਇੱਕ ਪਾਸੇ ਤੁਹਾਡੇ ਮੰਤਰੀ ਦੱਸਦੇ ਨੇ ਕਿ ਫੰਡਾਂ ਦੀ ਕੋਈ ਕਮੀ ਨਹੀਂ ਹੈ ਤੇ ਦੂਸਰੇ ਪਾਸੇ ਦੱਸਦੇ ਨੇ ਕਿ ਪੰਜਾਬ ਰੋਡਵੇਜ਼ ਕੋਲ ਬੱਸਾਂ ਦੇ ਟਾਇਰ ਪਵਾਉਣ ਜੋਗੇ ਵੀ ਪੈਸੇ ਨਹੀਂ ਹਨ, ਅਤੇ ਉਹ ਪ੍ਰਾਈਵੇਟ ਦੁਕਾਨਾਂ ਤੋਂ ਪੁਰਾਣੇ ਟਾਇਰ ਕਿਰਾਏ ਤੇ ਲੈ ਕੇ ਡੰਗ ਸਾਰ ਰਹੇ ਨੇਕੀ ਇਸੇ ਨੂੰ ਤਰੱਕੀ ਦੀ ਸਿਖਰ ਕਿਹਾ ਜਾ ਰਿਹਾ ਹੈਆਹ ਜਿਹਡ਼ੇ ਤੁਸੀਂ ਰੋਜ਼ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਰਹੇ ਹੋ ਤਰੱਕੀ ਵਾਲੇ, ਤੁਸੀਂ ਇਹ ਕਿਉਂ ਨਹੀਂ ਦੱਸ ਰਹੇ ਕਿ ਇਨ੍ਹਾਂ ਫਲਾਈ ਓਵਰਾਂ ਵਿੱਚ, ਸਡ਼ਕਾਂ ਦੇ ਨਿਰਮਾਣ ਵਿੱਚ ਸਰਕਾਰ ਦਾ ਕਿੰਨਾ ਅਤੇ ਕੀ ਰੋਲ ਹੈਕੀ ਇਹ ਸੱਚ ਨਹੀਂ ਕਿ ਇਹ ਜਿਸ ਨੂੰ ਤੁਸੀਂ ਤਰੱਕੀ ਦੱਸ ਰਹੇ ਹੋ, ਇਸ ਦੇ ਸਾਡੇ ਆਮ ਲੋਕਾਂ ਕੋਲੋਂ ਟੈਕਸ ਵਸੂਲੇ ਜਾਣੇ ਨੇ, ਸਾਨੂੰ ਆਮ ਲੋਕਾਂ ਨੂੰ ਗਿਰਵੀ ਰੱਖ ਦਿੱਤਾ ਹੈ ਤੁਸੀਂ ਇਨ੍ਹਾਂ ਕੋਲਕੰਪਨੀਆਂ ਜਦੋਂ ਸੜਕ ਬਣਾਉਂਦੀਆਂ ਨੇ ਤਾਂ 15-20 ਸਾਲਾਂ ਲਈ ਟੋਲ ਬੈਰੀਅਰ ਲਾਉਂਦੀਆਂ ਨੇਸੜਕ ਦੀ ਕੀਮਤ ਸਾਡੇ ਕੋਲੋਂ ਵਸੂਲਦੀਆਂ ਨੇ, ਤੁਸੀਂ ਕਾਹਦੇ ਦਾਅਵੇ ਕਰਦੇ ਓਂ ਕਿ ਆਹ ਕਰਤਾ, ਓਹ ਕਰਤਾ?
ਬਾਦਲ ਸਾਹਿਬ! ਗੱਲਾਂ ਤਾਂ ਹੋਰ ਵੀ ਬਹੁਤ ਨੇ ਕਰਨ ਵਾਲੀਆਂਪਰ ਮੈਂ ਸਮਝਦਾ ਹਾਂ ਕਿ ਜੇ ਤੁਹਾਡੇ ਅੰਦਰ ਜ਼ਮੀਰ ਨਾਂਅ ਦੀ ਕੋਈ ਚੀਜ਼ ਹੈਗੀ ਐ, ਤਾਂ ਏਨੇ ਕੁ ਨਾਲ ਹੀ ਜਾਗ ਜਾਣੀ ਚਾਹੀਦੀ ਐਜੇ ਹੈ ਈ ਨਹੀਂ ਤਾਂ ਅੰਨ੍ਹੇ ਅੱਗੇ ਨੱਚਣ ਦਾ ਤੇ ਬੋਲ਼ੇ ਅੱਗੇ ਗਾਉਣ ਦਾ ਕੋਈ ਫਾਇਦਾ ਨਹੀਂਉਮੀਦ ਹੈ ਇਨ੍ਹਾਂ ਕੌਡੀਆਂ ਨੂੰ ਕੌਡੀਆਂ ਕਰ ਕੇ ਹੀ ਮੰਨੋਗੇ

ਮਿੱਠੇ ਦੀ ਉਮੀਦ ਵਿੱਚ ਨਾ-ਉਮੀਦ
ਸੁਰਜੀਤ ਗੱਗ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.