ਕੈਟੇਗਰੀ

ਤੁਹਾਡੀ ਰਾਇ



jasbir singh pati
ਆਮ ਆਦਮੀ ਪਾਰਟੀ ਨੂੰ ਬਾਦਲ ਦੀਆਂ ਤਿਕੜਮਬਾਜ਼ੀਆਂ ਤੇ ਸੁਖਬੀਰ ਦੇ ਸੂਹੀਆਂ ਤੋਂ ਸੁਚੇਤ ਰਹਿਣਾ ਪਵੇਗਾ
ਆਮ ਆਦਮੀ ਪਾਰਟੀ ਨੂੰ ਬਾਦਲ ਦੀਆਂ ਤਿਕੜਮਬਾਜ਼ੀਆਂ ਤੇ ਸੁਖਬੀਰ ਦੇ ਸੂਹੀਆਂ ਤੋਂ ਸੁਚੇਤ ਰਹਿਣਾ ਪਵੇਗਾ
Page Visitors: 2705

ਆਮ ਆਦਮੀ ਪਾਰਟੀ ਨੂੰ ਬਾਦਲ ਦੀਆਂ ਤਿਕੜਮਬਾਜ਼ੀਆਂ ਤੇ ਸੁਖਬੀਰ ਦੇ ਸੂਹੀਆਂ ਤੋਂ ਸੁਚੇਤ ਰਹਿਣਾ ਪਵੇਗਾ
* ਕੁਰਾਨ ਸ਼ਰੀਫ ਮਾਮਲਾ ਬਣ ਸਕਦਾ ਹੈ ‘ਆਪ’ ਲਈ ਗਲੇ ਦੀ ਹੱਡੀ
ਜਸਬੀਰ ਸਿੰਘ ਪੱਟੀ 9356024684
ਪੰਜਾਬੀ ਦੀ ਕਹਾਵਤ ‘ਟਿੰਡ ਕਰਾਉਣ ‘ਤੇ ਤੁਰੰਤ ਔਲੇ ਪਏ’ ਅਨੁਸਾਰ ਆਮ ਆਦਮੀ ਪਾਰਟੀ ਦੀ ਨੇ ਹਾਲੇ ਆਪਣਾ ਚੋਣ ਮੁਹਿੰਮ ਦਾ ਕੰਮ ਸ਼ੁਰੂ ਹੀ ਕੀਤਾ ਸੀ ਕਿ ਅਣਜਾਣੇ ਵਿੱਚ ਕੁਝ ਵਿਅਕਤੀਆਂ ਕੋਲ ਧਾਰਮਿਕ ਗਲਤੀਆਂ ਹੋ ਗਈਆਂ ਜਿਹਨਾਂ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ ਨੇ ਅਸਮਾਨ ਸਿਰ ਤੇ ਚੁੱਕ ਲਿਆ ਤੇ ਆਮ ਆਦਮੀ ਪਾਰਟੀ ਨੂੰ ਪਾਣੀ ਪੀ ਪੀ ਕੇ ਕੋਸਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਦੁਬਿੱਧਾ ਪੈਦਾ ਹੋ ਗਈ । ਸੁਖਬੀਰ ਸਿੰਘ ਬਾਦਲ ਦੀ ਯੂਥ ਬ੍ਰਿਗੇਡ ਭਾਵ ਸੁਖਬੀਰ ਸੈਨਾ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਮਨਭਾਉਦਾ ਮੁੱਦਾ ਲੱਭ ਗਿਆ ਤੇ ਉਹ ਇਸ ਮੁੱਦੇ ਨੂੰ ਲੈ ਕੇ ਅੱਜ ਕਲ ਪਸੀਨੋ ਪਸੀਨੀ ਹੋਈ ਪਈ ਹੈ।
ਕੋਠੇ ਤੋਂ ਡਿੱਗੀ ਦੇ ਕੰਨ ਵਿੰਨਣ ਵਾਂਗ ਸੁਖਬੀਰ ਸੈਨਾ ਤਾਂ ਭਾਂਵੇ ਕਾਫੀ ਕਾਵਾਂਰੌਲੀ ਪਾ ਰਹੀ ਹੈ ਪਰ ਉਹਨਾਂ ਦੀਆਂ ਸੀਕਮਾਂ ਨੂੰ ਹਾਲੇ ਕਿਸੇ ਤਰ੍ਹਾਂ ਦਾ ਬੂਰ ਨਹੀਂ ਪੈ ਰਿਹਾ ਜਿਸ ਕਰਕੇ ਉਹ ਪਰੇਸ਼ਾਨ ਹਨ ਪਰ ਘਾਗ ਸਿਆਸਤ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਬਾਰੇ ਪਿੰਡਾਂ ਦੀਆਂ ਸੱਥਾਂ ਵਿੱਚ ਇਹ ਚਰਚਾ ਆਮ ਹੁੰਦੀ ਸੀ ਕਿ ਬਾਪੂ ਬਾਦਲ ਬੜਾ ਘਾਗ ਹੈ ਤੇ ਤਿਕੜਮਬਾਜ ਹੈ ਕੋਈ ਨਾ ਕੋਈ ਘੁੰਡੀ ਜਰੂਰ ਘੁਮਾਏਗਾ ਅਤੇ ਆਮ ਆਦਮੀ ਪਾਰਟੀ ਦੀ ਘੁੰਡੀ ਵੀ ਬਾਪੂ ਬਾਦਲ ਨੇ ਅਜਿਹੇ ਤਰੀਕੇ ਨਾਲ ਘੁਮਾਈ ਹੈ ਕਿ ਹੁਣ ਇਸ ਪਾਰਟੀ ਦੇ ਪੈਰ ਨਹੀਂ ਲੱਗ ਰਹੇ। ਭਵਿੱਖ ਵਿੱਚ ਜੇਕਰ ਇਸ ਪਾਰਟੀ ਨੇ ਆਪਣੇ ਪੈਰ ਪੰਜਾਬ ਵਿੱਚ ਜਮਾਉਣੇ ਹਨ ਤਾਂ ਪਾਰਟੀ ਨੂੰ ਆਪਣੀ ਦਿੱਲੀ ਦੀ ਲੀਡਰਸ਼ਿਪ ਨੂੰ ਇਹ ਸਮਝਾਉਣਾ ਪਵੇਗਾ ਕਿ ਪੰਜਾਬ ਤੇ ਦਿੱਲੀ ਦੀ ਸਭਿਆਚਾਰ ਤੇ ਸੰਸਕ੍ਰਿਤੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪੰਜਾਬ ਵਿੱਚ ਲੋਕ ਧਾਰਮਿਕ, ਸਭਿਆਚਾਰਕ ਤੇ ਸਮਾਜਿਕ ਮੁੱਦਿਆਂ ਨਾਲ ਬੱਧੇ ਪਏ ਹਨ ਅਤੇ ਇਹਨਾਂ ਮੁੱਦਿਆਂ ਨੂੰ ਦਿੱਲੀ ਦੀ ਲੀਡਰਸ਼ਿਪ ਨੂੰ ਸਮਝਣਾ ਬਹੁਤ ਜਰੂਰੀ ਹੋਵੇਗਾ।
ਵੈਸੈ ਵੀ ਪੰਜਾਬ ਦੀ ਇਹ ਵਿਲੱਖਣ ਖਾਸੀਅਤ ਰਹੀ ਹੈ ਕਿ ਇਹਨਾਂ ਨੇ ਕਦੇ ਵੀ ਕਿਸੇ ਬਾਹਰੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਨਾ ਹੀ ਉਸ ਦੀ ਕਿਸੇ ਈਨ ਨੂੰ ਮੰਨਿਆ ਹੈ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਜਦੋ ਨਹਿਰੂ ਨੇ ਪੰਜਾਬ ਵਿੱਚ ਵੀ ਆਪਣਾ ਸਿੱਕਾਂ ਚਲਾਉਣ ਲਈ ਦੋ ਹਿੰਦੂ ਮੁੱਖ ਮੰਤਰੀ ਬਣਾਏ ਤਾਂ ਉਹ ਬੁਰੀ ਤਰ੍ਹਾਂ ਫੇਲ ਹੋਏ ਤੇ ਫਿਰ ਪ੍ਰਤਾਪ ਸਿੰਘ ਕੈਰੋ ਨੂੰ ਪੰਜਾਬ ਦੀ ਕਮਾਂਡ ਸੋਪਣੀ ਪਈ ਸੀ ਜੋ ਕਿ ਇੱਕ ਕਾਮਯਾਬ ਮੁੱਖ ਮੰਤਰੀ ਹੀ ਨਹੀਂ ਸਗੋ ਕਾਮਯਾਬ ਪ੍ਰਸ਼ਾਸ਼ਕ ਵੀ ਸਿੱਧ ਹੋਏ ਸਨ ਜਿਸ ਨੇ ਇੱਕ ਵਾਰੀ ਵਿਰੋਧੀ ਧਿਰ ਅਕਾਲੀਆ ਤੋਂ ਹਾਰਨ ਦੇ ਬਾਵਜੂਦ ਵੀ,ਆਪਣੇ ਆਪ ਨੂੰ ਜੇਤੂ ਐਲਾਨ ਕਰਵਾ ਦਿੱਤਾ ਸੀ।
   ਇਸ ਵੇਲੇ ਦਿੱਲੀ ਦੀ ਲੀਡਰਸ਼ਿਪ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਸਲਾਹਕਾਰ ਉਹਨਾਂ ਹੰਢੇ ਹੋਏ ਪੰਜਾਬ ਦੇ ਸਿਆਸੀ ਬੁੱਧੀਜੀਵੀਆ ਨੂੰ ਬਣਾਏ ਜਿਹੜੇ ਬੌਧਿਕ, ਧਾਰਮਿਕ, ਸਮਾਜਿਕ ਤੇ ਸਭਿਆਚਾਰਕ ਦੀ ਭਰਪੂਰ ਜਾਣਕਾਰੀ ਰੱਖਦੇ ਹੋਣ ਤੇ ਪੰਜਾਬ ਦੇ ਘਾਗ ਸਿਆਸਤਦਾਨਾਂ ਦੀਆਂ ਸਿਆਸੀ ਤਿਕੜਮਬਾਜੀਆ ਤੋਂ ਵੀ ਸੁਚੇਤ ਹੋਣ। ਪੰਜਾਬ ਦੀ ਕਮਾਂਡ ਵੀ ਕਿਸੇ ਹੰਢੇ ਵਰਤੇ ਉਸ ਬੰਦੇ ਨੂੰ ਸੋਂਪੀ ਜਾਵੇ ਜਿਹੜਾ ਪੰਜਾਬ ਦੇ ਲੋਕਾਂ ਵਿੱਚ ਅੱਛੀ ਪਹਿਚਾਣ ਰੱਖਦਾ ਹੋਵੇ ਤੇ ਉਸ ਦੀ ਉਭਰਵੀ ਸ਼ਖਸ਼ੀਅਤ ਹੋਵੇ ਤੇ ਡੀਲ ਡੋਲ ਤੇ ਬੋਧਿਕ ਪੱਧਰ ‘ਤੇ ਵੀ ਕਾਫੀ ਮਜਬੂਤ ਹੋਵੇ।
   ਆਮ ਆਦਮੀ ਪਾਰਟੀ ਤੇ ਪਹਿਲੀ ਭੀੜ ਬਣੀ ਹੈ ਤਾਂ ਪੰਜਾਬ ਦੀ ਲੀਡਰਸ਼ਿਪ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਜਾਂ ਤਾਂ ਲੀਡਰਸ਼ਿਪ ਕਮਜ਼ੋਰ ਹੈ ਜਾਂ ਫਿਰ ਲੀਡਰਸ਼ਿਪ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਯੂਥ ਮੈਨੀਫੇਸਟੋ ਭਾਂਵੇ ਕੇਦਰੀ ਬੋਰਡ ਦੇ ਮੈਬਰ ਤੇ ਪੰਜਾਬ ਮਾਮਲਿਆ ਦੇ ਇੰਚਾਰਜ ਸ੍ਰੀ ਆਸ਼ੀਸ਼ ਖੇਤਾਨ ਦੀ ਕਮਾਂਡ ਹੇਠ ਪ੍ਰਸਿੱਧ ਤੇ ਘਾਗ ਪੱਤਰਕਾਰ ਸ੍ਰੀ ਕੰਵਰ ਸੰਧੂ ਨੇ ਆਪਣੀ ਟੀਮ ਨਾਲ ਬਣਾਇਆ ਸੀ, ਪਰ ਉਹ ਖਤਾ ਇਹ ਖਾ ਗਏ ਕਿ ਉਹਨਾਂ ਨੇ ਧਾਰਮਿਕ ਮੁੱਦਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ। ਅੱਜ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ਯੂਥ ਦੇ ਪੰਜਾਬ ਪ੍ਰਧਾਨ ਹਰਜੋਤ ਸਿੰਘ ਬੈਂਸ ਨੇ ਵੀ ਪੱਲਾ ਝਾੜਦਿਆਂ ਇਥੋ ਤੱਕ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਤਾਂ ਮੈਨੀਫੈਸਟੋ ਵਿਖਾਇਆ ਤੱਕ ਨਹੀਂ ਗਿਆ, ਭਾਂਵੇ ਕਿ ਇਹ ਪਾਰਟੀ ਦੀਆਂ ਅੰਦਰੂਨੀ ਗੱਲਾਂ ਹਨ ਤੇ ਇਹਨਾਂ ਨੂੰ ਜਨਤਕ ਤੌਰ 'ਤੇ ਉਜਾਗਰ ਨਹੀਂ ਕਰਨਾ ਚਾਹੀਦਾ ਸੀ, ਸਗੋ ਆਪਣੀ ਗਲਤੀ ਤਸਲੀਮ ਕਰਕੇ ਪੰਜਾਬ ਦੇ ਆਗੂਆਂ ਨੂੰ ਦਿੱਲੀ ਦੇ ਆਗੂਆਂ ਦੇ ਬਚਾਉ ਲਈ ਅੱਗੇ ਆਉਣਾ ਚਾਹੀਦਾ ਸੀ।
ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਜਿਸ ਨੂੰ ਪਿਛਲੀਆ ਤਿੰਨ ਚੋਣਾਂ ਲੜਨ ਦਾ ਤਜਰਬਾ ਹੋ ਚੁੱਕਾ ਹੈ ਤੇ ਪੰਜਾਬ ਵਿੱਚ 25 ਸਾਲ ਰਾਜ ਕਰਨ ਦੇ ਸੁਫਨੇ ਆਪਣੇ ਸੀਨੇ ਵਿੱਚ ਸਮੋਈ ਬੈਠੇ ਹਨ। ਪੰਜਾਬ ਵਿੱਚ ਕੰਮ ਕਰਦੀਆਂ ਵੱਖ ਵੱਖ ਗੁਪਤਚਰ ਏਜੰਸੀਆ ਦਾ ਮੰਨਣਾ ਹੈ ਕਿ ਅਕਾਲੀ ਭਾਜਪਾ ਗਠਜੋੜ ਨੂੰ ਸਿਰਫ 10 ਤੋਂ 15 ਤੱਕ ਹੀ ਸੀਟਾਂ ਮਿਲ ਸਕਦੀਆਂ ਹਨ ਕਿਉਕਿ ਲੋਕਾਂ ਵਿੱਚ ਵਿਰੋਧ ਬਹੁਤ ਜਿਆਦਾ ਚੱਲ ਰਿਹਾ ਹੈ ਅਤੇ ਚੋਣਾਂ ਦੇ ਐਲਾਨ ਤੋਂ ਬਾਅਦ ਕਈ ਘਾਗ ਅਕਾਲੀ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ।
ਮਾਲਵੇ ਦੇ ਇੱਕ ਪਿੰਡ ਵਿੱਚ ਤਾਂ ਵੱਟਸਅੱਪ ਤੇ ਇੱਕ ਫੋਟੋ ਤੇ ਵੀਡੀਉ ਵੀ ਵਾਇਰਲ ਹੋਈ ਹੈ ਕਿ ਇੱਕ ਪਿੰਡ ਵਿੱਚ ਆਪਣੇ ਲਾਮ ਲਸ਼ਕਰ ਤੇ ਸਰਕਾਰੀ ਗੰਨਮੈਨਾਂ ਸਮੇਤ ਜਦੋਂ ਇੱਕ ਅਕਾਲੀ ਆਗੂ ਸਰਕਾਰੀ ਨੀਤੀਆ ਤੇ ਪ੍ਰਾਪਤੀਆ ਦੇ ਪ੍ਰਚਾਰ ਲਈ ਿਗਿਆ ਤਾਂ ਇੱਕ ਕਿਸਾਨ ਨੇ ਜੁੱਤੀਆ ਦਾ ਹਾਰ ਪਰੋ ਕੇ ਉਸ ਦੇ ਗੱਲ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਰੋਕ ਤਾਂ ਦਿੱਤਾ ਗਿਆ ਪਰ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਭਾਜਪਾ ਲਈ ਸਭ ਅੱਛਾ ਨਹੀਂ ਹੈ।
   ਸਰਕਾਰੀ ਏਜੰਸੀਆ ਦਾ ਇਹ ਵੀ ਮੰਨਣਾ ਹੈ ਕਿ ਲੋਕ ਮੁੱਖ ਮੰਤਰੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੇਖਣਾ ਲੋਚਦੇ ਹਨ, ਪਰ ਜਿੱਤ ਆਮ ਆਦਮੀ ਪਾਰਟੀ ਦੀ ਕਰਾਉਣੀ ਚਾਹੁੰਦੇ ਹਨ ਪਰ ਇਹ ਸੰਭਵ ਨਹੀਂ ਹੋ ਸਕਦਾ। ਇੱਕ ਆਪ ਦੇ ਲੋਕਲ ਪੱਧਰ ਦੇ ਆਗੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਕਾਫੀ ਦੇਰ ਗੱਲਬਾਤ ਚੱਲਦੀ ਰਹੀ ਸੀ ਤੇ ਕੈਪਟਨ ਸਾਹਿਬ ਦੇ ਸ਼ਮੂਲੀਅਤ ਦੇ ਆਖਰੀ ਪਲਾਂ ਤੇ ਉਸ ਵੇਲੇ ਰੁੱਕ ਗਈ ਜਦੋ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿਸੇ ਸਿਆਸੀ ਬੁੱਧੀਜੀਵੀ ਨੇ ਇਹ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਾਬਤੇ ਵਿੱਚ ਰੱਖਣਾਂ ਉਹਨਾਂ ਦੇ ਵੱਸ ਦਾ ਰੋਗ ਨਹੀਂ ਹੈ ਤੇ ਜਿੱਤਣ ਉਪਰੰਤ ਸਾਰੇ ਵਿਧਾਇਕਾਂ ਨੂੰ ਆਪਣੀਆ ਉਗਲਾਂ ਤੇ ਨਚਾਉਣ ਦੀ ਸਮੱਰਥਾ ਕੈਪਟਨ ਰੱਖਦਾ ਹੈ ਜਿਸ ਕਾਰਨ ਦਿੱਲੀ ਵਾਲੇ ਸਿਰਫ ਹੱਥ ਮਲਦੇ ਹੀ ਰਹਿ ਜਾਣਗੇ। ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਇੰਨੀ ਡਰ ਗਈ ਕਿ ਉਹਨਾਂ ਖੁਦ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਣ ਦਾ ਪ੍ਰੋਗਰਾਮ ਤਿਆਗ ਦਿੱਤਾ। ਖੁਦਾ ਨਾ ਖਾਦਸ਼ਾ ਜੇਕਰ ਕੈਪਟਨ ‘ਆਪ’ ਵਿੱਚ ਸ਼ਾਮਲ ਹੋ ਜਾਂਦੇ ਤਾਂ ਪੰਜਾਬ ਵਿੱਚ ਪਾਰਟੀ ਦੀ ਹੂੰਝਾ ਫੇਰ ਜਿੱਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ।
   ਸਿਆਸੀ ਪੰਡਤਾਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕਾਂ ਵਿੱਚ ਇੱਛਾ ਪ੍ਰਬਲ ਹੈ, ਪਰ ਚੋਣਾਂ ਵਿੱਚ ਉਮੀਦਵਾਰ ਖੜੇ ਕਰਨ ਸਮੇਂ ਸਭ ਤੋਂ ਵੱਡੀ ਮੁਸ਼ਕਲ ‘ਆਪ’ ਨੂੰ ਆਉਣੀ ਹੈ ਕਿਉਕਿ ‘ਆਪ’ ਕੋਲ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕੱਦ ਬੁੱਤ ਦੇ ਉਮੀਦਵਾਰ ਨਹੀਂ ਲੱਭੇ ਜਾ ਸਕਣੇ। ਪੰਜਾਬ ਵਿੱਚ ਲੋਕ ਜਿਥੇ ਕੰਮਾਂ ਨਾਲ ਬੱਝੇ ਹਨ ਉਥੇ ਕਈ ਹੰਢੇ ਵਰਤੇ ਕਾਂਗਰਸੀ ਤੇ ਅਕਾਲੀ ਨੇਤਾਵਾਂ ਦੇ ਕੱਦ ਬੁੱਤ ਹੀ ਇੰਨੇ ਵੱਡੇ ਹਨ ਕਿ ਉਹਨਾਂ ਦੇ ਮੁਕਾਬਲੇ ਦੇ ਆਮ ਆਦਮੀ ਪਾਰਟੀ ਕੋਲ ਕੋਈ ਵੀ ਉਮੀਦਵਾਰ ਨਹੀਂ ਹੈ।
  ਅਕਾਲੀਆ ਤੇ ਕਾਂਗਰਸੀਆ ਨੇ ਚੋਣਾਂ ਵਿੱਚ ਹਰ ਪ੍ਰਕਾਰ ਦੇ ਹੱਥਕੰਡੇ ਅਪਨਾਉਣੇ ਹਨ ਜਿਹਨਾਂ ਦਾ ਮੁਕਾਬਲਾ ‘ਆਪ’ ਦੇ ਉਮੀਦਵਾਰਾਂ ਵੱਲੋ ਕਰਨਾ ਮੁਸ਼ਕਲ ਹੋ ਸਕਦਾ ਹੈ। ਕਾਂਗਰਸ ਤੇ ਅਕਾਲੀਆ ਕੋਲ ਸਾਰੇ ਪੰਜਾਬ ਵਿੱਚ ਇੱਕ ਇੱਕ ਵਰਕਰਾਂ ਦਾ ਨੈਟਵਰਕ ਹੈ ਜਿਸ ਤੋਂ ‘ਆਪ’ ਹਾਲੇ ਵਿਹੂਣੀ ਹੈ, ਫਿਰ ਵੀ ‘ਆਪ’ ਦੀ ਹਰਮਨ ਪਿਆਰਤਾ ਨੂੰ ਘੱਟਾ ਨਹੀਂ ਵੇਖਿਆ ਜਾ ਸਕਦਾ ਅਤੇ ਨੌਜਵਾਨ ਪੀੜੀ ਆਪਣੇ ਹੱਥਾਂ ਵਿੱਚ ਝਾੜੂ ਫੜੀ ਜਿੱਤ ਦੇ ਦਮਗੱਜੇ ਮਾਰ ਰਹੀ ਹੈ।
  ਮਲੇਰ ਕੋਟਲਾ ਦਾ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਾਮਲਾ ਵੀ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣ ਸਕਦਾ ਹੈ ਅਤੇ ਅਕਾਲੀ ਦਲ ਬਾਦਲ ਦੇ ਲੀਡਰ ਇਹ ਸੰਕੇਤ ਵੀ ਦੇ ਚੁੱਕੇ ਹਨ ਕਿ ਉਹ ਸਿਰਫ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕੁਰਾਨ ਸ਼ਰੀਫ ਤੱਕ ਹੀ ਨਹੀਂ ਸਗੋ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੱਕ ਵੀ ਲੈ ਕੇ ਜਾ ਸਕਦੇ ਹਨ ਅਤੇ ‘ਆਪ’ ਵਾਲਿਆ ਨੂੰ ਪੂਰੀ ਲੋਹੇ ਦੇ ਚਨੇ ਚਬਾਏ ਜਾਣਗੇ। ‘ਆਪ’ ਦੀ ਨਫਰੀ ਵੱਧਣ ਵਿੱਚ ਕੁਝ ਖੜੋਤ ਜ਼ਰੂਰ ਆ ਗਈ ਹੈ ਤੇ ਪਹਿਲਾਂ ਲੋਕ ਇਹਨਾਂ ਕੋਲ ਆਉਦੇ ਸੀ ਹੁਣ ਇਹਨਾਂ ਨੂੰ ਲੋਕਾਂ ਕੋਲ ਜਾਣਾ ਪੈ ਰਿਹਾ ਹੈ।
  ਕੁਰਾਨ ਸ਼ਰੀਫ ਦੀ ਬੇਅਦਬੀ ਕਾਂਡ ਨਾਲ ਆਪ ਦੇ ਇੱਕ ਵਿਧਾਇਕ ਦਾ ਨਾਮ ਜੁੜਣ ਨਾਲ ਲੋਕ ਕੁਝ ਠਠੰਬਰ ਗਏ ਹਨ ਤੇ ਸਰਕਾਰ ਇਸ ਮਾਮਲੇ ਨੂੰ ਲੰਮਾ ਖਿੱਚਣ ਦੇ ਮੂੜ ਵਿੱਚ ਹੈ ਜਿਸ ਕਾਰਨ ‘ਆਪ’ ਦਾ ਨੁਕਸਾਨ ਹੋ ਸਕਦਾ ਹੈ।
   ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਵੱਲੋ 25 ਸਾਲ ਰਾਜ ਕਰਨ ਦੇ ਸੁਫਨੇ ਲੈ ਜਾ ਰਹੇ ਹਨ ਤੇ ਉਹ ਵੀ ਕਿਸੇ ਨਾਲੋ ਘੱਟ ਨਹੀਂ। ਉਹਨਾਂ ਨੇ 2012 ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਕੋਲੋ ਬੜੀ ਹੀ ਤਕਨੀਕ, ਚਲਾਕੀ ਤੇ ਹੁਸ਼ਿਆਰੀ ਨਾਲ ਕੁਰਸੀ ਖੋਹੀ ਸੀ ਕਿਉਕਿ ਉਹਨਾਂ ਨੇ ਆਪਣੇ ਸੂਹੀਏ ਕਾਂਗਰਸ ਵਿੱਚ ਵਾੜੇ ਸਨ ਜਿਹੜੇ ਕੈਪਟਨ ਦੇ ਬੈਡਰੂਮ ਤੱਕ ਪਹੁੰਚ ਗਏ ਸਨ ਤੇ ਉਹਨਾਂ ਨੇ ਕੈਪਟਨ ਦੀ ਹਰ ਸਕੀਮ ਨੂੰ ਚੂਹਿਆ ਵਾਂਗ ਕੁਤਰ ਦਿੱਤਾ ਤੇ ਕੈਪਟਨ ਸਾਹਿਬ ਦੀ ਕੁਰਸੀ ਨੂੰ ਕੌਕੇ ਜੜੇ ਕੋਈ ਹੋਰ ਲੈ ਗਿਆ।
   ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਸੁਖਬੀਰ ਦੇ ਸੂਹੀਆ ਤੋਂ ਸੁਚੇਤ ਰਹਿਣਾ ਪਵੇਗਾ ਕਿਉਕਿ ਉਸ ਦੇ ਸੂਹੀਏ ਅੱਜ ਵੀ ਆਮ ਆਦਮੀ ਪਾਰਟੀ ਵਿੱਚ ਕੰਮ ਕਰ ਰਹੇ ਹਨ ਤੇ ਚੋਣ ਮੈਨੀਫੈਸਟੋ ਦੀ ਗਲਤੀ ਵੀ ਸ਼ਾਇਦ ਉਹਨਾਂ ਦੇ ਸੂਹੀਆ ਨੇ ਹੀ ਕਰਾਈ ਹੋਵੇ ਅਤੇ ਭਵਿੱਖ ਵਿੱਚ ਹੋਰ ਗਲਤੀਆ ਵੀ ਹੋ ਸਕਦੀਆਂ ਹਨ, ਜਿਹੜੀਆਂ ‘ਆਪ’ ਦੀ ਜਿੱਤ ਦੇ ਰਾਹ ਵਿੱਚ ਰੁਕਾਵਟ ਬਣ ਸਕਦੀਆਂ ਹਨਰੱਬ ਖੈਰ ਕਰੇ!
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.