ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ : ਜਸਬੀਰ ਸਿੰਘ ਪੱਟੀ
ਮੁੱਖ ਮੁਕਾਬਲਾ ਜੀ. ਕੇ. ਤੇ ਸਰਨਾ ਵਿਚਕਾਰ, ਬਾਕੀ ਦਲ ਬਣ ਸਕਦੇ ਹਨ ਕਿੰਗ ਮੇਕਰ
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਪ੍ਰਚਾਰ ਦਿਨ ਪ੍ਰਤੀ ਦਿਨ ਜੋਰ ਫੜਦਾ ਜਾ ਰਿਹਾ ਹੈ ਤੇ ਇਸ ਵਾਰੀ ਪੰਜ ਧਿਰਾਂ ਤੋ ਇਲਾਵਾ ਕਈ ਅਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ। ਮੁੱਖ ਮੁਕਾਬਲਾ ਪਰਮਜੀਤ ਸਿੰਘ ਸਰਨੇ ਵਾਲੇ ਸ੍ਰੋਮਣੀ ਅਕਾਲੀ ਦਲ ਦਿੱਲੀ ਤੇ ਸ੍ਰ ਮਨਜੀਤ ਸਿੰਘ ਜੀ ਕੇ ਪ੍ਰਧਾਨ ਦਿੱਲੀ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਵਿਚਕਾਰ ਹੀ ਹੋਣ ਦੀ ਆਸ ਹੈ ਜਦ ਕਿ ਬਾਕੀ ਦਲ ਕਿੰਗ ਮੇਕਰ ਬਣ ਸਕਦੇ ਹਨ।
ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ .ਕੇ. ਨੇ ਸਾਰੇ ਵਾਰਡਾਂ ਤੋ ਆਪਣੇ ਆਪਣੇ ਉਮੀਦਵਾਰ ਖੜੇ ਕੀਤੇ ਹਨ। ਆਮ ਆਦਮੀ ਪਾਰਟੀ ਦੁਆਰਾ ਅਸਿੱਧੇ ਤੌਰ ਤੇ ਮੈਦਾਨ ਵਿੱਚ ਲਿਆਦੇ ਸ੍ਰ ਕਰਤਾਰ ਸਿੰਘ ਕੋਛੜ ਵਾਲੇ ਪੰਥਕ ਸੇਵਾ ਦਲ ਨੇ 41,ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਦੀ ਅਗਵਾਈ ਵਾਲੇ ਸਿੱਖ ਸਦਭਾਵਨਾ ਦਲ ਨੇ 32 ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਅਕਾਲ ਸਹਾਏ ਸੁਸਾਇਟੀ ਨੇ ਵੀ 11 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।
ਸਿੱਖ ਸਦਭਾਵਨਾ ਦਲ ਤੇ ਅਕਾਲ ਸਹਾਇ ਸੁਸਾਇਟੀ ਨੇ ਗਠਜੋੜ ਬਣਾ ਕੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ, ਸਾਰਿਆ ਦਾ ਇੱਕ ਹੀ ਟੀਚਾ ਹੈ ਕਿ ਬਾਦਲ ਅਕਾਲੀ ਦਲ ਨੂੰ ਕਮੇਟੀ ਵਿੱਚੋ ਬਾਹਰ ਕੀਤਾ ਜਾਵੇ। ਬਾਦਲ ਦਲ ਦੇ ਇੱਕ ਆਗੂ ਨੇ ਸਪੱਸ਼ਟ ਕਰਦਿਆ ਕਿਹਾ ਕਿ ਇਸ ਵਾਰੀ ਉਹਨਾਂ ਦੇ ਉਮੀਦਵਾਰ 15 ਤੋ ਵੱਧ ਨਹੀ ਜਿੱਤ ਸਕਦੇ ਕਿਉਕਿ ਉਹਨਾਂ ਕੋਲੋ ਕੁਝ ਗਲਤੀਆ ਜਰੂਰ ਹੋਈਆ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਵਿੱਚ ਥਾਂ ਥਾਂ ਤੋ ਹੋਈ ਬੇਅਦਬੀ ਤੋ ਬਾਅਦ ਦੇ ਦੋਸ਼ੀਆ ਨੂੰ ਅਕਾਲੀ ਸਰਕਾਰ ਵੱਲੋ ਗ੍ਰਿਫਤਾਰ ਨਾ ਕੀਤਾ ਜਾਣਾ ਵੱਡਾ ਮੁੱਦਾ ਹੈ। ਉਹਨਾਂ ਕਿਹਾ ਕਿ ਇਸ ਵਾਰੀ ਪੰਜਾਬ ਤੋ ਪ੍ਰਚਾਰ ਲਈ ਆਉਣ ਵਾਲੇ ਲੀਡਰਾਂ ਨੂੰ ਉਹਨਾਂ ਨੇ ਮਨ•ਾ ਕਰ ਦਿੱਤਾ ਹੈ ਤੇ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਪਰਧਾਨ ਸ੍ਰ ਸੁਖਬੀਰ ਸਿੰਘ ਦੀ ਅਗਵਾਈ ਹੇਠ ਨਹੀ ਸਗੋ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਲੜੀਆ ਜਾਣਗੀਆ।
ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਇਸ ਵਾਰੀ 3.75 ਲੱਖ ਸਿੱਖ ਵੋਟਰ ਭਾਗ ਲੈਣਗੇ ਤੇ ਆਮ ਤੌਰ ਤੇ ਵੋਟਰਾਂ ਦੇ ਸ਼ਨਾਖਤੀ ਬੜੇ ਹੋਏ ਹਨ ਫਿਰ ਵੀ ਜਿਹਨਾਂ ਦੀ ਵੋਟ ਬਣ ਚੁੱਕੀ ਹੈ ਉਹ ਆਪਣੀ ਵੋਟ ਕੋਈ ਵੀ ਸ਼ਨਾਖਤੀ ਸਬੂਤ ਵਿਖਾ ਕੇ ਪਾ ਸਕਣਗੇ ਅਤੋ ਵੋਟ ਪਾਉਣ ਦਾ ਅਧਿਕਾਰ ਕੇਵਲ ਗੁਰਸਿੱਖ ਨੂੰ ਹੀ ਹੋਵੇਗਾ। ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਾਂਗ ਕਿਸੇ ਵੀ ਘੋਨਮੋਨ ਨੂੰ ਵੋਟ ਨਹੀ ਪਾਉਣ ਦਿੱਤੀ ਜਾਵੇਗੀ।
ਚੋਣ ਲੜ ਰਹੀਆ ਵੱਖ ਵੱਖ ਜਥੇਬੰਦੀਆ ਵੱਲੋ ਚੋਣ ਪ੍ਰਚਾਰ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰਾਂ ਨੂੰ ਚੋਣ ਬੁਖਾਰ ਤੇਜ਼ ਹੋਣਾ ਸ਼ੁਰੂ ਹੋ ਗਿਆ। ਦਿਲੀ ਦੇ 46 ਹਲਕਿਆ ਦਾ ਰਕਬਾ ਛੋਟਾ ਹੋਣ ਕਾਰਨ ਹਾਲੇ ਸਿਰਫ ਮੁਹੱਲਾਵਾਰ ਮੀਟਿੰਗਾਂ ਹੀ ਕੀਤੀਆ ਜਾ ਰਹੀਆ ਹਨ ਤੇ ਵੱਡੀਆ ਰੈਲੀਆ 15 ਫਰਵਰੀ ਤੋ ਬਾਅਦ ਹੀ ਸ਼ੁਰੂ ਹੋਣ ਦੀ ਆਸ ਹੈ।ਸਾਲ 2013 ਵਿੱਚ ਹੋਈਆ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਸਰਨਿਆ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਬਾਦਲ ਦਲੀਆ ਵੱਲੋ ਲਗਾਏ ਗਏ ਸਨ ਅਤੇ ਤੱਤਕਾਲੀ ਬਾਦਲ ਸਰਕਾਰ ਨੇ ਆਪਣੀ ਸਾਰੀ ਸ਼ਕਤੀ ਦਿੱਲੀ ਚੋਣਾਂ ਜਿੱਤਣ ਲਈ ਝੋਕ ਦਿੱਤੀ ਸੀ ਤੇ ਪੰਜਾਬ ਵਾਂਗ ਦਿੱਲੀ ਵਿੱਚ ਵੀ ਸ਼ਰਾਬ ਕਬਾਬ ਤੇ ਸ਼ਾਮ ਦਾਮ ਦੀ ਖੁੱਲ ਕੇ ਵਰਤੋ ਕੀਤੀ ਗਈ ਸੀ। ਪੰਜਾਬ ਤੋ ਸਰਕਾਰੀ ਮਸ਼ੀਨਰੀ ਤੇ ਪੰਜਾਬ ਪੁਲੀਸ ਵੀ ਚਿੱਟ ਕੱਪੜਿਆ ਤੇ ਵਰਦੀ ਧਾਰੀ ਤਾਇਨਾਤ ਕੀਤੀ ਗਈ ਸੀ। ਵੋਟਾਂ ਵਾਲੀ ਹਰ ਗਲੀ ਦੇ ਬਾਹਰ ਇੱਕ ਜਥੇਦਾਰ ਨੇ ਝੰਡਾ ਗੱਡਿਆ ਹੋਇਆ ਸੀ ਤਾਂ ਕਿ ਕਿਸੇ ਵੀ ਘਰ ਵਿੱਚ ਕਿਸੇ ਵੀ ਕਿਸਮ ਦਾ ਸਮਾਨ ਲੋੜ ਅਨੁਸਾਰ ਮੁਹੱਈਆ ਕਰਵਾਇਆ ਜਾ ਸਕੇ। ਹਰ ਹਲਕੇ ਦੇ ਇੱਕ ਅਕਾਲੀ ਵਿਧਾਇਕ ਨੂੰ ਇੰਚਾਰਜ ਤੇ ਉਸ ਦੇ ਨਾਲ ਦੋ ਜਿਲ•ਾ ਜਥੇਦਾਰ ਸਹਾਇਕ ਇੰਚਾਰਜ ਲਗਾਏ ਗਏ ਸਨ। ਸਰਨਿਆ ਦੇ ਖਿਲਾਫ ਅਕਾਲੀ ਦਲ ਦੇ ਲੀਡਰਾਂ ਨੇ ਘੱਟੀਆ ਕਿਸਮ ਦੀ ਦੂਸ਼ਣਬਾਜ਼ੀ ਕੀਤੀ ਅਤੇ ਅਜਿਹਾ ਕਰਨ ਵਿੱਚ ਸਿਆਸਤ ਦੇ ਬਾਬਾ ਬੋਹੜ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੀ ਪਿੱਛੇ ਨਾ ਰਹੇ।
ਇਸ ਵਾਰੀ ਸਰਨਿਆ ਵੱਲੋ ਬਾਦਲ ਦਲੀਆ ਨੂੰ ਚੋਰ, ਲੁਟੇਰੇ, ਡਾਕੂ ਤੇ ਗੋਲਕ ਚੋਰਾਂ ਵਰਗੇ ਲਕਬਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਸਾਥੀ ਵੀ ਇਸ ਵਾਰੀ ਕਾਫੀ ਉਤਸ਼ਾਹਿਤ ਹਨ । ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰੀ ਉਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਮਿਲੇਗਾ। ਪੰਜਾਬੀ ਬਾਗ ਤੋ ਸ੍ਰ ਪਰਮਜੀਤ ਸਿੰਘ ਸਰਨਾ ਤੇ ਬਾਦਲ ਦਲ ਦੇ ਬੁਲਾਰੇ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਇੱਕ ਵਾਰੀ ਫਿਰ ਆਹਮੋ ਸਾਹਮਣੇ ਹੋ ਗਏ ਹਨ। ਇਸ ਸੀਟ ਤੋ ਹੋਰ ਵੀ ਕਈ ਉਮੀਦਵਾਰ ਮੈਦਾਨ ਵਿੱਚ ਹਨ ਪਰ ਮੁੱਖ ਮੁਕਾਬਲਾ ਦੋ ਮਹਾਂਰਥੀਆ ਵਿੱਚਕਾਰ ਹੀ ਹੋਵੇਗਾ। ਦਿੱਲੀ ਕਮੇਟੀ ਦੀ ਚੋਣ ਦਾ ਇਹ ਮੁਕਾਬਲਾ ਸਭ ਤੋ ਵੱਧ ''ਹੋਟ'' ਹੋਵੇਗਾ।
ਇਸੇ ਤਰ•ਾ ਦਿੱਲੀ ਸਰਕਾਰ ਨੇ ਮੁਕਾਬਲੇ ਹੋਰ ਵੀ ਚਰਚਿਤ ਤੇ ਦਿਲਚਸਪ ਬਣਾਉਣ ਲਈ ਹਲਕਿਆ ਵਿੱਚ ਵੀ ਤਬਦੀਲੀ ਕੀਤੀ ਹੈ ਕਿਉਕਿ ਪਹਿਲਾਂ ਕਈ ਹਲਕਿਆ ਵਿੱਚ ਬਹੁਤ ਘੱਟ ਹੋਣ ਕਾਰਨ ਮੈਂਬਰ ਬਹੁਤ ਥੋੜੀਆ ਵੋਟਾਂ ਨਾਲ ਹੀ ਜਿੱਤ ਜਾਂਦੇ ਸਨ। ਪਹਾੜਗੰਜ ਦੇ ਇਲਾਕੇ ਵੀ ਤਬਦੀਲੀ ਕਰਦਿਆ ਇਸ ਨੂੰ ਹੋਰ ਵੱਡਾ ਬਣਾ ਦਿੱਤਾ ਗਿਆ ਹੈ ਜਿਥੋ ਸਰਨਾ ਧੜੇ ਨਾਲ ਸਬੰਧਿਤ ਹੀ ਦੋ ਆਗੂ ਮੈਦਾਨ ਵਿੱਚ ਹਨ। ਅਮਰਜੀਤ ਸਿੰਘ ਪਿੰਕੀ ਤੇ ਪ੍ਰਭਜੀਤ ਸਿੰਘ ਜੀਤੀ। ਅਮਰਜੀਤ ਸਿੰਘ ਪਿੰਕੀ 2013 ਵਿੱਚ ਹੋਈਆ ਚੋਣਾਂ ਦੌਰਾਨ ਸਰਨਾ ਦੀ ਟਿਕਟ ਤੇ ਚੋਣ ਲੜ ਕੇ ਮੈਂਬਰ ਬਣਿਆ ਸੀ ਪਰ ਦਿੱਲੀ ਦੀ ਸਿਆਸਤ ਵਾਂਗ ਪਹਿਲਾਂ ਇਜਲਾਸ ਹੋਣ ਤੋ ਪਹਿਲਾਂ ਉਸ ਨੇ ਤਿੰਨ ਹੋਰ ਸਰਨੇ ਦੇ ਮੈਂਬਰਾਂ ਨਾਲ ਬਾਦਲ ਦਲ ਨੂੰ ਸਮੱਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ। ਇਸ ਵਾਰੀ ਉਹ ਬਾਦਲ ਦਲ ਦਾ ਉਮੀਦਵਾਰ ਹੈ ਜਦ ਕਿ ਪ੍ਰਭੀਜਤ ਸਿੰਘ ਜੀਤੀ ਪਿਛਲੀ ਵਾਰੀ ਵੀ ਇਥੋ ਮੈਂਬਰ ਚੁਣਿਆ ਗਿਆ ਸੀ ਤੇ ਇਸ ਵਾਰੀ ਉਸ ਦਾ ਸਖਤ ਮੁਕਾਬਲਾ ਹੋਵੋਗਾ। ਇਸ ਹਲਕੇ ਵਿੱਚ ਵਧੇਰੇ ਕਰਕੇ ਵੋਟਾਂ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਦੀਆ ਹਨ ਤੇ ਉਹਨਾਂ 'ਤੇ ਜਿੱਤਣ ਵਾਲੇ ਉਮੀਦਵਾਰ ਦੀ ਟੇਕ ਹੋਵੇਗੀ।
ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਤੇ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰ ਕਰਤਾਰ ਸਿੰਘ ਕੋਛੜ ਵੱਲੋ ਭਾਂਵੇ ਦਿੱਲੀ ਦੇ ਅਮੀਰ ਸਿੱਖ ਗੁਰਲਾਡ ਸਿੰਘ ਤੇ ਇੰਦਰਜੀਤ ਸਿੰਘ ਮੌਂਟੀ ਦਾ ਸਹਾਰਾ ਲੈ ਕੇ ਚੋਣ ਲੜੀ ਜਾ ਰਹੀ ਹੈ ਤੇ ਉਹਨਾਂ ਦਾ ਦਾਰੋਮਦਾਰ ਸਿਰਫ ਆਮ ਆਦਮੀ ਪਾਰਟੀ ਦੇ ਵਿਧਾਇਕ ਅਵਤਾਰ ਸਿੰਘ ਕਾਲਕਾ ਤੇ ਹੀ ਹੈ ਜਿਹੜੇ ਦਲ ਦੇ ਕਨਵੀਨਰ ਵੀ ਹਨ। ਉਹਨਾਂ ਨੇ ਐਲਾਨ ਵੀ ਕਰ ਦਿੱਤਾ ਹੈ ਕਿ ਉਹ ਪੰਥਕ ਸੇਵਾ ਦਲ ਦੀ ਹਮਾਇਤ ਕਰਨਗੇ। ਉਹਨਾਂ ਦੀ ਤਾਕਤ ਨੂੰ ਖੋਰਾ ਲਗਾਉਦਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਡੋਵੇਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਭਾਗ ਨਹੀ ਲਵੇਗੀ।
ਚੋਣਾਂ ਵਿੱਚ ਦਿੱਲੀ ਕਮੇਟੀ ਦੀਆ ਦੋ ਵੱਡੀਆ ਵਿਦਿਅਕ ਸੰਸਥਾਵਾਂ ਸ੍ਰੀ ਗੁਰੂ ਤੇਗ ਬਹਾਦਰ ਇੰਜੀਨੀਅਰਿੰਗ ਕਾਲਜ ਅਤੇ ਸ੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨੀਕਲ ਇੰਸਟੀਚਿਊਟ ਦੇ ਬੰਦ ਹੋਣਾ ਮੁੱਖ ਮੁੱਦਾ ਰਹੇਗਾ ਜਿਥੋ ਹਰ ਸਾਲ 300 ਦੇ ਕਰੀਬ ਸਿੱਖ ਬੱਚੇ ਇੰਜੀਨੀਅਰ ਬਣ ਕੇ ਨਿਕਲਦੇ ਸਨ। ਇਸੇ ਤਰ•ਾ ਪ੍ਰਬੰਧਕ ਕਮਜ਼ੋਰੀਆ ਕਰਕੇ ਇੱਕ ਗਰੀਬ ਬੱਚਿਆ ਲਈ ਖੋਹਲਿਆ ਗਿਆ ਸਕੂਲ ਵੀ ਬੰਦ ਹੋਣਾ ਚਰਚਾ ਵਿੱਚ ਰਹੇਗਾ। ਦਿੱਲੀ ਕਮੇਟੀ ਵਿੱਚ ਮਹਿਲਾਂ ਮੁਲਾਜ਼ਮਾਂ ਨਾਲ ਛੇੜਖਾਨੀ ਤੇ ਕੁਝ ਮੈਬਰਾਂ ਤੇ ਦਿੱਲੀ ਕਮੇਟੀ ਦੇ ਜਨਰਲ ਮੈਨੇਜਰ ਦੇ ਖਿਲਾਫ ਛੇੜਖਾਨੀ ਦਾ ਕੇਸ਼ ਦਰਜ ਹੋਣਾ ਵੀ ਵਿਸ਼ੇਸ਼ ਮੁੱਦਾ ਰਹੇਗਾ। ਮੁਲਾਜਮਾਂ ਨੂੰ ਤਨਖਾਹ ਨਾ ਮਿਲਣਾ ਅਤੇ ਉਹਨਾਂ ਨਾਲ ਕੀਤੇ ਵੱਡੇ ਵੱਡੇ ਵਾਅਦੇ ਵੀ ਪੂਰੇ ਨਾ ਕਰਨਾ ਅਕਾਲੀ ਦਲ ਬਾਦਲ ਦੀ ਰੇਖ ਵਿੱਚ ਮੇਖ ਮਾਰੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਮੀਰੀ ਪੀਰੀ ਸ਼ਾਹਬਾਦ ਮਾਰਕੰਡਾ ਦੀ ਮੈਡੀਕਲ ਸੰਸਥਾ, ਧਰਮ ਪ੍ਰਚਾਰ ਦੇ ਫੰਡਾਂ ਦੀ ਦੁਰਵਰਤੋ ਕਰਨਾ, ਪੰਜਾਬ ਵਿੱਚ ਰੁਜਗਾਰ ਮੰਗਦੀਆ ਧੀਆ ਭੈਣਾਂ ਨੂੰ ਗੁੱਤਾ ਤੋ ਫੜ ਕੇ ਸੜਕਾਂ ਤੇ ਘਸੀਟਣਾ ਆਦਿ ਮੁੱਦੇ ਵੀ ਸ਼ਾਮਲ ਹੋਣਗੇ। ਦਿੱਲੀ ਕਮੇਟੀ ਤੇ ਕਾਬਜ ਧਿਰ ਵੱਲੋ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣਾ ਤੇ ਬੰਗਲਾ ਸਾਹਿਬ ਦੀ ਪਾਰਕਿੰਗ ਤੇ ਦਰਬਾਰ ਦੇ ਸੁੰਦਰੀਕਰਨ ਵਰਗੇ ਮੁੱਦੇ ਵੀ ਸ਼ਾਮਲ ਹੋਣਗੇ।
ਦਿੱਲੀ ਵਿੱਚ ਸਸਤੀ ਵਿਦਿਆ ਦੇਣ ਦਾ ਮੁੱਦਾ ਭਾਂਵੇ ਹਾਲੇ ਕਿਸੇ ਵੀ ਮੁੱਖ ਧਿਰ ਨੇ ਉਠਾਇਆ ਪਰ ਸਿੱਖ ਸਦਭਾਵਨਾ ਦਲ ਦੇ ਮੁੱਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਐਲਾਨ ਕੀਤਾ ਹੈ ਉਹ ਦਸ ਰੁਪਏ ਫੀਸ ਲੈ ਕੇ ਵਿਦਿਆ ਦੇਣਗੇ। ਅਕਾਲ ਸਹਾਏ ਸੁਸਾਇਟੀ ਦੇ ਕਰਤਾ ਧਰਤਾ ਭਾਈ ਰਣਜੀਤ ਸਿੰਘ ਵੱਲੋ ਜਿਸ ਤਰੀਕੇ ਨਾਲ ਦਿੱਲੀ ਦੇ ਸਿੱਖਾਂ ਨੂੰ ਬਾਦਲ ਪਰਿਵਾਰ ਵੱਲੋ ਸਿੱਖ ਪੰਥ ਤੇ ਸਿੱਖ ਸੰਸਥਾਵਾਂ ਦੇ ਘਾਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਸ ਤੋ ਦਿੱਲੀ ਦੇ ਸਿੱਖ ਕਾਫੀ ਪ੍ਰਭਾਵਤ ਹਨ ਤੇ ਉਹ ਸਰਨਿਆ ਨੂੰ ਲੋਟੂ ਟੋਲਾ ਜਰੂਰ ਦੱਸ ਰਹੇ ਹਨ ਪਰ ਉਹਨਾਂ ਕੋਲ ਕੋਈ ਠੋਸ ਸਬੂਤ ਨਹੀ ਹਨ।
ਦਿੱਲੀ ਕਮੇਟੀ ਦੀਆ ਚੋਣਾਂ ਕੁਲ ਮਿਲਾ ਕੇ ਇਸ ਵਾਰੀ ਪਹਿਲਾਂ ਨਾਲੋ ਵਧੇਰੇ ਦਿਲਚਸਪ ਹੋਣਗੀਆ ਕਿਉਕਿ ਇਸ ਵਾਰੀ ਨੌਜਵਾਨ ਵੱਡੀ ਗਿਣਤੀ ਵੋਟਰ ਹਨ ਜਿਹੜੇ ਕਰੀਬ 50 ਫੀਸਦੀ ਤੋ ਵੀ ਵਧੇਰੇ ਹਨ ਤੇ ਉਹ ਦਿੱਲੀ ਕਮੇਟੀ ਵਿੱਚ ਕ੍ਰਾਂਤੀਕਾਰੀ ਬਦਲਾ ਚਾਹੁੰਦੇ ਹਨ।ਚੋਣ ਮੈਦਾਨ ਕਾਫੀ ਭੱਖ ਗਿਆ ਹੈ ਤੇ ਦੂਸ਼ਣਬਾਜ਼ੀਆ ਤੇ ਆਪਣੀਆ ਆਪਣੀਆ ਪ੍ਰਾਪਤੀਆ ਤੇ ਚੋਣ ਵਾਅਦਿਆ ਦੇ ਵੱਡੇ ਵੱਡੇ ਬੋਰਡ ਲੱਗ ਗਏ ਹਨ। ਸਰਨਾ ਧੜੇ ਦੇ ਬੋਰਡਾਂ ਵਿੱਚ ਜਿਥੇ ਪੰਜਾਬ ਦੇ ਕਈ ਆਗੂਆਂ ਦੀਆ ਤਸਵੀਰਾਂ ਵੇਖਣ ਨੂੰ ਮਿਲ ਰਹੀਆ ਹਨ ਉਥੇ ਬਾਦਲ ਦਲੀਏ ਪੰਜਾਬ ਦੇ ਆਗੂਆਂ ਦੀਆ ਤਸਵੀਰਾਂ ਲਗਾਉਣ ਤੋ ਕਾਫੀ ਹੱਦ ਤੱਕ ਗੁਰੇਜ਼ ਕਰ ਰਹੇ ਹਨ। ਚੋਣਾਂ ਵਿੱਚ ਹਾਲੇ ਕਰੀਬ 15 ਦਿਨ ਬਾਕੀ ਹਨ ਤੇ ਹਾਲਾਤ ਕਿਸੇ ਪਾਸੇ ਵੀ ਕਰਵੱਟ ਲੈ ਸਕਦੇ ਹਨ। ਇਹਨਾਂ ਚੋਣਾਂ ਵਿੱਚ ਵੀ ਵਿਦੇਸ਼ਾਂ ਤੋ ਕਈ ਸਖਸ਼ੀਅਤਾਂ ਵੱਲੋ ਪ੍ਰਚਾਰ ਕਰਨ ਲਈ ਪੁੱਜਣ ਦੀ ਆਸ ਹੈ।
jasbir singh pati
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ : ਜਸਬੀਰ ਸਿੰਘ ਪੱਟੀ
Page Visitors: 2534