(ਸਿੱਖੀ ਮਿਲੇ ਨਾ ਪੰਸਾਰੀ ਬਾਜ਼ਾਜੀਆਂ ਦੇ)
ਕੱਚੇ ਘੜੇ ਨਾਲ ਝਣਾਂ 'ਚ' ਡੁੱਬ ਮੋਈ, ਉਸਦੇ ਕਿੱਸੇ ਸੁਣਾਏਂ ਅੱਜ ਸਾਰਿਆਂ ਨੂੰ।
ਕੱਚੀ ਗੜ੍ਹੀ 'ਚ' ਲਾੜੀ ਮੌਤ ਵਿਆਹੀ, ਭੁਲਿਐਂ ਚਮਕੌਰ ਦੇ ਸ਼ਹੀਦਾਂ ਪਿਆਰਿਆਂ ਨੂੰ।
ਕੰਨ ਰਾਂਝੇ ਦੇ ਪਾਟੇ ਹਨ ਯਾਦ ਤੈਨੂੰ, ਇਸ਼ਕ 'ਚ' ਛੱਡ ਗਿਆ ਤਖਤ ਹਜਾਰਿਆਂ ਨੂੰ।
ਭੁਲਿਐਂ ਸਬਰ ਦੇ ਸਿੱਦਕੀ ਸੂਰਿਆਂ ਨੂੰ, ਭੁੱਲ ਗਿਐਂ ਸੀਸ ਤੇ ਚੱਲੇ ਆਰਿਆਂ ਨੂੰ।
ਵੱਡਿਆ ਜੰਡ ਥੱਲੇ ਜੋ ਉਸਦੇ ਗਾਏਂ ਗਾਣੇਂ, ਸੂਰਮੇਂ ਕਹੇਂ ਹੰਕਾਰ ਦੇ ਮਾਰਿਆਂ ਨੂੰ।
ਬੰਨ੍ਹ ਕੇ ਜੰਡ ਨਾਲ ਜੋ ਸਨ ਸਿੰਘ ਸਾੜੇ, ਕਰ ਯਾਦ ਉਨ੍ਹਾਂ ਕੌਮੀ ਸਿਤਾਰਿਆਂ ਨੂੰ।
ਸੱਸੀ ਵਿਲਕਦੀ ਦੇ ਵੈਣ ਤੇਰੇ ਚੈਨ ਲੁੱਟਣ, ਕਾਸ ਤੋਂ ਭੁੱਲ ਗਿਐ ਜੁਲਮ ਸਹਿਣ ਵਾਲੀਆਂ ਨੂੰ।
ਮਨੂੰ ਦੀ ਕੈਦ 'ਚ' ਨਾ ਮਾਈਆਂ ਦੀ ਯਾਦ ਤੈਨੂੰ, ਭੁਲਿਐਂ 84' ਦੀਆਂ ਵਿਧਵਾਵਾਂ ਦੁਖਿਆਰੀਆਂ ਨੂੰ।
ਰੰਗੀਨ ਪਰਦੇ ਤੇ ਝੂਠਾ ਨਾਚ ਨੱਚ ਦੇ, ਨਾਮ ਉਨ੍ਹਾਂ ਦੇ ਖਾਣਦਾਣ ਦੇ ਜਾਣਦਾ ਏ ਤੂੰ।
ਖੰਡੇ ਦੀ ਧਾਰ ਤੇ ਜਿਨ੍ਹਾਂ ਪਾਈ ਕਿਕਲੀ, ਉਨ੍ਹਾਂ ਬਾਰੇ ਵੀ ਕੀ 'ਕੁਝ' ਜਾਣਦਾ ਏ ਤੂੰ।
ਅਪਣੇ ਵਿਰਸੇ ਨੂੰ ਭੁੱਲ ਬੈਠੈਂ ਸਿੱਖ ਵੀਰਾ, ਕਿਉਂ ਭੁੱਲ ਗਿਐਂ ਕੀਤੀਆਂ ਕੁਰਬਾਨੀਆਂ ਨੂੰ।
ਰੰਗ ਤਮਾਸ਼ਿਆਂ 'ਚ' ਮਨੋਰਥ ਭੁੱਲ ਬੈਠੈਂ, ਨਸ਼ਿਆਂ 'ਚ' ਰੋੜ ਕਿਉਂ ਰਿਹੈਂ ਜਵਾਨੀਆਂ ਨੂੰ।
ਅਪਣੇ ਪਥ ਤੋਂ ਭੱਟਕੀ ਸਿੱਖ ਬੀਬੀ, ਤੂੰ ਵੀ ਛੱਡਦੇ ਬਦ ਗੁਮਾਨੀਆਂ ਨੂੰ।
ਹੀਰਾਂ, ਸੱਸੀਆਂ, ਮਾਪਿਆਂ ਦੀ ਪੱਗ ਰੋਲੀ, ਭੁੱਲ ਜਾਹ ਇਨ੍ਹਾਂ ਕਿੱਸੇ ਕਹਾਣੀਆਂ ਨੂੰ।
'ਮਾਈ ਭਾਗੋ' ਨੂੰ ਆਦਰਸ਼ ਬਣਾਂ ਅਪਣਾ, ਸਿੱਖੀ ਸਮਝਾ ਅਪਣੀਆਂ, ਬੇਗਾਨੀਆਂ ਨੂੰ।
ਖੂਨ ਸ਼ਹੀਦਾਂ ਦਾ ਅੱਜ ਵੰਗਾਰ ਪਾਵੇ, ਗੁਰੂ ਤੋਂ ਟੁੱਟੇ ਤੇ ਬੇ ਮੁੱਖ ਹੋਏ ਸਾਰਿਆਂ ਨੂੰ।
ਸਿੱਖੀ ਤੋਂ ਥਿੜਕਿਆ ਗੁਰੂ ਦਾ ਵਾਸਤਾ ਈ, ਵਾਪਸ ਆ ਜਾ, ਅੱਜ ਤੋਂ ਛੱਡ ਦੇ ਗੁਰੂ ਧਿਰਕਾਰਿਆਂ ਨੂੰ।
ਕੱਚੀ ਗੜ੍ਹੀ ਦੀ ਅੱਜ ਵੰਗਾਰ ਸੁਣ ਲੈ, ਸੁਣ ਲੈ ਨੀਹਾਂ 'ਚ ਖੜ੍ਹੇ (ਚਿਣੇਂ) ਦੁਲਾਰਿਆਂ ਦੀ।
ਆ ਜਾ ਸਰਹੰਦ ਦੀ ਕੰਧ ਤੋਂ ਲੈ ਕੇ ਸਿਖਿਆ, ਸੁਣ ਦਸਮੇਸ਼ ਦੇ {ਛੋਟੇ} ਫਰਜੰਦ ਪਿਆਰਿਆਂ ਦੀ।
ਕਰ ਯਾਦ ਪੁਰਾਨੀ ਸੀ ਜੋ ਸ਼ਾਨ ਤੇਰੀ , ਮੂੰਹ ਭੰਨੇ ਤੂੰ ਲੁਟੇਰੇ ਗਾਜੀਆਂ ਦੇ।
ਆਜਾ ਸਿੱਖੀ ਦੇ ਕਾਫਲੇ ਨਾਲ ਰਲ ਜਾ, ਸੰਗ ਛੱਡ ਦੇ ਝੂਠੇ ਤੇ ਪਾਜੀਆਂ ਦੇ।
ਵੇਲਾ ਖੁੰਝਿਆ ਫੇਰ ਨਾ ਹੱਥ ਆਉਣਾ , ਸਿੱਖੀ ਮਿਲੇ ਨਾ ਪੰਸਾਰੀ ਬਾਜ਼ਾਜੀਆਂ ਦੇ।
ਇਸ਼ਕ ਹਕੀਕੀ 'ਚ' ਮਨ ਤੂੰ ਰੰਗ 'ਸੁਰਿੰਦਰ' , ਕਿੱਸੇ ਛੱਡ ਦੇ ਇਸ਼ਕ ਮਜਾਜੀਆਂ ਦੇ।
ਸ੍ਰ; ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ{ਫਤਿਹਾਬਾਦ}
ਮੋਬਾਈਲ=97287 43287,