ਕੈਟੇਗਰੀ

ਤੁਹਾਡੀ ਰਾਇ



ਮਨਦੀਪ ਖੁਰਮੀ ਹਿਮਤ੍ਪੁਰਾ (ਲੰਦਨ)
ਕੁਝ ਸਵਾਲ ਫਿਲਮਾਂ ਵਾਲਿਆਂ ਨੂੰ...
ਕੁਝ ਸਵਾਲ ਫਿਲਮਾਂ ਵਾਲਿਆਂ ਨੂੰ...
Page Visitors: 2777

ਕੁਝ ਸਵਾਲ ਫਿਲਮਾਂ ਵਾਲਿਆਂ ਨੂੰ...
ਫਿਲਮ ਦੇ ਪੋਸਟਰਾਂ ਰਾਹੀਂ ਪਗੜੀਧਾਰੀ ਆਦਮੀ ਨੂੰ "ਡੰਗਰ" ਲਿਖਣਾ ਕਿਹੜੇ ਸੱਭਿਆਚਾਰ ਦੀ ਸੇਵਾ ਹੈ ?-: ਮਨਦੀਪ ਖੁਰਮੀ ਹਿੰਮਤਪੁਰਾ 
ਮੋਬਾ:- 0044 75191 12312
Email:- khurmi13deep@yahoo.in 
- ਪੰਜਾਬੀ ਫਿਲਮਾਂ ਵਿੱਚ ਕਾਮੇਡੀ ਦੇ ਨਾਂ 'ਤੇ ਗਾਲ੍ਹਾਂ ਵਰਤਾਉਣੀਆਂ ਕਿੰਨੀਆਂ ਕੁ ਜਾਇਜ਼?
ਇਸ ਵਾਰਤਾਲਾਪ ਦਾ ਪਹਿਲਾ ਸਿਰਲੇਖ ਪੜ੍ਹ ਕੇ 'ਗਰਮ' ਹੋਣ ਜਾਂ ਸੋਚਣ ਦੀ ਲੋੜ ਨਹੀਂ। ਆਉ ਪਹਿਲਾਂ ਦੂਸਰੇ ਉਪ-ਸਿਰਲੇਖ ਬਾਰੇ ਵਿਚਾਰ ਵਟਾਂਦਰਾ ਕਰੀਏ, ਬਾਦ 'ਚ ਪਹਿਲੇ ਬਾਰੇ ਗੱਲ ਕਰਦੇ ਹਾਂ।.......ਅੱਜ ਕੱਲ੍ਹ ਪੰਜਾਬੀ ਫਿਲਮਾਂ ਦੀ ਹਨ੍ਹੇਰੀ ਵਗੀ ਹੋਈ ਹੈ। ਅੰਨ੍ਹੀ ਨੂੰ ਬੋਲਾ ਘੜੀਸੀ ਫਿਰਦਾ ਹੈ। ਇਸ ਰੌਲ ਘਚੋਲੇ 'ਚ ਕੋਈ ਨਹੀਂ ਪੁੱਛਦਾ ਕਿ ਧੰਨਾ ਕੀਹਦਾ ਮਾਸੜ ਹੈ? ਹਰ ਕੋਈ ਆਪਣੀ ਹੀ ਪੀਪਣੀ ਵਜਾਉਣ 'ਚ ਮਸਤ ਹੈ। ਪਰ ਫਿਲਮਾਂ ਦੇ ਨਾਂ 'ਤੇ ਵਜਾਈਆਂ ਜਾ ਰਹੀਆਂ ਮਣਾਂਮੂੰਹੀ ਪੀਪਣੀਆਂ ਸਿਰਫ ਤੇ ਸਿਰਫ 'ਜੱਟ' ਦੇ ਕੰਨ ਨਾਲ ਲਗਾ ਕੇ ਵਜਾਈਆਂ ਜਾ ਰਹੀਆਂ ਹਨ। ਪੰਜਾਬ ਦਾ ਜੱਟ ਤਾਂ ਵਿਚਾਰਾ ਪਹਿਲਾਂ ਹੀ 'ਬਿਮਾਰ' ਹੈ, ਪਰ ਇਹਨਾਂ ਫਿਲਮਾਂ ਵਾਲਿਆਂ ਵੱਲੋਂ 'ਜੱਟ' ਨੂੰ ਕੰਨੋਂ ਬੋਲਾ ਕਰਨ ਦੇ ਅਣਥੱਕ ਯਤਨ ਵੀ ਜਾਰੀ ਹਨ। 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਅਟ', 'ਜੱਟਜ ਇਨ ਗੋਲਮਾਲ', 'ਜੱਟ ਏਅਰਵੇਜ', 'ਨੌਟੀ ਜੱਟਜ', 'ਪੁੱਤ ਜੱਟਾਂ ਦੇ' ਵਗੈਰਾ ਵਗੈਰਾ ਪਤਾ ਹੀ ਨਹੀਂ ਕੀ ਕੀ ਕੁਝ ਜੱਟ ਦੀ ਝੋਲੀ ਪਾਇਆ ਜਾ ਰਿਹਾ ਹੈ? ਖਾਸ ਗੱਲ ਇਹ ਕਿ ਲੋਕਾਂ ਨੂੰ ਹਸਾਉਣ ਦੇ ਨਾਂ 'ਤੇ ਗਾਲ੍ਹਾਂ ਦਾ ਪ੍ਰਸ਼ਾਦ ਜਰੂਰ ਵਰਤਾਇਆ ਜਾ ਰਿਹਾ ਹੈ।
ਬੀਤੇ ਦਿਨੀਂ ਪੰਜਾਬੀ ਫਿਲਮਾਂ ਉੱਪਰ ਵੱਜੀ ਸਰਸਰੀ ਜਿਹੀ ਨਿਗ੍ਹਾ ਨੇ ਮਜ਼ਬੂਰ ਕਰ ਦਿੱਤਾ ਕਿ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਜਿਹੜੀ ਵੀ ਫਿਲਮ ਧਿਆਨ ਨਾਲ ਦੇਖ ਲਓ...ਹਰ ਕਿਸੇ 'ਚ ਕਾਮੇਡੀ ਦੇ ਨਾਂ 'ਤੇ 'ਸਾਲਾ...ਸਾਲਾ...ਸਾਲਾ...ਸਾਲਾ' ਲਫ਼ਜ਼ ਦੀ ਭਰਮਾਰ ਮਿਲੇਗੀ। ਵਾਰ ਵਾਰ ਮਨ 'ਚ ਸਵਾਲ ਪੈਦਾ ਹੁੰਦੈ ਕਿ ਜੇ ਸਾਲਾ ਸ਼ਬਦ ਨੂੰ ਗਾਲ੍ਹ ਵਜੋਂ ਵਰਤਣ ਵਾਲੇ ਇਹ ਫਿਲਮੀ ਭਾਈ 'ਸਾਲਾ' ਰਿਸ਼ਤੇ ਨੂੰ ਇੰਨਾ ਹੀ ਬੁਰਾ ਸਮਝਦੇ ਹਨ, ਤਾਂ ਫਿਰ ਕੀ ਇਹਨਾਂ ਨੇ ਆਪਣੀਆਂ ਭੈਣਾਂ ਨੂੰ ਵਿਆਹ ਕਰਵਾਉਣ ਦੀ ਇਜ਼ਾਜਤ ਦਿੱਤੀ ਹੋਵੇਗੀ? ਤਾਂ ਕਿ ਕਿਸੇ ਹਮਾਤੜ ਦਾ ਸਾਲਾ ਬਣਕੇ 'ਜਲਾਲਤ' ਨਾ ਸਹਿਣੀ ਪਵੇ।  ਵਿਸ਼ਾ ਵਿਹੂਣੀਆਂ ਅਤੇ ਸਿਰਫ ਫੁਕਰੇਪਣ ਨਾਲ ਲਬਰੇਜ ਕਹਾਣੀਆਂ ਵਾਲੀਆਂ ਫਿਲਮਾਂ ਲਈ ਲੋੜੀਂਦਾ ਅੰਗ ਬਣ ਕੇ ਰਹਿ ਗਏ ਹਨ ਕਾਮੇਡੀਅਨ।
ਅੱਜ ਪੰਜਾਬੀ ਫਿਲਮਾਂ ਦੇ ਇਹ ਹਾਲਾਤ ਹਨ ਕਿ ਹੀਰੋ ਹੀਰੋਇਨ ਭਾਵੇਂ ਵਿਚਾਰੇ ਸੋਕੜੇ ਦੇ ਮਾਰੇ ਹੋਏ ਲੈ ਲਓ ਪਰ ਜੇ ਰਾਣਾ ਰਣਬੀਰ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ ਜਾਂ ਬੀ. ਐੱਨ. ਸ਼ਰਮਾ ਫਿਲਮ 'ਚੋਂ ਗੈਰਹਾਜ਼ਰ ਦਿਸਣ ਤਾਂ ਸਮਝੋ ਕਿ ਫਿਲਮ ਦੀ ਟੈਂਅ ਬੋਲੀ ਹੀ ਬੋਲੀ। ਪਰ ਜੇ ਸਮਾਜ ਨੂੰ ਤਣਾਅ ਭਰੇ ਮਾਹੌਲ ਵਿੱਚ ਵੀ ਹਾਸੇ ਵੰਡਣ ਵਾਲੇ ਹਾਸਰਸ ਕਲਾਕਾਰ ਆਪਣੀ ਕਲਾ ਨਾਲੋਂ ਜਿਆਦਾ ਗਾਲ੍ਹਾਂ ਕੱਢਣ ਨੂੰ ਜਰੂਰੀ ਸਮਝ ਲੈਣ ਤਾਂ ਸ਼ਾਇਦ ਉਹਨਾਂ ਕਲਾਕਾਰਾਂ ਦੀ ਕਲਾ ਵੀ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ। ਕਾਮੇਡੀ ਕਿੰਗ ਜਸਵਿੰਦਰ ਭੱਲਾ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਅਤੇ ਉਹਨਾਂ ਦੀ ਕਾਬਲੀਅਤ 'ਤੇ ਵੀ ਸ਼ੱਕ ਨਹੀਂ ਕੀਤੀ ਜਾ ਸਕਦੀ। ਪਰ 'ਐਵੇਂ ਰੌਲਾ ਪੈ ਗਿਆ' ਫਿਲਮ ਤੋਂ ਲੈ ਕੇ ਨਿਰੰਤਰ ਭੱਲਾ ਸਾਹਿਬ ਵਾਲੀ ਕਿਸੇ ਵੀ ਫਿਲਮ 'ਚ ਝਾਤੀ ਮਾਰ ਲਓ, ਤੁਸੀਂ ਕੱਢੀਆਂ ਜਾਂਦੀਆਂ ਗਾਲ੍ਹਾਂ ਦੀ ਗਿਣਤੀ ਵੀ ਭੁੱਲ ਜਾਓਗੇ। ਬੇਸ਼ੱਕ ਗਾਇਕ ਦਿਲਜੀਤ ਵੱਲੋਂ ਗਾਇਕੀ ਦੇ ਨਾਂ 'ਤੇ ਕੀਤੀ ਜਾ ਰਹੀ 'ਸੇਵਾ' ਸਭ ਦੇ ਸਾਹਮਣੇ ਹੈ ਪਰ ਉਸ ਦੀ ਅਦਾਕਾਰੀ ਦੀ ਤਾਰੀਫ ਸੁਣ ਕੇ 'ਜੱਟ ਐਂਡ ਜੂਲੀਅਟ- ਦੋ' ਦੇਖਣ ਦਾ ਜ਼ੋਖਮ ਉਠਾ ਲਿਆ। ਕਾਪੀ ਅਤੇ ਪੈੱਨ ਵੀ ਨਾਲ ਲੈ ਕੇ ਬੈਠਿਆ। ਫਿਲਮ ਦੇ ਅੰਤ ਤੱਕ ਦਿਲਜੀਤ ਵੱਲੋਂ ੨੦ {ਵੀਹ} ਅਤੇ ਭੱਲਾ ਸਾਹਿਬ ਵੱਲੋਂ ੨੨ {ਬਾਈ} ਗਾਲ੍ਹਾਂ ਵਰਤਾਈਆਂ ਗਈਆਂ ਹਨ। ਇਤਫਾਕਨ ਪੂਰੀ ਫਿਲਮ ਵਿੱਚ ਕੱਢੀਆਂ ੪੨-੪੩ ਸਾਰੀਆਂ ਦੀਆਂ ਸਾਰੀਆਂ ਗਾਲ੍ਹਾਂ ਹੀ 'ਸਾਲਾ ਜਾਂ ਸਾਲਿਆ' ਹੀ ਹਨ। ਜੇ ਇਸ ਟਿੱਪਣੀ ਨੂੰ ਰੱਦ ਕਰਨ ਲਈ ਇਹ ਕਹਿ ਦਿੱਤਾ ਜਾਵੇ ਕਿ ਇਸ ਫਿਲਮ ਵਿੱਚ ਉਕਤ ਦੋਵੇਂ ਜਣੇ ਪੁਲਿਸ ਦੇ ਰੋਲ 'ਚ ਸਨ ਅਤੇ ਪੁਲਿਸ ਫੁੱਲ ਨਹੀਂ ਵਰਸਾਉਂਦੀ? ਤਾਂ ਯਾਦ ਦਿਵਾਉਣਾ ਚਾਹਾਂਗਾ ਕਿ 'ਰੌਲਾ ਪੈ ਗਿਆ' ਫਿਲਮ ਵਿੱਚ ਭੱਲਾ ਸਾਹਿਬ ਪ੍ਰੋਫੈਸਰ ਦਾ ਰੋਲ ਕਰ ਰਹੇ ਸਨ। ਅਤੇ ਕਾਲਜ਼ ਕਲਾਸ ਦੇ ਬੈਂਚਾਂ ਮਗਰ ਇੱਕ ਮੈਡਮ ਨਾਲ ਚੁੰਮਾ-ਚੱਟੀ ਕਰਦੇ ਦਿਖਾਏ ਗਏ ਸਨ। ਇਹ ਤਾਂ ਸ਼ਾਇਦ ਫਿਲਮ ਵਾਲੇ ਹੀ ਜਾਨਣ ਜਾਂ ਫਿਰ ਖੁਦ ਅਧਿਆਪਨ ਕਿੱਤੇ ਨਾਲ ਜੁੜੇ ਕਲਾਕਾਰ ਕਿ ਉਹਨਾਂ ਦੀ ਇਸ ਤਰ੍ਹਾਂ ਦੇ ਰੋਲ ਨਿਭਾਉਣੇ ਮਜ਼ਬੂਰੀ ਸੀ ਜਾਂ ਨਿੱਜੀ ਤਜਰਬੇ ਦੇ ਆਧਾਰ ਨੂੰ ਮੁੱਖ ਰੱਖ ਕੇ ਯਾਦਾਂ ਤਾਜ਼ਾ ਕੀਤੀਆਂ ਗਈਆਂ ਸਨ? ਬਾਕੀ ਗਾਲ੍ਹਾ ਦੀ ਪੁਸ਼ਟੀ ਕਰਨ ਲਈ ਬਾਕੀ ਫਿਲਮਾਂ ਵੀ ਦੇਖੀਆਂ ਜਾ ਸਕਦੀਆਂ ਹਨ।
ਫਿਲਮਾਂ ਵਿੱਚ ਗਾਲ੍ਹ ਦੁੱਪੜ ਵਰਤਾਏ ਜਾਣ ਦੇ ਵਿਸ਼ੇ ਬਾਰੇ ਸ਼ਾਬਦਿਕ ਜੁਗਾਲੀ ਕਰਨਾ ਕਿਸੇ ਵਾਹ ਵਾਹ ਵਸੂਲਣ ਜਾਂ ਚਰਚਾ 'ਚ ਆਉਣ ਦੇ ਮਕਸਦ ਨਾਲ ਨਹੀਂ ਸਗੋਂ ਉਸ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਹੈ ਕਿ ਜਦੋਂ ਇੱਕ ਪੁੱਤ ਆਪਣੇ ਪਿਓ ਨੂੰ 'ਸਾਲਾ' ਕਹਿ ਦੇਵੇ। ਜੀ ਹਾਂ, ਹੱਡਬੀਤੀ ਬਿਆਨ ਕਰਨ ਲੱਗਾ ਹਾਂ ਕਿ ਆਪਣੇ ਬੇਟੇ ਨੂੰ ਪੰਜਾਬੀ ਨਾਲ ਜੋੜਨ ਲਈ ਲਗਾਤਾਰ ਕੋਸ਼ਿਸ਼ ਵਿੱਚ ਹਾਂ। ਇਸ ਲਈ ਉਸਦੇ ਇੱਲਤਾਂ ਤੋਂ ਬਾਦ ਬਚੇ ਸਮੇਂ ਨੂੰ ਵਿਲੇ ਲਾਉਣ ਲਈ ਪੰਜਾਬੀ ਫਿਲਮ ਲਗਾ ਦਿੱਤੀ ਤਾਂ ਕਿ ਬੈਠਾ ਬੈਠਾ ਨਾਲੋ ਨਾਲ ਫਿਲਮ ਦੇਖੀ ਜਾਵੇ ਤੇ ਨਾਲ ਨਾਲ ਪੰਜਾਬੀ ਦੇ ਸ਼ਬਦਾਂ ਨਾਲ ਵੀ ਵਾਹ ਪਈ ਜਾਵੇ। ਫਿਲਮ ਖਤਮ ਹੋਈ ਤਾਂ ਉਸ ਵੱਲੋਂ ਬੋਲੇ 'ਸਾਲਿਆ' ਸ਼ਬਦ ਨੇ ਮੱਥੇ 'ਤੇ ਹੱਥ ਮਾਰਨ ਲਈ ਮਜ਼ਬੂਰ ਕਰ ਦਿੱਤਾ। ਬੜੇ ਦਿਨਾਂ ਤੋਂ ਇਸੇ ਦੁਚਿੱਤੀ 'ਚ ਸਾਂ ਕਿ ਕਾਮੇਡੀਅਨ ਭਾਈ ਸਾਹਿਬ ਜੀਆਂ ਨੂੰ ਬੇਨਤੀ ਕਰਾਂ ਕਿ ਅਜਿਹਾ ਨਾ ਹੋਵੇ ਕਿ ਵਾਰ ਵਾਰ ਬੋਲਦੇ ਰਹਿਣ ਨਾਲ 'ਸਾਲਾ' ਸ਼ਬਦ ਕਿਸੇ ਵਿਦਿਆਰਥੀ ਨੂੰ ਬੋਲਿਆ ਜਾਵੇ। ਇੱਥੋਂ ਤੱਕ ਤਾਂ ਖ਼ੈਰ ਰਹੇਗੀ ਪਰ ਜੇ 'ਚੇਲੇ ਜਾਣ ਛੜੱਪ' ਦੀ ਕਹਾਵਤ 'ਤੇ ਖਰਾ ਉੱਤਰਦਿਆਂ ਕਿਸੇ ਚੇਲੇ ਬਾਲਕੇ ਨੇ ਮੋੜਵਾਂ ਜਵਾਬ ਦੇ ਦਿੱਤਾ ਕਿ "ਸਰ ਜੀ, ਤੁਸੀਂ ਸਾਲਾ ਕਿਉਂ ਕਿਹੈ? ਤੁਸੀਂ ਸਾਲੇ ਲਗਦੇ ਹੋ ਸਾਲਾ ਕਹਿਣ ਦੇ?" ਫਿਰ ਕੀਤੀ ਕਰਾਈ ਕਲਾਕਾਰੀ ਵੀ ਭਾਂਡੇ ਵਿੱਚ ਵੜ ਜਾਵੇਗੀ।
ਚੱਲੋ ਛੱਡੋ ਜੀ, ਕੋਈ ਉਮਰ ਨਾਲ ਵੀ ਬਾਹਲਾ ਸਿਆਣਾ ਨਹੀਂ ਹੁੰਦਾ ਤੇ ਜਿਆਦਾ ਪੜ੍ਹਨ ਨਾਲ ਵੀ ਨਹੀਂ। ਜਿਹੜੇ ਬੰਦੇ ਉੱਚੀਆਂ ਉੱਚੀਆਂ ਪਦਵੀਆਂ 'ਤੇ ਬਹਿ ਕੇ ਵੀ ਸਿਆਣੇ ਨਹੀਂ ਹੁੰਦੇ, ਉਹਨਾਂ 'ਤੇ ਤਰਸ ਕੀਤਾ ਜਾਣਾ ਚਾਹੀਦੈ ਕਿ ਲੋਕਾਂ ਨੇ ਤੁਹਾਨੂੰ ਰਾਜ ਬਖਸ਼ਿਐ ਤੇ ਉਹ ਫੇਰ ਚੱਕੀ ਵੱਲ ਨੂੰ ਭੱਜ ਭੱਜ ਜਾਂਦੇ ਹਨ। ਸ਼ੁਕਰ ਕਰਨਾ ਬਣਦਾ ਹੈ ਲੋਕਾਂ ਦਾ ਪਰ ਉਹਨਾਂ ਹੀ ਲੋਕਾਂ ਲਈ ਗਾਲ੍ਹਾਂ ਦੇ ਤੋਹਫ਼ੇ ਵੰਡਣੇ....ਗੱਲ ਕੁਝ ਹਜ਼ਮ ਜਿਹੀ ਨਹੀਂ ਹੁੰਦੀ।
ਆਓ, ਹੁਣ ਸ਼ੁਰੂ 'ਚ ਕੀਤੇ ਵਾਅਦੇ ਅਨੁਸਾਰ ਜਾਦੇ ਜਾਂਦੇ ਲੇਖ ਦੇ ਮੁੱਖ ਸਿਰਲੇਖ ਵੱਲ ਲੈ ਕੇ ਚੱਲਾਂ। ਫਿਲਮ ਜੱਟ ਐਂਡ ਜੂਲੀਅਟ ਦੇ ਪੋਸਟਰਾਂ 'ਤੇ ਨਜ਼ਰ ਮਾਰ ਰਿਹਾ ਸਾਂ ਤਾਂ ਇੱਕ ਪੋਸਟਰ ਅਜਿਹਾ ਵੀ ਪ੍ਰਚਾਰਿਆ ਜਾ ਰਿਹਾ ਸੀ, ਜਿਸ ਵਿੱਚ ਫਿਲਮ ਦੀ ਨਾਇਕਾ ਫਿਲਮ ਦੇ ਨਾਇਕ ਦੇ ਮੂੰਹ ਮੂਹਰੇ ਇੱਕ ਕਾਰਟੂਨ ਵਾਲੀ ਫੋਟੋ ਕਰੀ ਖੜ੍ਹੀ ਹੈ, ਜਿਸ ਵਿੱਚ ਪਗੜੀਧਾਰੀ ਬੰਦੇ ਦਾ ਸਕੈੱਚ ਬਣਾਇਆ ਹੋਇਆ ਹੈ ਅਤੇ ਅੰਗਰੇਜ਼ੀ ਵਿੱਚ ਬੜੇ ਸੋਹਣੇ ਅੱਖਰਾਂ ਨਾਲ 'ਡੰਗਰ' ਲਿਖਿਆ ਹੋਇਆ ਹੈ।
ਇਸ ਪੋਸਟਰ ਨੂੰ ਦੇਖਣ ਤੋਂ ਬਾਦ ਸਾਰੀ ਫਿਲਮ ਛਾਣ ਮਾਰੀ ਡੰਗਰ ਸ਼ਬਦ ਸਿਰਫ ਇੱਕ ਵਾਰ ਹੀ ਲੱਭਿਆ। ਇਸੇ ਗੱਲ ਨੇ ਵੀ ਪ੍ਰੇਸ਼ਾਨ ਕੀਤਾ ਕਿ ਜਿੱਥੇ ਅੱਜ ਪਗੜੀ ਦੀ ਸ਼ਾਨ ਬਹਾਲੀ ਲਈ ਹੱਥ ਪੈਰ ਮਾਰੇ ਜਾਂਦੇ ਹਨ, ਇਟਲੀ ਫਰਾਂਸ ਦੇ ਹਵਾਈ ਅੱਡਿਆਂ 'ਤੇ ਹੁੰਦੀ ਤਲਾਸ਼ੀ ਵੇਲੇ ਪੱਗ ਉਤਾਰਨ ਦੇ ਮਸਲੇ ਸੰਬੰਧੀ ਵਿਸ਼ਵ ਪੱਧਰ 'ਤੇ ਚਰਚਾ ਛਿੜੀ ਰਹੀ ਹੈ। ਉੱਥੇ ਬਿਨਾਂ ਵਜ੍ਹਾ ਹੀ ਪਗੜੀਧਾਰੀ ਬੰਦੇ ਸਕੈੱਚ ਬਣਾ ਕੇ ਫਿਲਮ ਦੇ ਪੋਸਟਰਾਂ ਰਾਹੀਂ ਕਿਉਂ 'ਡੰਗਰ' ਬਣਾ ਕੇ ਪ੍ਰਚਾਰਿਆ ਗਿਆ? ਕੀ ਮਜ਼ਬੂਰੀ ਹੋਵੇਗੀ ਫਿਲਮ ਪ੍ਰਬੰਧਕਾਂ ਦੀ ਕਿ ਉਹਨਾਂ ਨੇ ਇਸ ਲਫ਼ਜ਼ ਨੂੰ ਹੀ ਇੰਨੀ ਤਵੱਜੋਂ ਕਿਉਂ ਦਿੱਤੀ? ਜੇ ਫਿਲਮ ਦਾ ਨਾਇਕ ਸਕੈੱਚ ਦੇ ਹੇਠਾਂ ਲਿਖਣ ਦੀ ਬਜਾਏ ਆਪਣੀ ਕਮੀਜ਼ 'ਤੇ ਵੀ 'ਡੰਗਰ' ਲਿਖ ਲੈਂਦਾ ਤਾਂ ਵੀ ਇਹਨਾਂ ਸਤਰਾਂ ਦੇ ਲੇਖਕ ਨੂੰ ਇਤਰਾਜ਼ ਹੋਣਾ ਸੀ ਕਿਉਂਕਿ ਫਿਲਮ ਦਾ ਨਾਇਕ ਖੁਦ ਵੀ ਪਗੜੀਧਾਰੀ ਹੈ। ਚੱਲੋ ਛੱਡੋ, ਇਸ ਗੱਲ ਨੂੰ ਵੀ..... ਮੰਨ ਲੈਂਦੇ ਹਾਂ ਕਿ ਜੇ 'ਡੰਗਰ' ਸ਼ਬਦ ਪੰਜਾਬੀ 'ਚ ਲਿਖਿਆ ਹੁੰਦਾ ਤਾਂ ਸਿਰਫ ਉਸਨੇ ਹੀ ਪੜ੍ਹਨਾ ਸੀ ਜਿਸਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ, ਪਰ ਅੰਗਰੇਜੀ ਵਿੱਚ ਲਿਖਿਆ ਹੋਣ ਕਰਕੇ ਦੁਨੀਆ ਦੇ ਜਿਸ ਜਿਸ ਵੀ ਦੇਸ਼ 'ਚ ਫਿਲਮ ਲੱਗੀ ਹੋਵੇਗੀ ਉੱਥੋਂ ਦੇ ਗੋਰੇ ਵੀ ਜਾਣ ਗਏ ਹੋਣਗੇ ਕਿ ਪਗੜੀਧਾਰੀ ਲੋਕਾਂ ਨੂੰ 'ਡੰਗਰ' ਆਖਦੇ ਹਨ । ਪੰਜਾਬੀਓ, ਸਿਰਫ ਉਹਨਾਂ ਗੱਲਾਂ 'ਤੇ ਹੀ ਵਾਹ ਵਾਹ ਵਾਹ ਨਾ ਕਰਿਆ ਕਰੋ ਜਿਹੜੀਆਂ ਸਾਡੇ ਖੁਦ ਉੱਤੇ ਹੀ ਅਭੱਦਰ ਢੰਗ ਨਾਲ ਲਾਗੂ ਹੁੰਦੀਆਂ ਹਨ, ਬਲਕਿ ਆਪਣਾ ਉੱਲੂ ਸਿੱਧਾ ਕਰਨ ਲਈ ਸਾਨੂੰ ਉੱਲੂ ਬਨਾਉਣ ਵਾਲਿਆਂ ਨੂੰ ਸਵਾਲ ਵੀ ਕਰੋ ਤਾਂ ਕਿ ਵਾਰ ਵਾਰ ਉੱਲੂ ਬਣਦੇ ਬਣਦੇ ਸਚਮੁੱਚ ਹੀ ਉੱਲੂ ਨਾ ਬਣ ਜਾਵੋਂ !

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.