ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
ਗੁਰਇਕਬਾਲ ਸਿੰਘ ਦੀ ਵੱਡੀ ਗੱਪ !!!
ਗੁਰਇਕਬਾਲ ਸਿੰਘ ਦੀ ਵੱਡੀ ਗੱਪ !!!
Page Visitors: 3082

ਗੁਰਇਕਬਾਲ ਸਿੰਘ ਦੀ ਵੱਡੀ ਗੱਪ !!!
ਕੁਰਾਨ ਸ਼ਰੀਫ਼ ਵਿੱਚ ਗੁਰੂ ਨਾਨਕ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਧਰੇ ਜ਼ਿਕਰ ਨਹੀਂ ਹੈ : ਗਿ. ਜਾਚਕ
7 ਜਨਵਰੀ (             ) ਯੂ-ਟਿਊਬ ’ਤੇ ਚਰਚਾ ਦਾ ਵਿਸ਼ਾ ਬਣੀ ਇੱਕ ਵੀਡੀਓ ਵਿੱਚ ਬੀਬੀ ਕੌਲਾਂ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਨੇ ਕੀਰਤਨ ਕਰਦਿਆਂ ਆਪਣੇ ਇੱਕ ਨੌਜਵਾਨ ਸਾਥੀ ਪਾਸੋਂ ਅਖਵਾਇਆ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ 1500 ਸਾਲ ਪਹਿਲਾਂ ਕੁਰਾਨ ਸ਼ਰੀਫ਼ ਦੀ 5683ਵੀਂ ਆਇਤ ਵਿੱਚ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਅਤੇ 4380ਵੀਂ ਆਇਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਤੀ ਦਾ ਜ਼ਿਕਰ ਕਰਦਿਆਂ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਭਾਵਨਾ ਨੂੰ ਵੀ ਪ੍ਰਗਟ ਕੀਤਾ ਗਿਆ ਹੈ । ਇਹ ਕਥਨ ਬਿਲਕੁਲ ਇੱਕ ਕੋਰਾ ਝੂਠ ਅਤੇ ਗੁਰਸਿੱਖਾਂ ਨੂੰ ਭਟਕਾਉਣ ਵਾਲਾ ਗੱਪੀ ਛੋਛਾ ਹੈ । ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਪਣੇ ਇੱਕ ਲਿਖਤੀ ਪ੍ਰੈਸਨੋਟ ਵਿੱਚ ਕਹੇ ।
  ਉਨ੍ਹਾਂ ਸਪਸ਼ਟ ਕੀਤਾ ਕਿ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਮੁਤਾਬਿਕ ਪਾਵਨ ਕੁਰਾਨ ਦੇ 323741 ਅੱਖਰ, 79436 ਪਦ ਅਤੇ ਵੱਖ ਵੱਖ 114 ਸੂਰਤਾਂ ਵਿੱਚ ਅੰਕਿਤ ਕੁੱਲ ਆਇਤਾਂ ਦੀ ਗਿਣਤੀ 6666 ਹੈ । ਇਹ ਗਿਣਤੀ ਬਿਲਕੁਲ ਉਵੇਂ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵੱਖ ਵੱਖ ਰਾਗਾਂ ਵਿੱਚ ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਅਤੇ ਸਿੱਖ ਸੇਵਕਾਂ ਦੇ ਉਚਾਰਣ ਕੀਤੇ ਕੁਲ ਸ਼ਬਦਾਂ ਦੀ ਗਿਣਤੀ 5894 ਹੈ । ਕੁਰਾਨ ਦੀ ਸਭ ਤੋਂ ਜ਼ਿਆਦਾ 286 ਆਇਤਾਂ ਵਾਲੀ ਸੂਰਤ ਅੱਲ-ਬੱਕਰਾ ਹੈ । ਹੁਣ ਗੁਰਇਕਬਾਲ ਸਿੰਘ ਦੇ ਸਾਥੀ ਦੇ ਕਥਨ ਨੂੰ ਸਾਹਮਣੇ ਰੱਖ ਕੇ ਸਭ ਤੋਂ ਪਹਿਲਾ ਸੁਆਲ ਖੜਾ ਹੁੰਦਾ ਹੈ ਕਿ 4380 ਤੇ 5683 ਨੰਬਰ ਆਇਤਾਂ ਕਿਥੋਂ ਆ ਗਈਆਂ ? ਕਿਉਂਕਿ, ਕੁਰਾਨ ਦੀ ਤਰਤੀਬ ਮੁਤਾਬਿਕ 4380ਵੀਂ ਤੇ 5683ਵੀਂ ਕੋਈ ਆਇਤ ਨਹੀਂ ਹੈ ।
  20 ਅਪ੍ਰੈਲ ਸੰਨ 571 ਨੂੰ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਜਨਮ ਹੋਇਆ ਅਤੇ 40 ਸਾਲ ਦੀ ਉਮਰ ਸੀ ਜਦੋਂ ਉਨ੍ਹਾਂ ਨੂੰ ਕੁਰਾਨ ਦੀਆਂ ਆਇਤਾਂ ਦਾ ਇਲਹਾਮ ਹੋਇਆ । ਇਸ ਲਈ 1500 ਸਾਲ ਪਹਿਲਾਂ ਕਹਿਣਾ ਇਤਿਹਾਸਕ ਤੌਰ ’ਤੇ ਵੀ ਗ਼ਲ਼ਤ ਹੈ ਅਤੇ ਸਿਧਾਂਤਕ ਪੱਖੋਂ ਵੀ । ਕਿਉਂਕਿ, ਹਜ਼ਰਤ ਸਾਹਿਬ ਦਾ ਕਥਨ ਹੈ ਕਿ ਕੁਰਾਨ ਦੇ ਬੋਲ ਖ਼ੁਦਾ ਦੇ ਹਨ, ਮੇਰੇ ਨਹੀਂ । ਦੂਜਾ ਸੁਆਲ ਹੈ ਕਿ ਜੇ ਗੱਪੀ ਸੱਜਣ ਦੇ ਉਪਰੋਕਤ ਕਥਨ ਨੂੰ ਸੱਚ ਮੰਨ ਲਿਆ ਜਾਏ ਕਿ ਕੁਰਾਨ ਵਿੱਚ ਗੁਰੂ ਨਾਨਕ ਦੇ ਅਵਤਾਰ ਧਾਰਨ ਦਾ ਜ਼ਿਕਰ ਹੈ ਤਾਂ ਕੀ ਫਿਰ ਇਸਲਾਮ ਵਿੱਚਲਾ ਹਜ਼ਰਤ ਮਹੁੰਮਦ ਦੇ ਆਖ਼ਰੀ ਨਬੀ ਵਾਲਾ ਅਕੀਦਾ ਝੂਠਾ ਸਿੱਧ ਨਹੀਂ ਹੁੰਦਾ ? ਕੁਰਾਨ ਦਾ ਪ੍ਰਮੁੱਖ ਸਿਧਾਂਤ ਹੈ ਕਿ ਖ਼ੁਦਾ ਇੱਕ ਹੈ ਅਤੇ ਉਹ ਜਨਮ ਨਹੀਂ ਲੈਂਦਾ । ਇਸ ਲਈ ਤੀਜਾ ਸੁਆਲ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਕਿਵੇਂ ਕਹਿ ਸਕਦੇ ਹਨ ਕਿ ਅੱਲ੍ਹਾ ਗੁਰੂ ਨਾਨਕ ਦੇ ਰੂਪ ਵਿੱਚ ਅਵਤਾਰ ਧਾਰੇਗਾ ?
   ਕੀ ਗੁਰਇਕਬਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਗੁਰਵਾਕ
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥” (ਅੰਕ 1136)  
ਯਾਦ ਨਹੀਂ ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਇਸਲਾਮ ਮੁਖੀ ਸੱਜਣਾਂ ਨੂੰ ਅਜਿਹੇ ਝੂਠੇ ਛੋਛੇ ਛੱਡਣ ਵਾਲਿਆਂ ਪ੍ਰਤੀ ਨੋਟਿਸ ਲੈਣਾ ਚਾਹੀਦਾ ਹੈ । ਪੜਤਾਲ ਕਰਨੀ ਚਾਹੀਦੀ ਹੈ ਕਿ ਅਜਿਹੇ ਮਨਘੜਤ ਬਿਆਨ ਦੇਣ ਪਿੱਛੇ ਕਿਹੜੀ ਸਾਜਿਸ਼ੀ ਸੱਤਾ ਕੰਮ ਕਰ ਰਹੀ ਹੈ । ਕਿਉਂਕਿ, ਗੁਰਇਕਬਾਲ ਸਿੰਘ ਇਹ ਵੀ ਕਹਿ ਚੁੱਕੇ ਹਨ ਕਿ ਹਰਿਮੰਦਰ ਸਾਹਿਬ ਉਹ ਪਵਿਤਰ ਸਥਾਨ ਹੈ, ਜਿਥੇ ਵਿਸ਼ਨੂ ਜੀ ਮਹਾਰਾਜ ਤਪੱਸਿਆ ਕਰਦੇ ਰਹੇ ਹਨ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.