ਕੈਟੇਗਰੀ

ਤੁਹਾਡੀ ਰਾਇ



ਉਜਾਗਰ ਸਿੰਘ ( ਲੋਕ ਸੰਪਰਕ ਵਿਭਾਗ (ਸਾਬਕਾ) )
ਪੰਜਾਬੀਆਂ ਨੇ ਟਰੂਡੋ ਨੂੰ ਪਲਕਾਂ ਤੇ ਬਿਠਾਇਆ- ਕੇਂਦਰ ਦੀ ਬੇਰੁਖੀ ਰੜਕਦੀ ਰਹੇਗੀ
ਪੰਜਾਬੀਆਂ ਨੇ ਟਰੂਡੋ ਨੂੰ ਪਲਕਾਂ ਤੇ ਬਿਠਾਇਆ- ਕੇਂਦਰ ਦੀ ਬੇਰੁਖੀ ਰੜਕਦੀ ਰਹੇਗੀ
Page Visitors: 2506

ਪੰਜਾਬੀਆਂ ਨੇ ਟਰੂਡੋ ਨੂੰ ਪਲਕਾਂ ਤੇ ਬਿਠਾਇਆ- ਕੇਂਦਰ ਦੀ ਬੇਰੁਖੀ ਰੜਕਦੀ ਰਹੇਗੀ
ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਆਮ ਆਦਮੀ ਪਾਰਟੀ ਨੇ ਵੀ ਅਣਡਿਠ ਕੀਤਾ ਹੈ।ਪੰਜਾਬ ਵਿਚ ਵੀ ਕਿਸੇ ਨੇਤਾ ਨੇ ਅਖਬਾਰਾਂ ਵਿਚ ਵੀ ਸਵਾਗਤ ਨਹੀਂ ਕੀਤਾ।
Feb 23, 2018 12:00 AM

  • ਪੰਜਾਬੀ ਵਿਸ਼ੇਸ਼ ਤੌਰ ਤੇ ਸਿੱਖ ਟਰੂਡੋ ਪਰਿਵਾਰ ਦੇ ਹਮੇਸ਼ਾ ਰਿਣੀ ਰਹਿਣਗੇ ਪ੍ਰੰਤੂ ਕੇਂਦਰ ਸਰਕਾਰ ਦੀ ਬੇਰੁਖੀ ਹਮੇਸ਼ਾ ਰੜਕਦੀ ਰਹੇਗੀ।
        ਪੰਜਾਬੀਆਂ ਨੇ ਜਸਟਿਨ ਟਰੂਡੋ, ਉਸਦੇ ਪਰਿਵਾਰ ਦੇ ਮੈਂਬਰਾਂ ਅਤੇ ਮੰਤਰੀਆਂ ਨੂੰ ਸ੍ਰੀ ਅੰਮਿ੍ਰਤਸਰ ਸਾਹਿਬ ਦੀ ਯਾਤਰਾ ਸਮੇਂ ਉਨ੍ਹਾਂ ਦਾ ਸਵਾਗਤ ਕਰਕੇ ਪਲਕਾਂ ਤੇ ਬਿਠਾਇਆ। ਉਨ੍ਹਾਂ ਦਾ ਸਵਾਗਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਨੇ ਰੈਡ ਕਾਰਪੈਟ ਵਿਛਾਕੇ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਟਰੂਡੋ ਨੂੰ ਜਿਤਨਾ ਅਣਗੌਲਿਆ ਕੀਤਾ ਗਿਆ ਸੀ, ਉਸਦੀ ਕਸਰ ਪੰਜਾਬੀਆਂ ਵੱਲੋਂ ਖੁਲ੍ਹਦਿਲੀ ਨਾਲ ਕੀਤੇ ਗਏ ਸਵਾਗਤ ਨੇ ਪੂਰੀ ਕਰ ਦਿੱਤੀ। ਟਰੂਡੋ ਪਰਿਵਾਰ ਦੀ ਸਾਦਗੀ ਅਤੇ ਸਿੱਖ ਪਰੰਪਰਾਵਾਂ ਦੀ ਜਾਣਕਾਰੀ ਨੇ ਪੰਜਾਬੀਆਂ ਦਾ ਮਨ ਮੋਹ ਲਿਆ। ਜਦੋਂ ਵੀ ਟਰੂਡੋ ਪਰਿਵਾਰ ਦਾ ਕੋਈ ਵੀ ਮੈਂਬਰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਿਆਂ ਹੈ ਤਾਂ ਉਨ੍ਹਾਂ ਹਮੇਸ਼ਾ ਭਾਰਤੀਆਂ, ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਪਰਵਾਸ ਵਿਚ ਵਸਣ ਲਈ ਅਨੇਕ ਪ੍ਰਕਾਰ ਦੀਆਂ ਸਹੂਲਤਾਂ ਦੇ ਕੇ ਨਿਵਾਜਿਆ ਹੈ। ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਜਹਾਜ ਨੂੰ 102 ਸਾਲ ਪਹਿਲਾਂ ਕੈਨੇਡਾ ਵਿਚ ਦਾਖ਼ਲ ਹੋਣ ਨਾ ਦੇਣ ਦੀ ਮੁਆਫੀ ਮੰਗਕੇ ਫ਼ਰਾਕ ਦਿਲੀ ਦਾ ਸਬੂਤ ਦਿੱਤਾ ਹੈ। ਹਾਲਾਂ ਕਿ 1914 ਵਿਚ ਜਦੋਂ ਭਾਰਤੀ ਅਜ਼ਾਦੀ ਸੰਗਰਾਮੀਆਂ ਦਾ ਜਹਾਜ ਜਿਸ ਵਿਚ ਬਹੁਤੇ ਪੰਜਾਬੀ ਸਿੱਖ ਹੀ ਸਨ, ਕੈਨੇਡਾ ਗਿਆ ਸੀ ਤਾਂ ਉਸ ਸਮੇਂ ਕੈਨੇਡਾ ਅਤੇ ਭਾਰਤ ਦੋਵੇਂ ਦੇਸ਼ ਅੰਗਰੇਜ਼ਾਂ ਦੇ ਗ਼ੁਲਾਮ ਸਨ।    
           ਅੰਗਰੇਜ਼ਾਂ ਨੇ ਭਾਰਤੀ ਆਜ਼ਾਦੀ ਸੰਗਰਾਮੀਆਂ ਦੇ ਜਹਾਜ ਨੂੰ ਵਾਪਸ ਮੋੜਕੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਸੀ ਕਿਉਂਕਿ ਉਹ ਡਰਦੇ ਸਨ ਕਿ ਭਾਰਤੀ ਸੁੰਤਤਰਤਾ ਸੰਗਰਾਮੀਆਂ ਦੀਆਂ ਸਿਆਸੀ ਸਰਗਰਮੀਆਂ ਤੋਂ ਪ੍ਰਭਾਵਤ ਹੋ ਕੇ ਕੈਨੇਡਾ ਦੇ ਲੋਕ ਵੀ ਅੰਗਰੇਜ਼ਾਂ ਵਿਰੁਧ ਬਗ਼ਾਬਤ ਨਾ ਕਰ ਦੇਣ। ਉਸ ਵਿਚ ਕੈਨੇਡੀਅਨ ਲੋਕਾਂ ਦਾ ਕੋਈ ਕਸੂਰ ਨਹੀਂ ਸੀ। ਜਸਟਿਨ ਟਰੂਡੋ ਨੇ ਫਿਰ ਵੀ ਮੁਆਫੀ ਮੰਗਕੇ ਪੰਜਾਬੀਆਂ ਦੇ ਜਖ਼ਮਾਂ ਉਪਰ ਮਲਮ ਲਾਕੇ ਉਨ੍ਹਾਂ ਦੇ ਦਿਲ ਜਿੱਤ ਲਏ ਸਨ ;ਪ੍ਰੰਤੂ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਸੰਸਾਰ ਦੇ ਸ਼ਕਤੀਸ਼ਾਲੀ ਦੇਸ ਦੇ ਪ੍ਰਧਾਨ ਮੰਤਰੀ ਨੂੰ ਉਸਦੇ ਭਾਰਤ ਦੇ ਦੌਰੇ ਦੌਰਾਨ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਬਲਕਿ ਕੈਨੇਡਾ ਦੇ ਮੀਡਿਆ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਜਾਣ ਬੁਝਕੇ ਜਸਟਿਨ ਟਰੂਡੋ ਨੂੰ ਅਣਗੌਲਿਆ ਕੀਤਾ ਹੈ। ਹਾਲਾਂ ਕਿ ਕੈਨੇਡਾ ਦੀ ਸਰਕਾਰ ਵਿਚ ਚਾਰ ਭਾਰਤੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਹਨ ਜਦੋਂ ਕਿ ਭਾਰਤ ਵਿਚ ਮੋਦੀ ਸਰਕਾਰ ਵਿਚ ਸਿਰਫ ਹਰਸਿਮਰਤ ਕੌਰ ਬਾਦਲ ਕੈਬਨਿਟ ਅਤੇ ਹਰਦੀਪ ਸਿੰਘ ਪੁਰੀ ਰਾਜ ਮੰਤਰੀ ਇਕ ਕਿਸਮ ਨਾਲ ਡੇਢ ਮੰਤਰੀ ਹਨ। ਭਾਰਤ ਮਹਿਸੂਸ ਕਰਦਾ ਹੈ ਕਿ ਕੈਨੇਡਾ ਖਾਲਿਸਤਾਨੀਆਂ ਦੀ ਮਦਦ ਕਰਦਾ ਹੈ ਜੋ ਕਿ ਬਿਲਕੁਲ ਹੀ ਗ਼ਲਤ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਾਫ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਅਖੰਡ ਭਾਰਤ ਦੇ ਹਮਾਇਤੀ ਹਨ। ਭਾਰਤ ਦੀ ਏਕਤਾ ਅਤੇ ਅਖੰਡਤਾ ਵਿਚ ਵਿਸ਼ਵਾਸ ਰੱਖਦੇ ਹਨ। ਕੈਨੇਡਾ ਦਾ ਕਾਨੂੰਨ ਅਮਨ ਸ਼ਾਂਤੀ ਨਾਲ ਖੁਲ੍ਹਕੇ ਗੱਲ ਕਰਨ ਦੀ ਇਜਾਜਤ ਦਿੰਦਾ ਹੈ, ਬਸ਼ਰਤੇ ਕਿ ਸ਼ਾਂਤੀ ਭੰਗ ਨਾ ਹੋਵੇ। ਖਾਲਿਸਤਾਨ ਦਾ ਹੳੂਆ ਖੜ੍ਹਾ ਕੀਤਾ ਹੋਇਆ ਹੈ। ਭਾਰਤ ਦੇ ਸੰਵਿਧਾਨ ਵਿਚ ਵੀ ਬੋਲਣ ਦੀ ਆਜ਼ਾਦੀ ਹੈ। ਸਿਮਰਨਜੀਤ ਸਿੰਘ ਮਾਨ ਹਮੇਸ਼ਾ ਖਾਲਿਸਤਾਨ ਦੇ ਨਾਅਰੇ ਲਾਉਂਦੇ ਰਹਿੰਦੇ ਹਨ। ਕਿਤਨੇ ਹੀ ਉਸ ਉਪਰ ਦੇਸ਼ ਧਰੋਹੀ ਦੇ ਕੇਸ ਦਰਜ ਹੋਏ ਹਨ ਪ੍ਰੰਤੂ ਕਚਹਿਰੀ ਵਿਚ ਹਰ ਕੇਸ ਵਿਚੋਂ ਬਰੀ ਹੋ ਜਾਂਦਾ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਵੀ ਬੋਲਣ ਦੀ ਆਜ਼ਾਦੀ ਦਿੰਦਾ ਹੈ। ਜੇ ਕੈਨੇਡਾ ਵਿਚ ਕੋਈ ਸੰਸਥਾ ਅਜਿਹੀ ਮੰਗ ਕਰਦੀ ਹੈ ਤਾਂ ਇਸਦਾ ਭਾਵ ਇਹ ਨਹੀਂ ਕਿ ਕੈਨੇਡਾ ਸਰਕਾਰ ਦੀ ਸਹਿਮਤੀ ਉਸਦੇ ਨਾਲ ਹੈ।
        ਕੈਨੇਡਾ ਦੇ ਲੋਕ ਤਾਂ ਸਿਰਫ 1984 ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਗੱਲ ਕਰਦੇ ਹਨ। ਉਹ ਖਾਲਿਸਤਾਨ ਦੇ ਹਮਦਰਦ ਨਹੀਂ ਹਨ।
       ਪਿਛਲੇ ਸਾਢੇ ਤਿੰਨ ਸਾਲ ਵਿਚ ਨਰਿੰਦਰ ਮੋਦੀ ਨੇ4 ਛੋਟੇ-ਛੋਟੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਹਵਾਈ ਅੱਡੇ ਤੇ ਜਾ ਕੇ ਸੁਆਗਤ ਕੀਤਾ ਹੈ ਜਿਨ੍ਹਾਂ ਵਿਚ ਪਿਛਲੇ ਸਾਲ ਜਾਪਾਨ ਦੇ ਪ੍ਰਧਾਨ ਮੰਤਰੀ ਨਿਨਜੋ ਸਬੇ, ਇਜਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨ ਨੇਤਾਨਿਆਹੂ, ਅਬੂ ਧਾਬੀ ਦੇ ਪਿ੍ਰੰਸ ਕਰਾੳੂਨ, ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸੇਖ ਹਸੀਨਾ ਅਤੇ 5ਵੇਂ ਵੱਡੇ ਦੇਸ਼ ਅਮਰੀਕਾ ਦੇ ਪ੍ਰਧਾਨ ਮੰਤਰੀ ਬਰਾਕ ਉਬਾਮਾ ਸ਼ਾਮਲ ਹਨ
        ਪ੍ਰੰਤੂ ਜਸਟਿਨ ਟਰੂਡੋ ਦਾ ਸੁਆਗਤ ਕਰਨ ਲਈ ਇੱਕ ਜੂਨੀਅਰ ; ਕੇਂਦਰੀ ਰਾਜ ਖੇਤੀਬਾੜੀ ਮੰਤਰੀ ਗਜੇਂਦਰ ਸੇਖਾਵਤ ਨੂੰ ਭੇਜਕੇ ਬਣਦਾ ਸਤਿਕਾਰ ਨਹੀਂ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਾਰ ਦੇ 57 ਇਸਲਾਮਿਕ ਦੇਸ਼ਾਂ ਦੀ ‘‘ਆਰਗੇਨਾਈਜੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ’’ ਦੇ 2 ਦੇਸ਼ਾਂ ਸੰਯੁਕਤ ਅਰਬ ਅਮੀਰਾਤ ਅਤੇ ਉਮਾਨ ਦਾ ਫਰਵਰੀ ਵਿਚ ਦੌਰਾ ਕਰਕੇ ਆਏ ਹਨ ਅਤੇ ਤੀਜੇ ਦੇਸ਼ ਇਰਾਨ ਦਾ ਪ੍ਰਧਾਨ ਮੰਤਰੀ ਭਾਰਤ ਆ ਕੇ ਗਿਆ ਹੈ, ਮੋਦੀ ਸਾਹਿਬ ਉਨ੍ਹਾਂ ਨਾਲ ਗਲਵਕੜੀ ਪਾਉਂਦੇ ਹਨ। ਇਹ ਤਿੰਨੋ ਦੇਸ਼ ਉਸ ਸੰਸਥਾ ਦੇ ਮੈਂਬਰ ਹਨ, ਜਿਸ ਸੰਸਥਾ ਦੇ ਜਨਰਲ ਸਕੱਤਰ ਯੂਸਫ਼ ਬਿਨ ਅਹਿਮਦ ਉਥਾਈਮਾਨ ਨੇ ਕਸ਼ਮੀਰ ਦੇ ਮਸਲੇ ਉਪਰ ਕਿਹਾ ਹੈ ਕਿ ਉਹ ਕਸ਼ਮੀਰ ਦੀ ਖ਼ੁਦਮੁਖ਼ਤਾਰੀ ਦੇ ਹਮਾਇਤੀ ਹਨ
       ਮੋਦੀ ਸਾਹਿਬ ਉਸ ਸੰਸਥਾ ਦੇ ਮੈਂਬਰ ਮੁਲਕਾਂ ਦੇ ਦੌਰੇ ਵੀ ਕਰਦੇ ਹਨ, ਇਥੋਂ ਤੱਕ ਕਿ ਪਾਕਿਸਤਾਨ ਬਿਨ ਬੁਲਾਏ ਪਹੁੰਚ ਗਏ ਸਨ ਜਿਸਨੇ ਕਸ਼ਮੀਰ ਵਿਚ ਭਾਰਤ ਦੇ ਹਜ਼ਾਰਾਂ ਫ਼ੌਜੀਆਂ ਨੂੰ ਸ਼ਹੀਦ ਕੀਤਾ ਹੈ। ਪ੍ਰੰਤੂ ਜਸਟਿਨ ਟਰੂਡੋ ਦਾ ਸੁਆਗਤ ਕਰਨ ਲਈ ਨਹੀਂ ਜਾਂਦੇ ਸਗੋਂ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਹੈ।
        ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਆਮ ਆਦਮੀ ਪਾਰਟੀ ਨੇ ਵੀ ਅਣਡਿਠ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਅਤੇ ਦੋ ਵਾਰ ਹੋਈਆਂ ਦਿੱਲੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਸਭ ਤੋਂ ਵੱਧ ਆਰਥਿਕ ਅਤੇ ਵੋਟਾਂ ਦੀ ਸਪੋਰਟ ਪਰਵਾਸੀਆਂ ਖਾਸ ਤੌਰ ਤੇ ਕੈਨੇਡਾ ਵਸਣ ਵਾਲੇ ਪੰਜਾਬੀਆਂ ਨੇ ਕੀਤੀ ਹੈ ਪ੍ਰੰਤੂ ਆਮ ਆਦਮੀ ਪਾਰਟੀ ਦੇ ਸੁਪਰੀਮੋ ਮੁੱਖ ਮੰਤਰੀ ਦਿੱਲੀ ਬੈਠੇ ਹਨ ਨਾ ਉਨ੍ਹਾਂ ਜਸਟਿਨ ਟਰੂਡੋ ਨੂੰ ਮਿਲਣ ਦੀ ਇੱਛਾ ਜਾਹਰ ਕੀਤੀ ਹੈ ਅਤੇ ਨਾ ਹੀ ਕੋਈ ਕੋਸ਼ਿਸ਼ ਕੀਤੀ ਹੈ। ਪੰਜਾਬ ਵਿਚ ਵੀ ਕਿਸੇ ਨੇਤਾ ਨੇ ਅਖਬਾਰਾਂ ਵਿਚ ਵੀ ਸਵਾਗਤ ਨਹੀਂ ਕੀਤਾ।
       ਕੈਨੇਡਾ ਵਿਚ ਪੰਜਾਬੀਆਂ ਦੀ ਜਨਸੰਖਿਆ ਉਥੋਂ ਦੀ ਆਬਾਦੀ ਦਾ 1.4 ਫੀ ਸਦੀ ਹੈ ਜਦੋਂ ਕਿ ਭਾਰਤ ਵਿਚ 1.9 ਫ਼ੀ ਸਦੀ ਹੈ। ਪਹਿਲੀ ਵਾਰ ਹੈ ਜਦੋਂ ਜਸਟਿਨ ਟਰੂਡੋ ਨੇ ਆਪਣੇ ਮੰਤਰੀ ਮੰਡਲ ਵਿਚ ਚਾਰ ਪੰਜਾਬੀ ਮੰਤਰੀ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸਾਜਨ, ਅਮਰਜੀਤ ਸਿੰਘ ਸੋਹੀ ਅਤੇ ਬਰਦੀਸ਼ ਕੌਰ ਚੱਘਰ ਬਣਾਏ ਹਨ ਜਿਨ੍ਹਾਂ ਵਿਚ 2 ਅੰਮਿ੍ਰਤਧਾਰੀ ਸਿੱਖ ਹਨ। ਇੱਕ ਸਿੱਖ ਮੰਤਰੀ ਹਰਜੀਤ ਸਿੰਘ ਸਾਜਨ ਨੂੰ ਦੇਸ਼ ਦਾ ਰੱਖਿਆ ਮੰਤਰੀ ਬਣਾਕੇ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਮਾਣ ਦਿੱਤਾ ਹੈ। ਪਰਮਿੰਦਰ ਕੌਰ ਸ਼ੇਰਗਿੱਲ ਨੂੰ ਸੁਪਰੀਮ ਕੋਰਟ ਦੀ ਜੱਜ ਬਣਾਇਆ ਹੈ।
         ਜਸਟਿਨ ਟਰੂਡੋ ਨੇ ਅੰਮਿ੍ਰਤਧਾਰੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ, ਇਸ ਕਰਕੇ ਉਨ੍ਹਾਂ ਸਿੱਖਾਂ ਨੂੰ ਜਹਾਜਾਂ ਦੀਆਂ ਸਥਾਨਕ ਫਲਾਈਟਾਂ ਵਿਚ ਗਾਤਰਾ ਪਾ ਕੇ ਜਾਣ ਦੀ ਇਜਾਜਤ ਦੇ ਦਿੱਤੀ ਹੈ। ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਕਿਸੇ ਸਿੱਖ ਦੀ ਪਗੜੀ ਲਾਹੁਣ ਦੀ ਕੋਸ਼ਿਸ਼ ਕਰੇ ਤਾਂ ਉਸਨੂੰ ਸਜਾ ਦੇਣ ਦਾ ਕਾਨੂੰਨ ਬਣਾ ਦਿੱਤਾ ਹੈ। ਉਹ ਸਿੱਖਾਂ ਦਾ ਹਮਦਰਦ ਹੈ। ਪਿੱਛੇ ਜਹੇ ਉਹ ਖਾਲਸਾ ਪਰੇਡ ਵਿਚ ਵੀ ਸ਼ਾਮਲ ਹੋਇਆ ਸੀ। ਇਸ ਤੋਂ ਇਲਾਵਾ ਗੁਰਪਰਬਾਂ ਦੇ ਮੌਕੇ ਉਪਰ ਗੁਰਦੁਆਰਾ ਸਾਹਿਬਾਨ ਵਿਚ ਨਤਮਸਤਕ ਹੋਣ ਲਈ ਜਾਂਦਾ ਹੈ ਅਤੇ ਨਗਰ ਕੀਰਤਨਾਂ ਵਿਚ ਵੀ ਸ਼ਾਮਲ ਹੁੰਦਾ ਹੈ। ਇਸ ਸਾਲ ਤਾਂ ਸੰਸਦ ਵਿਚ ਵੀ ਅਖੰਡਪਾਠ ਕਰਵਾਇਆ ਗਿਆ ਹੈ। ਉਹ ਫਰਾਕ ਦਿਲ ਅਤੇ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ।
      ਉਸਦੇ ਪਿਤਾ ਏਲੀਅਟ ਟਰੂਡੋ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ ਤਾਂ ਉਸਨੇ ਵੀ ਇਮੀਗਰੇਸ਼ਨ ਨਿਯਮਾਂ ਵਿਚ ਢਿਲ ਦੇ ਕੇ ਸ਼ਹਿਰੀਆਂ ਦੇ ਮਾਪਿਆਂ ਨੂੰ ਪੱਕੇ ਕਰਨ ਦੀ ਸਹੂਲਤ ਦਿੱਤੀ ਸੀ। ਇਸ ਪ੍ਰਕਾਰ ਹੀ ਮਾਪਿਆਂ ਨਾਲ ਆਉਣ ਲਈ ਆਸ਼ਰਤ ਬੱਚਿਆਂ ਦੀ ਉਮਰ ਵੀ 18 ਸਾਲ ਤੋਂ ਵਧਾਕੇ 21 ਸਾਲ ਕਰ ਦਿੱਤੀ ਸੀ।
    ਕਹਿਣ ਤੋਂ ਭਾਵ ਟਰੂਡੋ ਪਰਿਵਾਰ ਪੰਜਾਬੀਆਂ ਅਤੇ ਵਿਸ਼ੇਸ਼ ਤੌਰ ਤੇ ਸਿੱਖਾਂ ਦਾ ਹਮਦਰਦ ਹੈ। ਪੰਜਾਬੀਆਂ ਅਤੇ ਸਿੱਖਾਂ ਨੇ ਪੰਜਾਬੀ ਮੂਲ ਦੇ 18 ਪਾਰਲੀਮੈਂਟ ਮੈਂਬਰ ਚੁਣਕੇ ਕੈਨੇਡਾ ਦੀ ਸੰਸਦ ਵਿਚ ਭੇਜੇ ਹਨ। ਇਨ੍ਹਾਂ ਵਿਚ ਚਾਰ ਮੰਤਰੀ ਹਨ।
    ਜਸਟਿਨ ਟਰੂਡੋ ਦੇ ਗੁਰੂ ਕੀ ਨਗਰੀ ਅੰਮਿ੍ਰਤਸਰ ਸਾਹਿਬ ਨਤਮਸਤਕ ਹੋਣ ਅਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਨਾਲ ਪੰਜਾਬ ਅਤੇ ਕੈਨੇਡਾ ਦੇ ਸੰਬੰਧਾਂ ਵਿਚ ਨਵਾਂ ਮੋੜ ਆਇਆ ਹੈ, ਜਿਸਨੇ ਕੁੜੱਤਣ ਦੂਰ ਕਰ ਦਿੱਤੀ ਹੈ ਅਤੇ ਅੱਗੇ ਨੂੰ ਕਈ ਖੇਤਰਾਂ ਵਿਚ ਆਦਾਨ ਪ੍ਰਦਾਨ ਦਾ ਰਾਹ ਖੋਲ੍ਹ ਦਿੱਤਾ ਹੈ।
    ਜਸਟਿਨ ਟਰੂਡੋ ਦਾ ਪਰਿਵਾਰ ਸਮੇਤ ਦੇ ਅੰਮਿ੍ਰਤਸਰ ਆਉਣ ਤੇ ਪੰਜਾਬੀਆਂ ਨੇ ਅੱਖਾਂ ਵਿਛਾਕੇ ਤਹਿ ਦਿਲੋਂ ਸਵਾਗਤ ਕੀਤਾ ਹੈ।
      ਅੰਮਿ੍ਰਤਸਰ ਸ਼ਹਿਰ ਵਿਸ਼ੇਸ਼ ਤੌਰ ਤੇ 13 ਕਿਲੋਮੀਟਰ ਉਹ ਰੂਟ ਜਿਥੋਂ ਜਸਟਿਨ ਟਰੂਡੋ ਨੇ ਲੰਘਣਾ ਸੀ ਦੁਲਹਨ ਦੀ ਤਰ੍ਹਾਂ ਸਜਾਇਆ ਹੋਇਆ ਸੀ। ਟਰੂਡੋ ਦੇ ਸਵਾਗਤ ਵਾਲੇ ਬੈਨਰ ਸਾਰੇ ਸ਼ਹਿਰ ਵਿਚ ਲਗਾਏ ਗਏ ਸਨ। ਰਾਮਦਾਸ ਅੰਤਰਾਸ਼ਟਰੀ ਏਅਰਪੋਰਟ ਉਪਰ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫੁਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਜਦੋਂ ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
          ਜਸਟਿਨ ਟਰੂਡੋ, ਉਨ੍ਹਾਂ ਦੀ ਪਤਨੀ ਅਤੇ ਤਿੰਨੋ ਬੱਚਿਆਂ ਨੇ ਪੰਜਾਬੀ ਡਰੈਸ ਪਹਿਨੀ ਹੋਈ ਸੀ। ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੋਨੇ ਦੀ ਝਾਲ ਵਾਲਾ ਮਾਡਲ ਅਤੇ ਸਿਰੀ ਸਾਹਿਬ ਭੇਂਟ ਕੀਤਾ ਗਿਆ। ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਏ। ਇਸ ਤੋਂ ਪਹਿਲਾਂ ਲੰਗਰ ਵਿਚ ਫੁਲਕੇ ਬਣਾਉਣ ਦੀ ਸੇਵਾ ਵੀ ਕੀਤੀ। ਜਦੋਂ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਹਰਿਮੰਦਰ ਸਾਹਿਬ ਵਿਚ ਦਾਖ਼ਲ ਹੋਇਆ ਤਾਂ ਅਸਮਾਨ ਵਿਚ ਬੋਲੇ ਸੌ ਨਿਹਾਲ ਨਾਲ ਗੰੂਜ ਉਠਿਆ। ਉਨ੍ਹਾਂ ਸੰਗਤ ਨਾਲ ਹੱਥ ਵੀ ਮਿਲਾਏ ਅਤੇ ਸੰਗਤ ਵਿਚ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ। ਜਸਟਿਨ ਟਰੂਡੋ ਦੇ ਕਹਿਣ ਅਨੁਸਾਰ ਆਮ ਸੰਗਤ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਰੋਕਿਆ ਨਹੀਂ ਗਿਆ।
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਨ ਟਰੂਡੋ ਨਾਲ ਆਪਸੀ ਮਾਮਲਿਆਂ ਬਾਰੇ 40 ਮਿੰਟ ਗਲਬਾਤ ਕੀਤੀ ਹੈ। ਇਸ ਮੌਕੇ ਜਸਟਿਨ ਟਰੂਡੋ ਨਾਲ ਕੈਨੇਡਾ ਦੇ ਡੀਫੈਂਸ ਮੰਤਰੀ ਹਰਜੀਤ ਸਿੰਘ ਸਾਜਨ ਵੀ ਮੀਟਿੰਗ ਵਿਚ ਸ਼ਾਮਲ ਹੋਏ। ਗਲਬਾਤ ਬਹੁਤ ਹੀ ਸਾਜਗਾਰ ਮਾਹੌਲ ਵਿਚ ਹੋਈ। ਪੰਜਾਬ ਸਰਕਾਰ ਨੇ ਵੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਕੈਨੇਡਾ ਨਾਲ ਜਿਹੜੇ ਸੰਬੰਧਾਂ ਵਿਚ ਮੁੱਖ ਮੰਤਰੀ ਵੱਲੋਂ ਹਰਜੀਤ ਸਿੰਘ ਸਾਜਨ ਨੂੰ ਪਿਛਲੇ ਸਾਲ ਤੋਂ ਜਵਾਬ ਦੇਣ ਨਾਲ ਕੁੜੱਤਣ ਪੈਦਾ ਹੋਈ ਸੀ ਉਹ ਹੁਣ ਖ਼ਤਮ ਹੋ ਗਈ ਲਗਦੀ ਸੀ ਕਿਉਂਕਿ ਜਸਟਿਨ ਟਰੂਡੋ ਦੇ ਪ੍ਰੋਗਰਾਮ ਵਿਚ ਮੁੱਖ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਸ਼ਾਮਲ ਨਹੀਂ ਸੀ ਪ੍ਰੰਤੂ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਇੱਛਾ ਦੇ ਟਵੀਟ ਕਰਨ ਤੋਂ ਬਾਅਦ ਹਰਜੀਤ ਸਿੰਘ ਸਾਜਨ ਨੇ ਇਹ ਮੀਟਿੰਗ ਫਿਕਸ ਕਰਵਾਈ ਸੀ। ਪੰਜਾਬੀ ਬਾਗੋ ਬਾਗ ਹੋ ਗਏ ਹਨ।
    ਪੰਜਾਬੀਆਂ ਲਈ ਟਰੂਡੋ ਪਰਿਵਾਰ ਦੀ ਇਹ ਯਾਤਰਾ ਪੰਜਾਬ ਅਤੇ ਕੈਨੇਡਾ ਦੇ ਸੰਬੰਧ ਮਜ਼ਬੂਤ ਕਰਨ ਵਿਚ ਸਹਾਈ ਹੋਵੇਗੀ।
    ਉਜਾਗਰ ਸਿੰਘ (ਸਾਬਕਾ ਲੋਕ ਸੰਪਰਕ ਵਿਭਾਗ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.