ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸਹਿਮ ਦੀ ਥਾਂ ਸੂਝ-ਬੂਝ ਤੋਂ ਕੰਮ ਲੈਣ ਦੀ ਲੋੜ
ਸਹਿਮ ਦੀ ਥਾਂ ਸੂਝ-ਬੂਝ ਤੋਂ ਕੰਮ ਲੈਣ ਦੀ ਲੋੜ
Page Visitors: 2538

ਸਹਿਮ ਦੀ ਥਾਂ ਸੂਝ-ਬੂਝ ਤੋਂ ਕੰਮ ਲੈਣ ਦੀ ਲੋੜ

Posted On 08 Mar 2017
6

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਅੰਦਰ ਪਹਿਲੀ ਵਾਰ ਪ੍ਰਵਾਸੀਆਂ ਨੂੰ ਵੱਡੀ ਪੱਧਰ ‘ਤੇ ਸਹਿਮ ਅਤੇ ਦਹਿਸ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਹਿਮ ਅਤੇ ਦਹਿਸ਼ਤ ਨਾ ਕਿਸੇ ਅੱਤਵਾਦੀ ਟੋਲੇ ਵੱਲੋਂ ਖੜ੍ਹੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਜਰਾਇਮ ਪੇਸ਼ਾ ਲੋਕ ਅਜਿਹਾ ਕਰ ਰਹੇ ਹਨ, ਸਗੋਂ ਇਸ ਦੇ ਉਲਟ ਖੁਦ ਅਮਰੀਕੀ ਪ੍ਰਸ਼ਾਸਨ ਉਪਰ ਸਥਾਪਿਤ ਹੋਏ ਲੋਕਾਂ ਵੱਲੋਂ ਹੀ ਪੂਰੇ ਅਮਰੀਕਾ ਅੰਦਰ ਪਹਿਲਾਂ ਚੋਣਾਂ ਦੌਰਾਨ ਅਤੇ ਉਸ ਤੋਂ ਬਾਅਦ ਸੱਤਾ ਸੰਭਾਲਣ ਬਾਅਦ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜੋ ਪ੍ਰਵਾਸੀਆਂ ਖਿਲਾਫ ਬੇਵਿਸ਼ਵਾਸੀ ਅਤੇ ਨਫਰਤ ਦੇ ਬੀਜ ਬੀਜ ਰਿਹਾ ਹੈ। ਗੱਲ ਭਾਵੇਂ ਅਮਰੀਕੀ ਲੋਕਾਂ ਦੇ ਹਿੱਤਾਂ ਦੀ ਪੂਰਤੀ ਦੀ ਕੀਤੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਮਰੀਕੀ ਲੋਕਾਂ ਦੇ ਰੁਜ਼ਗਾਰ ਅਤੇ ਭਲੇ ਨੂੰ ਪਹਿਲ ਦੇਣ ਵਾਲੇ ਹਨ। ਅਜਿਹੇ ਪ੍ਰਚਾਰ ਦੌਰਾਨ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਬਿਗਾਨਿਆਂ ਅਤੇ ਬਾਹਰਲਿਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਸਿੱਧੇ ਤੌਰ ‘ਤੇ ਅਜਿਹੇ ਪ੍ਰਚਾਰ ਦਾ ਨਤੀਜਾ ਨਸਲੀ ਵਿਤਕਰੇ ਦੀ ਭਾਵਨਾ ਉਤਪੰਨ ਹੋਣ ਵਿਚ ਨਿਕਲਣ ਬਾਰੇ ਪਹਿਲਾਂ ਹੀ ਬਹੁਤ ਸਾਰੇ ਲੋਕ ਖਦਸ਼ੇ ਜ਼ਾਹਿਰ ਕਰਨ ਲੱਗੇ ਸਨ। ਪਰ ਹੁਣ ਪਿਛਲੇ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਨੇ ਤਾਂ ਸਪੱਸ਼ਟ ਹੀ ਕਰ ਦਿੱਤਾ ਹੈ ਕਿ ਅਮਰੀਕਾ ਵਿਚ ਨਸਲੀ ਹਮਲੇ ਵੀ ਹੋਣੇਂ ਸ਼ੁਰੂ ਹੋ ਗਏ ਹਨ। ਸਭ ਤੋਂ ਪਹਿਲਾ ਇਕ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਤਲਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਜ਼ਖਮੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਐਰੀਜ਼ੋਨਾ ਵਿਚ ਇਕ ਭਾਰਤੀ ਮੂਲ ਦੇ ਦੁਕਾਨਦਾਰ ਹਰਨੀਸ਼ ਪਟੇਲ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਤੋਂ ਬਾਅਦ ਲੰਘੇ ਹਫਤੇ ਸਿਆਟਲ ਦੇ ਕੈਂਟ ਖੇਤਰ ਵਿਚ ਦੀਪ ਰਾਏ ਨਾਂ ਦੇ ਇਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਦੀ ਲੜੀ ਇਕੋ ਸੂਤਰ ਵਿਚ ਬੱਝੀ ਨਜ਼ਰ ਆਉਂਦੀ ਹੈ। ਸਾਰੇ ਥਾਈਂ ਹਮਲਾਵਰਾਂ ਦਾ ਰੁਖ਼ ਵੀ ਇਕੋ ਜਿਹਾ ਰਿਹਾ ਹੈ। ਹਮਲਾ ਕਰਨ ਵੇਲੇ ਸਭਨਾਂ ਦਾ ਇਹੀ ਕਹਿਣਾ ਸੀ ਕਿ ‘ਸਾਡਾ ਦੇਸ਼ ਛੱਡ ਕੇ ਵਾਪਸ ਚਲੇ ਜਾਓ’। ਇਹ ਨਸਲੀ ਵਿਤਕਰੇ ਅਤੇ ਹਮਲਿਆਂ ਦੀਆਂ ਘਟਨਾਵਾਂ ਕੋਈ ਇਕਾ-ਦੁੱਕਾ ਘਟਨਾਵਾਂ ਨਹੀਂ ਹਨ। ਜਿਵੇਂ ਕਿ ਅਮਰੀਕੀ ਪ੍ਰਸ਼ਾਸਨ ਨੇ ਇਨ੍ਹਾਂ ਘਟਨਾਵਾਂ ਬਾਰੇ ਕੁਝ ਸਮਾਂ ਚੁੱਪ ਵੱਟਣ ਬਾਅਦ ਆਖਰ ਜਾਂਚ ਐੱਫ.ਬੀ.ਆਈ. ਦੇ ਹਵਾਲੇ ਕਰ ਦਿੱਤੀ ਹੈ। ਜੇਕਰ ਇਹ ਘਟਨਾਵਾਂ ਟੁੱਟਵੀਆਂ ਅਤੇ ਇਕਾ-ਦੁੱਕਾ ਹੋਣ, ਤਾਂ ਫਿਰ ਐੱਫ.ਬੀ.ਆਈ. ਦੀ ਜਾਂਚ ਕਾਫੀ ਹੱਦ ਤੱਕ ਅਸਰਦਾਰ ਹੋ ਸਕਦੀ ਸੀ। ਪਰ ਇਹ ਗੱਲ ਕਿਸੇ ਤੋਂ ਗੁੱਝੀ ਹੋਈ ਨਹੀਂ ਕਿ ਨਸਲਪ੍ਰਸਤੀ ਦੇ ਨਵੇਂ ਰੁਝਾਨ ਦੀ ਸਰਪ੍ਰਸਤੀ ਕਿਸੇ ਹੋਰ ਵੱਲੋਂ ਨਹੀਂ, ਸਗੋਂ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਪਹਿਲਾਂ-ਪਹਿਲ ਓਬਾਮਾ ਦੇ ਸ਼ਾਸਨਕਾਲ ਸਮੇਂ ਸਿੱਖਾਂ ਉਪਰ ਹੋਏ ਹਮਲਿਆਂ ਨੂੰ ਸਿੱਖਾਂ ਦੀ ਪਹਿਚਾਣ ਬਾਰੇ ਗਲਤਫਹਿਮੀ ਦਾ ਨਤੀਜਾ ਆਖਿਆ ਜਾਂਦਾ ਰਿਹਾ ਹੈ। ਪਰ ਸਮੁੱਚੇ ਭਾਰਤੀਆਂ ਉਪਰ ਤਾਜ਼ਾ ਹਮਲਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਨਸਲਪ੍ਰਸਤੀ ਦੀ ਇਹ ਲਹਿਰ ਕਿਸੇ ਭੁਲੇਖੇ ਦਾ ਸ਼ਿਕਾਰ ਨਹੀਂ, ਸਗੋਂ ਉਹ ਸਮੁੱਚੇ ਪ੍ਰਵਾਸੀਆਂ ਨੂੰ ਹੀ ਆਪਣੇ ਕਲਾਵੇ ਵਿਚ ਲੈ ਰਹੀ ਹੈ।
ਅਮਰੀਕੀ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਸੰਬੰਧੀ ਨਿੱਤ ਦਿਨ ਲਏ ਜਾ ਰਹੇ ਨਵੇਂ ਫੈਸਲੇ ਅਤੇ ਘੜੇ ਜਾ ਰਹੇ ਨੀਤੀ-ਪੈਂਤੜਿਆਂ ਤੋਂ ਇਲਾਵਾ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਕਾਰਨ ਪੂਰੇ ਅਮਰੀਕੀ ਸਮਾਜ ‘ਚ ਇਕ ਨਵੀਂ ਕਿਸਮ ਦੀ ਕਤਾਰਬੰਦੀ ਸਾਹਮਣੇ ਆ ਰਹੀ ਹੈ। ਪ੍ਰਵਾਸੀ ਪ੍ਰਸ਼ਾਸਨ ਦੇ ਫੈਸਲੇ ਕਾਰਨ ਕਾਫੀ ਹੱਦ ਤੱਕ ਸਹਿਮੇ ਹੋਏ ਹਨ ਅਤੇ ਦਹਿਸ਼ਤ ਮਹਿਸੂਸ ਕਰ ਰਹੇ ਹਨ। ਅਮਰੀਕੀ ਸਮਾਜ ਅੰਦਰ ਉਠ ਰਿਹਾ ਨਸਲਪ੍ਰਸਤੀ ਦਾ ਇਹ ਰੁਝਾਨ ਬੇਹੱਦ ਖਤਰਨਾਕ ਹੈ ਅਤੇ ਸਮੁੱਚੇ ਅਮਰੀਕੀ ਸਮਾਜ ਨੂੰ ਇਸ ਦੇ ਬੜੇ ਖਤਰਨਾਕ ਨਤੀਜੇ ਭੁਗਤਣੇ ਪੈ ਸਕਦੇ ਹਨ।
ਇਸ ਕਰਕੇ ਸਮੁੱਚੇ ਪ੍ਰਵਾਸੀਆਂ ਸਮੇਤ ਸੂਝਵਾਨ ਅਮਰੀਕੀ ਲੋਕਾਂ ਨੂੰ ਅਜਿਹੇ ਖਤਰਨਾਕ ਰੁਝਾਨ ਨੂੰ ਠੱਲ੍ਹ ਪਾਉਣ ਲਈ ਅੱਗੇ ਆਉਣਾ ਪਵੇਗਾ। ਪ੍ਰਵਾਸੀਆਂ, ਖਾਸਕਰ ਭਾਰਤੀ ਪ੍ਰਵਾਸੀਆਂ ਨੂੰ ਸਹਿਮ ਅਤੇ ਦਹਿਸ਼ਤ ਦੇ ਮਾਹੌਲ ਵਿਚ ਸੂਝ-ਬੂਝ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਜਿਵੇਂ 9/11 ਦੇ ਦਹਿਸ਼ਤੀ ਹਮਲੇ ਤੋਂ ਬਾਅਦ ਸਿੱਖਾਂ ਨੇ ਆਪਣੀ ਵਿਲੱਖਣ ਪਛਾਣ ਬਾਰੇ ਅਮਰੀਕੀ ਸਮਾਜ ਨੂੰ ਜਾਗ੍ਰਿਤ ਕਰਨ ਲਈ ਅਨੇਕ ਤਰ੍ਹਾਂ ਦੀਆਂ ਮੁਹਿੰਮਾਂ ਵਿੱਢੀਆਂ ਅਤੇ ਇਸ ਖੇਤਰ ਵਿਚ ਕਾਫੀ ਕਾਮਯਾਬੀ ਵੀ ਹਾਸਲ ਕੀਤੀ। ਇਸੇ ਤਰ੍ਹਾਂ ਹੁਣ ਵੀ ਨਸਲਪ੍ਰਸਤੀ ਦੀ ਇਸ ਕਾਂਗ ਨੂੰ ਠੱਲ੍ਹ ਪਾਉਣ ਲਈ ਸਾਂਝੇ ਅਤੇ ਸੁਹਿਰਦ ਯਤਨਾਂ ਦੀ ਲੋੜ ਹੈ। ਪ੍ਰਵਾਸੀਆਂ ਨੂੰ ਹੋਣ ਵਾਲੇ ਨਸਲਪ੍ਰਸਤੀ ਦੇ ਹਮਲਿਆਂ ਵਿਰੁੱਧ ਬਹੁਤਾ ਉਤੇਜਿਤ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਸਾਡਾ ਪ੍ਰਤੀਕਰਮ ਹੀ ਤੱਥ-ਭੜੱਥਾ ਹੋਣਾ ਚਾਹੀਦਾ ਹੈ।
ਕਿਉਂਕਿ ਜੇਕਰ ਪ੍ਰਵਾਸੀਆਂ ਦੇ ਕਿਸੇ ਵੀ ਹਿੱਸੇ ਵੱਲੋਂ ਕਿਸੇ ਤਰ੍ਹਾਂ ਦਾ ਤਿੱਖਾ ਪ੍ਰਤੀਕਰਮ ਜ਼ਾਹਿਰ ਕਰ ਦਿੱਤਾ ਜਾਂਦਾ ਹੈ, ਤਾਂ ਇਸ ਨਾਲ ਅਮਰੀਕੀ ਲੋਕਾਂ ਅੰਦਰ ਪ੍ਰਵਾਸੀਆਂ ਖਿਲਾਫ ਭਾਵਨਾ ਹੋਰ ਤੇਜ਼ ਹੋਏਗੀ ਅਤੇ ਇਸ ਦਾ ਨਤੀਜਾ ਨਸਲਪ੍ਰਸਤੀ ਦੀਆਂ ਭਾਵਨਾਵਾਂ ਵਧਣ ਵਿਚ ਹੀ ਨਿਕਲੇਗੀ।
ਸਮੁੱਚੇ ਪ੍ਰਵਾਸੀਆਂ, ਖਾਸਕਰ ਪ੍ਰਵਾਸੀ ਭਾਰਤੀਆਂ ਦੀਆਂ ਪ੍ਰਮੁੱਖ ਸੰਸਥਾਵਾਂ, ਧਾਰਮਿਕ ਅਦਾਰਿਆਂ ਅਤੇ ਅਹਿਮ ਸ਼ਖਸੀਅਤਾਂ ਦਾ ਇਸ ਸਮੇਂ ਬਹੁਤ ਹੀ ਅਹਿਮ ਯੋਗਦਾਨ ਬਣਦਾ ਹੈ। ਇਨ੍ਹਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਅਮਰੀਕੀ ਸਮਾਜ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਹੋਰ ਹਰ ਤਰ੍ਹਾਂ ਦੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨਾਲ ਆਪਣਾ ਨੇੜਲਾ ਰਿਸ਼ਤਾ ਬਣਾਉਣ ਅਤੇ ਅਮਰੀਕੀ ਸਮਾਜ ਵਿਚ ਆਪਣੀ ਭੂਮਿਕਾ ਨੂੰ ਦਰਸਾਉਣ। ਇਹ ਗੱਲ ਬੜੀ ਸ਼ਿੱਦਤ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਪੂਰਾ ਅਮਰੀਕੀ ਸਮਾਜ ਨਸਲਪ੍ਰਸਤੀ ਦੀ ਗੱਡੀ ਵਿਚ ਸਵਾਰ ਨਹੀਂ ਹੈ। ਅਮਰੀਕੀ ਸਮਾਜ ਦਾ ਵੱਡਾ ਹਿੱਸਾ ਅਜੇ ਵੀ ਅਮਰੀਕਾ ਵਿਚ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਅਤੇ ਜਮਹੂਰੀਅਤ ਦਾ ਹਾਮੀ ਹੈ। ਉਹ ਕਦੇ ਵੀ ਨਸਲਪ੍ਰਸਤੀ ਦੇ ਭੈੜ ਨਾਲ ਅਮਰੀਕੀਆਂ ਵੱਲੋਂ ਲੰਬੇ ਸਮੇਂ ਦੇ ਯਤਨਾਂ ਨਾਲ ਪੈਦਾ ਕੀਤੀਆਂ ਸ਼ਾਨਦਾਰ ਰਵਾਇਤਾਂ ਨੂੰ ਖਤਮ ਕਰਨ ਦੀ ਇਜਾਜ਼ਤ ਨਹੀਂ ਦੇਣਗੇ।
ਡੋਨਾਲਡ ਟਰੰਪ ਵੱਲੋਂ 7 ਮੁਸਲਿਮ ਦੇਸ਼ਾਂ ਦੇ ਲੋਕਾਂ ਉਪਰ ਅਮਰੀਕਾ ਵਿਚ ਸ਼ਾਮਲ ਹੋਣ ਦੀ ਪਾਬੰਦੀ ਦੇ ਹੁਕਮਾਂ ਵਿਰੁੱਧ ਆਇਆ ਅਦਾਲਤੀ ਫੈਸਲਾ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਅਮਰੀਕਾ ਦੇ ਲੋਕ ਹੀ ਨਹੀਂ, ਸਗੋਂ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਵਿਚ ਵੀ ਸਹੀ ਸੋਚ ਦੇ ਲੋਕ ਹਰ ਜਗ੍ਹਾ ਬੈਠੇ ਹਨ।
ਟਰੰਪ ਪ੍ਰਸ਼ਾਸਨ ਨਿੱਤ ਦਿਨ ਅਜਿਹੇ ਫੈਸਲੇ ਕਰ ਰਿਹਾ ਹੈ, ਜੋ ਪ੍ਰਵਾਸੀਆਂ ਦੀ ਸਥਿਤੀ ਨੂੰ ਕਮਜ਼ੋਰ ਕਰਨ ਦਾ ਰਾਹ ਖੋਲ੍ਹਦੇ ਹਨ। ਐੱਚ-1ਬੀ ਵੀਜ਼ਾ ਪ੍ਰਣਾਲੀ ‘ਚ ਤਤਕਾਲ ਅਪਲਾਈ ਸਿਸਟਮ ਨੂੰ ਮੁਲਤਵੀ ਕਰਨਾ, ਇਸ ਦੀ ਵੱਡੀ ਮਿਸਾਲ ਹੈ। ਐੱਚ-1ਬੀ ਵੀਜ਼ੇ ਤਹਿਤ ਬਾਹਰਲੇ ਮੁਲਕਾਂ ਤੋਂ ਪ੍ਰੋਫੈਸ਼ਨਲਜ਼ ਅਮਰੀਕਾ ਵਿਚ ਰੁਜ਼ਗਾਰ ਲਈ ਆਉਂਦੇ ਹਨ। ਇਸ ਦਾ ਸਭ ਤੋਂ ਵੱਡਾ ਪ੍ਰਭਾਵ ਭਾਰਤੀ ਕੰਪਨੀਆਂ ਉਪਰ ਪਵੇਗਾ। ਕਿਉਂਕਿ ਇਕੱਲੇ ਭਾਰਤ ਵਿਚੋਂ ਹੀ ਹਰ ਸਾਲ 85 ਹਜ਼ਾਰ ਦੇ ਕਰੀਬ ਪ੍ਰੋਫੈਸ਼ਨਲਜ਼ ਐੱਚ-1ਬੀ ਵੀਜ਼ੇ ਉਪਰ ਅਮਰੀਕਾ ਆਉਂਦੇ ਹਨ। ਤਤਕਾਲ ਵੀਜ਼ਾ ਮੁਲਤਵੀ ਕਰਨ ਦਾ ਬਹਾਨਾ ਤਾਂ ਭਾਵੇਂ ਇਹ ਘੜਿਆ ਗਿਆ ਹੈ ਕਿ ਪਿਛਲਾ ਬੈਕਲਾਗ ਤੇਜ਼ੀ ਨਾਲ ਪੂਰਾ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਪਰ ਇਸ ਫੈਸਲੇ ਪਿੱਛੇ ਕੰਮ ਕਰਦੀ ਸੋਚ ਤੋਂ ਹਰ ਕੋਈ ਜਾਣੂੰ ਹੈ। ਅਸਲ ਵਿਚ ਵਿਦੇਸ਼ਾਂ ਤੋਂ ਇਹ ਵੀਜ਼ਾ ਹਾਸਲ ਕਰਕੇ ਅਮਰੀਕਾ ਆਉਣ ਵਾਲੇ ਲੋਕਾਂ ਉਪਰ ਸਿੱਧੇ ਤੌਰ ‘ਤੇ ਪਾਬੰਦੀ ਲਗਾਉਣ ਦਾ ਹੀ ਫੈਸਲਾ ਹੈ।
ਸੋ ਪ੍ਰਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਸਹੀ ਸੋਚ ਵਾਲੇ ਅਮਰੀਕਨਾਂ ਨਾਲ ਆਪਣਾ ਸਹਿਚਾਰ ਵਧਾਉਣ, ਪ੍ਰਵਾਸੀ ਸੰਸਥਾਵਾਂ ਦੇ ਆਗੂ ਵੱਖ-ਵੱਖ ਪਾਰਟੀਆਂ ਦੇ ਕਾਂਗਰਸਮੈਨਾਂ, ਸੈਨੇਟਰਾਂ ਅਤੇ ਪ੍ਰਸ਼ਾਸਨਿਕ ਖੇਤਰ ਦੇ ਹੋਰ ਅਹਿਮ ਅਦਾਰਿਆਂ ਵਿਚ ਕੰਮ ਕਰਦੇ ਲੋਕਾਂ ਨਾਲ ਆਪਣੀ ਨੇੜਤਾ ਵਧਾਉਣ ਅਤੇ ਪ੍ਰਵਾਸੀਆਂ ਵਿਰੁੱਧ ਚੁੱਕੇ ਜਾਣ ਵਾਲੇ ਕਦਮਾਂ ਨੂੰ ਰੋਕਣ ਲਈ ਆਪਣੀ ਸੂਝ-ਬੂਝ ਨਾਲ ਲਾਬਿੰਗ ਕਰਨ। ਜੇਕਰ ਅਸੀਂ ਅਮਰੀਕੀ ਸਮਾਜ ਦੇ ਵੱਡੇ ਹਿੱਸਿਆਂ ਤੱਕ ਆਪਣੀ ਇਹ ਗੱਲ ਸਫਲਤਾ ਨਾਲ ਪਹੁੰਚਾਉਣ ਵਿਚ ਕਾਮਯਾਬ ਹੋ ਜਾਈਏ, ਤਾਂ ਲਾਜ਼ਮੀ ਹੀ ਅਮਰੀਕੀ ਸਮਾਜ ਅੰਦਰੋਂ ਵੀ ਸਾਡੇ ਪ੍ਰਤੀ ਹਮਦਰਦੀ ਅਤੇ ਸਨੇਹ ਦੀ ਭਾਵਨਾ ਜਾਗੇਗੀ। ਮਨੁੱਖੀ ਕਦਰਾਂ-ਕੀਮਤਾਂ, ਮਨੁੱਖੀ ਸਨਮਾਨ ਅਤੇ ਜਮਹੂਰੀਅਤ ਲਈ ਅਮਰੀਕੀ ਸਮਾਜ ਦਾ ਸੰਘਰਸ਼ ਬੜਾ ਲੰਬਾ ਹੈ। ਇਹ ਨਸਲਪ੍ਰਸਤੀ ਦੇ ਕਈ ਦੌਰ ਹੰਢਾਅ ਚੁੱਕਿਆ ਹੈ ਅਤੇ ਉਸ ਦੇ ਮਾੜੇ ਪ੍ਰਭਾਵਾਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ। ਇਸ ਕਰਕੇ ਮੌਜੂਦਾ ਰੁਝਾਨ ਤੋਂ ਸਹਿਮ ਜਾਂ ਦਹਿਸ਼ਤ ਵਿਚ ਆਉਣ ਦੀ ਬਜਾਏ, ਸੂਝ-ਬੂਝ ਅਤੇ ਆਪਸੀ ਏਕਤਾ ਅਤੇ ਅਮਰੀਕੀ ਸਮਾਜ ਨਾਲ ਨੇੜਤਾ ਇਸ ਸਮੇਂ ਦੀ ਵੱਡੀ ਲੋੜ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.